Share on Facebook

Main News Page

ਬਾਪੂ ਸੂਰਤ ਸਿੰਘ ਖਾਲਸਾ ਦੀ ਅਚਾਨਕ ਰਿਹਾਈ, ਬਾਦਲਾਂ ਦੀ ਸੋਚ ਵਿੱਚ ਰਾਤੋ ਰਾਤ ਬਦਲਾਓ ਕਿਉਂ ਆਇਆ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬਾਪੂ ਸੂਰਤ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਉੱਤੇ ਬੈਠਿਆਂ ਸੌ ਦਿਨ ਪੂਰੇ ਹੋਣ ਹੀ ਵਾਲੇ ਸਨ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਅਚਾਨਕ ਬਾਪੂ ਸੂਰਤ ਸਿੰਘ ਨੂੰ ਚੁੱਪ ਚੁਪੀਤੇ ਹੀ, ਰਾਤ ਦੇ ਦਸ ਵਜੇ ਰਿਹਾ ਕਰ ਦਿੱਤਾ। ਇਹ ਰਿਹਾਈ ਜਿਹੜੀ ਬਹੁਤ ਸਾਰੀਆ ਜਥੇਬੰਦੀਆਂ ਵੀ ਮੰਗ ਰਹੀਆਂ ਸਨ ਅਤੇ ਥਾਂ ਥਾਂ ਉੱਤੇ ਵੰਗਾਰ ਮਾਰਚ ਕੱਢੇ ਗਏ, ਹੋਰ ਢੰਗ ਤਰੀਕਿਆਂ ਨਾਲ ਪ੍ਰਦਰਸ਼ਨ ਹੋਏ, ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ ਸੀ, ਉਲਟਾ ਬਾਪੂ ਸੂਰਤ ਸਿੰਘ ਖਾਲਸਾ ਦੇ ਸਪੁੱਤਰ ਸ. ਰਵਿੰਦਰਜੀਤ ਸਿੰਘ ਗੋਗੀ ਅਤੇ ਭਾਈ ਦਮਨਦੀਪ ਸਿੰਘ ਖਾਲਸਾ ਵਰਗਿਆਂ ਨੂੰ ਵੀ ਫੜਕੇ ਜੇਲ ਵਿੱਚ ਬੰਦ ਕਰ ਦਿੱਤਾ ਸੀ। ਸਰਕਾਰ ਨੇ ਇਸ ਤਰ੍ਹਾਂ ਦੀ ਸਖਤੀ ਵਰਤੀ ਕਿ ਜਿਵੇ ਕਿਤੇ ਬਾਪੂ ਖਾਲਸਾ ਜਾਂ ਉਹਨਾਂ ਦਾ ਐਨ.ਆਰ.ਆਈ ਸਪੁੱਤਰ ਬਹੁਤ ਦੀ ਵੱਡੇ ਅਪਰਾਧੀ ਹੋਣ ਅਤੇ ਉਹਨਾਂ ਦੀ ਰਿਹਾਈ ਨਾਲ ਕੋਈ ਆਫਤ ਆਉਣ ਵਾਲੀ ਹੋਵੇ ਅਤੇ ਸਰਕਾਰ ਦਾ ਤਖਤਾ ਪਲਟਣ ਦਾ ਡਰ ਹੋਵੇ, ਪਰ ਕੱਲ ਅਚਾਨਕ ਹੀ ਰਿਹਾਈ ਹੋ ਗਈ।

ਬਾਪੂ ਸੂਰਤ ਸਿੰਘ ਖਾਲਸਾ ਨੇ ਜਿਸ ਕਾਰਜ਼ ਨੂੰ ਲੈ ਕੇ ਭੁੱਖ ਹੜਤਾਲ ਆਰੰਭ ਕੀਤੀ ਸੀ, ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ, ਕਤਲ ਦੇ ਦੋਸ਼ ਵਿੱਚ ਅਦਾਲਤਾਂ ਵੱਲੋਂ ਮਿਲੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਕੁੱਝ ਸਿੱਖ ਬੰਦੀ, ਹਾਲੇ ਤੱਕ ਰਿਹਾਈ ਨਹੀਂ ਲੈ ਸਕੇ, ਉਹਨਾਂ ਨੂੰ ਰਿਹਾਈ ਦਿਵਾਉਣ ਵਾਸਤੇ ਪਹਿਲਾਂ ਵੀ ਦੋ ਭੁੱਖ ਹੜਤਾਲਾਂ ਹੋਈਆਂ, ਬੇਸ਼ੱਕ ਪੈਰੋਲ ਤੇ ਕੁੱਝ ਸਿੰਘ ਬਾਹਰ ਵੀ ਆਏ, ਪਰ ਉਹ ਪਹਿਲੀਆਂ ਹੜਤਾਲਾਂ ਦੀ ਸਮਾਪਤੀ, ਇਹੋ ਜਿਹੇ ਢੰਗ ਨਾਲ ਹੋਈ ਕਿ ਸਿੱਖਾਂ ਅੰਦਰ ਇੱਕ ਨਮੋਸ਼ੀ ਜਿਹੀ ਦਿੱਸਣ ਲੱਗੀ ਤਾਂ ਬਾਪੂ ਸੂਰਤ ਸਿੰਘ ਖਾਲਸਾ, ਜਿਹੜੇ ਟਕਸਾਲੀ ਅਕਾਲੀ ਹਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀਆਂ ਵਿੱਚੋਂ ਗਿਣੇ ਜਾਂਦੇ ਹਨ, ਨੇ ਕੌਮ ਦੀ ਅਤੇ ਸੰਘਰਸ਼ ਦੀ ਤਮਾਸ਼ਾਈ ਹਾਲਤ ਨੂੰ ਬੜੀ ਗੰਭੀਰਤਾ ਨਾਲ ਲਿਆ ਕਿ ਜੇ ਅੱਜ ਸੰਘਰਸ਼ ਇਸ ਤਰ੍ਹਾਂ ਹੀ ਫੇਲ ਹੋਣ ਲੱਗ ਪਏ ਤਾਂ ਭਵਿੱਖ ਵਿੱਚ ਕੌਮ ਦੀ ਛਵੀ ਹੀ ਖਰਾਬ ਹੋ ਜਾਵੇਗੀ ਅਤੇ ਕੋਈ ਕਿਸੇ ਸੰਘਰਸ਼ੀ ਉੱਤੇ ਭਰੋਸਾ ਹੀ ਨਹੀਂ ਕਰੇਗਾ ਕਿ ਇਹ ਸਿਰੇ ਲਵੇਗਾ ਜਾਂ ਰਾਹ ਵਿੱਚ ਹੀ ਡੋਬਾ ਦੇ ਜਾਵੇਗਾ, ਬਾਪੂ ਖਾਲਸਾ ਨੇ ਚੁੱਪ ਚੁਪੀਤੇ ਗੁਰੂ ਦਾ ਆਸਰਾ ਲੈ ਕੇ ਪੰਥਕ ਕਾਰਜ਼ ਵਾਸਤੇ ਭੁੱਖ ਹੜਤਾਲ ਆਰੰਭ ਕਰ ਦਿੱਤੀ।

ਸਰਕਾਰ ਨੂੰ ਇਹ ਸੀ ਕਿ ‘‘ਯੇਹ ਬਾਜੂ ਮੇਰੇ ਆਜਮਾਏ ਹੁਏ ਹੈਂ’’ ਕਿ ਜਿਵੇ ਪਹਿਲੀਆਂ ਦੋ ਭੁੱਖ ਹੜਤਾਲਾਂ ਨੂੰ ਨਾਟਕੀ ਜਿਹੇ ਤਰੀਕੇ ਨਾਲ, ਬੇ ਸਿੱਟਾ ਹੀ ਖਤਮ ਕਰ ਦਿੱਤਾ ਸੀ, ਇਸ ਨੂੰ ਵੀ ਕੁੱਝ ਦਿਨਾਂ ਵਿੱਚ ਸਮਾਪਤੀ ਦੇ ਕੰਢੇ ਲੈ ਆਦਾ ਜਾਵੇਗਾ। ਸਰਕਾਰ ਨੇ ਅਸਲ ਵਿੱਚ ਬਾਪੂ ਖਾਲਸਾ ਨੂੰ ਫੜ ਕੇ ਹਸਪਤਾਲ ਵਿੱਚ ਇਸ ਵਾਸਤੇ ਨਜਰਬੰਦ ਕੀਤਾ ਸੀ ਕਿ ਕੁੱਝ ਦਿਨਾਂ ਵਿੱਚ ਬਾਪੂ ਖਾਲਸਾ ਦੀ ਕੋਈ ਦਵਾਈ ਲੱਭ ਲਈ ਜਾਵੇਗੀ, ਕਿਉਂਕਿ ਬਾਪੂ ਕੋਲ ਗੁਰੂ ਦਾ ਦਿੱਤਾ ਸਭ ਕੁੱਝ ਹੈ, ਸਾਰਾ ਪਰਿਵਾਰ ਅਤੇ ਖੁਦ ਆਪ ਐਨ.ਆਰ.ਆਈ. ਹੈ, ਬਸ ਥੋੜੇ ਦਿਨ ਦੀ ਚਰਚਾ ਅਤੇ ਵਾਹ ਵਾਹ ਤੋਂ ਬਾਅਦ, ਬਾਪੂ ਜੀ ਵੀ ਮੰਨ ਹੀ ਜਾਣਗੇ, ਲੇਕਿਨ ਬਾਦਲ ਸਾਹਬ ਜਾਂ ਉਹਨਾਂ ਦੇ ਨਾਲ ਦੇ ਪੰਜਾਬੀ ਪਾਰਟੀ (ਅਕਾਲੀ ਦਲ ਬਾਦਲ) ਵਾਲਿਆਂ ਨੂੰ ਕੀਹ ਪਤਾ ਸੀ ਕਿ ਟਕਸਾਲੀ ਆਗੂ ਆਪਣੇ ਅਕੀਦੇ ਤੋਂ, ਨਿਸ਼ਾਨੇ ਦੀ ਪ੍ਰਾਪਤੀ ਬਿਨ੍ਹਾਂ ਪਿੱਛੇ ਨਹੀਂ ਹਟਦੇ। ਜਦੋਂ ਸਰਕਾਰੀ ਤੰਤਰ ਬਾਪੂ ਨੂੰ ਭਰਮਾਉਣ ਜਾਂ ਫੁਸਲਾਉਣ ਵਿੱਚ ਫੇਲ ਹੋ ਗਿਆ, ਤਾਂ ਫਿਰ ਸਰਕਾਰ ਸਖਤੀ ਦੇ ਰਾਉਂ ਵਿੱਚ ਆਈ। ਇੱਕ ਦਮ ਬਾਪੂ ਖਾਲਸਾ ਦੀਆਂ ਮੁਲਾਕਤਾਂ ਬੰਦ, ਹਸਪਤਾਲ ਦੀ ਘੇਰਾਬੰਦੀ ਪੁੱਤਰ ਸਮੇਤ ਕੁੱਝ ਹੋਰਾਂ ਨੂੰ ਝੂਠੇ ਮੁਕੱਦਮੇਂ ਪਾ ਕੇ ਜੇਲ ਬੰਦ ਕਰ ਦਿੱਤਾ।

ਬਾਦਲ ਸਾਹਬ ਦੀ ਭਗਵੀ ਅਤੇ ਨੀਲੀ ਸਰਕਾਰ ਦੀ ਸੋਚ ਸੀ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਅਮਰੀਕਾ ਨਿਵਾਸੀ ਸਪੁੱਤਰ ਆਪਣੇ ਕੰਮ ਕਾਰ ਅਤੇ ਸੁੱਖ ਆਰਾਮ ਛੱਡ ਕੇ, ਬਹੁਤੇ ਦਿਨ ਇੱਥੇ ਨਹੀਂ ਰਹਿ ਸਕੇਗਾ ਜਾਂ ਫਿਰ ਜੇਲ ਵਿੱਚ, ਸਾਡੇ ( ਬਾਦਲ ਪਿਓ ਪੁੱਤਰਾਂ ) ਵਾਂਗੂੰ ਫਲੱਸ਼ ਦੀਆਂ ਇੰਗਲਿਸ਼ ਸੀਟਾਂ ਅਤੇ ਮਿਨਰਲ ਵਾਟਰ ਦੀ ਮੰਗ ਕਰੇਗਾ, ਜੋ ਅਸੀਂ ਪ੍ਰਸਾਸ਼ਨ ਨੂੰ ਦੇਣ ਨਹੀਂ ਦੇਣਾ ਤਾਂ ਕੁੱਝ ਦਿਨਾਂ ਵਿੱਚ ਆਪੇ ਆਖੇਗਾ ਕਿ ਮੇਰਾ ਖਹਿੜਾ ਛੱਡੋ, ਮੈਂ ਬਾਪੂ ਜੀ ਨੂੰ ਵੀ ਉਠਾ ਦਿੰਦਾ ਹਾਂ, ਮੈਥੋਂ ਅਜਿਹੀ ਗੰਦੀ ਜੇਲ ਨਹੀਂ ਕੱਟੀ ਜਾਂਦੀ, ਪਰ ਉਸ ਵੀਰ ਗੋਗੀ ਅੰਦਰ ਵੀ ਟਕਸਾਲੀ ਬਾਪੂ ਦਾ ਖੂਨ ਹੈ, ਬੇਸ਼ੱਕ ਉਸ ਨੂੰ ਗੰਦੀ ਬੈਰਕ ਵਿੱਚ ਬੰਦ ਕੀਤਾ ਗਿਆ, ਪਰ ਉਹ ਡੋਲਿਆ ਨਹੀਂ, ਸਗੋਂ ਜਮਾਨਤ ਤੋਂ ਵੀ ਇਨਕਾਰ ਕਰ ਦਿੱਤਾ। ਜਿਸ ਨਾਲ ਸਰਕਾਰ ਦਾ ਆਖਰੀ ਹਥਿਆਰ ਵੀ ਫੇਲ ਹੋ ਗਿਆ ਅਤੇ ਸਰਕਾਰ ਨੇ ਬਾਪੂ ਖਾਲਸਾ ਦੇ ਹੱਕ ਵਿੱਚ ਖੜੀ ਹੋਣ ਵਾਲੀ ਮੁਹਿੰਮ ਨੂੰ ਰੋਕਣ ਵਾਸਤੇ ਸਾਰੀ ਸ਼ਕਤੀ ਲਗਾ ਦਿੱਤੀ। ਇੱਥੋਂ ਤੱਕ ਕੇ ਅਦਾਰਾ ਰੋਜ਼ਾਨਾਂ ਪਹਿਰੇਦਾਰ ਦੇ ਸੰਪਾਦਕ ਨੂੰ ਵੀ ਇੱਕ ਦਿਨ ਬੰਦੀ ਬਣਾਕੇ ਥਾਣੇ ਰੱਖਿਆ, ਫਿਰ ਹੋਰਨਾਂ ਸ਼ਹਿਰਾਂ ਵਿੱਚ ਵੰਗਾਰ ਮਾਰਚਾਂ ਨੂੰ ਅਨੋਖੇ ਢੰਗਾਂ ਨਾਲ ਰੋਕਿਆ। ਇਹ ਵੀ ਕੌੜਾ ਸੱਚ ਹੈ ਕਿ ਮੀਡੀਆ ਨੇ ਵੀ ‘‘ ਬੇਸ਼ਰਮ ਦੀ ਮਾਂ ਕੋਠੀ 'ਚ ਮੁੰਹ ’’ ਵਾਲਾ ਹੀ ਰੋਲ ਅਦਾ ਕੀਤਾ।

ਬਹੁਤ ਸਾਰੇ ਲੋਕਾਂ ਨੇ ਬਾਪੂ ਖਾਲਸਾ ਦੇ ਸੰਘਰਸ਼ ਦੀ ਭਾਵਨਾਂ ਨੂੰ ਸਮਝਦਿਆਂ, ਆਪਣੇ ਬਿਤ ਅਨੁਸਾਰ ਨਾਲ ਮਿਲਕੇ ਤੁਰਨ ਦੇ ਯਤਨ ਵਜੋਂ, ਬਹੁਤ ਥਾਈ ਮਾਰਚ ਕੱਢੇ ਜਾਂ ਸਰਕਾਰ ਨੂੰ ਮੈਮੋਰੰਡਮ ਵੀ ਦਿੱਤੇ, ਪਰ ਹੁਣ ਥੋੜੇ ਦਿਨਾਂ ਤੋਂ ਬਾਪੂ ਖਾਲਸਾ ਵੱਲੋਂ ਅਰੰਭੇ ਸੰਘਰਸ਼ ਦੀ ਹਮਾਇਤ ਅਤੇ ਬਾਪੂ ਨਾਲ ਹੋਈਆਂ ਜਾਂ ਹੋ ਰਹੀਆਂ ਵਧੀਕੀਆਂ ਨੂੰ ਮੁੱਖ ਰੱਖਦਿਆਂ, ਕੁੱਝ ਲੋਕਾਂ ਨੇ ਆਪਣੇ ਹਿਸਾਬ ਨਾਲ ਸੰਘਰਸ਼ ਨੂੰ ਨਵੇਂ ਮੋੜ ਦੇਣੇ ਵੀ ਸ਼ੁਰੂ ਕਰ ਦਿੱਤੇ। ਪਿਛਲੇ ਦਿਨੀ ਬਰਨਾਲਾ ਜਿਲੇ ਦੇ ਪਿੰਡ ਜੋਧਪੁਰ ਤੋਂ, ਦਲਿਤ ਪਰਿਵਾਰ ਨਾਲ ਸਬੰਧਤ ਇੱਕ ਗੁਰਸਿੱਖ ਨੌਜਵਾਨ ਭਾਈ ਅਮ੍ਰਿਤਪਾਲ ਸਿੰਘ ਨੇ, ਜਦੋਂ ਬੀਬੀ ਹਰਸਿਮਰਤ ਕੌਰ ਦਾ ਬਿਆਨ ਪੜਿਆ, ਜਿਸ ਵਿੱਚ ਉਹਨਾਂ ਨੇ ਇੱਕ ਪੱਤਰਕਾਰ ਵੱਲੋਂ, ਬਾਪੂ ਖਾਲਸਾ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੈਂ ਨਹੀਂ ਜਾਣਦੀ, ਕਿਸੇ ਬਾਪੂ ਸੂਰਤ ਸਿੰਘ ਖਾਲਸਾ ਨੂੰ, ਤਾਂ ਭਾਈ ਅਮ੍ਰਿਤਪਾਲ ਸਿੰਘ ਨੇ ਬੀਬੀ ਹਰਸਿਮਰਤ ਕੌਰ ਨੂੰ ਜਾਣਕਾਰੀ ਦੇਣ ਵਾਸਤੇ ਆਪਣੇ ਤੌਰ ਉੱਤੇ ਹੀ, ਪਿੰਡ ਕਲਿਆਨ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ ਗਿਆ ਕਿ ਜਿੰਨਾਂ ਚਿਰ ਬੀਬੀ ਨੂੰ ਪਤਾ ਨਹੀਂ ਲੱਗਦਾ ਕਿ ਬਾਪੂ ਕੌਣ ਹੈ, ਮੈਂ ਥੱਲੇ ਨਹੀਂ ਆਵਾਂਗਾ, ਜੇ ਪ੍ਰਸਾਸ਼ਨ ਨੇ ਉੱਤੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਵਾਂਗਾ।

ਉਸ ਦਿਨ ਹੀ ਬਾਪੂ ਖਾਲਸਾ ਦੀ ਸਪੁੱਤਰੀ ਆਪਣੇ ਪਿਤਾ ਦੀ ਪੁਲਿਸ ਹਿਰਾਸਤ ਵਿੱਚੋਂ ਰਿਹਾਈ, ਇਥੇ ਇਹ ਵਰਨਣਯੋਗ ਹੈ ਕਿ ਬਾਪੂ ਖਾਲਸਾ ਦਾ ਸਾਰਾ ਪਰਿਵਾਰ ਧੀਆਂ ਪੁੱਤਰ ਪੋਤਰੇ, ਆਪਣੇ ਬਾਪੂ ਦੇ ਨਾਲ ਚਟਾਨ ਵਾਂਗੂੰ ਖੜੇ ਹਨ, ਉਹ ਕਿਸੇ ਤੋਂ ਬਾਪੂ ਦੀ ਜਾਨ ਦੀ ਭੀਖ ਨਹੀਂ ਮੰਗਦੇ, ਸਗੋਂ ਹੱਸ ਕੇ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਵਾਸਤੇ ਬਲ ਦੇ ਰਹੇ ਹਨ, ਬੀਬਾ ਸਰਬਜਿੰਦਰ ਕੌਰ, ਸ.ਜਸਵੰਤ ਸਿੰਘ ਮਾਨ, ਡਾਕਟਰ ਸਵਰਨ ਸਿੰਘ ਆਈ.ਏ.ਐਸ., ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਰਹੇ ਡਾ. ਭਗਵਾਨ ਸਿੰਘ ਅਤੇ ਹੁਣੇ ਹੋਂਦ ਵਿੱਚ ਆਏ ਇੱਕ ਨਵੇ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ, ਭਾਰਤ ਦੇ ਰਾਸ਼ਟਰਪਤੀ ਨਾਲ ਮੁਲਕਾਤ ਕਰਕੇ ਸਿੱਖ ਬੰਦੀਆਂ ਰਿਹਾਈ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਨਜਾਇਜ ਨਜ਼ਰਬੰਦੀ ਬਾਰੇ, ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ, ਜਿੱਥੇ ਉਹਨਾਂ ਨੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ, ਪਰ ਹਾਲੇ ਇਹ ਵਫਦ ਕਰਨਾਲ ਵੀ ਨਹੀਂ ¦ਘਿਆ ਸੀ ਕਿ ਬਾਪੂ ਖਾਲਸਾ ਦੀ ਸਪੁੱਤਰੀ ਬੀਬਾ ਸਰਬਜਿੰਦਰ ਕੌਰ ਨੂੰ ਕਮਿਸ਼ਨਰ ਪੁਲਿਸ ਨੇ ਸੂਚਨਾ ਦਿੱਤੀ ਕਿ ਅਸੀਂ ਬਾਪੂ ਜੀ ਨੂੰ ਰਿਹਾ ਕਰ ਰਹੇ ਹਾਂ।

ਹੁਣ ਬਹੁਤ ਸਾਰੇ ਪਾਠਕ ਜਾਂ ਦੁਰ ਦੁਰਾਡੇ ਬੈਠੇ ਲੋਕ, ਕਈ ਤਰ੍ਹਾਂ ਦੇ ਕਿਆਫੇ ਲਾਉਂਦੇ ਹੋਣਗੇ ਕਿ ਜਿਹੜਾ ਨੌਜਵਾਨ ਟੈਂਕੀ ਉੱਤੇ ਚੜਿਆ, ਜਾਂ ਜਿਹੜਾ ਵਫਦ ਰਾਸ਼ਟਰਪਤੀ ਨੂੰ ਮਿਲਿਆ, ਸ਼ਾਇਦ ਉਸ ਕਰਕੇ ਬਾਪੂ ਜੀ ਦੀ ਰਿਹਾਈ ਸੰਭਵ ਹੋਈ ਹੈ। ਕੁੱਝ ਇਹ ਵੀ ਸੋਚਦੇ ਹੋਣਗੇ ਕਿ ਹੋ ਸਕਦਾ ਹੈ ਸ. ਬਾਦਲ ਅੰਦਰ ਪੰਥਕ ਰੂਹ ਹੀ ਨਾ ਸੁਰਜੀਤ ਹੋ ਗਈ ਹੋਵੇ ਅਤੇ ਉਹਨਾਂ ਨੇ ਸੋਚਿਆ ਹੋਵੇ ਕਿ ਇੱਕ ਪੰਥਕ ਟਕਸਾਲੀ ਆਗੂ ਨੂੰ ਤਸੀਹੇ ਦੇ ਕੇ ਪਾਪ ਕਮਾ ਰਿਹਾ ਹਾ, ਜਿੰਨੇ ਮੁੰਹ ਓਨੀਆਂ ਗੱਲਾਂ ਹਨ। ਸ. ਬਾਦਲ ਉਹ ਪੱਥਰ ਹੈ ਕਿ ਜਿਹੜਾ 60 ਸਾਲਾਂ ਤੋਂ ਪੰਥਕ ਸਿਆਸਤ ਦੇ ਸਾਗਰ ਵਿੱਚ ਤੈਰਦਾ ਹੋਇਆ ਨਜ਼ਾਰੇ ਲੈ ਰਿਹਾ ਹੈ, ਪਰ ਮਜਾਲ ਹੈ ਕਿਤੇ ਪੰਥਕ ਥਿੰਦਾ ਹਿਰਦੇ ਨੂੰ ਲੱਗਣ ਦਿੱਤਾ ਹੋਵੇ ਜਾਂ ਕਿਤੇ ਭਗਵਾ ਰੰਗ ਫਿੱਕਾ ਪੈਣ ਦਿੱਤਾ ਹੋਵੇ ਤਾਂ ਉਸ ਤੋਂ ਅਜਿਹੀ ਉਮੀਦ ਤਾਂ ਹੋ ਹੀ ਨਹੀਂ ਸਕਦੀ, ਫਿਰ ਬਾਪੂ ਖਾਲਸਾ ਦੀ ਰਿਹਾਈ ਕਿਉਂ ਹੋਈ? ਜੇ ਬਾਪੂ ਨੂੰ ਛੱਡਿਆ ਜਾ ਸਕਦਾ ਹੈ ਤਾਂ ਵੀਰ ਰਵਿੰਦਰਜੀਤ ਸਿੰਘ ਗੋਗੀ ਨੇ ਕਿਹੜੀ ਗਊ ਹੱਤਿਆ ਕੀਤੀ ਹੋਈ ਹੈ ਕਿ ਉਸ ਦੀ ਰਿਹਾਈ ਨਹੀਂ ਕੀਤੀ।

ਦਰਅਸਲ ਪਿਛਲੇ ਕੁੱਝ ਦਿਨਾਂ ਤੋਂ ਭੁੱਖ ਦੀ ਮਾਰ ਕਰਕੇ, ਬਾਪੂ ਖਾਲਸਾ ਦੀ ਸਿਹਤ ਵਿੱਚ ਵੱਡੇ ਵਿਗਾੜ ਆਉਣੇ ਆਰੰਭ ਹੋਏ ਹਨ। ਸ. ਬਾਦਲ ਰੋਜ਼ਾਨਾ ਸਵੇਰੇ ਸ਼ਾਮ ਡਾਕਟਰਾਂ ਅਤੇ ਆਪਣੇ ਅਫਸਰਾਂ ਤੋਂ ਬਾਪੂ ਖਾਲਸਾ ਦੀ ਸਿਹਤ ਬਾਰੇ ਖਬਰ ਲੈਂਦੇ ਰਹਿੰਦੇ ਹਨ ਅਤੇ ਹੋਰ ਸਿਹਤ ਮਾਹਿਰਾਂ ਨਾਲ ਮਸ਼ਵਰੇ ਵੀ ਕਰਦੇ ਹਨ। ਹੁਣ ਦੋ ਤਿੰਨ ਦਿਨ ਪਹਿਲਾਂ ਬਾਪੂ ਖਾਲਸਾ ਦੀ ਛਾਤੀ ਵਿੱਚ ਹੋਏ ਤਿੱਖ਼ੇ ਦਰਦ ਅਤੇ ਰੁੱਕਦੇ ਸਾਹ ਨੇ, ਬਾਦਲ ਸਰਕਾਰ ਦੀ ਧੜਕਣ ਤੇਜ ਕਰ ਦਿੱਤੀ ਸੀ। ਡਾਕਟਰਾਂ ਨੇ ਕਿਹਾ ਕਿ ਬਾਪੂ ਖਾਲਸਾ ਨੂੰ ਬੇਸ਼ੱਕ ਨਾਲੀ ਰਾਹੀ ਕੁੱਝ ਖੁਰਾਕ ਅੰਦਰ ਪਾਈ ਜਾਂਦੀ ਹੈ, ਪਰ ਪੂਰੀ ਖੁਰਾਕ ਬਿਨ੍ਹਾਂ ਹੁਣ ਬਾਪੂ ਦੇ ਸਰੀਰ ਅੰਦਰਲਾ ਢਾਂਚਾ ਬੇ ਭਰੋਸਗੀ ਵਾਲਾ ਬਣ ਗਿਆ ਹੈ, ਇਸ ਕਰਕੇ ਪਤਾ ਨਹੀਂ ਕਿਸ ਵੇਲੇ ਕੀਹ ਵਾਪਰ ਜਾਵੇ, ਬੇਸ਼ੱਕ ਅੱਜ ਬਾਪੂ ਖਾਲਸਾ ਦੀ ਭੁੱਖ ਹੜਤਾਲ ਸਬੰਧੀ ਸਿੱਖਾਂ ਨੇ ਅਵੇਸਲਾ ਜਿਹਾ ਹੀ ਰੁਖ ਰੱਖਿਆ ਹੈ, ਪਰ ਜੇ ਬਾਪੂ ਖਾਲਸਾ ਸਰਕਾਰ ਦੀ ਬੰਦੀ ਅੰਦਰ ਸ਼ਹੀਦੀ ਪਾ ਗਏ ਤਾਂ ਪੰਥ ਨੇ ਮਾਫ਼ ਨਹੀਂ ਕਰਨਾ। ਫਿਰ ਸਿੱਖਾਂ ਨੇ ਬਾਪੂ ਖਾਲਸਾ ਦੇ ਸਰੀਰ ਨੂੰ ਲੈ ਕੇ ਸਰਕਾਰ ਨੂੰ ਵਖਤ ਵਿੱਚ ਪਾ ਦੇਣਾ ਹੈ।

ਇਸ ਕਰਕੇ ਸ. ਬਾਦਲ ਨੇ ਆਪਣੀ ਸੋਚ ਵਿੱਚ ਬਦਲਾਅ ਕਰਨ ਦੀ ਥਾਂ ਆਪਣੀ ਨੀਤੀ ਨੂੰ ਬਦਲ ਲਿਆ ਅਤੇ ਡਾਕਟਰਾਂ ਤੇ ਸਰਕਾਰੀ ਅਫਸਰਾਂ ਦੀ ਸਲਾਹ ਨਾਲ, ਹੁਣ ਬਾਪੂ ਨੂੰ ਆਪਣੇ ਗਲੋਂ ਲਾਹ ਦਿੱਤਾ ਹੈ ਕਿ ਸ਼ਹੀਦੀ ਹੋਵੇ ਵੀ ਤਾਂ ਸਰਕਾਰੀ ਹਿਰਾਸਤ ਵਿੱਚ ਨਾ ਹੋਵੇ, ਬਾਹਰ ਹੋਵੇਗੀ ਤਾਂ ਸਰਕਾਰੀ ਰਿਕਾਰਡ ਬੀਮਾਰ ਹੋਣ ਕਰਕੇ ਹੋਈ ਮੌਤ ਆਖੇਗਾ, ਸ਼ਹੀਦੀ ਨਹੀਂ ਮੰਨੇਗਾ। ਬਾਪੂ ਸੂਰਤ ਸਿੰਘ ਖਾਲਸਾ ਆਪਣੇ ਬਚਨਾਂ ਉੱਤੇ ਕਾਇਮ ਹਨ, ਦਾਸ ਲੇਖਕ ਨੇ ਇਹ ਲੇਖ ਲਿਖੇ ਜਾਣ ਵੇਲੇ ਫੋਨ ਕਰਕੇ ਪੁੱਛਿਆ ਕਿ ਬਾਪੂ ਜੀ ਇਰਾਦਾ ਕੀਹ ਹੈ ਤਾਂ ਅੱਗੋਂ ਗੜਕਵੀਂ ਆਵਾਜ਼ ਵਿੱਚ ਉਹ ਹੀ ਜਵਾਬ ਮਿਲਿਆ, ‘‘ਨਹੀਂ ਪਾਣੀ ਉੱਤੇ ਹੀ ਜਿਉਂ ਰਿਹਾ ਹਾਂ, ਅੰਨ ਮੁੰਹ ਨੂੰ ਨਹੀਂ ਲਾਉਣਾ, ਜਾਂ ਸਿੰਘ ਰਿਹਾ ਹੋਣਗੇ, ਜਾਂ ਫਿਰ ਦਾਸ ਸੂਰਤ ਸਿੰਘ ਖਾਲਸਾ ਸ਼ਹੀਦੀ ਪਵੇਗਾ’’। ਗੁਰੂ ਰਾਖਾ !! !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top