Share on Facebook

Main News Page

ਰਾਗਮਾਲਾ ਗਿਆਨ (ਕਿੱਸਾ ਮਾਧਵ ਨਲ ਅਤੇ ਕਾਮ ਕੰਦਲਾ) ਭਾਗ ਦੂਜਾ
-:
ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਲੜੀ ਜੋੜਨ ਲਈ : ਭਾਗ ਪਹਿਲਾ

ਜਿਵੇਂ- ਬੀਨਾ ਗਹੈ ਬਜਾਵੈ ਰਾਗਾ।ਛਿਨ ਛਿਨ ਉਪਜਾਵੈ ਵੈਰਾਗਾ।ਦਿਨ ਦਸ ਮਾਰਗ ਰਹਿਓ ਸੁਜਾਨਾ।ਕਾਮਾਵਤੀ ਨਗਰ ਨਿਯਰਾਨਾ।16।

ਬੰਦ ਨੰਬਰ 17 ਤੋਂ 33:

ਕਾਮਾਵਤੀ ਨਗਰ ਵਿੱਚ ਕਾਮ ਕੰਦਲਾ ਨਾਂ ਦੀ ਸੁੰਦਰ ਨਰਤਕੀ ਰਹਿੰਦੀ ਸੀ-

ਤਿਹ ਪੁਰ ਬਸੇ ਚੰਦ ਕੀ ਕਲਾ।ਪਾਤਰਿ ਗੁਨੀ ਕਾਮ ਕੰਦਲਾ। ਤਾਂ ਕੋ ਰੂਪ ਬਰਨਿ ਕੋ ਪਾਰੈ।ਬਰਨਤ ਜੀਭ ਸਹਸ ਫਨਿ ਹਾਰੈ।18।ਸ਼੍ਰਵਨ ਸੁਨਤ ਵੈ ਬੋਲ ਸੁਨਿ ਮਨਸਾ ਨਾ ਥਿਰ ਰਹੈ।21।

ਕਾਮ ਕੰਦਲਾ ਦਾ ਨਾਚ ਕਰਨ ਜਾਣਾ:

ਕਾਮ ਕੰਦਲਾ ਕਸੁੰਭੀ ਸਾੜ੍ਹੀ ਪਹਿਨ ਕੇ ਰਾਜ ਮੰਦਰ ਨੂੰ ਚੱਲੀ ਤਾਂ ਲੋਕ ਵੀ ਨਾਲ਼ ਚੱਲੇ। ਮਾਧਵ ਨਲ ਵੀ ਸੰਗ ਵਿੱਚ ਰਲ਼ ਗਿਆ ਜਿਸ ਨੇ ਬੀਣਾ ਸਾਜ਼ ਚੁੱਕਿਆ ਹੋਇਆ ਸੀ, ਜਿਵੇਂ-

ਰਾਜ ਮੰਦਰ ਕਉ ਚਲੀ ਕਾਮ ਕੰਦਲਾ ਨਾਰਿ।23। ਤਬਿ ਉਠ ਮਾਧਵ ਨਲ ਸੰਗਿ ਲਾਗਾ। ਬੀਨਾ ਕਾਂਧੇ ਗਹਿ ਬੇਰਾਗਾ।24। ਮਾਧਵ ਨਲ ਨੂੰ ਨਾਚ ਗਾਣੇ ਵਾਲ਼ੇ ਸਥਾਨ ਵਿੱਚ ਨਾ ਜਾਣ ਦਿੱਤਾ ਗਿਆ, ਪਰਦੇਸੀ ਤੇ ਅਜਨਵੀ ਜਾਣ ਕੇ ਦਰਵਾਨ ਨੇ ਬਾਹਰ ਰੋਕ ਲਿਆ ਤੇ ਬਾਕੀ ਸਾਰੇ ਕਾਮ ਕੰਦਲਾ ਨੂੰ ਸੁਣਨ ਲਈ ਅੰਦਰ ਲੰਘਾ ਦਿੱਤੇ ਗਏ।

ਮਾਧਵ ਨਲ ਬਾਹਰ ਬੈਠਾ ਆਵਾਜ਼ ਸੁਣਨ ਲੱਗਾ ਤਾਂ ਪਤਾ ਲੱਗਾ ਕਿ ਤਾਲ ਵਜਾਉਣ ਵਾਲ਼ਾ ਤਾਲ ਭੰਗ ਕਰ ਰਿਹਾ ਹੈ ਤੇ ਕਿਸੇ ਮੂਰਖ ਨੂੰ ਇਸ ਦਾ ਕੋਈ ਪਤਾ ਹੀ ਨਹੀਂ ਲੱਗਦਾ। ਮਾਧਵ ਨਲ ਨੇ ਦਰਵਾਨ ਨੂੰ ਅੰਦਰ ਜਾ ਕੇ ਰਾਜੇ ਨੂੰ ਇਹ ਗੱਲ ਦੱਸਣ ਲਈ ਕਿਹਾ ਕਿ ਤਾਲ ਵਜਾਉਣ ਵਾਲ਼ੇ ਦਾ ਅੰਗੂਠਾ ਠੀਕ ਕੰਮ ਨਹੀਂ ਕਰ ਰਿਹਾ ਤੇ ਤਾਲ ਭੰਗ ਹੋ ਰਿਹਾ ਹੈ, ਸਾਰੀ ਸਭਾ ਮੂਰਖਾਂ ਦੀ ਹੈ। ਜਿਵੇਂ-

ਤਾਲ ਭੰਗ ਮਾਧਵ ਜਬ ਸੁਨੇ। ਦੁਆਰੇ ਬੈਠਾ ਮਾਥਾ ਧੁਨੇ। ਮਾਧਵ ਕਹੈ ਪਵਰੀਆ ਜਾਓ।ਰਾਜਾ ਆਗੈ ਬਾਤ ਜਨਾਓ।26।

ਰਾਜੇ ਨੂੰ ਪਤਾ ਲੱਗਾ ਤਾਂ ਉਸ ਨੇ ਮ੍ਰਿਦੰਗ ਵਾਲ਼ੇ ਨੂੰ ਸੱਦਿਆ ਤੇ ਦੇਖਿਆ ਕਿ ਉਸ ਦਾ ਅੰਗੂਠਾ ਮੋਮ ਦਾ ਹੈ ਸੀ ਜੋ ਕੰਮ ਨਹੀਂ ਕਰਦਾ ਸੀ। ਰਾਜੇ ਨੇ ਤੁਰਤ ਮਾਧਵ ਨਲ ਨੂੰ ਅੰਦਰ ਲਿਆਉਣ ਲਈ ਦਰਬਾਰੀ ਨੂੰ ਕਿਹਾ ਤੇ ਮਾਧਵ ਨਲ ਰਾਜ ਮੰਦਰ ਅੰਦਰ ਪ੍ਰਵੇਸ਼ ਕਰ ਗਿਆ ਜਿੱਥੇ ਕਾਮ ਕੰਦਲਾ ਆਪਣੀ ਮੰਡਲ਼ੀ ਨਾਲ਼ ਨਾਚ ਕਰਦੀ ਸੀ। ਮਾਧਵ ਨਲ ਨੇ ਪੱਗ ਬੰਨ੍ਹੀ ਹੋਈ ਸੀ ਤੇ ਕੋਲ਼ ਉਸ ਦੇ ਬੀਣਾ ਸੀ। ਜਿਵੇਂ- ਸ਼ੀਸ਼ ਪਾਗ ਬੀਨਾ ਗਹੇ ਰਾਜ ਮੰਦਰ ਪਗੁ ਦੀਨ।28।

ਮਾਧਵ ਨਲ ਦਾ ਕਾਮਵਤੀ ਦੇ ਰਾਜੇ ਕਾਮਸੈਨ ਵਲੋਂ ਸਤਿਕਾਰ:

ਰਾਜੇ ਨੇ ਮਾਧਵ ਨਲ ਨੂੰ ਸਿਘਾਸਣ ਤੇ ਬਿਠਾਇਆ ਤੇ ਕਈ ਤਰ੍ਹਾਂ ਦੇ ਸੋਨੇ ਦੇ ਗਹਿਣੇ ਅਤੇ ਕ੍ਰੋੜ ਟਕੇ ਭੇਟ ਕੀਤੇ।29। ਕਾਮ ਕੰਦਲਾ ਗਉਣ ਲਈ ਮੁੜ ਤਿਆਰ ਹੋ ਗਈ। ਨੁਕਸ ਦੂਰ ਕਰ ਲਿਆ ਗਿਆ। ਭਾਂਤਿ ਭਾਂਤਿ ਦੇ ਸਾਜ਼ ਵੱਜ ਰਹੇ ਸਨ ਤੇ ਸੰਗੀਤ ਦੀ ਮਧੁਰ ਧੁਨੀ ਗੂੰਜ ਰਹੀ ਸੀ।33।

ਬੰਦ ਨੰਬਰ 34 ਤੋਂ 38:

ਨਾਚੀ ਕਾਮ ਕੰਦਲਾ ਵਲੋਂ ਰਾਗਮਾਲਾ ਦਾ ਗਾਇਨ:

ਕਾਮ ਕੰਦਲਾ ਦੁਆਰਾ ‘ਰਾਗ ਮਾਲਾ’{ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੱਚੀ ਬਾਣੀ ਵਜੋਂ ਕਿਸੇ ਨੇ ਉਤਾਰੇ ਕਰਦਿਆਂ ਸ਼ਾਮਲ ਕਰ ਦਿੱਤੀ ਹੋਈ ਹੈ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਰਾਗ ਮਾਲ਼ਾ ਦੇ ਅਖੀਰ ਵਿੱਚ ਅੰਕ 38 ਹੈ ਪਰ ਇਹ ਭੇਦ ਛੁਪਾਉਣ ਲਈ ਕਿ ਇਹ ਰਚਨਾ ਵੱਖਰੀ ਨਾ ਲੱਗੇ ਤੇ ਕਿਸੇ ਹੋਰ ਰਚਨਾ ਦਾ ਭਾਗ ਨਾ ਲੱਗੇ, ਸ਼ਾਮਲ ਕਰਨ ਵਾਲ਼ੇ ਨੇ ਅਖ਼ੀਰ ਵਿੱਚ ਕੇਵਲ ‘1’ ਹੀ ਅੰਕ ਵਜੋਂ ਲਿਖਿਆ ਹੈ, 38 ਨਹੀਂ। ਰਾਗ ਮਾਲ਼ਾ ਵਿੱਚ ਵਰਤੇ ਛੰਦ (ਚੌਪਈ, ਦੋਹਰਾ, ਅੜਿਲ ਅਤੇ ਸੋਰਠਾ) ਵੀ ਲਿਖਾਰੀ ਨੇ ਚਾਲਾਕੀ ਨਾਲ਼ ਛੱਡ ਕੇ ਇਹ ਰਚਨਾ ਗੁਰਬਾਣੀ ਵਿੱਚ ਸ਼ਾਮਲ ਕੀਤੀ ਹੈ। ਇਹ ਰਚਨਾ ਗੁਰੂ ਕ੍ਰਿਤ ਨਹੀਂ ਹੈ} ਦਾ ਗਾਇਨ ਸ਼ੁਰੂ ਹੋ ਗਿਆ। ਮਾਧਵ ਨਲ ਰਾਜ ਮਹਿਫ਼ਲ ਵਿੱਚ ਬੈਠਾ ਅਨੰਦ ਮਾਣਦਾ ਹੋਇਆ ਕਾਮ ਕੰਦਲਾ ਦੇ ਇਸ਼ਾਰਿਆਂ ਤੇ ਬੋਲਾਂ ਨੂੰ ਦੇਖ ਤੇ ਸੁਣ ਰਿਹਾ ਹੈ। ਕਾਮ ਕੰਦਲਾ ਨ੍ਰਿਤਕਾਰੀ ਕਰਦੀ ਪੂਰੀ ਰਾਗ ਮਾਲਾ ਇਉਂ ਗਾਇਨ ਕਰ ਰਹੀ ਹੈ-

ਚੌਪਈ

ਰਾਗ ਏਕ ਸੰਗ ਪੰਚ ਬਰੰਗਨ। ਸੰਗ ਅਲਾਪਹਿ ਆਠਉ ਨੰਦਨ
ਦੋਹਰਾ- ਖਸਟ ਰਾਗ ਉਨ ਮਿਲ ਕਹੇ ਸੰਗ ਰਾਗਨੀ ਤੀਸ। ਸਭੈ ਪੁਤ੍ਰ ਰਾਗਨ ਕੇ ਆਠਾਰਹਿ ਦਸਬੀਸ।38।

ਬੰਦ ਨੰਬਰ 39 ਤੋਂ 61:

ਸੰਗੀਤਕ ਸ਼ਬਦਾਂ ਦੀ ਵੰਨਗੀ-
ਸਰਸ ਰਾਗ ਸੁਰਪਰਿ ਮਿਲ ਬੋਲਹਿ।----। ਤੱਥੇਹੀ ਤੱਥੇਹੀ ਕਰਹੀ।ਤੰਬੁਕ ਤੰਬੁਕ ਮੁਖ ਉਚਰਹੀ।ਧਧਸਥ ਧਧਸਥ ਧਧਸਥ ਧੰਗਾ।ਦਿਮ ਦਿਮ ਧੁਨ ਬਾਜੇ ਮ੍ਰਿਦੰਗਾ। ਝਿਟਕ ਝਿਟਕ ਕਰਤੀ ਅਉ ਕਉਤਕ।ਝਟਕ ਝਟਕ ਨਾਚੈ ਬਹਤੀ ਗਤਿ।39। ਝੁਟਕ ਝੁਟਕ ਝੁਟਕੇ ਝੁਟਕ ਉਠਹਿ ਅਨਿਕ ਤਰੰਗ। ਅਕਿਅਕਿ ਅਕਿਅਕਿ ਉਚਰਹਿ ਦਿਮ ਦਿਮ ਦਿਮ ਮ੍ਰਿਦੰਗ॥ 40।

ਅਤੀ ਸੁੰਦਰ ਮਾਧਵ ਨਲ ਦੇ ਨੈਨਾਂ ਨਾਲ਼ ਕਾਮ ਕੰਦਲਾ ਆਪਣੇ ਨੈਨ ਮਿਲਾਉਂਦੀ ਹੈ-

ਫਿਰਕੀ ਫੇਰ ਤਾਲ ਜਬ ਤੋਰੈ।ਨੈਨ ਕੋਰ ਮਾਧਵ ਸੋ ਜੋਰੈ।40।

ਮਾਧਵ ਨਲ ਨਰਤਕੀ ਦੇ ਕੌਤਕਾਂ ਦੇ ਭੇਦ ਜਾਣਦਾ ਹੈ। ਕਾਮ ਕੰਦਲਾ ਦੇ ਗਾਇਨ ਤੋਂ ਖ਼ੁਸ਼ ਹੋ ਕੇ ਮਾਧਵ ਨਲ ਰਾਜੇ ਵਲੋਂ ਮਿਲ਼ੀਆਂ ਸਭ ਵਸਤੂਆਂ ਕਾਮ ਕੰਦਲਾ ਨੂੰ ਇਨਾਮ ਵਿੱਚ ਦੇ ਦਿੰਦਾ ਹੈ।43। ਰਾਜਾ ਇਹ ਕੌਤਕ ਦੇਖ ਕੇ ਮਾਧਵ ਨਲ ਪ੍ਰਤੀ ਕ੍ਰੋਧਿਤ ਹੋ ਜਾਂਦਾ ਹੈ। ਰਾਜਾ ਕਾਮ ਕੰਦਲਾ ਨੂੰ ਗਨਕਾ ਆਖਦਾ ਹੈ। ਮਾਧਵਾ ਨਲ ਦਾ ਰਾਜੇ ਬਿਕ੍ਰਮ ਨਾਲ਼ ਕਲਾ ਦੀ ਸੂਝ ਪ੍ਰਤੀ ਵਾਦ ਵਿਵਾਦ ਹੁੰਦਾ ਹੈ।

ਮੂਰਖਾਂ ਦੀ ਸਭਾ:

ਮਾਧਵਾ ਨਲ ਰਾਜੇ ਦੀ ਸਭਾ ਨੂੰ ਮੂਰਖਾਂ ਦੀ ਸਭਾ ਆਖਦਾ ਹੈ। ਰਾਜਾ ਉਸ ਨੂੰ ਮਾਰ ਕੇ ਦੋ ਟੁਕੜੇ ਕਰ ਦੇਣ ਦੀ ਧਮਕੀ ਦਿੰਦਾ ਹੈ ਪਰ ਬ੍ਰਾਹਮਨ ਹੱਤਿਆ ਤੋਂ ਵੀ ਡਰਦਾ ਹੈ ( ਮਾਰਉ ਖੜਗ ਟੂਕ ਦੁਇ ਕਰਉ।ਬਿਪ ਦੋਖ ਅਪਜਸ ਤੇ ਡਰਉ।47।)। ਰਾਜਾ ਕਹਿੰਦਾ ਹੈ - ਤੂੰ ਮੇਰੇ ਰਾਜ ਤੋਂ ਬਾਹਰ ਚਲੇ ਜਾ।

ਕਾਮ ਕੰਦਲਾ ਵੀ ਮਾਧਵ ਨਲ ਦੇ ਗੁਣਾਂ ਦੀ ਕਦਰ ਕਰਦੀ ਕਹਿੰਦੀ ਹੈ ਕਿ ਗੁਣਾਂ ਦੀ ਏਥੇ ਕਦਰ ਨਹੀਂ ਹੈ।51। ਬੋਲ਼ੇ ਅੱਗੇ ਸ਼ੰਖ ਵਜਾਉਣ ਵਾਲ਼ੀ ਗੱਲ ਹੈ। ਕਾਮ ਕੰਦਲਾ ਮਾਧਵ ਨਲ ਨੂੰ ਉਸ ਦੇ ਘਰ ਜਾਣ ਲਈ ਕਹਿੰਦੀ ਹੈ ( ਚਲਹੁ ਬਿਪੁ ਬੈਠਹੁ ਘਰ ਮੋਰੈ। ਚਰਨ ਧੋਇ ਪੀਵੌ ਕਰ ਜੋਰੈ। ਨੇਹ ਕਥਾ ਕਛੁ ਮੋਹਿ ਸੁਨਾਵਹੁ। ਕਾਮ ਅਗਨਿ ਕੀ ਤਪਤ ਬੁਝਾਵਹੁ। ਮੈ ਕਵਲਾ ਤੂੰ ਮਧੁਕਰ ਮੋਰਾ। ਤੂੰ ਹੈ ਚੰਦੁ ਮੈ ਭਈ ਚਕੋਰਾ। ਕਾਹੇ ਗੋਰਖ ਫਿਰਹਿ ਇਕੇਲਾ। ਅਬ ਸੰਗਿ ਲਾਇ ਕਰਹੁ ਮੁਹਿ ਚੇਲਾ।52। )

ਮਾਧਵ ਨਲ ਦਾ ਕਾਮ ਕੰਦਲਾ ਦੇ ਘਰ ਜਾਣਾ:

ਮਾਧਵ ਨਲ ਨੂੰ ਕਾਮ ਕੰਦਲਾ ਆਪਣੀਆਂ ਬੀਸ ਦਸ ਸਖੀਆਂ ਨਾਲ਼ ਆਪਣੇ ਘਰ (ਮੰਦਰ) ਲੈ ਜਾਂਦੀ ਹੈ।54।

ਸਖੀਆਂ ਨੇ ਕੀਮਤੀ ਰਤਨਾਂ ਤੇ ਸੁਗੰਧੀਆਂ ਨਾਲ਼ ਸ਼ੇਜਾ ਤਿਆਰ ਕਰ ਦਿੱਤੀ ਤੇ ਮਾਧਵ ਨਲ ਨੂੰ ਉੱਤੇ ਬਿਠਾ ਦਿੱਤਾ। ਅੱਗੇ ਕਵੀ ਆਲਮ ਬੰਦ ਨੰਬਰ 61 ਤਕ ਮਾਧਵ ਨਲ ਅਤੇ ਕਾਮ ਕੰਦਲਾ ਦੇ ਰਾਤ ਭਰ ਕਾਮ ਕਲੋਲ ਕਰਨ ਦਾ ਬਿਆਨ ਹੈ।

ਬੰਦ ਨੰਬਰ 62 ਤੋਂ 76: ਕਾਮ ਕੰਦਲਾ ਤੋਂ ਅਗਲੇ ਦਿਨ ਮਾਧਵ ਨਲ ਦਾ ਵਿਛੋੜਾ:

ਕਵੀ ਨੇ ਕਾਮ ਕੰਦਲਾ ਨੂੰ ਸਖੀਆਂ ਹੱਥੋਂ ਸਵੇਰੇ ਇਸ਼ਨਾਨ ਕਰਾਉਣ ਤੇ ਮੁੜ ਤਿਆਰ ਕਰਨ ਤੋਂ ਲੈ ਕੇ ਮਾਧਨ ਨਲ ਦੇ ਕਾਮ ਕੰਦਲਾ ਨੂੰ ਛੱਡ ਕੇ ਵਿਦਿਆ ਹੋਣ ਦਾ ਜ਼ਿਕਰ ਹੈ। ਕਾਮ ਕੰਦਲਾ ਵਿਛੋੜੇ ਵਿੱਚ ਸੰਭਲ਼ ਨਹੀਂ ਸਕੀ ਤੇ ਧਰਤੀ ਉੱਤੇ ਡਿਗ ਪੈਂਦੀ ਹੈ। ਜਿਵੇਂ- ਕਾਮਾ ਮੁਰਛ ਧਰਨਿ ਪਰ ਪਰੀ। ਸਖੀਅਨ ਆਇ ਅੰਕ ਮਹਿ ਧਰੀ। ਅਧਰ ਸੂਕ ਤਨ ਰਹਿਓ ਨ ਸਾਸਾ। ਸਖੀਅਨ ਛਾਡੀ ਜੀਨ ਕੀ ਆਸਾ।76।

ਬੰਦ ਨੰਬਰ 77 ਤੋਂ 83: ਸਖੀਆਂ ਕੰਨਾਂ ਵਿੱਚ ਮਾਧਵ ਨਲ ਮਾਧਵ ਨਲ ਕਹਿੰਦੀਆਂ ਹਨ ਤੇ ਕਾਮ ਕੰਦਲਾ ਅੱਖਾਂ ਖੋਲ੍ਹਦੀ ਹੈ। ਸਖੀਆਂ ਮ੍ਹ੍ਹੂੰਹ ਵਿੱਚ ਪਾਣੀ ਚੁਆਉਂਦੀਆਂ ਹਨ, ਪਰ ਵਿਛੋੜੇ ਨੇ ਕਾਮ ਕੰਦਲਾ ਦੀ ਸੁੱਧ ਬੁੱਧਿ ਗਵਾ ਦਿੱਤੀ ਹੈ। ਕਵੀ ਨੇ ਬਿਰਹ ਵਿੱਚ ਕਾਮ ਕੰਦਲਾ ਦੀ ਤਰਸਯੋਗ ਹਾਲਤ ਨੂੰ ਬਿਆਨ ਕੀਤਾ ਹੈ, ਜਿਵੇਂ- ਛਿਨ ਮਾਧਵ ਮਾਧਵ ਗੁਹਰਾਵੈ।ਛਿਨ ਬਾਹਰ ਛਿਨ ਭੀਤਰ ਆਵੈ। 80।

ਛੰਦ ਨੰਬਰ 84 ਤੋਂ 91: ਮਾਧਵ ਨਲ ਦੀ ਵਿਆਕੁਲਤਾ ਅਤੇ ਉਸ ਦਾ ਉਜੈਨ ਪਹੁੰਚਣਾ:

ਕਾਮ ਕੰਦਲਾ ਦਾ ਵਿਛੋੜਾ ਮਾਧਵ ਨਲ ਨੂੰ ਵੀ ਸਤਾ ਰਿਹਾ ਹੈ, ਜਿਵੇਂ- ਬਿਛਰਤ ਕਾਮ ਕੰਦਲਾ ਨਾਰੀ।ਮਾਧਵ ਨਲਹਿ ਭਇਓ ਦੁਖ ਭਾਰੀ।84। ਅਬ ਕੋਊ ਖੋਜੈ ਉਪਕਾਰੀ। ਮਿਲਾਵੈ ਕਾਮ ਕੰਦਲਾ ਨਾਰੀ।87। ਬਿਰਹੇ ਦੀ ਹਾਲਤ ਵਿੱਚ ਮਾਧਵ ਨਲ ਰਾਜਾ ਬਿਕ੍ਰਮ ਦੇ ਨਗਰ ਉਜੈਨ ਪਹੁੰਚ ਗਿਆ, ਜਿਵੇਂ- ਮਾਰਗ ਚਲਤ ਹਸਤ ਦੁਖ ਲੈਨੀ।ਪਹੁੰਚਿਓ ਆਇ ਸੁ ਨਗਰ ਉਜੈਨੀ।89। ਰਾਜੇ ਨੂੰ ਆਪਣੀ ਵੇਦਨਾ ਦੱਸਣ ਲਈ ਮਾਧਵ ਨਲ ਨੇ ਉਸ ਮੰਦਰ ਵਿੱਚ ਇੱਕ ਦੋਹਾ ਲਿਖ ਦਿੱਤਾ ਜਿੱਥੇ ਰਾਜਾ ਮੱਥਾ ਟੇਕਣ ਜਾਇਆ ਕਰਦਾ ਸੀ। ਕਵੀ ਆਲਮ ਕਹਿੰਦਾ ਹੈ- ਮਨ ਉਦਾਸ ਮਾਧਵ ਜਬ ਭਇਓ। ਦੋਹਾ ਲਿਖ ਮੰਡਪ ਮੈ ਗਇਓ।ਕਹਾ ਕਰਉ ਕਤ ਜਾਉ ਹਉ, ਰਾਜਾ ਰਾਮ ਨ ਆਹਿ।ਸੀਆ ਬਿਉਗ ਸੰਤਾਪ ਦੁਖੁ, ਰਾਘੋ ਜਾਨਤ ਨਾਹਿ।91।

ਛੰਦ ਨੰਬਰ 92 ਤੋਂ 106

ਰਾਜਾ ਮੰਦਰ ਵਿੱਚ ਪੂਜਾ ਕਰਨ ਆਇਆ ਤਾਂ ਉਸ ਨੇ ਮਾਧਵ ਨਲ ਵਲੋਂ ਲਿਖਿਆ ਦੋਹਾ ਵੀ ਪੜ੍ਹਿਆ। ਰਾਜੇ ਨੇ ਅਜਿਹੇ ਬਿਰਹੀ ਪੁਰਖ ਨੂੰ ਢੂੰਡ ਕੇ ਲਿਆਉਣ ਲਈ ਜੰਤਾ ਨੂੰ ਕਿਹਾ, ਯਥਾ, ਕੋ ਜੋ ਪੁਰਖ ਢੂੰਡ ਕੇ ਲਿਆਵੈ। ਰਾਜਾ ਕਹੈ ਲੱਛ ਸੋ ਪਾਵੈ।94।ਰਾਜਾ ਅੰਨ ਪਾਨੁ ਨਹੀ ਖਾਈ।ਮਨ ਬਚ ਜਬ ਲਗੁ ਸੋ ਨ ਮਿਲਾਈ।ਨਰ ਨਾਰੀ ਸਭ ਢੂੰਢਿਨ ਧਾਏ।ਬਿਰਹੀ ਲਯਨ ਸਕਲ ਬਤਾਏ।95। ਗਿਆਨ ਮਤੀ ਇੱਕ ਦੂਤੀ ਨੇ ਮਾਧਵ ਨਲ ਨੂੰ ਲੱਭਿਆ ਜੋ ਖਿਨ ਖਿਨ ਕਾਮ ਕੰਦਲਾ ਕਾਮ ਕੰਦਲਾ ਰਟਦਾ ਸੀ। ਕਵੀ ਆਲਮ ਲਿਖਦਾ ਹੈ- ਗਿਆਨ ਮਤੀ ਤਿਹ ਸੁਨ ਦੁਖ ਬਾਨੀ।ਬਿਰਹ ਰੀਤ ਉਨ ਸਭ ਪਹਿਚਾਨੀ।ਕਾਮ ਕੰਦਲਾ ਬਿਰਹ ਬਿਓਗੀ।ਤਨ ਬਲ ਛਨਿ ਭਯੋ ਜਿਮ ਰੋਗੀ।96।

ਗਿਆਨ ਮਤੀ ਨੇ ਸਖੀਆਂ ਨੂੰ ਕਿਹਾ ਕੀ ਇਸ ਦੀਆਂ ਬਾਹਾਂ ਫੜ ਕੇ ਇਸ ਨੂੰ ਰਾਜੇ ਕੋਲ਼ ਲੈ ਚੱਲੀਏ ਤਾਂ ਕਿ ਉਸ ਨੂੰ ਵੀ ਚੈਨ ਆਵੇ। ਮਾਧਵ ਨਲ ਦੀ ਅਵਸਥਾ ਬਿਆਨ ਕਰਦਾ ਆਲਮ ਲਿਖਦਾ ਹੈ ਕਿ ਸਖੀਆਂ ਦੀਆਂ ਗੱਲਾਂ ਦਾ ਉੱਤਰ ਦਿੰਦਾ ਮਾਧਵ ਨਲ ਰੋਦਾਂ ਵੀ ਹੈ, ਜਿਵੇਂ – ਛਿਨੁ ਇਕੁ ਬਚਨੁ ਬੋਲਿ ਛਿਨ ਰੋਵੈ।98।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top