Share on Facebook

Main News Page

ਹੋਂਦ ਚਿੱਲੜ ਕੇਸ ਦੀਆਂ ਖੁਲ੍ਹੀਆਂ ਨਵੀਆਂ ਪਰਤਾਂ

* ਜੋਗਿੰਦਰ ਸਿੰਘ ਮੱਕੜ ਨੇ ਆਪਣੇ ਭਰਾ ਦੇ ਹੋਂਦ ਚਿੱਲੜ ਕਾਂਡ ਵਿੱਚ ਮਾਰੇ ਜਾਣ ਸਬੰਧੀ 26 ਸਾਲ ਪਹਿਲਾਂ ਅਵਤਾਰ ਸਿੰਘ ਮੱਕੜ ਨੂੰ ਦੱਸ ਦਿੱਤਾ ਸੀ ਪਰ ਅੱਜ ਉਹ ਝੂਠ ਬੋਲ ਰਿਹਾ ਹੈ ਕਿ ਹੁਣ ਤੱਕ ਇਹ ਕੇਸ ਸਾਹਮਣੇ ਹੀ ਨਹੀਂ ਆਇਆ: ਗੁਰਪਤਵੰਤ ਸਿੰਘ

* ਪੀੜਤ 26 ਸਾਲਾਂ ਤੋਂ ਇਨਸਾਫ਼ ਦਿਵਾਉਣ ਲਈ ਅਕਾਲੀ ਲੀਡਰਸ਼ਿਪ ਕੋਲ ਪਹੁੰਚ ਕਰਦੇ ਰਹੇ ਹਨ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ: ਪੀਰ ਮੁਹੰਮਦ

* ਇੱਕ ਪੂਰੇ ਦੇ ਪੂਰੇ ਪਿੰਡ ਦੇ ਤਬਾਹ ਹੋਣ ਦੀ ਖ਼ਬਰ 26 ਸਾਲਾਂ ਬਾਅਦ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਅੰਦਾਜ਼ਾ ਲਗਾਓ ਕਿ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਕਹਾਉਣ ਵਾਲੇ ਇਸ ਦੇਸ਼ ਵਿੱਚ ਹੋਰ ਕਿੰਨਾਂ ਅਪਰਾਧ ਦਬਿਆ ਪਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ: ਅਵਤਾਰ ਸਿੰਘ

* ਗਦਰੀ ਲਹਿਰ ਸਮੇਤ ਹੋਰ ਕਈ ਲਹਿਰਾਂ ਕੈਨੇਡਾ ਖ਼ਾਸ ਕਰਕੇ ਵੈਨਕੂਵਰ ਦੀ ਧਰਤੀ ਤੋਂ ਹੀ ਉਠੀਆਂ ਇਸ ਲਈ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਆਵਾਜ਼ ਵੀ ਇਸੇ ਤਰ੍ਹਾਂ ਇੱਥੋਂ ਹੀ ਬੁਲੰਦ ਹੁੰਦੀ ਰਹਿਣੀ ਚਾਹੀਦੀ ਹੈ: ਇੱਕ ਕਾਲਰ

* ਹੋਂਦ ਚਿੱਲੜ ਪਿੰਡ ਦੇ ਮਾਰੇ ਗਏ ਸਿੱਖਾਂ ਦੀ ਰਾਖ ਜਲ ਪ੍ਰਵਾਹ ਕਰਨ ਲਈ 26 ਫਰਵਰੀ ਤੇ 27 ਫਰਵਰੀ ਅਤੇ ਉਨ੍ਹਾਂ ਦੀ ਯਾਦ ਵਿੱਚ 6 ਮਾਰਚ ਨੂੰ ਪਾਏ ਜਾ ਰਹੇ ਭੋਗ ਸਮਾਗਮ ਵਿੱਚ ਵੱਧ ਤੋਂ ਵੱਧ ਇਨਸਾਫ਼ ਪਸੰਦ ਲੋਕ ਸ਼ਾਮਲ ਹੋਣ: ਗੁਰਪਤਵੰਤ ਸਿੰਘ

ਬਠਿੰਡਾ, 25 ਫਰਵਰੀ (ਕਿਰਪਾਲ ਸਿੰਘ) ਸ਼ੇਰੇ ਪੰਜਾਬ ਰੇਡੀਓ ਕੈਨੇਡਾ ’ਤੇ ਬੀਤੇ ਦਿਨ ਹੋਈ ਲਾਈਵ ਟਾਕ ਸ਼ੋਅ ਦੌਰਾਨ ਹੋਂਦ ਚਿੱਲੜ ਕਾਂਡ ਸਬੰਧੀ ਬੜੇ ਹੈਰਾਨੀ ਜਨਕ ਤੱਥ ਸਾਹਮਣੇ ਆਏ, ਜਦੋਂ ਗੁਰਪਤਵੰਤ ਸਿੰਘ ਪੰਨੂੰ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਇਹ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਅਵਤਾਰ ਸਿੰਘ ਮੱਕੜ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਅੱਜ ਤੋਂ 26 ਸਾਲ ਪਹਿਲਾਂ ਤੋਂ ਹੀ ਪਿੰਡ ਹੋਂਦ ਚਿੱਲੜ ਦੀਆਂ ਘਟਨਾਵਾਂ ਦੀ ਪੂਰੀ ਜਾਣਕਾਰੀ ਸੀ ਪਰ ਉਨ੍ਹਾਂ ਨੇ ਪੀੜਤ ਸਿੱਖ ਪ੍ਰੀਵਾਰਾਂ ਨੂੰ ਇਨਸਾਫ ਦਿਵਾਉਣ ਲਈ ਕੁਝ ਨਹੀਂ ਕੀਤਾ। ਸ: ਗੁਰਪਤਵੰਤ ਸਿੰਘ ਪੰਨੂੰ ਨੇ ਔਨ ਏਅਰ ਦੱਸਿਆ ਕਿ ਸਾਨੂੰ ਅੱਜ ਰਾਤ ਹੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਮੱਕੜ ਨੇ 2 ਨਵੰਬਰ 1984 ਨੂੰ ਵਾਪਰੀ ਇਸ ਹੌਲਨਾਕ ਤੇ ਦਿਲ ਦਹਿਲਾਉਣ ਵਾਲੀ ਘਟਨਾ ਬਾਰੇ ਅੱਜ ਤੋਂ 26 ਸਾਲ ਪਹਿਲਾਂ ਹੀ ਅੱਜ ਦੇ ਪ੍ਰਧਾਨ ਮੱਕੜ ਨੂੰ ਅਰਜ਼ੀਆਂ ਦੇ ਕੇ ਦੱਸਿਆ ਸੀ ਕਿ ਉਸ ਦਾ ਭਰਾ ਉਸ ਘਟਨਾ ਵਿੱਚ ਮਾਰਿਆ ਗਿਆ ਹੈ ਇਸ ਲਈ ਸਾਨੂੰ ਇਨਸਾਫ ਦਿਵਾਇਆ ਜਾਵੇ। ਅੱਜ ਤੱਕ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਪਰ ਅੱਜ ਰੌਲਾ ਪਾ ਰਿਹਾ ਹੈ ਕਿ ਉਸ ਨੂੰ ਇਸ ਦਾ ਪਤਾ ਹੀ ਨਹੀਂ ਲੱਗਾ।

ਗੁਰਪਤਵੰਤ ਸਿੰਘ ਨੇ ਦੱਸਿਆ ਕਿ ਇਸ ਕਾਂਡ ਦੀ ਚਰਚਾ ਪਿਛਲੇ ਇੱਕ ਹਫ਼ਤੇ ਤੋਂ ਮੀਡੀਏ ਵਿੱਚ ਆਈ। ਚੀਫ਼ ਲੀਗਲ ਕੌਂਸਿਲ ਨਿਵਕਿਰਨ ਸਿੰਘ, ਤਜਿੰਦਰ ਸਿੰਘ ਸੂਦਨ ਤੇ ਉਨ੍ਹਾਂ ਦੇ ਨਾਲ 5 ਹੋਰ ਵਕੀਲਾਂ ਨੇ ਸਾਰੇ ਤੱਥ ਇਕੱਤਰ ਕਰ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੋਕ ਹਿਤ ਪਟੀਸ਼ਨ ਪਾ ਦਿੱਤੀ ਹੈ ਜਿਸ ਦੀ ਸੁਣਵਾਈ ਲਈ 1 ਮਾਰਚ ਦੀ ਤਰੀਖ ਨਿਸਚਤ ਹੋ ਚੁੱਕੀ ਹੈ। ਗੁਰਪਤਵੰਤ ਸਿੰਘ ਨੇ ਦੱਸਿਆ ਕਿ ਦਿੱਲੀ, ਹਰਿਆਣਾ, ਰਾਜਸਥਾਨ ’ਚ ਸਮੂਹਕ ਕਤਲੇਆਮ ਕਰਨ ਲਈ 31 ਅਕਤੂਬਰ 1984 ਦੀ ਰਾਤ ਨੂੰ ਕਾਂਗਰਸ ਪਾਰਟੀ ਦੇ ਹੈੱਡ ਕੁਅਟਰ ਵਿਖੇ ਇੱਕ ਮੀਟਿੰਗ ਹੋਈ ਜਿਸ ਵਿੱਚ ਐੱਚ ਕੇ ਐੱਲ ਭਗਤ, ਲਲਿਤ ਮਾਕਨ, ਅਰਜਨ ਦਾਸ, ਧਰਮ ਦਾਸ ਸ਼ਾਸ਼ਤਰੀ ਆਦਿ ਸ਼ਾਮਲ ਹੋਏ। ਉਸ ਮੀਟਿੰਗ ਵਿੱਚ ਇਹ ਸਕੀਮ ਘੜੀ ਗਈ। ਇਸ ਸਕੀਮ ਅਨੁਸਾਰ ਹਰਿਆਣਾ ’ਚ ਸਥਿਤ ਮਧੂਬਨ ਪੁਲਸ ਟਰੇਨਿੰਗ ਸੈਂਟਰ ਵਿੱਚੋਂ ਸਿਖਿਅਤ ਕਮਾਂਡੋ ਤੇ ਹੋਰ ਕੇਸਾਂ ਵਿੱਚ ਫੜੇ ਗਏ ਅਪਰਾਧੀਆਂ ਨੂੰ ਇੱਕੋ ਜਿਹੇ ਹਥਿਆਰਾਂ ਤੇ ਅੱਗ ਲਾਉਣ ਵਾਲੇ ਕੈਮੀਕਲ ਪਾਊਡਰ ਨਾਲ ਲੈਸ ਕਰਕੇ ਡੀਟੀਸੀ ਬੱਸਾਂ ਵਿੱਚ ਹਰਿਆਣੇ ਦੇ ਉਸ ਵੇਲੇ ਦੇ ਮੁੱਖ ਮੰਤਰੀ ਭਜਨ ਲਾਲ ਦੀ ਨਿਗਰਾਨੀ ਹੇਠ ਵੱਖ ਵੱਖ ਥਾਵਾਂ ’ਤੇ ਘਟਨਾਵਾਂ ਕਰਨ ਲਈ ਢੋਇਆ ਗਿਆ।

1 ਨਵੰਬਰ ਦੀ ਸ਼ਾਮ ਨੂੰ ਇੱਕ ਪ੍ਰਾਈਵੇਟ ਟਰੱਕ ਵਿੱਚ ਸਵਾਰ ਹੋ ਕੇ ਹਰਿਆਣੇ ਦੇ ਪਿੰਡ ਹੋਂਦ ਚਿੱਲੜ ਵਿਖੇ ਪਹੁੰਚੇ ਪਰ ਉਥੇ ਬੰਦੇ ਜਿਆਦਾ ਵੇਖ ਕੇ ਉਹ ਮੁੜ ਗਏ ਪਰ ਅਗਲੇ ਦਿਨ ਦੋ ਟਰੱਕਾਂ ਤੇ ਹਰਿਆਣਾ ਟਰਾਂਸਪੋਰਟ ਦੀ ਬੱਸਾਂ ਵਿੱਚ ਹੁੱਲੜਬਾਜ਼ ਜਿਨ੍ਹਾਂ ਨੂੰ ਭਜਨ ਲਾਲ ਦੀ ਹਮਾਇਤ ਪ੍ਰਾਪਤ ਸੀ, ਉਥੇ ਪਹੁੰਚੇ ਤੇ ਇਹ ਦਿਲ ਦਹਿਲਾਉਣ ਵਾਲਾ ਕਾਰਾ ਵਰਤਾ ਦਿੱਤਾ। ਸਾਰੇ ਸਬੂਤਾਂ ਸਹਿਤ ਤੱਥ ਅਦਾਲਤ ਵਿੱਚ ਪੇਸ਼ ਕਰਕੇ ਲੋਕ ਹਿੱਤ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਹੈ ਕਿ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਇੱਕ ਸੁਪਰੀਮ ਕੋਰਟ ਦੇ ਇੱਕ ਵਕੀਲ ਤੇ ਸੀਬੀਆਈ ਕਮੇਟੀ ਦਾ ਗਠਨ ਕੀਤਾ ਜਾਵੇ ਜਿਹੜੀ ਇਸ ਗੱਲ ਦੀ ਪੜਤਾਲ ਕਰਵਾਏ ਕਿ ਇਨ੍ਹਾਂ ਮੰਦਭਾਗੀ ਘਟਨਾਵਾਂ ਲਈ ਮੁੱਖ ਤੌਰ ’ਤੇ ਦੋਸ਼ੀ ਕੌਣ ਹੈ ਅਤੇ ਅੱਜ ਤੱਕ ਉਨ੍ਹਾਂ ਨੂੰ ਸਜਾ ਕਿਉਂ ਨਹੀਂ ਦਿੱਤੀ ਜਾ ਸਕੀ? ਇਨਸਾਫ਼ ਲੈਣ ਲਈ ਇਹ ਕਨੂੰਨੀ ਕਾਰਵਾਈ ਗੈਰ ਹਿੰਸਕ ਢੰਗ ਨਾਲ ਬੜੇ ਸੋਹਣੇ ਢੰਗ ਨਾਲ ਚੱਲ ਰਹੀ ਸੀ ਜਿਸ ਵਿੱਚ ਦੋਸ਼ੀਆਂ ਨੂੰ ਸਜਾ ਮਿਲਣ ਦੀ ਸੰਭਾਵਨਾ ਸੀ ਪਰ ਸਾਰੀ ਕਾਰਵਾਈ ਤਾਰਪੀਡੋ ਕਰਨ ਲਈ ਮੱਕੜ ਨੇ ਉਥੇ ਜਾ ਕੇ ਭਵਕਾਊ ਬਿਆਨ ਦਿੱਤਾ ਕਿ ਜਿਹੜੀ ਜਮੀਨ ਉਸ ਸਮੇਂ ਸਿੱਖਾਂ ਨੂੰ ਸਸਤੇ ਭਾਅ ਵੇਚਣੀ ਪਈ ਸੀ ਉਹ ਹੁਣ ਉਨ੍ਹਾਂ ਨੂੰ ਵਾਪਸ ਦੁਆਈ ਜਾਵੇਗੀ। ਸ: ਪੰਨੂੰ ਨੇ ਪੁੱਛਿਆ ਕਿ ਇਹ ਕਿਹੜਾ ਕਨੂੰਨ ਹੈ ਕਿ 25-26 ਸਾਲ ਪਹਿਲਾਂ ਵੇਚੀ ਗਈ ਜਮੀਨ ਵਾਪਸ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਦਾ ਉਲਟਾ ਅਸਰ ਇਹ ਹੋਵੇਗਾ ਕਿ ਮਹੌਲ ਖ਼ਰਾਬ ਹੋਏਗਾ ਜਿਸ ਨਾਲ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਅੜਚਣ ਪਏਗੀ ਅਤੇ ਜਿਨ੍ਹਾਂ ਖੰਡਰਾਂ ਨੂੰ ਕੌਮੀ ਯਾਦਗਰ ਵਲੋਂ ਸੰਭਾਲ ਕੇ ਰੱਖਣ ਦੀ ਮੰਗ ਉਠ ਰਹੀ ਹੈ ਉਹ ਸਰਕਾਰ ਦੇ ਕਬਜ਼ੇ ਵਿੱਚ ਆ ਜਾਵੇਗੀ।

ਸ: ਗੁਰਪਤਵੰਤ ਸਿੰਘ ਪੰਨੂੰ ਦੀ ਕਹੀ ਹੋਈ ਗੱਲ ਦੀ ਤਸਦੀਕ ਕਰਨ ਲਈ ਰੇਡੀਓ ਹੋਸਟ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਸਿੱਖ ਫੇਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਲਾਈਨ ’ਤੇ ਲੈ ਕੇ ਪੁੱਛਿਆ ਕਿ ਤੁਸੀਂ ’84 ਦੇ ਪੀੜਤਾਂ ਨੁੰ ਇਨਸਾਫ਼ ਦਿਵਾਉਣ ਲਈ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ, ਤੁਸੀਂ ਇਹ ਦੱਸੋ ਕਿ ਕੀ ਹੋਂਦ ਚਿੱਲੜ ਕਾਂਢ ਦਾ ਅੱਜ ਤਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਤਾਂ ਉਨ੍ਹਾਂ ਵੀ ਸ: ਪੰਨੂੰ ਦੀ ਕਹੀ ਹੋਈ ਗੱਲ ਦੀ ਤਸਦੀਕ ਕਰਦਿਆਂ ਜਥੇਦਾਰ ਮੱਕੜ ਦੇ ਝੂਠ ਦਾ ਪਰਦਾ ਇਹ ਕਹਿ ਕੇ ਫ਼ਾਸ਼ ਕੀਤਾ ਕਿ ਪਤਾ ਤਾਂ ਸਭ ਨੂੰ ਹੀ ਹੈ ਸੀ ਸਮੇਂ ਸਮੇਂ ਸਿਰ ਪੀੜਤ, ਅਕਾਲੀ ਆਗੂਆਂ ਨੂੰ ਅਰਜ਼ੀਆਂ ਦੇ ਕੇ ਬੇਨਤੀਆਂ ਕਰਦੇ ਰਹੇ ਹਨ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਪਰ ਸਾਡੀ ਨਲਾਇਕ ਲੀਡਰਸ਼ਿਪ ਨੇ ਇੱਧਰ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਹੋਂਦ ਚਿਲੜ ਕਾਂਢ ਦੇ ਸਬੂਤ ਉਨ੍ਹਾਂ ਦੇ ਹੱਥ ਹੁਣ ਹੀ ਲੱਗੇ ਹਨ ਜਿਸ ਦੇ ਆਧਾਰ ’ਤੇ ਸਿੱਖ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਨੇ ਵਕੀਲ ਨਿਵਕਿਰਨ ਸਿੰਘ ਤੇ ਹੋਰਨਾਂ ਰਾਹੀਂ ਲੋਕ ਹਿਤ ਪਟੀਸ਼ਨ ਦਾਇਰ ਕਰ ਦਿਤੀ ਹੈ। ਉਨ੍ਹਾਂ ਕਿਹਾ ਉਸ ਸਮੇਂ ਅਦਾਲਤ ਵਿਚ ਸ਼ਨਾਟਾ ਛਾ ਗਿਆ ਜਿਸ ਸਮੇਂ ਨਿਵਕਿਰਨ ਸਿੰਘ ਨੇ ਜਿਰਹਾ ਦੌਰਾਨ ਦੱਸਿਆ ਕਿ ਜਿਹੜਾ ਪਿੰਡ ਨਕਸ਼ੇ ਵਿੱਚ ਹੋਵੇ, ਸੜਕ ਜਾਂਦੀ ਹੋਵੇ ਵੋਟਾਂ ਤੇ ਰਾਸ਼ਨਕਾਰਡ ਬਣੇ ਹੋਣ ਉਹ ਪੂਰੇ ਦਾ ਪੂਰੇ ਤਬਾਹ ਕਰ ਦਿੱਤਾ ਗਿਆ ਹੋਵੇ ਤੇ ਸਰਕਾਰ ਨੂੰ ਇਸ ਦਾ ਪਤਾ ਹੀ ਨਾ ਲੱਗੇ। ਉਨ੍ਹਾਂ ਕਿਹਾ ਇਹ ਸੁਣ ਕੇ ਜੱਜ ਸਾਹਿਬਾਨ ਵੀ ਹੈਰਾਨ ਹੋ ਕੇ ਰਹਿ ਗਏ ਤੇ ਉਨ੍ਹਾਂ 1 ਮਾਰਚ ਨੂੰ ਹੋਰ ਸਬੂਤ ਜੋ ਰਹਿ ਗਏ ਹਨ ਉਹ ਵੀ ਪੇਸ਼ ਕਰਨ ਦੇ ਹੁਕਮ ਦਿੱਤੇ।

ਟਾਕ ਸ਼ੋਅ ਦੌਰਾਨ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ ਨੇ ਇੱਕ ਕਾਲਰ ਦੇ ਤੌਰ ’ਤੇ ਫ਼ੋਨ ਕਰ ਕੇ ਕਿਹਾ ਜੇ ਇੱਕ ਪੂਰੇ ਦੇ ਪੂਰੇ ਪਿੰਡ ਦੇ ਤਬਾਹ ਹੋਣ ਦੀ ਖ਼ਬਰ 26 ਸਾਲਾਂ ਬਾਅਦ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਅੰਦਾਜ਼ਾ ਲਗਾਓ ਕਿ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਕਹਾਉਣ ਵਾਲੇ ਇਸ ਦੇਸ਼ ਵਿੱਚ ਹੋਰ ਕਿੰਨਾਂ ਅਪਰਾਧ ਦਬਿਆ ਪਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ? ਉਨ੍ਹਾਂ ਕਿਹਾ ਕਿ ਜਿਹੜਾ ਪ੍ਰਚਾਰ ਮੀਡੀਆ ਦੇਸ਼ ਦੇ ਲੋਕਤੰਤਰ ਦੀਆਂ ਵਡਿਆਈਆਂ ਕਰਦਾ ਨਹੀਂ ਥਕਦਾ ਕਿ ਇੱਥੇ ਸਭ ਨੂੰ ਬਰਾਬਰ ਦੇ ਹੱਕ ਹਨ, ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਸਭ ਨੂੰ ਇਨਸਾਫ ਮਿਲਦਾ ਹੈ ਉਸ ਲਈ ਇਹ ਕਿੱਡਾ ਵੱਡਾ ਕਲੰਕ ਦਰ ਕਲੰਕ ਹੈ ਕਿ ਇਕ ਪੂਰੇ ਪਿੰਡ ਦੀ ਹੋਂਦ ਮਿਟਾਉਣ ਦੀ ਖ਼ਬਰ 26 ਸਾਲ ਬਾਹਰ ਹੀ ਨਹੀਂ ਆ ਸਕੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਦਿਵਾਸੀਆਂ ਦੇ ਕਈ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਪਰ ਅੱਜ ਜੇ ਉਹ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਨਕਸਲਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਇਹ ਨਕਸਵਾਦੀ ਬਣਾਏ ਕਿਸ ਨੇ? ਕੀ ਇਸ ਲਈ ਸਟੇਟ ਜਿੰਮੇਵਾਰ ਨਹੀਂ? ਕੀ ਇਹ ਮੀਡੀਆ ਕਿਸੇ ਨੂੰ ਖਾਲਸਤਾਨੀ ਤੇ ਕਿਸੇ ਨੂੰ ਕੁਝ ਹੋਰ ਦੱਸ ਕੇ ਬਦਨਾਮ ਕਰਨ ਦੀ ਹੀ ਦੇਸ਼ ਸੇਵਾ ਕਰ ਰਿਹਾ ਹੈ, ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਉਠਾਉਣ ਦਾ ਇਨ੍ਹਾਂ ਦਾ ਕੋਈ ਫ਼ਰਜ਼ ਨਹੀਂ ਹੈ।

ਹੋਰ ਕਾਲਰ ਨੇ ਉਕਤ ਵੀਚਾਰ ਹੀ ਪ੍ਰਗਟ ਕਰਦਿਆਂ ਦੁੱਖ ਪ੍ਰਗਟ ਕੀਤਾ ਕਿ ਕਈ ਪਾਰਟੀਆਂ ਦੀਆਂ ਸਰਕਾਰਾਂ ਬਦਲ ਬਦਲ ਕੇ ਆਈਆਂ ਭਾਵੇਂ ਉਹ ਅਕਾਲੀ ਕਾਂਗਰਸੀ ਜਾਂ ਕੌਮਨਿਸਟਾਂ ਦੀ ਹੋਵੇ ਪਰ ਕਿਸੇ ਨੇ ਵੀ ਪੀੜਤਾਂ ਨੂੰ ਇਨਸਾਫ਼ ਦੇਣ ਬਾਰੇ ਨਹੀਂ ਸੋਚਿਆ ਤਾਂ ਇਹ ਕਾਹਦਾ ਲੋਕਤੰਤਰ ਹੈ। ਉਨ੍ਹਾਂ ਕਿਹਾ ਗਦਰੀ ਲਹਿਰ ਸਮੇਤ ਹੋਰ ਕਈ ਲਹਿਰਾਂ ਕੈਨੇਡਾ ਖ਼ਾਸ ਕਰਕੇ ਵੈਨਕੂਵਰ ਦੀ ਧਰਤੀ ਤੋਂ ਹੀ ਉਠੀਆਂ ਇਸ ਲਈ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਆਵਾਜ਼ ਵੀ ਇਸੇ ਤਰ੍ਹਾਂ ਇੱਥੋਂ ਹੀ ਬੁਲੰਦ ਹੁੰਦੀ ਰਹਿਣੀ ਚਾਹੀਦੀ ਹੈ।

ਟਾਕ ਸ਼ੋਅ ਦੇ ਅਖੀਰ ’ਤੇ ਗੁਰਪਤਵੰਤ ਸਿੰਘ ਨੇ ਸੰਦੇਸ਼ ਦਿੱਤਾ ਕਿ ਇਸ ਗੱਲ ਦਾ ਸਬੂਤ ਦੇਣ ਲਈ ਕਿ ਸਾਡੀ ਕੌਮ 26 ਸਾਲ ਸੁੱਤੀ ਰਹੀ ਹੈ ਪਰ ਹੁਣ ਜਾਗ ਪਈ ਤੇ ਇਨਸਾਫ਼ ਲੈਣ ਤੱਕ ਜਾਗਦੀ ਰਹੇਗੀ, ਹੋਂਦ ਚਿੱਲੜ ਪਿੰਡ ਦੇ ਮਾਰੇ ਗਏ ਸਿੱਖਾਂ ਦੀ ਰਾਖ 26 ਫਰਵਰੀ ਨੂੰ ਉਥੋਂ ਇਕੱਤਰ ਕੀਤੀ ਜਾਵੇਗੀ ਤੇ 27 ਫਰਵਰੀ ਨੂੰ ਕੀਰਤਪੁਰ ਵਿਖੇ ਜਲ ਪ੍ਰਵਾਹ ਕੀਤੀ ਜਾਵੇਗੀ ਇਸ ਲਈ ਵੱਧ ਤੋਂ ਵੱਧ ਸਿੱਖ ਉਸ ਵਿੱਚ ਸ਼ਾਮਲ ਹੋਣ। ਦੂਸਰੇ ਪ੍ਰੋਗਰਾਮ ਅਧੀਨ 4 ਮਾਰਚ ਨੂੰ ਉਨ੍ਹਾਂ ਦੀ ਯਾਦ ਵਿੱਚ ਸ਼੍ਰੀ ਅਖੰਡਪਾਠ ਆਰੰਭ ਹੋਵੇਗਾ ਜਿਸ ਦਾ ਭੋਗ 6 ਮਾਰਚ ਨੂੰ ਪਏਗਾ ਜਿਸ ਵਿੱਚ ਵੱਧ ਤੋਂ ਵੱਧ ਇਨਸਾਫ਼ ਪਸੰਦ ਲੋਕ ਸ਼ਾਮਲ ਹੋਣ ਕਿਉਂਕਿ ਉਥੇ ਇਹ ਫੈਸਲਾ ਹੋਵੇਗਾ ਕਿ ਇਨਸਾਫ਼ ਕਿਸ ਢੰਗ ਨਾਲ ਪ੍ਰਪਤ ਕਰਨਾ ਹੈ ਤੇ ਉਸ ਪਿੰਡ ਦੇ ਖੰਡਰ ਸਿੱਖ ਕੌਮ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਨੂੰ ਯਾਦਗਾਰ ਦੇ ਤੌਰ ’ਤੇ ਸੰਭਾਲ ਕੇ ਰੱਖਣਾ ਹੈ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top