Share on Facebook

Main News Page

ਬਚਿੱਤਰ ਨਾਟਕ ਵਿੱਚ ਵਿਸ਼ਣੂ ਦਾ ਚੌਬੀਸਵਾਂ ਅਵਤਾਰ: ਨਿਹਕਲੰਕੀ ਅਵਤਾਰ
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ:
ਮੱਛ ਅਵਤਾਰ,
ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ, ਬੈਰਾਹ (ਵਾਰਾਹ) ਅਵਤਾਰ, ਨਰਸਿੰਘ ਅਵਤਾਰ, ਬਾਵਨ ਅਵਤਾਰ, ਪਰਸਰਾਮ ਅਵਤਾਰ
ਬ੍ਰਹਮਾ ਅਵਤਾਰ, ਰੁਦਰ ਅਵਤਾਰ {ਪਹਿਲਾ ਭਾਗ}, ਰੁਦਰ ਅਵਤਾਰ {ਦੂਜਾ ਭਾਗ}, ਜਲੰਧਰ ਅਵਤਾਰ, ਬਿਸਨੁ (ਵਿਸ਼ਣੂ) ਅਵਤਾਰ, ਮਧੁ ਕੈਟਬ ਬਧਨ ਅਵਤਾਰ, ਅਰਿਹੰਤ ਦੇਵ ਅਵਤਾਰ
ਮਨੁ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ,  ਚੰਦ ਅਵਤਾਰ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ, ਨਰ (ਅਰਜੁਨ) ਅਵਤਾਰ ਅਤੇ ਬੁੱਧ ਅਵਤਾਰ

[Nihklanki avatar, the 24th Incarnation of Vishnu]

ਅਥ ਨਿਹਕਲੰਕੀ ਚੌਬੀਸਵੌਂ ਅਵਤਾਰ ਕਥਨੰ

ਚੌਪਈ
ਅਬ ਮੈਂ ਮਹਾ ਸੁਧ ਮਤਿ ਕਰਿ ਕੈ। ਕਹੋ ਕਥਾ ਚਿਤੁ ਲਾਇ ਬਿਚਰਿ ਕੈ।
ਚਉਬੀਸਵੋ ਕਲਕੀ ਅਵਤਾਰਾ। ਤਾ ਕਰ ਕਹੋ ਪ੍ਰਸੰਗ ਸੁਧਾਰਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੁਣ ਕਵੀ ਬੁੱਧੀ ਨੂੰ ਬਹੁਤ ਚੰਗੀ ਤਰ੍ਹਾਂ ਸ਼ੁੱਧ ਕਰ ਕੇ ਅਤੇ ਚਿਤ ਲਗਾ ਕੇ ਵਿਚਾਰ ਪੂਰਬਕ ਕਥਾ ਕਹਿੰਦਾ ਹੈ ਕਿ (ਵਿਸ਼ਣੂ ਦਾ) ਚੌਬੀਸਵਾਂ ਅਵਤਾਰ ਕਲਕੀ ਹੈ ਅਤੇ ਉਸ ਦਾ ਪ੍ਰਸੰਗ ਸੰਵਾਰ ਕੇ ਕਹਿੰਦਾ ਹੈ। ੧।

ਭਾਰਾਕ੍ਰਿਤ ਹੋਤ ਜਬ ਧਰਣੀ। ਪਾਪ ਗ੍ਰਸਤ ਕਛੁ ਜਾਤ ਨ ਬਰਣੀ।
ਭਾਤਿ ਭਾਤਿ ਤਨ ਹੋਤ ਉਤਪਾਤਾ। ਪੁਤ੍ਰਹਿ ਸੇਜਿ ਸੋਵਤ ਲੈ ਮਾਤਾ। ੨।

ਅਰਥ: ਜਦ ਧਰਤੀ, (ਪਾਪਾਂ ਦੇ) ਭਾਰ ਨਾਲ ਦੁਖੀ ਹੋ ਜਾਂਦੀ ਹੈ ਤਾਂ ਉਸ ਪਾਪਾਂ ਨਾਲ ਗ੍ਰਸੀ ਦਾ ਕੁੱਝ ਵਰਣਨ ਨਹੀਂ ਕੀਤਾ ਜਾ ਸਕਦਾ। ਭਾਂਤ ਭਾਂਤ ਦੇ ਉਪਦ੍ਰਵ ਜਾਂ ਖ਼ਰਾਬੀਆਂ ਹੁੰਦੀਆ ਹਨ ਅਤੇ ਮਾਂ ਪੁੱਤਰ ਨੂੰ ਲੈ ਕੇ ਸੇਜ-ਸੁਖ ਮਾਣਦੀ ਹੈ। ੨।

ਸੁਤਾ ਪਿਤਾ ਤਨ ਰਮਤ ਨਿਸੰਕਾ। ਭਗਨੀ ਭਰਤ ਭ੍ਰਾਤ ਕਹੁ ਅੰਕਾ।
ਭ੍ਰਾਤ ਬਹਨ ਤਨ ਕਰਤ ਬਿਹਾਰਾ। ਇਸਤ੍ਰੀ ਤਜੀ ਸਕਲ ਸੰਸਾਰਾ। ੩।

ਅਰਥ: ਪੁੱਤਰੀ ਪਿਤਾ ਨਾਲ ਨਿਰਸੰਕੋਚ ਰਮਣ ਕਰਦੀ ਹੈ ਅਤੇ ਭੈਣ ਭਰਾ ਨੂੰ ਜਫੀ ਪਾਉਂਦੀ ਹੈ। ਭਰਾ ਭੈਣ ਨਾਲ ਕਾਮ-ਕਰਮ ਕਰਦਾ ਹੈ ਅਤੇ ਸਾਰੇ ਸੰਸਾਰ ਨੇ (ਵਿਆਹੀ ਹੋਈ) ਇਸਤਰੀ ਨੂੰ ਤਿਆਗ ਦਿੱਤਾ ਹੈ। ੩। (ਕੀ ਬਚਿਤ੍ਰ ਨਾਟਕ ਦੀ ਸ਼ਲਾਘਾ ਕਰਨ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਜਾਂ ਉਹ ਇਸ ਨੂੰ ਚੰਗਾ ਉਪਦੇਸ਼ ਸਮਝਦੇ ਹਨ?)

ਸੰਕਰ ਬਰਣ ਪ੍ਰਜਾ ਸਭ ਹੋਈ। ਏਕ ਗ੍ਹਯਾਤ ਕੋ ਰਹਾ ਨ ਕੋਈ।
ਅਤਿ ਬਿਭਚਾਰ ਫਸੀ ਬਰ ਨਾਰੀ। ਧਰਮ ਰੀਤ ਕੀ ਪ੍ਰੀਤਿ ਬਿਸਾਰੀ। ੪।

ਅਰਥ: ਸਾਰੀ ਪ੍ਰਜਾ ਵਰਣ-ਸੰਕਰ (ਮਿਸ਼ਰਿਤ) ਹੋ ਗਈ ਹੈ। ਇੱਕ (ਜਾਤਿ ਦੀ) ਪਛਾਣ ਵਾਲਾ ਕੋਈ ਨਹੀਂ ਰਿਹਾ। ਸ੍ਰਸ਼ੇਠ (ਘਰਾਂ ਦੀਆਂ) ਇਸਤਰੀਆਂ ਬਹੁਤ ਵਿਭਚਾਰ ਵਿੱਚ ਫਸ ਗਈਆ ਹਨ ਅਤੇ ਧਰਮ ਆਧਾਰਿਤ ਪ੍ਰੀਤ ਦੀ ਰੀਤ ਭੁਲਾ ਦਿੱਤੀ ਹੈ। ੪। (ਸ਼ਾਇਦ, ਕਵੀ ਆਪਣੇ ਹਿੰਦੂ ਧਰਮ ਦੀ ਤਰਸ-ਯੋਗ ਹਾਲਤ ਬਿਆਨ ਕਰਦਾ ਹੈ!)

ਘਰਿ ਘਰਿ ਝੂਠ ਅਮਸਿਆ ਭਈ। ਸਾਚ ਕਲਾ ਸਸਿ ਕੀ ਦੁਰ ਗਈ।
ਜਹ ਤਹ ਹੋਨ ਲਗੇ ਉਤਪਾਤਾ। ਭੋਗਤ ਪੂਤ ਸੇਜਿ ਚੜਿ ਮਾਤਾ। ੫।

ਅਰਥ: ਘਰ ਘਰ ਵਿੱਚ ਕੂੜ ਦੀ ਮਸਿਆ ਪਸਰੀ ਹੋਈ ਹੈ ਅਤੇ ਸੱਚ ਰੂਪ ਚੰਦ੍ਰਮਾ ਦੀ ਕਲਾ ਲੁਕ ਛਿਪ ਗਈ ਹੈ। ਜਿਥੇ ਕਿਥੇ ਉਪਦ੍ਰਵ ਹੋਣ ਲਗੇ ਹਨ ਅਤੇ ਪੁੱਤਰ ਮਾਤਾ ਨਾਲ ਸੇਜ-ਸੁਖ ਮਾਣਨ ਲਗਾ ਹੈ। ੫।

ਢੂੰਢਤ ਸਾਚ ਨ ਕਤਹੂੰ ਪਾਯਾ। ਝੂਠ ਹੀ ਸੰਗ ਸਬੋ ਚਿਤ ਲਾਯਾ।
ਭਿੰਨ ਭਿੰਨ ਗ੍ਰਿਹ ਗ੍ਰਿਹ ਮਤ ਹੋਈ। ਸਾਸਤ੍ਰ ਸਿਮ੍ਰਿਤ ਛੁਐ ਨ ਕੋਈ। ੬।

ਅਰਥ: ਢੂੰਢਣ ਤੇ ਵੀ ਕਿਤੋਂ ਸੱਚ ਨਹੀਂ ਮਿਲਦਾ ਅਤੇ ਸਭ ਨੇ (ਆਪਣਾ) ਚਿਤ ਝੂਠ ਵਿੱਚ ਹੀ ਲਗਾਇਆ ਹੋਇਆ ਹੈ। (ਅਜਿਹੀ ਹਾਲਤ ਵਿਚ) ਘਰ ਘਰ ਵਿੱਚ ਵਖੋ ਵਖਰੇ ਮਤ ਹੋ ਜਾਣਗੇ ਅਤੇ ਸ਼ਾਸਤ੍ਰ ਤੇ ਸਮ੍ਰਿਤੀਆਂ ਨੂੰ ਕੋਈ ਛੋਹੇਗਾ ਵੀ ਨਹੀਂ। ੬।

ਹਿੰਦਵ ਕੋਈ ਨ ਤੁਰਕਾ ਰਹਿ ਹੈ। ਭਿਨ ਭਿਨ ਘਰਿ ਘਰਿ ਮਤ ਗਹਿ ਹੈ।
ਏਕ ਏਕ ਕੇ ਪੰਥ ਨ ਚਲਿ ਹੈ। ਏਕ ਏਕ ਕੀ ਬਾਤ ਉਥਲਿ ਹੈ। ੭।

ਅਰਥ: (ਸੱਚਾ) ਹਿੰਦੂ ਅਤੇ ਮੁਸਲਮਾਨ ਕੋਈ ਵੀ ਨਹੀਂ ਰਹੇਗਾ ਅਤੇ ਘਰ ਘਰ ਵਿੱਚ ਵਖਰੇ ਵਖਰੇ ਮਤ ਧਾਰੇ ਗਏ ਹੋਣਗੇ। ਕੋਈ ਇੱਕ ਕਿਸੇ ਹੋਰ ਇੱਕ ਦੇ ਦਸੇ ਮਾਰਗ ਉਤੇ ਨਹੀਂ ਚਲੇਗਾ ਅਤੇ ਇ ਦੂਜੇ ਦੀ ਗੱਲ ਨੂੰ ਉਲਟ ਦੇਵੇਗਾ। ੭।

ਭਾਰਾਕ੍ਰਿਤ ਧਰਾ ਸਬ ਹੁਇ ਹੈ। ਧਰਮ ਕਰਮ ਪਰ ਚਲੈ ਨ ਕੁਇ ਹੈ।
ਘਰਿ ਘਰਿ ਅਉਰ ਅਉਰ ਮਤ ਹੋਈ। ਏਕ ਧਰਮ ਪਰ ਚਲੈ ਨ ਕੋਈ। ੮।

ਅਰਥ: ਸਾਰੀ ਧਰਤੀ ਪਾਪਾਂ ਦੇ ਭਾਰ ਨਾਲ ਦੁਖੀ ਹੋ ਜਾਵੇਗੀ ਅਤੇ ਧਰਮ-ਕਰਮ (ਦੇ ਮਾਰਗ) ਉਤੇ ਕੋਈ ਨਹੀਂ ਤੁਰੇਗਾ। ਘਰ ਘਰ ਵਿੱਚ ਹੋਰ ਹੋਰ ਹੀ ਮਤ ਹੋ ਜਾਣਗੇ ਅਤੇ ਇੱਕ ਧਰਮ ਉਤੇ ਕੋਈ ਵੀ ਨਹੀਂ ਚਲੇਗਾ। ੮।

ਦੋਹਰਾ
ਭਿੰਨ ਭਿੰਨ ਘਰਿ ਘਰਿ ਮਤੋ ਏਕ ਨ ਚਲ ਹੈ ਕੋਇ। ਪਾਪ ਪ੍ਰਚੁਰ ਜਹ ਤਹ ਭਯੋ ਧਰਮ ਨ ਕਤਹੂੰ ਹੋਇ। ੯।

ਅਰਥ: ਘਰ ਘਰ ਵਿੱਚ ਵਖੋ ਵਖਰੇ ਮਤ (ਹੋਣਗੇ) ਅਤੇ ਇੱਕ ਮਤ ਉਤੇ ਕੋਈ ਵੀ ਨਹੀਂ ਚਲੇਗਾ। ਜਿਥੇ ਕਿਥੇ ਪਾਪਾਂ ਦਾ ਬੋਲ ਬਾਲਾ ਹੋ ਜਾਵੇਗਾ ਅਤੇ ਧਰਮ ਕਿਤੇ ਵੀ ਨਹੀਂ ਹੋਵੇਗਾ। ੯।

ਚੌਪਈ
ਸੰਕਰ ਬਰਣ ਪ੍ਰਜਾ ਸਭ ਹੋਈ। ਛਤ੍ਰੀ ਜਗਤਿ ਨ ਦੇਖੀਐ ਕੋਈ।
ਏਕ ਏਕ ਐਸੇ ਮਤ ਕੈ ਹੈ। ਜਾ ਤੇ ਪ੍ਰਾਪਤਿ ਸੂਦ੍ਰਤਾ ਹੋਇ ਹੈ। ੧੦।

ਅਰਥ: ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ ਅਤੇ ਛਤ੍ਰੀ ਜਗਤ ਵਿੱਚ (ਕਿਤੇ) ਨਹੀਂ ਦਿਖੇਗਾ। ਹਰ ਕੋਈ ਅਜਿਹਾ ਮਤ (ਧਾਰਨ) ਕਰ ਲਵੇਗਾ ਜਿਸ ਕਰ ਕੇ ਸ਼ੂਦ੍ਰਤਾ ਪ੍ਰਾਪਤ ਹੋਵੇਗੀ। ੧੦।

ਹਿੰਦੂ ਤੁਰਕ ਮਤ ਦੁਹੂੰ ਪ੍ਰਹਰਿ ਕਰਿ। ਚਲਿ ਹੈ ਭਿੰਨ ਭਿੰਨ ਮਤ ਘਰਿ ਘਰਿ।
ਏਕ ਏਕ ਕੇ ਮੰਤ੍ਰ ਨ ਗਹਿ ਹੈ। ਏਕ ਏਕ ਕੇ ਸੰਗਿ ਨ ਰਹਿ ਹੈ। ੧੧।

ਅਰਥ: ਹਿੰਦੂ ਅਤੇ ਮੁਸਲਮਾਨ ਦੋਹਾਂ ਮਤਾਂ ਨੂੰ ਤਿਆਗ ਕੇ, ਘਰ ਘਰ ਵਿੱਚ ਵਖਰੇ ਵਖਰੇ ਮਤ ਚਲ ਪੈਣਗੇ। ਇੱਕ ਪਾਸੋਂ ਕੋਈ ਇੱਕ ਸਲਾਹ ਨਹੀਂ ਲਵੇਗਾ ਅਤੇ ਕੋਈ ਇੱਕ ਕਿਸੇ ਇੱਕ ਨਾਲ ਨਹੀਂ ਰਹੇਗਾ। ੧੧।

ਆਪੁ ਆਪੁ ਪਾਰਬ੍ਰਹਮ ਕਹੈ ਹੈ। ਨੀਚ ਊਚ ਕਹ ਸੀਸ ਨ ਨੈ ਹੈ।
ਏਕ ਏਕ ਮਤ ਇੱਕ ਇੱਕ ਧਾਮਾ। ਘਰਿ ਘਰਿ ਹੋਇ ਬੈਠ ਹੈ ਰਾਮਾ। ੧੨।

ਅਰਥ: (ਹਰ ਕੋਈ) ਆਪਣੇ ਆਪ ਨੂੰ ਪਾਰਬ੍ਰਹਮ ਕਹੇਗਾ ਅਤੇ ਛੋਟਾ ਵੱਡੇ ਨੂੰ ਸਿਰ ਨਹੀਂ ਨਿਵਾਏਗਾ। ਇੱਕ ਇੱਕ ਘਰ ਵਿੱਚ ਹਰ ਇੱਕ ਦਾ (ਆਪਣਾ ਆਪਣਾ) ਮਤ ਹੋਵੇਗਾ ਅਤੇ ਘਰ ਘਰ ਵਿੱਚ ਰਾਮ ਹੋ ਕੇ ਬੈਠਣਗੇ। ੧੨।

ਪੜਿ ਹੈ ਕੋਇ ਨ ਭੂਲਿ ਪੁਰਾਨਾ। ਕੋਊ ਨ ਪਕਰ ਹੈ ਪਾਨਿ ਕੁਰਾਨਾ।
ਬੇਦ ਕਤੇਬ ਜਵਨ ਕਰਿ ਲਹਿ ਹੈ। ਤਾ ਕਹੁ ਗੋਬਰਾਗਨਿ ਮੋ ਦਹਿ ਹੈ। ੧੩।

ਅਰਥ: ਕੋਈ ਭੁਲ ਕੇ ਵੀ ਪੁਰਾਣ ਨਹੀਂ ਪੜ੍ਹੇਗਾ ਅਤੇ ਕੋਈ ਵੀ ਹੱਥ ਵਿੱਚ ਕੁਰਾਨ ਨਹੀਂ ਫੜੇਗਾ। ਜੇ ਕੋਈ ਵੇਦ ਜਾਂ ਕਤੇਬ (ਸਾਮੀ ਧਰਮ ਪੁਸਤਕਾਂ) ਹੱਥ ਵਿੱਚ ਲਵੇਗਾ, ਉਸ ਨੂੰ ਗੋਹਿਆਂ ਦੇ ਅਗਨੀ ਵਿੱਚ ਸਾੜ ਦੇਣਗੇ। ੧੩।

ਚਲੀ ਪਾਪ ਕੀ ਜਗਤਿ ਕਹਾਨੀ। ਭਾਜਾ ਧਰਮ ਛਾਡ ਰਜਧਾਨੀ।
ਭਿੰਨ ਭਿੰਨ ਘਰਿ ਘਰਿ ਮਤ ਚਲਾ। ਯਾ ਤੇ ਧਰਮ ਭਰਮਿ ਉਡਿ ਟਲਾ। ੧੪।

ਅਰਥ: ਜਗਤ ਵਿੱਚ ਪਾਪ ਦੀ ਕਥਾ ਚਲ ਪਵੇਗੀ ਅਤੇ ਧਰਮ ਆਪਣੀ ਰਾਜਧਾਨੀ ਛਡ ਕੇ ਭਜ ਜਾਵੇਗਾ। ਘਰ ਘਰ ਵਿੱਚ ਵਖਰੇ ਵਖਰੇ ਮਤ ਪ੍ਰਚਲਿਤ ਹੋ ਜਾਣਗੇ ਜਿਸ ਕਰ ਕੇ ਧਰਮ ਭਰਮ ਬਣ ਕੇ ਉਡ ਪੁਡ ਜਾਵੇਗਾ। ੧੪।

ਏਕ ਏਕ ਮਤ ਐਸ ਉਚੈ ਹੈ। ਜਾ ਤੇ ਸਕਲ ਸੂਦ੍ਰ ਹੋਇ ਜੈ ਹੈ।

ਛਤ੍ਰੀ ਬ੍ਰਹਮਨ ਰਹਾ ਨ ਕੋਈ। ਸੰਕਰ ਬਰਨ ਪ੍ਰਜਾ ਸਬ ਹੋਈ। ੧੫।

ਅਰਥ: ਇੱਕ ਇੱਕ ਦਾ ਮਤ ਇਸ ਤਰ੍ਹਾਂ ਪ੍ਰਧਾਨ ਹੋ ਜਾਵੇਗਾ ਜਿਸ ਦੇ ਫਲਸਰੂਪ ਸਾਰੇ ਸੂਦ੍ਰ (ਬਿਰਤੀ) ਵਾਲੇ ਹੋ ਜਾਣਗੇ। ਛਤ੍ਰੀ ਅਤੇ ਬ੍ਰਾਹਮਣ ਕੋਈ ਨਹੀਂ ਰਹੇਗਾ ਅਤੇ ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ। ੧੫।

ਸੂਦ੍ਰ ਧਾਮਿ ਬਸਿ ਹੈ ਬ੍ਰਹਮਣੀ। ਬਈਸ ਨਾਰਿ ਹੋਇ ਹੈ ਛਤ੍ਰਨੀ।
ਬਸਿ ਹੈ ਛਤ੍ਰਿ ਧਾਮਿ ਬੈਸਾਨੀ। ਬ੍ਰਹਮਨ ਗ੍ਰਿਹ ਇਸਤ੍ਰੀ ਸੂਦ੍ਰਾਨੀ। ੧੬।

ਅਰਥ: ਸ਼ੁਦ੍ਰ ਦੇ ਘਰ ਬ੍ਰਾਹਮਣੀ ਵਸੇਗੀ ਅਤੇ ਵੈਸ਼ ਇਸਤਰੀ ਛਤ੍ਰਾਣੀ ਹੋਵੇਗੀ। ਛਤ੍ਰੀ ਦੇ ਘਰ ਵੈਸ਼ ਇਸਤਰੀ ਵਸੇਗੀ ਅਤੇ ਬ੍ਰਾਹਮਣ ਦੇ ਘਰ ਸੂਦ੍ਰ ਇਸਤਰੀ ਹੋਵੇਗੀ। ੧੬।

ਏਕ ਧਰਮ ਪਰ ਪ੍ਰਜਾ ਨ ਚਲ ਹੈ। ਬੇਦ ਕਤੇਬ ਦੋਊ ਮਤ ਦਲ ਹੈ।
ਭਿੰਨ ਭਿੰਨ ਮਤ ਘਰਿ ਘਰਿ ਹੋਈ। ਏਕ ਪੈਂਡ ਚਲ ਹੈ ਨਹੀ ਕੋਈ। ੧੭।

ਅਰਥ: ਇੱਕ ਧਰਮ ਉਤੇ ਪ੍ਰਜਾ ਨਹੀਂ ਚਲੇਗੀ ਅਤੇ ਵੇਦ ਅਤੇ ਕਤੇਬ, ਦੋਹਾ ਦੇ ਮਤਾਂ ਨੂੰ ਦਲ ਸੁਟੇਗੀ (ਅਰਥਾਤ- ਨਕਾਰ ਦੇਵੇਗੀ) ਅਤੇ ਘਰ ਘਰ ਵਿੱਚ ਵਖ ਵਖ ਮਤ ਹੋਵੇਗਾ ਅਤੇ ਇੱਕ ਮਾਰਗ ਉਤੇ ਕੋਈ ਨਹੀਂ ਚਲੇਗਾ। ੧੭।

ਅਗਲੇ ੧੮ ਤੋਂ ੧੪੦ ਅੰਕਾਂ ਵਿਖੇ ਵੀ ਸਾਰੀ ਲੋਕਾਈ ਨੂੰ ਕੁਕਰਮ ਕਰਦੇ ਦਿਖਾਇਆ ਗਿਆ ਹੈ!

ਸਵੈਯਾ ਛੰਦ
ਪਾਪ ਸੰਬੂਹ ਬਿਨਾਸਨ ਕਉ ਕਲਿਕੀ ਅਵਤਾਰ ਕਹਾਵਹਿਗੇ।
ਤੁਰਕਛਿ ਤੁਰੰਗ ਸਪਛ ਬਡੋ ਕਰਿ ਕਾਢਿ ਕ੍ਰਿਪਾਨ ਕੰਪਾਵਹਿਗੇ।
ਨਿਕਸੇ ਜਿਮ ਕੇਹਰਿ ਪਰਬਤ ਤੇ ਤਸ ਸੋਭ ਦਿਵਾਲਯ ਪਾਵਹਿਗੇ।
ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ। ੧੪੧।

ਅਰਥ: ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ (ਕਾਲ ਪੁਰਖ) ਕਲਕੀ ਅਵਤਾਰ ਅਖਵਾਉਣਗੇ। ਤੁਰਕਿਸਤਾਨ ਦੇ ਖੰਭਾਂ ਵਾਲੇ ਵੱਡੇ ਘੋੜੇ (ਉਤੇ ਸਵਾਰ ਹੋ ਕੇ) ਹੱਥ ਵਿੱਚ ਕ੍ਰਿਪਾਨ ਨੂੰ ਕਢ ਕੇ ਘੁੰਮਾਣਗੇ। ਜਿਵੇਂ ਪਰਬਤ ਵਿਚੋਂ ਸ਼ੇਰ ਨਿਕਲਦਾ ਹੈ, ਉਸ ਤਰ੍ਹਾਂ ਉਹ ਮੰਦਿਰ ਵਿਚੋਂ (ਨਿਕਲਦਿਆਂ) ਸ਼ੋਭਾ ਪਾਣਗੇ। ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ (‘ਹਰਿ ਮੰਦਰਿ’) ਵਿੱਚ ਆਣਗੇ। ੧੪੧।

ਅਗਲੇ ਛੰਦਾਂ ਵਿਖੇ ‘ਕਲਕੀ ਅਵਤਾਰ’ ਨੂੰ ਬਹੁਤ ਧਰਮੀ ਅਤੇ ਸੂਰਬੀਰ ਬਿਆਨ ਕੀਤਾ ਹੋਇਆ ਹੈ, ਜਿਹੜਾ ਕਿ ਸਾਰਿਆਂ ਦੈਂਤਾਂ ਨੂੰ ਮਾਰ ਦਿੰਦਾ ਹੈ ਅਤੇ ਬ੍ਰਾਹਮਣਾਂ ਨੂੰ ਪੂਜਾ ਕਰਨ ਵਿੱਚ ਲਾ ਦਿੰਦਾ ਹੈ! ਇਵੇਂ ਹੀ ਕਈ ਬੇਹੂਦਾ ਅਤੇ ਕਲਪਨਾਮਈ ਲੜਾਈਆਂ ਦਾ ਵਰਣਨ ਕੀਤਾ ਹੋਇਆ ਹੈ!

ਭੁਜੰਗ ਪ੍ਰਯਾਤ ਛੰਦ
ਜਿਣੇ ਗਖਰੀ ਪਖਰੀ ਖਗਧਾਰੀ। ਹਣੇ ਪਖਰੀ ਭਖਰੀ ਔ ਕੰਧਾਰੀ।
ਗੁਰਜਿਸਤਾਨ ਗਾਜੀ ਰਜੀ ਰੋਹਿ ਰੂਮੀ। ਹਣੇ ਸੂਰ ਬੰਕੇ ਗਿਰੇ ਝੂਮਿ ਭੂਮੀ। ੪੬੧।

ਅਰਥ: (ਜਿਤਨੇ ਵੀ) ਗਖੜ, ਪਖੜ ਤਲਵਾਰਾਂ ਧਾਰਨ ਕਰਨ ਵਾਲੇ ਸਨ (ਉਹ) ਜਿਤੇ ਗਏ ਹਨ। ਪਖੜ, ਭਖਰ ਅਤੇ ਕੰਧਾਰ (ਦੇਸ਼ ਵਾਲੇ) ਮਾਰ ਦਿੱਤੇ ਗਏ ਹਨ। ਗੁਰਜਿਸਤਾਨ ਦੇ ਗਾਜ਼ੀਆਂ, ਰਜੀ, ਰੋਹ ਵਾਲੇ ਰੂਮੀ ਸੂਰਮਿਆਂ ਨੂੰ ਮਾਰ ਦਿੱਤਾ ਹੈ ਅਤੇ ਬਾਂਕੇ (ਯੋਧੇ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਏ ਹਨ। ੪੬੧।

ਹਣੇ ਕਾਬੁਲੀ ਬਾਬਲੀ ਬੀਰ ਬਾਂਕੇ। ਕੰਧਾਰੀ ਹਰੇਵੀ ਇਰਾਕੀ ਨਿਸਾਂਕੇ।
ਬਲੀ ਬਾਲਖੀ ਰੋਹਿ ਰੂਮੀ ਰਜੀਲੇ। ਭਜੇ ਤ੍ਰਾਸ ਕੈ ਕੈ ਭਏ ਬੰਦ ਢੀਲੇ। ੪੬੨।

ਅਰਥ: ਕਾਬਲ ਦੇਸ ਦੇ, ਬਾਬਰ ਦੇ ਦੇਸ ਦੇ ਸੋਹਣੇ ਸੂਰਮੇ ਮਾਰ ਦਿੱਤੇ ਹਨ। ਕੰਧਾਰ, ਹਿਰਾਤ, ਇਰਾਕ ਦੇ ਨਿਸੰਗ ਯੋਧੇ, ਬਲਖ ਦੇਸ ਦੇ ਬਲੀ ਰੋਹ ਵਾਲੇ, ਰੂਮ ਦੇਸ਼ ਦੇ ਕਠੋਰ ਯੋਧੇ ਡਰ ਕੇ ਭਜ ਚਲੇ ਹਨ ਅਤੇ ਉਨ੍ਹਾਂ ਦੇ ਕਮਰ-ਕੱਸੇ ਢਿਲੇ ਹੋ ਗਏ ਹਨ। ੪੬੨।

ਖੁਰਾਸਾਨ ਜੀਤਾ। ਸਬਹੂੰ ਸੰਗ ਲੀਤਾ। ਦਇਓ ਆਪ ਮੰਤ੍ਰੰ। ਭਲੇ ਅਉਰ ਜੰਤ੍ਰੰ। ੪੯੦।

ਅਰਥ: ਖੁਰਾਸਾਨ ਦੇਸ਼ ਜਿਤ ਲਿਆ ਹੈ। ਸਾਰਿਆਂ (ਵੈਰੀਆਂ) ਨੂੰ ਨਾਲ ਲੈ ਲਿਆ ਹੈ। (ਸਭ ਨੂੰ ਕਲਕੀ ਨੇ) ਆਪ ਮੰਤ੍ਰ ਦਿੱਤਾ ਹੈ ਅਤੇ ਹੋਰ ਵੀ ਕਈ ਉਤਮ ਜੰਤ੍ਰ ਦਿੱਤੇ ਹਨ। ੪੯੦। {ਜੇ ਵਿਸ਼ਣੂ ਦੇ ਚੌਬੀਸਵੇਂ ਨਿਹਕਲੰਕੀ ਅਵਤਾਰ ਨੇ ਕਾਬਲੀ, ਬਾਬਰੀ, ਖੁਰਾਸਾਨ, ਆਦਿਕ ਸਾਰੇ ਮੁਸਲਮਾਨੀ ਦੇਸ਼ ਜਿੱਤ ਲਏ ਸਨ ਤਾਂ ਉਹ ਫਿਰ ੬੦੦-੭੦੦ ਸਾਲ ਹਿੰਦੂਆਂ ਦੇ ਭਾਰਤ `ਤੇ ਕਿਵੇਂ ਰਾਜ ਕਰਦੇ ਰਹੇ? ਮੁਸਲਮਾਨਾਂ ਦੇ ਰਾਜ ਦੀਆਂ ਕੁੱਤਬ ਮਿਨਾਰ, ਲਾਲ ਕਿਲਾ, ਤਾਜ਼ ਮਹਿਲ, ਆਦਿਕ ਨਿਸ਼ਾਨੀਆਂ ਹੀ ਦੇਖ ਲੈਂਦੇ!}

ਤੋਮਰ ਛੰਦ
ਜਗ ਜੀਤਿਓ ਜਬ ਸਰਬ। ਤਬ ਬਾਢਿਓ ਅਤਿ ਗਰਬ।
ਦੀਅ ਕਾਲ ਪੁਰਖ ਬਿਸਾਰ। ਇਹ ਭਾਤਿ ਕੀਨ ਬਿਚਾਰ। ੫੮੩।

ਅਰਥ: (ਕਲਕੀ ਅਵਤਾਰ ਨੇ) ਜਦ ਸਾਰਾ ਜਗਤ ਜਿਤ ਲਿਆ, ਤਾਂ (ਉਸ ਦਾ) ਹੰਕਾਰ ਬਹੁਤ ਵਧ ਗਿਆ। (ਉਸ ਨੇ) ਕਾਲ ਪੁਰਖ ਨੂੰ ਵਿਸਾਰ ਦਿੱਤਾ ਅਤੇ ਇਸ ਤਰ੍ਹਾਂ ਵਿਚਾਰ ਕਰਨ ਲਗਾ। ੫੮੩।(ਕਿਸੇ ਇਤਿਹਾਸਕ ਕਿਤਾਬ ਵਿੱਚ ਐਸਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਕਿਸੇ ਰਾਜੇ ਜਾਂ ਪ੍ਰਾਣੀ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੋਵੇ?)

ਬਿਨੁ ਮੋਹਿ ਦੂਸਰ ਨ ਔਰ। ਅਸਿ ਮਾਨ੍ਹਯੋ ਸਬ ਠਉਰ।
ਜਗੁ ਜੀਤਿ ਕੀਨ ਗੁਲਾਮ। ਆਪਨ ਜਪਾਯੋ ਨਾਮ। ੫੮੪।

ਅਰਥ: (ਕਲਕੀ ਨੂੰ ਇਹ ਭਰਮ ਹੋ ਗਿਆ ਕਿ) ਮੇਰੇ ਤੋਂ ਬਿਨਾ ਹੋਰ ਕੋਈ ਦੂਜੀ (ਸੱਤਾ) ਨਹੀਂ ਹੈ। ਇਸ ਤਰ੍ਹਾਂ ਸਭ ਥਾਂ ਮੰਨਿਆ ਜਾਣ ਲਗਾ ਹੈ। (ਮੈਂ) ਜਗਤ ਨੂੰ ਜਿਤ ਕੇ ਆਪਣਾ ਸੇਵਕ ਬਣਾ ਲਿਆ ਹੈ ਅਤੇ ਆਪਣਾ ਨਾਮ ਜਪਵਾਉਣ ਲਗਾ ਦਿੱਤਾ ਹੈ। ੫੮੪।

ਜਗਿ ਐਸ ਰੀਤਿ ਚਲਾਇ। ਸਿਰ ਅਤ੍ਰ ਪਤ੍ਰ ਫਿਰਾਇ।
ਸਬ ਲੋਗ ਆਪਨ ਮਾਨ। ਤਰਿ ਆਂਖਿ ਅਉਰ ਨ ਆਨਿ। ੫੮੫।

ਅਰਥ: ਜਗਤ ਵਿੱਚ ਅਜਿਹੀ ਰੀਤ ਚਲਾ ਦਿੱਤੀ ਅਤੇ ਸਿਰ ਉਤੇ ਛਤ੍ਰ ਫਿਰਾਉਣਾ ਸ਼ੂਰੂ ਕਰ ਦਿੱਤਾ। ਸਾਰਿਆਂ ਲੋਕਾਂ ਨੂੰ ਆਪਣਾ (ਸੇਵਕ) ਮੰਨ ਲਿਆ ਅਤੇ ਹੋਰ ਕਿਸੇ ਨੂੰ (ਆਪਣੀ) ਅੱਖ ਹੇਠ ਨ ਲਿਆਉਂਦਾ। ੫੮੫।

ਨਹੀਂ ਕਾਲ ਪੁਰੁਖ ਜਪੰਤ। ਨਹਿ ਦੇਵ ਜਾਪੁ ਭਣੰਤ।
ਤਬ ਕਾਲ ਦੇਵ ਰਿਸਾਇ। ਇੱਕ ਅਉਰ ਪੁਰੁਖ ਬਨਾਇ। ੫੮੬।

ਅਰਥ: ਕਾਲ ਪੁਰਖ ਨੂੰ ਕੋਈ ਨਹੀਂ ਜਪਦਾ ਹੈ, ਨ ਹੀ ਦੇਵ (ਭਗਵਾਨ) ਦਾ (ਕੋਈ) ਸਿਮਰਨ ਕਰਦਾ ਹੈ। ਤਦ ਕਾਲ ਪੁਰਖ ਨੇ ਕ੍ਰੋਧ ਕੀਤਾ ਅਤੇ ਇੱਕ ਹੋਰ ਪੁਰਖ ਬਣਾ ਦਿੱਤਾ। ੫੮੬।

ਰਚਿਅਸੁ ਮਹਿਦੀ ਮੀਰ। ਰਿਸਵੰਤ ਹਾਠ ਹਮੀਰ।
ਤਿਹ ਤਉਨ ਕੋ ਬਧੁ ਕੀਨ। ਪੁਨਿ ਆਪ ਮੋ ਕੀਅ ਲੀਨ। ੫੮੭।

ਅਰਥ: (ਉਸ ਨੇ) ਮੀਰ ਮਹਿਦੀ ਰਚ ਦਿੱਤਾ (ਜੋ) ਬਹੁਤ ਕ੍ਰੋਧਵਾਨ, ਹਠੀ ਅਤੇ ਜ਼ਬਰਦਸਤ ਸੀ। ਉਸ ਨੇ ਉਸ (ਕਲਕੀ) ਨੂੰ ਕਤਲ ਕੀਤਾ ਅਤੇ ਫਿਰ (ਕਾਲ ਪੁਰਖ ਨੇ) ਆਪਣੇ ਵਿੱਚ ਮਿਲਾ ਲਿਆ। ੫੮੭। (ਵਾਹ ਬਚਿਤ੍ਰ ਨਾਟਕ ਦਾ ਡਰਾਮਾ!)

ਜਗ ਜੀਤਿ ਆਪਨ ਕੀਨ। ਸਬ ਅੰਤਿ ਕਾਲ ਅਧੀਨ।
ਇਹ ਭਾਤਿ ਪੂਰਨ ਸੁ ਧਾਰਿ। ਭਏ ਚੌਬਿਸੇ ਅਵਤਾਰ। ੫੮੮।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰ ਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ।

ਅਰਥ: (ਜਿਨ੍ਹਾਂ ਨੇ) ਜਗਤ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ, (ਉਹ) ਸਾਰੇ ਅੰਤ ਵਿੱਚ ਕਾਲ ਦੇ ਅਧੀਨ ਹੋ ਗਏ (ਮਰ ਗਏ)। ਇਸ ਤਰ੍ਹਾਂ ਚੰਗੀ ਤਰ੍ਹਾਂ ਸੁਧਾਰ ਕੇ ਚੌਬੀਸ ਅਵਤਾਰ ਦਾ ਪ੍ਰਸੰਗ ਪੂਰਾ ਹੋਇਆ। ੫੮੮।

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਚੌਬੀਸਵੇਂ ਕਲਕੀ ਅਵਤਾਰ ਦੇ ਵਰਣਨ ਦੀ ਸਮਾਪਤੀ।

{ਦਾਸਰਾ ਵਿੱਬਸਾਈਟ: “ਸਿੱਖ ਮਾਰਗ ਅਤੇ ਖਾਲਸਾ ਨਿਯੂਜ਼” ਦੇ ਪ੍ਰਬੰਧਕਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਹ ਸਾਰੇ (੨੪) ਅਵਤਾਰਾਂ ਦਾ ਸੰਖੇਪ ਵੇਰਵਾ ਪਾਠਕਾਂ ਨਾਲ ਸਾਂਝਾ ਕਰਨ ਵਿੱਚ ਸਹਿਯੋਗ ਦਿੱਤਾ}

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੫ ਮਾਰਚ ੨੦੧੬


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top