Share on Facebook

Main News Page

ਪਾਲ ਸਿੰਘ ਤੇ ਪਾਲਾ ਸਿੰਘ ਦੇ ਪੱਲੇ ਪਏ ਪਛਤਾਵੇ?

ਪੰਥਕ ਲੀਡਰਸ਼ਿਪ ਦੇ ਅਵੈੜੇ ਸੁਭਾਅ ਬਾਰੇ ਇਹ ਕੁਸੈਲ਼ੀ ਜਿਹੀ ਵਿਅੰਗ-ਟਿੱਪਣੀ ਸੁਣੀ ਤਾਂ ਮੈਂ ਪਹਿਲਾਂ ਵੀ ਹੋਈ ਸੀ । ਪਰ ਪ੍ਰੋਫੈਸਰ ਬਡੂੰਗਰ ਜੀ ਨੇ ਮੈਨੂੰ ਕਿਤਾਬ ਖੋਲ੍ਹੀ ਬੈਠਾ ਦੇਖ ਕੇ ਜਿਸ ਨਾਟਕੀ-ਅੰਦਾਜ਼ ਨਾਲ਼ ਇਹ ਫਿਰ ਦੁਹਰਾਈ, ਮੇਰੀ ਸਿਮਰਤੀ ਵਿੱਚ ਇਹ ਚਿੱਟੇ ਕਾਗਜ਼ ’ਤੇ ਗੁੜ੍ਹੇ ਕਾਲ਼ੇ ਅੱਖਰਾਂ ਵਾਂਗ ਉੱਕਰੀ ਗਈ । ਜਦੋਂ ਵੀ ਕਿਸੇ ਭਲੇਮਾਣਸ ਬੁੱਧੀਜੀਵੀ ਨਾਲ਼ ਇਹ ‘ਭਾਣਾ’ ਵਾਪਰਦਾ ਦੇਖਦਾ ਹਾਂ, ਤਾਂ ਮੇਰੀਆਂ ਅੱਖਾਂ ਅੱਗੇ ਉਹੀ ਦ੍ਰਿਸ਼ ਆ ਜਾਂਦਾ ਹੈ।

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸ਼ਾਮਲ ਹੋਣ ਲਈ ਮੈਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸਾਂ । ਰਾਤ ਦਾ ਪ੍ਰਸ਼ਾਦਾ ਪਾਣੀ ਛਕਣ ਉਪਰੰਤ, ਗੁਰੁ ਹਰਗੋਬਿੰਦ ਨਿਵਾਸ ਵਿੱਚ ਆਪਣੀ ਰਿਹਾਇਸ਼ ਵਾਲ਼ੇ ਕਮਰੇ ਅੰਦਰ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸਾਂ ।ਲਾਂਗਰੀ ਨੇ ਚਾਹ ਲੈ ਕੇ ਆਉਣਾ ਸੀ, ਇਸ ਲਈ ਕਮਰੇ ਦਾ ਦਰਵਾਜ਼ਾ ਖੁੱਲਾ ਹੀ ਰੱਖਿਆ ਹੋਇਆ ਸੀ। ਮੈਂਬਰਾਂ ਦੀ ਰਿਹਾਇਸ਼ ਆਦਿ ਦਾ ਬੰਦੋਬਸਤ ਕਰਦੇ ਫਿਰਦੇ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ (ਜੋ ਉਨੀਂ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ) ਕਈ ਵਾਰ ਇੱਧਰ-ਉੱਧਰ ਨੂੰ ਲੰਘੇ ।ਹੱਥ ਵਿੱਚ ਤਿੰਨ ਫੁੱਟੀ ਸ੍ਰੀ ਸਾਹਿਬ ਫੜੀ ’ਚਾਣਚੱਕ ਉਹ ਮੇਰੇ ਕਮਰੇ ਵਿੱਚ ਆ ਵੜੇ। ਆਉਂਦਿਆਂ ਹੀ ਉੱਨ੍ਹਾਂ ਨੇ ਝੁਟਕੀ ਮਾਰ ਕੇ ਮੇਰੇ ਹੱਥੋਂ ਕਿਤਾਬ ਫੜ ਲਈ । ਮੁਸਕ੍ਰਾਉਂਦਿਆਂ ਹੋਇਆਂ ਵਿਅੰਗ ਲਹਿਜ਼ੇ ’ਚ ਬੋਲੇ-

“ਸਿੰਘਾ, ਕਿਤਾਬਾਂ ਪੜ੍ਹਨ ਦਾ ਕੰਮ ਛੱਡ ਦੇਵੇਂ ਤਾਂ ਚੰਗਾ ਰਹੇਂਗਾ। ਆਪਣੇ ‘ਪੰਥ’ ਵਿੱਚ (ਭਾਵ ਅਕਾਲੀ ਦਲ ’ਚ) ਪੜ੍ਹਨ-ਪੁੜ੍ਹਨ ਵਾਲ਼ਿਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ । ਜਿਹੜਾ ਬੁੱਧੀਜੀਵੀ ਬਣਨ ਦੀ ਕੋਸ਼ਿਸ਼ ਕਰੇ, ਉਸਨੂੰ ਝੱਟ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ।…ਇਸ ਕਰਕੇ ਇਹ ‘ਪੁੱਠਾ ਕੰਮ’ ਨਾ ਹੀ ਕਰਿਆ ਕਰ । ਜੇ ਅਕਾਲੀ ਸਿਆਸਤ ਵਿੱਚ ਚਾਰ ਦਿਨ ਰਹਿਣਾ ਐਂ !”

ਮਨੋਵਿਗਿਆਨ ਵਾਲ਼ੇ ਦੱਸਦੇ ਹਨ ਕਿ ਮਜ਼ਾਕ ਦੀ ਚਾਸ਼ਨੀ ਵਿੱਚ ਲਪੇਟ ਕੇ ਕਹੀ ਗਈ ਗੱਲ ਵਿੱਚ, ਦਰ ਅਸਲ ਐਨਾ ਕੌੜਾ ਸੱਚ ਛੁਪਿਆ ਹੁੰਦਾ ਹੈ, ਜਿਸਨੂੰ ਕਿਸੇ ਹੋਰ ਢੰਗ ਨਾਲ਼ ਬਾਹਰ ਕੱਢਿਆ ਹੀ ਨਹੀਂ ਜਾ ਸਕਦਾ। ਅਜਿਹੀ ਗੱਲ ਸੁਣਨ ਵਾਲ਼ਾ ਜੇਕਰ ਸਹਿ ਗਿਆ ਤਾਂ ਸਹਿ ਗਿਆ । ਅਗਰ ਉਹ ਅਗਲੇ ਦੇ ਗਲ਼ ਪੈ ਜਾਏ ਤਾਂ ‘ਹਾਸੇ ਦਾ ਮੜ੍ਹਾਸਾ’ ਬਣ ਗਿਆ ਕਹਿ ਦਿੱਤਾ ਜਾਂਦਾ ਹੈ । ਬਡੂੰਗਰ ਜੀ ਦਾ ਉਕਤ ਤਨਜ਼ੀਆ ਬਿਆਨ, ਇਸੇ ਪਰਿਪੇਖ ਵਿੱਚ ਪੜ੍ਹਿਆ ਸੁਣਿਆ ਜਾਣ ਵਾਲ਼ਾ ਹੈ।

ਸਿੱਖ ਸਿਆਸਤ ਦੇ ਇਤਿਹਾਸ ਵੱਲ ਨਜ਼ਰ ਮਾਰਿਆਂ ਇਹ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਦਿਸਦੀ ਹੈ, ਕਿ ਇਸ ਪਿੜ ਵਿੱਚ ਸਿਰਫ ਉਨ੍ਹਾਂ ਬੁੱਧੀਜੀਵੀਆਂ ਦੇ ਹੀ ‘ਪੈਰ ਲੱਗੇ’ ਜਿਹੜੇ ਸਥਾਪਤੀ ਦੀ ਸੁਰ ਵਿੱਚ ਸੁਰ ਮਿਲਾਉਂਦੇ ਰਹੇ । ਜਿਸ ਕਿਸੇ ਨੇ ਵੀ ਸਥਾਪਤੀ ਦੀ ਬਜਾਏ ਪੰਥਕ ਹਿੱਤਾਂ ਵੱਲ ਮੂੰਹ ਕਰਿਆ, ਉਸਦਾ ਜਲਦੀ ਹੀ ਬਿਸਤਰਾ ਗੋਲ਼ ਕਰ ਦਿੱਤਾ ਜਾਂਦਾ ਰਿਹਾ । ਜੇ ਕਿਸੇ ਨੂੰ ਮਜ਼ਬੂਰੀ ਵਸ ਦਲ ਵਿੱਚ ‘ਰੱਖਣਾ’ ਵੀ ਪਿਆ, ਤਾਂ ਉਸਨੂੰ ਫੁੱਟ-ਨੋਟਾਂ ਵਿੱਚ ਹੀ ਥਾਂ ਦਿੱਤੀ ਗਈ । ਇਸ ਛੋਟੇ ਹਿਹੇ ਲੇਖ ਵਿੱਚ ਸਥਾਪਤੀ ਦੇ ਧੁੱਸ-ਮਾਰ ਰਵੱਈਏ ਦਾ ਸ਼ਿਕਾਰ ਹੋਣ ਵਾਲ਼ਿਆ ਦਾ ਵੇਰਵਾ ਨਹੀਂ ਦਿੱਤਾ ਜਾ ਰਿਹਾ। ਸਿਰਦਾਰ ਕਪੂਰ ਸਿੰਘ,ਸ੍ਰ.ਗੁਰਤੇਜ ਸਿੰਘ ਆਈ.ਏ.ਐੱਸ.,ਡਾ.ਗੁਰਬਚਨ ਸਿੰਘ ‘ਬਚਨ’, ਸ੍ਰ. ਹਰਿੰਦਰ ਸਿੰਘ ਨਾਰਵੇ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਰਾਂ ਨਾਲ਼ ਕਿੰਜ ਬੀਤੀ ? ਇਹਦੇ ਬਾਰੇ ਸਾਰਿਆਂ ਨੂੰ ਹੀ ਪਤਾ ਹੈ।

ਹਥਲੇ ਲੇਖ ਵਿੱਚ ਤਾਂ ਉਕਤ ਬੁਧੀਜੀਵੀਆਂ ਦੀ ਲੜੀ ਵਿੱਚ ਆਪਣੇ ਨਾਮ ਜੋੜਨ ਜਾ ਰਹੇ ਮੌਜੂਦਾ ਦੌਰ ਦੇ ਦੋ ਬੁਧੀਵਾਨਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਪਹਿਲੇ ਦਾ ਨਾਂ ਹੈ ਸਰਦਾਰ ਪਾਲ ਸਿੰਘ ਪੁਰੇਵਾਲ਼, ਜੋ ਕੈਨੇਡੀਅਨ ਸਿੱਖ ਹਨ । ਪੁਰੇਵਾਲ਼ ਜੀ ਦੇ ਦਿਲ ਵਿੱਚ ਚਾਅ ਉੱਠਿਆ ਕਿ ਮੈਂ ਆਪਣੀ ਸੇਵਾ-ਮੁਕਤੀ ਕੌਮ ਦੇ ਲੇਖੇ ਲਾ ਦਿਆਂ । ਇਤਿਹਾਸ,ਮਿਥਿਹਾਸ,ਖਗੋਲ ਤੇ ਭੂਗੋਲ ਵਿਸ਼ਿਆਂ ਦਾ ਗਹਿਰ-ਗੰਭੀਰ ਮੁਤਾਲਿਆ ਕਰ ਚੁੱਕੇ ਸ੍ਰ. ਪੁਰੇਵਾਲ ਨੇ ਸਿੱਖ ਕੌਮ ਦਾ ਆਪਣਾ ਕੈਲੰਡਰ ਬਣਾਉਣ ਦਾ ਬੀੜਾ ਚੁੱਕਿਆ ।ਵਰ੍ਹਿਆਂ ਦੀ ਮਿਹਨਤ ਨਾਲ਼ ਉਨ੍ਹਾਂ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਕੌਮ ਦੀ ਝੋਲ਼ੀ ਪਾਇਆ।

ਪੰਥਕ ਰਵਾਇਤਾਂ ਅਤੇ ਪ੍ਰੰਪਰਾਵਾਂ ਦਾ ਪਾਲਣ ਕਰਦਿਆਂ ਹੋਇਆਂ ਇਸ ਦੀ ਧਰਮ-ਪ੍ਰਚਾਰ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਸਿੰਘ ਸਹਿਬਾਨ ਅਤੇ ਸਿੱਖ ਵਿਦਵਾਨਾਂ ਦੀ ਗਿਆਰਾਂ ਮੈਂਬਰੀ ਕਮੇਟੀ ਵਲੋਂ ਗੰਭੀਰਤਾ ਨਾਲ਼ ਪਰਖ-ਪੜਚੋਲ਼ ਕੀਤੀ ਗਈ ।ਰਾਅਵਾਂ ਤੇ ਸੁਝਾਅ ਵੀ ਮੰਗੇ ਗਏ ।ਆਖਰ ਸੰਨ 2003 ਵਿੱਚ ਪੰਥਕ-ਜੁਗਤਿ ਮੁਤਾਬਿਕ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜ੍ਹਾਰੀ ਕਰ ਦਿੱਤਾ ਗਿਆ ।ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਵੀ ਇਸ ਕੈਲੰਡਰ ਨੂੰ ਮਾਨਤਾ ਮਿਲ਼ ਗਈ ।ਸਿੱਖਾਂ ਦੀ ਚਿਰੋਕਣੀ ਮੰਗ ਭਾਈ ਪੁਰੇਵਾਲ ਜਿਹੇ ਵਿਦਵਾਨ ਦੀ ਘਾਲਣਾ ਨੇ ਪੂਰੀ ਕਰ ਦਿੱਤੀ।

ਸਿੱਖ ਸਫਾਂ ਵਿੱਚ ਇਸ ਬੁੱਧੀਵਾਨ ਦਾ ਹੋ ਰਿਹਾ ਮਾਣ ਸਤਿਕਾਰ, ਉਨ੍ਹਾਂ ਲੋਕਾਂ ਕੋਲ਼ੋਂ ਬਰਦਾਸ਼ਤ ਨਾ ਹੋਇਆ, ਜਿਹੜੇ ਸਿੱਖੀ ਨੂੰ ਮਿਲ਼-ਗੋਭਾ ਜਿਹਾ ਰੂਪ ਦੇਈ ਰੱਖਣਾ ਚਾਹੁੰਦੇ ਨੇ ।ਸੱਤਾਂ ਸਾਲਾਂ ਬਾਅਦ ਹੁਣ 2010 ਵਿੱਚ ਆ ਕੇ ਉਨ੍ਹਾਂ ਤਾਕਤਾਂ ਨੇ ਸਥਾਪਤੀ ਨੂੰ ਆਪਣੇ ਲੱਖਾਂ ਸ਼ਰਧਾਲੂਆਂ ਦੀਆਂ ਵੋਟਾਂ ਦਾ ਨੱਕੋ ਨੱਕ ਭਰਿਆ ਝੋਲ਼ਾ ਦਿਖਾ ਕੇ,ਕੈਲੰਡਰ ਦੀ ਰੂਹ ਦਾ ਹੀ ਕਤਲ ਕਰਵਾ ਦਿੱਤਾ ! ਮੁਮਕਿਨ ਹੈ ਕਿ ਇਸ ਘਿਨਾਉਣੀ ਹਰਕਤ ਦਾ ਸਭ ਤੋਂ ਵੱਧ ਦੁੱਖ ਭਾਈ ਪਾਲ ਸਿੰਘ ਨੂੰ ਹੀ ਹੋਣਾ ਸੀ । ਸੋ ਉਹ ਕੈਨੇਡਾ ਤੋਂ ਉਚੇਚੇ ਤੌਰ ’ਤੇ ਪੰਜਾਬ ਪਹੁੰਚਿਆ ਤਾਂ ਕਿ ਕੈਲੰਡਰ ਦੀਆਂ ਕਥਿੱਤ ਸੋਧਾਂ ਨਾਲ਼ ਭਵਿੱਖ ਵਿੱਚ ਪੈਦਾ ਹੋਣ ਵਾਲ਼ੇ ਰੌਲ਼-ਘਚੌਲ਼ੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਸਕੇ । ਪਰ ਉਸ ਨੂੰ ਉਡੀਕੇ ਬਿਨਾ ਹੀ ‘ਗੁਲਾਮਾਂ’ ਦਿਆਂ ਦਾਸਾਂ’ ਨੇ ਨਵੇਂ ਸਾਲ ਦਾ ਭਗਵਾਂ ਕੈਲੰਡਰ ਜਾਰ੍ਹੀ ਕਰ ਦਿੱਤਾ!

ਯਾਦ ਰਹੇ ਇਸੇ ਸਿੱਖ ਸਕਾਲਰ ਵਲੋਂ ਤਿਆਰ ਕੀਤਾ ਗਿਆ ਹਿਜ਼ਰੀ ਕੈਲੰਡਰ ਇਸਲਾਮੀ ਜਗਤ ਨੇ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਹੈ। ਪਰ ਉਸਦੀ (ਪੁਰੇਵਾਲ ਦੀ) ਆਪਣੀ ਕੌਮ ਦੇ ਘੜੰਮ ਚੌਧਰੀ, ਉਹਦੇ ਪੱਲੇ ਪਛਤਾਵੇ ਪਾਉਣ ’ਤੇ ਤੁਲੇ ਪਏ ਹਨ।

ਕੈਨੇਡੀਅਨ ਸਿੱਖ ਪਾਲ ਸਿੰਘ ਤੋਂ ਬਾਅਦ ਅਗਲੀ ਦਾਸਤਾਂ ਹੈ ਇੱਕ ਫਰਾਂਸੀਸੀ ਸਿੱਖ ਭਾਈ ਪਾਲਾ ਸਿੰਘ ਦੀ । ਜੋ ਸੱਠ ਸਾਲ ਦੀ ਬਜ਼ੁਰਗ ਉਮਰ ਵਿੱਚ ਆਪਣਿਆਂ ਦੀ ਸਰਕਾਰ ਦੇ ਜ਼ੁਲਮੋ-ਸਿਤਮ ਸਹਿ ਰਿਹਾ ਹੈ । ਇੰਗਲੈਂਡ ਦੇ ਅਖੰਡ ਕਰਿਤਨੀ ਜਥੇ ਦੇ ਮੈਂਬਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਰਾਂਸ ਦੇ ਨਗਿਰਿਕ ਭਾਈ ਪਾਲਾ ਸਿੰਘ ਨੇ ਤੀਹ-ਪੈਂਤੀ ਸਾਲ ਵਿਦੇਸ਼ਾਂ ਵਿੱਚ ਕਿਰਤ-ਵਿਰਤ ਕਰਦਿਆਂ ਨਾਲੋ ਨਾਲ਼ ਗੁਰਮਤਿ ਪ੍ਰਚਾਰ ਦੀ ਸੇਵਾ ਕੀਤੀ । ਅਮਰੀਕਾ, ਕੈਨੇਡਾ, ਯੂ.ਕੇ., ਫਰਾਂਸ, ਜਰਮਨੀ, ਨਾਰਵੇ ਅਤੇ ਇਟਲੀ ਆਦਿ ਪੰਦਰਾਂ ਵੀਹ ਮੁਲਕਾਂ ਵਿੱਚ ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਅਣਥਕ ਘਾਲਣਾ ਘਾਲ਼ੀ । ਸਿੱਖ ਯੂਥ ਕੈਪਾਂ ਰਾਹੀਂ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ਼ ਜੋੜਿਆ । ਛੋਟੇ ਬੱਚਿਆਂ ਨੂੰ ਗੁਰਬਾਣੀ ਕਰਿਤਨ ਅਤੇ ਗੱਤਕੇ ਦੀ ਸਿਖਲਾਈ ਦਿੱਤੀ । ਵਿਦੇਸ਼ਾਂ ਵਿੱਚ ਚਲਦੇ ਰੇਡੀਉ,ਟੀ.ਵੀ. ਸਟੇਸ਼ਨਾਂ,ਅਖਬਾਰਾਂ ਤੇ ਰਸਾਲਿਆਂ ਰਾਹੀਂ ਸਿੱਖ ਵਿਰਸੇ ਬਾਰੇ ਚੇਤਨਤਾ ਜਗਾਈ।

ਉਮਰ ਦੇ ਇਸ ਆਖਰੀ ਪੜਾਅ ਵਿੱਚ ਪਹੁੰਚ ਕੇ ਉਨ੍ਹਾਂ ਤੋਂ ਇੱਕ ‘ਵੱਡੀ ਗਲਤੀ’ ਇਹ ਹੋ ਗਈ ਕਿ ਫਰਾਂਸ ਦਾ ਨਾਗਰਿਕ ਹੁੰਦਿਆਂ,ਉਨ੍ਹਾਂ ਆਪਣੀ ਜਿੰਦਗੀ ਦੀਆਂ ਆਖਰੀ ਸ਼ਾਮਾਂ ਮਾਦਰੇ-ਵਤਨ ਪੰਜਾਬ ਵਿੱਚ ਬਿਤਾਉਣ ਦੀ ਯੋਜਨਾ ਬਣਾ ਲਈ । ਇਹ ਯੋਜਨਾ ਬਣਾਉਣ ਲਈ ਉਨਾਂ ਦੇ ਦਿਲੋ-ਦਿਮਾਗ ਉੱਪਰ ਪੰਜਾਬ ਤੋਂ ਆਉਂਦੀਆਂ ਕੁਲਹਿਣੀਆਂ ਖ਼ਬਰਾਂ ਨੇ ਵਧੇਰੇ ਜੋਰ ਪਾਇਆ । ਸੋ ਭਾਈ ਪਾਲਾ ਸਿੰਘ ਜੀ ਜਾ ਪਹੰਚੇ ਆਪਦੇ ਪੁਸ਼ਤੈਨੀ ਪਿੰਡ ਢੰਡੋ ਵਾਲ਼(ਨੇੜੇ ਸ਼ਾਹ ਕੋਟ) ਜਿਲ੍ਹਾ ਜਲੰਧਰ । ਪਿੰਡ ਪਹੰਚ ਕੇ ਵੀ ਉਨ੍ਹਾਂ ਆਸ ਪਾਸ ਦੇ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਦੀ ਲਹਿਰ ਚਲਾ ਦਿੱਤੀ ।ਗੁਰਮਤਿ ਟ੍ਰੇਨੰਗ ਕੈਪਾਂ, ਗੱਤਕਾ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਸ਼ੁਰੂ ਕਰਵਾ ਕੇ ਪਤਿਤ ਪੁਣੇ ਨੂੰ ਠੱਲ੍ਹ ਪਾਈ । ਲੋੜਵੰਦ ਗਰੀਬ ਬੱਚਿਆਂ ਦੀਆਂ ਫੀਸਾਂ ਅਤੇ ਹੋਰ ਸਕੂਲੀ ਖਰਚੇ ਵੀ ਭਾਈ ਸਾਹਿਬ ਨੇ ਦੇਣੇ ਸ਼ੁਰੂ ਕਰ ਦਿੱਤੇ । ਗੱਲ ਕੀ ਥੋੜੇ ਸਮੇਂ ਵਿੱਚ ਹੀ ਉਹ ਆਪਣੇ ਇਲਾਕੇ ਵਿੱਚ ‘ਸੇਵਾਦਾਰ ਬਾਬਾ ਜੀ’ ਵਜੋਂ ਪ੍ਰਸਿੱਧ ਹੋ ਗਏ।

ਜਾਗਦੀ ਜ਼ਮੀਰ ਵਾਲ਼ਾ ਚੇਤਨ ਸਿੱਖ ਹੋਣ ਨਾਤੇ ਉਨ੍ਹਾਂ ਕੌਮ ਦੀਆਂ ਕੇਂਦਰੀ ਸੰਸਥਾਵਾਂ ਦੀ ਸਿੱਖ ਸਿਆਸਤਦਾਨਾਂ ਹੱਥੋਂ ਹੋ ਰਹੀ ਦੁਰਵਰਤੋਂ ਦਾ ਨੋਟਿਸ ਲਿਆ ।ਇਸ ਮੰਦਭਾਗੇ ਰੁਝਾਨ ਨੂੰ ਰੋਕਣ ਹਿੱਤ ਪ੍ਰਚਾਰ ਅਰੰਭਿਆ । ਇੰਨੇ ਨਾਲ਼ ਉਹ ‘ਸਥਾਪਤੀ’ ਦੀਆਂ ਅੱਖਾਂ ’ਚ ਰੜਕਣ ਲੱਗ ਪਏ । ਆਪਣੇ ਪਿੰਡ ਲਾਗੇ ਉਨ੍ਹਾਂ ਨੇ ਕੁੱਛ ਜਮੀਨ ਖ੍ਰੀਦੀ ।ਇਸੇ ਟੁਕੜੇ ਨੂੰ ਇੱਕ ਸਥਾਨਕ ਅਕਾਲੀ ਜਥੇਦਾਰ ਖ੍ਰੀਦਣਾ ਚਾਹੁੰਦਾ ਸੀ । ਰਹਿਣਾ ਦਰਿਆ ਵਿੱਚ ਪਰ ਮਗਰਮੱਛ ਨਾਲ਼ ਵੈਰ ? ਉਸ ਅਕਾਲੀ ਆਗੂ ਨੇ ਭਾਈ ਸਾਹਿਬ ਵਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਪ੍ਰਵਾਹ ਨਾ ਕਰਦਿਆਂ, ਉਨ੍ਹਾਂ ’ਤੇ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ ।ਉਨ੍ਹਾਂ ’ਤੇ ਜਿਸਮਾਨੀ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ । ਉਹ ਚਿੱਟੀ ਦਾਹੜੀ ਲੈ ਕੇ ਪੰਜਾਬ ਦੇ ਠਾਣਿਆਂ ਤੇ ਜੇਲ੍ਹਾਂ ਵਿੱਚ ਰੁਲ਼ ਰਹੇ ਨੇ!

ਦੱਸਿਆ ਜਾਂਦਾ ਹੈ ਕਿ ਪਿੰਡ ਢੰਡੋ ਵਾਲ਼ ਦੇ ਸੌ ਤੋਂ ਵੱਧ ਗਵਾਹ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਨ ਤੇ ਭਾਈ ਸਾਹਿਬ ਨੂੰ ਨਿਰੋਲ ਧਾਰਮਿਕ ਪ੍ਰਚਾਰਕ ਦੱਸ ਰਹੇ ਹਨ । ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ । ਨਾ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨਾ ਹੀ ਕਿਸੇ ਸੰਤ ਬਾਬੇ ਨੇ ਉਨ੍ਹਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ ।ਹੋਰ ਤਾਂ ਹੋਰ ਵਿਦੇਸ਼ਾਂ ਵਿੱਚ ਆਏ ਦਿਨ ਨਵੇਂ ਨਵੇਂ ਅਹੁਦੇਦਾਰ ਥਾਪਣ ਵਾਲ਼ੀਆਂ ਐਨ.ਆਈ.ਆਰ. ਸਭਾਵਾਂ ਨੇ ਵੀ, ਭਾਈ ਪਾਲਾ ਸਿੰਘ ਨਾਲ਼ ਹੋ ਰਹੀ ਧੱਕੇ ਸ਼ਾਹੀ ਵਿਰੁੱਧ ਕੋਈ ਚਾਰਾਜੋਈ ਨਹੀਂ ਕੀਤੀ। ਕੀ ਭਾਈ ਸਾਹਿਬ ਐਨ.ਆਰ.ਆਈ. ਨਹੀਂ ਹਨ ? ਹਾਂ, ਉਨ੍ਹਾਂ ਦੀਆਂ ਧੀਆਂ ’ਤੇ ਰਿਸ਼ਤੇਦਾਰ ਪੁਕਾਰਾਂ ਕਰ ਰਹੇ ਹਨ । ਵਿਦੇਸ਼ਾਂ ਦੀਆਂ ਪੰਜਾਬੀ ਅਖਬਾਰਾਂ ਵਿੱਚ ਉਹ ਇਹ ਮਸਲਾ ਉਠਾ ਰਹੇ ਹਨ।

ਪਾਲ ਸਿੰਘ ਤੇ ਪਾਲਾ ਸਿੰਘ ਦੋਵੇਂ ਪੁਰਾਤਨ ਸਿੰਘਾਂ ਵਾਂਗ ਬੁਲੰਦ ਹੌਂਸਲੇ ਵਾਲ਼ੇ ਹਨ । ਉਹ ਕੌਮ ਦੇ ਭਵਿੱਖ ਨੂੰ ਸਮਰਪਿਤ ਹੋ ਕੇ ਸੇਵਾ ਵਿੱਚ ਜੁੱਟੇ ਹੋਏ ਹਨ । ਇਸੇ ਕਾਰਨ ਕੌਮ ਦੀ ਕੇਂਦਰੀ ਕਮਾਂਡ ’ਤੇ ਕਾਬਜ ਧਿਰਾਂ,ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਰਹੀਆਂ ਹਨ । ਇਹ ਦੋਵੇਂ ਸੂਰਮੇ,ਡਰਨ,ਝਿਜਕਣ ਜਾਂ ਹੰਭਣ ਵਾਲ਼ੇ ਤਾਂ ਨਹੀਂ ਜਾਪਦੇ,ਪਰ ਆਪਣਿਆਂ ਹੱਥੋਂ ਦੁਰਗਤ ਹੁੰਦੀ ਦੇਖ ਕੇ,ਕਦੇ ਨਾ ਕਦੇ,ਕਿਸੇ ਘੜੀ ਉਹ ਸੋਚਦੇ ਜਰੂਰ ਹੋਣਗੇ ਕਿ ਹੇ ਕਲਗੀ ਵਾਲ਼ਿਆ ! ਆਪਣੀ ਕੌਮ ਦੀ ਸੇਵਾ ਬਦਲੇ ਸਾਡੇ ਪੱਲੇ ਪਛਤਾਵੇ ਕਿਉਂ ਪੈ ਰਹੇ ਹਨ?

ਤਰਲੋਚਨ ਸਿੰਘ ਦੁਪਾਲ ਪੁਰ

001-408-903-9952


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top