Share on Facebook

Main News Page

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ?
(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) - ਭਾਗ ਪੰਜਵਾਂ
-: ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726

ਲੜੀ ਜੋੜਨ ਲਈ ਪੜ੍ਹੋ : ਭਾਗ ਪਹਿਲਾ, ਦੂਜਾ, ਤੀਜਾ, ਚੌਥਾ

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ ਝਾਤੀ ਮਾਰਨ ਤੋਂ ਪਹਿਲਾਂ, ਉਸ ਕਹਾਣੀ ਵੱਲ ਵੀ ਝਾਤੀ ਮਾਰ ਲਈਏ, ਜਿਸ ਦੇ ਬਾਰੇ ਮੈਂ ਉਪਰ ਲਿਖਿਆ ਸੀ ਕਿ ਉਸ ਦੀ ਗੱਲ ਬਾਅਦ ਵਿੱਚ ਕਰਾਂਗੇ।

ਇਹ ਕਹਾਣੀ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਦੇ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਦੇ 21ਵੇਂ ਚਰਿਤ੍ਰ ਤੋਂ ਸ਼ੁਰੂ ਹੁੰਦੀ ਹੈ ਅਤੇ 23ਵੇਂ ਚਰਿਤ੍ਰ ਤੱਕ ਇਕੋ ਕਹਾਣੀ ਚਲਦੀ ਹੈ। ਇਸ ਦੇ ਪਹਿਲੇ (21ਵੇਂ)ਚਰਿਤ੍ਰ ਵਿੱਚ ਸਠ ਬੰਦ ਹਨ, ਦੂਸਰੇ (22ਵੇਂ) ਵਿੱਚ ਨੌਂ ਅਤੇ ਤੀਸਰੇ (23ਵੇਂ) ਵਿੱਚ ਬਾਰ੍ਹਾਂ। ਇਸ ਤਰ੍ਹਾਂ ਇਸ ਦੇ ਕੁਲ 81 ਬੰਦ ਹਨ। ਇਸ ਦੇ ਲੇਖਕ ਨੇ ਇਸ ਇਕੋ ਕਹਾਣੀ ਨੂੰ ਤਿੰਨ ਅਲੱਗ ਅਲੱਗ ਚਰਿਤ੍ਰਾਂ ਵਿੱਚ ਕਿਉਂ ਲਿਖਿਆ ਹੈ, ਇਹ ਉਹ ਆਪ ਹੀ ਜਾਣਦਾ ਹੈ। ਉਂਝ ਲੇਖਕ ਨੇ ਹਰ ਚਰਿਤ੍ਰ੍ਰ੍ਰ੍ਰ੍ਰ ਦੇ ਆਖਰੀ ਬੰਦ ਤੋਂ ਬਾਅਦ ।1। ਲਿਖ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲੀ ਕਹਾਣੀ ਇਥੇ ਖਤਮ ਹੋ ਗਈ ਹੈ ਪਰ ਅਗਲਾ ਚਰਿਤ੍ਰ ਪੜ੍ਹਦਿਆਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤਿੰਨੋਂ ਚਰਿਤ੍ਰਾਂ ਵਿੱਚ ਇਕੋ ਕਹਾਣੀ ਚਲ ਰਹੀ ਹੈ।

Note from Editor KhalsaNews: This image is copied from http://www.sarbloh.info/htmls/durbar_dasam8.html

ਕਹਾਣੀ ਇੰਝ ਸ਼ੁਰੂ ਹੁੰਦੀ ਹੈ ਕਿ ਸਤਲੁਜ ਨਦੀ ਦੇ ਕੰਢੇ ਤੇ ਆਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿੱਚ ਸੀ, ਉਥੇ ਸਿੱਖ ਕੌਮ ਨਾਲ ਸੰਬੰਧਤ ਲੋਕ ਬੜੇ ਚਾਅ ਨਾਲ ਆਉਂਦੇ ਸਨ ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ। ਇਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆਈ ਤੇ ਉਥੇ ਦੇ ਰਾਜੇ ਨੂੰ ਦੇਖ ਕੇ ਉਸ ਉਤੇ ਮੋਹਿਤ ਹੋ ਗਈ।

ਲੇਖਕ ਨੇ ਉਸ ਦਾ ਨਾਂ ਨੂਪ ਕੁਅਰਿ ਭਾਵ ਨੂਪ ਕੌਰ ਲਿਖਿਆ ਹੈ। ਉਸ ਨੇ ਰਾਜੇ ਨੂੰ ਮਿਲਣ ਦਾ ਇਹ ਢੰਗ ਲਭਿਆ ਕਿ ਉਸ ਨੇ ਰਾਜੇ ਦੇ ਇਕ ਸੇਵਕ ਜਿਸ ਦਾ ਨਾਂ ਮਗਨ ਸੀ, ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕੁਝ ਮਾਇਆ ਦੇ ਕੇ ਕਿਹਾ ਕਿ ਮੈਨੂੰ ਆਪਣੇ ਰਾਜੇ ਨਾਲ ਮਿਲਾ ਦੇ, ਉਸ ਨਾਲ ਮੇਲ ਹੋਣ ਤੇ ਮੈਂ ਤੈਨੂੰ ਬਹੁਤ ਧਨ ਦਿਆਂਗੀ। ਮਗਨ ਧਨ ਦੇ ਲਾਲਚ ਵਿੱਚ ਰਾਜੇ ਕੋਲ ਗਿਆ ਤੇ ਹਥ ਜੋੜ ਕੇ ਕਹਿਣ ਲਗਾ ਕਿ ਤੁਸੀਂ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ ਉਹ ਮੇਰੇ ਹਥ ਆ ਗਿਐ ਤੇ ਮੈਂ ਜੋ ਤੁਹਾਨੂੰ ਕਰਨ ਲਈ ਕਹਾਂ, ਤੁਸੀਂ ਉਹੀ ਕਰੋ।

ਜਿਸ ਵੇਲੇ ਸੌਣ ਦਾ ਸਮਾਂ ਸੀ ਭਾਵ ਰਾਤ ਵੇਲੇ, ਉਸ ਸੇਵਕ ਦੇ ਕਹੇ ਅਨੁਸਾਰ ਉਹ ਰਾਜਾ ਸਾਧ ਦਾ ਭੇਸ ਧਾਰਨ ਕਰ ਕੇ, ਆਪਣੇ ਮਨ ਵਿੱਚ ਭਗਉਤੀ ਦੇਵੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ ਤੇ ਸਿਧਾ ਉਸ ਇਸਤਰੀ ਦੇ ਡੇਰੇ ਤੇ ਜਾ ਪੁੱਜਾ।

ਰਾਜੇ ਨੂੰ ਵੇਖ ਕੇ ਉਹ ਇਸਤਰੀ ਪ੍ਰਸੰਨ ਹੋ ਗਈ, ਉਸ ਨੇ ਆਪਣਾ ਰੂਪ ਸੰਵਾਰਿਆ। ਫੁਲ, ਪਾਨ ਤੇ ਸ਼ਰਾਬ ਮੰਗਾਈ ਅਤੇ ਅਗੇ ਹੋ ਕੇ ਰਾਜੇ ਦਾ ਸੁਆਗਤ ਕੀਤਾ। ਰਾਜੇ ਨੇ ਵੀ ਸਾਧ ਦਾ ਭੇਸ ਉਤਾਰ ਕੇ ਵਡਮੁੱਲੇ ਬਸਤ੍ਰ ਪਾ ਲਏ ਅਤੇ ਸਜ ਵਜ ਕੇ ਸੇਜ ਤੇ ਸੁਸ਼ੋਭਿਤ ਹੋ ਗਿਆ। ਤਦ ਉਸ ਇਸਤਰੀ ਨੇ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਹੱਥ ਵਿਕ ਚੁਕੀ ਹਾਂ। ਮੈਨੂੰ ਕਾਮ ਨੇ ਬਹੁਤ ਸਤਾਇਆ ਹੈ , ਤੁਸੀਂ ਮੇਰੇ ਨਾਲ ਰਤੀ-ਕ੍ਰੀੜਾ ਕਰੋ। ਰਾਜਾ ਸੋਚੀਂ ਪੈ ਗਿਆ ਕਿ ਮੈਂ ਆਇਆ ਤਾਂ ਮੰਤਰ ਲੈਣ ਸੀ ਪਰ ਇਥੇ ਤਾਂ ਹੋਰ ਦੀ ਹੋਰ ਗਲ ਬਣ ਗਈ ਹੈ।

ਇਸਤਰੀ ਨੇ ਉਸ ਨੂੰ ਕਈ ਤਰ੍ਹਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜੇ ਨੇ ਕਿਹਾ ਕਿ ਮੈਂ ਤੇਰਾ ਕਿਹਾ ਮੰਨ ਕੇ ਆਪਣਾ ਧਰਮ ਕਿਵੇਂ ਛਡ ਦਿਆਂ। ਮੈਂ ਕੁੱਲ ਨੂੰ ਕਲੰਕ ਲਗ ਜਾਣ ਕਰ ਕੇ ਮਨ ਵਿੱਚ ਬਹੁਤ ਡਰਦਾ ਹਾਂ, ਮੈਂ ਆਪਣੀ ਵਿਆਹੀ ਹੋਈ ਇਸਤਰੀ ਨੂੰ ਛੱਡ ਕੇ ਤੇਰੇ ਨਾਲ ਕਾਮ-ਕੇਲ ਨਹੀਂ ਕਰਾਂਗਾ। ਇਸ ਤੇ ਉਸ ਇਸਤਰੀ ਨੇ ਜੋ ਕਿਹਾ, ਉਹ ਲੇਖਕ ਨੇ ਇਸ ਤਰ੍ਹਾਂ ਲਿਖਿਆ ਹੈ:

‘ਕਾਮਾਤੁਰ ਹਵੈ ਜੋ ਤ੍ਰਿਯਾ ਆਵਤ ਨਰ ਕੇ ਪਾਸ। ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ। 18।’
ਅਰਥ: ਕਾਮ ਤੋਂ ਦੁਖੀ ਹੋ ਕੇ ਜੇ (ਕੋਈ) ਇਸਤਰੀ ਮਰਦ ਕੋਲ ਆਉਂਦੀ ਹੈ, ਜੋ ਮਰਦ (ਉਸ ਨੂੰ) ਨਿਰਾਸ ਜਾਣ ਦੇਂਦਾ ਹੈ, ਉਸ ਨੂੰ ਮਹਾਨ ਨਰਕ ਵਿੱਚ ਸੁਟਣਾ ਚਾਹੀਦਾ ਹੈ।

ਰਾਜੇ ਨੇ ਕਿਹਾ ਕਿ ਇਕ ਪਾਸੇ ਤੂੰ ਮੇਰੇ ਪੈਰੀ ਪੈਂਦੀ ਹੈ ਅਤੇ ਮੇਰੀ ਪੂਜਾ ਕਰਦੀ ਹੈਂ। ਉਸੇ ਵਿਅਕਤੀ ਨਾਲ ਤੂੰ ਰੀਝ ਕੇ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਸ਼ਰਮ ਨਹੀਂ ਆਉਂਦੀ?

ਜੁਆਬ ਵਿੱਚ ਉਸ ਇਸਤਰੀ ਨੇ ਕ੍ਰਿਸ਼ਨ ਦਾ ਪ੍ਰਮਾਣ ਦਿੱਤਾ ਕਿ ਉਹ ਜਗਤ ਵਿੱਚ ਪੂਜੇ ਜਾਂਦੇ ਹਨ, ਪਰ ਉਹ ਵੀ ਰਾਸ ਲੀਲਾ ਰਚਾਉਂਦੇ ਰਹੇ, ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ ਪਰ ਉਹ ਨਰਕ ਵਿੱਚ ਨਹੀਂ ਪਏ। ਅਗਲੇ ਕੁਝ ਬੰਦਾਂ ਵਿੱਚ ਲੇਖਕ ਨੇ ਉਸ ਇਸਤਰੀ ਦੀ ਕਾਮੁਕ ਪ੍ਰਵਿਰਤੀ ਬਿਆਨ ਕੀਤੀ ਹੈ, ਅਤੇ ਉਸ ਦੁਆਰਾ ਰਾਜੇ ਨੂੰ ਭਰਮਾਉਣ ਦੀ ਕੋਸ਼ਿਸ਼ ਦਾ ਬਿਆਨ ਕੀਤਾ ਹੈ। ਪਰ ਰਾਜਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਘੋਰ ਨਰਕ ਵਿੱਚ ਪੈਣ ਤੋਂ ਡਰਦਾ ਹਾਂ ਇਸ ਲਈ ਮੈਂ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਾਂਗਾ। 20ਵੇਂ ਬੰਦ ਤੋਂ ਲੈਕੇ 50ਵੇਂ ਬੰਦ ਤੱਕ ਉਸ ਇਸਤਰੀ ਦੁਆਰਾ ਬੜੇ ਕਾਮੁਕ ਸ਼ਬਦਾਂ ਵਿੱਚ ਰਾਜੇ ਨੂੰ ਕਾਮ-ਕ੍ਰੀੜਾ ਵਾਸਤੇ ਮਨਾਉਣ ਦੀ ਕੋਸ਼ਿਸ਼ ਅਤੇ ਰਾਜੇ ਵਲੋਂ ਧਰਮ ਦੇ ਨਾਂ ਤੇ ਇਨਕਾਰ ਕਰਨ ਦਾ ਵਰਨਣ ਹੈ। ਇਸਤਰੀ ਉਸ ਨੂੰ ਮਨਾਉਣ ਲਈ ਇਸ ਹੱਦ ਤੱਕ ਜਾਂਦੀ ਹੈ ਕਿ ਕਹਿੰਦੀ ਹੈ ਕਿ ਜਾਂ ਤਾਂ ਤੂੰ ਮੇਰੇ ਨਾਲ ਕਾਮ-ਕ੍ਰੀੜਾ ਕਰ ਜਾਂ ਮੇਰੀ ਟੰਗ ਥੱਲੋਂ ਲੰਘ ਜਾ। ਜਿਸਦੇ ਜੁਆਬ ਵਿੱਚ ਰਾਜਾ ਕਹਿੰਦਾ ਹੈ ਕਿ ਟੰਗ ਥੱਲੋਂ ਉਹ ਲੰਘੇ ਜੋ ਕਾਮ-ਕ੍ਰੀੜਾ ਕਰਨ ਦੇ ਸਮਰਥ ਨਾ ਹੋਵੇ। ਮੈਂ ਤਾਂ ਆਪਣੇ ਧਰਮ ਦਾ ਬਝਾ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ। ਪਰ ਉਹ ਇਸਤਰੀ ਕਹਿੰਦੀ ਹੈ ਕਿ ਮੈਂ ਤੈਨੂੰ ਅਜ ਰਤੀ-ਕ੍ਰੀੜਾ ਕੀਤੇ ਬਗੈਰ ਜਾਣ ਨਹੀਂ ਦੇਣਾ। ਮੈਂ ਅਜ ਸਾਰੀ ਰਾਤ ਤੇਰੇ ਨਾਲ ਰੁਚੀ ਪੂਰਵਕ ਸੰਭੋਗ ਕਰਨਾ ਹੈ।

ਰਾਜਾ ਸੋਚਦਾ ਹੈ ਕਿ ਜੇ ਇਸ ਨੇ ਮੈਨੂੰ ਭਗਉਤੀ ਦੇਵੀ ਦੀ ਸੌਂਹ ਪਾ ਦਿੱਤੀ ਤਾਂ ਮੈਂ ਫਸ ਜਾਵਾਂਗਾ ਤੇ ਮੈਨੂੰ ਇਸ ਨਾਲ ਰਤੀ-ਕ੍ਰੀੜਾ ਕਰਨੀ ਪਵੇਗੀ। ਜੇ ਮੈਂ ਇਸ ਨਾਲ ਰਤੀ-ਕ੍ਰੀੜਾ ਕਰਦਾ ਹਾਂ ਤਾਂ ਨੀਚ ਕੁਲ ਵਿੱਚ ਜਾਵਾਂਗਾ, ਜੇ ਇਥੋਂ ਨਸਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਮੈਨੂੰ ਪਕੜਵਾ ਦੇਵੇਗੀ ਔਰ ਇਥੇ ਮੇਰਾ ਕੋਈ ਸਿੱਖ ਵੀ ਨਹੀਂ। ਉਹ ਸੋਚਦਾ ਹੈ ਕਿ ਮੈਂ ਇਸ ਦੀ ਪ੍ਰਸ਼ੰਸਾ ਅਤੇ ਖੁਸ਼ਾਮਦ ਕਰ ਕੇ ਨਿਕਲ ਜਾਵਾਂ ਅਤੇ ਉਹ ਉਸ ਦੇ ਹੁਸਨ ਦੀ ਅਤੇ ਉਸ ਦੇ ਖਾਨਦਾਨ ਦੀ ਬਹੁਤ ਤਾਰੀਫ ਕਰਦਾ ਹੈ। ਪਰ ਉਹ ਇਸਤਰੀ ਕਹਿੰਦੀ ਹੈ ਕਿ ਜਾਂ ਤਾਂ ਮੈਂ ਅਜ ਸਾਰੀ ਰਾਤ ਤੇਰੇ ਨਾਲ ਭੋਗ ਕਰਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ। ਅਗੋਂ 51ਵੇਂ ਬੰਦ ਵਿੱਚ ਰਾਜਾ ਕਹਿੰਦਾ ਹੈ:

‘ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨਾ ਜੈਯਹੁ।51॥’
ਅਰਥ: (ਰਾਜੇ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, ਤਦੋਂ ਤੋਂ ਮੇਰੇ ਗੁਰੂ ਨੇ ੳਪਦੇਸ਼ ਦਿੱਤਾ ਹੈ, ਹੇ ਪੁੱਤਰ ! ਤੇਰੀ ਇਹ ਪ੍ਰਤਿਗਿਆ ਹੋਵੇ ਕਿ ਜਦ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਹਨ, ਤਦ ਤਕ ਤੂੰ ਆਪਣੀ ਇਸਤਰੀ ਨਾਲ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਤੇ ਸੁਪਨੇ ਵੀ ਨ ਜਾਈਂ।

ਇਸੇ ਪ੍ਰਸੰਗ ਨੂੰ ਜਾਰੀ ਰਖਦਾ ਹੋਇਆ ਰਾਜਾ ਕਹਿੰਦਾ ਹੈ:

‘ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ। ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ।
ਸਿਖਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।
ਅਰਥ: ਹੇ ਬਾਲਾ ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਏ ਸੀਸ ਝੁਕਾਉਂਦੀਆਂ ਹਨ। ਮੈਂ ਆਪਣੇ ਚਿਤ ਵਿੱਚ ਸਿੱਖਾਂ ਨੂੰ ਪੁੱਤਰ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ ਉਨ੍ਹਾਂ ਨਾਲ ਮੈ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ।

ਇਹ ਗੱਲ ਸੁਣ ਕੇ ਉਹ ਇਸਤਰੀ ਬਹੁਤ ਗੁਸੇ ਵਿੱਚ ਆ ਗਈ ਤੇ ਕਹਿਣ ਲਗੀ ਕਿ ਮੈਂ ਹੁਣੇ ਚੋਰ ਚੋਰ ਦਾ ਰੌਲਾ ਪਾਉਂਦੀ ਹਾਂ ਤੇ ਲੋਕੀ ਕ੍ਰੋਧ ਵਿੱਚ ਆ ਕੇ ਤੁਹਾਨੂੰ ਮਾਰ ਹੀ ਸੁਟਣਗੇ। ਤੁਸੀਂ ਹਸਦੇ ਖੇਡਦੇ ਮੇਰੇ ਨਾਲ ਨਾਲ ਰਮਣ ਕਰੋ ਅਤੇ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ।

ਜੁਆਬ ਵਿੱਚ ਰਾਜੇ ਨੇ ਕਿਹਾ ਕਿ ਮੈਂ ਇਹ ਸਿਖਿਆ ਲਈ ਹੈ ਕਿ ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ। ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਤੇ ਸਦਾ ਤਲਵਾਰ ਵਜਾਉਂਦੇ ਰਹੋ। ਲੋਕ ਲਾਜ ਨੂੰ ਛਡ ਕੇ ਕੋਈ ਕੰਮ ਨਾ ਕਰੋ। ਪਰ ਨਾਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਪੈਰ ਨਾ ਰਖੋ। ਜਦੋਂ ਦਾ ਗੁਰੂ ਨੇ ਮੈਨੂੰ ਕਿਹਾ ਹੈ, ਉਦੋਂ ਤੋਂ ਮੈਂ ਇਹੀ ਪ੍ਰਣ ਧਾਰਨ ਕੀਤਾ ਹੋਇਆ ਹੈ ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ ਵਰਗੀ ਹੈ।

ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿੱਚ ਬਹੁਤ ਕ੍ਰੋਧ ਕੀਤਾ ਅਤੇ ਚੋਰ ਚੋਰ ਕਹਿ ਕੇ ਆਪਣੇ ਸੇਵਕਾਂ ਨੂੰ ਜਗਾ ਦਿੱਤਾ। ਚੋਰ ਚੋਰ ਸੁਣ ਕੇ ਰਾਜਾ ਬਹੁਤ ਡਰ ਗਿਆ ਅਤੇ ਡੌਰ ਭੌਰ ਹੋਇਆ ਜੁਤੀ ਤੇ ਪਾਮਰੀ (ਸਰਦੀਆਂ ਵਿੱਚ ਪਾਣ ਦਾ ਇਕ ਵਡਾ ਚੋਲਾ) ਛਡ ਕੇ ਭਜ ਗਿਆ।

ਇਥੇ ਲੇਖਕ ਨੇ 21ਵੇਂ ਚਰਿਤ੍ਰ ਦੀ ਸਮਾਪਤੀ ਕੀਤੀ ਹੈ ਅਤੇ ਫਿਰ 22ਵੇਂ ਚਰਿਤ੍ਰ ਵਿੱਚ ਇਸੇ ਕਹਾਣੀ ਨੂੰ ਜਾਰੀ ਰਖਿਆ ਹੈ। ਚੋਰ ਚੋਰ ਦੀ ਅਵਾਜ਼ ਸੁਣ ਕੇ ਸਾਰੇ ਸੇਵਕ ਜਾਗ ਪਏ। ਤਲਵਾਰਾਂ ਕਢ ਕੇ ਰਾਜੇ ਵਲ ਵਧੇ। ਪੰਜ ਸਤ ਕਦਮਾਂ ਤੇ ਹੀ ਰਾਜੇ ਨੂੰ ਘੇਰ ਲਿਆ ਅਤੇ ਲਲਕਾਰ ਕੇ ਕਹਿਣ ਲਗੇ ਕਿ ਹੇ ਚੋਰ ਤੈਨੂੰ ਜਾਣ ਨਹੀਂ ਦਿਆਂਗੇ ਅਤੇ ਤੈਨੂੰ ਯਮਲੋਕ ਭੇਜਾਂਗੇ। ਉਨ੍ਹਾਂ ਨੇ ਰਾਜੇ ਨੂੰ ਸਭ ਪਾਸਿਓ ਘੇਰ ਲਿਆ। ਰਾਜੇ ਨੂੰ ਜਦੋਂ ਭਜਣ ਦਾ ਕੋਈ ਰਸਤਾ ਨਾ ਰਿਹਾ ਤਾਂ ਰਾਜੇ ਨੇ ਇਕ ਚਾਲ ਚਲੀ। ਉਸ ਨੇ ਉਸ ਇਸਤਰੀ ਦੇ ਭਰਾ ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਦਿੱਤੀ। ਚੋਰ ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ।

ਸੋਟੇ ਵੱਜਣ ਨਾਲ ਉਹ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ ਭੇਦ ਨਾ ਸਮਝਿਆ ਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ। ਲੱਤਾਂ ਅਤੇ ਮੁੱਕੇ ਮਾਰੇ, ਇਤਨੇ ਤੱਕ ਹੋਰ ਸੇਵਕ ਵੀ ਪੁਜ ਗਏ, ਉਹ ਇਸਤਰੀ ਭਰਾ ਭਰਾ ਕਹਿ ਥਕੀ, ਪਰ ਕੋਈ ਵੀ ਉਸ ਨੂੰ ਸੇਵਕਾਂ ਤੋਂ ਛੁਡਾ ਨ ਸਕਿਆ। ਉਸ ਦੇ ਸਿਰ ਤੇ ਜੁੱਤੀਆਂ ਮਾਰੀਆਂ ਤੇ ਉਸ ਨੂੰ ਬੰਦੀਖਾਨੇ ਭੇਜ ਦਿੱਤਾ। ਇਸਤਰੀ ਵਾਪਸ ਆਪਣੀ ਸੇਜ 'ਤੇ ਚਲੀ ਗਈ, ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ ਉਥੋਂ ਭਜ ਆਇਆ। ਬੰਦੀ ਖਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। ਕੋਈ ਵੀ ਸੇਵਕ ਭੇਦ ਨੂੰ ਸਮਝ ਨਾ ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ।

ਇਥੇ ਲੇਖਕ ਨੇ ਚਰਿਤ੍ਰੋ ਪਖਿਆਨ ਦੇ 22 ਵੇਂ ਚਰਿਤ੍ਰ ਦੀ ਸਮਾਪਤੀ ਕੀਤੀ ਹੈ, ਅਤੇ ਨਾਲ ਹੀ 23ਵੇਂ ਚਰਿਤ੍ਰ ਵਿੱਚ ਇਹੀ ਕਹਾਣੀ ਜਾਰੀ ਰਖੀ ਹੈ।

ਸਵੇਰ ਹੋਣ 'ਤੇ ਉਸ ਇਸਤਰੀ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਰਾਜੇ ਦੀ ਜੁੱਤੀ ਤੇ ਪਾਮਰੀ ਸਾਰਿਆਂ ਨੂੰ ਵਿਖਾ ਦਿੱਤੀਆਂ। ਦੂਸਰੇ ਪਾਸੇ ਰਾਜਾ ਆਪਣੇ ਮਹਿਲ ਤੋਂ ਬਾਹਰ ਆਇਆ ਤੇ ਸਭਾ ਵਿੱਚ ਬੈਠ ਕੇ ਉਸ ਨੇ ਦੀਵਾਨ ਲਗਾਇਆ। ਰਾਜੇ ਨੇ ਸਭਾ ਵਿੱਚ ਸਾਰਿਆਂ ਨੂੰ ਕਿਹਾ ਕਿ ਕਿਸੇ ਨੇ ਸਾਡੀ ਜੁੱਤੀ ਤੇ ਪਾਮਰੀ ਚੁਰਾ ਲਈ ਹੈ। ਜੋ ਸਿੱਖ ਸਾਨੂੰ ਉਸ ਬਾਰੇ ਦਸੇਗਾ ਉਸ ਦੇ ਕਾਲ ਨਿਕਟ ਨਹੀਂ ਆਵੇਗਾ। ਇਹ ਸੁਣ ਕੇ ਸਿੱਖ ਗੱਲ ਨੂੰ ਲੁਕਾ ਨਾ ਸਕੇ ਤੇ ਜੁੱਤੀ ਤੇ ਪਾਮਰੀ ਸਮੇਤ ਉਸ ਇਸਤਰੀ ਸੰਬੰਧੀ ਦੱਸ ਦਿੱਤਾ। ਸੁਣ ਕੇ ਰਾਜੇ ਨੇ ਕਿਹਾ ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲਿਆਓ, ਜੁੱਤੀ ਤੇ ਪਾਮਰੀ ਵੀ ਨਾਲ ਲਿਆਉਣਾ ਪਰ ਮੇਰੇ ਕਹੇ ਬਗੈਰ ਉਸ ਨੂੰ ਡਰਾਉਣਾ ਧਮਕਾਉਣਾ ਨਾ। ਰਾਜੇ ਦੀ ਗੱਲ ਸੁਣ ਕੇ ਲੋਕੀ ਫਟਾਫਟ ਗਏ ਤੇ ਜੁੱਤੀ ਪਾਮਰੀ ਸਮੇਤ ਉਸ ਇਸਤਰੀ ਨੂੰ ਲੈ ਆਏ।

ਰਾਜੇ ਨੇ ਕਿਹਾ ਕਿ ਹੇ ਸੁੰਦਰੀ ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾਏ ਹਨ, ਤੈਨੂੰ ਡਰ ਨਹੀਂ ਲਗਾ । ਜੋ ਆਦਮੀ ਚੋਰੀ ਕਰੇ, ਦਸੋ, ਉਸ ਦਾ ਕੀ ਕੀਤਾ ਜਾਵੇ। ਤੈਨੂੰ ਇਸਤਰੀ ਜਾਣ ਕੇ ਛੱਡ ਰਿਹਾ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਸੀ।

ਉਸ ਇਸਤਰੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਮੂੰਹ ਪੀਲਾ ਪੈ ਗਿਆ। ਉਸ ਦੇ ਮੂੰਹੋਂ ਗੱਲ ਨਹੀਂ ਸੀ ਨਿਕਲ ਰਹੀ। ਰਾਜੇ ਨੇ ਸੇਵਾਦਾਰਾਂ ਨੂੰ ਕਿਹਾ ਕਿ ਇਸ ਨੂੰ ਇਸ ਦੇ ਘਰ ਹੀ ਚੰਗੀ ਤਰ੍ਹਾਂ ਰਖੋ। ਇਕ ਦਿਨ ਇਕਾਂਤ ਵਿੱਚ ਬੁਲਾ ਕੇ ਇਸ ਦਾ ਨਿਰਣਾ ਕਰਾਂਗੇ।

ਸਵੇਰੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਸਾਰੀ ਗੱਲ ਕਹਿ ਦਿੱਤੀ ਕਿ ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾ ਦਿੱਤਾ। ਉਸ ਦੇ ਭਰਾ ਨੂੰ ਬੰਦੀਖਾਨੇ ਵਿਚੋਂ ਛੱਡ ਦਿੱਤਾ। ਉਸ ਇਸਤਰੀ ਨੇ ਬੇਨਤੀ ਕੀਤੀ ਕਿ ਮੈਂ ਫੇਰ ਇਸ ਤਰ੍ਹਾਂ ਦਾ ਵਿਚਾਰ ਮਨ ਵਿੱਚ ਨਹੀਂ ਲਿਆਵਾਂਗੀ, ਹੁਣ ਮੇਰਾ ਦੋਸ਼ ਮਾਫ ਕੀਤਾ ਜਾਇ। ਲੇਖਕ ਨੇ ਕਹਾਣੀ ਦੀ ਸਮਾਪਤੀ ਇਨ੍ਹਾਂ ਲਫ਼ਜ਼ਾਂ ਨਾਲ ਕੀਤੀ ਹੈ:

‘ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ। 12।
ਅਰਥ: ਹੇ ਇਸਤ੍ਰੀ ! ਹੁਣ ਸਾਨੂੰ ਮਾਫ ਕਰ, ਮੈ ਫਿਰ ਅਪਰਾਧ ਨਹੀਂ ਕਰਦਾ। ਉਸ ਇਸਤਰੀ ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ।

ਆਓ ! ਜ਼ਰਾ ਹੁਣ ਇਸ ਕਹਾਣੀ ਨੂੰ ਧਿਆਨ ਨਾਲ ਵਿਚਾਰੀਏ। ਸਭ ਤੋਂ ਪਹਿਲਾਂ ਤਾਂ ਵੇਖੀਏ ਕਿ ਇਹ ਕਹਾਣੀ ਹੈ ਕਿਸ ਦੀ? ਇਸ ਦਾ ਨਾਇਕ ਇਹ ਰਾਜਾ ਕੌਣ ਹੈ? ਇਸ ਕਹਾਣੀ ਵਿਚਲੇ ਕੁਝ ਬੰਦਾਂ ਵਲ ਧਿਆਨ ਦੇਣਾ ਜੀ:

‘ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ। ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ। 3।
ਅਰਥ: ਸਤਲੁਜ ਨਦੀ ਦੇ ਕੰਢੇ ਆਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ (ਰਿਆਸਤ) ਵਿੱਚ ਸੀ।

‘ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ। ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ। 4।
ਅਰਥ: ਉਥੇ ਸਿੱਖ ਫਿਰਕੇ (ਸਾਖਾ) ਦੇ ਬਹੁਤ ਲੋਕ ਪ੍ਰਸੰਨ ਚਿਤ ਨਾਲ ਆਉਂਦੇ ਸਨ ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ।

(ਉਪਰਲੇ ਦੋ ਬੰਦਾਂ ਵਿੱਚ ਜੋ ਸਥਾਨ ਦੀ ਪਹਿਚਾਣ ਦੱਸੀ ਗਈ ਹੈ, ਉਹ ਬੇਸ਼ਕ ਅਨੰਦਪੁਰ ਸਾਹਿਬ ਦੀ ਹੈ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਇਹ ਨਗਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਤੇ ‘ਚੱਕ ਨਾਨਕੀ’ ਦੇ ਨਾਂ ਨਾਲ ਵਸਾਇਆ, ਫਿਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸੇ ਵਿੱਚ ਵਾਧਾ ਕਰਕੇ ਨਾਂ ਆਨੰਦਪੁਰ ਸਾਹਿਬ ਰੱਖਿਆ ਹੈ।)

‘ਏਕ ਤ੍ਰਿਆ ਧਨਵੰਤ ਕੀ ਤੌਨ ਨਗਰ ਮੈ ਆਨਿ। ਹੇਰਿ ਰਾਇ ਪੀੜਤ ਭਈ ਬਿਧਿ ਬਿਰਹ ਕੇ ਬਾਨ। 5।’
ਅਰਥ: ਇਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆ ਕੇ ਅਤੇ ਉਥੋਂ ਦੇ ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿਨ੍ਹੀ ਹੋਈ ਦੁਖੀ ਹੋ ਗਈ।
(ਉਪਰਲੇ ਬੰਦ ਵਿੱਚ ਜੋ ‘ਰਾਇ’ ਸ਼ਬਦ ਵਰਤਿਆ ਗਿਆ ਹੈ, ਉਸ ਦੇ ਅਰਥ ਡਾ. ਰਤਨ ਸਿੰਘ ਜੱਗੀ ਜੀ ਨੇ ‘ਰਾਜਾ’ ਕੀਤੇ ਹਨ, ਅਤੇ ਉਨ੍ਹਾਂ ਦੇ ਕੀਤੇ ਹੋਏ ਅਰਥ ਹੀ ਮੈਂ ਸਾਰੇ ਲੇਖ ਵਿੱਚ ਵਰਤੇ ਹਨ। ਇਹ ਇਤਹਾਸਕ ਸੱਚ ਹੈ ਕਿ ਆਨੰਦਪੁਰ ਸਾਹਿਬ ਦਾ ਕਦੇ ਕੋਈ ਹੋਰ ਰਾਜਾ ਨਹੀਂ ਹੋਇਆ, ਜੇ ਕਿਹਾ ਜਾ ਸਕਦਾ ਹੈ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਹੀ ਉਥੋਂ ਦਾ ਰਾਜਾ ਕਿਹਾ ਜਾ ਸਕਦਾ ਹੈ। ਉਂਝ ਵੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਖ਼ਾਲਸਾ ਸਾਜਣਾ ਤੋਂ ਪਹਿਲਾਂ ਗੋਬਿੰਦ ਰਾਇ ਸੀ, ਸੋ ‘ਰਾਇ’ ਸ਼ਬਦ ਇਸ ਸੰਧਰਭ ਵਿੱਚ ਵੀ ਹੋ ਸਕਦਾ ਹੈ।)

‘ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ। ਤਾ ਸੋ ਰੀਝ ਰਮ੍‍ਯੋ ਚਹਤ ਲਾਜ ਨ ਆਵਤ ਤੋਹਿ। 19।
ਅਰਥ: (ਰਾਜੇ ਨੇ ਕਿਹਾ) ਤੂੰ ਸਦਾ ਮੇਰੇ ਪੈਰੀਂ ਪੈਂਦੀ ਹੈਂ ਅਤੇ ਮੇਰੀ ਪੂਜਾ ਕਰਦੀ ਹੈਂ। ਉਸ ਵਿਅਕਤੀ ਨਾਲ ਰੀਝ ਕੇ ਤੂੰ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਲਜਾ ਨਹੀਂ ਆਉਂਦੀ। 19।
(ਇਥੇ ਜੋ ਪੈਰੀ ਪੈਣ ਅਤੇ ਪੂਜਾ ਕਰਨ ਦੀ ਗੱਲ ਹੋ ਰਹੀ ਹੈ, ਉਸ ਤੋਂ ਵੀ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਹਾਣੀ ਦੇ ਨਾਇਕ ਗੁਰੂ ਸਾਹਿਬ ਹੀ ਹਨ।)

‘ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ। ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ।
ਬਹੁਰਿ ਸਬਨ ਮੈ ਬੈਠਿ ਆਪੁ ਕੋ ਪੂਜ ਕਹਾਊ। ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ। 32।
ਅਰਥ: ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿੱਚ ਜਨਮ ਦਿੱਤਾ ਹੈ। ਫਿਰ ਸਾਡੀ ਕੁਲ ਨੂੰ ਜਗਤ ਵਿੱਚ ਬਹੁਤ ਮਾਣ ਦਿਵਾਇਆ ਹੈ।ਫਿਰ ਸਾਰਿਆਂ ਵਿੱਚ ਬੈਠ ਕੇ ਮੈ ਪੂਜਣਯੋਗ ਅਖਵਾਉਂਦਾ ਹਾਂ। ਜੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ ਤਾਂ ਨੀਚ ਕੁਲ ਵਿੱਚ ਜਨਮ ਪਾਵਾਂਗਾ।
(ਇਸ ਬੰਦ ਵਿੱਚ ਜੋ ਕੁਲ ਦੀ ਵਡਿਆਈ ਕੀਤੀ ਗਈ ਹੈ ਅਤੇ ਫਿਰ ਇਹ ਕਹਿਣਾ ਕਿ ਸਾਰਿਆਂ ਵਿੱਚ ਬੈਠ ਕੇ ਮੈ ਪੂਜਣਯੋਗ ਅਖਵਾਉਂਦਾ ਹਾਂ, ਉਸ ਤੋਂ ਵੀ ਗੁਰੂ ਸਾਹਿਬ ਦੇ ਕਹਾਣੀ ਦਾ ਨਾਇਕ ਹੋਣ ਦਾ ਪ੍ਰਭਾਵ ਦਿੱਤਾ ਗਿਆ ਹੈ।)

‘ਪੂਜ ਜਾਨਿ ਕਰ ਜੋ ਤਰੁਨਿ ਮੁਰਿ ਕੈ ਕਰਤ ਪਯਾਨ। ਤਵਨਿ ਤਰੁਨਿ ਗੁਰ ਤਵਨ ਕੀ ਲਾਗਤ ਸੁਤਾ ਸਮਾਨ। 38।
ਅਰਥ: (ਰਾਜੇ ਨੇ ਕਿਹਾ) ਜੋ ਨੌਜਵਾਨ ਇਸਤਰੀ ਮੈਨੂੰ ਯੋਗ ਜਾਣ ਕੇ ਮੇਰੇ ਵਲ ਆਉਂਦੀ ਹੈ, ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲਗਦੀ ਹੈ।

‘ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ। ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ।
ਸਿਖਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।
ਅਰਥ: ਹੇ ਬਾਲਾ ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਏ ਸੀਸ ਝੁਕਾਉਂਦੀਆਂ ਹਨ। ਮੈਂ ਆਪਣੇ ਚਿਤ ਵਿੱਚਸਿੱਖਾਂ ਨੂੰ ਪੁੱਤਰ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ ਉਨ੍ਹਾਂ ਨਾਲ ਮੈ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ।
(ਉਪਰਲੇ ਦੋਵਾਂ ਬੰਦਾਂ ਨੂੰ ਧਿਆਨ ਨਾਲ ਵਾਚਨ ਤੋਂ ਬਾਅਦ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਇਸ ਕਹਾਣੀ ਦਾ ਲੇਖਕ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਕਹਾਣੀ ਦੇ ਨਾਇਕ ਗੁਰੂ ਗੋਬਿੰਦ ਸਿੰਘ ਸਾਹਿਬ ਹਨ)

‘ਰਾਇ ਸਭਾ ਮਹਿ ਬਚਨ ਉਚਾਰੇ। ਪਨੀ ਪਾਮਰੀ ਹਰੇ ਹਮਾਰੇ।
ਤਾਹਿ ਸਿਖਯ ਜੋ ਹਮੈ ਬਤਾਵੈ। ਤਾ ਤੇ ਕਾਲ ਨਿਕਟ ਨਹਿ ਆਵੈ। 3।’
ਅਰਥ: ਇਧਰ ਰਾਜੇ ਨੇ ਸਭਾ ਵਿੱਚ ਬੋਲ ਕਹੇ ਕਿ ਕਿਸੇ ਨੇ ਸਾਡੀ ਜੁੱਤੀ ਅਤੇ ਪਾਮਰੀ ਚੁਰਾ ਲਈ ਹੈ। ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਤਾਂ ਉਸ ਦੇ ਕਾਲ ਨੇੜੇ ਨਹੀਂ ਆਵੇਗਾ।3।

‘ਬਚਨ ਸੁਨਤ ਗੁਰ ਬਕ੍ਰਤ ਤੇ ਸਿਖਯ ਨ ਸਕੇ ਦੁਰਾਇ। ਪਨੀ ਪਾਮਰੀ ਕੇ ਸਹਿਤ ਸੋ ਤ੍ਰਿਯ ਦਈ ਬਤਾਇ।4।
ਅਰਥ: ਗੁਰੂ ਦੇ ਮੁੱਖ ਤੋਂ ਬੋਲ ਸੁਣ ਕੇ ਸੇਵਕ ਗੱਲ ਨੂੰ ਲੁਕਾ ਨ ਸਕੇ ਅਤੇ ਜੁੱਤੀ ਤੇ ਪਾਮਰੀ ਸਹਿਤ ਉਸ ਇਸਤਰੀ ਸੰਬੰਧੀ ਦਸ ਦਿੱਤਾ।4।
(ਤੇਈਵੇਂ ਚਰਿਤ੍ਰ ਦੇ ਉਪਰਲੇ ਤੀਸਰੇ ਅਤੇ ਚੌਥੇ ਬੰਦ ਵਿੱਚ ਤਾਂ ‘ਗੁਰ’ ਅਤੇ ‘ਸਿਖ੍‍ਯ’ ਸ਼ਬਦ ਦੀ ਸਿੱਧੀ ਵਰਤੋਂ ਕੀਤੀ ਗਈ ਹੈ। ਇਸ ਤਰ੍ਹਾਂ ਇਹ ਸਪੱਸ਼ਟ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਕਹਾਣੀ ਦੇ ਨਾਇਕ ਗੁਰੂ ਗੋਬਿੰਦ ਸਿੰਘ ਸਾਹਿਬ ਹਨ।)

ਆਓ ! ਹੁਣ ਇਸ ਕਹਾਣੀ ਦੇ ਦੂਸਰੇ ਪੱਖ ਨੂੰ ਵਿਚਾਰੀਏ:

‘ਸਿਖ੍‍ਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ। ਕਹੈ ਤੁਮੈ ਸੋ ਕੀਜਿਯਹੁ ਜੁ ਕਛੁ ਤੁਹਾਰੇ ਸਾਥ। 9।
ਅਰਥ: ਆਪ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ। ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ।9।

‘ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ। ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ। 14।
ਅਰਥ: ਰਾਜੇ ਨੇ ਉਸ ਥਾਂ ਤੇ ਬੈਠ ਕੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਤਾਂ ਮੰਤਰ ਲੈਣ ਆਇਆ ਸੀ ਪਰ ਇਥੇ ਤਾਂ ਹੋਰ ਦੀ ਹੋਰ ਹੀ ਗੱਲ ਬਣ ਗਈ ਹੈ।14।
(ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਕਿਸੇ ਮੰਤ੍ਰ ਦੀ ਭਾਲ ਵਿੱਚ ਸਨ। ਹੁਣ ਆਪ ਹੀ ਸੋਚ ਲਓ ਕਿ ਕੀ ਸਤਿਗਰੁ ਨੇ ਪੰਥ ਕਿਸੇ ਮੰਤ੍ਰ ਦੇ ਸਹਾਰੇ ਚਲਾਇਆ ਹੈ ਜਾਂ ਚਲਾ ਰਹੇ ਸਨ?)

‘ਚਲਿਯੋ ਧਾਰਿ ਆਤੀਤ ਕੋ ਭੇਸ ਰਾਈ। ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ।
ਚਲਿਯੌ ਸੋਤ ਤਾਕੇ ਫਿਰਿਯੋ ਨਾਹਿ ਫੇਰੇ। ਧਸ੍‍ਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ। 10।
ਅਰਥ: ਉਹ ਰਾਜਾ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ। ਉਹ ਸੌਣ ਵੇਲੇ ਚਲ ਪਿਆ ਅਤੇ ਫਿਰ ਵਾਪਸ ਨਾ ਮੁੜਿਆ; ਸਿਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ।10।

‘ਰਾਇ ਡਰਿਯੋ ਜਉ ਦੈ ਮੁਝੈ ਸ੍ਰੀ ਭਗਵਤ ਕੀ ਆਨ। ਸੰਕ ਤਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ। 34।’
ਅਰਥ: ਰਾਜਾ ਇਸ ਗੱਲੋਂ ਡਰ ਗਿਆ ਕਿ ਜੇ ਮੈਨੂੰ ਇਹ ਸ੍ਰੀ ਭਗਵਤੀ ਦੀ ਸੌਂਹ ਆਣ ਦੇਵੇ ਤਾਂ ਮਜਬੂਰੀ ਵਸ ਸੰਗ ਤਿਆਗ ਕੇ ਇਸ ਨਾਲ ਰਮਣ ਕਰ ਕੇ ਨਰਕ ਵਿੱਚ ਜਾਣਾ ਪਵੇਗਾ।
(ਪਿਆਰਿਓ ! ਇੱਥੇ ਵਿਚਾਰਨ ਵਾਲੀ ਗਲ ਇਹ ਹੈ ਕਿ ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਕਿਸੇ ਭਗੌਤੀ ਦੇਵੀ ਦੇ ਸ਼ਰਧਾਲੂ ਸਨ, ਉਸੇ ਦੀ ਪੂਜਾ ਕਰਦੇ, ਉਸੇ ਉਤੇ ਵਿਸ਼ਵਾਸ ਰਖਦੇ ਅਤੇ ਉਸ ਅਗੇ ਬੇਨਤੀ ਜਾਚਨਾ ਕਰਦੇ ਸਨ। ਕੀ ਦਸਵੇਂ ਨਾਨਕ ਜੋ ਸਾਨੂੰ ਉਪਦੇਸ਼ ਅਤੇ ਆਦੇਸ਼ ਕਰ ਕੇ ਗਏ ਹਨ, “ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ” ਆਪ ਕਿਸੇ ਭਗੌਤੀ ਦੇਵੀ ਦੇ ਪੂਜਕ ਹੋ ਸਕਦੇ ਹਨ?)

‘ਦਿਜਨ ਦੀਜਿਯਹੁ ਦਾਨ ਦ੍ਰਜਨ ਕਹ ਦ੍ਰਿਸਟਿ ਦਿਖੈਯਹੁ। ਸੁਖੀ ਰਖਿਯਹੁ ਸਾਥ ਸਤ੍ਰ ਸਿਰ ਖੜਗ ਬਜੈਯਹੁ।..58।
ਅਰਥ: ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ। ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਤੇ ਸਦਾ ਤਲਵਾਰ ਵਜਾਉਂਦੇ ਰਹੋ।
(ਹੁਣ, ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਨਾਲ ਸੰਬੰਧਤ ਹੈ ਤਾਂ ਉਪਰਲੀ ਪੰਕਤੀ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਬ੍ਰਾਮਹਣਾਂ ਦਾ ਵਿਸ਼ੇਸ਼ ਸਤਿਕਾਰ ਕਰਦੇ ਸਨ, ਉਨ੍ਹਾਂ ਨੂੰ ਦਾਨ ਆਦਿ ਵੀ ਦੇਂਦੇ ਸਨ ਅਤੇ ਮਨ ਵਿੱਚ ਆਪਣੇ ਪਰਾਏ ਦਾ ਵਿਤਕਰਾ ਵੀ ਕਰਦੇ ਸਨ।)

‘ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ। ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਨੀ ਡਾਰਿ। 1।’
ਅਰਥ: ਚੋਰ ਚੋਰ ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਪਾਮਰੀ ਛਡ ਕੇ ਮਨ ਵਿੱਚ ਡਰਦਾ ਹੋਇਆ ਭਜ ਗਿਆ।1।

‘ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ। ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ। 2।’
ਅਰਥ: ਚੋਰ ਚੋਰ ਦੀ ਅਵਾਜ਼ ਸੁਣ ਕੇ ਸਾਰੇ ਸੇਵਕ ਜਾਗ ਪਏ ਅਤੇ ਉਨ੍ਹਾਂ ਨੂੰ ਭਜਣ ਨ ਦਿੱਤਾ ਅਤੇ ਪੰਜ ਸਤ ਕਦਮਾਂ ਉਤੇ ਜਲਦੀ ਹੀ ਆ ਮਿਲੇ।2।

‘ਚੋਰ ਬਚਨ ਸਭ ਹੀ ਸੁਨਿ ਧਾਏ। ਕਾਢੇ ਖੜਗ ਰਾਇ ਪ੍ਰਤਿ ਆਏ।
ਕੂਕਿ ਕਹੈ ਤੁਹਿ ਜਾਨ ਨ ਦੈਹੈ। ਤੁਹਿ ਤਸਕਰ ਜਮਧਾਮ ਪਠੈ ਹੈ। 3।’
ਅਰਥ: ਚੋਰ ਚੋਰ ਦੇ ਬੋਲ ਸੁਣ ਕੇ ਸਾਰੇ ਹੀ ਭਜ ਪਏ ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤੀ ਵਧੇ। ਲਲਕਾਰ ਕੇ ਕਹਿਣ ਲਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ ਅਤੇ ਹੇ ਚੋਰ ! ਤੈਨੂੰ ਯਮਲੋਕ ਭੇਜਾਂਗੇ।3।
(ਪਿਆਰਿਓ ! ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਤਿੰਨ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਬੁਜ਼ਦਿਲਾਂ ਵਾਂਗੂੰ ਅਪਣੀ ਜੁੱਤੀ ਅਤੇ ਪਾਮਰੀ ਛੱਡ ਕੇ ਭਜ ਪਏ ਅਤੇ ਉਸ ਆਚਰਣਹੀਨ ਔਰਤ ਦੇ ਸੇਵਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਘੋਰ ਬੇਅਦਬੀ ਕੀਤੀ।)

‘ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ। ਚੋਰ ਚੋਰ ਕਰਿ ਤਿਹ ਗਹਿਯੋ ਦਵੈਕ ਮੁਤਹਰੀ ਝਾਰਿ।5।
ਅਰਥ: ਉਸ (ਇਸਤਰੀ ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ। ਚੋਰ ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ। 5।

‘ਇਹ ਛਲ ਖੇਲਿ ਰਾਇ ਭਜ ਅਯੋ। ਬੰਦਸਾਲ ਤ੍ਰਿਯ ਭ੍ਰਾਤ ਪਠਾਯੋ।
ਸਿਖਯਨ ਭੇਦ ਅਭੇਦ ਨ ਪਾਯੋ। ਵਾਹੀ ਕੌ ਤਸਕਰ ਠਹਰਾਯੋ। 9।1।
ਅਰਥ: ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ ਉਥੋਂ ਭਜ ਆਇਆ। ਬੰਦੀਖਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। ਕੋਈ ਵੀ ਸੇਵਕ ਭੇਦ ਨੂੰ ਨ ਸਮਝ ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ।9।
(ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਨਾਲ ਸੰਬੰਧਤ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਆਪਣੀ ਜਾਨ ਬਚਾਉਣ ਲਈ ਕਿਸੇ ਨਿਰਦੋਸ਼ ਵਿਅਕਤੀ ਨਾਲ ਵਧੀਕੀ ਵੀ ਕਰ ਸਕਦੇ ਸਨ ਅਤੇ ਛਲ ਕਪਟ ਵੀ ਕਰਦੇ ਸਨ।)

‘ਰਾਇ ਸਭਾ ਮਹਿ ਬਚਨ ਉਚਾਰੇ। ਪਨੀ ਪਾਮਰੀ ਹਰੇ ਹਮਾਰੇ।
ਤਾਹਿ ਸਿਖ੍‍ਯ ਜੋ ਹਮੈ ਬਤਾਵੈ। ਤਾ ਤੇ ਕਾਲ ਨਿਕਟ ਨਹਿ ਆਵੈ। 3।
ਅਰਥ: (ਇਧਰ) ਸਭਾ ਵਿੱਚਰਾਜੇ ਨੇ ਬੋਲ ਕਹੇ ਕਿ (ਕਿਸੇ ਨੇ) ਸਾਡੀ ਜੁੱਤੀ ਅਤੇ ਪਾਮਰੀ ਚੁਰਾ ਲਈ ਹੈ। ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਤਾਂ ਉਸ ਦੇ ਨੇੜੇ ਕਾਲ ਨਹੀਂ ਆਵੇਗਾ।

‘ਪ੍ਰਾਤ ਭਯੋ ਤ੍ਰਿਯ ਬਹੁਰਿ ਬੁਲਾਈ। ਸਕਲ ਕਲਾ ਕਹਿ ਤਾਹਿ ਸੁਨਾਈ।
ਤੁਮ ਕੁਪਿ ਹਮ ਪਰ ਚਰਿਤ ਬਨਾਯੋ। ਹਮਹੂੰ ਤੁਮ ਕਹ ਚਰਿਤ ਦਿਖਾਯੋ। 10।
ਅਰਥ: ਸਵੇਰ ਹੋਣ ਤੇ ਉਸ ਇਸਤਰੀ ਨੂੰ ਫਿਰ ਬੁਲਾੲਆ ਗਿਆ ਅਤੇ ਉਸ ਨੂੰ ਸਾਰੀ ਗੱਲ ਕਹਿ ਦਿੱਤੀ ਗਈ। ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾਇਆ ਸੀ।10।
(ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਝੂਠ ਵੀ ਬੋਲਦੇ ਸਨ ਅਤੇ ਪਾਖੰਡ ਵੀ ਕਰਦੇ ਸਨ।)

ਕਹਾਣੀ ਦਾ ਹੇਠਲਾ ਆਖਰੀ ਬੰਦ ਤਾਂ ਬਿਲਕੁਲ ਹੀ ਹੈਰਾਨ ਕਰਨ ਵਾਲਾ ਹੈ। ਜਦ ਕਹਾਣੀ ਦੇ ਨਾਇਕ ਨੇ ਕੋਈ ਕਸੂਰ ਕੀਤਾ ਹੀ ਨਹੀਂ ਤਾਂ ਉਹ ਮੁਆਫੀ ਕਿਸ ਗੱਲ ਦੀ ਮੰਗ ਰਿਹਾ ਹੈ? ਫਿਰ ਇਤਨਾ ਹੀ ਨਹੀਂ, ਪਤਾ ਨਹੀਂ ਉਹ ਕਿਸ ਭੇਦ ਨੂੰ ਛੁਪਾਉਣਾ ਚਾਹੁੰਦਾ ਸੀ ਅਤੇ ਉਸ ਦੀ ਮਨ ਵਿੱਚ ਕਿਸ ਚੀਜ਼ ਦੀ ਗਲਾਨੀ ਸੀ ਕਿ ਉਸ ਨੇ ਉਸ ਇਸਤਰੀ ਦੀ ਵੀਹ ਹਜ਼ਾਰ ਟਕੇ ਦੀ ਛਿਮਾਹੀਂ ਬੰਨ੍ਹ ਦਿੱਤੀ। ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਉਸ ਗਰੀਬ ਦੀ ਮਾਲੀ ਮਦਦ ਕੀਤੀ ਕਿਉਂਕਿ ਸ਼ੁਰੂ ਵਿੱਚ ਹੀ ਕਿਹਾ ਗਿਆ ਹੈ ਕਿ ਉਹ ਇਸਤਰੀ ਇਕ ਅਮੀਰ ਆਦਮੀ ਦੀ ਪਤਨੀ ਸੀ।
‘ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ। 12।
ਅਰਥ: ਹੇ ਇਸਤ੍ਰੀ ! ਹੁਣ ਸਾਨੂੰ ਮਾਫ ਕਰ, ਮੈ ਫਿਰ ਅਪਰਾਧ ਨਹੀਂ ਕਰਦਾ। ਉਸ ਇਸਤਰੀ ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ।

ਇਸ ਤੋਂ ਇਲਾਵਾ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋਪਾਖ੍ਯਾਨ (ਤ੍ਰਿਆ ਚਰਿਤ੍ਰ) ਦੇ ਲੇਖਕ ਨੇ ਜਿਥੇ ਸਾਰੀਆਂ ਕਹਾਣੀਆਂ ਵਿੱਚ ਇਸਤ੍ਰੀ ਜਾਤੀ ਦਾ ਘੋਰ ਅਪਮਾਨ ਕੀਤਾ ਹੈ, ਇਸ ਕਹਾਣੀ ਵਿੱਚ ਵੀ ਉਸ ਨੂੰ ਚਰਿਤ੍ਰਹੀਨ ਅਤੇ ਕਾਮ ਸੰਤੁਸ਼ਟੀ ਵਾਸਤੇ ਲਿਲਕੜੀਆਂ ਕਢਦੀ ਹੋਈ ਵਿਖਾ ਕੇ, ਉਸ ਨੂੰ ਅਤਿ ਅਪਮਾਨਤ ਕੀਤਾ ਹੈ, ਹੇਠ ਲਿਖੀਆਂ ਪੰਕਤੀਆਂ ਨਾਲ ਪੂਰੀ ਇਸਤ੍ਰੀ ਜਾਤੀ ਦੇ ਉਤੇ ਭਾਰੀ ਕਲੰਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ:

‘ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ। ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ।
ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ। ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ। 39।
ਅਰਥ: ਇਸਤਰੀ ਨਾਲ ਪ੍ਰੇਮ ਕਰਨ ਦੀ ਕੀ ਗੱਲ ਹੈ ਕਿਉਂਕਿ ਇਹ ਕਦੇ ਵੀ ਪ੍ਰੇਮ ਨੂੰ ਓੜਕ ਤਕ ਨਹੀਂ ਨਿਭਾਉਂਦੀ। ਇਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ। ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ ਉਹ ਉਸ ਅਗੇ ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦੇਂਦੀ ਹੈ।39।

ਪਾਠਕ ਜੀ ! ਆਪ ਹੀ ਸੋਚ ਲਓ ਕਿ ਕੀ ਦਸਵੇਂ ਨਾਨਕ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੇ ਅਲੌਕਿਕ ਗੁਰਮਤਿ ਸਿਧਾਂਤ ਦੇ ਉਲਟ ਐਸਾ ਲਿਖ ਸਕਦੇ ਹਨ?

ਇਸ ਨੂੰ ਕਹਿੰਦੇ ਹਨ, ਸ਼ਰਾਰਤ ਭਰਪੂਰ ਚਤੁਰਾਈ। ਕਹਾਣੀ ਦੇ ਲੇਖਕ ਨੇ ਕੁਝ ਬੰਦ ਉੱਚੇ ਚਰਿਤ੍ਰ ਦੇ ਲਿਖ ਕੇ ਨਾਲ ਐਸੀਆਂ ਗੱਲਾਂ ਜੋੜ ਦਿੱਤੀਆਂ ਹਨ ਕਿ ਜੇ ਇਸ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਨਾਲ ਸੰਬੰਧਤ ਮੰਨ ਲਈਏ ਤਾਂ ਸਾਰੇ ਸਿੱਖ ਸਿਧਾਂਤ ਖੇਰੂ-ਖੇਰੂ ਹੋ ਜਾਣਗੇ ਅਤੇ ਸਤਿਗੁਰੂ ਦੀ ਉੱਚੀ ਸੁੱਚੀ ਅਗੰਮੀ ਸ਼ਖਸੀਅਤ ਉਤੇ ਕਈ ਸ਼ੰਕੇ ਖੜੇ ਹੋ ਜਾਣਗੇ। ਸ਼ਾਇਦ ਇਸੇ ਕਰ ਕੇ ਬਚਿਤ੍ਰ ਨਾਟਕ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਕ੍ਰਿਤ ਮੰਨਣ ਵਾਲੇ ਵੀ, ਅਜ ਤੱਕ ਇਸ ਕਹਾਣੀ ਬਾਰੇ ਵੰਡੇ ਹੋਏ ਹਨ ਕਿ ਇਹ ਕਹਾਣੀ ਸਤਿਗਰੂ ਦੇ ਨਿਜੀ ਜੀਵਨ ਨਾਲ ਸੰਬੰਧਤ ਕਹੀ ਜਾ ਸਕਦੀ ਹੈ ਕਿ ਨਹੀਂ?

ਚਲਦਾ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top