Share on Facebook

Main News Page

ਸਿੱਖ ਰਹਤ ਮਰਯਾਦਾ 1931-1945 ਦੇ ਵਿਚਾਰਨਯੋਗ ਪਹਿਲੂ - ਭਾਗ ਦੂਜਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਲੜ੍ਹੀ ਜੋੜਨ ਲਈ ਪੜੋ : ਭਾਗ ਪਹਿਲਾ

8. ਰਹਤ ਮਰਯਾਦਾ ਦੇ ਸੰਨ 1931 ਤੋਂ ਸੰਨ 1945 ਤਕ ਬਣਨ ਸਮੇਂ ਕੀ ਕੀ ਹੋਇਆ?

ੳ. 25 ਮੈਂਬਰਾਂ ਦੀ ਇੱਕ ਸਬ-ਕਮੇਟੀ ਨੂੰ ਸ਼੍ਰੋ. ਕਮੇਟੀ ਨੇ ਬਣਾਇਆ ਤਾਂ ਜੁ ਰਹਤ ਮਰਯਾਦਾ ਦਾ ਖਰੜਾ ਬਣਾਇਆ ਜਾ ਸਕੇ। ਕਿਸੇ ਪੰਥ ਜਾਂ ਸ਼੍ਰੀ ਅਕਾਲ ਤਖ਼ਤ(ਬੂੰਗੇ) ਨੇ ਇਹ ਕਾਰਜ ਨਹੀਂ ਆਰੰਭਿਆ। ਕੀ ਸੰਨ 1931 ਤੋਂ 1936 ਅਤੇ 1936 ਤੋਂ 1945 ਦੌਰਾਨ ਸ਼੍ਰੋ. ਕਮੇਟੀ ਹੀ ਪੰਥ ਸੀ? ਇਹ ਫ਼ੈਸਲਾ ਪਾਠਕ ਖ਼ੁਦ ਕਰਨ। ਇਹ ਕਹਿ ਕੇ ਖ਼ਾਲਸਈ ਪੰਥ ਜਾਂ ਸ਼੍ਰੀ ਅਕਾਲ ਤਖ਼ਤ ਨੂੰ ਬਦਨਾਮ ਨਾ ਕੀਤਾ ਜਾਵੇ ਕਿ ਰਹਤ ਮਰਯਾਦਾ ਇਨ੍ਹਾਂ ਵਿੱਚੋਂ ਕਿਸੇ ਨੇ ਪ੍ਰਵਾਨ ਜਾਂ ਲਾਗੂ ਕੀਤੀ ਹੈ ਕਿਉਂਕਿ ਰਹਤ ਮਰਯਾਦਾ ਨੇ ਸਿੱਖਾਂ ਵਿੱਚ ਫੁੱਟ ਦੇ ਬੀਜ ਬੀਜੇ ਹਨ।

ਅ. ਸਬ-ਕਮੇਟੀ ਵਲੋਂ ਅਕਾਲ ਬੁੰਗੇ ਉੱਤੇ ਕੀਤੇ 4 ਸਮਾਗਮਾਂ { 4-5 ਅਕਤੂਬਰ 1931, 3 ਅਤੇ 31 ਜਨਵਰੀ 1932- ਲੱਗਭਗ ਇੱਕ ਸਾਲ } ਵਿੱਚ ਸਿੱਖ ਰਹਤ ਮਰਯਾਦਾ ਦਾ ਖਰੜਾ ਤਿਆਰ ਕਰ ਕੇ ਸ਼੍ਰੋ. ਕਮੇਟੀ ਨੂੰ ਸੌਪ ਦਿੱਤਾ ਗਿਆ, ਜਿਵੇਂ, ਸਿੱਖ ਰਹਤ ਮਰਯਾਦਾ ਦੇ ਪੰਨਾਂ ਨੰਬਰ 4 ਉੱਤੇ ਲਿਖਿਆ ਹੈ- “ਇਹ ਖਰੜਾ ਇਸ ਰਹੁ-ਰੀਤੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿਚ ਪੇਸ਼ ਕੀਤਾ ਜਾਂਦਾ ਹੈ। ਆਸ਼ਾ ਹੈ, ਆਪ ਇਸ ਖਰੜੇ ਨੂੰ ਪੰਥ ਦੀ ਰਾਇ ਲੈਣ ਲਈ ਛਪਵਾ ਕੇ ਪ੍ਰਕਾਸ਼ਤ ਕਰੋਗੇ ਅਤੇ ਰਾਵਾਂ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ”।

ਖਰੜਾ ਬਣਾਉਣ ਵਾਲ਼ੇ ਇਹ 14 ਮੈਂਬਰ ਸਨ: ਅਕਾਲੀ ਕੌਰ ਸਿੰਘ, ਗਿਆਨੀ ਸ਼ੇਰ ਸਿੰਘ, ਸੰਤ ਮਾਨ ਸਿੰਘ ਨਿਰਮਲੇ, ਪ੍ਰੋ. ਗੰਗਾ ਸਿੰਘ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਕੇਸ਼ਗੜ੍ਹ ਸਾਹਿਬ. ਗਿਆਨੀ ਹੀਰਾ ਸਿੰਘ ਦਰਦ, ਭਾਈ ਲਾਭ ਸਿੰਘ, ਗਿਆਨੀ ਠਾਕੁਰ ਸਿੰਘ, ਸੰਤ ਹਮੀਰ ਸਿੰਘ, ਬਾਵਾ ਹਰਕਿਸ਼ਨ ਸਿੰਘ ਐੱਮ. ਏ., ਜਥੇਦਾਰ ਤੇਜਾ ਸਿੰਘ, ਭਾਈ ਤ੍ਰਿਲੋਚਨ ਸਿੰਘ ਅਤੇ ਕਨਵੀਨਰ ਪ੍ਰੋ: ਤੇਜਾ ਸਿੰਘ।

ੲ. ਸਬ-ਕਮੇਟੀ ਦੇ 11 ਮੈਂਬਰ ਵਿਚਾਰ ਚਰਚਾ ਛੱਡ ਗਏ:

25 ਮੈਂਬਰਾਂ ਵਿੱਚੋਂ 11 ਮੈਂਬਰ ਵਿਚਾਰ ਚਰਚਾ ਛੱਡ ਗਏ: ਕੀਤੇ 4 ਸਮਾਗਮਾਂ ਵਿੱਚ ਸੱਬ-ਕਮੇਟੀ ਦੇ ਕੇਵਲ 14 ਮੈਂਬਰ ਹੀ ਭਾਗ ਲੈਂਦੇ ਰਹੇ ਅਤੇ 11 ਮੈਂਬਰ ਕਦੇ ਵੀ ਵਿਚਾਰਾਂ ਵਿੱਚ ਸ਼ਾਮਲ ਨਹੀਂ ਹੋਏ। ਸ਼੍ਰੋ. ਕਮੇਟੀ ਵਲੋਂ ਚੁਣੇ ਪੰਥ (ਸੱਬ-ਕਮੇਟੀ) ਵਿੱਚ ਪਹਿਲਾਂ ਹੀ ਫੁੱਟ ਪੈ ਗਈ। ਸਪੱਸ਼ਟ ਹੈ ਕਿ 14 ਮੈਂਬਰਾਂ ਨੇ ਮੁੱਢਲਾ ਖਰੜਾ ਤਿਆਰ ਕੀਤਾ ਸੀ। ਛੱਡ ਜਾਣ ਵਾਲ਼ੇ ਅਜਿਹੇ ਮੈਂਬਰ ਹੇਠ ਲਿਖੇ ਸਨ-

ਭਾਈ ਬੁੱਧ ਸਿੰਘ, ਸੰਤ ਸੰਗਤ ਸਿੰਘ ਕਮਾਲੀਆ, ਭਾਈ ਕਾਨ੍ਹ ਸਿੰਘ ਨਾਭਾ, ਸੰਤ ਗੁਲਾਬ ਸਿੰਘ ਘੋਲੀਆਂ , ਭਾਈ ਹਜ਼ੂਰਾ ਸਿੰਘ ਹਜ਼ੂਰ ਸਾਹਿਬ, ਪੰਡਿਤ ਬਸੰਤ ਸਿੰਘ ਪਟਿਆਲ਼ਾ, ਭਾਈ ਵੀਰ ਸਿੰਘ ਅੰਮ੍ਰਿਤਸਰ, ਪੰਡਿਤ ਕਰਤਾਰ ਸਿੰਘ ਦਾਖਾ, ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ, ਪ੍ਰੋ: ਜੋਧ ਸਿੰਘ ਅਤੇ ਭਾਈ ਰਣਧੀਰ ਸਿੰਘ।

ਸ. ਸਬ-ਕਮੇਟੀ ਤੋਂ ਬਾਹਰਲੇ ਮੈਂਬਰਾਂ ਦਾ ਦਖ਼ਲ:

ਸੱਬ-ਕਮੇਟੀ ਤੋਂ ਬਾਹਰੋਂ 4 ਸਮਾਗਮਾਂ ਵਿੱਚ ਕਦੀ ਕਦੀ ਦਰਸ਼ਨ ਦੇਣ ਵਾਲ਼ਿਆਂ ਵਿੱਚੋਂ 4 ਨਾਂ ਸਨ- ਸ. ਧਰਮ ਅਨੰਤ ਸਿੰਘ, ਭਾਗ ਸਿੰਘ ਵਕੀਲ, ਵਸਾਵਾ ਸਿੰਘ ਸਕੱਤ੍ਰ ਸ਼੍ਰੋ. ਕਮੇਟੀ ਅਤੇ ਮਾਸਟਰ ਤਾਰਾ ਸਿੰਘ ਪ੍ਰਧਾਨ ਸ਼੍ਰੋ. ਅਕਾਲੀ ਦੱਲ। ਸਪੱਸ਼ਟ ਹੈ ਕਿ ਇਨ੍ਹਾਂ ਪ੍ਰਭਾਵਸ਼ਾਲੀ ਸੱਜਣਾ ਨੇ ਵੀ ਵਿਚਾਰਾਂ ਵਿੱਚ ਆਪਣਾ ਪ੍ਰਭਾਵ ਪਾਇਆ ਹੋਵੇਗਾ ਜੋ ਸੱਬ-ਕਮੇਟੀ ਦੇ ਮੈਂਬਰਾਂ ਨੇ ਵੀ ਪ੍ਰਵਾਨ ਕੀਤਾ ਹੋਵੇਗਾ। ਇਹ ਨਹੀਂ ਪਤਾ ਕਿ ਇਹ ਮੈਂਬਰ ਸ਼੍ਰੋ. ਕਮੇਟੀ ਨੇ ਆਪਿ ਆਪਣਾ ਪ੍ਰਭਾਵ ਪਉਣ ਲਈ ਭੇਜੇ ਸਨ ਜਾਂ ਇਹ ਆਪ ਹੀ ਗਏ ਸਨ।

ਹ. ਮੁੱਢਲਾ ਖਰੜਾ ਸ਼੍ਰੋ. ਕਮੇਟੀ ਵਲੋਂ ਅਪ੍ਰਵਾਨ:

4 ਅਕਤੂਬਰ 1931 ਤੋਂ 31 ਜਨਵਰੀ 1932 ਤਕ ਬਣਾਏ ਖਰੜੇ ਨੂੰ ਸ਼੍ਰੋ. ਕਮੇਟੀ ਨੇ ਪੜ੍ਹ ਕੇ ਮਹਿਸੂਸ ਕੀਤਾ ਕਿ ਇਹ (ਅਖਉਤੀ ਪੰਥ ਨੇ) ਠੀਕ ਨਹੀਂ ਬਣਾਇਆ ਇਸ ਲਈ ਇਸ ਨੂੰ ਇੰਨ੍ਹ-ਬਿੰਨ੍ਹ ਪ੍ਰਵਾਨ ਨਾ ਕੀਤਾ। ਇਸ ਖਰੜੇ ਦੀ ਰੂਪ ਰੇਖਾ ਕੀ ਸੀ, ਇਹ ਤਾਂ ਸ਼੍ਰੋ. ਕਮੇਟੀ ਦਾ ਰੀਕਾਰਡ ਹੀ ਦੱਸ ਸਕਦਾ ਹੈ ਪਰ ਇਸ ਰੂਪ ਰੇਖਾ ਤੋਂ ਪਤਾ ਲੱਗ ਸਕਦਾ ਹੈ ਕਿ ਬਾਅਦ ਵਿੱਚ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ। ਇਹ ਤਾਂ ਸਪੱਸ਼ਟ ਹੈ ਕਿ ਪੰਥ (14 ਮੈਂਬਰੀ ਸੱਬ-ਕਮੇਟੀ) ਦਾ ਬਣਾਇਆ ਖਰੜਾ ਸ਼੍ਰੋ. ਕਮੇਟੀ ਨੇ ਰੱਦ ਕਰ ਦਿੱਤਾ।

ਕ. ਖਰੜਾ ਇੱਕ ਹੋਰ ਨਵੀਂ ਕਮੇਟੀ ਦੇ ਹਵਾਲੇ:

8 ਮਈ 1932 ਨੂੰ (ਲਗਭਗ 3 ਮਹੀਨੇ ਪਿੱਛੋਂ) ਖਰੜੇ ਨੂੰ ਇੱਕ ਹੋਰ ਕਮੇਟੀ ਦੇ ਹਵਾਲੈ ਕੀਤਾ ਗਿਆ ਜਿਸ ਨਾਲ਼ ਪਹਿਲੀ ਬਣਾਈ ਸੱਬ ਕਮੇਟੀ ਦੀ ਨਿਰਾਦਰੀ ਕੀਤੀ ਗਈ ਜਾਂ ਕਹਿ ਲਓ ਕਿ ਸ਼੍ਰੋ. ਕਮੇਟੀ ਨੇ ਆਪ ਹੀ ਆਪਣੇ ਬਣਾਏ ਅਖਉਤੀ ਪੰਥ ਨੂੰ ਰੱਦ ਕਰ ਦਿੱਤਾ ਕਿਉਂਕਿ ਸ਼੍ਰੋ. ਕਮੇਟੀ ਨੇ ਹੀ ਇਹ ਨਵੀਂ ਕਮੇਟੀ ਬਣਾਈ ਸੀ। ‘ਸਿੱਖ ਰਹਤ ਮਰਯਾਦਾ’ ਵਿੱਚ ਲਿਖਿਆ ਹਇਆ ਹੈ-

ਇਸ ਤੋਂ ਉਪਰੰਤ ਸ਼੍ਰੋ: ਕਮੇਟੀ ਦੀ ਆਗਿਆ ਅਨੁਸਾਰ 8 ਮਈ, 1932 ਨੂੰ ਖਰੜੇ ਉਤੇ ਇਕ ਵਾਰੀ ਹੋਰ ਵਿਚਾਰ ਕੀਤੀ ਗਈ। ਹੇਠ ਲਿਖੇ ਸੱਜ਼ਣ ਹਾਜਰ ਸਨ:

ਜਥੇਦਾਰ ਤੇਜਾ ਸਿੰਘ ਜੀ, ਸੰਤ ਤੇਜਾ ਸਿੰਘ ਜੀ ਗ੍ਰੰਥੀ ਸ੍ਰੀ ਨਨਕਾਣਾ ਸਾਹਿਬ, ਗਿਆਨੀ ਗੁਰਮੁਖ ਸਿੰਘ ਜੀ ‘ਮੁਸਾਫ਼ਰ’, ਗਿਆਨੀ ਨਾਹਰ ਸਿੰਘ ਜੀ, ਸ੍ਰ: ਵਸਾਵਾ ਸਿੰਘ ਜੀ ਸਕੱਤਰ ਸ਼੍ਰੋਮਣੀ ਕਮੇਟੀ,ਭਾਈ ਕਰਤਾਰ ਸਿੰਘ ਜੀ ਝੱਬਰ, ਸ੍ਰ: ਵਰਿਆਮ ਸਿੰਘ ਜੀ ਗਰਮੂਲਾ(ਮੈਂਬਰ ਇੰਚਾਰਜ ਨਨਕਾਣਾ ਸਾਹਿਬ), ਭਾਈ ਪ੍ਰਤਾਪ ਸਿੰਘ ਜੀ ਪੁਸਤਕਾਂ ਵਾਲੇ, ਸ੍ਰ: ਲਾਲ ਸਿੰਘ ਜੀ (ਸ੍ਰੋ: ਕਮੇਟੀ), ਜ: ਮੋਹਨ ਸਿੰਘ ਜੀ (ਸ੍ਰੀ ਅਕਾਲ ਤਖ਼ਤ ਸਾਹਿਬ) ਆਦਿ’’।

ਕਵੀਂ ਕਮੇਟੀ: 2 ਮੈਂਬਰ ਸੱਬ-ਕਮੇਟੀ ਦੇ ਅਤੇ 7 ਮੈਂਬਰ ਨਵੇਂ:

ਧਿਆਨ ਦੇਣ ਵਾਲ਼ੀ ਗੱਲ ਹੈ ਕਿ ਉਪਰੋਕਤ ਬੁਲਾਏ ਗਏ ਅਤੇ ਸ਼ਾਮਲ ਹੋਏ 10 ਸੱਜਣਾਂ ਵਿੱਚ 25 ਮੈਂਬਰੀ ਸਬ-ਕਮੇਟੀ ਦੇ ਕੇਵਲ ਦੋ ਮੈਂਬਰ ਹੀ ਸਨ, ਜਦੋਂ ਕਿ ਸੱਬ-ਕਮੇਟੀ ਦਾ ਕਨਵੀਨਰ (ਪ੍ਰਿੰਸੀਪਲ ਤੇਜਾ ਸਿੰਘ) ਵੀ ਸ਼ਾਮਲ ਨਹੀਂ ਸੀ, ਪਰ ਸੱਬ-ਕਮੇਟੀ ਤੋਂ ਬਾਹਰੋਂ ਪਾਏ ਅੱਠ ਮੈਂਬਰਾਂ ਵਿੱਚ ਸ਼੍ਰੋ: ਕਮੇਟੀ ਵਲੋਂ ਆਪਣੇ ਸਕੱਤ੍ਰ ਸ੍ਰ: ਵਸਾਵਾ ਸਿੰਘ ਸਮੇਤ ਦੋ ਮੈਂਬਰ ਸਨ। ਸ਼੍ਰੋ: ਕਮੇਟੀ ਦੇ ਸਕੱਤ੍ਰ ਨੂੰ ਵਿਚਾਰ ਲਈ ਸ਼ਾਮਲ ਕਰਨ ਤੋਂ ਇਹ ਸੰਭਾਵਨਾ ਪ੍ਰਗਟ ਹੁੰਦੀ ਹੈ ਕਿ ਸ਼੍ਰੋ: ਕਮੇਟੀ ਆਪਣੇ ਵਲੋਂ ਜਾਂ ਕਿਸੇ ਸ਼ਕਤੀਸ਼ਾਲੀ ਵਿਅੱਕਤੀ ਜਾਂ ਬਿਪਰਵਾਦੀ ਸੰਸਥਾ ਦੇ ਪ੍ਰਭਾਵ ਅਧੀਨ ਖਰੜੇ ਵਿੱਚ ਕੁਝ ਤਬਦੀਲੀਆਂ ਚਾਹੁੰਦੀ ਸੀ, ਜਿੱਸ ਵਿੱਚ ਉਹ ਸਫ਼ਲ ਹੋ ਗਈ। ਚੁਣੀ ਹੋਣੀ ਸੱਬ-ਕਮੇਟੀ ਨੂੰ ਤਾਂ ਇਸ ਵਾਰੀ ਜਿਵੇਂ ਖੂੰਜੇ ਹੀ ਲਾ ਦਿੱਤਾ ਗਿਆ ਹੋਵੇ। ਜਾਪਦਾ ਹੈ ਕਿ ਇਸ ਸਮੇਂ ਕੁੱਝ ਬਿੱਪਰਵਾਦੀ ਜਾਂ ਸਨਾਤਨੀ (ਸਿੱਖੀ ਵਿਰੋਧੀ) ਅੰਸ਼ ਖਰੜੇ ਵਿੱਚ ਸ਼ਾਮਲ ਹੋ ਗਏ ਪਰ ਪੁਰਾਤਨ ਰੀਕਾਰਡ ਹੀ ਇਹ ਦੱਸ ਸਕਦਾ ਹੈ ਕਿ ਕੀ ਹੋਇਆ।

ਖ. ਖਰੜਾ ਦੂਜੀ ਬਣਾਈ ਨਵੀਂ ਕਮੇਟੀ ਦੇ ਹਵਾਲੇ:

8 ਮਈ, 1932 ਨੂੰ ਖਰੜੇ ਵਿੱਚ ਕੀਤੀਆਂ ਤਬਦੀਲੀਆਂ ਤੋਂ ਕਰੀਬ 4 ਮਹੀਨੇ ਬਾਅਦ 26 ਸਤੰਬਰ 1932 ਨੂੰ ਕਈ ਸੱਜਣਾਂ { ਇਨ੍ਹਾਂ ਸੱਜਣਾਂ ਦੇ ਨਾਂ ਉਪਲਭਦ ਨਹੀਂ ਹਨ ਕਿ ਖਰੜੇ ਵਿੱਚ ਹੋਰ ਤਬਦੀਲੀਆਂ ਕਰਨ ਲਈ ਜ਼ੋਰ ਦੇਣ ਵਾਲ਼ੇ ਇਹ ਕੌਣ ਸਨ। ਇਹ ਸ਼੍ਰੋ: ਕਮੇਟੀ ਆਪ ਸੀ ਜਾਂ ਬਿਪਰਵਾਦੀ ਸੋਚ ਵਾਲ਼ੇ ਪ੍ਰਭਾਵਸ਼ਾਲੀ ਵਿਅੱਕਤੀ ਸਨ ਜਾਂ ਸਿੱਖੀ ਸੋਚ ਦੇ, ਜਾਂ ਪਹਿਲਾਂ ਹੋਈਆਂ ਤਬਦੀਲੀਆਂ ਕਰਾਉਣ ਵਾਲ਼ੇ ਓਹੀ ਸੱਜਣ ਜੋ ਹੋਰ ਤਬਦੀਲੀਆਂ ਕਰਾਉਣ ਲਈ ਉਤਸੁਕ ਸਨ, ਕੁੱਝ ਪਤਾ ਨਹੀਂ। ਸ਼੍ਰੋ: ਕਮੇਟੀ ਨੇ ਇੱਸ ਦਬਾਅ ਅਧੀਨ ਅਗਾਂਹ ਹੋਰ ਤਬਦੀਲੀਆਂ ਕਰਨ ਲਈ ਖਰੜਾ ਸੱਬ-ਕਮੇਟੀ ਦੇ ਸਪੁਰਦ ਕਰ ਦਿੱਤਾ} ਦੇ ਜ਼ੋਰ ਦੇਣ ਤੇ ਕੁਝ ਹੋਰ ਤਬਦੀਲੀਆਂ ਕਰਨ 'ਤੇ ਮੁੜ ਸਮਾਗਮ ਕੀਤਾ ਗਿਆ।

ਇੱਸ ਸਮਾਗਮ ਵਿੱਚ ਭਾਗ ਲੈਣ ਵਾਲ਼ੇ ਇਹ ਮੈਂਬਰ ਸੱਜਣ ਸਨ:

ਗਿਆਨੀ ਸ਼ੇਰ ਸਿੰਘ, ਗਿਆਨੀ ਠਾਕੁਰ ਸਿੰਘ, ਗਿਆਨੀ ਹਮੀਰ ਸਿੰਘ, ਭਾਈ ਲਾਭ ਸਿੰਘ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਭਾਈ ਜੋਗਿੰਦਰ ਸਿੰਘ ਮੀਤ ਜਥੇਦਾਰ ਸ਼੍ਰੀ ਕੇਸ਼ਗੜ੍ਹ ਸਾਹਿਬ, ਜਥੇਦਾਰ ਤੇਜਾ ਸਿੰਘ, ਗਿਆਨੀ ਨਾਹਰ ਸਿੰਘ ਅਤੇ ਕਨਵੀਨਰ ਪ੍ਰੋ: ਤੇਜਾ ਸਿੰਘ।

ਨੋਟ: ਉਪਰੋਕਤ 9 ਮੈਂਬਰਾਂ ਵਿੱਚ 25 ਮੈਂਬਰੀ ਸਬ-ਕਮੇਟੀ ਦੇ ਕੇਵਲ 7 ਮੈਂਬਰ ਹੀ ਸ਼ਾਮਲ ਹੋਏ, ਭਾਵ, 18 ਮੈਂਬਰ ਗੈਰ ਹਾਜ਼ਰ ਸਨ { ਸਬ- ਕਮੇਟੀ ਦੇ 11 ਮੈਂਬਰ ਪਹਿਲਾਂ ਹੀ ਬਾਈਕਾਟ ਕਰ ਚੁੱਕੇ ਸਨ ਅਤੇ 7 ਹੋਰ ਮੈਂਬਰਾਂ ਨੂੰ ਸ਼੍ਰੋ. ਕਮੇਟੀ ਨੇ ਨਵੀਂ ਕਮੇਟੀ ਤੋਂ ਬਾਹਰ ਰੱਖਿਆ}। ਖਰੜੇ ਵਿੱਚ ਲੋੜ ਅਨੁਸਾਰ ਤਬਦੀਲੀਆਂ ਕਰ ਦਿੱਤੀਆਂ ਗਈਆਂ।

ਹੁਣ ਤਕ ਖਰੜੇ ਵਿੱਚ ਪਾਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀਆਂ ਰਚਨਾਵਾਂ ਵਿੱਚੋਂ ਜਾਪੁ, ਚੌਪਈ (ਕੇਵਲ ਚੋਣਵੇਂ 25 ਬੰਦ), ਸਵੱਯੇ ਅਤੇ ਅਰਦਾਸਿ ਵਿੱਚ ਪ੍ਰਿਥਮ ਭਗਉਤੀ ਵਾਲ਼ੀ ਪਉੜੀ ਨਿੱਤ-ਨੇਮ ਅਤੇ ਪਾਹੁਲ ਦੀਆਂ ਸੱਚੀਆਂ ਬਾਣੀਆਂ ਨਾਲ਼ ਰਲ਼ਾਈਆਂ ਜਾ ਚੁੱਕੀਆਂ ਸਨ, ਭਾਵ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸੰਨ 1897 ਵਿੱਚ ਛਾਪ ਕੇ ਬਣਾਏ ਇੱਕ ਸ਼ਰੀਕ (ਅਖੌਤੀ ਦਸ਼ਮ ਗ੍ਰੰਥ) ਗੁਰੂ ਦੀਆਂ ਦਸਵੇਂ ਗੁਰੂ ਜੀ ਵਲੋਂ ਅਪ੍ਰਵਾਨਤ ਰਚਨਾਵਾਂ ਨੂੰ ਵੀ ਖਰੜੇ ਵਿੱਚ ਮਾਨਤਾ ਦਿੱਤੀ ਜਾ ਚੁੱਕੀ ਸੀ। ਬ੍ਰਾਹਮਣਵਾਦ ਸਿੱਖਾਂ ਨੂੰ ਆਪਸ ਵਿੱਚ ਲੜ ਮਰਨ ਦੇ ਰਾਸਤੇ ਉੱਪਰ ਤੋਰਨ ਲਈ, ਧੁਰੰਧਰ ਸਿੱਖ ਵਿਦਵਾਨਾਂ ਦੇ ਅੱਖੀਂ ਘੱਟਾ ਪਾ ਕੇ, ਪੂਰੀ ਤਰ੍ਹਾਂ ਤਕ ਸਫ਼ਲ ਹੋ ਚੁੱਕਾ ਸੀ।

ਚਲਦਾ... ਭਾਗ ਤੀਜਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top