Share on Facebook

Main News Page

 ਇਟਲੀ ਦੇ ਸਰੂਪਾਂ ਦੇ ਮਾਮਲੇ ਵਿੱਚ ਦਾਦੂਵਾਲ ਦੋਸ਼ੀ ਕਰਾਰ, ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਪ੍ਰਚਾਰ ਕਰਨ 'ਤੇ ਰੋਕ

‘ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਬੀੜਾਂ ਦਾ’

ਅੰਮ੍ਰਿਤਸਰ 3 ਜਨਵਰੀ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਭੌਰ ਤੇ ਸਕੱਤਰ ਸ੍ਰੀ ਦਿਲਮੇਘ ਸਿੰਘ ਦੀ ਸ਼ਕਾਇਤ ਤੇ ਸੁਣਵਾਈ ਕਰਦਿਆ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਇਟਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਅਤੇ ਸਰੂਪ ਲੈ ਕੇ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿੱਚ ਇਟਲੀ ਦੀ ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ੍ਰੀ ਹਰਵੰਤ ਸਿੰਘ ਦਾਦੂਵਾਲ ਤੇ ਉਹਨਾਂ ਦੇ ਸਾਥੀਆ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਤਨਖਾਹ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਕਰੀਬ ਪੰਜ ਘੰਟੇ ਚੱਲੀ ਲੰਮੀ ਮੀਟਿੰਗ ਉਪਰੰਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਦੋਹਾਂ ਧਿਰਾਂ ਦੀ ਗੱਲਬਾਤ ਸੁਨਣ ਉਪਰੰਤ ਪੰਜ ਸਿੰਘ ਸਾਹਿਬਾਨ ਇਸ ਸਿੱਟੇ ਤੇ ਪੁੱਜੇ ਹਨ ਕਿ ਭਾਈ ਹਰਵੰਤ ਸਿੰਘ ਦਾਦੂਵਾਲ ਤੇ ਉਸ ਦੇ ਸਾਥੀਆ ਨੇ ਗੁਰਮੁਰਿਆਦਾ ਦੀ ਉਲੰਘਣਾ ਕਰਕੇ ਇਟਲੀ ਗਏ ਸਰੂਪਾਂ ਦੀ ਬੇਅਦਬੀ ਕੀਤੀ ਹੈ ਅਤੇ ਅਧਿਕਾਰੀਆ ਨਾਲ ਵੀ ਬਦਸਲੂਕੀ ਕੀਤੀ ਹੈ ਜਿਸ ਦੇ ਦੋਸ਼੍ਰ ਵਿੱਚ ਹਰਵੰਤ ਸਿੰਘ ਦਾਦੂਵਾਲ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਪੰਜ ਸਿੰਘ ਸਾਹਿਬਾਨ ਨੇ ਉਸ ਨੂੰ ਤਨਖਾਹ ਲਗਾਉਦਿਆ ਆਦੇਸ਼ ਜਾਰੀ ਕੀਤੇ ਹਨ ਕਿ ਉਹ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਕਸਤਲ ਵੈਰਗੋ, ਵੀਚੈਂਸਾ ਵਿਖੇ ਆਪਣੀ ਭੁੱਲ ਬਖਸ਼ਾਉਣ ਲਈ ਸ੍ਰੀ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਵਾਉਣ ਅਤੇ ਸੰਪੂਰਨਤਾ ਸਮੇਂ ਆਈਆ ਸੰਗਤਾਂ ਦੇ ਬਰਤਨ ਸਾਫ ਕਰਨ ਤੇ ਜੋੜੇ ਝਾੜਨ ਦੀ ਸੇਵਾ ਕਰਨ। ਇਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ 1100 ਰੁਪਏ ਦੀ ਦੇਗ ਕਰਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ। ਉਹਨਾਂ ਕਿਹਾ ਕਿ ਸ੍ਰੀ ਦਾਦੂਵਾਲ ਨੇ ਸ੍ਰੀ ਅਕਾਲ ਤਖਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਸ੍ਰੀ ਅਕਾਲ ਤੋਂ ਜਾਰੀ ਹੋਏ ਆਦੇਸ਼ਾਂ ਦੀ ਪਾਲਣਾ ਕਰੇਗਾ ਅਤੇ ਮੁੜ ਅਜਿਹੀ ਗਲਤੀ ਨਹੀ ਕਰੇਗਾ। ਉਹਨਾਂ ਦੇਸਾਂ ਵਿਦੇਸ਼ਾਂ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿਸੇ ਵੀ ਜਾਤੀ ਝਗੜੇ ਨੂੰ ਸ੍ਰੀ ਗੁੂਰੂ ਗ੍ਰੰਥ ਸਾਹਿਬ ਨਾਲ ਨਾ ਜੋੜਨ ਸਗੋਂ ਆਪਣੇ ਝਗੜਿਆ ਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਾਤਮਈ ਢੰਗ ਨਾਲ ਸਮਾਧਾਨ ਕਰਨ।

 

ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਅਖੌਤੀ ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾਂ, ਜਿਸ ਨੇ ਸੱਚਖੰਡ ਸ੍ਰੀ ਹਰਿਮੰਦਰ ਵਿਖੇ ਹੁੰਦੇ ਕੀਰਤਨ ਪ੍ਰਤੀ ਭੱਦੀ ਸ਼ਬਦਾਵਾਲੀ ਵਰਤ ਕੇ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਬਾਰੇ ਵੀ ਕਨੇਡਾ ਦੀਆ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਸ਼ਕਾਇਤਾਂ ਸਮੇਤ, ਉਸ ਵੱਲੋਂ ਵਰਤੀ ਭਾਸ਼ਾ ਦੀਆ ਸੀ.ਡੀਜ ਪਹੁੰਚੀਆ ਹਨ, ਜਿਹਨਾਂ ਨੂੰ ਵੇਖਣ ਉਪਰੰਤ ਪੰਜ ਸਿੰਘ ਸਾਹਿਬਾਨ ਨੇ ਦੀਰਘ ਵਿਚਾਰ ਕਰਨ ਉਪਰੰਤ ਫੈਸਲਾ ਲੈਂਦਿਆਂ, ਇਸ ਅਖੌਤੀ ਪ੍ਰਚਾਰਕ ਵੱਲੋਂ ਕੀਤੀ ਗਈ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ, ਅਤੇ ਸੰਗਤਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਜਿੰਨੀ ਦੇਰ ਸਰਬਜੀਤ ਸਿੰਘ ਧੂੰਦਾਂ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਨਹੀ ਦਿੰਦਾ, ਉਨਾ ਚਿਰ ਤੱਕ ਸੰਗਤਾਂ ਉਸ ਨੂੰ ਕਿਸੇ ਪਰਕਾਰ ਦਾ ਵੀ ਸਹਿਯੋਗ ਨਾ ਦੇਣ।

ਉਹਨਾਂ ਅਜਿਹੇ ਮਨਮੁੱਖ ਹੋਏ ਪ੍ਰਚਾਰਕਾਂ ਨੂੰ ਵੀ ਤਾੜਨਾ ਕੀਤੀ ਕਿ ਉਹ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਣਕਾਰ ਪੂਰੀ ਤਰ੍ਹਾਂ ਇਕੱਠੀ ਕਰ ਲੈਣ ਤੇ ਇਸ ਬਾਰੇ ਸੂਚਨਾ ਅਕਾਲ ਤਖਤ ਸਾਹਿਬ ਨੂੰ ਹੀ ਦੇਣ। ਉਹਨਾਂ ਕਿਹਾ ਕਿ ਆਪ ਹੁਦਰੀ ਕਾਰਵਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।

ਬਾਲੀਵੂਡ ਦੇ ਪ੍ਰਸਿੱਧ ਸਟਾਰ ਅਮਤਾਬ ਬਚਨ ਵੱਲੋ ਸ੍ਰੀ ਅਕਾਲ ਤਖਤ ਨੂੰ ਭੇਜੇ ਗਏ ਪੱਤਰ ਤੇ ਕਾਰਵਾਈ ਅਗਲੀ ਮੀਟਿੰਗ ਵਿੱਚ ਕਰਨ ਦੀ ਗੱਲ ਕਰਦਿਆ ਜਥੇਦਾਰ ਜੀ ਨੇ ਕਿਹਾ ਕਿ ਮਾਮਲਾ ਕਾਫੀ ਸੰਗੀਨ ਹੈ ਅਤੇ ਕਾਹਲੀ ਵਿੱਚ ਕੋਈ ਵੀ ਫੈਸਲਾ ਨਹੀ ਲਿਆ ਜਾ ਸਕਦਾ ਇਸ ਲਈ ਇਸ ਮਾਮਲਾ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਬੀਤੀ ਪਹਿਲੀ ਜਨਵਰੀ ਨੂੰ ਦੇਸ ਦੇ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖ ਨਤਮਸਤਕ ਹੋਣ ਲਈ ਨਿਰੋਲ ਧਾਰਮਿਕ ਫੇਰੀ ਦੌਰਾਨ ਉਹਨਾਂ ਵਿਰੁੱਧ ਕਾਲੇ ਝੰਡੇ ਵਿਖਾਉਣ ਦੀ ਕਾਰਵਾਈ ਦੀ ਪੰਜ ਸਿੰਘ ਸਾਹਿਬਾਨ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਥੇਦਾਰ ਜੀ ਨੇ ਕਿਹਾ ਕਿ ਅਜਿਹਾ ਸਿਰਫ ਪ੍ਰਬੰਧਕੀ ਕਮਜ਼ੋਰੀਆ ਕਰਕੇ ਹੀ ਹੋਈਆ ਹੈ ਜੋ ਕਾਫੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੁਨੀਆ ਭਰ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇਥੇ ਹਰ ਰੋਜ਼ ਹਜਾਰਾਂ ਹੀ ਨਹੀ ਸਗੋਂ ਲੱਖਾਂ ਲੋਕ ਆ ਕੇ ਨਤਮਸਤਕ ਹੁੰਦੇ ਹਨ। ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆ ਨੇ ਪਰਧਾਨ ਮੰਤਰੀ ਦੀ ਆਸਥਾ ਨੂੰ ਠੇਸ ਪਹੁੰਚਾਈ ਅਤੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਦੇ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਦੁਬਾਰਾ ਅਜਿਹੀ ਗਲਤੀ ਨਾ ਹੋ ਸਕੇ।

ਅੱਜ ਦੀ ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ•, ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤ ਇੰਦਰ ਸਿੰਘ ਹਾਜਰ ਸਨ।
ਸ੍ਰੀ ਅਕਾਲ ਤਖਤ ‘ਤੇ ਪੰਜ ਵਿਅਕਤੀਆ ਵੱਲੋਂ ਸ਼ਕਾਇਤ ਕੀਤੀ ਗਈ ਸੀ ਜਿਹਨਾਂ ਵਿੱਚ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਭੌਰ, ਸਕੱਤਰ ਦਿਲਮੇਘ ਸਿੰਘ, ਬਿਜੈ ਸਿੰਘ, ਦਲਬੀਰ ਸਿੰਘ ਅਤੇ ਨਰਿੰਦਰ ਸਿੰਘ ਜੌਹਲ ਦੇ ਨਾਮ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸੁਮੱਚੀ ਕਾਰਜਾਕਰਨੀ ਕਮੇਟੀ ਨੇ ਵੀ ਦਾਦੂਵਾਲ ਵਿਰੁੱਧ ਸਖਤ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਸੀ।

ਸ੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਪੰਜ ਸਿੰਘ ਸਾਹਿਬਾਨ ਦੀ ਇਸ ਕਾਰਵਾਈ ਨੂੰ ਇੱਕ ਪਾਸੜ ਦੱਸਦਿਆ ਕਿਹਾ ਕਿ ਸ੍ਰੀ ਹਰਵੰਤ ਸਿੰਘ ਦਾਦੂਵਾਲ ਦੇ ਖਿਲਾਫ ਕਾਰਵਾਈ ਸ੍ਰੋਮਣੀ ਕਮੇਟੀ ਦੇ ਪਰਧਾਨ ਤੇ ਹੋਰ ਅਧਿਕਾਰੀਆਂ ਦੇ ਦਬਾ ਥੱਲੇ ਕੀਤੀ ਗਈ ਹੈ। ਉਹਨਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਧਿਆਨ ਦਿਵਾਉਦਿਆਂ ਕਿਹਾ ਕਿ ਕੀ ਉਹਨਾਂ ਦਾ ਧਿਆਨ ਕਦੇ ਪੰਥ ਦੇ ਸਭ ਤੋਂ ਵੱਡੇ ਦੁਸ਼ਮਣ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲ ਨਹੀ ਗਿਆ ਜਿਹੜਾ ਡੇਰੇਦਾਰਾਂ ਦੇ ਚਰਨਾਂ ਵਿੱਚ ਬੈਠ ਕੇ ਵੋਟਾਂ ਦੀ ਭੀਖ ਮੰਗ ਕੇ ਪੰਥਕ ਮਰਿਆਦਾ ਦਾ ਘਾਣ ਕਰਦਾ ਹੈ? ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਨੇਕਾਂ ਸ਼ਕਾਇਤਾਂ ਪੁੱਜੀਆ ਹਨ ਪਰ ਅੱਜ ਤੱਕ ਕਿਸੇ ਵੀ ਜਥੇਦਾਰ ਦੀ ਕੋਈ ਹਿੰਮਤ ਨਹੀ ਪਈ ਕਿ ਉਹ ਸੱਚ ਝੂਠ ਦਾ ਨਿਤਾਰਾ ਕਰ ਸਕੇ। ਉਹਨਾਂ ਕਿਹਾ ਕਿ ਜਦੋਂ ਕੋਈ ਝਗੜਾ ਹੁੰਦਾ ਹੈ ਤਾਂ ਦੋਸ਼ੀ ਦੋਵੇ ਧਿਰਾਂ ਹੁੰਦੀਆ ਹਨ ਪਰ ਜਥੇਦਾਰਾਂ ਨੇ ਇੱਕ ਪਾਸੜ ਫੈਸਲਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਵਾਕਿਆ ਜਥੇਦਾਰ ਕੌਮ ਦੇ ਸੇਵਾਦਾਰ ਨਹੀ ਸਗੋਂ ਬਾਦਲ ਤੇ ਮੱਕੜ ਦੇ ਤਨਖਾਹਦਾਰ ਮੁਲਾਜਮ ਹਨ ਤੇ ਮੁਲਾਜਮ ਕਦੇ ਵੀ ਆਪਣੇ ਮਾਲਕ ਦੇ ਖਿਲਾਫ ਨਹੀ ਬੋਲ ਸਕਦਾ। ਉਹਨਾਂ ਕਿਹਾ ਕਿ ਇਹੀ ਸਿੱਖ ਕੌਮ ਦੀ ਤਰਾਸਦੀ ਹੈ। ਉਹਨਾਂ ਕਿਹਾ ਕਿ ਇਸ ਕੇਸ ਦੀ ਜੇਕਰ ਕਿਸੇ ਹੋਰ ਅਦਾਲਤ ਵਿੱਚ ਅਪੀਲ ਹੋ ਸਕਦੀ ਹੁੰਦੀ ਤਾਂ ਉਹ ਜਰੂਰ ਕਰਦੇ ਪਰ ਹੁਣ ਤਾਂ ਉਹ ਕੇਵਲ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਅਰਦਾਸ ਹੀ ਕਰ ਸਕਦੇ ਹਨ ਕਿ ਸਤਿਗੁਰੂ ਇਹਨਾਂ ਜਥੇਦਾਰਾਂ ਨੂੰ ਸਮੱਤ ਬਖਸ਼ੇ ਤੇ ਦਾਦੂਵਾਲ ਨਾਲ ਇਨਸਾਫ ਕਰੇ।


ਟਿੱਪਣੀ: ਇਹ ਖਬਰ ਸਾਨੂੰ ਇਸੇ ਤਰ੍ਹਾਂ ਪ੍ਰਾਪਤ ਹੋਈ ਹੈ, ਜਿਹੜੀ ਕੀ ਹੋਰ ਵੀ ਕਈ ਅਖਬਾਰਾਂ ਵਿੱਚ ਛਪੀ ਹੈ। ਖਾਲਸਾ ਨਿਊਜ਼ ਲਈ ਕੋਈ ਵੀ ਅਖੌਤੀ ਜਥੇਦਾਰ "ਸਿੰਘ ਸਾਹਿਬ" ਨਹੀਂ,  ਨਾ ਹੀ ਅਸੀਂ ਇਨ੍ਹਾਂ ਟੁਕੜਬੋਚਾਂ ਨੂੰ ਜਥੇਦਾਰ ਮੰਨਦੇ ਹਾਂ। ਖਾਲਸਾ ਨਿਊਜ਼ ਸਦਾ ਹੀ ਤੱਤ ਗੁਰਮਤਿ ਦੇ ਪ੍ਰਚਾਰਕਾਂ ਨਾਲ ਖੜੀ ਹੈ, ਚਾਹੇ ਉਹ ਪ੍ਰੋ. ਦਰਸ਼ਨ ਸਿੰਘ ਖਾਲਸਾ ਹੋਣ ਭਾਵੇਂ ਪ੍ਰੋ. ਸਰਬਜੀਤ ਸਿੰਘ ਧੂੰਦਾ ਹੋਣ... ਅਸੀਂ ਪ੍ਰੋ. ਧੂੰਦਾ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਟੁੱਕੜਬੋਚਾਂ ਦੇ ਸੱਦੇ 'ਤੇ ਨਾ ਜਾਣ, ਜੇ ਜਾਣਾ ਹੈ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਜਾਣ, ਸੰਗਤਾਂ ਦੇ ਸਾਹਮਣੇ ਜਾਣ, ਨਾ ਕਿ ਉਨ੍ਹਾਂ ਦੇ ਬਣਾਏ ਹੋਏ ਸਕਤਰੇਤ 'ਚ। ਸਾਰੀ ਦੁਨੀਆ ਦੇ ਸਿੱਖ ਪ੍ਰੋ. ਧੂੰਦਾ ਨਾਲ ਖੜੇ ਹਨ। ਇਨ੍ਹਾਂ ਟੁੱਕੜਬੋਚ ਅਖੌਤੀ ਜਥੇਦਾਰਾਂ ਦੀ ਜਾਗਰੂਕ ਸਿੱਖਾਂ ਦੇ ਮਨਾਂ 'ਚ ਕੌਡੀ ਜਿੰਨੀ ਵੀ ਔਕਾਤ ਨਹੀਂ। ਜਿੱਥੇ ਵੀ ਇਹ ਅਖੌਤੀ ਜਥੇਦਾਰ ਜਾਣ ਇਨ੍ਹਾਂ ਦਾ .......... (ਖਾਲੀ ਥਾਂ ਆਪੇ ਭਰੋ) ਨਾਲ ਸਵਾਗਤ ਕਰੋ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top