Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਆਖਰੀ
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪਿਛਲੇ ਅੰਕ ਪੜ੍ਹੋ... : ਪਹਿਲਾ, ਦੂਜਾ, ਤੀਜਾ, ਚੌਥਾਪੰਜਵਾਂ, ਛੇਵਾਂ

ਹਰ ਕੌਮ ਦੇ ਆਪੋ-ਆਪਣੇ ਤਿਉਹਾਰ ਹੁੰਦੇ ਹਨ। ਲੋਹੜੀ, ਰੱਖੜੀ, ਰਾਮ ਨੌਮੀ, ਇਕਾਦਸ਼ੀ, ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ, ਭਾਈ ਦੂਜ, ਕੁੰਭ ਮੇਲਾ, ਕਰਵਾ ਚੌਥ, ਲੱਛਮੀ ਪੂਜਾ, ਸ਼ਿਵਰਾਤ੍ਰੀ, ਦੁਸ਼ਹਿਰਾ, ਦੀਵਾਲ਼ੀ, ਜਨਮ-ਅਸ਼ਟਮੀ, ਗੁੱਗਾ, ਸ਼ਰਾਧ, ਵਰ੍ਹੀਣਾ, ਮਕਰ ਸੰਕ੍ਰਾਂਤੀ, ਬਸੰਤ ਪੰਚਮੀ(ਸਰਸਵਤੀ ਪੂਜਾ), ਹੋਲੀ, ਹਨੂਮਾਨ ਜਯੰਤੀ ਆਦਿਕ ਹਿੰਦੂਆਂ ਦੇ ਤਿਉਹਾਰ ਹਨ। ਈਦ, ਬਕਰੀਦ ਆਦਿਕ ਮੁਸਲਮਾਨਾਂ ਦੇ ਤਿਉਹਾਰ ਹਨ। ਕ੍ਰਿਸਮਿਸ, ਗੁੱਡ ਫਰਾਈਡੇ, ਹੈਲੋਵੀਨ, ਈਸਟਰ, ਥੈਂਕਸਗਿਵਿੰਗ, ਵੈਲਿੰਨਟਾਈਨ ਡੇ ਆਦਿਕ ਇਸਾਈਆਂ ਦੇ ਤਿਉਹਾਰ ਹਨ।

ਸਿੱਖਾਂ ਦੇ ਹੇਠ ਲਿਖੇ ਤਿਉਹਾਰ ਹਨ-

ਗੁਰੂ ਪਾਤਿਸ਼ਾਹਾਂ ਦੇ ਪ੍ਰਕਾਸ਼, ਗੁਰ-ਗੱਦੀ, ਜੋਤੀ ਜੋਤਿ ਅਤੇ ਸ਼ਹੀਦੀ ਦਿਵਸ। ਖ਼ਾਲਸਾ ਸਾਜਨਾ ਦਿਵਸ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਸੰਬੰਧਤ ਅਦਿ-ਬੀੜ ਦਾ ਪਹਿਲਾ ਪ੍ਰਕਾਸ਼ ਅਤੇ ਗੁਰ-ਗੱਦੀ ਦਿਵਸ। ਗੁਰਸਿੱਖ ਸ਼ਹੀਦਾਂ, ਭਾਈਆਂ ਅਤੇ ਬੀਬੀਆਂ, ਦੇ ਸ਼ਹੀਦੀ ਦਿਵਸ। ਛੇਵੇਂ ਅਤੇ ਦਸਵੇਂ ਗੁਰੂ ਜੀ ਨਾਲ਼ ਸੰਬੰਧਤ ਜੰਗਾਂ ਯੁੱਧਾਂ ਦੇ ਦਿਨ। ਸਿੱਖਾਂ ਨਾਲ਼ ਵਾਪਰੇ ਘੱਲੂਘਾਰਿਆਂ ਦੇ ਦਿਨ। ਪ੍ਰਸਿੱਧ ਸਿੱਖ ਵਿਦਵਾਨਾਂ ਦੁਆਰਾ ਸਿੱਖੀ ਸਾਹਿਤ ਰਚ ਕੇ ਕੀਤੀ ਸਿੱਖ ਕੌਮ ਦੀ ਸੇਵਾ ਸੰਬੰਧੀ ਸੈਮੀਨਾਰ ਕਰਾਉਣੇ ਤਾਂ ਜੁ ਪ੍ਰੇਰਨਾਂ ਨਾਲ਼ ਸਿੱਖਾਂ ਵਿੱਚ ਅਜਿਹੇ ਹੋਰ ਖੋਜੀ ਵਿਦਵਾਨ ਪੈਦਾ ਹੋ ਸਕਣ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਸਿੱਖ ਮਿਸਲਾਂ ਦਾ ਸੰਘਰਸ਼ ਆਦਿਕ ਅਜਿਹੇ ਹੋਰ ਵੀ ਅਨੇਕਾਂ ਦਿਨ ਚੁਣੇ ਜਾ ਸਕਦੇ ਹਨ ਜੋ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਵਿੱਚ ਸਹਾਈ ਹੋਣ; ਨਾਨਕ-ਸ਼ਾਹੀ ਨਵੇਂ ਸਾਲ ਦਾ ਦਿਨ ਆਦਿਕ ।

ਮਹੰਤਵਾਦੀ ਪਾਠ ਦਾ ਪ੍ਰਭਾਵ:

1. ਗੁਰਬਾਣੀ ਦੇ ਪਾਠ ਵਿੱਚ ਵਿਆਕਰਣਕ ਨਾਸਕੀ ਧੁਨੀਆਂ ਨੂੰ ਤਿਆਗਣਾ- ਜਿਵੇਂ ਚੰਗਿਆਈਆ, ਬੁਰਿਆਈਆ, ਭੁਖਾ, ਪਰੀਆ, ਆਈਆ, ਵਾਧਾਈਆ, ਪੁਤ੍ਰੀ (ਪੁੱਤ੍ਰਾਂ ਨੇ), ਗਲੀ (ਗੱਲਾਂ ਨਾਲ਼), ਗੁਰਸਿਖੀ (ਗੁਰਸਿੱਖਾਂ ਨੇ), ਸੰਤੀ (ਸੰਤਾਂ ਨੇ), ਭਗਤੀ (ਭਗਤਾਂ ਨੇ), ਪੁਤ੍ਰੀ ( ਪੁੱਤਰਾਂ ਨੇ) ਆਦਿਕ ਅਨੇਕਾਂ ਅਜਿਹੇ ਸ਼ਬਦਾਂ ਨੂੰ ਅਖ਼ੀਰਲੇ ਸੁਅਰ ਦੀ ਨਾਸਕੀ ਧੁਨੀ (ਬਿੰਦੀ ਟਿੱਪੀ) ਤੋਂ ਬਿਨਾਂ ਬੋਲਣਾਂ। ਇਹ ਜ਼ਰੂਰੀ ਵਿਆਕਰਣਕ ਨਾਸਕੀ ਚਿੰਨ੍ਹ ਸਨ, ਜਿਨ੍ਹਾਂ ਨੂੰ ਮਹੰਤਵਾਦੀ ਪਾਠ ਦੇ ਪ੍ਰਭਾਵ ਕਾਰਣ ਨਹੀਂ ਬੋਲਿਆ ਜਾ ਰਿਹਾ। ਸਿੱਖ ਵਿਦਵਾਨਾਂ (ਪ੍ਰੋ. ਸਾਹਿਬ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿਕ) ਨੇ ਇਹਨਾਂ ਨੂੰ ਵਰਤਣ ਦੇ ਸੰਕੇਤ ਗੁਰਬਾਣੀ ਦੀ ਲਿਖਾਈ ਵਿੱਚੋਂ ਹੀ ਲੱਭੇ ਹਨ। ਸੰਕੇਤ ਦਾ ਭਾਵ ਹੁੰਦਾ ਹੈ ਕਿ ਇਸ ਦੀ ਵਰਤੋਂ ਦਿੱਤੇ ਸੰਕੇਤ ਵਰਗੀਆਂ ਹੋਰ ਥਾਵਾਂ ਉੱਤੇ ਕੀਤੀ ਜਾਵੇ। ਜਿਵੇਂ ਸੂਹੀ ਮਹਲਾ 5 ਵਿੱਚ 5 ਨੂੰ ਬੋਲਣ ਦਾ ਢੰਗ ਲਿਖਤੀ ਸੰਕੇਤ ਦੇ ਕੇ ਦੱਸ ਦਿੱਤਾ ਗਿਆ ਹੈ, ਜਿਵੇਂ-- ਧਨਾਸਰੀ ਮਹਲਾ 3 ਤੀਜਾ। ਭਾਵ ‘3’ ਅੰਕ ਨੂੰ ‘ਤਿੰਨ’ ਨਹੀਂ ‘ਤੀਜਾ’ ਪੜ੍ਹਨਾ ਹੈ। ਇਹ ਇੱਕ ਲਿਖਤੀ ਸੰਕੇਤ ਹੈ। ਗੁਰੂ ਜੀ ਨੇ ਕੁੱਝ ਥਾਵਾਂ ਤੋਂ ਛੁੱਟ ਹਰ ਥਾਂ 3 ਤੀਜਾ, 5 ਪੰਜਵਾਂ, 4 ਚਉਥਾ ਆਦਿਕ ਨਹੀਂ ਲਿਖਿਆ ਕਿਉਂਕਿ ਸੰਕੇਤ ਦੇ ਕੇ ਸਮਝਾਅ ਦਿੱਤਾ ਗਿਆ ਹੈ। ਇਵੇਂ ਹੀ ਵਿਆਕਰਣਕ ਨਾਸਕੀ ਚਿੰਨ੍ਹਾਂ (ਬਿੰਦੀਆਂ ਟਿੱਪੀਆਂ) ਦੀ ਕੀਤੀ ਵਰਤੋਂ ਤੋਂ ਸੰਕੇਤ ਲੈ ਕੇ ਹੋਰ ਥਾਵਾਂ ਉੱਤੇ ਵੀ ਨਾਸਕੀ ਧੁਨੀਆਂ ਬੋਲਣੀਆਂ ਹਨ ਭਾਵੇਂ ਹਰ ਥਾਂ ਲੱਗੀਆਂ ਨਾ ਹੋਣ। ਅੱਧਕ ਦਾ ਚਿੰਨ੍ਹ ਕਿਤੇ ਵੀ ਨਹੀਂ ਲੱਗਾ ਹੋਇਆ ਫਿਰ ਵੀ ਇਹ ਬੋਲਣ ਵਿੱਚ ਆਉਂਦਾ ਹੈ ਤੇ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਜਿਵੇਂ- ਕੁੱਤੇ ਨੂੰ ਕੁਤਾ, ਕੁੱਤੀ ਨੂੰ ਕੁਤੀ, ਉਚੱਕੇ ਨੂੰ ਉਚਕਾ, ਕੁਚੱਜੀ ਨੂੰ ਕੁਚ ਜੀ, ਸੁਚੱਜੀ ਨੂੰ ਸੁਚ ਜੀ, ਦੱਖਣ ਨੂੰ ਦਖਣ, ਸੱਤ ਨੂੰ ਸਤ, ਕੁੱਤਿਆ ਨੂੰ ਕੁਤਿਆ ਸ਼ਬਦ ਬੋਲਣ ਤੇ ਪਾਠ ਬੇ-ਰਸਾ ਹੋਵੇਗਾ। ਬਿਲਕੁਲ ਏਸੇ ਤਰ੍ਹਾਂ ਹੀ ਵਿਆਕਰਣਕ ਬਿੰਦੀਆਂ ਨਾ ਬੋਲਣ ਤੇ ਵੀ ਪਾਠ ਬੇ-ਰਸਾ ਹੋਵੇਗਾ।

2. ਅ਼ਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੀਆਂ ਭਾਸ਼ਾਈ ਧੁਨੀਆਂ ਦਾ ਤਿਆਗ: ਇਨ੍ਹਾਂ ਭਾਸ਼ਾਵਾਂ ਵਿੱਚੋਂ ਆਏ ਤਤਸਮ ਸ਼ਬਦਾਂ ਦੀਆਂ ਮੂਲ਼ ਭਾਸ਼ਾ ਧੁਨੀਆਂ ਨੂੰ ਬੋਲਣ ਵਿੱਚ ਛੱਡ ਕੇ ਸ਼ਬਦ ਸਰੂਪਾਂ ਨੂੰ ਵਿਗਾੜਨਾਂ- ਜਿਵੇਂ ਕ੍ਰਿਸ਼ਨ ਨੂੰ ਕ੍ਰਿਸਨ, ਬਾਦਿਸ਼ਾਹ ਨੂੰ ਬਾਦਿਸਾਹ, ਮੇਰੇ ਸ਼ਾਹਾ ਨੂੰ ਮੇਰੇ ਸਾਹਾ, ਦਰਸ਼ਨ ਨੂੰ ਦਰਸਨ, ਦਸ਼ਰਥ ਨੂੰ ਦਸਰਥ, ਜਸ਼ੋਧਾ ਨੂੰ ਜਸੋਧਾ, ਸ਼ੋਭਾ ਨੂੰ ਸੋਭਾ, ਸ਼ਰਧਾ ਨੂੰ ਸਰਧਾ, ਪਾਤਿਸ਼ਾਹ ਨੂੰ ਪਾਤਿਸਾਹ, ਸੀਹਾਂ ਨੂੰ ਸ਼ੀਹਾਂ, ਗਜ਼ (ਮਾਪ) ਨੂੰ ਗਜ (ਹਾਥੀ), ਸ਼ੰਡਾ (ਪ੍ਰਹਲਾਦ ਦਾ ਇੱਕ ਉਸਤਾਦ) ਨੂੰ ਸੰਡਾ, ਸ਼ਰਨ (ਅਧੀਨਗੀ) ਨੂੰ ਸਰਨ (ਪਸ਼ੂਆਂ ਦੀ ਲੰਗੜਾਅ ਦੀ ਬਿਮਾਰੀ), ਸ਼ਰਮਾ (ਲੱਜਾ) ਨੂੰ ਸਰਮਾ( ਇੰਦ੍ਰ ਦਰਬਾਰ ਦੀ ਇੱਕ ਕੁੱਤੀ ਦਾ ਨਾਂ), ਅਸ਼(ਘੌੜੇ) ਨੂੰ ਅਸ (ਹੈ), ਰਜ਼ਾਈ (ਰਜ਼ਾ ਦਾ ਮਾਲਕ) ਨੂੰ ਰਜਾਈ(ਰੂੰ ਵਾਲ਼ਾ ਗਦੇਲਾ ਜਾਂ ਰਜਾਅ ਦਿੱਤੀ), ਸ਼ਬ ਰੋਜ਼ ਨੂੰ ਸਬ ਰੋਜ, ਗਸ਼ਤਮ ਨੂੰ ਗਸਤਮ, ਗੋਸ਼ ਨੂੰ ਗੋਸ, ਬੇਨਜ਼ਰ ਨੂੰ ਬੇਨਜਰ, ਖ਼ਤੇ਼ ਨੂੰ ਖਤੇ ਜਾਂ ਖੱਤੇ, ਕਬਜ਼ ਕਬਜ਼ਾ ਨੂੰ ਕਬਜ ਕਬਜਾ, ਅਹਿਨਿਸ਼ਿ ( ਅਹਿ-ਦਿਨ, ਨਿਸ਼ਿ-ਰਾਤ) ਨੂੰ ਐਹਨਸ (ਨਿਰਾਰਥਕ), ਸ਼ਸ਼ਿ (ਚੰਦ) ਨੂੰ ਸੱਸ(ਇੱਕ ਰਿਸ਼ਤਾ), ਸ਼ਸ਼ੀਅਰ ਨੂੰ ਸਸੀਅਰ, ਸ਼ਬਦ ਨੂੰ ਸਬਦ, ਬਖ਼ਸ਼ੋ ਨੂੰ ਬਖਸੋ, ਖ਼ੁਸ਼ੀ ਨੂੰ ਖੁਸੀ, ਲਖ ਖ਼ੁਸ਼ੀਆਂ ਨੂੰ ਲਖ ਖੁਸੀਆਂ, ਅਰਸ਼ਹੁੰ ਨੂੰ ਅਰਸਹੁੰ, ਕੁਰਸਹੁੰ ਨੂੰ ਕੁਰਸ਼ਹੁੰ, ਸ਼੍ਰਵਣ (ਸੁਣਨਾਂ) ਨੂੰ ਸਰਵਣ (ਇਸਤ੍ਰੀ ਦੀਆਂ ਛਾਤੀਆਂ), ਸ਼੍ਰੀ (ਸ਼ੋਭਨੀਕ) ਨੂੰ ਸ੍ਰੀ ਜਾਂ ਸਿਰੀ (ਛੋਟਾ ਸਿਰ ਜਿਵੇਂ ਸੱਪ ਦੀ ਸਿਰੀ ਜਾਂ ਸਿਰਜੀ) ਆਦਿਕ ਬੋਲਣਾਂ ਮਹੰਤਵਾਦੀ ਪਾਠ ਹੈ।

ਨੋਟ: ਪੰਜਾਬੀ ਜਾਂ ਹਿੰਦੀ ਵਿੱਚ ਭਾਸ਼ਣ ਦੇਣ ਵੇਲੇ ਜੇ ਕੋਈ ਅੰਗ੍ਰੇਜ਼ੀ ਵਿੱਚ ਕੋਈ ਸ਼ਬਦ ਜਾਂ ਤੁਕ ਬੋਲੇ ਤਾਂ ਸ਼੍ਰੋਤੇ ਜ਼ਰੂਰ ਮਜ਼ਾਕ ਉਡਾਉਣਗੇ ਜੇ ਵਕਤੇ ਨੇ ਅੰਗ੍ਰੇਜ਼ੀ ਭਾਸ਼ਾ ਦੇ ਨਿਯਮਾ ਅਨੁਸਾਰ ਅੰਗ੍ਰੇਜ਼ੀ ਵਿੱਚ ਸ਼ਬਦ ਨਾ ਬੋਲਿਆ ਹੋਵੇ। ਇਵੇਂ ਹੀ ਗੁਰਬਾਣੀ ਪੜ੍ਹਦਿਆ ਵਿਦੇਸ਼ੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵੀ ਉਸੇ ਭਾਸ਼ਾ ਦੇ ਨਿਯਮਾ ਅਨੁਸਾਰ ਬੋਲਣਾ ਪਵੇਗ,ਾ ਨਹੀਂ ਤਾਂ ਪਾਠੀ ਭਾਸ਼ਾਵਾਂ ਦੇ ਗਿਆਨ ਪੱਖੋਂ ਆਪਣੀ ਅਗਿਆਨਤਾ ਜ਼ਰੂਰ ਪ੍ਰਗਟਾਅ ਦੇਵੇਗਾ ਤੇ ਕੀਤਾ ਪਾਠ ਵੀ ਬੇ-ਰਸਾ ਹੋਵੇਗਾ।

3. ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਲਘੂ ਸੁਅਰ ਧੁਨੀਆਂ ਦਾ ਬੋਲਣ ਵਿੱਚ ਤਿਆਗ ਕਰ ਕੇ ਸ਼ਬਦਾਂ ਦੇ ਵਿਆਕਰਣਕ ਸਰੂਪਾਂ ਨੂੰ ਵਿਗਾੜਨਾਂ- ਜਿਵੇਂ ਮੂਰਤਿ ਅਤੇ ਮੂਰਤੁ ਨੂੰ ਮੂਰਤ, ਹਰਿ (ਪ੍ਰਭੂ ਜਾਂ ਹਰ ਲੈਣਾ) ਅਤੇ ਹਰੁ (ਦੂਰ ਕਰੋ) ਨੂੰ ਹਰ (ਹਰੇਕ ਜਾਂ ਹਰਾ ਰੰਗ), ਭਗਤਿ (ਬੰਦਗੀ) ਅਤੇ ਭਗਤੁ (ਬੰਦਗੀ ਕਰਤਾ) ਨੂੰ ਭਗਤ (ਬਹੁਤੇ ਭਗਤ ਜਾਂ ਸੰਬੰਧਕੀ ਅਰਥ), ਗੁਰਿ (ਗੁਰੂ ਨੇ ਜਾਂ ਰਾਹੀਂ) ਅਤੇ ਗੁਰੁ (ਗੁਰੂ ਜੀ) ਨੂੰ ਗੁਰ (ਬਹੁਤੇ ਗੁਰੂ, ਹੇ ਗੁਰੂ! ਗੁਰੂ ਦਾ), ਸ਼ਬਦਿ ਅਤੇ ਸ਼ਬਦੁ ਨੂੰ ਸ਼ਬਦ, ਮਨਿ ਅਤੇ ਮਨੁ ਨੂੰ ਮਨ, ਬਾਣਿ (ਭਾਸ਼ਾ) ਅਤੇ ਬਾਣੁ (ਇੱਕ ਤੀਰ) ਨੂੰ ਬਾਣ, ਨਾਨਕਿ (ਨਾਨਕ ਨੇ ਜਾਂ ਰਾਹੀਂ) ਅਤੇ ਨਾਨਕੁ (ਨਾਨਕ ਜੀ) ਨੂੰ ਨਾਨਕ (ਹੇ ਨਾਨਕ!), ਪਾਰਬ੍ਰਹਮਿ ਅਤੇ ਪਾਰਬ੍ਰਹਮੁ ਨੂੰ ਪਾਰਬ੍ਰਹਮ, ਕੂਕਰਿ (ਕੁੱਤੀ) ਅਤੇ ਕੂਕਰੁ (ਕੁੱਤਾ) ਨੂੰ ਕੂਕਰ (ਕੁੱਤੇ), ਅੰਮ੍ਰਿਤਿ ਅਤੇ ਅੰਮ੍ਰਿਤੁ ਨੂੰ ਅੰਮ੍ਰਿਤ ਜਾਂ ਅਮਰਤ, ਗੀਹਨੁ (ਘਰ ਵਾਲ਼ਾ) ਅਤੇ ਗੀਹਨਿ (ਘਰ ਵਾਲ਼ੀ) ਨੂੰ ਗੀਹਨ (ਬਹੁਤੇ ਘਰ ਵਾਲ਼ੇ), ਭਰਥਰਿ (ਰਾਜੇ ਦਾ ਨਾਂ) ਨੂੰ ਭਰਥਰ, ਬੇਨਤਿ ਨੂੰ ਬੇਨਤ, ਜਮਦਗਨਿ (ਰਿਸ਼ੀ ਦਾ ਨਾਂ) ਨੂੰ ਜਮਦਗਨ, ਬਿਨਵੰਤਿ ਨੂੰ ਬਿਨਵੰਤ, ਭਣਤਿ ਨੂੰ ਭਣਤ , ਸਿਮ੍ਰਿਤਿ ਨੂੰ ਸਿਮਰਤ, ਸ੍ਰਿਸਟਿ ਨੂੰ ਸ੍ਰਿਸਟ (ਨਿਰਾਰਥਕ), ਦ੍ਰਿਸਟਿ ਨੂੰ ਦ੍ਰਿਸਟ (ਨਿਰਾਰਥਕ), ਬੁਧਿ (ਅ਼ਕ਼ਲ) ਅਤੇ ਬੁਧੁ (ਇੱਕੁ ਬੋਧੀ) ਨੂੰ ਬੁੱਧ (ਕਈ ਬੋਧੀ), ਸਿਧਿ (ਸਫ਼ਲਤਾ) ਅਤੇ ਸਿਧੁ (ਪੁੱਗਿਆ ਯੋਗੀ) ਨੂੰ ਸਿੱਧ (ਪੁੱਗੇ ਯੋਗੀ), ਕਬਿ (ਕਵੀ) ਨੂੰ ਕਬ (ਕਦੋਂ), ਪਤਿ (ਖ਼ਸਮ) ਨੂੰ ਪੱਤ (ਪੱਤੇ), ਭੂਮਿ (ਜ਼ਮੀਨ) ਨੂੰ ਭੂੁਮ (ਨਿਰਾਰਥਕ), ਜੇਠਿ ਨੂੰ ਜੇਠ, ਫਕੜਿ ਨੂੰ ਫਕੜ, ਦਾਤਿ (ਬਖ਼ਸ਼ਸ਼) ਨੂੰ ਦਾਤ (ਵੱਢਣ ਲਈ ਹਥਿਆਰ) ਆਦਿਕ ਬੋਲ ਕੇ ਸ਼ਬਦ ਸਰੂਪਾਂ ਨੂੰ ਬਦਲਨਾ ਅਤੇ ਗੁਰਬਾਣੀ ਦਾ ਲਿਖਣ ਢਾਂਚਾ ਖ਼ਤਮ ਕਰਨਾ। ਸ਼ਬਦਾਂਤਕ ਲਗਾਂ ਮਾਤ੍ਰਾਂ ਵਜੋਂ ਲੱਗੇ ਮੂਲ਼ਕ ਅਤੇ ਵਿਆਕਰਣਕ ਦੋਵੇਂ ਹੀ ਚਿੰਨ੍ਹ ਬੋਲਣ ਵਿੱਚ ਖ਼ਤਮ ਕੀਤੇ ਜਾ ਰਹੇ ਹਨ ਤੇ ਮਹੰਤਵਾਦ ਵੀ ਇਹੋ ਲੋਚਦਾ ਸੀ ਕਿ ਸਿੱਖੀ ਦਾ ਮੂਲ਼ ਢਾਂਚਾ, ਗੁਰਬਾਣੀ ਦਾ, ਕਿਸੇ ਤਰ੍ਹਾਂ ਬਦਲਿਆ ਜਾਵੇ ਤਾਂ ਜੁ ਸ਼ਬਦਾਂ ਵਿੱਚੋਂ ਕੋਈ ਠੀਕ ਅਰਥ ਨਾ ਨਿਕਲ਼ ਸਕਣ ਅਤੇ ਅਰਥ ਕਰਨ ਵਾਲ਼ਾ ਆਪਣੀ ਮਰਜ਼ੀ ਵਾਲ਼ਾ ਅਰਥ ਕਰ ਸਕੇ ਤੇ ਸਿੱਖੀ ਵਿਚਾਰਧਾਰਾ ਨੂੰ ਵਿਗਾੜਿਆ ਜਾ ਸਕੇ।

4. ਅੱਖਰਾਂ ਦੇ ਪੈਰੀਂ ਲੱਗੇ ਚਿੰਨ੍ਹਾਂ ਦਾ ਬੋਲਣ ਵਿੱਚ ਤਿਆਗ ਕਰਨਾ-

ਜਿਵੇਂ: ਸੁਧਾਖ੍ਹਰ ਨੂੰ ਸੁਧਿਆਖਰ, ਸੁਧਾਖਰ, ਆਗ੍ਹਿ (ਆਗਿਆ ਵਿੱਚ) ਨੂੰ ਆਗ (ਅੱਗ ਜਾਂ ਪਸ਼ੂਆਂ ਦੇ ਖਾਣ ਦੀ ਵਸਤੂ), ਅਖ੍ਹਿਓ ਨੂੰ ਅਖਿਓ, ਆਖ੍ਹਰ ਨੂੰ ਆਖਰ ਆਦਿਕ ਆਦਿਕ।

ਨੋਟ: ਇਸ਼ਤਿਹਾਰਾਂ ਵਿੱਚ ਲਿਖਤੀ ਤੌਰ 'ਤੇ ਸ਼ਬਦਾਂਤਕ ਮਾਤ੍ਰਾਂ ਦਾ ਤਿਆਗ ਹੋਣਾ ਸ਼ੁਰੂ ਹੋ ਗਿਆ ਹੈ। ਕਾਰਣ ਦੱਸਿਆ ਜਾਂਦਾ ਹੈ ਕਿ ਸਿੱਖ ਇਹੋ ਜਿਹੀਆਂ ਮਾਤ੍ਰਾਂ ਆਪ ਹੀ ਨਹੀਂ ਬੋਲਦੇ ਤੇ ਲਿਖਣ ਦਾ ਕੀ ਲਾਭ ਹੈ? ਪ੍ਰਚਾਰਕ ਵੀ ਸਟੇਜ਼ਾਂ ੳੇੱਤੇ ਅਜਿਹਾ ਹੀ ਤਿਆਗ ਕਰਨ ਲਈ ਕਹਿੰਦੇ ਹਨ। ਕੋਈ ਪ੍ਰਚਾਰਕ ਇਹ ਨਹੀਂ ਕਹਿੰਦਾ ਸੁਣਿਆਂ ਕਿ ਇਨ੍ਹਾਂ ਨੂੰ ਬੋਲਣ ਦਾ ਅਭਿਆਸ ਕਰੋ ਤਾਂ ਬੋਲਣ ਵਿੱਚ ਔਖਿਆਈ ਨਹੀਂ ਰਹੇਗੀ। ਕਈ ਦਫ਼ਤਰਾਂ ਵਿੱਚ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਸ਼ਬਦਾਂਤਕ ਲਗਾਂ ਪੱਖੋਂ ਅਧੂਰੀਆਂ ਲਿਖੀਆਂ ਦੇਖੀਆਂ ਗਈਆਂ ਹਨ। ਅੰਗ੍ਰੇਜ਼ੀ ਵਿੱਚ ਗੁਰਬਾਣੀ ਨੂੰ ਲਿਖਣ ਵਾਲ਼ਿਆਂ ਨੇ ਤਾਂ ਸ਼ਬਦਾਂ ਨੂੰ ਅਧੂਰੇ ਲਿਖਣ ਵਿੱਚ ਹੱਦ ਹੀ ਕਰ ਦਿੱਤੀ ਹੈ, ਜਿਵੇਂ

ਸਤਿ ਨਾਮੁ (sati naamu) ਨੂੰ sat nam; ਆਦਿ ਸਚੁ (aadi sachu) ਨੂੰ aad sach; ਨਾਨਕਿ, ਨਾਨਕੁ (naanaki, naanaku) ਨੂੰ naanak; ਭਗਤੁ, ਭਗਤਿ (bhagatu, bhagati) ਨੂੰ bhagat, ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ (ghari sukhi vasiaa baahari sukhu paaiaa) ਨੂੰ ghar sukh vasiaa baahar sukh paaiaa ਆਦਿਕ ਟੂਕ ਮਾਤ੍ਰ ਕੁਝ ਵੰਨਗੀਆਂ ਲਿਖੀਆਂ ਹਨ। ਗੁਰਦੁਆਰਿਆਂ ਵਿੱਚ ਸਕਰੀਨ ਰਾਹੀਂ ਗੁਰਬਾਣੀ ਨੂੰ ਰੋਮਨ ਲਿੱਪੀ ਵਿੱਚ ਬਦਲ ਕੇ ਅਧੂਰਾ ਦਿਖਾਇਆ ਜਾ ਰਿਹਾ ਹੈ।

ਮਹੰਤਵਾਦ ਦੀ ਪੂਰੀ ਕੋਸ਼ਿਸ਼ ਸੀ ਕਿ ਗੁਰਬਾਣੀ ਨੂੰ ਅਧੂਰੀ ਬਣਾਇਆ ਜਾ ਸਕੇ। ਇਸ ਅਧੂਰੇਪਨ ਦਾ ਸਿੱਖਾਂ ਨੂੰ ਜ਼ਰੂਰ ਨੋਟਿਸ ਲੈਣਾਂ ਪਵੇਗਾ, ਨਹੀਂ ਤਾਂ ਭਾਰੂ ਹੋ ਚੁੱਕੀ ਮਹੰਤਵਾਦੀ ਸੋਚ ਆਪਣਾ ਰੰਗ ਜ਼ਰੂਰ ਦਿਖਾ ਕੇ ਰਹੇਗੀ ਤੇ ਗੁਰਬਾਣੀ ਦਾ ਲਿਖਣ ਵਿਧੀ-ਵਿਧਾਨ ਅਲੋਪ ਹੋ ਜਾਵੇਗਾ। ਪੜ੍ਹਨ ਵਾਲ਼ਿਆਂ ਨੂੰ ਗੁਰਬਾਣੀ ਦੀਆਂ ਸਾਰੀਆਂ ਲਗਾਂ ਮਾਤ੍ਰਾਂ ਨੂੰ ਅੱਖਾਂ ਵਿੱਚੋਂ ਲੰਘਾਉਣਾ ਪਵੇਗਾ ਤਾਂ ਜੁ ਚੇਤੇ ਦਾ ਹਿੱਸਾ ਬਣ ਸਕਣ।

ਸਮਾਪਤ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top