Share on Facebook

Main News Page

ਪਹਿਲਾਂ ਅਖੌਤੀ ਪ੍ਰਚਾਰਕ, ਤੇ ਹੁਣ ਭਾਈ ਧੂੰਦਾ: ਅਖੌਤੀ ਜਥੇਦਾਰ ਗੁਰਬਚਨ ਵਲੋਂ ਹੁਣ ਨਵਾਂ ਸ਼ੋਸ਼ਾ ਅਖੇ "ਭਾਈ ਧੂੰਦਾ ਨੂੰ ਤਲਬ ਨਹੀਂ ਕੀਤਾ ਗਿਆ, ਸਗੋਂ ਉਸ ਕੋਲੋ ਸਪੱਸ਼ਟੀਕਰਨ ਮੰਗਿਆ ਗਿਆ ਹੈ"

ਅੰਮ੍ਰਿਤਸਰ 5 ਜਨਵਰੀ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸ੍ਰੀ ਅਕਾਲ ਤਖਤ ਤੇ ਤਲਬ ਕਰਨ ਦੇ ਪਾਏ ਜਾਂਦੇ ਭਰਮ ਭੁਲੇਖਿਆ ਬਾਰੇ ਸਪੱਸ਼ਟ ਕਰਦਿਆ ਕਿਹਾ ਕਿ ਭਾਈ ਧੂੰਦਾਂ ਨੂੰ ਤਲਬ ਨਹੀਂ ਕੀਤਾ ਗਿਆ ਸਗੋਂ ਉਹਨਾਂ ਦੇ ਖਿਲਾਫ ਅਕਾਲ ਤਖਤ ‘ਤੇ ਪੰਥਕ ਮਰਿਆਦਾ ਦੀ ਉਲੰਘਣਾ ਕਰਨ ਤੇ ਵਿਸ਼ਵ ਭਰ ਵਿੱਚ ਰੂਹਾਨੀਅਤ ਦੇ ਕੇਂਦਰ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੁੰਦੇ ਕੀਰਤਨ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ ਸਬੰਧੀ ਪੁੱਜੀਆ ਲਿਖਤੀ ਸ਼ਕਾਇਤਾਂ ਨੂੰ ਵਾਚਨ ਤੇ ਸੀ.ਡੀਜ ਵੇਖਣ ਉਪਰੰਤ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਸਪੱਸ਼ਟੀਕਰਨ ਦੇਣ ਲਈ ਆਦੇਸ਼ ਜਾਰੀ ਕੀਤੇ ਹਨ।

ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਭਾਈ ਧੂੰਦਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਕੀਰਤਨ ‘ਤੇ ਕੁਝ ਇਤਰਾਜ ਟਿੱਪਣੀਆ ਕੀਤੀਆ ਗਈਆ ਹਨ ਅਤੇ ਬਹੁਤ ਸਾਰੀ ਸੰਗਤ ਨੇ ਇਹਨਾਂ ਟਿੱਪਣੀਆਂ 'ਤੇ ਇਤਰਾਜ਼ ਕੀਤਾ ਹੈ। ਉਹਨਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਤੇ ਸੱਚਖੰਡ ਨੂੰ ਜਾਣ ਦਾ ਮਾਰਗ ਦਰਸ਼ਕ ਹੈ, ਅਤੇ ਹਰ ਰੋਜ਼ ਹਜ਼ਾਰਾ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਨਤਮਸਤਕ ਹੋ ਕੇ ਗੁਰਬਾਣੀ ਦਾ ਇਲਾਹੀ ਕੀਤਰਨ ਸੁਣ ਕੇ ਰੂਹ ਦੀ ਖੁਰਾਕ ਹਾਸਲ ਕਰਦੀਆਂ ਹਨ। ਉਹਨਾਂ ਕਿਹਾ ਕਿ ਭਾਈ ਧੂੰਦਾ ਨੂੰ ਇਹ ਕਦਾਚਿੱਤ ਨਹੀਂ ਭੁੱਲਣਾ ਚਾਹੀਦਾ, ਕਿ ਵਿਸ਼ਵ ਭਰ ਦੀਆ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਨਾਲ ਭਾਵਨਾਵਾਂ ਜੁੜੀਆ ਹੋਈਆ ਹਨ ਅਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਭਾਈ.ਧੂੰਦਾ ਨੂੰ ਇਸ ਬਾਰੇ ਜਰੂਰ ਵਿਚਾਰ ਕਰ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਜੇਕਰ ਉਸ ਨੂੰ ਕੋਈ ਕਿਸੇ ਕਿਸਮ ਦਾ ਇਤਰਾਜ਼ ਜਾਂ ਸ਼ਕਾਇਤ ਸੀ, ਤਾਂ ਉਹ ਪਹਿਲਾਂ ਸ੍ਰੀ ਅਕਾਲ ਤਖਤ ਦੇ ਨੋਟਿਸ ਵਿੱਚ ਲਿਆਉਦਾ ਤਾਂ ਕਿ ਮਰਿਆਦਾ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਂਦੀ।

ਉਹਨਾਂ ਸਪੱਸ਼ਟ ਕੀਤਾ ਕਿ ਭਾਈ ਧੂੰਦਾ ਨੂੰ ਤਲਬ ਨਹੀਂ ਕੀਤਾ ਸਗੋਂ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਹੈ। ਉਹਨਾਂ ਕਿਹਾ ਕਿ ਤਲਬ ਤਾਂ ਮੁਜਰਿਮ ਨੂੰ ਕੀਤਾ ਜਾਂਦਾ ਪਰ ਸਪੱਸ਼ਟੀਕਰਨ ਲਈ ਬੁਲਾਉਣਾ ਇੱਕ ਸਧਾਰਨ ਸਿੱਖ ਵਜੋਂ ਆਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਮਿਲੇ ਦਸਤਾਵੇਜਾਂ ਮੁਤਾਬਕ ਹਾਲੇ ਤੱਕ ਉਹਨਾਂ ਦਾ ਜੁਰਮ ਨਾ ਕਾਬਲੇ ਮੁਆਫੀ ਹੈ, ਪਰ ਸਪੱਸ਼ਟੀਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖਤ ਤੋਂ ਸੰਗਤਾਂ ਦੇ ਨਾਮ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਸਹਿਯੋਗ ਨਾ ਦੇਣ ਦਾ ਜਾਰੀ ਕੀਤਾ ਗਿਆ ਫੁਰਮਾਨ, ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਸ ਦਾ ਸਪੱਸ਼ਟੀਕਰਨ ਆ ਨਹੀਂ ਜਾਂਦਾ, ਤੇ ਉਸ ਨੂੰ ਸ੍ਰੀ ਅਕਾਲ ਤਖਤ ਤੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ। ਉਹਨਾਂ ਕਿਹਾ ਕਿ ਭਾਈ ਧੂੰਦਾ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਨਿੱਜੀ ਤੌਰ ਤੇ ਆਉਣਾ ਪਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top