Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਜਾਪੁ (ਨਿੱਤ-ਨੇਮ) ਅਤੇ ਚੰਡੀ ਚਰਿਤ੍ਰ ਇੱਕ ਤੁੱਲਨਾਤਮਕ ਅਧਿਐਨ - ਭਾਗ ਦੂਜਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

>> ਲੜੀ ਜੋੜਨ ਲਈ ਪੜ੍ਹੋ: ਭਾਗ ਪਹਿਲਾ, ਭਾਗ ਤੀਜਾ, ਆਖਰੀ ਭਾਗ

11.

ਚੰਡੀ ਚਰਿਤ੍ਰ: ਨਮੋ ਜਯ ਅਜਯ---।230।
ਜਾਪੁ: ਅਜੈ।189।

ਸੋਚ-ਵਿਚਾਰ:- ਚੰਡੀ ਚਰਿਤ੍ਰ ਦੀ ਦੁਰਗਾ ਅਜਿੱਤ (ਅਜਯ) ਹੈ ਕਿਉਂਕਿ ਉਹ ਦੈਤਾਂ ਨੂੰ ਮਾਰ ਕੇ ਜੰਗ ਵਿੱਚ ਜਿੱਤ ਜਾਂਦੀ ਹੈ ਤੇ ਉਸ ਦੀ ਜੈ ਜੈ ਹੁੰਦੀ ਹੈ। ਜਾਪੁ ਵਿੱਚ ਦੁਰਗਾ ਦਾ ਇਹੀ ਗੁਣ ਅਜੈ ਲਿਖ ਕੇ ਪ੍ਰਗਟ ਕੀਤਾ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਰੱਬ ਨੂੰ ਕੋਈ ਜਿੱਤ ਨਹੀਂ ਸਕਦਾ ਕਿਉਂ ਜੁ ਉਹ ਸਾਰੀ ਦੁਨੀਆਂ ਦਾ ਰਾਜਾ ਹੈ। ਦੁਰਗਾ ਰੱਬ ਦੀ ਬਰਾਬਰੀ ਨਹੀਂ ਕਰ ਸਕਦੀ। ਦੁਰਗਾ ਨੂੰ ਹੀ ਕਵੀ ਨੇ ਦੋਹਾਂ ਰਚਨਾਵਾਂ ਵਿੱਚ ਅਜੈ ਲਿਖਿਆ ਹੈ, ਕਿਉਂਕਿ ਦੁਰਗਾ ਤੋਂ ਬਿਨਾਂ ਕਵੀ ਲਈ ਹੋਰ ਕੋਈ ਮਹਾਨ ਨਹੀਂ ਹੈ, ਜਿਸ ਨੂੰ ਗੁਰਬਾਣੀ ਨਹੀਂ ਮੰਨਦੀ।

12.

ਚੰਡੀ ਚਰਿਤ੍ਰ: ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ।231
ਜਾਪੁ: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ।186।
ਨਮੋ ਸਰਬ ਗਿਆਨੰ।70। ਨਮੋ ਪਰਮ ਗਿਆਤਾ।52

ਸੋਚ-ਵਿਚਾਰ: ਚੰਡੀ ਚਰਿਤ੍ਰ ਵਿੱਚ ਦੁਰਗਾ ਨੂੰ ਗਿਆਨ ਕੀ ਗਿਆਨ ਕਿਹਾ ਹੈ ਅਤੇ ਜਾਪੁ ਵਿੱਚ ਦੁਰਗਾ ਦਾ ਇਹ ਗੁਣ ਗਿਆਨ ਗਿਆਨੇ, ਸਰਬ ਗਿਆਨੰ ਅਤੇ ਪਰਮ ਗਿਆਤਾ ਲਿਖ ਕੇ ਪ੍ਰਗਟ ਕੀਤਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਸਾਰੀ ਦੁਨੀਆਂ ਦੇ ਜੀਵਾਂ ਨੂੰ ਗਿਆਨ ਗੁਣ ਦੇਣ ਵਾਲ਼ਾ ਰੱਬ ਆਪਿ ਹੈ {ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇਇ॥--ਜਪੁ} ਤੇ ਉਸ ਦੇ ਬਰਾਬਰ ਹੋਰ ਕੋਈ ਨਹੀਂ ਹੈ। ਦੁਰਗਾ ਰੱਬ ਦੇ ਗੁਣਾਂ ਦੀ ਬਰਾਬਰੀ ਨਹੀਂ ਕਰ ਸਕਦੀ। ਜਾਪੁ ਵਿੱਚ ਦੁਰਗਾ ਦਾ ਚੰਡੀ ਚਰਿਤ੍ਰ ਵਾਲ਼ਾ ਗੁਣ ਗਿਆਨ ਗਿਆਨੇ ਹੈ।

13.

ਚੰਡੀ ਚਰਿਤ੍ਰ: ਨਮੋ ਸੋਖਣੀ ਪੋਖਣੀਅੰ ਮ੍ਰਿੜਾਲੀ।232।
ਨਮੋ ਪੋਖਣੀ ਸੋਖਣੀ ਸਰਬ ਭਰਣੀ।235।
ਜਾਪੁ: ਕਿ ਸਰਬਤ੍ਰ ਸੋਖੈ। ਕਿ ਸਰਬਤ੍ਰ ਪੋਖੈ।116
ਨਮੋ ਸਰਬ ਸੋਖੰ। ਨਮੋ ਸਰਬ ਪੋਖੰ।27। ਨਮੋ ਸਰਬ ਕਾਲੇ। ਨਮੋ ਸਰਬ ਪਾਲੇ।20। ਨਮੋ ਸਰਬ ਖਾਪੇ ਨਮੋ ਥਾਪੇ।19। ਸਰਬ ਪਾਲਕ ਸਰਬ ਘਾਲਕ--- ।79।ਸਰਬੰ ਭਰ ਹੈਂ।174। ਬਿਸੰਵਭਰ ਹੈਂ।175,181।

ਸੋਚ-ਵਿਚਾਰ: ਚੰਡੀ ਚਰਿਤ੍ਰ ਵਿੱਚ ਦੁਰਗਾ ਦੇਵੀ ਨੂੰ ਨਮੋ ਕਰਦਿਆਂ ਸੋਖਣੀ (ਸੱਭ ਨੂੰ ਮਾਰਨ ਯੋਗ), ਪੋਖਣੀਯੰ (ਸੱਭ ਨੂੰ ਪਾਲਣ ਯੋਗ), ਸਰਬ ਭਰਣੀ (ਸਾਰਿਆਂ ਨੂੰ ਪਾਲਣ ਯੋਗ) ਅਤੇ ਮ੍ਰਿੜਾਲੀ (ਮੁਰਦਿਆਂ ਦੀ ਸਵਾਰੀ ਕਰਨ ਵਾਲ਼ੀ) ਮੰਨਿਆਂ ਹੈ। ਜਾਪੁ ਵਿੱਚ ਦੁਰਗਾ/ਪਾਰਬਤੀ ਮਾਈ ਦੇ ਇਨ੍ਹਾਂ ਗੁਣਾਂ ਨੂੰ ਸਰਬਤ੍ਰ ਸੋਖੈ, ਸਰਬ ਸੋਖੰ, ਸਰਬ ਕਾਲੇ, ਸਰਬ ਖਾਪੇ( ਸੱਭ ਨੂੰ ਮਾਰਨ ਯੋਗ) ਅਤੇ ਸਰਬਤ੍ਰ ਪੋਖੈ, ਸਰਬ ਪੋਖੰ, ਸਰਬ ਪਾਲੇ, ਸਰਬ ਥਾਪੇ(ਸੱਭ ਨੂੰ ਪਾਲਣ ਯੋਗ), ਸਰਬੰ ਭਰ ਹੈਂ/ਬਿਸੰਭਰ ਹੈਂ(ਵਿਸ਼ਵ ਪਾਲਕ) ਸ਼ਬਦਾਂ ਰਾਹੀਂ ਲਿਖਿਆ ਗਿਆ ਹੈ। ਦੁਰਗਾ ਦੇ ਮ੍ਰਿੜਾਲੀ ਗੁਣ ਨੂੰ ਜਾਪੁ ਵਿੱਚ ਛੱਡ ਦਿੱਤਾ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ -ਸੁਖਮਨੀ
ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ॥ -- ਗੋਂਡ ਮਹਲਾ 4॥
ਸਪੱਸ਼ਟ ਹੈ ਕਿ ਜੀਵਾਂ ਨੂੰ ਮਾਰਨਾ ਤੇ ਪਾਲਣਾ ਦੁਰਗਾ ਮਾਈ ਦੇ ਹੱਥ ਵਿੱਚ ਨਹੀਂ ਹੈ। ਚੰਡੀ ਚਰਿਤ੍ਰ ਦੀ ਦੁਰਗਾ ਨੂੰ ਰੱਬ ਨਾਲ਼ ਤੁਲਨਾ ਨਹੀਂ ਦਿੱਤੀ ਜਾ ਸਕਦੀ, ਇਸੇ ਲਈ ਜਾਪੁ ਵਿੱਚ ਵੀ ਦੁਰਗਾ ਦੀ ਹੀ ਸਿਫ਼ਤਿ ਹੈ। ਕਵੀ ਲਈ ਦੁਰਗਾ ਹੀ ਰੱਬ ਹੈ, ਜਿਸ ਨੂੰ ਸਿੱਖੀ ਸਿਧਾਂਤ ਨਹੀਂ ਮੰਨਦੇ।

14.

ਚੰਡੀ ਚਰਿਤ੍ਰ: ਨਮੋ ਦੋਖ ਦਾਹੀ ਨਮੋ ਦੁਖਯ ਹਰਤਾ।
ਜਾਪੁ: ਨਮੋ ਰੋਗ ਹਰਤਾ।55।

ਸੋਚ-ਵਿਚਾਰ:- ਨਮੋ ਕਰਦਿਆਂ, ਚੰਡੀਚਰਿਤ੍ਰ ਵਿੱਚ, ਦੁਰਗਾ ਦੇਵੀ ਨੂੰ ਦੋਖਦਾਹੀ (ਦੁੱਖਾਂ ਨੂੰ ਸਾੜਨ ਯੋਗ) ਅਤੇ ਦੁਖਯ ਹਰਤਾ (ਦੁੱਖ ਦੂਰ ਕਰਨ ਦੇ ਸਮਰੱਥ) ਮੰਨਿਆਂ ਹੈ। ਜਾਪੁ ਵਿੱਚ ਵੀ, ਉਸੇ ਦੁਰਗਾ ਨੂੰ ਨਮੋ ਕਰਦਿਆਂ, ਰੋਗ ਹਰਤਾ (ਰੋਗ/ਦੁੱਖ ਦੂਰ ਕਰਨ ਸਮਰੱਥ) ਲਿਖਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ॥ -ਗਉੜੀ ਮਹਲਾ 5 ਮਾਂਝ
ਰੋਗੀ ਕਾ ਪ੍ਰਭ ਖੰਡਹੁ ਰੋਗੁ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ॥ -ਭੈਰਉ ਮਹਲਾ 5॥
ਪ੍ਰਭੂ ਹੀ ਸੱਭ ਦੁੱਖਾਂ ਦਾ ਦਾਰੂ ਹੈ, ਦੁਰਗਾ ਨਹੀਂ। ਇਸ ਲਈ ਚੰਡੀ ਚਰਿਤ੍ਰ ਵਾਲ਼ਾ ਦੁਰਗਾ ਦਾ ਦੁਖਯ ਹਰਤਾ ਦਾ ਗੁਣ ਜਾਪੁ ਵਿੱਚ ਰੋਗ ਹਰਤਾ ਕਰਕੇ ਹੀ ਲਿਖਿਆ ਹੈ।

15.

ਚੰਡੀ ਚਰਿਤ੍ਰ: ਨਮੋ ਰੂੜਿ ਗੂੜੰ ਨਮੋ ਸਰਬ ਬਆਪੀ।234।
ਜਾਪੁ: ਚਤ੍ਰ ਚਕ੍ਰ ਵਰਤੀ-।199। ਸਰਬ ਪਾਸਯ ਹੈਂ।174।
ਸਮਸਤੁਲ ਨਿਵਾਸ ਹੈਂ।154। ਕਿ ਸਰਬੁਲ ਗਵੰਨ ਹੈਂ।156।

ਸੋਚ-ਵਿਚਾਰ:- ਦੁਰਗਾ ਨੂੰ ਚੰਡੀ ਚਰਿਤ੍ਰ ਵਿੱਚ ਸਰਬ ਬਿਆਪੀ (ਹਰ ਥਾਂ ਵਿਆਪਣ ਯੋਗ) ਕਹਿ ਕੇ ਨਮੋ ਕੀਤੀ ਹੈ। ਜਾਪੁ ਵਿੱਚ ਵੀ ਉਸੇ ਦੁਰਗਾ ਨੂੰ ਚਤ੍ਰ ਚਕ੍ਰ ਵਰਤੀ (ਚਾਰੇ ਕੁੰਟਾਂ ਵਿੱਚ ਵਿਆਪਣ ਯੋਗ), ਸਰਬ ਪਾਸਯ (ਸਾਰੀਆਂ ਦਿਸ਼ਾਵਾਂ ਵਿੱਚ ਵਸਣ ਯੋਗ), ਸਮਸਤੁਲ ਨਿਵਾਸ (ਸਾਰਿਆਂ ਵਿੱਚ ਵਸਣ ਯੋਗ) , ਸਰਬੁਲ ਗਵੰਨ (ਹਰ ਥਾਂ 'ਤੇ ਗਵਨ ਕਰਨ ਯੋਗ) ਕਿਹਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਜੇ ਦੁਰਗਾ ਅਤੇ ਰੱਬ ਦੋਵੇਂ ਸਰਬ ਬਿਆਪੀ ਹਨ ਤਾਂ ਫਿਰ ਦੁਰਗਾ ਵੀ ਰੱਬ ਹੈ, ਜਿਸ ਨਾਲ਼ ਗੁਰੂ ਜੀ ਸਹਿਮਤ ਨਹੀਂ। ਇਹ ਗੁਣ ਚੰਡੀ ਚਰਿਤ੍ਰ ਅਤੇ ਜਾਪੁ ਵਿੱਚ ਸਾਂਝਾ ਹੈ ਤੇ ਇਹ ਗੁਣ ਦੋਹਾਂ ਰਚਨਾਵਾਂ ਵਿੱਚ ਕੇਵਲ ਦੁਰਗਾ ਦਾ ਹੀ ਹੈ। ਰੱਬ ਵਰਗਾ ਹੋਰ ਕੋਈ ਹੈ ਹੀ ਨਹੀਂ, ਭਾਵੇਂ ਦੁਰਗਾ ਪੂਜਕ ਹੋਣ ਕਰਕੇ ਕਵੀ ਦੁਰਗਾ ਨੂੰ ਹੀ ਸੱਭ ਕੁਝ ਸਮਝਦਾ ਹੈ। ਗੁਰਬਾਣੀ ਦੱਸਦੀ ਹੈ- ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨਾ ਸਾਈਆ॥ -ਡਖਣੇ ਮਹਲਾ 5॥

16.

ਚੰਡੀ ਚਰਿਤ੍ਰ: ਨਮੋ ਨਿਤ ਨਾਰਾਇਣੀ ਦੁਸਟ ਖਾਪੀ।234।
ਜਾਪੁ: ਨਮੋ ਨਿਤ ਨਾਰਾਇਣੇ-।54। ਸੁਨਿੰਤ ਹੈਂ।138। --ਦੁਸਟ ਭੰਜਨ।84।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ ਦੇਵੀ ਨੂੰ ਨਿਤ ਨਾਰਾਇਣੀ ( ਸਦਾ ਰਹਿਣ ਵਾਲ਼ੀ ਅਤੇ ਰੱਬ/ਨਾਰਾਇਣੀ) ਕਹਿ ਕੇ ਨਮੋ ਕੀਤੀ ਹੈ। ਜਾਪੁ ਵਿੱਚ ਵੀ ਦੁਰਗਾ ਦਾ ਇਹ ਗੁਣ ਨਿਤ ਨਾਰਾਇਣੇ(ਸਦਾ ਰਹਿਣ ਯੋਗ ਨਾਰਾਇਣ) ਕਰਕੇ ਲਿਖਿਆ ਹੈ, ਅਰਥ ਬਿਲਕੁਲ ਸਮਾਨ ਹਨ। ਨਾਰਾਇਣੀ ਅਤੇ ਨਾਰਾਇਣੇ ਦੋ ਵੱਖਰੀਆਂ ਹਸਤੀਆਂ ( ਦੁਰਗਾ ਅਤੇ ਰੱਬ) ਨਹੀਂ, ਇੱਕੋ ਹੀ ਹਸਤੀ ਹੈ ਤੇ ਉਹ ਹੈ ਕਵੀ ਦਾ ਇਸ਼ਟ- ਦੁਰਗਾ ਦੇਵੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਨਾਰਾਇਣ ਕੇਵਲ ਰੱਬ ਹੈ। ਜਿਵੇਂ -- ਨਾਲਿ ਨਾਰਾਇਣੁ ਮੇਰੈ॥ ਜਮਦੂਤੁ ਨ ਆਵੈ ਨੇਰੈ॥-ਸੋਰਠਿ ਮਹਲਾ 5॥
ਅੰਤਿ ਕਾਲਿ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ - ਗੂਜਰੀ
ਦੁਰਗਾ ਨਾਲਿ ਨਹੀਂ, ਰੱਬ ਨਾਲਿ ਹੈ। ਦੁਰਗਾ ਨੂੰ ਨਹੀਂ, ਨਾਰਾਇਣ ਨੂੰ ਯਾਦਾਂ ਵਿੱਚ ਰੱਖਣਾ ਹੈ। ਸਿੱਖ ਕਿਸੇ ਦੇਵੀ ਜਾਂ ਦੇਵਤੇ ਦਾ ਪੁਜਾਰੀ ਨਹੀਂ ਹੈ।

17.

ਚੰਡੀ ਚਰਿਤ੍ਰ: ਨਮੋ ਜੋਗ ਜ੍ਵਾਲੰ ਸਰਬ ਦਾਤ੍ਰੀ।235।
ਜਾਪੁ: ਸਰਬੰ ਦਾਤਾ।37।-ਸਰਬ ਕੋ ਪ੍ਰਤਿਪਾਰ।85।

ਸੋਚ-ਵਿਚਾਰ:- ਚੰਡੀ ਚਰਿਤ੍ਰ ਦੀ ਦੁਰਗਾ ਸਰਬ ਦਾਤ੍ਰੀ (ਸਾਰਿਆਂ ਨੂੰ ਦਾਤਾਂ ਵੰਡਣ ਯੋਗ) ਹੈ। ਜਾਪੁ ਵਿੱਚ ਦੁਰਗਾ ਦਾ ਇਹੀ ਗੁਣ ਸਰਬੰ ਦਾਤਾ/ ਸਰਬ ਕੋ ਪ੍ਰਤਿਪਾਰ(ਸੱਭ ਨੂੰ ਦਾਤਾਂ ਵੰਡਣ ਯੋਗ) ਲਿਖ ਕੇ ਪ੍ਰਗਟ ਕੀਤਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਸਾਰਿਆਂ ਦਾ ਦਾਤਾ ਕੇਵਲ ਰੱਬ ਹੈ, ਦੁਰਗਾ ਮਾਈ ਨਹੀਂ। ਦੁਰਗਾ ਤੇ ਰੱਬ ਇਕੋ ਹਸਤੀ ਨਹੀਂ, ਭਾਵੇਂ ਕਵੀ ਮੰਨਦਾ ਹੈ। ਫ਼ੁਰਮਾਨ ਹੈ-
ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ॥ - ਸ਼ਲੋਕ ਮਹਲਾ 9॥

18.

ਚੰਡੀ ਚਰਿਤ੍ਰ: ਨਮੋ ਪਰਮ ਪਰਮੇਸ੍ਵਰੀ ਧਰਮ ਕਰਣੀ। 236।
ਜਾਪੁ: ਪਰੰ ਪਰਮ ਪਰਮੇਸ੍ਵ੍ਵਰੰ ਪੋਛ ਪਾਲੰ।60। ਸਰਬੰ ਧਰਮੰ।144।ਆਡੀਠ ਧਰਮ।170।- ਪਰਮੇਸ੍ਵਰ ਹੈਂ।179।

ਸੋਚ-ਵਿਚਾਰ:- ਚੰਡੀ ਚਰਿਤ੍ਰ ਦੀ ਦੁਰਗਾ ਪਰਮ ਪਰਮੇਸ੍ਵਰੀ ਹੈ ਅਤੇ ਧਰਮਕਰਣੀ ਹੈ। ਜਾਪੁ ਵਿੱਚ ਵੀ ਦੁਰਗਾ ਦੇ ਇਹ ਗੁਣ ਪਰਮ ਪਰਮੇਸ੍ਵਰੰ ਅਤੇ ਸਰਬੰ ਧਰਮੰ/ ਆਡੀਠ ਧਰਮ ਲਿਖ ਕੇ ਪ੍ਰਗਟ ਕੀਤੇ ਗਏ ਹਨ। ਅਰਥ ਇਨ੍ਹਾਂ ਸ਼ਬਦਾਂ ਦੇ ਇੱਕੋ ਜਿਹੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਦੁਰਗਾ ਤੇ ਰੱਬ ਦੋਵੇਂ ਪਰਮੇਸ਼ਰ ਨਹੀਂ ਹਨ। ਪਰਮੇਸ਼ਰ ਕੇਵਲ ਇੱਕੁ ਓਅੰਕਾਰੁ ਹੈ। ਪਰਮੇਸ਼੍ਵਰੀ ਅਤੇ ਪਰਮੇਸ਼੍ਵਰ ਸ਼ਬਦ ਕਵੀ ਨੇ ਦੁਰਗਾ ਲਈ ਹੀ ਵਰਤੇ ਹਨ, ਰੱਬ ਲਈ ਨਹੀਂ। ਰੱਬ ਤੇ ਦੁਰਗਾ ਬਰਾਬਰ ਨਹੀਂ, ਭਾਵੇਂ ਕਵੀ ਮੰਨਦਾ ਹੋਵੇ।

19.

ਚੰਡੀ ਚਰਿਤ੍ਰ: ਨਮੋ ਚੰਦ੍ਰਣੀ ਭਾਨੁਵੀਅੰ ਗੁਬਿੰਦੀ।239।
ਜਾਪੁ: ਨਮੋ ਚੰਦ੍ਰ ਚੰਦ੍ਰੇ। ਨਮੋ ਭਾਨ ਭਾਨੇ।47। ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ।185। ਗੋਬਿੰਦੇ। 94।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ ਨੂੰ ਚੰਦ੍ਰਣੀ (ਚੰਦ੍ਰਮਾ ਵਿੱਚਲੀ ਸ਼ਕਤੀ, ਪ੍ਰਕਾਸ਼), ਭਾਨੁਵੀਅੰ (ਸੂਰਜ ਵਿੱਚਲੀ ਸ਼ਕਤੀ) ਅਤੇ ਗੁਬਿੰਦੀ (ਧਰਤੀ ਨੂੰ ਧਾਰਣ ਕਰਨ ਯੋਗ, ਧਰਤੀ ਦਾ ਸਹਾਰਾ) ਕਿਹਾ ਹੈ। ਜਾਪੁ ਵਿੱਚ ਕਵੀ ਨੇ ਓਹੀ ਸ਼ਬਦ ਮੁੜ ਦੁਰਗਾ ਮਾਈ ਲਈ ਵਰਤ ਕੇ ਕਿਹਾ ਹੈ ਕਿ ਉਹ ਚੰਦ੍ਰ ਚੰਦ੍ਰੇ, ਸੂਰਜ ਸੂਰਜੇ, ਭਾਨ ਭਾਨੇ ਅਤੇ ਗੁਬਿੰਦੇ (ਧਰਤੀ ਦਾ ਸਹਾਰਾ) ਹੈ। ਅਸਲੀਅਤ ਇਹੀ ਹੈ ਕਿ ਜਾਪੁ ਅਤੇ ਚੰਡੀ ਚਰਿਤ੍ਰ ਵਿੱਚ ਦੁਰਗਾ ਦੀ ਹੀ ਜੈ ਜੈਕਾਰ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਸੂਰਜ ਅਤੇ ਚੰਦ ਰੱਬ ਦੇ ਭੈ ਵਿੱਚ ਹਨ {ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਵਾਰ ਆਸਾ ਮਹਲਾ 1}, ਦੁਰਗਾ ਦੇ ਭੈ ਵਿੱਚ ਨਹੀਂ। ਸੂਰਜ ਅਤੇ ਚੰਦ ਨੂੰ ਰੱਬ ਤੋਂ ਸ਼ਕਤੀ ਮਿਲ਼ਦੀ ਹੈ, ਦੁਰਗਾ ਦੇਵੀ ਤੋਂ ਨਹੀਂ, ਭਾਵੇਂ ਦੁਰਗਾ ਦਾ ਪੁਜਾਰੀ ਕਵੀ ਦੁਰਗਾ ਨੂੰ ਰੱਬ ਨਾਲ਼ ਤੁਲਨਾ ਦਿੰਦਾ ਹੈ।

20.

ਚੰਡੀ ਚਰਿਤ੍ਰ: ਨਮੋ ਜੋਗਣੀ ਭੋਗਣੀ ਪ੍ਰਮ ਪ੍ਰਗਿਯਾ-।240।
ਜਾਪੁ: ਨਮੋ ਜੋਗ ਜੋਗੇ।ਨਮੋ ਭੋਗ ਭੋਗੇ।28।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ ਦੇਵੀ ਨੂੰ ਜੋਗਣੀ (ਜੋਗ ਵਿੱਦਿਆ ਵਿੱਚ ਪ੍ਰਵੀਨ) ਅਤੇ ਭੋਗਣੀ (ਪਦਾਰਥਾਂ ਦੇ ਭੋਗਣ ਯੋਗ) ਕਹਿ ਕੇ ਨਮੋ ਕੀਤੀ ਹੈ। ਜਾਪੁ ਵਿੱਚ ਵੀ ਜੋਗਣੀ ਅਤੇ ਭੋਗਣੀ ਦੀ ਥਾਂ ਜੋਗੇ ਅਤੇ ਭੋਗੇ ਸ਼ਬਦਾਂ ਦੀ ਇੱਕੋ ਹੀ ਅਰਥਾਂ ਵਿੱਚ ਵਰਤੋਂ ਹੈ। ਸਾਂਝੇ ਗੁਣਾਂ ਕਰਕੇ ਚੰਡੀ ਚਰਿਤ੍ਰ ਅਤੇ ਜਾਪੁ ਵਿੱਚ ਇੱਕੋ ਹੀ ਹਸਤੀ ਦੇ ਗੁਣ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਰੱਬ ਨੂੰ ਹੀ ਜੋਗੀਆਂ ਵਿੱਚ ਜੋਗੀ ਅਤੇ ਭੋਗੀਆਂ ਵਿੱਚ ਭੋਗੀ ਕਿਹਾ ਗਿਆ ਹੈ।
ਜੋਗੀ ਅੰਦਰਿ ਜੋਗੀਆ॥ ਤੂੰ ਭੋਗੀ ਅੰਦਰਿ ਭੋਗੀਆ॥ ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ॥1॥ --ਸ੍ਰੀ ਰਾਗੁ ਮਹਲਾ 1 ਘਰੁ ਤੀਜਾ
ਦੁਰਗਾ ਦਾ ਇਹ ਗੁਣ ਚੰਡੀ ਚਰਿਤ੍ਰ ਵਿੱਚ ਵੀ ਹੈ ਅਤੇ ਜਾਪੁ ਵਿੱਚ ਵੀ ਹੈ। ਦੁਰਗਾ ਰੱਬ ਦੀ ਬਰਾਬਰੀ ਨਹੀਂ ਕਰ ਸਕਦੀ। ਗੁਰਬਾਣੀ ਵਿੱਚ ਇਹ ਰੱਬੀ ਗੁਣ ਹਨ, ਦੁਰਗਾ ਦੇ ਨਹੀਂ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top