Share on Facebook

Main News Page

ਸਾਰਾ ਟਾਕ ਸ਼ੋਅ ਸੁਣਨ ਤੋਂ ਬਾਅਦ, ਇੱਕ ਗੱਲ ਸਾਹਮਣੇ ਆਈ ਕਿ ਦਸਮ ਗ੍ਰੰਥ ਦੇ ਹੱਕ ਵਿੱਚ ਬੋਲਣ ਵਾਲੇ ਆਪਸ ਵਿੱਚ ਵੀ ਇੱਕਮੱਤ ਨਹੀਂ ਹਨ

* ਕਸ਼ਮੀਰ ਸਿੰਘ, ਪ੍ਰੰਪਰਾ ਤੇ ਵਿਸ਼ਵਾਸ਼ ਦਾ ਹੀ ਰਾਗ ਅਲਾਪਦਾ ਰਿਹਾ - ਹੋਸਟ ਤੇ ਕਾਲਰਾਂ ਦੇ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਿਆ

* ਦਸਮ ਗ੍ਰੰਥ ਦੇ ਹਮਾਇਤੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ ਨੇ ਮੰਨਿਆ ਕਿ ਪ੍ਰੋ: ਦਰਸ਼ਨ ਸਿੰਘ ਨਾਲ ਧੱਕਾ ਹੋਇਆ ਹੈ

* ਸਾਡੇ ਕੋਲ ਅਸ਼ਲੀਲ ਤੋਂ ਅਸ਼ਲੀਲ ਰਚਨਾਵਾਂ ਲੈ ਕੇ ਆਓ, ਅਸੀਂ ਤੁਹਾਨੂੰ ਉਸ ਵਿੱਚੋਂ ਬ੍ਰਹਮ ਗਿਆਨ ਵਿਖਾਵਾਂਗੇ: ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ

* ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਇਹ ਨਹੀਂ ਪਤਾ, ਕਿ ਉਸ ਵੇਲੇ ਕਰੰਸੀ ਕਿਹੜੀ ਚਲਦੀ ਸੀ: ਇੱਕ ਕਾਲਰ

* ਜਿਹੜੇ ਦਸਮ ਗ੍ਰੰਥ ਦੇ ਹਮਾਇਤੀ ਹਨ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਦਾਇਕ ਤੁਕਾਂ ਵਿੱਚ ਵੀ ਅਸ਼ਲੀਲਤਾ ਦਿੱਸਣ ਲੱਗ ਪਈ ਹੈ: ਇੱਕ ਕਾਲਰ

ਬਠਿੰਡਾ, 28 ਫਰਵਰੀ (ਕਿਰਪਾਲ ਸਿੰਘ): ਹਰ ਹਫਤੇ ਦੀ ਤਰ੍ਹਾਂ ਬੀਤੇ ਐਤਵਾਰ ਭਾਰਤੀ ਸਮੇਂ ਅਨੁਸਾਰ ਰਾਤ 9.45 ਵਜੇ ਸ਼ੇਰ-ਏ-ਪੰਜਾਬ ਰੇਡੀਓ ਕੈਨੇਡਾ ’ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿੱਚ ਭਖਦੇ ਪੰਥਕ ਮਸਲੇ ਦਸਮ ਗ੍ਰੰਥ ’ਤੇ ਲਾਈਵ ਟਾਕ ਸ਼ੋਅ ਕੀਤਾ ਗਿਆ। ਦਸਮ ਗ੍ਰੰਥ ਦੇ ਹਮਾਇਤੀ ਦਵਿੰਦਰ ਸਿੰਘ ਟਰਾਂਟੋ ਦੀ ਬੇਨਤੀ ’ਤੇ, ਦਸਮ ਗ੍ਰੰਥ ਦੀ ਹਮਾਇਤ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕਸ਼ਮੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ ਨੂੰ ਸਮਾਂ ਦਿੱਤਾ ਗਿਆ। ਕਸ਼ਮੀਰ ਸਿੰਘ ਨੇ ਇਤਿਹਾਸਕ ਸਰੋਤ, ਪ੍ਰੰਪਰਾ ਅਤੇ ਵਿਸ਼ਵਾਸ਼ ਦਾ ਵਾਸਤਾ ਪਾ ਕੇ ਕਿਹਾ, ਕਿ ਦਸਮ ਪਿਤਾ ਦੇ ਦਰਬਾਰ ਵਿਚ 52 ਕਵੀ ਸਨ। ਪਿਆਰ ਪਦਮ ਸਿੰਘ ਪਦਮ ਆਪਣੀ ਪੁਸਤਕ ਵਿੱਚ 52 ਕਵੀਆਂ ਸਮੇਤ 125 ਬੰਦਿਆਂ ਦੀ ਸੂਚੀ ਦੇ ਰਹੇ ਹਨ। ਇਸ ਹਿਸਾਬ ਸਿੱਖਾਂ ਦੀ ਪਾਉਂਟਾ ਸਾਹਿਬ ਵਿਖੇ, ਸਿੱਖ ਯੁਨੀਵਰਸਿਟੀ ਸੀ, ਤਾਂ ਕੀ ਇਸ ਯੁਨੀਵਰਸਿਟੀ ਦਾ ਵਾਈਸ ਚਾਂਸਲਰ ਕੋਈ ਅਨਪੜ੍ਹ ਬੰਦਾ ਸੀ, ਜਿਸ ਨੂੰ ਪੜ੍ਹਨਾ ਲਿਖਣਾ ਨਹੀਂ ਸੀ ਆਉਂਦਾ। ਇਸ ਆਧਾਰ ’ਤੇ ਉਨ੍ਹਾਂ ਸਮੁੱਚੇ ਦਸਮ ਗ੍ਰੰਥ ਦੀ ਨੂੰ ਰਚਨਾ ਨੂੰ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੋਣਾ ਦੱਸਿਆ। ਜਦੋਂ ਰੇਡੀਓ ਹੋਸਟ ਕੁਲਦੀਪ ਸਿੰਘ ਨੇ ਇਸ ਦੀ ਰਚਨਾ ਤੇ ਸੰਪਾਦਨ ਕਾਲ ਸਬੰਧੀ ਪੁੱਛਿਆ, ਤਾਂ ਉਨ੍ਹਾਂ ਕਿਹਾ ਕਿ ਇਸ ਦਾ ਰਚਨ ਕਾਲ ਚਰਿਤਰਾਂ ਦੇ ਅਖੀਰ ’ਤੇ ਹੀ ਦਰਜ਼ ਹੈ।

ਰੇਡੀਓ ਹੋਸਟ ਨੇ ਪੁੱਛਿਆ ਕਿ ਗੁਰੂ ਸਿਆਣਾ ਹੈ ਜਾਂ ਸਿੱਖ? ਜੇ ਗੁਰੂ ਸਾਹਿਬ ਨੇ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਕੀਤੀ ਅਤੇ ਨਾਂ ਹੀ 1708 ਵਿੱਚ ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਸਮੇਂ ਕਿਸੇ ਨੂੰ ਇਹ ਆਗਿਆ ਕੀਤੀ, ਕਿ ਉਨ੍ਹਾਂ ਤੋਂ ਪਿਛੋਂ ਕਿਸੇ ਹੋਰ ਗ੍ਰੰਥ ਨੂੰ ਗੁਰੂ ਦਾ ਦਰਜ਼ਾ ਦਿੱਤਾ ਜਾਵੇ, ਤਾਂ ਇਸ ਨੂੰ ਗੁਰੂ ਵਾਲਾ ਰੁਤਬਾ ਦੇਣ ਦਾ ਸਿੱਖਾਂ ਕੋਲ ਕੀ ਅਧਿਕਾਰ ਹੈ? ਕਸ਼ਮੀਰ ਸਿੰਘ ਨੇ ਕਿਹਾ ਦਸਮ ਗ੍ਰੰਥ ਦੀ ਵੀਚਾਰਧਾਰਾ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖਰੀ ਹੈ ਇਸ ਕਰਕੇ ਉਨ੍ਹਾਂ ਇਸ ਨੂੰ ਵੱਖਰਾ ਰੱਖਿਆ। ਉਨ੍ਹਾਂ ਮੋੜਵਾਂ ਸਵਾਲ ਕੀਤਾ, ਕਿ ਜਦੋਂ ਗੁਰੂ ਅਰਜੁਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਰਚਨਾ ਕਰ ਦਿੱਤੀ ਸੀ, ਤਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੀ ਲੋੜ ਪਈ ਸੀ, ਕੇ ਉਸ ਦੇ ਬਰਾਬਰ ਅਕਾਲ ਤਖ਼ਤ ਬਣਾਉਣ ਦੀ? ਜਿਸ ਤਰ੍ਹਾਂ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਦਾ ਕੰਸੈਪਟ ਵੱਖੋ ਵਖਰਾ ਹੈ, ਇਸੇ ਤਰ੍ਹਾਂ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਵੱਖੋ ਵਖਰਾ ਹੈ, ਤੇ ਸਿੱਖਾਂ ਨੇ ਦੋਵਾਂ ਨੂੰ ਹੀ ਮਾਨਤਾ ਦੇ ਦਿੱਤੀ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਇਸ ਦਾ ਭਾਵ, ਤੁਸੀਂ ਗੁਰੂ ਨਾਲੋਂ ਸਿੱਖ ਨੂੰ ਸਿਆਣਾ ਮੰਨਦੇ ਹੋ, ਕਿ ਗੁਰੂ ਨੇ ਆਪਣੇ ਗ੍ਰੰਥ ਨੂੰ ਵੱਖਰਾ ਰੱਖਿਆ, ਪਰ ਸਿੱਖਾਂ ਨੇ ਦੋਵੇਂ ਬਰਾਬਰ ਪ੍ਰਕਾਸ਼ ਕਰ ਦਿੱਤੇ।

ਕੁਲਦੀਪ ਸਿੰਘ ਨੇ ਤ੍ਰਿਆ ਚਰਿਤਰ ਦੇ ਚਰਿਤਰ ਨੰ: 402 ਵਿਚੋਂ ਪੰਕਤੀਆਂ ਪੜ੍ਹ ਕੇ ਸੁਣਾਈਆਂ: ਪੋਸਤ ਭਾਂਗ ਅਫੀਮ ਮਿਲਾਇ॥ ਆਸਨ ਤਾ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋ ਭਏ॥24॥ ਉਨ੍ਹਾਂ ਕਿਹਾ ਜਿਆਦਾ ਅਸ਼ਲੀਲਤਾ ਹੋਣ ਕਰਕੇ ਉਹ ਅਗਲੀਆਂ ਤੁਕਾਂ ਪੜ੍ਹ ਨਹੀਂ ਸਕਦੇ, ਇਸ ਲਈ ਸਿਰਫ ਇਨ੍ਹਾਂ ਤੁਕਾਂ ਦੇ ਹੀ ਅਰਥ ਕਰਕੇ ਸੁਣਾਓ ਜੀ। ਕਸ਼ਮੀਰ ਸਿੰਘ ਨੇ ਕਿਹਾ ਜੇ ਇਕੱਲੀ ਇਕੱਲੀ ਤੁਕ ਦੇ ਅਰਥ ਹੀ ਪੁਛਣੇ ਹਨ, ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤੁਕ: ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ (ਪੰਨਾ 26) ਦੇ ਅਰਥ ਦੱਸੋ। ਤੁਹਾਡੀ ਸਮੱਸਿਆ ਹੀ ਇਹ ਹੈ, ਕਿ ਤੁਹਾਨੂੰ ਪ੍ਰੋ: ਦਰਸ਼ਨ ਸਿੰਘ ਵਾਂਗ ਸਮਝ ਨਹੀਂ ਆਉਂਦੀ। ਕੁਲਦੀਪ ਸਿੰਘ ਨੇ ਪੁੱਛਿਆ ਕਿ ਦਸਮ ਗ੍ਰੰਥ ਦੀਆਂ ਵੱਖ ਵੱਖ ਬੀੜਾਂ ਵਿੱਚ ਪੰਨਿਆਂ ਦੀ ਗਿਣਤੀ ਤੇ ਬਾਣੀ ਦੀ ਤਰਤੀਬ ਵੱਖਰੀ ਹੈ। ਜੇ ਇਹ ਗੁਰੂ ਕ੍ਰਿਤ ਹੈ ਤਾਂ ਇਹ ਕਿਸ ਨੂੰ ਅਧਿਕਾਰ ਹੈ ਕਿ ਇਸ ਵਿੱਚ ਮਨਮਰਜ਼ੀ ਦੀ ਸੋਧ ਕਰ ਸਕੇ। ਕਸ਼ਮੀਰ ਸਿੰਘ ਨੇ ਕਿਹਾ ਕਿ ਸਿੱਖ ਮਾਰਗ ’ਤੇ ਬਹਿਸ ਚੱਲ ਰਹੀ ਹੈ ਕਿ ਸੁਖਮਨੀ ਸਾਹਿਬ ਵਿਚ: ’ਗਉੜੀ ਸੁਖਮਨੀ ਮਃ 5 ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਲਿਖਿਆ ਹੈ, ਇੱਥੇ ੴ ਸਤਿਗੁਰ ਪ੍ਰਸਾਦਿ ॥ ਪਿਛੋਂ ਨਹੀਂ ਪਹਿਲਾਂ ਲਿਖਣਾ ਚਾਹੀਦਾ ਹੈ। ਇਸ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ। ਇਹ ਤਾਂ ਸੰਤ ਕਰਤਾਰ ਸਿੰਘ ਸਨ ਜਿਨ੍ਹਾਂ ਨੇ ਰੋਕਿਆ, ਨਹੀਂ ਤਾਂ ਇਹ ਸੋਧ ਕਰ ਦਿੱਤੀ ਗਈ ਸੀ। ਕੁਲਦੀਪ ਸਿੰਘ ਨੇ ਕਿਹਾ ਕਿ ਨਾ ਸਿੱਖ ਮਾਰਗ ਗੁਰੂ ਗੰਥ ਸਾਹਿਬ ਹੈ, ਅਤੇ ਨਾ ਹੀ ਸੰਤ ਕਰਤਾਰ ਸਿੰਘ ਗੁਰੂ ਸਨ, ਤੁਸੀਂ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੋਧ ਹੋ ਸਕਦੀ ਹੈ ਜਾਂ ਨਹੀਂ।

ਇਸ ਦਾ ਕੋਈ ਜਵਾਬ ਨਾ ਦੇ ਸਕਣ ’ਤੇ ਕੈਲੇਫ਼ੋਰਨੀਆ ਤੋਂ ਇੱਕ ਕਾਲਰ ਨੇ ਪੁੱਛਿਆ ਕਿ ਕਸ਼ਮੀਰ ਸਿੰਘ ਹੁਣੇ ਹੀ ਕਹਿ ਕੇ ਗਏ ਹਨ ਕਿ ਗ੍ਰੰਥ ਦਾ ਰਚਨ ਕਾਲ ਹਰ ਬਾਣੀ ਦੇ ਅਖੀਰ ’ਤੇ ਦਰਜ਼ ਹੈ। ਪਰ ਇਸ ਦੇ ਅਖੀਰ ਤੇ ਜੋ ਦਰਜ਼ ਹੈ: ਸੰਬਤ ਸੱਤ੍ਰਹ ਸਹਿਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿਜੈ॥ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ ਦਸਮ ਗ੍ਰੰਥ ਦਾ ਲੇਖਕ ਇਸ ਅਨੁਸਾਰ ਕਹਿ ਰਿਹਾ ਹੈ ਕਿ ਉਸ ਨੇ ਸੰਬਤ 1753 ਦੇ ਭਾਦੋਂ ਮਹੀਨੇ ਦੇ ਚਾਨਣ ਪੱਖ ਦੀ ਅੱਠਿਓਂ ਦਿਨ ਵੀਰਵਾਰ ਨੂੰ ਸਤਿਲੁਜ ਦੇ ਕੰਢੇ ਬੈਠ ਕੇ ਇਹ ਗ੍ਰੰਥ ਸਪੂੰਰਣ ਕੀਤਾ। ਪਰ ਉਸ ਦਿਨ ਭਾਦੋਂ ਸੁਦੀ ਅਸ਼ਟਮੀ ਨੂੰ ਤਾਂ ਦਿਨ ਐਤਵਾਰ ਨਹੀਂ ਮੰਗਲਵਾਰ ਸੀ। ਤਾਂ ਕੀ ਗੁਰੂ ਸਾਹਿਬ ਨੂੰ ਦਿਨ ਦਾ ਪਤਾ ਨਹੀਂ ਸੀ, ਜਾਂ ਬਾਅਦ ਵਿੱਚ ਕਿਸੇ ਨੇ ਗਲਤ ਲਿਖ ਦਿੱਤਾ। ਕਸ਼ਮੀਰ ਸਿੰਘ ਨੇ ਕਿਹਾ, ਪੁਰੇਵਾਲ ਦੀ ਸੋਚ ਦਾ ਜਨਾਜ਼ਾ ਹੀ ਇੱਥੋਂ ਨਿਕਲਦਾ ਹੈ, ਕਿ ਜਿਸ ਨੇ ਲਿਖਿਆ ਹੈ ਉਸਨੂੰ ਤਾਂ ਪਤਾ ਨਹੀਂ ਕਿ ਉਸ ਦਿਨ ਕੀ ਦਿਨ ਸੀ, ਪਰ ਪੁਰੇਵਾਲ ਨੂੰ 300 ਸਾਲ ਬਾਅਦ ਪਤਾ ਲੱਗ ਗਿਆ ਕਿ ਉਸ ਦਿਨ ਐਤਵਾਰ ਨਹੀਂ ਮੰਗਲਵਾਰ ਸੀ।

ਇੱਕ ਹੋਰ ਕਾਲਰ ਰਣਜੀਤ ਸਿੰਘ ਨੇ ਕਿਹਾ ਕਿ ਲਗਦਾ ਹੈ ਕਿ ਕਸ਼ਮੀਰ ਸਿੰਘ ਨੂੰ ਇਹ ਇਹ ਨਹੀਂ ਪਤਾ ਕਿ ਜੇ 52 ਕਵੀਆਂ ਨੇ ਕੁਝ ਲਿਖਿਆ ਹੈ ਤਾਂ ਉਸ ਨੂੰ ਗਰੂ ਦੀ ਬਾਣੀ ਨਹੀਂ ਕਿਹਾ ਜਾ ਸਕਦਾ। ਇਸ ਨੇ ਦਸਮ ਗ੍ਰੰਥ ਵੇਖਿਆ ਤੱਕ ਨਹੀਂ। ਜੇ ਇਸ ਨੇ ਵੇਖਿਆ ਹੁੰਦਾ ਤਾ ਇਸ ਨੂੰ ਪਤਾ ਹੁੰਦਾ ਕਿ ਦਸਮ ਗ੍ਰੰਥ ਦੀਆਂ ਕੁਲ 28660 ਲਾਈਨਾਂ ਹਨ, ਜਿਨ੍ਹਾਂ ਵਿਚੋਂ ਗੁਰੂਆਂ ਦੇ ਨਾਮ ’ਤੇ ਸਿਰਫ 16 ਲਾਈਨਾਂ ਹਨ ਤੇ ਉਨ੍ਹਾਂ 16 ਲਾਈਨਾਂ ਵਿਚ ਵੀ ਪੰਨਾ ਨੰ: 54 ’ਤੇ ਜੋ ਲਿਖਿਆ ਹੈ: ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨਿ ਲਖਾ ਮੂੜ ਨਹਿ ਪਾਇਓ॥9॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥..... ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥14॥ ਇਸ ਤੋਂ ਅੱਗੇ ਪੰਜਵੇ ਅਧਿਆਏ ਦੀ ਸਮਾਪਤੀ ਕਰ ਦਿੱਤੀ।

ਉਨ੍ਹਾਂ ਪੁੱਛਿਆ ਕੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ 9 ਗੁਰੂਆਂ ਨੂੰ ਅਕਾਲਪੁਰਖ਼ ਦੇ ਇੱਕ ਰੂਪ ਦੀ ਸੋਝੀ ਨਹੀਂ ਸੀ? ਕੀ ਉਹ ਭਿੰਨ ਭਿੰਨ ਰੂਪ ਮੰਨਦੇ ਰਹੇ ਸਨ? ਕੀ ਉਹ ਨਾਟਕ ਚੇਟਕ ਤੇ ਕੁਕਾਜ (ਮਾੜੇ ਕੰਮ) ਹੀ ਕਰਦੇ ਰਹੇ ਸਨ ਜਿਹੜੇ ਸਾਨੂੰ ਲੋਕਾਂ ਨੂੰ ਦਸਦਿਆਂ ਸ਼ਰਮ ਆਉਂਦੀ ਹੈ? ਅੱਗੇ ਪੰਨਾ 57 ’ਤੇ ਲਿਖਿਆ ਹੈ: ਮੈ ਆਪਨਾ ਸੁਤ ਤੋਹਿ ਨਿਵਾਜ਼ਾ॥ ਪੰਥ ਪ੍ਰਚੁਰ ਕਰਬੋ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥29॥ ਕਬਿਬਾਚ ਦੋਹਰਾ॥ ਠਾਢ ਭਯੋ ਮੈ ਜੋਰਿ ਕਰਿ ਬਚਨ ਕਹਾ ਸਿਰ ਨਿਯਾਇ॥ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥30॥

ਉਨ੍ਹਾਂ ਪੁੱਛਿਆ ਕੀ ਗੁਰੂ ਨਾਨਕ ਸਾਹਿਬ ਨੇ ਪੰਥ ਨਹੀਂ ਸੀ ਚਲਾਇਆ? ਕੀ ਦਸਵੇਂ ਗੁਰੂ ਨੇ ਕੋਈ ਵਖਰਾ ਪੰਥ ਚਲਾਇਆ ਹੈ? ਕੀ ਦਸਵਾਂ ਗੁਰੂ ਬਾਕੀ ਨੌ ਗੁਰੂਆਂ ਤੋਂ ਵਖਰਾ ਹੈ? ਜਵਾਬ ਦੇਣ ਤੋਂ ਅਸਮਰਥ ਕਸ਼ਮੀਰ ਸਿੰਘ ਕਦੀ ਰੁੱਖੀ ਭਾਸ਼ਾ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਕੋਸਦਾ ਅਤੇ ਕਦੀ ਕਹਿੰਦਾ ਕਿ ਜਿਹੜਾ ਤੇਰਾ ਰੇਡੀਓ ਹੈ ਇਹ ਕੋਈ ਮਸਲਾ ਹਲ ਕਰਨ ਲਈ ਨਹੀਂ, ਲੋਕਾਂ ਨੂੰ ਇੱਥੇ ਸੱਦ ਕੇ ਉਨ੍ਹਾਂ ਦੀ ਬੇਇਜਤੀ ਕਰਨ ਲਈ ਹੈ।

ਇੱਕ ਹੋਰ ਕਾਲਰ ਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਗੁਰੂਆਂ ਨੇ ਨਾਨਕ ਨਾਮ ਹੇਠ ਬਾਣੀ ਉਚਾਰਣ ਕੀਤੀ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਵੇਂ ਜੁੱਰਤ ਪਈ, ਕਿ ਉਹ ਆਪਣੇ ਪੁਰਖਿਆਂ ਦੀ ਰਵਾਇਤ ਨੂੰ ਛੱਡ ਕੇ, ਬਿਨਾ ਨਾਨਕ ਨਾਮ ਤੋਂ ਬਾਣੀ ਉਚਾਰਦੇ। ਕੀ ਗੁਰੂ ਹਰਿਗੋਬਿੰਦ ਸਾਹਿਬ ਪਾਸ ਉਹ ਅਥਾਰਟੀ ਨਹੀਂ ਸੀ ਜੋ ਗੁਰੂ ਨਾਨਕ ਪਾਸ ਸੀ? ਕੀ ਉਹ ਅਕਾਲ ਤਖ਼ਤ ਦੀ ਸਿਰਜਨਾ ਨਹੀਂ ਸੀ ਕਰ ਸਕਦੇ? ਉਨ੍ਹਾਂ ਕਿਹਾ ਅਕਾਲ ਤਖ਼ਤ ਦੀ ਸਿਰਜਨਾ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣਾ, ਗੁਰੂ ਨਾਨਕ ਸਾਹਿਬ ਜੀ ਦੇ ਬਖ਼ਸ਼ੇ ਸਿਧਾਂਤ ਅਨੁਸਾਰ ਹੀ ਹੈ, ਉਸ ਤੋਂ ਬਾਹਰ ਕੁੱਝ ਵੀ ਨਹੀਂ, ਫਿਰ ਦਸਵੇਂ ਨਾਨਕ ਨੇ ਵੱਖਰੇ ਸਿਧਾਂਤ ਵਾਲਾ ਗ੍ਰੰਥ ਕਿਵੇਂ ਰਚ ਦਿੱਤਾ?

ਕਸ਼ਮੀਰ ਸਿੰਘ ਨੇ ਫਿਰ ਤੂੰ ਤੂੰ ਕਹਿ ਕੇ ਕਿਹਾ, ਮੈਂ ਸਾਰੇ ਜਵਾਬ ਦੇ ਸਕਦਾ ਹਾਂ, ਪਰ ਤੂੰ ਦੇਣ ਹੀ ਨਹੀਂ ਦਿੰਦਾ। ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਜ਼ਾਏ ਹੋਰ ਕਹਾਣੀਆਂ ਸ਼ੁਰੂ ਕਰਨ ’ਤੇ ਕੁਲਦੀਪ ਸਿੰਘ ਨੇ ਕਿਹਾ, ਕਿ ਤੁਹਾਨੂੰ ਸਮਝ ਹੀ ਨਹੀਂ ਕਿ ਰੇਡੀਓ ’ਤੇ ਸੰਵਾਦ ਕਿਸ ਤਰ੍ਹਾਂ ਕਰਨਾ ਹੈ। ਪਹਿਲਾਂ ਕਿਸੇ ਸਕੂਲ ਵਿੱਚ ਜਾ ਕੇ ਬੋਲਣਾ ਸਿੱਖ ਕੇ ਆਓ।

ਇੱਕ ਹੋਰ ਕਾਲਰ ਨੇ ਕਿਹਾ ਕਿ ਕਸ਼ਮੀਰ ਸਿੰਘ ਦੀ ਇਹ ਗੱਲ ਬਿਲਕੁਲ ਠੀਕ ਹੈ, ਕਿ 21 ਵੇਂ ਚਰਿਤਰ ਵਿੱਚ ਬੜੀ ਸੋਹਣੀ ਸਿਖਿਆ ਹੈ: ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ॥ ਪਰ ਨਾਰੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ॥51॥ ਪਰ ਉਸੇ ਚਰਿਤਰ ਵਿੱਚ ਉਸੇ ਪਾਤਰ ਨੂੰ ਅਨੂਪ ਕੌਰ ਦੀ ਸੇਜ ’ਤੇ ਬੈਠਾ ਵਿਖਾਇਆ ਗਿਆ ਹੈ, ਅਨੂਪ ਕੌਰ ਵਲੋਂ ਚੋਰ ਚੋਰ ਦਾ ਰੌਲਾ ਪਾਉਣ ’ਤੇ ਉਸ ਨੂੰ ਉਥੋਂ ਭੱਜਣਾ ਪੈ ਗਿਆ। ਅਗੇ ਲਿਖਿਆ ਹੈ: ਵਾ ਕੀ ਕਰ ਦਾਰੀ ਧਰੀ ਪਗਿਯਾ ਲਈ ਉਤਾਰਿ॥ ਚੋਰ ਚੋਰ ਕਰਿ ਤਿਹ ਗਹਯੋ ਦੈਕ ਮੁਹਤਰੀ ਝਾਰਿ॥5॥ ਲਗੇ ਮੁਹਤਰੀ ਕੇ ਗਿਰਯੋ ਭੁਮਿ ਮੂਰਛਨਾ ਖਾਇ॥ ਭੇਦ ਨ ਕਾਹੂੰ ਨਰ ਲਹਿਯੋ ਮੁਸਕੈ ਲਈ ਚੜ੍ਹਾਏ॥6॥ ਦਸੰਬਰ 2009 ਵਿਚ ਇਸੇ ਕਸ਼ਮੀਰ ਸਿੰਘ ਨੇ ਪ੍ਰੋ. ਹਰਿਭਜਨ ਸਿੰਘ ਦੀ ਪੁਸਤਕ ਛਪਵਾ ਕੇ ਰਲੀਜ਼ ਕੀਤੀ, ਜਿਸ ਵਿੱਚ ਉਹ ਇਸ ਦੇ ਅਰਥ ਕਰ ਰਿਹਾ ਹੈ:- ਉਸ ਦੀ ਦਾੜ੍ਹੀ ਫੜ ਲਈ ਪੱਗ ਉਤਾਰ ਲਈ, ਚੋਰ ਚੋਰ ਕਹਿ ਕੇ ਉਸ ਦੇ ਜੁੱਤੀਆਂ ਲਾ ਦਿੱਤੀਆਂ। ਜੁਤੀਆਂ ਪੈਣ ਨਾਲ ਮੂਰਛਾ ਖਾ ਕੇ ਉਹ ਧਰਤੀ ’ਤੇ ਡਿੱਗ ਪਿਆ ਕਿਸੇ ਮਨੁਖ ਨੂੰ ਭੇਦ ਹੀ ਨਾ ਲੱਗਾ ਤੇ ਉਸ ਦੀਆਂ ਮੁਸ਼ਕਾਂ ਬੰਨ੍ਹ ਲਈਆਂ।

ਅੱਗੇ 23ਵੇਂ ਚਰਿਤਰ ਵਿਚ ਲਿਖ ਰਿਹਾ ਹੈ: ਦੋਹਰਾ॥ ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਂਧਿ॥12॥1॥ ਜਿਸ ਦੇ ਹਰਿਭਜਨ ਸਿੰਘ ਅਰਥ ਕਰਦਾ ਹੈ: ਹੇ ਇਸਤਰੀ! ਹੁਣ ਸਾਨੂੰ ਮੁਆਫ਼ ਕਰ ਮੈਂ ਫਿਰ ਅਜਿਹਾ ਅਪਰਾਧ ਨਹੀਂ ਕਰਦਾ। ਤੇ ਫਿਰ ਉਸ ਇਸਤਰੀ ਦੀ 20 ਹਜ਼ਾਰ ਟਕੇ ਛਿਮਾਹੀ ਬੰਨ੍ਹ ਦਿੱਤੀ ਗਈ। ਪ੍ਰੋ: ਹਰਿਭਜਨ ਸਿੰਘ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਲਿਖ ਰਿਹਾ ਹੈ, ਤਾਂ ਕੀ ਇਹ ਗੁਰੂ ਸਾਹਿਬ ਜੀ ਦਾ ਘੋਰ ਅਨਾਦਰ ਨਹੀਂ ਹੈ? ਉਨ੍ਹਾਂ ਪੁੱਛਿਆ ਕਸ਼ਮੀਰ ਸਿੰਘ ਦਾ ਇਸ ਸਬੰਧੀ ਕੀ ਕਹਿਣਾ ਹੈ? ਰੇਡੀਓ ਹੋਸਟ ਕੁਲਦੀਪ ਸਿੰਘ ਨੇ ਵਿਅੰਗ ਨਾਲ ਕਿਹਾ, ਕਸ਼ਮੀਰ ਸਿੰਘ ਨੇ ਇਸ ਬਾਰੇ ਕੁਝ ਨਹੀਂ ਕਹਿਣਾ, ਉਹ ਕਿਸੇ ਸਕੂਲ ਵਿੱਚ ਪੰਜਾਬੀ ਸਿੱਖਣ ਲਈ ਗਿਆ ਹੈ।

ਦਸਮ ਗ੍ਰੰਥ ਦੇ ਦੂਸਰੇ ਹਮਾਇਤੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ ਨੇ ਮੰਨਿਆਂ ਕਿ ਪ੍ਰੋ: ਦਰਸ਼ਨ ਸਿੰਘ ਨਾਲ ਧੱਕਾ ਹੋਇਆ ਹੈ। ਜੋ ਪ੍ਰੋ: ਦਰਸ਼ਨ ਸਿੰਘ ਨੇ ਕਿਹਾ, ਉਹ ਦੂਜੇ ਵਿਦਵਾਨਾਂ ਨੇ ਵੀ ਕਿਹਾ ਪਰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ। ਉਨ੍ਹਾਂ ਗੁਰਬਾਣੀ ਦੇ ਹੁਣ ਤੱਕ ਹੋਏ ਟੀਕਿਆਂ ਨੂੰ ਗਲਤ ਦੱਸਿਆ। ਲੁਧਿਆਣੇ ਤੋਂ ਇੱਕ ਕਾਲਰ ਹਰਿਮੰਦਰ ਸਿੰਘ ਨੇ ਕਿਹਾ ਕਿ ਕਸ਼ਮੀਰ ਸਿੰਘ ਸਿਰਫ ਸ਼ਰਧਾ ਤੇ ਪ੍ਰੰਪਰਾ ਦਾ ਸਹਾਰ ਲੈ ਰਿਹਾ ਹੈ, ਪਰ ਕਿਸੇ ਵੀ ਸਵਾਲ ਦਾ ਪੁਖਤਾ ਸਬੂਤ ਨਹੀਂ ਦੇ ਸਕਿਆ।

ਉਨ੍ਹਾਂ ਕਸ਼ਮੀਰ ਸਿੰਘ ਦੀ ਹਾਲਤ ਚੁਟਕਲੇ ਦੇ ਇਕ ਉਸ ਵਿਦਿਆਰਥੀ ਵਰਗੀ ਦੱਸੀ, ਜਿਸ ਨੂੰ ਅਧਿਆਪਕ ਨੇ ਪੁੱਛਿਆ ਕਿ ਸਿੱਧ ਕਰੋ ਕਿ ਧਰਤੀ ਗੋਲ ਹੈ। ਵਿਦਿਆਰਥੀ ਕਹਿਣ ਲੱਗਾ, ਧਰਤੀ ਇਸ ਤਰ੍ਹਾਂ ਗੋਲ ਹੈ ਜਿਵੇਂ ਸਾਈਕਲ ਦਾ ਚੱਕਾ ਗੋਲ ਹੈ, ਬਾਲਟੀ ਦਾ ਥੱਲਾ ਗੋਲ ਹੈ। ਅਧਿਆਪਕ ਨੇ ਕਿਹਾ, ਕਿ ਤੂੰ ਇਹ ਸਬੂਤ ਦੇ ਕੇ ਸਿੱਧ ਕਰ ਕੇ ਧਰਤੀ ਗੋਲ ਹੈ। ਵਿਦਿਆਰਥੀ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਧਰਤੀ ਇਸ ਤਰ੍ਹਾਂ ਗੋਲ ਹੈ ਜਿਵੇਂ ਪਲੇਟ ਗੋਲ ਹੈ। ਅਧਿਆਪਕ ਨੇ ਕਿਹਾ ਤੈਨੂੰ 0 ਨੰਬਰ ਮਿਲ ਰਹੇ ਹਨ, ਯਾਦ ਰੱਖੀਂ ਇਹ ਵੀ ਧਰਤੀ ਵਾਂਗ ਗੋਲ ਹੈ। ਹਰਿਮੰਦਰ ਸਿੰਘ ਨੇ ਕਿਹਾ ਕਿ ਕਸ਼ਮੀਰ ਸਿੰਘ ਦਾ ਵੀ ਇਹੀ ਹਾਲ ਹੈ, ਉਹ ਸ਼ਰਧਾ ਤੇ ਪ੍ਰੰਪਰਾ ਦੀ ਹੀ ਗੱਲ ਕਰਦਾ ਰਿਹਾ ਹੈ, ਪਰ ਕਿਸੇ ਵੀ ਸਵਾਲ ਦਾ ਗੁਰਬਾਣੀ ਤੇ ਇਤਿਹਾਸ ਦੇ ਹਵਾਲੇ ਨਾਲ ਸਬੂਤ ਨਹੀਂ ਦੇ ਸਕਿਆ।

ਇੱਕ ਹੋਰ ਕਾਲਰ ਨੇ ਕਿਹਾ ਕਿ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਇਹ ਨਹੀਂ ਪਤਾ, ਕਿ ਉਸ ਵੇਲੇ ਕਰੰਸੀ ਕਿਹੜੀ ਚਲਦੀ ਸੀ। ਉਨ੍ਹਾਂ ਦੱਸਿਆ ਕਿ ਹਮਾਯੂੰ ਨੇ ਭਾਰਤ ਵਿੱਚ ਪਹਿਲੀ ਵਾਰ ਰੁਪਈਆ ਚਾਲੂ ਕਰ ਦਿੱਤਾ। ਇਸ ਹਿਸਾਬ ਨਾਲ ਗੁਰੂ ਨਾਨਕ ਸਾਹਿਬ ਵੇਲੇ, ਟਕਾ ਚਾਲੂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਰੁਪਈਆ। ਪਰ ਗੁਰੂ ਨਾਨਕ ਸਾਹਿਬ ਦੀ ਸਾਖੀ ਵਿੱਚ ਵੀਹ ਰੁਪਏ ਲਿਖ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਨਾਲ ਟਕਾ ਲਿਖ ਦਿੱਤਾ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਂਧਿ॥’ ਇਸ ਇਕੇ ਹੀ ਸਬੂਤ ਨੇ ਇਹ ਦੋਵੇਂ ਸਾਖੀਆਂ ਨੂੰ ਗਲਤ ਸਿੱਧ ਕਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਭਾਈ ਨੰਦ ਲਾਲ ਜੀ ਤੇ ਕਵੀ ਸੈਨਾਪਤੀ ਸਨ। ਸੈਨਾਪਤੀ ਨੇ ਗੁਰੂ ਕੀਆਂ ਪਰਚੀਆਂ ਸੋਧਾ ਦਾਸ ਦੀਆਂ ਲਿਖੀਆਂ। ਇਹ ਸਾਖੀਆਂ ਗੁਰੂ ਸਾਹਿਬ ਤੋਂ 40 ਸਾਲ ਪਿਛੋਂ ਲਿਖੀਆਂ ਗਈਆਂ। ਦੋਵੇਂ ਵਿਦਵਾਨਾਂ ਨੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਕੀਤਾ। ਇਹ ਇੱਕ ਇਤਿਹਾਸਕ ਸਬੂਤ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਇਸ ਗ੍ਰੰਥ ਦੀ ਕੋਈ ਹੋਂਦ ਨਹੀਂ ਸੀ।

ਇੱਕ ਕਾਲਰ ਨੇ ਪੁੱਛਿਆ ਕਿ 71ਵੇਂ ਚਰਿੱਤਰ ਵਿਚ ਲਿਖਿਆ ਹੈ: ਦੋਹਰਾ॥ ਰਾਤਿ ਬੀਚ ਕਰਿ ਆਠਿ ਸੈ ਪਗਰੀ ਲਈ ਉਤਾਰਿ॥ ਆਨਿ ਤਿਨੈ ਹਮ ਦੀਹ, ਮੈ ਧੋਵਨਿ ਦਈ ਸੁਧਾਰਿ॥8॥ ਚੌਪਈ॥ ਪ੍ਰਾਤ ਲੇਤ ਸਭ ਧੋਇ ਮਗਾਈ॥ ਸਭ ਹੀ ਸਿੱਖ ਕੌ ਬੰਧਵਾਈ॥ ਬਚੀ ਸੁ ਬੇਚਿ ਤਹ ਲਈ॥ ਬਾਕੀ ਬਚੀ ਸਿਪਾਹਿਨ ਦਈ॥9॥ ਬਟਿਕੈ ਪਗਰੀ ਨਗਰ ਕੌ ਜਾਤ ਭਏ ਸੁਖ ਪਾਇ॥ ਭੇਦ ਮੂਰਖਨ ਨਾ ਲਹਯੋ ਕਹਾ ਗਯੋ ਕਰਿ ਰਾਇ॥10॥1॥ ਪਿਆਰਾ ਸਿੰਘ ਪਦਮ ਇਸ ਨੂੰ ਗੁਰੂ ਸਾਹਿਬ ਦੀ ਆਤਮ ਕਥਾ ਦਸਦਾ ਹੋਇਆ, ਇਸ ਦੇ ਅਰਥ ਕਰਦਾ ਹੈ, ਰਾਤੋ ਰਾਤ ਅੱਠ ਸੌ ਪਗੜੀਆਂ ਉਤਾਰ ਲਈਆਂ, ਮੈਂ ਉਹ ਧੋਣ ਲਈ ਦੇ ਦਿੱਤੀਆਂ। ਸਵੇਰੇ ਧੋ ਕੇ ਮੰਗਵਾ ਲਈਆਂ। ਸਾਰੀਆਂ ਦਸਤਾਰਾਂ ਸਿੱਖਾਂ ਨੂੰ ਸਿਰਪਾਉ ਦੇ ਕੇ ਸਿਰ ’ਤੇ ਬੰਨ੍ਹਵਾ ਦਿੱਤੀਆਂ। ਜਿਹੜੀਆਂ ਬਚੀਆਂ ਉਹ ਬੇਚ ਦਿੱਤੀਆਂ, ਜਿਹੜੀਆਂ ਫਿਰ ਵੀ ਬਚ ਗਈਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ। ਪੱਗਾਂ ਵੰਡ ਕੇ ਪਾਉਂਟਾ ਸਾਹਿਬ ਨੂੰ ਚਾਲੇ ਪਾ ਦਿੱਤੇ, ਪਰ ਕਿਸੇ ਮੂਰਖ ਨੂੰ ਪਤਾ ਨਾ ਲੱਗਾ ਕਿ ਉਹ ਰਾਏ ਕਿੱਥੇ ਚਲਾ ਗਿਆ। ਉਸ ਕਾਲਰ ਨੇ ਪੁੱਛਿਆ ਕੀ ਗੁਰੂ ਸਾਹਿਬ ਇਹੋ ਜਿਹਾ ਕੰਮ ਕਰ ਸਕਦੇ ਹਨ?

ਰਮਿੰਗਟਨ ਤੋਂ ਇੱਕ ਕਾਲਰ ਨੇ ਕਿਹਾ, ਕਿ ਜਿਸ ਤਰ੍ਹਾਂ ਕਸ਼ਮੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਤੁਕ: ’ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥’ ਦਾ ਹਵਾਲਾ ਦਿੱਤਾ ਹੈ, ਇਸ ਨੇ ਇੱਕ ਗੱਲ ਸਿੱਧ ਕਰ ਦਿੱਤੀ ਹੈ, ਕਿ ਜਿਹੜੇ ਦਸਮ ਗ੍ਰੰਥ ਦੇ ਹਮਾਇਤੀ ਹਨ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਦਾਇਕ ਤੁਕਾਂ ਵਿੱਚ ਵੀ ਅਸ਼ਲੀਲਤਾ ਦਿੱਸਣ ਲੱਗ ਪਈ ਹੈ। ਦੂਸਰੀ ਗੱਲ ਉਨ੍ਹਾਂ ਕਹੀ ਕਿ ਉਨ੍ਹਾਂ ਨੇ ਯੂ ਟਿਊਬ ’ਤੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ ਐਕਸਪੋਜ਼ਡ ਔਨ ਦਸਮ ਗ੍ਰੰਥ ਵੀਡੀਓ ਵੇਖੀ ਹੈ, ਜਿਸ ਵਿੱਚ ਉਸ ਦੇ ਤਿੰਨ ਵੱਖਰੇ ਵੱਖਰੇ ਸਰੂਪ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਬਹੁਤ ਥੋਹੜੇ ਸਮੇਂ ਤੋਂ ਹੀ ਇੱਧਰ ਆਏ ਹਨ। ਉਹ ਦੱਸਣ ਕਿ ਕੀ, ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਵੀ ਕੋਈ ਅਧਿਐਨ ਕੀਤਾ ਹੈ ਜਾਂ ਸਿੱਧੇ ਹੀ ਦਸਮ ਗ੍ਰੰਥ ’ਤੇ ਆ ਪਹੁੰਚੇ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ਜੇ ਕੋਈ ਬੰਦਾ ਪਹਿਲਾਂ ਕਲੀਨ ਸ਼ੇਵਨ ਸੀ, ਫਿਰ ਉਸ ਤੇ ਗੁਰੂ ਦੀ ਬਖ਼ਸ਼ਿਸ਼ ਹੋ ਗਈ ਉਸ ਨੇ ਕੇਸ ਦਾੜ੍ਹੀ ਰੱਖ ਕੇ ਦਸਤਾਰ ਸਜਾ ਲਈ, ਤਾਂ ਇਸ ਵਿਚ ਕੀ ਗਲਤੀ ਹੈ? ਉਨ੍ਹਾਂ ਕਿਹਾ ਅਸੀਂ ਸਮੁੰਦਰ ’ਚੋਂ ਨਿਕਲ ਕੇ ਕੁੱਜੇ ਵਿੱਚ ਬੰਦ ਹੋ ਗਏ ਹਾਂ। ਗੁਰੂ ਨਾਨਕ ਸਾਹਿਬ ਮਸਜ਼ਿਦ ਮੰਦਰ ਹਰ ਥਾਂ ਗਏ ਤਾਂ ਸਿੱਖ ਕਿਉਂ ਨਹੀਂ ਜਾ ਸਕਦਾ? ਜੇ ਕੋਈ ਸਿੱਖ ਜਾਂਦਾ ਹੈ ਤਾਂ ਅਸੀਂ ਉਸ ’ਤੇ ਸ਼ੱਕ ਕਿਉਂ ਕਰਦੇ ਹਾਂ?

ਇੱਕ ਹੋਰ ਕਾਲਰ ਨੇ ਕਿਹਾ, ਕਿ ਦਸਮ ਗ੍ਰੰਥ ਨੂੰ ਇਤਿਹਾਸਕ ਸਰੋਤ ਕਿਹਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦਾ ਯੁੱਧ ਲੜਿਆ। ਸਿੱਖ ਇਤਿਹਾਸ ਅਨੁਸਾਰ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ 5 ਪੁੱਤ 500 ਮੁਰੀਦ ਤੇ ਪ੍ਰਵਾਰ ਦੇ 14 ਜੀਅ ਸ਼ਹੀਦ ਕਰਵਾਏ। ਪਰ ਦਸਮ ਗ੍ਰੰਥ ਵਿੱਚ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਹੈ। ਕੀ ਗੁਰਪ੍ਰੀਤ ਸਿੰਘ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਜ਼ਿਕਰ ਦਸਮ ਗ੍ਰੰਥ ਦੇ ਕਿਹੜੇ ਪੰਨੇ ’ਤੇ ਹੈ, ਜਾਂ ਗੁਰੂ ਗੋਬਿੰਦ ਸਿੰਘ ਇਹ ਲਿਖਣਾ ਭੁੱਲ ਗਏ ਸਨ?

ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਨੋਵੇਂ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀਆਂ ਦਿਤੀਆਂ। ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਾ ਇਸ ਗ੍ਰੰਥ ਵਿੱਚ ਜ਼ਿਕਰ ਤੱਕ ਨਹੀਂ ਤੇ ਚੰਡੀ ਦੀ ਵਾਰ ਤਿੰਨ ਵਾਰ ਦਰਜ਼ ਕਰ ਦਿੱਤੀ। ਕੀ ਚੰਡੀ ਦਾ ਮਹੱਤਵ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲੋਂ ਵੱਧ ਹੈ? ਗੁਰਪ੍ਰੀਤ ਸਿੰਘ ਨੇ ’ਸੁਣ ਸੰਤਨ ਕੀ ਸਾਚੀ ਸਾਖੀ॥ ਸੋ ਲਿਖਿਆ ਜੋ ਪੇਖਿਆ ਆਖੀਂ॥’ ਦਾ ਹਵਾਲ ਦੇ ਕੇ ਆਖਿਆ, ਕਿ ਪੀਰ ਬੁੱਧੂ ਸ਼ਾਹ ਚਲਦੀ ਲੜਾਈ ਵਿੱਚ ਆਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਵੇਖਿਆ ਹੀ ਨਹੀਂ। ਜੋ ਉਨ੍ਹਾਂ ਨੇ ਵੇਖਿਆ ਉਹ ਲਿਖ ਦਿੱਤਾ। ਵਿਦਵਾਨਾਂ ਨੇ ਇਸ ਸਬੰਧੀ ਵੱਖ ਵੱਖ ਜਵਾਬ ਦੇ ਕੇ ਦੁਬਿਧਾ ਵਧਾ ਦਿੱਤੀ ਹੈ। ਕਾਲਰ ਨੇ ਕਿਹਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰੂ ਸਾਹਿਬ ਨੂੰ ਪਤਾ ਹੀ ਨਹੀਂ ਸੀ ਕਿ ਕੌਣ ਕੌਣ ਉਨ੍ਹਾਂ ਲਈ ਯੁੱਧ ਲੜ ਰਹੇ ਹਨ?

ਜਰਮਨ ਤੋਂ ਇੱਕ ਕਾਲਰ ਤਰਸੇਮ ਸਿੰਘ ਨੇ ਕਿਹਾ, ਦਸਮ ਗ੍ਰੰਥ ਦੇ ਹਮਾਇਤੀ ਵਾਰ ਵਾਰ ਕਹਿੰਦੇ ਹਨ ਕਿ ਦਸਮ ਗ੍ਰੰਥ ਬਹਾਦਰ ਬਣਾਉਂਦਾ ਹੈ। ਪਰ ਸਿੱਖ ਇਤਿਹਾਸ ਵਿਚ ਐਸਾ ਕੋਈ ਜ਼ਿਕਰ ਨਹੀਂ ਆਉਂਦਾ, ਕਿ ਕੁਰਬਾਨੀਆਂ ਦੇਣ ਵਾਲਿਆਂ ਨੇ ਕਦੇ ਦਸਮ ਗ੍ਰੰਥ ਵੀ ਪੜ੍ਹਿਆ ਹੋਵੇ। ਸਿੰਘ ਜੰਗਲਾਂ ਵਿੱਚ ਵੀ ਰਹੇ, ਕਿਤੇ ਜ਼ਿਕਰ ਨਹੀਂ ਆਉਂਦਾ ਕਿ ਉਨ੍ਹਾਂ ਕੋਲ ਦਸਮ ਗ੍ਰੰਥ ਵੀ ਸੀ, ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਜ਼ਿਕਰ ਆਉਂਦਾ ਹੈ।

ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਭਾਸ਼ਣ ਦੀ ਇੱਕ ਕਲਿਪਿੰਗ ਸੁਣਾਈ ਗਈ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਜੇ ਕਿਸੇ ਨੇ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਸਮਝਣੀ ਹੋਵੇ ਤਾਂ ਉਹ ਪਿਆਰਾ ਸਿੰਘ ਪਦਮ ਦੀ ਪੁਸਤਕ ਪੜ੍ਹ ਸਕਦਾ ਹੈ। ਸ: ਪਦਮ ਨੇ ਬੜੇ ਹੀ ਸੁੰਦਰ ਬਚਨ ਲਿਖੇ ਹਨ:- ’ਜੋ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ, ਉਹੀ ਦਸਮ ਗ੍ਰੰਥ ਦਾ ਸਿਧਾਂਤ ਹੈ।ਹੋਸਟ ਕੁਲਦੀਪ ਸਿੰਘ ਨੇ ਕਿਹਾ, ਕਿ ਸਾਨੂੰ ਸੇਧ ਅਕਾਲ ਤਖ਼ਤ ਤੋਂ ਮਿਲਣੀ ਸੀ। ਸਾਨੂੰ ਜਥੇਦਾਰ ਚਾਹੀਦਾ ਸੀ ਅਕਾਲੀ ਫੁਲਾ ਸਿੰਘ ਵਰਗਾ, ਜੋ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਣ ਦੀ ਸਜਾ ਦੇ ਸਕਦਾ ਹੋਵੇ। ਸਾਨੂੰ ਜਥੇਦਾਰ ਚਾਹੀਦਾ ਸੀ, ਪ੍ਰੋ: ਦਰਸ਼ਨ ਸਿੰਘ ਵਰਗਾ ਜਿਹੜਾ ਮੁੱਖ ਮੰਤਰੀ ਨੂੰ ਥੰਮਲੇ ਨਾਲ ਬੰਨ੍ਹ ਸਕਦਾ ਹੋਵੇ। ਸਾਨੂੰ ਜਥੇਦਾਰ ਚਾਹੀਦਾ ਸੀ, ਭਾਈ ਰਣਜੀਤ ਸਿੰਘ ਵਰਗਾ ਜਿਹੜਾ ਆਪਣੀ ਸਜਾ ਮਾਫ ਕਰਵਾਉਣ ਲਈ ਰਾਸ਼ਟਰਪਤੀ ਨੂੰ ਵੀ ਰਹਿਮ ਦੀ ਅਪੀਲ ਕਰਨ ਤੋਂ ਨਾਂਹ ਕਰ ਸਕਦਾ ਹੋਵੇ।

ਪਰ ਅੱਜ ਦੇ ਜਥੇਦਾਰ ਹੁਕਮਨਾਮੇ ਜਾਰੀ ਕਰਦੇ ਹਨ, ਤਾਂ ਸੰਗਤ ਮੰਨਣ ਤੋਂ ਨਾਂਹ ਕਰ ਦਿੰਦੀ ਹੈ। ਉਹ ਪੁਲਿਸ ਕੋਲ ਹੁਕਮਨਾਮੇ ਲਾਗੂ ਕਰਵਾਉਣ ਲਈ ਫ਼ਰਿਆਦ ਕਰਦਾ ਹੈ, ਪਰ ਪੁਲਿਸ ਵੀ ਨਾਂਹ ਕਰ ਦਿੰਦੀ ਹੈ। 50 ਸਾਲ ਦੀ ਮਿਹਨਤ ਕਰ ਕੇ, ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲਾ ਵਿਦਵਾਨ ਉਸ ਕੋਲ ਗੱਲਬਾਤ ਕਰਨ ਲਈ ਜਾਂਦਾ ਹੈ, ਪਰ ਮਗਰ ਬੈਠੀ ਕਿਸੇ ਸ਼ਕਤੀ ਤੋਂ ਹਦਾਇਤ ਹੁੰਦੀ ਹੈ, ਕਿ ਇਸ ਨਾਲ ਗੱਲ ਨਹੀਂ ਕਰਨੀ, ਇੱਕ ਘੰਟੇ ਦੇ ਵਿੱਚ ਵਿੱਚ ਕੈਲੰਡਰ ਜਾਰੀ ਕਰ ਦਿਓ। ਜਥੇਦਾਰ ਉਸ ਦੇ ਹੁਕਮ ਮੰਨ ਕੇ ਤੁਰੰਤ ਕੈਲੰਡਰ ਜਾਰੀ ਕਰ ਦਿੰਦਾ ਹੈ।

ਇੰਡੀਆਨਾ ਤੋਂ ਕਾਲਰ ਰੇਸ਼ਮ ਸਿੰਘ ਨੇ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਦਸ ਗੁਰੂ ਸਾਹਿਬਾਨ ਇੱਕ ਹੀ ਜੋਤਿ ਹਨ। ਪਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਤਾਂ ਲਿਖ ਰਹੇ ਹਨ: ’ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥3॥ (ਪੰਨਾ 788) ਪਰ ਇਨ੍ਹਾਂ ਦਾ ਦਸਮ ਗ੍ਰੰਥ ਦੇ ਚਰਿਤਰ ਨੰ: 19 ਵਿੱਚ ਦਰਜ਼ ਹੈ ’ਪਰੈ ਆਪਦਾ ਕੈਸਿਯੈ ਕੋਟ ਕਸ਼ਟ ਸਹਿ ਲੈਤ॥ ਤਊ ਸੁਘਰ ਨਰ ਇਸਤ੍ਰਿਯਨ ਭੇਦ ਨਾ ਅਪਨੋ ਦੇਤ॥13॥ ਭਾਵ ਬੇਸ਼ੱਕ ਕਰੋੜਾਂ ਹੀ ਕਸ਼ਟ ਸਹਿਣੇ ਪੈ ਜਾਣ, ਤਾਂ ਵੀ ਸਿਆਣਾ ਆਦਮੀ ਇਸਤਰੀ ਨੂੰ ਆਪਣਾ ਭੇਦ ਨਹੀਂ ਦਿੰਦਾ। ਇਸ ਦਾ ਭਾਵ ਹੈ ਕਿ ਗੁਰੂ ਅਮਰ ਦਾਸ ਜੀ ਵਿਚ ਜੋਤਿ ਕੋਈ ਹੋਰ ਸੀ, ਤੇ ਗੁਰੂ ਗੋਬਿੰਦ ਸਿੰਘ ਜੀ ਵਿਚ ਕੋਈ ਹੋਰ। ਦੂਸਰੀ ਗੱਲ ਗੁਰਪ੍ਰੀਤ ਸਿੰਘ ਜੀ ਨੇ ਇਹ ਕਹੀ ਹੈ ਕਿ ਗੁਰੂ ਸਾਹਿਬ ਨੇ ਸਿਰਫ ਉਹ ਹੀ ਲਿਖਿਆ ਜੋ ਉਨ੍ਹਾਂ ਆਪਣੀ ਅੱਖੀਂ ਵੇਖਿਆ। ਪਰ ਦਸਮ ਗ੍ਰੰਥ ਵਿਚ ਬਹੁਤ ਸਾਰੇ ਚਰਿਤਰ ਹਨ, ਜਿਨ੍ਹਾਂ ਵਿੱਚ ਔਰਤ-ਮਰਦ ਸੰਭੋਗ ਕਰਦਿਆਂ ਦਾ ਪੂਰਾ ਚਿੱਤਰ ਖਿਚਿਆ ਹੋਇਆ ਹੈ। ਕੀ ਇਹ ਦੱਸ ਸਕਦੇ ਹਨ ਕਿ ਔਰਤ-ਮਰਦ ਸੰਭੋਗ ਕਰਦੇ, ਕਿਸ ਨੇ ਵੇਖੇ ਜਾਂ ਗੁਰੂ ਸਾਹਿਬ ਖੁਦ ਹੀ ਵੇਖ ਰਹੇ ਸਨ।

ਨਿਊਯਾਰਕ ਤੋਂ ਇਕ ਕਾਲਰ ਨੇ ਪੁੱਛਿਆ, ਕਿ ਗੁਰਪ੍ਰੀਤ ਸਿੰਘ ਜੀ ਇਹ ਦੱਸਣ, ਕਿ ਕੀ ਇਹ ਗਿਆਨੀ ਗੁਰਬਚਨ ਸਿੰਘ ਦੀ ਇਸ ਗੱਲ ਨਾਲ ਸਹਿਮਤ ਹਨ, ਕਿ ਗੁਰੂ ਗ੍ਰੰਥ ਸਾਹਿਬ ਜੀ ਸਿਪਾਹੀ ਨਹੀਂ ਬਣਾ ਸਕਦੇ? ਦੂਸਰੀ ਗੱਲ ਇਹ ਹੈ, ਕਿ ਦਸਮ ਗ੍ਰੰਥ ਦੇ ਚਰਿਤਰਾਂ ਵਿੱਚ ਸਿਰਫ ਸੈਕਸ ਕਰਨ ਦੀ ਹੀ ਸਿਖਿਆ ਹੈ, ਹੋਰ ਕੋਈ ਸਿਖਿਆ ਨਜ਼ਰ ਨਹੀਂ ਆਈ। ਕੀ ਇਹ ਇਸ ਵਿਚ ਦਰਜ਼ ਕਿਸੇ ਸਿਖਿਆ ਬਾਰੇ ਦੱਸ ਸਕਦੇ ਹਨ?

ਚੰਡੀਗੜ੍ਹ ਤੋਂ ਦਸਮ ਗ੍ਰੰਥ ਦੇ ਇਕ ਹਮਾਇਤੀ ਕਾਲਰ ਹਰਪ੍ਰੀਤ ਸਿੰਘ ਨੇ ਕਿਹਾ, ਜਦ ਕੋਈ ਮਨੁੱਖ ਆਪਣੀ ਆਤਮ ਕਥਾ ਲਿਖਦਾ ਹੈ, ਤਾਂ ਇਹ ਉਸ ਦੀ ਮਰਜ਼ੀ ਹੈ ਕਿ ਕਿਹੜੀ ਗੱਲ ਲਿਖਦਾ ਹੈ ਤੇ ਕਿਹੜੀ ਨਹੀਂ ਲਿਖਦਾ। ਅਸੀਂ ਇਹ ਨਹੀਂ ਕਹਿ ਸਕਦੇ, ਕਿ ਇਹ ਕਿਉਂ ਨਹੀਂ ਲਿਖਿਆ। ਗੁਰਪ੍ਰੀਤ ਸਿੰਘ ਜੀ ਨੇ ਆਪਣੀ ਅਕਲ ਦੇ ਮੁਤਾਬਕ ਜਵਾਬ ਦੇ ਦਿੱਤਾ ਹੈ, ਕਿ ਨਾ ਲਿਖਣ ਦਾ ਕਾਰਣ ਇਹ ਵੀ ਹੋ ਸਕਦਾ ਹੈ। ਪਰ ਜਰੂਰੀ ਨਹੀਂ ਕਿ ਗੁਰਪ੍ਰੀਤ ਸਿੰਘ ਠੀਕ ਹੀ ਹੋਵੇ। ਨਾ ਲਿਖਣ ਦਾ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ। ਜਦੋਂ ਅਸੀਂ ਮੰਨਦੇ ਹਾਂ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੇ ਇਹ ਕਿਉਂ ਨਹੀਂ ਲਿਖਿਆ? ਇਹ ਕਹਿਣਾ ਗੂਰੂ ਗੋਬਿੰਦ ਸਿੰਘ ਜੀ ਤੇ ਅਟੈਕ ਹੈ। ਚੰਡੀ ਦੀ ਵਾਰ ਸਬੰਧੀ ਉਨ੍ਹਾਂ ਕਿਹਾ, ਕਿ ਹਰ ਚੀਜ਼ ਦੇ ਨਿਰੰਕਾਰੀ ਤੇ ਸਾਕਾਰੀ ਦੋ ਪੱਖ ਹੁੰਦੇ ਹਨ। ਨਿਰੰਕਾਰੀ ਪੱਖ ਨੂੰ ਸਿਰਫ ਗੁਰਮੁੱਖ ਹੀ ਸਮਝ ਸਕਦਾ ਹੈ, ਜਦੋਂ ਕਿ ਵਿਦਵਾਨ ਪੰਡਤਾਂ ਵਾਲੇ ਸਾਕਾਰੀ ਅਰਥ ਕਰ ਰਹੇ ਹਨ। ਮਾਰਕੰਡੇ ਪੁਰਾਣ ਪੰਡਿਤਾਂ ਨੇ ਅਰਥਾਏ ਹਨ ਗੁਰਮੁਖਾਂ ਨੇ ਨਹੀਂ।

ਆਖਰੀ ਕਾਲਰ ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ 1699 ਵਿੱਚ ਅੰਮ੍ਰਿਤ ਛਕਾਉਣ ਤੋਂ ਲੈ ਕੇ, 1708 ਵਿੱਚ ਜੋਤੀ ਜੋਤਿ ਸਮਾਉਣ ਤੱਕ ਗੁਰੂ ਗੋਬਿੰਦ ਸਿੰਘ ਜੀ ਕੋਲ 9 ਸਾਲ ਸਨ। ਜੇ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦੀਆਂ ਤਿੰਨ ਬਾਣੀਆਂ, ਗੁਰੂ ਸਾਹਿਬ ਦੀ ਕ੍ਰਿਤ ਹੁੰਦੀ, ਜਿਸ ਬਗੈਰ ਸਾਡਾ ਅੰਮ੍ਰਿਤ ਸੰਚਾਰ ਤੇ ਨਿਤਨੇਮ ਪੂਰਾ ਨਹੀਂ ਹੁੰਦਾ, ਤਾਂ ਉਹ ਜਰੂਰ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰ ਦਿੰਦੇ। ਜੇ ਉਨ੍ਹਾਂ ਨੇ ਦਰਜ਼ ਨਹੀਂ ਕੀਤੀਆਂ, ਤਾਂ ਇਸ ਦਾ ਭਾਵ ਹੈ, ਕਿ ਇਹ ਉਨ੍ਹਾਂ ਦੀ ਕ੍ਰਿਤ ਨਹੀਂ ਹੈ। ਰੇਡੀਓ ਹੋਸਟ ਕੁਲਦੀਪ ਸਿੰਘ ਨੇ ਕਿਹਾ, ਕਿਉਂਕਿ ਇਹ ਬਾਣੀਆਂ ਸਿੱਖ ਰਹਿਤ ਮਰਿਆਦਾ ਵਿੱਚ ਦਰਜ਼ ਹਨ। ਜਰੂਰੀ ਨਹੀਂ, ਕੋਈ ਵਿਦਵਾਨ ਇਸ ਨਾਲ ਸਹਿਮਤ ਹੋਵੇ ਜਾਂ ਨਾਂਹ। ਇਸ ਲਈ ਹਾਲ ਦੀ ਘੜੀ ਅਸੀਂ ਇਨ੍ਹਾਂ ’ਤੇ ਕਿੰਤੂ ਨਹੀਂ ਕਰਨਾ। ਦਸਮ ਗ੍ਰੰਥ ਵਿੱਚਲੀ ਸਿਰਫ ਅਸ਼ਲੀਲਤਾ ਦੀ ਹੀ ਗੱਲ ਕਰਨੀ ਹੈ।

ਅਖੀਰ ਵਿੱਚ ਗੁਰਪ੍ਰੀਤ ਸਿੰਘ ਨੂੰ ਆਪਣੇ ਵੀਚਾਰ ਦੱਸਣ ਲਈ ਕਿਹਾ, ਤਾਂ ਉਨ੍ਹਾਂ ਕਿਹਾ ਅਸਲ ਵਿੱਚ ਜਿਹੜੇ ਦਸਮ ਗ੍ਰੰਥ ਦੀ ਹਮਾਇਤ ਕਰਦੇ ਹਨ ਜਾਂ ਵਿਰੋਧਤਾ ਕਰਦੇ ਹਨ, ਉਨ੍ਹਾਂ ਦੋਵਾਂ ਨੇ ਹੀ ਦਸਮ ਗ੍ਰੰਥ ਨਹੀਂ ਪੜ੍ਹਿਆ। ਕਦੀ ਖੁਲ੍ਹਾ ਸਮਾਂ ਲੈ ਕੇ ਸਾਡੇ ਕੋਲ਼ ਅਸ਼ਲੀਲ ਤੋਂ ਅਸ਼ਲੀਲ ਰਚਨਾਵਾਂ ਲੈ ਕੇ ਆਓ, ਅਸੀਂ ਤੁਹਾਨੂੰ ਉਸ ਵਿਚੋਂ ਬ੍ਰਹਮ ਗਿਆਨ ਵਿਖਾਵਾਂਗੇ। ਦਸਮ ਗ੍ਰੰਥ ਦੀ ਰਚਨਾ ਦੇ ਅਰਥ ਕਰਨ ਸਮੇਂ ਦਸਮ ਗ੍ਰੰਥ ਦਾ ਹੀ ਸਹਾਰਾ ਲਿਆ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਨਹੀਂ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਸਮੇਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਾਰਾ ਲਿਆ ਜਾਵੇ ਹੋਰ ਕਿਸੇ ਵਿਚੋਂ ਨਹੀਂ।

ਸਾਰੀ ਟਾਕ ਸ਼ੋਅ ਸੁਣਨ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ, ਕਿ ਦਸਮ ਗ੍ਰੰਥ ਦੇ ਹੱਕ ਵਿੱਚ ਬੋਲਣ ਵਾਲੇ, ਆਪਸ ਵਿੱਚ ਵੀ ਇੱਕਮੱਤ ਨਹੀਂ ਹਨ। ਇਸ ਟਾਕ ਸ਼ੋਅ ਦੌਰਾਨ, ਉਹ ਇੱਕ ਦੂਜੇ ਨੂੰ ਕਟਦੇ ਵੇਖੇ ਗਏ। ਕਸ਼ਮੀਰ ਸਿੰਘ ਨੇ ਕਿਹਾ ਦਸਮ ਗ੍ਰੰਥ ਦੀ ਵੀਚਾਰਧਾਰਾ, ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨਾਲੋਂ ਵੱਖਰੀ ਹੈ, ਇਸ ਕਾਰਣ ਗੁਰੂ ਸਾਹਿਬ ਜੀ ਨੇ ਇਸ ਗ੍ਰੰਥ ਨੂੰ ਵੱਖਰਾ ਰੱਖਿਆ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਦੋਵਾਂ ਦੀ ਵੀਚਾਰਧਾਰਾ ਇੱਕ ਹੀ ਹੈ। ਕਸ਼ਮੀਰ ਸਿੰਘ ਨੇ ਕਿਹਾ ਦਸਮ ਗ੍ਰੰਥ ਦੀ ਸਾਰੀ ਦੀ ਰਚਨਾ ਗੁਰੂ ਸਾਹਿਬ ਦੀ ਆਪਣੀ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਇਸ ਵਿੱਚ ਕੁੱਝ ਉਲੱਥਾ ਵੀ ਹੈ। ਕਸ਼ਮੀਰ ਸਿੰਘ ਇੱਕ ਪਾਸੇ, ਦਸਮ ਗ੍ਰੰਥ ਦੀਆਂ ਸੋਧਾਂ ਨੂੰ ਜਾਇਜ਼ ਠਹਿਰਾ ਰਿਹਾ ਹੈ, ਪਰ ਦੂਸੇ ਪਾਸੇ ਗੁਰੂ ਗ੍ਰੰਥ ਸਾਹਿਬ ਵਿਚ ਛਾਪੇ ਦੌਰਾਨ ਰਹੀਆਂ ਗਲਤੀਆਂ ਨੂੰ ਠੀਕ ਕਰਨ ਦਾ ਵੀ ਵਿਰੋਧ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵੇਖਿਆ ਸਿਰਫ ਉਹ ਹੀ ਲਿਖਿਆ। ਚੰਡੀਗੜ੍ਹ ਤੋਂ ਹਰਪ੍ਰੀਤ ਸਿੰਘ ਨੇ ਕਿਹਾ, ਕਿ ਗੁਰਪ੍ਰੀਤ ਸਿੰਘ ਨੇ ਆਪਣੀ ਅਕਲ ਨਾਲ ਜੋ ਜਵਾਬ ਦਿੱਤਾ ਹੈ ਜ਼ਰੂਰੀ ਨਹੀਂ ਉਹ ਠੀਕ ਹੀ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top