13.02.15 ਦੇ ‘ਖ਼ਾਲਸਾ ਨਿਊਜ਼’ ਵਿਚ ਛਪੇ ਦਾਸ ਦੇ ਆਰਟੀਕਲ "ਬਾਨਾਰਸਿ ਕੇ ਠਗ"
ਨੂੰ ਪੜ੍ਹ ਕੇ ਬਹੁਤ ਵੀਰਾਂ ਭੈਣਾਂ ਦੇ ਕੁਮੈਂਟ ਆਏ ਹਨ। ਕਈਆਂ ਨੇ ਟੈਲੀਫੂਨ ਵੀ ਕੀਤੇ ਹਨ।
ਵੀਰ ਗਜਿੰਦਰ ਸਿੰਘ ਜੀ ਨੇ ਬਰਮਿੰਘਮ ਦਾ ਜ਼ਿਕਰ ਕੀਤਾ ਹੈ। ਵੀਰ ਜੀਓ ਇਕੱਲਾ ਬਰਮਿੰਘਮ ਹੀ ਨਹੀਂ
ਚਿੱਟੀ ਸਿਉੁਂਕ ਹਰੇਕ ਜਗ੍ਹਾ ਫੈਲ ਰਹੀ ਹੈ ਇਸ ਦੇ ਕਈ ਕਾਰਨ ਹਨ।
ਦਾਸ ਦੀ ਤੁਛ ਬੁੱਧੀ ਅਨੁਸਾਰ ਪਹਿਲਾ ਕਾਰਨ ਤਾਂ ਹੈ ਕਿ ਅਸੀਂ ਬਾਣੀ ਨੂੰ
ਵਿਚਾਰ ਕੇ ਪੜ੍ਹਦੇ ਹੀ ਨਹੀਂ। ਬਾਣੀ ਦੇ ਗੁਹਜ ਅਰਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
ਅਸੀਂ ਤਾਂ ਕੀਤੇ ਕਰਾਏ ਪਾਠਾਂ, ਅਰਦਾਸਾਂ ਵਿਚੋਂ ਹੀ ਮੁਕਤੀਆਂ ਭਾਲ਼ਦੇ ਹਾਂ। ਬਾਣੀ ਤਾਂ ‘ਆਪਣ
ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ਦਾ ਹੋਕਾ ਦਿੰਦੀ ਹੈ, ਪਰ ਅਸੀਂ ਆਪ ਕੁਝ ਨਹੀਂ
ਕਰਨਾ ਚਾਹੁੰਦੇ। ਸਾਡੀ ਇਸੇ ਕਮਜ਼ੋਰੀ ਨੂੰ ਸਾਧ ਬਾਬੇ ਅਤੇ ਪੁਜਾਰੀ ਵਰਗ ਚੰਗੀ ਤਰ੍ਹਾਂ ਜਾਣਦਾ
ਹੈ ਤੇ ਉਹ ਸਾਥੋਂ ਮਾਇਆ ਦੇ ਗੱਫੇ ਲੈ ਕੇ ਸਾਨੂੰ ਮੁੰਡਿਆਂ ਤੋਂ ਲੈ ਕੇ ਸਵਰਗਾਂ ਤੱਕ ਦੀਆਂ
ਟਿਕਟਾਂ ਦੇ ਲਾਰੇ ਲਾਉਂਦੇ ਹਨ ਤੇ ਅਸੀਂ ਉਹਨਾਂ ਦੇ ਲਾਰਿਆਂ ਵਿਚ ਫ਼ਸੇ ਝੁੱਗੇ ਚੌੜ ਕਰਵਾ
ਬਹਿੰਦੇ ਹਾਂ। ਦਾਸ ਐਸੇ ਪਰਵਾਰਾਂ ਨੂੰ ਜਾਣਦਾ ਹੈ ਜਿਹੜੇ ਕਈ ਕਈ ਸਾਲ ਇਹਨਾਂ ਠੱਗਾਂ ਕੋਲੋਂ
ਲੁੱਟ ਹੁੰਦੇ ਰਹੇ ਤੇ ਜਦੋਂ ਉਹਨਾਂ ਨੇ ਅਸਲੀਅਤ ਦੇਖੀ ਤਾਂ ਅੱਖਾਂ ਖੁੱਲ੍ਹੀਆਂ। ਜਿਸ ਪੁਜਾਰੀ
ਵਰਗ ਤੋਂ ਗੁਰੂ ਸਾਹਿਬਾਂ ਨੇ ਸਾਡਾ ਛੁਟਕਾਰਾ ਕਰਵਾਇਆ ਸੀ ਉਹ ਪੁਜਾਰੀ ਹੁਣ ਸਾਡੇ ਤਖ਼ਤਾਂ ਤੋਂ
ਲੈ ਕੇ ਆਮ ਗੁਰਦੁਆਰਿਆਂ ਤੱਕ ਕਾਬਜ਼ ਹੋ ਗਿਆ ਹੈ। ਸਿੰਘਾਂ ਦੇ ਜੰਗਲਾਂ ਦੇ ਕਿਆਮ ਦੌਰਾਨ ਇਸ
ਪੁਜਾਰੀ ਵਰਗ ਨੇ ਗੁਰਦੁਆਰਿਆਂ ਉੱਪਰ ਆਪਣਾ ਨਾਗਵਲ਼ ਬਹੁਤ ਪੀਢਾ ਕਰ ਲਿਆ।
ਸਿੱਖ-ਸਿਧਾਂਤ ਬਹੁਤ ਇਨਕਲਾਬੀ ਹੈ।
ਇਹ ਸਦੀਆਂ ਦੇ ਬੁਸੇ ਤੇ ਸੜੇ ਹੋਏ ਕਰਮਕਾਂਡ ਨੂੰ ਮਾਨਤਾ ਨਹੀਂ ਦਿੰਦਾ। ਪਰ ਜਿਹੜੇ ਲੋਕ
ਕਰਮਕਾਂਡ ਦੇ ਹਾਮੀ ਹਨ, ਉਹਨਾਂ ਦੀ ਹਰ ਕੋਸ਼ਿਸ਼ ਹੈ ਕਿ ਸਿੱਖ
ਸਿਧਾਂਤ ਨੂੰ ਖੋਰਾ ਲਾਉਣਾ ਹੈ ਤੇ ਖੋਰਾ ਵੀ ਇਸ ਤਰ੍ਹਾਂ ਲਾਉਣਾ ਹੈ ਕਿ ਬਾਹਰੋਂ ਤਾਂ ਇਸ ਦਾ
ਸਰੂਪ ਭਾਵੇਂ ਬਹੁਤਾ ਨਾ ਵਿਗੜੇ, ਪਰ ਅੰਦਰੋਂ ਤੱਤ ਸਾਰਾ ਹੀ ਮਰ ਜਾਵੇ। ਇਸੇ ਕਰ ਕੇ
ਇਸ ਦੇ ਦੋਖੀਆਂ ਨੇ ਚਿੱਟੀ ਸਿਉਂਕ ਤਿਆਰ ਕੀਤੀ। ਇਸੇ ਲਈ ਜਿਹੜੇ ਸਿੱਖ ਗੁਰਬਾਣੀ ਦੇ ਸਿਧਾਂਤ
ਨੂੰ ਨਹੀਂ ਸਮਝਦੇ ਉਹ ਅਗਿਆਨਤਾ ਵਸ ਚਿੱਟੀ ਸਿਉਂਕ ਨੂੰ ਹੀ ਸਿੱਖੀ ਦੇ ਧੁਰੇ ਸਮਝੀ ਜਾਂਦੇ ਹਨ।
ਵੀਰ ਜੀ, ਬਰਮਿੰਘਮ ਨੂੰ ਕੀ ਰੋਂਦੇ ਹੋ ਸ੍ਰੀ ਕੇਸ ਗੜ੍ਹ ਸਾਹਿਬ ਦੇ ਆਲ਼ੇ
ਦੁਆਲੇ ਦੇਖੋ ਚਿੱਟੀ ਸਿਉਂਕ ਕਿਵੇਂ ਫ਼ੈਲ ਗਈ ਹੈ। ਇਕ ਅੰਦਾਜ਼ੇ ਮੁਤਾਬਿਕ ਪੰਜਾਹ ਕੁ ਡੇਰੇ ਤਾਂ
ਖੁੱਲ੍ਹ ਹੀ ਗਏ ਹਨ। ਚਿੱਟੀ ਸਿਉਂਕ ਦੇ ਪਿੱਛੇ ਸਰਕਾਰਾਂ, ਏਜੰਸੀਆਂ, ਪੈਸਾ, ਜ਼ਮੀਨਾਂ,
ਪ੍ਰਸ਼ਾਸਨ ਗੱਲ ਕੀ ਹਰ ਸਹੂਲਤ ਉਪਲਬਧ ਕਰਵਾਈ ਜਾਂਦੀ ਹੈ। ਜਿੱਥੇ ਵੀ ਉਹਨਾਂ ਨੂੰ ਖ਼ਬਰ ਮਿਲਦੀ
ਹੈ ਕਿ ਇਥੇ ਬਾਣੀ ਦੇ ਸ਼ਬਦ ਦੀ ਵਿਚਾਰ ਹੋ ਰਹੀ ਹੈ ਉੱਥੇ ਹੀ ਕੋਈ ਸ਼ੋਸ਼ਾ ਛੱਡ ਕੇ ਸੰਗਤਾਂ ਨੂੰ
ਗੁਰ-ਸ਼ਬਦ ਨਾਲੋਂ ਤੋੜਿਆ ਜਾਂਦਾ ਹੈ। ਯੂ-ਟਿਊਬ ਅਤੇ ਵਟਸ-ਅੱਪ ਤੇ ਅੱਜ ਕਲ ਆਪ ਜੀ ਨਾਮ ਜਪਣ ਦੇ
ਨਵੇਂ ਨਵੇਂ ਤਰੀਕੇ ਦੇਖ ਰਹੇ ਹੋ। ਨਾਮ ਜਪਦਿਆਂ ਦਸਤਾਰਾਂ ਗਲ਼ਾਂ ‘ਚ ਪੈ ਜਾਂਦੀਆਂ ਹਨ, ਬੀਬੀਆਂ
ਦੇ ਦੁਪੱਟੇ, ਕੇਸਕੀਆਂ ਖੁਲ੍ਹ ਕੇ ਕੇਸ ਖਿੱਲਰ ਜਾਂਦੇ ਹਨ।ਇਹ ਕਿਹੜਾ ਨਾਮ ਹੈ? ਪਾਗ਼ਲਾਂ ਵਾਂਗ
ਸਿਰ ਮਾਰ ਕੇ ਨਾਮ ਜਪਿਆ ਜਾ ਰਿਹਾ ਹੈ। ਇਸ ਨਾਮ ਦੀ ਕਾਢ ਕੱਢਣ ਵਾਲ਼ਾ ਕਰੋੜਾਂ ਦੀ ਜਾਇਦਾਦ ਬਣਾ
ਕੇ ਆਪਣੇ ਮੁੰਡੇ ਨੂੰ ਦੇ ਗਿਆ ਹੈ। ਭੋਲ਼ੇ ਸਿੱਖ ਕਦੋਂ ਸਮਝਣਗੇ?
ਪਿੱਛੇ ਜਿਹੇ ਸ੍ਰੀ
ਆਨੰਦਪੁਰ ਸਾਹਿਬ ਵਿਖੇ ਇਕ ਸਮਾਗਮ ਕੀਤਾ ਗਿਆ ਜਿਸ ਵਿਚ ਚੁੱਪ ਕਰ ਕੇ ਅਖੰਡ ਪਾਠ ਕੀਤਾ ਗਿਆ ਤੇ
ਇਸ ਵਿਚ ਅਕਾਲ ਤਖ਼ਤ ਦੀ ਮਰਯਾਦਾ ਦੇ ‘ਰਾਖੇ’ ਵੀ ਸ਼ਾਮਲ ਹੋਏ। ਯਾਦ ਰਹੇ ਕਿ ਜਿੱਥੇ ਕਿਤੇ
ਵੀ ਅਕਾਲ ਤਖ਼ਤ ਦੀ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਉੱਥੇ ਇਹ ਮਰਯਾਦਾ ਦੇ ਅਖਾਉਤੀ
‘ਰਾਖੇ’ ਗੱਜ ਵੱਜ ਕੇ ਪਹੁੰਚਦੇ ਹਨ, ਕਿਉਂ ਆਪਣੇ ਮਾਲਕਾਂ ਲਈ ਵੋਟਾਂ ਦਾ ਪ੍ਰਬੰਧ ਵੀ ਤਾਂ ਕਰਨਾ
ਹੁੰਦਾ ਹੈ, ਸਿੱਖ ਸਿਧਾਂਤ ਜਾਵੇ ਢੱਠੇ ਖੂਹ ‘ਚ। ਇਕ ਪੰਥ ਦੋ ਕਾਜ ਹੋ ਜਾਂਦੇ ਹਨ, ਨਾਲ਼ੇ ਮਾਲਕ
ਖ਼ੁਸ਼ ਨਾਲ਼ੇ ਭਾਰੇ ਭਾਰੇ ਲਿਫ਼ਾਫੇ ਮਿਲ਼ ਜਾਂਦੇ ਹਨ। ਕੋਈ ਦੱਸੇਗਾ ਜੀ
ਕਿ ਚੁੱਪ ਰਹਿ ਕੇ ਅਖੰਡ ਪਾਠ ਕਰਨ ਦੀ ਕਿਹੜੀ ਮਰਯਾਦਾ ਹੈ?
ਦਾਸ ਦੀ ਤੁੱਛ ਬੁੱਧੀ ਅਨੁਸਾਰ ਨਾਮ ਜਪਣਾ ਤਾਂ ਗੁਰੂ ਅਤੇ ਸਿੱਖ
ਵਿਚਕਾਰ ਇਕ ਬੜਾ ਹੀ ਪਾਕ ਪਵਿੱਤਰ ਰਿਸ਼ਤਾ ਹੈ ਜਿਸ ਨੂੰ ਚਿਮਟਿਆਂ ਵਾਜਿਆਂ ਦੇ ਰੌਲ਼ੇ ਰੱਪੇ
ਵਿਚਕਾਰ ਕਾਇਮ ਨਹੀਂ ਰੱਖਿਆ ਜਾ ਸਕਦਾ। ਕਿਉਂ ਨਹੀਂ ਸ਼ਬਦ ਦੀ ਵੀਚਾਰ ਖੋਲ੍ਹ ਕੇ ਸੰਗਤਾਂ
ਨੂੰ ਦੱਸੀ ਜਾਂਦੀ? ਪਰ ਨਹੀਂ ਇਸ ਵਿਚ ਗੁਰਦੁਆਰਿਆਂ, ਰਾਗੀਆਂ, ਪ੍ਰਬੰਧਕਾਂ, ਪ੍ਰਚਾਰਕਾਂ
ਸਭ ਦੇ ਆਪਣੇ ਆਪਣੇ ਹਿਤ ਲੁਕੇ ਹੋਏ ਹਨ। "ਆਸਾ
ਕੀ ਵਾਰ" ਨੂੰ ਕਿਉਂ ਗੁਰਦੁਆਰਿਆਂ ਵਿਚੋਂ ਦੂਰ ਕਰ
ਦਿਤਾ ਗਿਆ? ਕਿਉਂਕਿ "ਆਸਾ ਕੀ ਵਾਰ"
ਸਾਨੂੰ ਸਾਡੀਆਂ ਸਮਾਜਿਕ ਤੇ ਧਾਰਮਿਕ ਕਰਤੂਤਾਂ ਦੇ ਦਰਸ਼ਨ ਕਰਵਾਉਂਦੀ ਹੈ ਤੇ ਕੋਈ ਵੀ
ਵਿਅਕਤੀ ਇਹ ਦੇਖਣਾ ਨਹੀਂ ਚਾਹੁੰਦਾ। ਕਿਸੇ ਕਿਸੇ ਗੁਰਦੁਆਰੇ ਵਿਚ ਨਾਂ ਦੇ ਤੌਰ ‘ਤੇ ਦੋ
ਚਾਰ ਛੱਕੇ ਪੜ੍ਹ ਲਏ ਜਾਂਦੇ ਹਨ।
ਸਿੱਖ-ਸਿਧਾਂਤ ਦਾ ਦੋਖੀ ਇਹੀ ਚਾਹੁੰਦਾ ਹੈ ਕਿ ਸਿੱਖ ਲੰਮੇ ਲੰਮੇ
ਨਗਰ ਕੀਰਤਨ ਜੀ ਸਦਕੇ ਕੱਢਣ, ਤਿੰਨ ਤਿੰਨ ਸੌ ਤਰ੍ਹਾਂ ਦੇ ਵਿਅੰਜਨਾਂ ਵਾਲ਼ੇ ਲੰਗਰ ਲਾਉਣ,
ਅਖੰਡ ਪਾਠ ਕਰਨ ਕਰਵਾਉਣ, ਨਾਮ ਜਪਣ ਜਪਾਉਣ, ਕੀਰਤਨ ਦਰਬਾਰ ਕਰਵਾਉਣ ਪਰ ਬਾਣੀ ਦੀ ਵੀਚਾਰ
ਵਾਲ਼ਾ ਕੋਈ ਪ੍ਰੋਗਰਾਮ ਨਾ ਕਰਨ। ਜੇ ਕੋਈ
ਆਕੀ ਹੋ ਕੇ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰੇਗਾ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਵਾਲ਼ਾ ਹਾਲ
ਯਾਦ ਰੱਖਣ।
ਸਾਡੇ ਪ੍ਰਚਾਰਕਾਂ, ਗ੍ਰੰਥੀਆਂ ਲਈ ਪੜ੍ਹਾਈ ਦਾ ਕੋਈ ਮਿਆਰ ਨਿਸ਼ਚਤ
ਨਹੀਂ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਨੌਕਰੀ ਲਈ ਮਾਸਟਰਜ਼
ਡਿਗਰੀ ਦੀ ਯੋਗਤਾ ਮੰਗੀ ਗਈ ਹੋਵੇਗੀ ਤਾਂ ਦਸਵੀਂ, ਬਾਰ੍ਹਵੀਂ ਪੜ੍ਹਿਆ ਵਿਅਕਤੀ ਗੁੱਸਾ ਨਹੀਂ
ਕਰੇਗਾ ਕਿਉਂਕਿ ਨੌਕਰੀ ਲਈ ਯੋਗਤਾ ਹੀ ਇਹ ਮੰਗੀ ਗਈ ਹੈ।
ਦੂਸਰੇ ਧਰਮਾਂ ‘ਚ ਕਈ ਕਈ ਸਾਲ ਦੀ ਵਿਦਿਆ ਤੋਂ ਬਾਅਦ ਧਰਮ
ਪ੍ਰਚਾਰਕ ਦਾ ਅਹੁੱਦਾ ਮਿਲਦਾ ਹੈ, ਪਰ ਇਥੇ ਤਾਂ ਦਾਸ ਐਸੇ ਵਿਅਕਤੀਆਂ ਨੂੰ ਵੀ ਜਾਣਦਾ ਹੈ
ਜੋ ਵਿਆਹਾਂ ਸ਼ਾਦੀਆਂ ਤੇ ਜਾਂ ਅੰਤਮ ਸੰਸਕਾਰਾਂ ‘ਤੇ ਇੰਡੀਆ ਤੋਂ ਆਏ ਹੋਏ ਹੀ ਗ੍ਰੰਥੀਆਂ
ਦੇ ਤੌਰ ‘ਤੇ ਇਥੇ ਟਿਕ ਗਏ ਜਾਂ ਟਿਕਾ ਲਏ ਗਏ ਜਾਂ ਪ੍ਰਬੰਧਕਾਂ ਨੇ ਵਾਜੇ ਦੀਆਂ ਦੋ ਸੁਰਾਂ
ਦੇ ਗਿਆਤਾ ਨੂੰ ਹੀ ਗ੍ਰੰਥੀ ਰੱਖ ਲਿਆ ਕਿਉਂਕਿ ਤਨਖ਼ਾਹ ਜੁ ਨਾਮਾਤਰ ਦੇਣੀ ਹੈ। ਇਹੋ ਜਿਹੇ
ਕਈ ਵਿਅਕਤੀ ਤਾਂ ਬਿਨਾਂ ਤਨਖਾਹੋਂ ਵੀ ਗ੍ਰੰਥੀ ਲੱਗਣ ਨੂੰ ਤਿਆਰ ਹੁੰਦੇ ਹਨ, ਕਿਉਂਕਿ ਉਹਨਾਂ
ਨੂੰ ਪਤਾ ਹੁੰਦਾ ਹੈ ਕਿ ਕਿਹੜੇ ਕਿਹੜੇ ਜੁਗਾੜ ਨਾਲ਼ ਸੰਗਤਾਂ ਠੱਗੀਆਂ ਜਾ ਸਕਦੀਆਂ ਹਨ।
ਵੀਰ ਜੀ, ਅਸੀਂ ਧਰਮ ਨੂੰ ਧੰਦਾ ਬਣਾ ਲਿਆ ਹੈ, ਬਸ ਇਹੋ ਸਾਡੀ ਕਮਜ਼ੋਰੀ ਹੈ। ਪ੍ਰਬੰਧਕਾਂ
ਬਾਰੇ ਕਿਤੇ ਫੇਰ ਵਿਚਾਰ ਕਰਾਂਗੇ।
ਆਉ ਸਾਰੇ ਰਲ਼ ਕੇ ਹੰਭਲਾ ਮਾਰੀਏ ਤੇ ਇਸ ਨਿਰਮਲ
ਪੰਥ ਵਿਚ ਖੋਟ ਰਲ਼ਣ ਤੋਂ ਇਸ ਨੂੰ ਬਚਾਈਏ।