Share on Facebook

Main News Page

ਰਾਗਮਾਲਾ ਗਿਆਨ (ਕਿੱਸਾ ਮਾਧਵ ਨਲ ਅਤੇ ਕਾਮ ਕੰਦਲਾ) ਭਾਗ ਪਹਿਲਾ
-:
ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਗੁਰੂ ਕ੍ਰਿਤ ਬਾਣੀ (ਸੱਚੀ ਬਾਣੀ) ਦੀ ਪਛਾਣ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕਰੀਏ ਕਿ ਗੁਰੂ ਕ੍ਰਿਤ ਬਾਣੀ ਦੀ ਪਛਾਣ ਕਿਵੇਂ ਕਰਨੀ ਚਾਹੀਦੀ ਹੈ ਤਾਂ ਉੱਤਰ ਮਿਲ਼ੇਗਾ – ਗੁਰਮਖਾ! ਸੱਚੀ ਬਾਣੀ ਗੁਰੂ ਜੋਤਿ ‘ਨਾਨਕ’ ਸ਼ਬਦ ਦੀ ਮੁਹਰ ਨਾਲ਼ ਲਿਖੀ ਹੁੰਦੀ ਹੈ। ਫਿਰ ਗੁਰੂ ਜੀ ਇਹ ਅਗਵਾਈ ਦਿੰਦੇ ਹਨ ਕਿ ਇਹ ਸੱਚੀ ਬਾਣੀ (ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਰਾਗਮਾਲਾ ਤੋਂ ਬਿਨਾਂ) ਉਹ ਹੈ ਜੋ ਪੰਜਵੇਂ ਗੁਰੂ ਜੀ ਨੇ ‘ਪੋਥੀ ਸਾਹਿਬ’ ਰੂਪ ਵਿੱਚ ਭਾਈ ਗੁਰਦਾਸ ਜੀ ਦੁਆਰਾ ਲਿਖਵਾ ਕੇ ਬਖ਼ਸ਼ੀ ਅਤੇ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਹੱਥੀਂ ਪਿਤਾ ਗੁਰੂ ਨੌਵੇਂ ਪਾਤਿਸ਼ਾਹ ਜੀ ਦੀ ਬਾਣੀ ਦਰਜ ਕਰਕੇ 35 ਬਾਣੀਕਾਰਾਂ ਦੀ ਰਚਨਾ ‘ਦਮਦਮੀ ਬੀੜ’ ਦੇ ਰੂਪ ਵਿੱਚ ਬਖ਼ਸ਼ੀ ਹੈ। ਇਸ ਸੰਗ੍ਰਿਹ ਤੋਂ ਬਿਨਾ ਬਾਹਰ ਜੋ ਵੀ ਰਚਨਾ ਹੈ ਭਾਵੇਂ ‘ਨਾਨਕ’ ਮੁਹਰ ਛਾਪ ਵੀ ਰੱਖਦੀ ਹੋਵੇ ਜਿਵੇਂ ਪ੍ਰਿਥੀ ਚੰਦ ਵਲੋਂ ਲਿਖੀ ਰਚਨਾ, ਭਾਵੇਂ ਉਹ ਕਿਸੇ ਭਗਤ ਜਨ ਦੇ ਨਾਂ ਹੇਠ ਲਿਖੀ ਮਿਲ਼ਦੀ ਹੋਵੇ ਜਿਵੇਂ ‘ਗੀਤ ਗੋਬਿੰਦ’ ਭਗਤ ਨਾਮ ਦੇਵ ਜੀ ਨਾਲ਼ ਸੰਬੰਧਤ, ‘ਬੀਚਕ’ ਗ੍ਰੰਥ ਭਗਤ ਕਬੀਰ ਜੀ ਨਾਲ਼ ਸੰਬੰਧਤ ਆਦਿਕ ਉਹ ਗੁਰੂ ਕ੍ਰਿਤ ਅਤੇ ਗੁਰ-ਪ੍ਰਵਾਨਤ ਰਚਨਾ ਨਹੀਂ ਹੋ ਸਕਦੀ।ਰਾਗਮਾਲਾ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਚਨਾ ਗੁਰ-ਪ੍ਰਵਾਨਤ ਹੈ ਕਿਉਂਕਿ ਇਸ ਦੀ ਸੰਪਾਦਨਾ ਗੁਰੂ ਸਾਹਿਬਾਨ ਨੇ ਖ਼ੁਦ ਕੀਤੀ ਹੈ ਅਤੇ ਹਰ ਪ੍ਰਕਾਰ ਦੇ ਸ਼ੰਕੇ ਤੋਂ ਮੁਕਤ ਹੈ।

ਰਾਗਮਾਲਾ ਪ੍ਰਤੀ ਪੰਥਕ ਕਮੇਟੀ ਦੇ ਸਿੱਖ  ਰਹਿਤ ਮਰਯਾਦਾ ਵਿੱਚ ਦਿੱਤੇ ਵਿਚਾਰ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਰਾਗ ਮਾਲਾ’ ਸੱਭ ਤੋਂ ਅਖ਼ੀਰ ਵਿੱਚ ਦਰਜ ਹੈ। ਰਾਗਮਾਲਾ ਤੋਂ ਬਿਨਾ ਠੀਕ 1429 ਪੰਨੇਂ ਬਣਦੇ ਹਨ। ਗੁਰਬਾਣੀ ਉਹ ਹੈ ਜੋ ਪੜ੍ਹੀ ਜਾਣੀ ਚਾਹੀਦੀ ਹੈ। ਜੋ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜਾਂ ਅਖੰਡ ਪਾਠ ਵਿੱਚ ਪੜ੍ਹੀ ਜਾਵੇ ਜਾਂ ਨਾ ਪੜ੍ਹੀ ਜਾਵੇ ਉਹ ਗੁਰਬਾਣੀ, ਭਾਵ, ਗੁਰੂ ਕ੍ਰਿਤ ਨਹੀਂ ਹੋ ਸਕਦੀ, ਕਿਉਂਕਿ ਗੁਰਬਾਣੀ ਨੂੰ ਕਿਸੇ ਕੀਮਤ ਤੇ ਵੀ ਪਾਠ ਵਿੱਚ ਪੜ੍ਹਨ ਤੋਂ ਛੱਡਿਆ ਨਹੀਂ ਜਾ ਸਕਦਾ।

ਸੰਨ 1931 ਤੋਂ 1945 ਤਕ ਦੇ ਲੰਬੇ ਸਮੇਂ ਵਿੱਚ, ਉਸ ਸਮੇਂ ਦੀ ਸ਼੍ਰੋ. ਗੁ. ਪ੍ਰ. ਕਮੇਟੀ ਵਲੋਂ ਬਣਾਈ ਗਈ ‘ਸਿੱਖ ਰਹਿਤ ਮਰਯਾਦਾ’ ਦੇ ਖਰੜੇ ਵਿੱਚ ‘ਸਧਾਰਨ/ਅਖੰਡ ਪਾਠ ਦਾ ਅਰੰਭ’ ਦੀ ਮੱਦ (ੳ) ਵਿੱਚ ਇੱਸ ਤਰ੍ਹਾਂ ਲਿਖਿਆ ਗਿਆ ਹੈ-

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਧਾਰਨ ਜਾਂ ਅਖੰਡਪਾਠ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗ ਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ’। ਇੱਸ ਤੋਂ ਸਪੱਸ਼ਟ ਹੈ ਕਿ ਪੰਥਕ ਰਹੁ-ਰੀਤ ਕਮੇਟੀ ਸਿਧਾਂਤਕ ਤੌਰ ਤੇ ਇਹ ਮੰਨ ਚੁੱਕੀ ਹੈ ਕਿ ‘ਰਾਗ ਮਾਲਾ’ ਗੁਰੂ ਕ੍ਰਿਤ ਰਚਨਾ ਨਹੀਂ ਹੈ, ਕਿਉਂਕਿ ਕਮੇਟੀ ਅਨੁਸਾਰ ਇਸ ਨੂੰ ਪੜ੍ਹੇ ਬਿਨਾ ਵੀ ਪਾਠਾਂ ਦੀ ਸੰਪੂਰਨਤਾ ਹੋ ਸਕਦੀ ਹੈ।

ਜੇ ਇਹ ‘ਰਾਗ ਮਾਲਾ’ ਗੁਰੂ ਕ੍ਰਿਤ ਨਹੀਂ ਸੀ, ਤਾਂ ਇਸ ਕੱਚੀ ਬਾਣੀ ਨੂੰ ਹੁਣ ਤਕ ਛਾਪਣ ਦਾ ਇਸ ਰਚਨਾ ਤੋਂ ਕੀ ਗੁਰ-ਉਪਦੇਸ਼ ਜਾਂ ਲਾਭ ਮਿਲ਼ਿਆ? ਸੰਨ 1945 ਤੋਂ ਹੁਣ ਤਕ, ‘ਰਾਗ ਮਾਲਾ’ ਪੜ੍ਹਨ ਜਾਂ ਨਾ ਪੜ੍ਹਨ ਦੇ ਫ਼ੁਰਮਾਨ ਨੂੰ 70 ਸਾਲ ਬੀਤ ਚੁੱਕੇ ਹਨ ਪਰ ਇੱਸ ਦੀ ਛਪਾਈ ਫਿਰ ਵੀ ਲਗਾਤਾਰ ਉਸੇ ਕਮੇਟੀ ਵਲੋਂ ਜਾਰੀ ਹੈ, ਜਿਸ ਦਾ ਭਾਵ ਹੈ ਕਿ ਪੰਥਕ ਕਮੇਟੀ ਵਲੋਂ ਕੁੱਝ ਕੱਚੀ ਬਾਣੀ (ਜਿਸ ਨੂੰ ਪੰਥਕ ਕਮੇਟੀ ਆਪ ਹੀ ਕੱਚੀ ਮੰਨ ਚੁੱਕੀ ਹੈ) ਪੜ੍ਹਨ ਲਈ ਵੀ ਸਿੱਖਾਂ ਨੂੰ ਦਿੱਤੀ ਜਾ ਰਹੀ ਹੈ। ਕੱਚੀ ਬਾਣੀ ਸੰਬੰਧੀ ਗੁਰਬਾਣੀ ਇਉਂ ਗਿਆਨ ਬਖ਼ਸ਼ਦੀ ਹੈ-

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝੋ ਹੋਰ ਕਚੀ ਬਾਣੀ॥ਕਹਦੇ ਕਚੇ ਸੁਣਦੇ ਕਚੇ ਕਂਚੀ ਆਖਿ ਵਖਾਣੀ॥---ਗਗਸ 920

ਭਾਵ ਇਹ ਹੈ ਕਿ ਕੱਚੀ ਬਾਣੀ (ਗੁਰ-ਉਪਦੇਸ਼ ਤੋਂ ਸੱਖਣੀ) ਨੂੰ ਲਿਖਣ ਵਾਲ਼ੇ, ਕਹਿਣ ਵਾਲ਼ੇ ਅਤੇ ਸੁਣਨ ਵਾਲ਼ੇ ਸੱਭ ਕੱਚੇ ਮਨ ਵਾਲ਼ੇ ਹਨ।

‘ਰਾਗ ਮਾਲਾ’ ਕੀ ਹੈ?
ਆਲਮ ਕਵੀ ਦੀ ਇੱਕ ਰਚਨਾ ਹੈ ਜਿਸ ਦਾ ਨਾਂ ਹੈ- ‘ਕਿੱਸਾ ਮਾਧਵ ਨਲ ਕਾਮ ਕੰਦਲਾ’। ਇਸ ਦਾ ਜ਼ਿਕਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਪੁਸਤਕ ‘ਰਾਗਮਾਲਾ ਨਿਰਣਯ’ ਵਿੱਚ ਕੀਤਾ ਹੈ। ਇਹ ਕਿੱਸਾ "ਸਿੱਖ ਮਾਰਗ" ਤੋਂ ਪੂਰਾ ਪੜ੍ਹਿਆ ਜਾ ਸਕਦਾ ਹੈ। ਇੱਸ ਵਿੱਚ ਮਾਧਵ ਨਲ ਅਤੇ ਅਤੀ ਸੁੰਦਰ ਨਾਚੀ ਕਾਮ ਕੰਦਲਾ ਦੀ ਪ੍ਰੇਮ ਕਹਾਣੀ ਹੈ। ਰਾਜ ਦਰਬਾਰ ਵਿੱਚ ਕਾਮ ਕੰਦਲਾ ਨਾਚ ਕਰਦੀ ਹੈ ਜਿੱਥੇ ਮਾਧਵ ਨਲ ਵੀ ਅਜਨਵੀ ਵਜੋਂ ਪਹਿਲੀ ਵਾਰ ਬੈਠਾ ਨਾਚ ਦੇਖਦਾ ਹੈ।

ਮਹਾਨ ਕੋਸ਼ ਦੀ ਲਿਖਤ ਰਾਗਮਾਲਾ ਪ੍ਰਤੀ:
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ‘ਰਾਗਮਾਲਾ’ ਸਿਰਲੇਖ ਅਧੀਨ ਲਿਖਿਆ ਹੈ- ‘ਮਾਧਵਾਨਲ ਸੰਗੀਤ ਦੇ ਆਲਮ ਕਵੀ ਕ੍ਰਿਤ ਹਿੰਦੀ ਅਨੁਵਾਦ ਵਿੱਚੋਂ 63ਵੇਂ ਛੰਦ ਤੋਂ 72ਵੇਂ ਛੰਦ ਤੀਕ ਦਾ ਪਾਠ, ਜਿਸ ਵਿੱਚ ਛੀ ਰਾਗ ਉਨ੍ਹਾਂ ਦੀਆਂ ਪੰਜ ਪੰਜ ਰਾਗਿਣੀਆਂ ਅਤੇ ਅੱਠ-ਅੱਠ ਪੁੱਤਰ ਲਿਖੇ ਹਨ’।

ਰਾਗਮਾਲਾ ਦਾ ਸਿੱਖ ਪ੍ਰਤੀ ਉਪਦੇਸ਼ ਕੀ ਹੈ?
ਰਾਗ ਮਾਲਾ ਦਾ ਸਿੱਖ ਲਈ ਕੋਈ ਉਪਦੇਸ਼ ਨਹੀਂ ਹੈ। ਇਹ ਗੁਰ-ਪਰਮੇਸ਼ਰ ਦੇ ਨਾਮ ਅਤੇ ਪਿਆਰ ਦੀ ਗੱਲ ਹੀ ਨਹੀਂ ਕਰਦੀ। ਇਸ ਵਿੱਚ ਜੋ ਹੈ ਉਹ ‘ਮਹਾਨ ਕੋਸ਼’ ਦੇ ਕਰਤਾ ਨੇ ਸਾਫ਼ ਸਾਫ਼ ਦੱਸ ਦਿੱਤਾ ਹੈ।

ਕਿੱਸਾ ਮਾਧਵ ਨਲ ਅਤੇ ਕਾਮ ਕੰਦਲਾ-ਵਿਸਥਾਰਤ ਜਾਣਕਾਰੀ:
‘ਕਿੱਸਾ ਮਾਧਵਨਲ ਅਤੇ ਕਾਮ ਕੰਦਲਾ’ ਰਚਨਾ ਦੇ 179 ਬੰਦ ਹਨ। ਇੱਸ ਰਚਨਾ ਵਿੱਚ ਦੋਹਰਾ, ਚੌਪਈ, ਅੜਿਲ ਅਤੇ ਸੋਰਠਾ ਛੰਦ ਵਰਤੇ ਗਏ ਹਨ। ਇੱਕ ਬੰਦ ਵਿੱਚ ਦੋ ਛੰਦ ਵਰਤੇ ਗਏ ਹਨ। ਚੌਪਈ ਹਰ ਬੰਦ ਦਾ ਭਾਗ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀਕਾਰਾਂ ਵਲੋਂ ਕਿਤੇ ਵੀ ਚੌਪਈ ਛੰਦ ਦੀ ਵਰਤੋਂ ਨਹੀਂ ਕੀਤੀ ਗਈ। ਕਿੱਸੇ ਵਿੱਚ ਦਰਜ ਰਾਗ ਮਾਲ਼ਾ ਵਿੱਚ ਵਰਤੇ ਛੰਦਾਂ ਦੇ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ‘ਰਾਗ ਮਾਲ਼ਾ’ ਵਿੱਚ ਛੱਡ ਦਿੱਤੇ ਗਏ ਹਨ। ਇਹ ਸ਼ਾਇਦ ਇੱਸ ਲਈ ਕੀਤਾ ਗਿਆ ਹੈ ਕਿ ਰਾਗ ਮਾਲ਼ਾ ਦਾ ‘ਚੌਪਈ’ ਛੰਦ ਓਪਰਾ ਨਾ ਲੱਗੇ ਕਿਉਂਕਿ ਗੁਰਬਾਣੀ ਵਿੱਚ ਬਾਣੀਕਾਰਾਂ ਵਲੋਂ ਇਹ ਕਿਤੇ ਵਰਤਿਆ ਨਹੀਂ ਗਿਆ। ‘ਸੋਰਠਾ’ ਅਤੇ ‘ਦੋਹਰਾ’ ਛੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕੋਚ ਨਾਲ਼ ਵਰਤੇ ਮਿਲ਼ਦੇ ਹਨ। ਸਿਰਲੇਖ ਅਨੁਸਾਰ ‘ਸੋਰਠਾ’ ਛੰਦ 3 ਵਾਰੀ (ਗਗਸ ਪੰਨਾਂ 1408) ਅਤੇ ‘ਦੋਹਰਾ’ ਇੱਕ ਵਾਰੀ (ਗਗਸ ਪੰਨਾਂ 1429) ਵਰਤਿਆ ਗਿਆ ਹੈ। ਪੰਨਾਂ 322 ਉੱਪਰ ‘ਦੋਹਾ’ ਛੰਦ ਵੀ ਇੱਕ ਵਾਰੀ ਵਰਤਿਆ ਮਿਲ਼ਦਾ ਹੈ, ਭਾਵੇਂ, ਇਹ ‘ਦੋਹਰਾ’ ਹੀ ਹੁੰਦਾ ਹੈ ਤੇ ਨਾਂ ਹੀ ਵੱਖ-ਵੱਖ ਹਨ { ਦੋਹਰਾ ਛੰਦ- ਇਹ ਮਾਤ੍ਰਿਕ ਛੰਦ ਹੈ। ਤੁਕਾਂ ਦੋ ਹੰਦੀਆਂ ਹਨ ਤੇ ਮਾਤ੍ਰਾਂ 24। ਹਰ ਤੁਕ ਵਿੱਚ 13 (13+11) ਮਾਤ੍ਰਾਂ ਤੇ ਵਿਸ਼੍ਰਾਮ ਹੁੰਦਾ ਹੈ।

ਸੋਰਠਾ- ਮਾਤ੍ਰਿਕ ਛੰਦ, ਮਾਤ੍ਰਾਂ 24, ਵਿਸ਼੍ਰਾਮ 11 (11+13) ਮਾਤ੍ਰਾਂ ਤੇ}

ਮੰਗਲ਼ ਦੀ ਵਰਤੋਂ:
ਕਿੱਸਾ ਦੇ ਸ਼ੁਰੂ ਵਿੱਚ ਗਣੇਸ਼ ਦਾ ਮੰਗਲ਼ ਹੈ-
ਸਤਿ ਸ੍ਰੀ ਗਣੇਸਾਯਨਮ: । ਫਿਰ ਲਿਖਿਆ ਹੈ ‘ਅਥ ਮਾਧਵ ਨਲ ਕਾਮ ਕੰਦਲਾ’। ਸੰਗੀਤਕਾਰ ਮਾਧਵ ਨਲ ਅਤੇ ਨਾਚੀ ਸੰਗੀਤਕਾਰ ਕਾਮ ਕੰਦਲਾ ਦੀ ਕਥਾ ਦਾ ਬਿਆਨ।

ਬੰਦ ਨੰਬਰ 1 ਤੋਂ 7:
ਕਿੱਸੇ ਦੇ ਕਰਤਾ ਕਵੀ ਦਾ ਨਾਂ ਆਲਮ ਹੈ-
ਜਨ ਆਲਮ ਨਿਹਚਾ ਕਰ ਜਾਨਾ।ਤਿਨ ਕੇ ਚਰਨ ਧੋਇ ਮਨ ਮਾਨਾ।3॥
ਕਵੀ ਨੇ ਪੀਰਾਂ ਫ਼ਕੀਰਾਂ ਦੀ ਉਪਮਾ ਕੀਤੀ ਹੈ।ਅਕਬਰ ਤੇ ਟੋਡਰ ਮੱਲ ਦਾ ਜ਼ਿਕਰ-
ਦਿਲੀਪਤਿ ਅਕਬਰ ਸੁਲਤਾਨਾ।ਸਪਤ ਦੀਪ ਮਹਿ ਜਾ ਕੀ ਆਨਾ।4।
ਆਗੈ ਨੇਬ ਮਹਾਮਨ ਮੰਤ੍ਰੀ।ਨ੍ਰਿਪ ਰਾਜਾ ਟੋਡਰ ਮੱਲ ਛੱਤ੍ਰੀ।5।

ਰਾਜਾ ਬਿਕ੍ਰਮ ਸੇਨ-
ਜਿਉ ਮੰਤ੍ਰੀ ਬਿਕ੍ਰਮ ਸੈਨ ਕੋ ਮੰਤ੍ਰ ਕਰਹਿ ਅਰਥਾਇ।5।

ਕਿੱਸਾ ਲਿਖਣ ਦਾ ਸੰਮਤ-
ਸੰਮਤੁ ਨੌ ਸੌ ਇਕਾਨਵਾ ਆਹੀ।ਕਰਉ ਕਥਾ ਅਬ ਬੋਲਹੁ ਤਾਹੀ।6।

ਮਾਧਵ ਨਲ ਅਤੇ ਕਾਮ ਕੰਦਲਾ-ਕਿੱਸੇ ਦੇ ਇਹ ਦੋ ਪ੍ਰਭਾਵਸ਼ਾਲੀ ਪਾਤ੍ਰ ਹਨ, ਭਾਵੇਂ, ਰਾਜਿਆਂ , ਅੰਮ੍ਰਿਤ ਲਿਆਉਣ ਵਾਲ਼ਾ ਦੇਵਤੇ ਅਤੇ ਕਾਮ ਕੰਦਲਾ ਦੀਆਂ ਸਖੀਆਂ ਤੋਂ ਬਿਨਾ ਇੱਕ ਵਿਚੋਲਾ ਬੇਤਾਲਾ ਵੀ ਹੈ।

ਸਰਬ ਸਿੰਗਾਰ ਬ੍ਰਿਹ ਕੀ ਰੀਤੀ। ਮਾਧਵ ਨਲ ਕਾਮ ਕੰਦਲਾ ਪ੍ਰੀਤੀ।

ਮਾਧਵ ਨਲ ਸਭ ਬਿਧ ਚਤੁਰ ਕਾਮ ਕੰਦਲਾ ਜੋਗੁ। ਕਰੋ ਕਥਾ ਆਲਮ ਸੁਮਤਿ ਉਸਤਤਿ ਬਿਰਹਿ ਬਿਓਗ।6।
ਮਾਧਵ ਨਲ ਦਾ ਨਿਵਾਸ- ਗੋਬਿੰਦ ਚੰਦ ਰਾਜੇ ਦਾ ਨਗਰ ਪਹੁਪਾਵਤੀ ਹੀ ਮਾਧਵ ਨਲ ਦਾ ਨਗਰ ਸੀ।
ਪਹੁਪਾਵਤੀ ਨਗਰੁ ਇਕ ਸੁਨਾ। ਗੋਬਿੰਦ ਚੰਦ ਰਾਜਾ ਬਹੁ ਗੁਨਾ।ਤਾ ਮਹਿ ਰਹੈ ਸਦਾ ਸਖ ਤਿਆਗੀ।ਮਾਧਵ ਨਲ ਬ੍ਰਾਹਮਨ ਬੈਰਾਗੀ।7।

ਬੰਦ ਨੰਬਰ 8 ਤੋਂ 11:
ਮਾਧਵ ਨਲ ਦੀ ਸੁੰਦਰਤਾ ਤੇ ਸੰਗੀਤਕਾਰੀ ਦਾ ਬਿਆਨ ਹੈ- ਅਤਿ ਰੂਪਵੰਤ ਸਗਲ ਗੁਨ ਭਰਿਓ। ਦੇਖ ਰੂਪ ਸਭ ਰੀਝਿ ਰਹਾਈ।ਸ਼੍ਰਵਨ ਸੁਨਹਿ ਬਿਸਮੇ ਹੋਇ ਜਾਈ। ਗਾਵੈ ਸਰਬ ਬਜਾਬੈ ਬੈਨਾ। ਸਭ ਨਾਰੀ ਮੋਹੇ ਮ੍ਰਿਗ ਨੈਨਾ।8।

ਬੰਦ ਨੰਬਰ 12 ਤੋਂ 16:
ਨਗਰ ਦੇ ਲੋਕਾਂ ਦੀ ਰਾਜੇ ਕੋਲ਼ ਬੇਨਤੀ ਕਿ ਮਾਧਵ ਨਲ ਨੂੰ ਰਾਜ ਤੋਂ ਕੱਢ ਦਿਓ ਕਿਉਂਕਿ ਉਸ ਦਾ ਰਾਗ ਸੁਣ ਕੇ ਮਸਤੀ ਵਿੱਚ ਨਗਰ ਦੀਆਂ ਇਸਤ੍ਰੀਆਂ ਉਸ ਉੱਤੇ ਮੋਹਿਤ ਹੋ ਰਹੀਆਂ ਹਨ-

ਸੁਨਹੁ ਰਾਇ ਇਕ ਬਚਨ ਹਮਾਰਾ।ਮਾਧਵ ਨਲ ਮੋਹੇ ਸਭ ਦਾਰਾ।ਕਰੇ ਰਾਗ ਸਭ ਤ੍ਰਿਅ ਲੁਭਾਹੀ।ਮ੍ਰਿਗ ਗਤਿ ਮੋਹਿ ਸਕਲ ਸੰਗਿ ਜਾਹੀ।13। ਕਹੈ ਪਰਜਾ ਰਾਜਾ ਸੁਨੋ ਹਮ ਨ ਬਸਹਿ ਇਹ ਗਾਉ।ਕੈ ਵਗ ਬੇਗ ਨਿਕਾਰੀਏ ਜਿਹ ਮਾਧਵ ਨਲ ਨਾਉ।

ਪਰਜਾ ਦੀ ਬੇਨਤੀ ਸੁਣ ਕੇ ਗੋਬਿੰਦ ਚੰਦ ਰਾਜੇ ਨੇ ਮਾਧਵ ਨਲ ਨੂੰ ਰਾਜ ਨਿਕਾਲਾ ਦੇ ਦਿੱਤਾ ਤੇ ਦਸਾਂ ਦਿਨਾਂ ਵਿੱਚ ਉਹ ਕਾਮਾਵਤੀ ਨਗਰ ਚਲੇ ਗਿਆ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top