Share on Facebook

Main News Page

ਸਰਕਾਰ ਅਤੇ ਪੁਲਿਸ ਮੁਖੀ ਜਵਾਬ ਦੇਵੇ, ਕਿ ਪਿੰਕੀ ਕੈਟ ਦੀ ਨੌਕਰੀ ਤੇ ਬਹਾਲੀ ਕਿਉਂ ਅਤੇ ਕਿਵੇਂ ਹੋਈ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪੰਜਾਬ ਵਿੱਚ ਜਿਸ ਸਮੇਂ ਅਮਨ ਬਹਾਲੀ ਦੇ ਨਾਮ ਹੇਠ,ਭਾਰਤੀ ਨਿਜ਼ਾਮ ਦੀ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਨੀਤੀ ਅਧੀਨ, ਪੰਜਾਬ ਪੁਲਿਸ ਵੱਲੋਂ ਬੇਗੁਨਾਹ ਸਿੱਖਾਂ ਦਾ ਸ਼ਰੇਆਮ ਸਰਕਾਰੀ ਬੰਦੂਕਾਂ ਨਾਲ, ਸ਼ਿਕਾਰ ਖੇਡਿਆ ਜਾ ਰਿਹਾ ਸੀ ਤਾਂ ਕੁੱਝ ਅਜਿਹੇ ਲੋਕ, ਜਿਹੜੇ ਪੁਲਿਸ ਜਾਂ ਭਾਰਤੀ ਖੁਫੀਆ ਤੰਤਰ ਨੇ, ਹਥਿਆਰਬੰਦ ਸੰਘਰਸ਼ ਵਿੱਚ ਆਪਣੇ ਬੰਦਿਆਂ ਵਜੋਂ ਵਾੜ ਦਿੱਤੇ ਸਨ, ਜਿਹੜੇ ਫਿਰ ਸਿੱਖ ਖਾੜਕੂਆਂ ਦੀ ਸਮਾਂ-ਬ-ਸਮਾਂ ਸੂਹ ਦਿੰਦੇ ਰਹਿੰਦੇ ਸਨ ਅਤੇ ਕੁੱਝ ਅਜਿਹੇ ਬੰਦੇ ਵੀ ਸਿੱਖ ਸੰਘਰਸ਼ ਵਿੱਚ ਵਿਚਰਦੇ ਸਨ, ਜਿਹੜੇ ਕਿਸੇ ਮਜਬੂਰੀ ਜਾਂ ਲਾਲਚ ਅਧੀਨ ਜਾਂ ਫਿਰ ਤਸ਼ੱਦਦ ਦੀ ਤਾਬ ਨਾਂ ਝੱਲ ਸਕਣ ਕਰਕੇ, ਪੁਲਿਸ ਅੱਗੇ ਚਾਲੂ ਹੋ ਗਏ ਅਤੇ ਇਕ ਤਰ੍ਹਾਂ ਨਾਲ ਪੁਲਿਸ ਦੀ ਈਨ ਮੰਨਕੇ, ਪੁਲਿਸ ਦੀ ਇੱਛਾ ਅਨੁਸਾਰ ਕੰਮ ਕਰਨ ਲੱਗ ਪਏ, ਜਿਹਨਾਂ ਨੂੰ ਪੁਲਿਸ ਨੇ ਬਲੈਕ ਕੈਟਜ਼ ( ਕਾਲੀਆਂ ਬਿੱਲੀਆਂ) ਦਾ ਨਾਮ ਦਿੱਤਾ। ਫਿਰ ਇਹਨਾਂ ਵਿੱਚੋਂ ਜਿਹੜੇ ਸਿੱਖਾਂ ਦੇ ਕਤਲੇਆਮ ਵਿੱਚ ਵਧੇਰੇ ਖੂੰਨਖਾਰ ਸਾਬਤ ਹੁੰਦੇ ਸਨ, ਉਹਨਾਂ ਨੂੰ ਪਹਿਲਾਂ ਆਰਜ਼ੀ ਰੈਂਕ ਦੇ ਕੇ ਪੁਲਿਸ ਵਿੱਚ ਭਰਤੀ ਕਰ ਲਿਆ ਜਾਂਦਾ ਸੀ ਤੇ ਜਦੋਂ ਉਹਨਾਂ ਦੀ ਰੂਹ ਚੰਗੀ ਤਰ੍ਹਾਂ ਬੇ ਗੁਨਾਹ ਸਿੱਖਾਂ ਦੀ ਰੱਤ ਵਿੱਚ ਭਿੱਜ ਜਾਂਦੀ ਸੀ ਅਤੇ ਭਾਰਤੀ ਨਿਜ਼ਾਮ ਨੂੰ ਉਹਨਾਂ ਦੀ ਵਫਾਦਾਰੀ ਉੱਤੇ ਇੱਕ ਜਲਾਦ ਵਰਗਾ ਭਰੋਸਾ ਬੱਝ ਜਾਂਦਾ ਸੀ ਤਾਂ ਫਿਰ ਪੱਕੇ ਤੌਰ ਤੇ ਪੁਲਿਸ ਵਿੱਚ ਬਕਾਇਦਾ ਇੱਕ ਅਫਸਰ ਵੀ ਬਣਾ ਦਿੱਤਾ ਜਾਂਦਾ ਸੀ। ਜਿਹਨਾਂ ਵਿੱਚ ਇੱਕ ਬੜਾ ਬਦਨਾਮ ਨਾਮ ਸੀ ਗੁਰਮੀਤ ਸਿੰਘ ਉਰਫ ਪਿੰਕੀ ਕੈਟ

ਕੈਟ ਹੋਰ ਬਹੁਤ ਹੋਏ ਹਨ, ਜਿਹਨਾਂ ਵਿੱਚ ਜਸਵਿੰਦਰ ਕਾਲਾ, ਲੱਖਾ ਮਰੂਤੀ ਆਦਿਕ ਨਾਮ ਦੇ ਬੰਦੇ ਵੀ, ਇਕ ਅਤਿ ਜ਼ਾਲਮ ਪੁਲਿਸ ਅਫਸਰ ਗੋਬਿੰਦ ਰਾਮ ਦੇ ਕੈਟ ਵਜੋਂ ਕੰਮ ਕਦੇ ਰਹੇ ਹਨ ਅਤੇ ਉਹਨਾਂ ਕੋਲ ਵੀ ਆਰਜ਼ੀ ਪੁਲਿਸ ਰੈਂਕ ਸਨ,ਪਰ ਕੁੱਝ ਗਤੀਵਿਧੀਆਂ ਨੰਗੀਆਂ ਹੋ ਜਾਣ ਕਰਕੇ, ਉਹ ਕੈਟ ਤੋਂ ਅਫਸਰ ਨਾਂ ਬਣ ਸਕੇ? ਸਗੋਂ ਖਾੜਕੂ ਸੰਘਰਸ਼ ਨਾਲ ਗਦਾਰੀ ਕਰਕੇ? ਪੁਲਿਸ ਦੀ ਵਫਾਦਾਰੀ ਕਰਨ ਤੋਂ ਬਾਅਦ ਵੀ? ਉਹ ਝੂਠੇ ਪੁਲਿਸ ਮੁਕਾਬਲੇ ਦੀ ਭੇਂਟ ਹੀ ਚੜੇ, ਲੇਕਿਨ ਪਿੰਕੀ ਕੈਟ ਆਪਣੀ ਚਾਪਲੂਸੀ ਅਤੇ ਸਿੱਖਾਂ ਦੇ ਘਾਣ ਦੀ ਮੁਹਾਰਤ ਕਰਕੇ, ਵੱਡੇ ਪੁਲਿਸ ਅਫਸਰਾਂ ਦੀ ਨਿਗਾਹ ਵਿੱਚ ਆਪਣੀ ਖਾਸ ਪਹਿਚਾਨ ਬਣਾ ਗਿਆ। ਪਿੰਕੀ ਦੀ ਸਿੱਧੀ ਤਾਰ ਪੰਜਾਬ ਦੇ ਪੁਲਿਸ ਮੁਖੀ ਨਾਲ ਜੁੜੀ ਰਹੀ, ਬੇਸ਼ੱਕ ਕੋਈ ਵੀ ਮੁਖੀ ਨਵਾ ਲੱਗਿਆ, ਪਰ ਪਿੰਕੀ ਦੇ ਸਬੰਧ ਡੀ.ਜੀ.ਪੀ. ਦੇ ਰੁੱਤਬੇ ਨਾਲ ਨਿਰੰਤਰ ਜੁੜੇ ਰਹੇ ਜੋ ਅੱਜ ਵੀ ਉਸੇ ਤਰਜ਼ ਤੇ ਕਾਇਮ ਹਨ, ਜਿਸ ਕਰਕੇ ਆਮ ਕਿਸੇ ਜਿਲੇ ਪੱਧਰ ਦੇ ਪੁਲਿਸ ਅਧਿਕਾਰੀ ਦੀ ਹਿੰਮਤ ਨਹੀਂ ਸੀ ਕਿ ਕੋਈ ਪਿੰਕੀ ਨੂੰ ਪੁੱਛ ਸਕੇ ਕਿ ਉਸ ਨੇ ਉਸ ਦੇ ਇਲਾਕੇ ਵਿੱਚੋਂ ਬਿਨ੍ਹਾਂ ਦੱਸੇ ਪੁੱਛੇ ਕਿਸੇ ਨੂੰ ਕਿਉਂਕਿ ਚੁੱਕਿਆ ਹੈ। ਅਜਿਹੀ ਹੌਂਸਲਾ ਅਫਜਾਈ ਅਤੇ ਮਾਨਵ ਸ਼ਿਕਾਰ ਦੀ ਖੁੱਲ੍ਹ ਨੇ ਪਿੰਕੀ ਨੂੰ ਰੱਬ ਤਾਂ ਕੀਹ ਆਪਣੀ ਔਕਾਤ ਵੀ ਭੁਲਾ ਦਿੱਤੀ। ਪਿੰਕੀ ਖਾੜਕੂ ਤੋਂ ਕੈਟ ,ਕੈਟ ਤੋਂ ਪੁਲਿਸ ਅਫਸਰ ਅਤੇ ਪੁਲਿਸ ਅਫਸਰ ਤੋਂ ਹੈਵਾਨ ਤੱਕ ਜਾ ਪਹੁੰਚਿਆ।

ਇੱਕ ਦਿਨ ਇਹ ਪਿੰਕੀ ਕੈਟ ਆਪਣੀ ਤਾਕਤ ਦਾ ਮੁਜਾਹਰਾ ਕਰਦਿਆਂ, ਆਪਣੇ ਘਰ ਦੇ ਬਾਹਰ, ਗਲੀ ਵਿੱਚ ਹੀ ਸ਼ਰਾਬ ਪੀਣ ਬੈਠ ਗਿਆ, ਪਰ ਜਦੋਂ ਇੱਕ ਬਦਕਿਸਮਤ ਬੱਚੇ ਅਵਤਾਰ ਸਿੰਘ ਉਰਫ ਗੋਲਾ ਨੇ ਲੰਘਣ ਵਾਸਤੇ ਰਸਤਾ ਮੰਗਣ ਦੀ ਗਲਤੀ ਕਰ ਲਈ, ਤਾਂ ਇਸ ਹੈਵਾਨ ਨੇ ਉਸ ਮਾਸੂਮ ਨੂੰ ਆਪਣੇ ਰਿਵਾਲਵਰ ਨਾਲ ਥਾਂਏਂ ਗੋਲੀ ਮਾਰਕੇ ਢੇਰ ਕਰ ਦਿੱਤਾ। ਬਹੁਤ ਸਮਾਂ ਉਸ ਬੱਚੇ ਦੇ ਕੇਸ ਵਿੱਚ ਗ੍ਰਿਫਤਾਰੀ ਤੋਂ ਬਚਦਾ ਰਿਹਾ, ਪਰਿਵਾਰ ਨੂੰ ਰਾਜੀਨਾਮੇ ਵਾਸਤੇ ਡਰਾਉਂਦਾ ਰਿਹਾ, ਇਸ ਵਿੱਚ ਵੱਡੇ ਵੱਡੇ ਪੁਲਿਸ ਅਧਿਕਾਰੀ ਪਿੰਕੀ ਦੀ ਮੱਦਦ ਵੀ ਕਰਦੇ ਰਹੇ, ਪਰ ਗੋਲੇ ਦੇ ਪਿਤਾ ਦੀ ਦ੍ਰਿੜਤਾ ਅਤੇ ਕੁੱਝ ਪੰਥਕ ਬੰਦਿਆਂ ਦੇ ਸਾਥ ਨੇ, ਕੇਸ ਨੂੰ ਅਦਾਲਤ ਤੱਕ ਲੈ ਆਂਦਾ, ਉਥੇ ਵੀ ਪਿੰਕੀ ਨੇ ਕਾਨੂੰਨ ਨੂੰ ਝਕਾਨੀਆਂ ਦੇਣ ਵਾਸਤੇ ਆਪਣੀ ਮਰਜ਼ੀ ਦੀ ਅਦਾਲਤ ਵਿੱਚ ਕੇਸ ਨੂੰ ਬਦਲਕੇ ਲਿਜਾਣ ਵਿੱਚ ਕਾਮਯਾਬੀ ਹਾਸਲ ਕਰ ਹੀ ਲਈ, ਪਰ ਅਖੀਰ ਸਜ਼ਾ ਹੋ ਗਈ, ਲੇਕਿਨ ਜੇਲ੍ਹ ਵਿੱਚ ਵੀ ਪਿੰਕੀ ਸਰਕਾਰੀ ਮਹਿਮਾਨਾਂ ਵਾਂਗੂੰ ਹੀ ਸੀ ਤੇ ਅਖੀਰ ਨੂੰ ਪੰਜਾਬ ਦੀ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ, ਕਮਾਂਡ ਅਧੀਨ ਚੱਲਦੀ ਕਾਲੀ, ਆ ਪੰਥਕ (ਅਕਾਲੀ ਪੰਥਕ) ਸਰਕਾਰ ਨੇ ਸੈਂਕੜੇ ਬੇ ਗੁਨਾਹ ਸਿੱਖ ਬਚਿਆਂ ਦੇ ਕਾਤਲ ਅਤੇ ਗੋਲੇ ਦੇ ਕੇਸ ਵਿੱਚ ਸਜ਼ਾ ਹੋਏ ਪਿੰਕੀ ਦੀਆਂ, ਜੇਲ੍ਹ ਵਿੱਚੋਂ ਬਾਹਰ ਬਿਤਾਈਆਂ ਛੁੱਟੀਆਂ ਨੂੰ ਵੀ ਜੇਲ੍ਹ ਬੰਦੀ ਵਿੱਚ ਗਿਣਕੇ, ਪਿੰਕੀ ਦੀ ਰਿਹਾਈ ਵਾਸਤੇ, ਪੰਜਾਬ ਦੇ ਗ੍ਰਹਿ ਵਿਭਾਗ ਜਿਸ ਦੇ ਇੰਚਾਰਜ਼ ਸ. ਸੁਖਬੀਰ ਸਿੰਘ ਬਾਦਲ ਹਨ, ਨੇ ਗਵਰਨਰ ਪੰਜਾਬ ਨੂੰ ਰਿਹਾਈ ਵਾਸਤੇ ਜ਼ੋਰਦਾਰ ਸਿਫਾਰਿਸ਼ ਕਰ ਦਿੱਤੀ ਤੇ ਪਿੰਕੀ ਚੁੱਪਕੇ ਜਿਹੇ ਬਾਹਰ ਆ ਗਿਆ।

ਪਿੰਕੀ ਬੇਸ਼ੱਕ ਜੇਲ੍ਹ ਵਿੱਚ ਰਿਹਾ, ਪਰ ਉਸਦਾ ਉਚ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਜਿਉਂ ਦਾ ਤਿਉਂ ਬਰਕਰਾਰ ਰਿਹਾ ਅਤੇ ਇਹ ਵੀ ਹਰ ਕੋਈ ਜਾਣਦਾ ਹੈ ਕਿ ਮੌਜੂਦਾ ਪੰਜਾਬ ਪੁਲਿਸ ਮੁਖੀ ਦੇ, ਸਭ ਤੋਂ ਪਸੰਦੀਦਾ ਅਫਸਰਾਂ ਵਿੱਚੋਂ ਪਿੰਕੀ ਪਹਿਲੇ ਨੰਬਰ ਉੱਤੇ ਆਉਂਦਾ ਹੈ। ਕੁੱਝ ਦਿਨ ਪਹਿਲਾਂ ਅਚਾਨਕ ਹੀ ਪਿੰਕੀ ਨੂੰ ਨੌਕਰੀ ਉੱਤੇ ਬਹਾਲ ਕਰਕੇ, ਚੁੱਪ ਚਾਪ ਫਤਿਹਗੜ੍ਹ ਸਾਹਿਬ ਵਿਖੇ ਤੈਨਾਤ ਕਰ ਦਿੱਤਾ ਗਿਆ, ਲੇਕਿਨ ਇਸ ਸਬੰਧੀ ਜਦੋਂ ਥੋੜੀ ਜਿਹੀ ਭਾਫ ਨਿਕਲੀ ਤਾਂ ਕਿਸੇ ਨੇ ਮਾਮਲਾ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ ਕਿ ਲੋਕਾਂ ਨੂੰ ਪਿੰਕੀ ਦੀ ਬਹਾਲੀ ਦੀ ਸੂਹ ਲੱਗ ਗਈ ਹੈ ਤਾਂ ਪਹਿਲਾਂ ਸ. ਬਾਦਲ ਨੇ ਇਸ ਨੂੰ ਸਰਸਰੀ ਜਿਹਾ ਹੀ ਸਮਝਿਆ, ਪਰ ਜਦੋਂ ਇਸ ਬਾਰੇ ਕਾਨੂੰਨੀ ਪੱਖ ਜਾਣਿਆਂ ਤਾਂ ਅੱਖਾਂ ਟੱਡੀਆਂ ਹੀ ਰਹਿ ਗਈਆਂ ਕਿ ਇਸ ਨਾਲ ਤਾਂ ਸਾਰੀ ਸਰਕਾਰ ਅਦਾਲਤੀ ਕਟਿਹੜੇ ਵਿੱਚ ਖੜੀ ਹੋ ਜਾਵੇਗੀ ਅਤੇ ਲੋਕਾਂ ਦੀ ਥੂਹ ਥੂਹ ਬਹੁਤ ਵੱਡੇ ਪਧਰ ਉੱਤੇ ਹੋਵੇਗੀ ਤਾਂ ਅਸਮਾਨੀ ਬਿਜਲੀ ਦੀ ਲਿਸ਼ਕ ਵਾਂਗੂੰ ਪਿੰਕੀ ਦੇ ਆਰਡਰ ਇੱਕ ਫੋਰੇ ਵਿੱਚ ਖਤਮ ਕਰਕੇ ਉਸ ਨੂੰ ਘਰ ਨੂੰ ਤੋਰ ਦਿੱਤਾ।

ਹੁਣ ਅਖਬਾਰੀ ਚਰਚਾ ਵਿੱਚ ਤਰਾਂ ਤਰਾਂ ਦੀਆਂ ਖਬਰਾਂ ਛਪ ਰਹੀਆਂ ਹਨ, ਲੰਗੋਟਾ ਡਾਕੀਏ ਆਪਣੇ ਆਪਣੇ ਪੱਧਰ 'ਤੇ ਇਸ ਪਿਛਲੀ ਸਚਾਈ ਦੀ ਵਿਆਖਿਆ ਕਰ ਰਹੇ ਹਨ। ਅਖਬਾਰੀ ਖਬਰਾਂ ਵਿੱਚ ਵੀ ਇੱਕ ਸੁਰਤਾ ਨਹੀਂ ਹੈ, ਕੋਈ ਵੀ ਅਧਿਕਾਰੀ ਇਸ ਮਾਮਲੇ ਉੱਤੇ ਸਾਰਾ ਮੁੰਹ ਖੋਲ੍ਹਣ ਨੂੰ ਤਿਆਰ ਨਹੀਂ, ਜੇ ਕੋਈ ਬੋਲਦਾ ਹੈ ਉਹ ਦੰਦ ਮੀਚ ਕੇ ਹੀ ਜਵਾਬ ਦਿੰਦਾ ਹੈ, ਜਿਸ ਨੂੰ ਸਮਝਣਾ ਮੁਸ਼ਕਿਲ ਹੈ, ਪਰ ਇਸ ਦਾ ਮਤਲਬ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਅਜਿਹੇ ਘਿਣਾਉਣੇ ਕੁਕਰਮ ਉੱਤੇ ਪੜਦਾ ਪਾ ਦਿੱਤਾ ਜਾਵੇ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਤੱਕ ਕਦੇ ਕੋਈ ਕਿਸੇ ਕਤਲ ਵਰਗੇ ਘੋਰ ਅਪਰਾਧ ਵਿੱਚ ,ਉਮਰ ਕੈਦ ਵਰਗੀ ਸਖਤ ਸਜ਼ਾ ਭੁਗਤਨ ਤੋਂ ਬਾਅਦ, ਮੁੜ੍ਹ ਆਪਣੀ ਸਰਕਾਰੀ ਨੌਕਰੀ ਉੱਤੇ ਬਹਾਲ ਹੋਇਆ ਹੋਵੇ? ਖਾਸ ਕਰਕੇ ਪੁਲਿਸ, ਫੌਜ ਅਤੇ ਅਰਧ ਫੌਜੀ ਦਸਤੇ ਤਾਂ ਇੱਕ ਅਨੁਸਾਸ਼ਨੀ ਫੋਰਸ ਹਨ, ਉਹਨਾਂ ਵਿੱਚ ਅਜਿਹਾ ਹੋਣ ਦੀ ਕੋਈ ਤੁਕ ਹੀ ਨਹੀਂ ਬਣਦੀ। ਸਾਡੇ ਸਾਹਮਣੇ ਹੈ ਕਿ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੇ ਰੋਸ ਵਿੱਚ, ਜਿਹੜੇ ਧਰਮੀ ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ ਸਨ, ਭਾਵੇਂ ਉਹਨਾਂ ਨੇ ਕਿਸੇ ਦਾ ਕਤਲ ਨਹੀਂ ਕੀਤਾ ਜਾਂ ਕੋਈ ਨੁਕਸਾਨ ਵੀ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਨੂੰ ਇਹ ਆਖ ਕੇ ਦੁਬਾਰਾ ਨੌਕਰੀ ਉੱਤੇ ਨਹੀਂ ਲਿਆ ਗਿਆ ਸੀ, ਕਿ ਅਨੁਸਾਸ਼ਨ ਦਾ ਮਾਮਲਾ ਹੈ। ਫਿਰ ਪਿੰਕੀ ਕੈਟ ਨੂੰ ਦੁਬਾਰਾ ਨੌਕਰੀ ਉੱਤੇ ਬਹਾਲ ਕਰਨ ਵੇਲੇ ਅਨੁਸਾਸ਼ਨ ਭੰਗ ਕਰਨ ਦੀ ਕਿਹੜੀ ਮਜਬੂਰੀ ਸੀ।

ਹਲਾਤਾਂ ਦੇ ਮੱਦੇ ਨਜਰ ਉੱਚ ਪੁਲਿਸ ਸੂਤਰਾਂ ਅਤੇ ਸਿਆਸੀ ਸਰਪ੍ਰਸਤਾਂ ਨੇ ਤਾਂ ਪੱਲਾ ਝਾੜ ਦਿੱਤਾ ਹੈ ਤੇ ਹੁਣ ਇਹ ਕਹਾਣੀ ਸਾਹਮਣੇ ਆਉਂਦੀ ਹੈ ਕਿ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਨੇ ਪਿੰਕੀ ਦੀ ਬਹਾਲੀ ਵਾਸਤੇ, ਆਪਣੇ ਵੱਲੋਂ 23 ਸਫਿਆਂ ਦੀ ਇੱਕ ਲਿਖਤੀ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿੱਚ ਉਸ ਨੂੰ ਬੇ ਗੁਨਾਹ ਸਾਬਤ ਕਰਕੇ ਮੁੜ੍ਹ ਨੌਕਰੀ ਕਰਨ ਦਾ ਉਸ ਦਾ ਹੱਕ ਦੱਸਿਆ ਹੈ, ਲੇਕਿਨ ਡੀ.ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਤਾਂ ਛੇਤੀ ਛੇਤੀ ਕਿਸੇ ਦੀ ਛੁੱਟੀ ਉੱਤੇ ਦਸਤਖਤ ਨਹੀਂ ਕਰਦਾ, ਫਿਰ ਉਸ ਨੇ, ਜਿਸ ਵਿੱਚ ਪੂਰੀ ਸਿੱਖ ਕੌਮ ਦੇ ਜਜਬਾਤ ਹੋਣ, ਅਦਾਲਤ ਦੇ ਹੁਕਮ ਅਤੇ ਹੁਕਮਾਂ ਦੇ ਸਨਮਾਨ ਦੀ ਗੱਲ ਹੋਵੇ, ਪੁਲਿਸ ਰੂਲ ਦੀ ਮਸਲਾ ਹੋਵੇ, ਇੱਕ ਸੂਬਾ ਸਰਕਾਰ ਦੀ ਜਿੰਮੇਵਾਰੀ ਅਤੇ ਛਵੀ ਦਾ ਸਵਾਲ ਹੋਵੇ, ਅਜਿਹਾ ਕਦਮ ਕਿਵੇ ਚੁੱਕ ਲਿਆ। ਇਸ ਪਿੱਛੇ ਜਰੂਰ ਵੱਡਾ ਸਿਆਸੀ ਅਤੇ ਵਿਭਾਗੀ ਹੱਥ ਹੈ, ਉਹ ਭਾਵੇਂ ਪਿੰਕੀ ਦੇ ਅਸਰ ਰਸੂਖ ਦਾ ਹੋਵੇ ਜਾਂਫਿਰ ਕਿਸੇ ਮੋਟੀ ਰਕਮ ਦੀ ਸੌਦੀਬਾਜ਼ੀ ਨਾਲ ਅੱਗੇ ਵਧਿਆ ਹੋਵੇ। ਇਹ ਸਿਰਫ਼ ਇੱਕ ਡੀ.ਆਈ.ਜੀ. ਰੈਂਕ ਦੇ ਅਧਿਕਾਰੀ ਦੀ ਹਿੰਮਤ ਨਹੀਂ ਹੋ ਸਕਦੀ, ਇਸ ਦੇ ਪਿਛਲੀਆਂ ਕੜੀਆਂ ਕਿਤੇ ਹੋਰ ਜੁੜੀਆਂ ਹੋਈਆਂ ਹਨ।

ਅੱਜ ਪੰਜਾਬ ਵਿੱਚ ਪਿੰਕੀ ਦੀ ਬਹਾਲੀ ਨੇ ਦੱਸ ਦਿਤਾ ਹੈ ਕਿ ਪੰਜਾਬ ਪੁਲਿਸ ਕਾਤਲਾਂ ਦੀ ਪਨਾਹਗਾਹ ਹੈ, ਜਿਥੇ ਬੇ ਗੁਨਾਹ ਸਿੱਖਾਂ ਨੂੰ ਕਤਲ ਕਰਨ ਵਾਲਾ ਜਾਂ ਕਿਸੇ ਮਾਸੂਮ ਦੇ ਕੇਸ ਵਿੱਚ ਮੁਸ਼ਕਿਲ ਨਾਲ ਕਾਨੂੰਨ ਦੇ ਕਾਬੂ ਆਉਣ ਵਾਲਾ ਇੱਕ ਦਰਿੰਦਾ, ਜਦੋ ਚਾਹੇ ਸਜ਼ਾ ਕੱਟ ਕੇ ਵੀ ਆਪਣੀ ਕੁਰਸੀ ਉੱਤੇ ਵਾਪਿਸ ਆ ਸਕਦਾ ਹੈ, ਉਸ ਨੂੰ ਦੁਬਾਰਾ ਜ਼ੁਲਮ ਕਰਨ ਦੀ ਖੁੱਲ੍ਹ ਮਿਲ ਸਕਦੀ ਹੈ। ਕੁੱਝ ਵੀ ਹੋਵੇ ਪਿੰਕੀ ਦੀ ਬਹਾਲੀ ਵਾਸਤੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ,ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਗ੍ਰਿਹ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਮੇਧ ਸੈਣੀ ਨੂੰ ਪੰਜਾਬ ਦੇ ਲੋਕਾਂ ਸਾਹਮਣੇ, ਇਹ ਦੱਸਣਾ ਪਵੇਗਾ ਕਿ ਇੱਕ ਅਪਰਾਧੀ ਨੂੰ ਮੁੜ੍ਹ ਅਫਸਰ ਬਣਾਉਣ ਪਿੱਛੇ ਕੌਣ ਕੌਣ ਜਿੰਮੇਵਾਰ ਹੈ ਜਾਂ ਫਿਰ ਉਪਰੋਕਤ ਤਿੰਨਾਂ ਨੂੰ ਆਪਣੇ ਅਹੁਦਿਆਂ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਇਹ ਮਾਮਲਾ ਅਦਾਲਤੀ ਹੁਕਮਾਂ ਅਤੇ ਅਦਾਲਤੀ ਸਤਿਕਾਰ ਨਾਲ ਜੁੜਿਆ ਹੋਣ ਕਰਕੇ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜਾਂ ਫਿਰ ਮਾਨਯੋਗ ਸੁਪ੍ਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ, ਇਸ ਉਪਰ ਸੁਮੋਟੋ ਨੋਟਿਸ ਲੈਣਾ ਚਾਹੀਦਾ ਹੈ। ਪੰਜਾਬ ਦੇ ਇਨਸਾਫ਼ ਪਸੰਦਾਂ ਅਤੇ ਖਾਸ ਕਰਕੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਨਿਧੜ੍ਹਕ ਹੋ ਕੇ, ਓਨਾਂ ਚਿਰ ਇਸ ਦੀ ਪੈਰਵੀ ਕਰਨੀ ਚਾਹੀਦੀ ਹੈ, ਜਿੰਨਾਂ ਚਿਰ ਸੱਚ ਅਤੇ ਤੱਥ ਜਨਤਕ ਨਾਂ ਹੋ ਜਾਣ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top