Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਬਾਦਲ ਉਠਾ ਰਿਹਾ ਹੈ ਹੋਂਦ ਚਿੱਲੜ ਕਾਂਡ ਦਾ ਮਾਮਲਾ: ਭਾਈ ਸਿਰਸਾ

* ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਿਖਾਂ ਦੀ ਨਸਲਘਾਤ ਕਰਨ ਵਾਲਿਆਂ ਦਾ ਭਾਈਵਾਲ ਰਿਹਾ ਹੈ, ਤੇ ਹਮੇਸ਼ਾਂ ਹੀ ਇੱਕ ਪਾਸੇ ਤਾਂ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਿੱਚ ਲੱਗਾ ਰਹਿੰਦਾ ਹੈ, ਤੇ ਦੂਜੇ ਪਾਸੇ ਚੋਣਾਂ ਮੌਕੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੀ ਉੱਚੀ ਆਵਾਜ਼ ਵਿੱਚ ਮੰਗ ਕਰਕੇ, ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਦਾ ਹੈ

* ਚੌਟਾਲਾ ਪਾਰਟੀ ਦੇ ਵਿਧਾਇਕ ਸੁਜਾਨ ਸਿੰਘ ਨੇ, ਭਜਨ ਲਾਲ ਦੀ ਵਜ਼ਾਰਤ ਸਮੇਂ 27 ਮਾਰਚ 1985 ਨੂੰ ਬਜ਼ਟ ਸੈਸ਼ਨ ਦੌਰਾਨ ਪਿੰਡ ਹੋਂਦ ਚਿੱਲੜ ਦੀ ਤਬਾਹੀ ਤੇ ਕਤਲੇਆਮ ਦਾ ਮਾਮਲਾ ਹਰਿਆਣਾ ਵਿਧਾਨ ਸਭਾ ਵਿੱਚ ਉਠਾਇਆ ਸੀ, ਤਾਂ ਅੱਜ ਪ੍ਰਕਾਸ਼ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਕਿਸ ਤਰ੍ਹਾਂ ਕਹਿ ਸਕਦੇ ਹਨ. ਕਿ ਇਸ ਕਾਂਡ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ

* ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸੱਚਮੁਚ ਹੀ ਸਿੱਖਾਂ ਨਾਲ ਹਮਦਰਦੀ ਰੱਖਦੇ ਹੋਏ ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜਾ ਦਿਵਾਉਣੀ ਚਾਹੁੰਦੇ ਹਨ, ਤਾਂ 1997 ਵਿੱਚ ਕੀਤੇ ਚੋਣ ਵਾਅਦੇ ਅਨੁਸਾਰ, ਕਾਲੇ ਦਿਨਾਂ ਵਿੱਚ ਪੰਜਾਬ ’ਚ ਹੋਏ ਝੂਠੇ ਪੁਲਿਸ ਮੁਕਾਬਿਲਆਂ ਲਈ, ਉਸੇ ਢੰਗ ਨਾਲ ਪੜਤਾਲ ਕਰਵਾਉਣ, ਜਿਸ ਤਰ੍ਹਾਂ ਦੀ ਪੜਤਾਲ ਦੀ ਮੰਗ ਉਹ ਹਰਿਆਣਾ ਸਰਕਾਰ ਤੋਂ ਕਰ ਰਹੇ ਹਨ

ਬਠਿੰਡਾ, 26 ਫਰਵਰੀ (ਕਿਰਪਾਲ ਸਿੰਘ) ਹਰਿਆਣਾ ਦੇ ਪਿੰਡ ਹੋਂਦ ਚਿੱਲੜ ਕਾਂਡ ਦੀਆਂ ਸ਼ੇਰੇ ਪੰਜਾਬ ਰੇਡੀਓ ਵਲੋਂ ਪਰਤਾਂ ਖੋਲ੍ਹੇ ਜਾਣ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਦੇ ਝੂਠ ਦਾ ਪਰਦਾ ਫ਼ਾਸ਼ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਣ ਪਿਛੋਂ, ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਿੱਖਾਂ ਦੀ ਨਸਲਘਾਤ ਕਰਨ ਵਾਲਿਆਂ ਦਾ ਭਾਈਵਾਲ ਰਿਹਾ ਹੈ, ਤੇ ਹਮੇਸ਼ਾਂ ਹੀ ਇੱਕ ਪਾਸੇ ਤਾਂ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਿੱਚ ਲੱਗਾ ਰਹਿੰਦਾ ਹੈ, ਤੇ ਦੂਜੇ ਪਾਸੇ ਚੋਣਾਂ ਮੌਕੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੀ ਉੱਚੀ ਆਵਾਜ਼ ਵਿੱਚ ਮੰਗ ਕਰਕੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਦਾ ਹੈ।

ਉਨ੍ਹਾਂ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣੇ ਵਿੱਚ ਕਾਂਗਰਸ ਪਾਰਟੀ ਤੇ ਵਿਸ਼ੇਸ਼ ਤੌਰ ’ਤੇ ਭਜਨ ਲਾਲ ਸਿੱਖਾਂ ਦੇ ਸਮੂਹਕ ਕਤਲਾਂ ਲਈ ਮੁੱਖ ਤੌਰ ’ਤੇ ਜਿੰਮੇਵਾਰ ਹਨ ਤੇ ਉਨ੍ਹਾਂ ਨੂੰ ਸ਼ਰਤੀਆ ਸਜਾ ਮਿਲਣੀ ਚਾਹੀਦੀ ਹੈ ਪਰ ਬਾਦਲ ਦਲ ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਨਹੀਂ, ਬਲਕਿ ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ। ਭਾਈ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਹੁਣ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਪਰ ਭੜਕਾਊ ਭਾਸ਼ਣਾਂ ਰਾਹੀਂ ਇੱਕ ਪਾਸੇ ਤਾਂ ਮਹੌਲ ਖ਼ਰਾਬ ਕਰਕੇ ਚੱਲ ਰਹੀ ਕਾਨੂੰਨੀ ਕਰਵਾਈ ਵਿੱਚ ਰੁਕਾਵਟਾਂ ਖੜ੍ਹੀਆਂ ਕਰਕੇ ਦੋਸ਼ੀਆਂ ਨੂੰ ਬਚਾਉਣ ਲਈ ਰਾਹ ਪੱਧਰਾ ਕਰ ਰਿਹਾ ਹੈ ਤੇ ਦੂਸਰੇ ਪਾਸੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਕੇ ਚੋਣਾਂ ਵਿੱਚ ਸਿਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਹੱਥਾਂ ਵਿੱਚੋਂ ਨਿਕਲ ਰਹੇ ਹਰਿਆਣੇ ਨੇ ਆਪਣੀ ਮੁੱਠੀ ਵਿੱਚ ਹੀ ਰੱਖਿਆ ਜਾ ਸਕੇ।

ਭਾਈ ਸਿਰਸਾ ਨੇ ਕਿਹਾ ਕਿ ਚੋਟਾਲਾ ਪਾਰਟੀ ਦੇ ਵਿਧਾਇਕ ਸੁਜਾਨ ਸਿੰਘ ਨੇ ਭਜਨ ਲਾਲ ਦੀ ਵਜ਼ਾਰਤ ਸਮੇਂ 27 ਮਾਰਚ 1985 ਨੂੰ ਬਜ਼ਟ ਸੈਸ਼ਨ ਦੌਰਾਨ ਪਿੰਡ ਹੋਂਦ ਚਿੱਲੜ ਦੀ ਤਬਾਹੀ ਤੇ ਕਤਲੇਆਮ ਦਾ ਮਾਮਲਾ ਹਰਿਆਣਾ ਵਿਧਾਨ ਸਭਾ ਵਿੱਚ ਉਠਾਇਆ ਸੀ ਤਾਂ ਅੱਜ ਪ੍ਰਕਾਸ਼ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਇਸ ਕਾਂਡ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ। ਉਨ੍ਹਾਂ ਕਿਹਾ ਜੇ ਸ: ਬਾਦਲ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸੁਹਿਰਦ ਹੁੰਦੇ ਤਾਂ ਉਸ ਪਿਛੋਂ ਹਰਿਆਣਾ ਵਿਚ ਦੋ ਵਾਰ ਉਨ੍ਹਾਂ ਦੇ ਲੰਗੋਟੀਆ ਯਾਰ ਓਮ ਪ੍ਰਕਾਸ਼ ਚੋਟਾਲਾ ਦੀ ਅਤੇ ਇੱਕ ਵਾਰ ਭਾਜਪਾ ਦੀ ਬਾਂਸੀ ਲਾਲ ਨਾਲ ਸਾਂਝੀ ਸਰਕਾਰ ਰਹਿ ਚੁੱਕੀ ਹੈ, ਬਾਦਲ ਜਾਂ ਮੱਕੜ ਨੇ ਉਸ ਦੌਰਾਨ ਉਨ੍ਹਾਂ ਰਾਹੀਂ ਦੋਸ਼ੀਆਂ ਨੂੰ ਸਜਾ ਤੇ ਪੀੜਤਾਂ ਨੂੰ ਇਨਸਾਫ਼ ਕਿਉਂ ਨਹੀਂ ਦਿਵਾਇਆ?

ਭਾਈ ਸਿਰਸਾ ਨੇ ਕਿਹਾ ਕਿ ਮਗਰ ਮੱਛ ਦੇ ਹੰਝੂ ਬਹਾਉਣ ਵਾਲਾ ਬਾਦਲ ਹਮੇਸ਼ਾਂ ਦੋਸ਼ੀਆਂ ਨੂੰ ਬਚਾਉਣ ਲਈ ਭਾਜਪਾ ਨਾਲ ਪ੍ਰਤੱਖ ਰੂਪ ’ਚ ਤੇ ਕਾਂਗਰਸ ਨਾਲ ਅੰਦਰਖਾਤੇ ਮਿਲਿਆ ਹੋਇਆ ਹੈ, ਇਸੇ ਕਾਰਣ ਇਸ ਦੇ ਪਾਰਟੀ ਆਗੂਆਂ ਨੇ ਦਿੱਲੀ ਵਿੱਚ ਸਿੱਖ ਕਤਲੇਆਮ ਦੇ ਗਵਾਹਾਂ ਨੂੰ ਮੁਕਰਾਇਆ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿਖਾਂ ਨੂੰ ਮਾਰਨ ਵਾਲੇ ਅਫਸਰਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਕੇਸ ਸਰਕਾਰੀ ਖਰਚੇ ’ਤੇ ਲੜੇ ਗਏ, ਉਨ੍ਹਾਂ ਨੂੰ ਇਨਾਮ ਵਜੋਂ ਤਰੱਕੀਆਂ ਦਿੱਤੀਆਂ ਸੇਵਾ ਮੁਕਤ ਹੋਣ ਪਿਛੋਂ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਅਹੁੱਦੇ ਦਿੱਤੇ, ਗੁਰਦੇਵ ਸਿੰਘ ਕਉਂਕੇ, ਤੇ ਦਵਿੰਦਰ ਸਿੰਘ ਭੁੱਲਰ ਦੇ ਪਿਤਾ ਤੇ ਮਾਸੜ ਦੇ ਕਤਲਾਂ ਦੀ ਪੜਤਾਲ ਰੀਪੋਰਟ ਦਬਾਈ, 25000 ਸਿੱਖ ਨੂਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਦਾ ਕੇਸ ਚੁੱਕਣ ਵਾਲੇ ਮਨੁੱਖੀ ਅਧਿਕਾਰਾਂ ਦੇ ਨਾਇਕ ਜਸਵੰਤ ਸਿੰਘ ਖਾਲੜਾ ਨੂੰ ਹੀ ਬੁੱਚੜ ਪੁਲਿਸ ਅਫਸਰਾਂ ਨੇ ਅਣਪਛਤੀ ਲਾਸ਼ ਬਣਾ ਦਿੱਤਾ ਪਰ ਚੋਣ ਵਾਅਦਾ ਕੀਤੇ ਜਾਣ ਤੇ ਦੋ ਵਾਰ ਸਰਕਾਰ ਬਣਾਉਣ ਦੇ ਬਾਵਯੂਦ ਵੀ ਝੂਠੇ ਪੁਲਸ ਮੁਕਾਬਿਲਆਂ ਦੀ ਪੜਤਾਲ ਕਰਵਾਉਣ ਤੋਂ ਮੁਕਰਿਆ ਸ: ਬਾਦਲ ਕਿਸ ਅਧਾਰ ’ਤੇ ਹੋਂਦ ਚਿੱਲੜ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਝੂਠੇ ਵਾਅਦੇ ਕਰ ਰਿਹਾ ਹੈ। ਭਾਈ ਸਿਰਸਾ ਨੇ ਕਿਹਾ ਕਿ ਸਾਡੀ ਪਾਰਟੀ ਇਹ ਜੋਰਦਾਰ ਮੰਗ ਕਰਦੀ ਹੈ ਕਿ ਹੋਂਦ ਚਿੱਲੜ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਮਿਲੇ। ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸੱਚਮੁਚ ਹੀ ਸਿੱਖਾਂ ਨਾਲ ਹਮਦਰਦੀ ਰੱਖਦੇ ਹੋਏ ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜਾ ਦਿਵਾਉਣੀ ਚਾਹੁੰਦੇ ਹਨ ਤਾਂ 1997 ਵਿੱਚ ਕੀਤੇ ਚੋਣ ਵਾਅਦੇ ਅਨੁਸਾਰ ਕਾਲੇ ਦਿਨਾਂ ਵਿੱਚ ਪੰਜਾਬ ’ਚ ਹੋਏ ਝੂਠੇ ਪੁਲਿਸ ਮੁਕਾਬਿਲਆਂ ਲਈ ਉਸੇ ਢੰਗ ਨਾਲ ਪੜਤਾਲ ਕਰਵਾਉਣ ਜਿਸ ਤਰ੍ਹਾਂ ਦੀ ਪੜਤਾਲ ਦੀ ਮੰਗ ਉਹ ਹਰਿਆਣਾ ਸਰਕਾਰ ਤੋਂ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top