* ਗਲਤ ਤੌਰ
’ਤੇ ਲਏ ਜਾ ਰਹੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ‘ਸਰਬਉਚਤਾ’ ਸਿੱਖ ਕੌਮ ਵਿਚ
ਲਗਾਤਾਰ ਧੁੰਦਲੀ ਬਣਦੀ ਜਾ ਰਹੀ ਹੈ
* ਸਿੱਖ ਸੰਗਤਾਂ ਆਪ ਜੀ ਵਲੋਂ
ਜਾਰੀ ਕੀਤੇ ਆਦੇਸ਼ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਨ੍ਹਾਂ ਨੂੰ ਸੁਣਨ ਲਈ ਹੁੰਮ ਹੁੰਮਾ ਕੇ
ਪਹੁੰਚ ਰਹੀਆਂ ਹਨ
* ਲਾਈ ਪਾਬੰਦੀ ਹਟਾਈ ਜਾਵੇ ਤਾਂ ਕਿ
ਭਾਈ ਸਰਬਜੀਤ ਸਿੰਘ ਜੀ ਧੂੰਦਾ ਅਦਬ ਸਤਿਕਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣਾ
ਸਪਸ਼ਟੀਕਰਨ ਦੇ ਸਕਣ
ਬਠਿੰਡਾ, 9 ਜਨਵਰੀ (ਕਿਰਪਾਲ ਸਿੰਘ): ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਰੈਂਟਨ ਸਿਆਟਲ ਅਤੇ
ਗੁਰਦੁਆਰਾ ਸਿੰਘ ਸਭਾ ਆਫ਼ ਸਪੋਕਨ ਦੀਆਂ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ
ਸਹਿਬ ਦੇ ਜਥੇਦਾਰ ਨੂੰ ਲਿਖੇ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਆਪ ਜੀ ਵਲੋਂ ਪ੍ਰੋ: ਸਰਬਜੀਤ ਸਿੰਘ
ਧੂੰਦਾ ਦੇ ਪ੍ਰਚਾਰ ’ਤੇ ਲਾਈ ਪਬੰਦੀ ਨੇ ਬਾਹਰ ਵਸਦੇ ਸਿੱਖਾਂ ਲਈ ਇੱਕ ਨਵੀਂ ਉਲਝਣ ਪੈਦਾ ਕਰ
ਦਿੱਤੀ ਹੈ। ਭਾਈ ਸਰਬਜੀਤ ਸਿੰਘ ਜੀ ਧੂੰਦਾ ਜਿੱਥੇ ਆਪਣੇ ਵਲੋਂ ਕੀਤੀ ਕਥਾ ਵਿਚ ਸ਼ਬਦ ਗੁਰੂ ਦੀ
ਗੱਲ ਕਰਦੇ ਹਨ ਉਥੇ ਸਮਾਜਿਕ ਕੁਰੀਤੀਆਂ ਅਤੇ ਵਹਿਮਾਂ ਭਰਮਾਂ ਬਾਰੇ ਵੀ ਸੰਗਤਾਂ ਨੂੰ ਬਹੁਤ ਵਧੀਆ
ਢੰਗ ਨਾਲ ਜਾਗਰੂਕ ਕਰ ਰਹੇ ਹਨ। ਜਿਸ ਦਾ ਅਸਰ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਕਬੂਲ ਰਹੀਆਂ ਹਨ
ਅਤੇ ਇਹੀ ਕਾਰਨ ਹੈ ਕਿ ਸਿੱਖ ਸੰਗਤਾਂ ਆਪ ਜੀ ਵਲੋਂ ਜਾਰੀ ਕੀਤੇ ਆਦੇਸ਼ ਨੂੰ ਪੂਰੀ ਤਰ੍ਹਾਂ ਰੱਦ
ਕਰਦੀਆਂ ਹੋਈਆਂ ਉਨ੍ਹਾਂ ਨੂੰ ਸੁਣਨ ਲਈ ਹੁੰਮ ਹੁੰਮਾ ਕੇ ਪਹੁੰਚ ਰਹੀਆਂ ਹਨ। ਇੱਥੋਂ ਤੁਸੀ ਅੰਦਾਜ਼ਾ
ਲਗਾ ਸਕਦੇ ਹੋ ਕਿ ਆਪ ਜੀ ਵਲੋਂ ਲਏ ਜਾ ਰਹੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ
‘ਸਰਬਉਚਤਾ’ ਸਿੱਖ ਕੌਮ ਵਿਚ ਲਗਾਤਾਰ ਕਿੰਨੀ ਧੁੰਦਲੀ ਬਣਦੀ ਜਾ ਰਹੀ ਹੈ। ਸਾਨੂੰ ਅਜਿਹੇ ਇਕ ਤਰਫ਼ਾ
ਆਦੇਸ਼ਾਂ ਨਾਲ ਕਿੰਨਾਂ ਨੁਕਸਾਨ ਹੋ ਰਿਹਾ ਹੈ, ਦਾ ਅੰਦਾਜ਼ਾ ਲਾਉਣਾ ਜਾਂ ਮਹਿਸੂਸ ਕਰਨਾ ਕੋਈ
ਬਹੁਤਾ ਔਖਾ ਨਹੀਂ ਲਗਦਾ।
ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪਣੇ ਪੱਤਰ ਵਿੱਚ ਅੱਗੇ ਲਿਖਿਆ
ਹੈ ਕਿ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਆਪ ਜੀ ਵਲੋਂ ਲਏ ਜਾ ਰਹੇ ਫ਼ੈਸਲਿਆਂ ਦੇ ਕਾਰਨ ਪਹਿਲਾਂ
ਵੀ ਕਾਫ਼ੀ ਕਿੰਤੂ ਪਰੰਤੂ ਹੋ ਚੁੱਕਾ ਹੈ। ਜੇ ਕਰ ਆਪ ਜੀ ਵਲੋਂ ਲਏ ਪਿਛਲੇ ਫ਼ੈਸਲਿਆਂ ਬਾਰੇ ਥੋੜੀ
ਜਿਹੀ ਝਾਤ ਵੀ ਮਾਰੀਏ ਜਿਵੇਂ
* ਨਾਨਕਸ਼ਾਹੀ ਕਲੰਡਰ,
* ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿਚੋਂ ਛੇਕਣਾ,
* ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖ਼ਰੇ-ਏ-ਕੌਮ’ ਦਾ
ਅਵਾਰਡ ਦੇਣਾ ਆਦਿ
ਕਈ ਫ਼ੈਸਲੇ ਹਨ ਜੋ ਵਿਵਾਦਾਂ ਦੇ ਘੇਰੇ ਵਿਚ ਆ ਚੁੱਕੇ ਹਨ। ਜਿਸ ਨਾਲ ਸਿੱਖ
ਵੱਡੀ ਗਿਣਤੀ ਵਿਚ ਦੋਫਾੜ ਹੋਏ ਹਨ।
ਉਨ੍ਹਾਂ ਲਿਖਿਆ ਹੈ ਕਿ ਇਤਿਹਾਸ ’ਤੇ ਮਾਮੂਲੀ ਝਾਤ ਮਾਰਿਆਂ ਹੀ ਇਹ ਗੱਲ
ਸਾਹਮਣੇ ਆਉਂਦੀ ਹੈ ਕਿ ਜਦੋਂ ਤੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦੀ ਰਚਨਾਂ
ਸ਼ੁਰੂ ਕੀਤੀ ਹੈ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ
ਲ਼ੁੱਟਣ ਵਾਲੇ ਟੋਲੇ ਨੂੰ ਨੀਂਦ ਨਹੀਂ ਆਈ ਪਰ ਅਸੀਂ ਅਜੇ ਵੀ ਜਾਗੇ ਨਹੀਂ ਹਾਂ। ਬਾਬੇ ਨਾਨਕ ਦੇ
ਸਿਧਾਂਤ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਇਨ੍ਹਾਂ ਵੇਹਲੜ ਲੁਟੇਰਿਆਂ ਨੂੰ ਰਾਸ ਨਹੀਂ ਆਇਆ।
ਜਦ ਵੀ ਕੋਈ ਸਿੱਖੀ ਨੂੰ ਪ੍ਰਫੁਲਿਤ ਕਰਨ ਦੀ ਲਹਿਰ ਚਲੀ ਹੈ ਤਾਂ ਇਹ ਵੇਹਲੜ ਟੋਲਾ ਨਾਲ ਦੀ ਨਾਲ
ਹੀ ਸਰਗਰਮ ਹੋ ਜਾਂਦਾ ਹੈ।
ਉਨ੍ਹਾਂ ਲਿਖਿਆ ਕਿ ਭਾਈ ਸਰਬਜੀਤ ਸਿੰਘ ਜੀ ਧੂੰਦਾ ਜੀ ਦੀ ਜਿਹੜੀ ਵੀਡੀਓ
ਤੁਹਾਡੇ ਕੋਲ ਕੱਟ ਵੱਢ ਕੇ ਪੇਸ਼ ਕੀਤੀ ਗਈ ਹੈ ਇਹ ਵੀ ਇੱਕ ਸ਼ਰਾਰਤ ਲਗਦੀ ਹੈ। ਸਾਨੂੰ ਜਾਪਦਾ ਹੈ
ਕਿ ਕੁਝ ਲੋਕ ਜਾਣੇ ਅਣਜਾਣੇ ਇਸ ਗੁਰਬਾਣੀ ਗੁਰੂ ਦੀ ਗੱਲ ਕਰਨ ਵਾਲੇ ਪ੍ਰਚਾਰਕ ਦਾ ਰਾਹ ਰੋਕਣਾ
ਚਾਹੁੰਦੇ ਹਨ। ਉਨ੍ਹਾਂ ਜਥੇਦਾਰ ਅਕਾਲ ਤਖ਼ਤ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ,
ਕਿ ਜਿਸ ਵੀਡੀਓ ਨੂੰ ਕੱਟ ਵੱਢ ਕੇ ਪੇਸ਼ ਕੀਤਾ ਗਿਆ ਹੈ, ਉਸ ਨੂੰ
ਪੁਰੀ ਤਰ੍ਹਾਂ ਵੇਖਣ ਤੋਂ ਬਿਨਾਂ ਕੋਈ ਫ਼ੈਸਲਾ ਨਾਂ ਲਿਆ ਜਾਵੇ,
ਅਤੇ ਉਸ ਸਮੇਂ ਤੱਕ ਲਾਈ ਪਾਬੰਦੀ ਹਟਾਈ ਜਾਵੇ ਤਾਂ ਕਿ ਭਾਈ ਸਰਬਜੀਤ ਸਿੰਘ ਜੀ ਧੂੰਦਾ ਅਦਬ
ਸਤਿਕਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇ ਸਕਣ ਜੀ।