Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਜਾਪੁ(ਨਿੱਤ-ਨੇਮ) ਅਤੇ ਚੰਡੀ ਚਰਿਤ੍ਰ ਇੱਕ ਤੁੱਲਨਾਤਮਕ ਅਧਿਐਨ - ਭਾਗ ਪਹਿਲਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

>> ਲੜੀ ਜੋੜਨ ਲਈ ਪੜ੍ਹੋ: ਭਾਗ ਦੂਜਾ, ਭਾਗ ਤੀਜਾ, ਆਖਰੀ ਭਾਗ

ਸੰਨ 1897 ਵਿੱਚ ਪਹਿਲੀ ਵਾਰ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਲੋਂ ਛਾਪੇ ਦਸਮ ਗ੍ਰੰਥ ਵਿੱਚ ਇੱਕ ਰਚਨਾ ਚੰਡੀ ਚਰਿਤ੍ਰ ਉਕਤਿ ਬਿਲਾਸ ਅਤੇ ਦੂਜੀ ਚੰਡੀ ਚਰਿਤ੍ਰ ਹੈ। ਚੰਡੀ ਚਰਿਤ੍ਰ ਰਚਨਾ ਦੇ 262 ਛੰਦ ਹਨ। ਛੰਦ ਨੰਬਰ 1 ਤੋਂ 122 ਤਕ ਕਵੀ ਨੇ ਇੰਦ੍ਰ ਦੇਵਤੇ ਵਲੋਂ ਲੜਦੀ ਦੁਰਗਾ ਅਤੇ ਦੈਂਤਾਂ ਦੀ ਲੜਾਈ ਵਿੱਚ ਦੁਰਗਾ ਦੇਵੀ ਦੀ ਜਿੱਤ ਹੁੰਦੀ ਬਿਆਨ ਕੀਤੀ ਹੈ। ਕਵੀ ਨੇ ਇੱਸ ਖ਼ੁਸ਼ੀ ਵਿੱਚ ਛੰਦ ਨੰਬਰ 223 ਤੋਂ 256 ਤਕ ਦੁਰਗਾ ਦੇਵੀ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇ ਹਨ, ਜਿਵੇਂ, ਕਵੀ ਵਲੋਂ ਲਿਖੇ ਸਿਰਲੇਖ ਤੋਂ ਸਪੱਸ਼ਟ ਹੈ- ਦੇਵੀ ਜੂ ਕੀ ਉਸਤਤਿ, ਭਾਵ, ਦੁਰਗਾ ਮਾਈ/ਪਾਰਬਤੀ ਮਾਈ/ਸ਼ਿਵਾ ਦੀ ਜੰਗ-ਜੇਤੂ ਵਜੋਂ ਸਿਫ਼ਤਿ। ਜਾਪੁ ਨਾਂ ਦੀ ਰਚਨਾ ਨਾਲ਼ ਦਸ਼ਮ ਗ੍ਰੰਥ ਸ਼ੁਰੂ ਹੁੰਦਾ ਹੈ।

ਡੂੰਘਾ ਅਧਿਐਨ ਕਰਨ ਤੇ ਪਤਾ ਲੱਗਦਾ ਹੈ ਕਿ, ਸ੍ਰੀ ਗੁਰੂ ਅਰਜੁਨ ਸਾਹਿਬ ਵਲੋਂ ਬਣਾਏੇ, ਦਸਵੇਂ ਪਾਤਿਸ਼ਾਹ ਵਲੋਂ ਪ੍ਰਵਾਨਤ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਹਿਲੇ 13 ਪੰਨਿਆਂ ਦੇ ਨਿਤ-ਨੇਮ ਵਿੱਚ ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਦੁਆਰਾ ਬਣਾਈ 25 ਮੈਂਬਰੀ ਸਬ-ਕਮੇਟੀ ਵਲੋਂ ਸੰਨ 1931 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਤੋਂ ਬਾਹਰੋਂ ਸ਼ਾਮਲ ਕੀਤੀਆਂ ਰਚਨਾਵਾਂ ਵਿੱਚੋਂ ਇੱਕ ਰਚਨਾ ਜਾਪੁ ਵੀ ਹੈ, ਜਿਸ ਵਿੱਚ ਦੁਰਗਾ ਦੇਵੀ ਦੀਆਂ ਬਹੁਤੀਆਂ ਉਹੀ ਸਿਫ਼ਤਾਂ ਹਨ ਜੋ ਚੰਡੀ ਚਰਿੱਤ੍ਰ ਵਿੱਚ ਦਰਜ ਹਨ। ਸੰਨ 1931-32 ਵਿੱਚ ਪ੍ਰਚੱਲਤ ਹੋਈ ਮਨੌਤ ਅਨੁਸਾਰ ਜਾਪੁ ਵਿੱਚ ਰੱਬ ਦੀ ਵਡਿਆਈ ਹੈ। ਜੇ ਇਹ ਠੀਕ ਹੈ ਤਾਂ ਵਿਚਾਰ ਅਧੀਨ ਦੋਵੇਂ ਰਚਨਾਵਾਂ (ਚੰਡੀ ਚਰਿੱਤ੍ਰ ਅਤੇ ਜਾਪੁ) ਦੁਰਗਾ ਅਤੇ ਰੱਬ ਨੂੰ ਇੱਕੋ ਹੀ ਹਸਤੀ ਸਿੱਧ ਕਰਦੀਆਂ ਹਨ। ਇਹ ਤੱਥ ਸੱਚੀ ਗੁਰਬਾਣੀ ਦੀ ਕਸ਼ਵੱਟੀ ਉੱਤੇ ਪੂਰਾ ਨਹੀਂ ਉੱਤਰਦਾ। ਸਿੱਖ ਨੂੰ ਤਾਂ ਰੱਬ ਦਾ ਪੁਜਾਰੀ ਬਣਾਇਆ ਗਿਆ ਹੈ, ਦੁਰਗਾ ਦਾ ਨਹੀਂ, ਤੇ ਇਸ ਤਰ੍ਹਾਂ ਦੁਰਗਾ ਤੇ ਰੱਬ ਸਿੱਖ ਲਈ ਇੱਕੋ ਜਿਹੀਆਂ ਹਸਤੀਆਂ ਨਹੀਂ ਹਨ।

ਪੇਸ਼ ਹੈ ਦੋਹਾਂ ਰਚਨਾਵਾਂ ਦਾ ਇੱਕ ਤੁਲਨਾਤਮਕ ਅਧਿਐਨ:

1.

ਚੰਡੀ ਚਰਿਤ੍ਰ: ਨਮੋ ਚੰਡ ਮੰਡਾਰਨੀ ਭੂਪਿ ਭੂਪਾ।224।
ਜਾਪੁ: ਨਮੋ ਭੂਪ ਭੂਪੇ।55। ਨਮੋ ਸਰਬ ਭੂਪੇ।19॥

ਸੋਚ-ਵਿਚਾਰ: ਚੰਡੀ ਚਰਿਤ੍ਰ ਵਿੱਚ ਦੁਰਗਾ ਨੂੰ ਭੂਪਿ ਭੂਪਾ ਭੂਪਾਂ ਦੀ ਭੂਪ ਕਿਹਾ ਹੈ ਤੇ ਜਾਪੁ ਵਿੱਚ ਵੀ ਦੁਰਗਾ ਦਾ ਇਹੀ ਗੁਣ ਭੂਪ ਭੂਪੇ ਕਹਿ ਕੇ ਬਿਆਨ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਨਿਰਨਾ: ਦੁਰਗਾ ਅਤੇ ਰੱਬ ਦੋਵੇਂ ਰਾਜਿਆਂ ਦੇ ਰਾਜੇ ਨਹੀਂ ਬਣ ਸਕਦੇ {ਕੋਊ ਹਰਿ ਸਮਾਨ ਨਹੀ ਰਾਜਾ॥ ਪੰਨਾਂ ਗਗਸ 856}। ਦੁਰਗਾ ਨੂੰ ਚੰਡੀ ਚਰਿਤ੍ਰ ਵਿੱਚ ਰਾਜਿਆਂ ਵਿੱਚ ਰਾਜਾ ਕਿਹਾ ਹੈ। ਇਸ ਲਈ ਜਾਪੁ ਵਿੱਚ ਦੁਰਗਾ ਦੀ ਹੀ ਸਿਫ਼ਤਿ ਹੈ।

2.

ਚੰਡੀ ਚਰਿਤ੍ਰ: ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ।225।
ਜਾਪੁ: ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ।54।
ਸੋਚ-ਵਿਚਾਰ: ਦੁਰਗਾ ਹੈਂਸਿਆਰੇ (ਕ੍ਰੂਰ ਕਰਮਾ) ਕੰਮ ਕਰਦੀ ਹੈ ਤੇ ਜਾਪੁ ਵਿਚ ਵੀ ਦੁਰਗਾ ਇਹੀ ਗੁਣ ਕ੍ਰੂਰ ਕਰਮੇ ਕਹਿ ਕੇ ਬਿਆਨ ਕੀਤਾ ਹੈ।

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਰੱਬ ਹੈਂਸਿਆਰਾ ਨਹੀਂ ਹੈ, ਦੁਰਗਾ ਹੋ ਸਕਦੀ ਹੈ। ਰੱਬ ਦਇਆਲੂ ਹੈ, ਕ੍ਰਿਪਾਲੂ ਹੈ {ਮਿਹਰਵਾਨੁ ਸਾਹਿਬੁ ਮਿਹਰਵਾਨੁ॥ -ਤਿਲੰਗ ਮਹਲਾ 5}। ਜਾਪੁ ਵਿੱਚ ਦੁਰਗਾ ਨੂੰ ਹੀ ਹੈਂਸਿਆਰੀ ਕਿਹਾ ਹੈ।

3.

ਚੰਡੀ ਚਰਿਤ੍ਰ: ਨਮੋ ਰਾਜਸਾ ਸਾਤਕਾ ਪਰਮ ਬਰਮਾ।225।
ਜਾਪੁ: ਨਮੋ ਰਾਜਸੰ ਤਾਮਸੰ ਸਾਂਤ ਰੂਪੇ।186।
ਸੋਚ-ਵਿਚਾਰ: ਚੰਡੀ ਚਰਿਤ੍ਰ ਦੀ ਦੁਰਗਾ ਰਜੋ (ਰਾਜਸਾ), ਸਤੋ (ਸਾਤਕਾ) ਆਦਿਕ ਗੁਣ ਰੱਖਦੀ ਹੈ। ਜਾਪੁ ਵਿਚ ਵੀ ਦੁਰਗਾ ਦੇ ਇਹ ਗੁਣ ਰਾਜਸੰ ਤਾਮਸੰ ਲਿਖਕੇ ਬਿਆਨ ਕੀਤੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਰੱਬ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ- ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਰਜੋ, ਸਤੋ ਆਦਿਕ ਗੁਣ ਜਾਪੁ ਵਿੱਚ ਦੁਰਗਾ ਦੇ ਹੀ ਹਨ, ਰੱਬ ਦੇ ਨਹੀਂ।

4.

ਚੰਡੀ ਚਰਿਤ੍ਰ: ਨਮੋ ਜੋਗ ਜੁਆਲੰ ਧਰੀ ਸਰਬ ਮਾਨੀ।226।
ਜਾਪੁ: ਨਮੋ ਸਰਬ ਮਾਨੇ।44।

ਸੋਚ-ਵਿਚਾਰ: ਚੰਡੀ ਚਰਿਤ੍ਰ ਦੀ ਦੁਰਗਾ ਨੂੰ ਸਾਰੇ ਮੰਨਦੇ ਹਨ (ਸਰਬ ਮਾਨੀ) ਤੇ ਜਾਪੁ ਵਿੱਚ ਵੀ ਦੁਰਗਾ ਦਾ ਇਹੀ ਗੁਣ ਸਰਬ ਮਾਨੇ ਲਿਖਿਆ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਦੁਰਗਾ ਦੇਵੀ ਅਤੇ ਰੱਬ ਦੋਵੇਂ ਸਰਬ ਮਾਨੇ ਨਹੀਂ ਹੋ ਸਕਦੇ । ਰੱਬ ਦੇ ਬਰਾਬਰ ਕੋਈ ਹੋਰ ਹਸਤੀ ਨਹੀਂ ਹੋ ਸਕਦੀ। ਜਾਪੁ ਵਿੱਚ ਸਰਬ ਮਾਨੇ ਦੁਰਗਾ ਦਾ ਹੀ ਗੁਣ ਹੈ।

5.

ਚੰਡੀ ਚਰਿਤ੍ਰ: ਅਧੀ ਉਰਧਵੀ ਆਪ ਰੂਪਾ ਅਪਾਰੀ।227।
ਜਾਪੁ: ਅਧੋ ਉਰਧ ਅਰਧੰ ਅਘੰ ਓਘ ਹਰਤਾ।59।
ਆਪ ਰੂਪ ਅਮੀਕ ਅਨ ਉਸਤਤਿ ਏਕ ਪੁਰਖ ਅਵਧੂਤ।85।
ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ।85।

ਸੋਚ-ਵਿਚਾਰ: ਚੰਡੀ ਚਰਿਤ੍ਰ ਦੀ ਦੁਰਗਾ ਹਰ ਥਾਂ ( ਅਧੀ, ਉਰਧਵੀ) ਮੌਜੂਦ ਹੈ, ਆਪ ਹੀ ਰੂਪ ਧਾਰਨ ਕਰਤਾ (ਆਪ ਰੂਪਾ) ਤੇ ਬੇਅੰਤ (ਅਪਾਰੀ) ਹੈ । ਜਾਪੁ ਵਿੱਚ ਵੀ ਦੁਰਗਾ ਦੇ ਇਹ ਗੁਣ ਅਧੋ ਉਰਧ, ਆਪ ਰੂਪ ਅਤੇ ਅਪਾਰ ਕਰਕੇ ਲਿਖੇ ਗਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਨਿਰਨਾ: ਹਰ ਥਾਂ ਉਹੀ ਹਾਜ਼ਰ ਰਹਿ ਸਕਦਾ ਹੈ ਜੋ ਦੁਨੀਆਂ ਦਾ ਕਰਤਾ ਹੈ। ਦੁਰਗਾ ਤਾਂ ਕਰਤਾ ਨਹੀਂ ਹੈ। ਰੱਬ ਹੀ ਕਰਤਾ ਪੁਰਖ ਹੈ। ਇਸ ਲਈ ਜਾਪ ਵਿੱਚ ਵੀ ਦੁਰਗਾ ਦੀ ਹੀ ਸਿਫ਼ਤਿ ਹੈ ਕਿਉਂਕਿ ਰੱਬ ਅਤੇ ਦੁਰਗਾ ਸਮਾਨ ਨਹੀਂ ਹੋ ਸਕਦੇ।

6.

ਚੰਡੀ ਚਰਿਤ੍ਰ: ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ।228।
ਜਾਪੁ: ਨਮੋ ਜੁਧ ਜੁਧੇ-।187।
ਨਮੋ ਰੋਖ ਰੋਖੇ-।68।----ਕ੍ਰੂਰ ਕਰਮੇ।54।

ਸੋਚ-ਵਿਚਾਰ:- ਚੰਡੀ ਚਰਿਤ੍ਰ ਦੀ ਦੁਰਗਾ ਦੈਂਤਾਂ ਨਾਲ਼ ਯੁੱਧ ਕਰਨ ਵਾਲ਼ੀ (ਜੁਧਨੀ), ਗੁੱਸੇਖ਼ੋਰ ਸੁਭਾਉ ਦੀ (ਕ੍ਰੁਧਨੀ) ਤੇ ਹੈਂਸਿਆਰੇ ਕੰਮ ਕਰਨ ਵਾਲ਼ੀ (ਕ੍ਰੂਰ ਕਰਮੇ) ਹੈ। ਜਾਪੁ ਵਿੱਚ ਵੀ ਦੁਰਗਾ ਦੇ ਇਹ ਹੀ ਗੁਣ ਜੁਧ ਜੁਧੇ, ਰੋਖ ਰੋਖੇ ਅਤੇ ਕ੍ਰੂਰ ਕਰਮੇ ਲਿਖ ਕੇ ਭਿਆਨ ਕੀਤੇ ਗਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਰੱਬ ਕਦੇ ਦੇਹਧਾਰੀ ਬਣ ਕੇ ਯੁੱਧ ਨਹੀਂ ਕਰਦਾ ਤੇ ਉਹ ਜੁਧ ਜੁਧੇ ਨਹੀਂ ਹੈ। ਦੁਰਗਾ ਹੀ ਦੈਂਤਾਂ ਨਾਲ਼ ਯੁੱਧ ਕਰਦੀ ਹੈ ਤੇ ਉਹ ਹੀ ਜੁਧ ਜੁਧੇ ਹੈ। ਰੱਬ ਰੋਖ ਰੋਖੇ ਜਾਂ ਗੁਸੇਖ਼ੋਰ ਵੀ ਨਹੀਂ {ਮਿਠ ਬੋਲੜਾ ਜੀ ਹਰਿ ਸਜਣ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਉਹ ਕਦੇ ਨ ਬੋਲੈ ਕਉਰਾ॥ ਪੰਨਾਂ ਗਗਸ 784}, ਦੁਰਗਾ ਹੀ ਜੁਧਨੀ ਅਤੇ ਕ੍ਰੁਧਨੀ ਹੈ। ਸੋ, ਜਾਪ ਵਿੱਚ ਜੁਧ ਜੁਧੇ, ਰੋਖ ਰੋਖੇ, ਕ੍ਰੂਰ ਕਰਮੇ ਆਦਿਕ ਗੁਣ ਦੁਰਗਾ ਦੇਵੀ ਦੇ ਹੀ ਹਨ।

7.

ਚੰਡੀ ਚਰਿਤ੍ਰ: ਮਹਾ ਬੁਧਿਨੀ ਸਿਧਿਨੀ ਸੁਧ ਕਰਮਾ। 228।
ਨਮੋ ਰਿਧਿ ਰੂਪੰ ਨਮੋ ਸਿਧ ਕਰਣੀ ।235।
ਮਹਾ ਰਿਧਣੀ ਸਿਧ ਦਾਤੀ ਕ੍ਰਿਪਾਣੰ।244।
ਜਾਪੁ: ਸਦਾ ਸਿਧਿਦਾ ਬੁਧਿਦਾ ਬ੍ਰਿਧ ਕਰਤਾ।59।
ਅੰਮ੍ਰਿਤ ਕਰਮੇ।74।

ਸੋਚ-ਵਿਚਾਰ:- ਚੰਡੀ ਚਰਿਤ੍ਰ ਦੀ ਦੁਰਗਾ ਬੁੱਧੀ ਦੇਣ ਵਾਲ਼ੀ (ਬੁਧਿਨੀ), ਸਿੱਧੀਆਂ ਦੇਣ ਵਾਲ਼ੀ (ਸਿਧਿਨੀ) ਅਤੇ ਸ਼ੁੱਧ ਕਰਮ ਕਰਨ ਵਾਲ਼ੀ (ਸੁਧ ਕਰਮਾ) ਹੈ। ਜਾਪੁ ਵਿੱਚ ਦੁਰਗਾ ਦੇ ਇਨ੍ਹਾਂ ਗੁਣਾਂ ਨੂੰ ਹੀ ਸਿਧਿਦਾ, ਬੁਧਿਦਾ ਅਤੇ ਅੰਮ੍ਰਿਤ ਕਰਮੇ ਸ਼ਬਦਾਂ ਰਾਹੀ ਬਿਆਨ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਕਰਾਮਾਤੀ ਸ਼ਕਤੀਆਂ ਦਾ ਮਾਲਕ ਕੇਵਲ ਰੱਬ ਹੈ, ਦੁਰਗਾ ਨਹੀਂ {ਸੁਖ ਸਾਗਰੁ ਸੁਰਤਰਿ ਚਿੰਤਾਮਣਿ ਕਾਮਧੇਨੁ ਬਸਿ ਜਾ ਕੈ॥ ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ॥} ਰੱਬ ਹੀ ਸੱਭ ਤੋਂ ਸ਼ੁੱਧ ਸਰੂਪ ਹੈ ਤੇ ਉਸ ਦੇ ਕੰਮ ਵੀ ਅੰਮ੍ਰਿਤਮਈ ਸ਼ੁੱਧ ਹਨ। ਰੱਬ ਅਤੇ ਦੁਰਗਾ ਦੇ ਇਹ ਸਾਂਝੇ ਗੁਣ ਨਹੀਂ ਹੋ ਸਕਦੇ, ਇਸ ਲਈ ਜਾਪੁ ਵਿੱਚ ਦੁਰਗਾ ਦੇ ਹੀ ਇਹ ਗੁਣ ਹਨ। ਕਵੀ ਦੁਰਗਾ ਦਾ ਪੁਜਾਰੀ ਹੈ ਤੇ ਸਿਫ਼ਤਾਂ ਵੀ ਦੁਰਗਾ ਦੀਆਂ ਹੀ ਕਰਦਾ ਹੈ, ਰੱਬ ਦੀਆਂ ਨਹੀਂ।

8.

ਚੰਡੀ ਚਰਿਤ੍ਰ: ਪਰੀ ਪਦਮਿਨੀ ਪਾਰਬਤੀ ਪਰਮ ਰੂਪਾ। 228।
ਜਾਪੁ: ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ।83।
ਸੋਚ-ਵਿਚਾਰ:- ਚੰਡੀ ਚਰਿਤ੍ਰ ਦੀ ਦੁਰਗਾ/ਪਾਰਬਤੀ ਸੱਭ ਤੋਂ ਮਹਾਨ ਰੂਪ ਵਾਲ਼ੀ ਪਰੀ ਤੇ (ਪਰਮ ਰੂਪਾ) ਹੈ। ਜਾਪੁ ਰਚਨਾ ਵਿੱਚ ਵੀ ਕਵੀ ਨੇ ਪਰਮ ਰੂਪ ਲਿਖ ਕੇ ਦੁਰਗਾ ਦਾ ਉਹੀ ਗੁਣ ਬਿਆਨ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਦੁਰਗਾ ਅਤੇ ਰੱਬ ਦੋਵੇਂ ਪਰਮ ਰੂਪ ਨਹੀਂ ਹੋ ਸਕਦੇ। ਰੱਬ ਜਿਹਾ ਹੋਰ ਕੋਈ ਨਹੀਂ ਹੈ {ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨਾ ਸਾਈਆ॥ ਪੰਨਾਂ ਗਗਸ 1098}। ਇਸ ਲਈ ਜਾਪੁ ਵਿੱਚ ਪਰਮ ਰੂਪ ਗੁਣ ਦੁਰਗਾ ਦਾ ਹੀ ਹੈ।

9.

ਚੰਡੀ ਚਰਿਤ੍ਰ: ਪਰਾ ਪਸਟਣੀ ਪਾਰਬਤੀ ਦੁਸਟ ਹਰਤਾ।229।
ਜਾਪੁ
: ਗਰਬ ਗੰਜਨ ਦੁਸਟ ਭੰਜਨ---।84।
ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ/ਪਾਰਬਤੀ ਨੂੰ ਵੈਰੀਆਂ (ਇੰਦ੍ਰ ਦੇ ਦੁਸ਼ਮਨ ਦੈਂਤਾਂ) ਨੂੰ ਵਿਨਾਸ਼ ਕਰਨ ਵਾਲ਼ੀ ( ਦੁਸਟ ਹਰਤਾ) ਲਿਖਿਆ ਹੈ। ਜਾਪੁ ਵਿੱਚ ਵੀ ਦੁਰਗਾ ਦਾ ਇਹੀ ਗੁਣ ਦੁਸਟ ਭੰਜਨ ਲਿਖ ਕੇ ਪ੍ਰਗਟ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਕਿਉਂਕਿ ਰੱਬ ਕਿਸੇ ਦਾ ਵੈਰੀ ਨਹੀਂ (ਨਿਰਵੈਰੁ) ਤੇ ਨਾ ਹੀ ਉਹ ਦੈਂਤਾਂ ਨਾਲ ਦੇਹਧਾਰੀ ਬਣ ਕੇ ਲੜਿਆ ਹੈ। ਦੁਸ਼ਟ ਭੰਜਨ ਦੁਰਗਾ ਹੀ ਹੈ, ਰੱਬ ਨਹੀਂ। ਦੈਤਾਂ ਨੂੰ ਜੰਗ ਵਿੱਚ ਦੁਰਗਾ ਨੇ ਹੀ ਮਾਰ ਕੇ ਇੰਦ੍ਰ ਨੂੰ ਰਾਜ ਦਿਵਾਇਆ ਸੀ। ਇਸ ਲਈ ਜਾਪੁ ਵਿੱਚ ਦੁਰਗਾ ਹੀ ਦੁਸ਼ਟ ਭੰਜਨ ਹੈ।

10.

ਚੰਡੀ ਚਰਿਤ੍ਰ: ਭਵੀ ਭਗਵੀਅੰ ਨਮੋ ਸਸਤ੍ਰ ਪਾਣੰ।230। ਨਮੋ ਅਸਤ੍ਰ ਧਰਤਾ ਨਮੋ ਤੇਜ ਮਾਣੰ।230।  ਨਮੋ ਸਸਤ੍ਰਣੀ ਅਸਤ੍ਰਣੀ ਕਰਮ ਕਰਤਾ।233। ਨਮੋ ਸੂਲਣੀ ਸੈਥਣੀ ਬਕ੍ਰ ਬੈਣਾ।241।
ਜਾਪੁ: ਨਮੋ ਸਸਤ੍ਰ ਪਾਣੇ।ਨਮੋ ਅਸਤ੍ਰ ਮਾਣੇ।52।
ਨਮੋ ਤੇਜ ਤੇਜੇ।185।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ ਮਾਈ ਸ਼ਸਤ੍ਰਧਾਰੀ (ਸਸਤ੍ਰਣੀ, ਸਸਤ੍ਰ ਪਾਣੰ) , ਦੂਰੋਂ ਮਾਰ ਕਰਨ ਵਾਲ਼ੇ ਹਥਿਆਰ ਰੱਖਦੀ ਅਸਤ੍ਰਧਾਰੀ (ਅਸਤ੍ਰਣੀ) , ਤ੍ਰਿਸ਼ੂਲਧਾਰੀ, ਸੈਥੀਧਾਰੀ ਅਤੇ ਤੇਜ਼ ਪ੍ਰਤਾਪੀ (ਤੇਜ ਮਾਣੰ) ਹੈ। ਦੇਹਧਾਰੀ ਹੀ ਹਥਿਆਰ ਪਹਿਨ ਸਕਦੇ ਹਨ। ਜਾਪੁ ਵਿੱਚ ਦੁਰਗਾ ਦੇ ਇਹੀ ਗੁਣ ਨਮੋ ਸਸਤ੍ਰ ਪਾਣੇ, ਨਮੋ ਅਸਤ੍ਰ ਮਾਣੇ ਅਤੇ ਤੇਜ ਤੇਜੇ ਲਿਖ ਕੇ ਉਸੇ ਦੀ ਹੀ ਸਿਫ਼ਤਿ ਕੀਤੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਰੱਬ ਦੇਹਧਾਰੀ ਨਹੀਂ, ਤੇ ਨਾ ਹੀ ਉਹ ਸ਼ਸਤ੍ਰ ਤੇ ਅਸਤ੍ਰ ਹਥਿਆਰ ਰੱਖਦਾ ਹੈ, ਕਿਉਂਕਿ ਰੱਬ ਨੂੰ ਕਿਸੇ ਦਾ ਡਰ ਨਹੀਂ (ਨਿਰਭਉ) ਹੈ। ਦੁਰਗਾ ਨੇ ਹਥਿਆਰ ਫੜੇ, ਕਿਉਂਕਿ ਉਹ ਦੈਤਾਂ ਹੱਥੋਂ ਖ਼ੁਦ ਮਾਰੇ ਜਾਣ ਦੇ ਡਰ ਵਿੱਚ ਸੀ। ਦੇਹਧਾਰੀ ਹੀ ਹਥਿਆਰ ਫੜ ਸਕਦਾ ਹੈ। ਰੱਬ ਨੂੰ ਹਥਿਆਰਾਂ ਤੇ ਫ਼ੌਜਾਂ ਦੀ ਲੋੜ ਨਹੀਂ। ਖ਼ਾਲਸਾ ਵੀ ਰੱਬ ਦੀ ਫ਼ੌਜ ਨਹੀਂ ਸਗੋਂ ਗੁਰੂ ਦੀ ਲਾਡਲੀ ਫ਼ੌਜ ਹੈ {ਵਾਹਿ ਗੁਰੂ ਜੀ ਕਾ ਖ਼ਾਲਸਾ ਦਾ ਅਰਥ ਹੈ- ਹੇ ਗੁਰੂ ਜੀ! ਤੁਸੀਂ ਧੰਨੁ ਹੋ, ਖ਼ਾਲਸਾ ਤੁਹਾਡਾ ਹੀ ਹੈ। ਵਾਹਿ ਗੁਰੂ ਜੀ ਕੀ ਫ਼ਤਹ ਦਾ ਅਰਥ ਹੈ- ਹੇ ਗੁਰੂ ਜੀ! ਤੁਸੀਂ ਧੰਨੁ ਹੋ, ਖ਼ਾਲਸੇ ਦੀ ਜਿੱਤ ਵੀ ਤੁਹਾਡੀ ਹੀ ਜਿੱਤ ਹੈ।}। ਦੁਰਗਾ ਮਾਈ ਨੂੰ ਬਕ੍ਰ ਬੈਣਾ (ਰੁੱਖੇ, ਭੈੜੇ ਅਤੇ ਕੁਰੱਖ਼ਤ ਬੋਲ ਹਨ ਜਿਸ ਦੇ) ਵੀ ਲਿਖਿਆ ਹੈ, ਪਰ ਰੱਬ ਇਸ ਤਰ੍ਹਾਂ ਦਾ ਨਹੀਂ ਹੈ। ਸਪੱਸ਼ਟ ਹੈ ਕਿ ਜਾਪੁ ਵਿੱਚ ਦੁਰਗਾ ਦੇ ਹੀ ਗੁਣ ਹਨ

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top