Share on Facebook

Main News Page

‘ਕਬਿਯੋ ਬਾਚ ਬੇਨਤੀ ਚੌਪਈ’ ਸ਼ਬਦ ਗੁਰੂ ਦੀ ਚੋਟ ਅੱਗੇ ਨਹੀਂ ਟਿਕਦੀ ! ਭਾਗ - ਦੂਜਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1};

6. ਦੂਲਹ ਦੇਈ ਵਰਨ ਲਈ ਕੌਣ ਲੜਦਾ ਹੈ? ਅਕਾਲਪੁਰਖ ਕਿ ਮਹਾਂਕਾਲ਼ ਦੇਵਤਾ?
ਮਹਾਂਕਾਲ਼ ਲੜਦਾ ਹੈ:
ਤਾਂ ਹੀ ਤੇ ਦਾਨਵ ਬਹੁ ਭਏ। ਸਨਮੁਖ ਮਹਾਕਾਲ਼ ਕੇ ਧਏ। 303
ਮਹਾਕਾਲ਼ ਤਬ ਗੁਰਜ ਸੰਭਾਰੀ। ਬਹੁਤਨ ਕੀ ਮੇਧਾ ਕਢਿ ਡਾਰੀ।304।
ਮਹਾਕਾਲ਼ ਕਹਿ ਲਗਤ ਨ ਭਏ। ਤਾ ਮਹਿ ਸਭੈ (ਤੀਰ) ਲੀਨ ਹ੍ਵੈ ਗਏ।309।
ਮਹਾਕਾਲ਼ ਕੁਪਿ ਸ਼ਸਤ੍ਰ ਪ੍ਰਹਾਰੇ। ਸਾਧ ਉਬਾਰਿ ਦੁਸਟ ਸਬ ਮਾਰੇ।321।

ਨੋਟ: ਸੰਤਾਂ (ਦੇਵਤਿਆਂ) ਨੂੰ ਉਬਾਰਨ ਅਤੇ ਦੁਸ਼ਟਾਂ (ਦੈਂਤਾਂ) ਨੂੰ ਮਾਰਨ ਵਾਲ਼ੇ ਦੁਰਗਾ ਅਤੇ ਮਹਾਂਕਾਲ਼ ਹੀ ਹਨ, ਅਕਾਲਪੁਰਖ ਨਹੀਂ।

7. ਮਹਾਂਕਾਲ਼ ਦੇ ਭਿਆਨਕ ਡਰਾਉਣੇ ਦੰਦ ਹਨ:
ਇਹ ਬਿਧਿ ਅਮਿਤ ਕੋਪ ਕਰਿ ਕਾਲਾ। ਕਾਢਤ ਭਯੋ ਦਾਂਤ ਬਿਕਰਾਲਾ।362।

ਨੋਟ: ਦਸ਼ਮ ਗ੍ਰੰਥੀਆਂ ਨੇ ਆਪਣਾ ਪਿਉ ਇਹੀ ਮਹਾਂਕਾਲ਼ ਮੰਨ ਲਿਆ ਹੈ ਅਤੇ ਅਕਾਲਪੁਰਖ ਨੂੰ ਪਾਸੇ ਕਰ ਦਿੱਤਾ ਹੈ। ਉਨ੍ਹਾਂ ਦੀ ਮਾਤਾ ਦੇਬਿ ਕਾਲਕਾ ਬਣ ਗਈ ਹੈ। ਸਿੱਖਾਂ ਦਾ ਮਾਤਾ ਪਿਤਾ ਅਕਾਲਪੁਰਖ ਹੈ ਅਤੇ ਸਦਾ ਲਈ ਅਕਾਲਪੁਰਖ ਹੀ ਰਹੇਗਾ।

8. ਮਹਾਂਕਾਲ਼ ਦੀ ਸਿਫ਼ਤਿ ਕਵੀ ਨੇ ਇਉਂ ਕੀਤੀ ਹੈ :
ਜੇ ਪੂਜਾ ਅਸਿਕੇਤ ਕੀ ਨਿਤਪ੍ਰਤੀ ਕਰੇਂ ਬਨਾਇ। ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ।367।

9. ਮਹਾਂਕਾਲ਼ ਨੂੰ ਮਹਾਂਰਾਜ ਕਿਹਾ :
ਏਕ ਪਾਵ ਤਜਿ ਜੁੱਧ ਨ ਭਾਜਾ। ਮਹਾਰਾਜ ਦੈਤਨ ਕਾ ਰਾਜਾ।370।

10. ਕਵੀ ਦਾ ਮਹਾਕਾਲ਼ ਜਗਤ ਦਾ ਨਾਥ ਹੈ, ਪਰ ਇਹ ਗੁਰਮਤਿ ਨਹੀਂ।
ਬਹਰਿ ਅਸੁਰ ਕਾ ਕਾਟਸਿ ਮਾਥਾ। ਸ੍ਰੀ ਅਸਿਕੇਤਿ ਜਗਤ ਕੇ ਨਾਥਾ।374।
ਭਾਵ- ਦੂਲਹ ਦੇਈ ਲਈ ਲ਼ੜਦੇ ਅਸਿਕੇਤ/ਅਸਿਧੁਜ/ਖੜਗਾਧੁਜ/ਮਹਾਂਕਾਲ਼ /ਕਾਲ਼/ਜਗਤ ਨਾਥ ਨੇ ਸ੍ਵਾਸਬੀਰਜ ਦੈਂਤ ਦਾ ਮੱਥਾ ਕੱਟ ਦਿੱਤਾ।

11. ਕਵੀ ਦਾ ਮਹਾਂਕਾਲ਼ ਦੇਵਤਾ ਹੀ ਜਗਤ ਦਾ ਈਸ਼ ਹੈ ਪਰ ਇਹ ਗੁਰਮਤਿ ਨਹੀਂ:
ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ।375।
ਭਾਵ- ਕਵੀ ਦੇ ਇਸ਼ਟ ਮਹਾਂਕਾਲ਼ ਦੇਵਤੇ/ਜਗਤ ਈਸ਼ ਨੇ ਦੂਲਹ ਦੇਈ ਖ਼ਾਤਰ ਲੜਦਿਆਂ ਸ੍ਵਾਸਬੀਰਜ ਦੈਂਤ ਦਾ ਸਿਰ ਕੱਟ ਦਿੱਤਾ।

ਨੋਟ: ਭਰਮ ਅਤੇ ਅਗਿਆਨਤਾ ਕਾਰਣ, ਬ੍ਰਾਹਮਣਵਾਦੀ ਚਾਲ਼ ਹੇਠ ਸਿੱਖੀ ਵਿਚਾਰਧਾਰਾ ਤੋਂ ਕੋਰੇ ਇਸ ਬੰਦ ਨੂੰ ਸ਼ਾਮ ਦੇ ਨਿੱਤ-ਨੇਮ ਵਿੱਚ ਚੌਪਈ ਰਾਹੀਂ ਪੜ੍ਹ ਰਹੇ ਹਨ। ਉਹ ਭਰਮ ਇਹ ਪਾਲ਼ ਰਹੇ ਹਨ ਕਿ ਅਕਾਲਪੁਰਖ ਨੇ ਦੈਂਤ ਦਾ ਸਿਰ ਕੱਟ ਦਿੱਤਾ ਜਦੋਂ ਕਿ ਸਪੱਸ਼ਟ ਤੌਰ 'ਤੇ ਲੜਾਈ ਮਹਾਂਕਾਲ਼ ਦੇਵਤੇ ਅਤੇ ਦੈਂਤਾਂ ਦੀ ਹੈ। ਏਸੇ ਮਹਾਂਕਾਲ਼/ਅਸਿਧੁਜ/ਅਸਿਕੇਤ/ਖੜਗਾਧੁਜ/ਕਾਲ਼ ਦੇਵਤੇ ਦੇ ਜੁੱਧ ਜਿੱਤਣ ਉਪਰੰਤ ਕਵੀ ਉਸ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦਾ ਹੈ। ਮਹਾਂ ਅਗਿਆਨੀ ਰਾਗੀ ਸੱਜਣ ਮਹਾਂਕਾਲ਼ ਦੀ ਕੀਤੀ ਇਸ ਸਿਫ਼ਤਿ ਨੂੰ ਬਿਨਾਂ ਸੋਚੇ ਸਮਝੇ, ਅਰਥ ਵਿਚਾਰੇ, ਆਪ ਇਹ ਸਾਰੀ ਰਚਨਾਂ ਪੜ੍ਹੇ ਬਿਨਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਨੂੰ ਪੜ੍ਹ ਕੇ ਗੁਰੂ, ਸੰਗਤਾਂ ਅਤੇ ਆਪਣੀ ਆਪ ਕੀਤੀ ਨਿਰਾਦਰੀ ਦੇ ਭਾਗੀ ਬਣ ਰਹੇ ਹਨ। ਮਹਾਂ ਨਿਰਾਦਰੀ ਵਾਲ਼ਾ ਇਹ ਬੰਦ ਨੰਬਰ 376 ਹੈ ਜੋ ਪਹਿਲਾਂ ਲਿਖਿਆ ਜਾ ਚੁੱਕਾ ਹੈ। ਦਰਬਾਰ(ਸਾਹਿਬ) ਸ਼੍ਰੀ ਅੰਮ੍ਰਿਤਸਰ ਵਿੱਚ ਭਾਈ ਬਖ਼ਸ਼ੀਸ਼ ਸਿੰਘ (ਚਲਾਣਾ ਕਰ ਚੁੱਕੇ) ਰਾਗੀ ਦੀ ਗਾਇਨ ਸ਼ੈਲੀ ਵਿੱਚ ਕੀਰਤਨ ਕਰਨ ਵਾਲ਼ੇ ਸੱਜਣ ਇਹ ਬੰਦ ਬਹੁਤ ਵਾਰੀ ਗਾਉਂਦੇ ਦੇਖੇ ਗਏ ਹਨ। ਇਹ ਸੱਜਣ ਆਪਣੇ ਗੁਰ-ਸ਼ਬਦ-ਗਿਆਨ ਦਾ ਦਿਵਾਲ਼ਾ ਹੀ ਕੱਢ ਰਹੇ ਹੁੰਦੇ ਹਨ। ਐਨੇ ਵਧੀਆ ਸਥਾਨ ਉੱਪਰ ਬੈਠ ਕੇ ਐਨੀ ਘਟੀਆ ਰਚਨਾ ਸੱਚੇ ਸ਼ਬਦ-ਗੁਰੂ ਦੇ ਸਾਮ੍ਹਣੇ ਪੜ੍ਹਦਿਆਂ ਇਨ੍ਹਾਂ ਨੂੰ ਜ਼ਰਾ ਵੀ ਗੁਰੂ ਦਾ ਭੈ ਨਹੀਂ ਆ ਰਿਹਾ।ਸ਼ਾਇਦ ਇਹ ਨਹੀਂ ਸਮਝ ਰਹੇ ਕਿ ਗੁਰੂ ਇਨ੍ਹਾਂ ਦੀ ਕੀਤੀ ਕੀਰਤਨ ਦੀ ਕਮਾਈ ਦੀ ਚਾਲ ਨੂੰ ਨਾਲ਼ੋ-ਨਾਲ਼ ਹੀ ਪੁੱਠੇ ਗੇੜੇ ਦੇਈ ਜਾ ਰਿਹਾ ਹੈ।

12. ਏਥੋਂ ਸ਼ੁਰੂ ਹੰਦੀ ਹੈ ਕਬਿਯੋ ਬਾਚ ਬੇਨਤੀ ॥ਚੌਪਈ॥:
ਇਹ ਬ੍ਰਾਹਮਣਵਾਦੀ ਰਚਨਾ ਬੰਦ ਨੰਬਰ 377 ਤੋਂ ਸ਼ੁਰੂ ਹੁੰਦੀ ਹੈ। ਉਹ ਬ੍ਰਾਹਮਣਵਾਦੀ ਰਚਨਾ ਜਿਸ ਨੇ ਕਰੀਬ 70 ਸਾਲਾਂ (ਸੰਨ 1945 ਤੋਂ) ਤੋਂ ਸਿੱਖਾਂ ਨੂੰ ‘ਕਰਤਾ ਪੁਰਖ’ ਦੇ ਥਾਂ ਮਹਾਂਕਾਲ਼/ਅਸਿਕੇਤ/ਖੜਗਕੇਤ/ਖੜਗਾਧੁਜ/ਅਸਿਧੁਜ ਦੇਵਤੇ ਦੇ ਹਿੰਦੂ ਪੁਜਾਰੀ ਬਣਾਇਆ ਹੋਇਆ ਹੈ, ਕਿਉਂਕਿ ਇਹ ਕੱਚੀ ਬਾਣੀ ਸ਼੍ਰੋ. ਕਮੇਟੀ ਨੇ ਆਪਣੇ ਕੋਲੋਂ ਹੀ ਸ਼ਾਂਮ ਦਾ ਨਿੱਤ-ਨੇਮ ਬਣਾ ਕੇ ਉਸ ਵਿੱਚ ਘੁਸੇੜੀ ਹੋਈ ਹੈ। ਇਸ ਮਹਾਂਕਾਲ਼ ਦੇਵਤੇ ਦਾ ਮੰਦਰ ਉਜੈਨ ਵਿੱਚ ਹੈ। ਇਹ ਮਹਾਂਕਾਲ਼ ਦੇਵਤਾ ਸ਼ਿਵ ਜੀ ਦੇ ਹੀ 12 ਜੋਤ੍ਰਿਲਿੰਗਮਾਂ ਵਿੱਚੋਂ ਹੀ ਇੱਕ ਭਿਆਨਕ ਸ਼ਕਲ ਵਾਲ਼ਾ ਦੇਵਤਾ ਹੈ। ਉਜੈਨ ਵਿੱਚ ਸ਼੍ਰੀ ਮਹਾਕਾਲੇਸ਼ਵਰ (ਮਹਾਕਾਲ਼+ਈਸ਼ਵਰ) ਮੰਦਰ ਦਾ ਚਿੱਤਰ:

ਸ਼ਿਵ ਜੀ ਦੇ 12 ਜੋਤ੍ਰੀਲਿੰਗਮ ਵੀ ਦੇਖੋ ਜਿਨ੍ਹਾਂ ਵਿੱਚ ਮਹਾਕਾਲੇਸ਼ਵਰ ਵੀ ਹੈ :

Mahakaleshwar Jyotirlinga is one of the most famous Hindu temples dedicated to Lord Shiva and is one of the twelve Jyotirlingams, which are supposed to be the most sacred abodes of Lord Shiva.

ਚੌਪਈ ਦੇ ਸਿਰਲੇਖ ਨਾਲ਼ ਕਿਤੇ ਵੀ ੴ ਵਾਹਿਗੁਰੂ ਜੀ ਕੀ ਫ਼ਤਿਹ॥ ਨਹੀਂ ਲਿਖਿਆ ਹੋਇਆ ਜੋ ਧੱਕੇ ਨਾਲ਼ ਸਿੱਖਾਂ ਦੀਆਂ ਅੱਖਾਂ ਵਿੱਚ ਘੱਟੇ ਦੀਆਂ ਮੁੱਠਾਂ ਪਾਉਣ ਲਈ ਹੀ ਬ੍ਰਾਹਮਣਵਾਦ ਦੀ ਸ਼ਰਾਰਤ ਨਾਲ਼ ਸ਼੍ਰੋ. ਕਮੇਟੀ ਅਤੇ ਡੇਰੇਦਾਰਾਂ ਨੇ ਆਪਣੇ ਛਪਾਏ ਗੁਟਕਿਆਂ ਵਿੱਚ ਲਿਖਿਆ ਹੋਇਆ ਹੈ।

ਚੌਪਈ ਦੇ ਅਰਥ ਜਿਵੇਂ ਦਸ਼ਮ ਗ੍ਰੰਥ ਦੇ ਟੀਕਿਆਂ ਵਿੱਚ ਕੀਤੇ ਗਏ ਹਨ-

ਹੇ ਸ਼ਿਵ ਜੀ ਦੇ ਜੋਤ੍ਰੀਲਿੰਗਮ ਮਹਾਂਕਾਲ਼ ਜੀ! ਤੁਸੀਂ ਦੂਲਹ ਦੇਈ ਨਾਲ਼ ਵਿਆਹ ਕਰਾਉਣ ਲਈ ਭਿਅੰਕਰ ਯੁੱਧ ਮਚਾ ਕੇ ਲੱਖਾਂ ਦੈਂਤਾਂ ਨੂੰ ਮਾਰ ਕੇ ਸ੍ਵਾਸਬੀਰਜ ਦੈਂਤ ਦਾ ਸਿਰ ਕੱਟਿਆ। ਮੈਂ ਤੁਹਾਡੀ ਹੋਈ ਜਿੱਤ ਤੋਂ ਬੜਾ ਪ੍ਰਸੰਨ ਹਾਂ। ਹੁਣ ਤੁਸੀਂ ਮੇਰੀ ਵੀ ਬੇਨਤੀ ਸੁਣੋ ਜੀ-

ਨੋਟ: ਇਹ ਉੱਪਰ ਲਿਖਿਆ ਪੈਰ੍ਹਾ ਵਾਰ-ਵਾਰ ਨਹੀਂ ਲਿਖਿਆ ਜਾਵੇਗਾ। ਇਸ ਨੂੰ ਹਰ ਬੰਦ ਦੇ ਅਰਥ ਕਰਨ ਤੋਂ ਪਹਿਲਾਂ ਪੜ੍ਹਨਾ ਜ਼ਰੂਰੀ ਹੋਵੇਗਾ ਤਾਂ ਜੁ ਪਤਾ ਲੱਗ ਸਕੇ ਕਿ ਕਵੀ ਨੇ ਕਿੱਸ ਅੱਗੇ ਬੇਨਤੀ ਕੀਤੀ ਹੈ। ਅੱਗੇ ਬ੍ਰਾਹਮਣਵਾਦੀ ਹਿੰਦੂ ਗ੍ਰੰਥਾਂ ਦੀ ਲਿਖਣ ਸ਼ੈਲੀ ਵਿੱਚ ਲਿਖੀ ਇਸ ਚੌਪਈ ਦੀ ਅਰਥਾਂ ਸਮੇਤ ਵਿਚਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਸਵੱਟੀ ਮੰਨ ਨੇ, ਕਰਨ ਦਾ ਛੋਟਾ ਜਿਹਾ ਯਤਨ ਹੋਇਆ ਹੈ।

ਬੰਦ ਨੰਬਰ 377:
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥
੩੭੭॥

ਅਰਥ- ਦੂਲਹ ਦੇਈ ਵਾਂਗ ਤੁਸੀਂ ਮੇਰੀ ਵੀ ਰੱਖਿਆ ਕਰੋ। ਮੇਰੇ ਮਨ ਦੀ ਇੱਛਾ ਪੂਰੀ ਹੋਵੇ। ਮੇਰਾ ਮਨ , ਹੇ ਮਹਾਂਕਾਲ਼ ਜੀ! ਤੇਰੇ ਚਰਨਾ ਵਿੱਚ ਰਹੇ। ਮੈਨੂੰ ਆਪਣਾ ਪੁਜਾਰੀ ਸਮਝ ਕੇ ਮੇਰੀ ਪਾਲਣਾ ਕਰੋ।

ਬੰਦ ਨੰਬਰ 378: ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥੩੭੮॥
ਅਰਥ:- ਦੂਲਹ ਦੇਈ ਦੇ ਪਤੀ ਮਹਾਂਕਾਲ਼ ਜੀ! ਮੇਰੇ ਸਾਰੇ ਵੈਰੀਆਂ ਨੂੰ ਮਾਰ ਦਿਓ ਜਿਵੇਂ ਤੁਸੀਂ ਦੁਸ਼ਟ ਦੈਂਤਾਂ ਨੂੰ ਮਾਰਿਆ ਹੈ ਪਰ ਆਪਣਾ ਹੱਥ ਦੇ ਕੇ ਮੈਨੂੰ ਜ਼ਰੂਰ ਬਚਾ ਲਿਓ। ਮੇਰਾ ਪਰਿਵਾਰ ਅਤੇ ਮੇਰਾ ਸਾਥ ਦੇਣ ਵਾਲ਼ੇ ਸੁਖੀ ਰਹਿਣ।

ਬੰਦ ਨੰਬਰ 379:
ਮੋ ਰੱਛਾ ਨਿਜੁ ਕਰ ਦੈ ਕਰਿਯੈ ॥ ਸਭ ਬੈਰਿਨ ਕੌ ਆਜ ਸੰਘਰਿਯੈ ॥ ਪੂਰਨ ਹੋਇ ਹਮਾਰੀ ਆਸਾ ॥ ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥

ਅਰਥ:- ਹੇ ਦੂਲਹ ਦੇਈ ਦੇ ਖ਼ਸਮ ਮਹਾਂਕਾਲ਼ ਜੀ! ਮੇਰੀ ਰੱਖਿਆ ਆਪਣਾ ਹੱਥ ਦੇ ਕੇ ਕਰਨੀ। ਮੇਰੇ ਸਾਰੇ ਬੈਰੀਆਂ ਨੂੰ ਤੁਸੀਂ ਹੁਣੇ ਹੀ ਮਾਰ ਦਿਓ, ਮੈਨੂੰ ਉਨ੍ਹਾਂ ਕੋਲ਼ੋਂ ਬਹੁਤ ਡਰ ਲੱਗਦਾ ਹੈ। ਹੇ ਮਹਾਂਕਾਲ਼ ਜੀ! ਮੇਰੀ ਆਸ਼ਾ ਪੂਰੀ ਹੋਵੇ। ਤੇਰੇ ਗੁਣ ਗਾਉਣ ਦੀ ਪਿਆਸ ਰਹੇ।

ਨੋਟ: ਜਿਹੜੇ ਸੱਜਣ ਇਸ ਰਚਨਾ ਨੂੰ ਦਸਵੇਂ ਪਾਤਿਸ਼ਾਹ ਜੀ ਨਾਲ਼ ਜੋੜਦੇ ਹਨ ਉਹ ਦੱਸਣ ਕਿ ਇਸ ਬੇਨਤੀ ਨਾਲ਼ ਗੁਰੂ ਜੀ ਦੇ ਸਾਰੇ ਦੁਸ਼ਮਣ ਪਹਾੜੀ ਰਾਜੇ, ਮੁਗਲ ਸਰਦਾਰ ਵਜ਼ੀਰ ਖ਼ਾਂ ਵਰਗੇ, ਛੁਰਿਆਂ ਨਲ਼ ਵਾਰ ਕਰਨ ਵਾਲ਼ੇ ਸੱਭ ਮਰ ਗਏ ਸਨ? ਗੁਰੂ ਜੀ ਲਈ ਕੋਈ ਦੁਸਮਣ ਨਹੀਂ । ਗੁਰੂ ਜੀ ਨੂੰ ਕਿਸੇ ਦਾ ਕੋਈ ਡਰ ਨਹੀਂ। ਗੁਰੂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ। ਗੁਰੂ ਜੀ ਨੇ ਉਨ੍ਹਾਂ ਉੱਤੇ ਹਮਲਾ ਕਰਨ ਆਇਆਂ ਦੀ ਹੀ ਆਤਮ ਰੱਖਿਆਂ ਵਜੋਂ ਭੁਗਤ ਸਵਾਰੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਗੁਰੂ-ਕ੍ਰਿਤ ਕੋਈ ਗੁਰਬਾਣੀ ਨਹੀਂ ਹੈ, ਭਾਵੇਂ, ਨਾਨਕ ਨਾਂ ਜਾਂ ਪਾਤਿਸ਼ਾਹੀ ਦਸਵੀ ਸਿਰਲੇਖ ਹੇਠ ਕਿਉਂ ਨਾ ਹੋਵੇ।

ਗੁਰਬਾਣੀ ਦੇ ਇਹ ਵਾਕ ਕੀ ਕਹਿੰਦੇ ਹਨ ਜ਼ਰਾ ਸੋਚੋ-
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਨੇ ਸਾਜਨ॥ (ਗਗਸ 671/8)
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ॥ (ਗਗਸ 400/17)
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ (ਗਗਸ 671/7)
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਗਗਸ 1299/14)

ਬੰਦ ਨੰਬਰ 380:
ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥ ਜੋ ਬਰ ਚਹੋਂ ਸੁ ਤੁਮਤੇ ਪਾਊਂ ॥ ਸੇਵਕ ਸਿੱਖਯ ਹਮਾਰੇ ਤਾਰਿਯਹਿ ॥ ਚੁਨ ਚੁਨ ਸ਼ੱਤ੍ਰੁ ਹਮਾਰੇ ਮਾਰਿਯਹਿ ॥੩੮੦॥

ਅਰਥ:- ਦੂਲਹ ਦੇਈ ਦੇ ਪਤੀ ਮਹਾਂਕਾਲ਼ ਦੇਵਤਾ ਜੀ! ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਧਿਆਵਾਂਗਾ। ਮਨ ਚਾਹਿਆ ਬਰ ਮੈਂ ਤੇਰੇ ਕੋਲੋਂ ਲਵਾਂਗਾ। ਮੇਰੇ ਸਾਥੀਆਂ ਨੂੰ ਬਚਾਅ ਕੇ ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ। ਨੋਟ: ਕਵੀ ਏਨਾਂ ਡਰਪੋਕ ਹੈ ਕਿ ਵਾਰ ਵਾਰ ਵੈਰੀਆਂ ਨੂੰ ਚੁਣ ਚੁਣ ਕੇ ਮਾਰਨ ਲਈ ਤਰਲੇ ਕਰਦਾ ਹੈ। ਕਵੀ ਲਈ ਦੁਰਗਾ/ਮਹਾਂਕਾਲ਼ ਬਰ-ਦਾਤਾ ਹਨ। ਦੇਹ ਸ਼ਿਵਾ ਬਰ ਮੋਹਿ ਵਾਲ਼ਾ ਬੰਦ ਵੀ ਇਹੋ ਬਿਆਨ ਕਰਦਾ ਹੈ ਜਿਸ ਵਿੱਚ ਕਵੀ ਨੇ ਸ਼ਿਵਾ ਪਾਰਬਤੀ ਕੋਲ਼ੋਂ ਬਰ ਮੰਗਿਆ ਹੈ।

ਬੰਦ ਨੰਬਰ 381:
 ਆਪੁ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਤ੍ਰਾਸ ਨਿਵਰਿਯੈ ॥ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੩੮੧॥

ਅਰਥ:- ਕਵੀ ਕਹਿੰਦਾ ਹੈ ਕਿ ਦੇਵਤਾ ਅਸਿਧੁਜ/ਮਹਾਂਕਾਲ਼ ਜੀ! ਮੈਨੂੰ ਆਪ ਬਚਾਅ ਲਓ। ਮੇਰਾ ਮੌਤ ਦਾ ਡਰ ਦੂਰ ਕਰੋ। ਸਦਾ ਹੀ ਮੇਰਾ ਪੱਖ ਕਰੋ। ਮੇਰੀ ਰੱਖਿਆ ਕਰੋ, ਮੈਨੂੰ ਦੁਸ਼ਟਾਂ ਤੋਂ ਬੜਾ ਡਰ ਲੱਗਦਾ ਹੈ।

ਨੋਟ: ਇਸ ਰਚਨਾ ਦੇ ਅਰਥਾਂ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜਨ ਵਾਲ਼ੇ ਪ੍ਰਚਾਰਕ ਜ਼ਰਾ ਸੋਚਣ ਕਿ ਗੁਰੂ ਜੀ ਨੂੰ ਕਦੇ ਮੌਤ ਦਾ ਡਰ (ਤ੍ਰਾਸ) ਵੀ ਲੱਗਦਾ ਹੈ? ਗੁਰੂ ਦੇ ਸਿੱਖ ਵੀ ਮੌਤ ਨੂੰ ਅੱਗੇ ਲਾ ਕੇ ਤੁਰਦੇ ਰਹੇ ਤਾਂ ਗੁਰੂ ਨੂੰ ਕਿਵੇਂ ਮੌਤ ਦਾ ਡਰ ਸਤਾਏਗਾ? ਪੰਜਵੇਂ ਗੁਰੂ ਜੀ ਨੂੰ ਮੌਤ ਲਈ ਦਿੱਤੇ ਤਸੀਹੇ ਕੀ ਗੁਰੂ ਜੀ ਨੂੰ ਡੁਲਾਅ ਸਕੇ? ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਮੌਤ ਨੂੰ ਵੀ ਜਿੱਤ ਗਏ ਸਨ। ਸ਼ਹੀਦੀ ਦੀਆਂ ਅਨੇਕਾਂ ਉਦਾਹਰਣਾ ਸਿੱਖ ਇਤਿਹਾਸ ਵਿੱਚ ਮੌਜੂਦ ਹਨ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top