Share on Facebook

Main News Page

🎲 ਕੁਰਸੀ ਦੇ ਚੋਗੇ ਨਾਲ ਸਰਨਾ ਪ੍ਰਵਾਰ ਨੂੰ ਗੁਰਮਤਿ ਸਿਧਾਂਤ ਪਖੋਂ ਬਾਦਲ ਗਰੁਪ ਨਾਲੋਂ ਘਟੀਆ ਸਾਬਤ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥

੧੯੮੪ ਵਿੱਚ ਦਰਬਾਰ ਸਾਹਿਬ 'ਤੇ ਬਲਿਯੂ ਸਟਾਰ ਹਮਲਾ ਕਰਨ ਵਾਲਿਆਂ ਨੇ ਆਪਣੇ ਪਾਪ ਨੂੰ ਸਾਹੀ ਸਾਬਤ ਕਰਣ ਲਈ ਕੁਰਸੀ ਬਰਨਾਲੇ ਨੂੰ ਦਿੱਤੀ ਅਤੇ ਉਸ ਕੋਲੋਂ ਬਲੈਕ ਥੰਡਰ ਹਮਲਾ ਕਰਾਇਆ ਸੀ।

ਅੱਜ ਮੈਨੂੰ ਦੁੱਖ ਹੈ ਕਦੀ ਮੇਰੇ ਮਿਤਰਾਂ ਦੇ ਕਾਫਲੇ ਵਿੱਚ ਰਹਿਣ ਵਾਲੇ ਹਰ ਔਕੜ ਭਰੇ ਮੋੜ 'ਤੇ ਸਲਾਹ ਕਰ ਲੈਣ ਵਾਲੇ ਸੱਜਣ ਨੂੰ ਦੁਸ਼ਮਣ ਸੋਚ ਵਲੋਂ ਐਸੇ ਭਿਆਨਕ ਜਾਲ ਵਿੱਚ ਫਸਾ ਲਿਆ ਗਿਆ ਹੈ ਕਿ ਹੁਣ ਉਹਨਾਂ ਦੀ ਵੱਖਰੀ ਹੋਂਦ ਨਹੀਂ ਬਚ ਸਕੇਗੀ। ਦਿੱਲੀ ਗੁਰਦੁਆਰਾ ਪ੍ਰਬੰਧ ਆਰ.ਐਸ.ਐਸ. ਦੇ ਭਾਈਵਾਲ ਬਾਦਲ ਗੁਰਪ ਦੇ ਹੱਥ ਆਇਆ, ਗੁਰੂ ਘਰ ਵਿੱਚ ਡੇਰਾਵਾਦ, ਨਿਹੰਗ ਵਾਦ ਵਾਂਗੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਚੰਡੀ ਦੇਵੀ {ਦੁਰਗਾ} ਦੀ ਵਾਰ ਦੀਆਂ ਕਥਾ ਨਵਰਾਤਰੇ ਆਦਿ ਮਨਾਏ ਜਾਂਦੇ ਰਹੇ, ਦਿਨ ਰਾਤ ਬਚਿੱਤਰ ਨਾਟਕ ਦਾ ਪਰਚਾਰ ਹੋਇਆ। ਗੁਰਬਾਣੀ ਸਿਧਾਂਤ ਦੇ ਪ੍ਰਚਾਰਕਾਂ ਲਈ ਇਹ ਸਟੇਜ ਬੰਦ ਕਰ ਦਿਤੀ ਗਈ, ਹਰ ਗੁਰਸਿੱਖ ਦੇ ਅੰਦਰ ਦੀ ਆਵਾਜ਼ ਇਹ ਕਹਿ ਰਹੀ ਸੀ ਕਿ ਸਰਨਾ ਜੀ ਦੇ ਪ੍ਰਬੰਧ ਸਮੇ ਘਟੋ ਘਟ ਗੁਰਬਾਣੀ ਗੁਰਮਤਿ ਪ੍ਰਚਾਰਕਾਂ ਦੀ ਕੋਈ ਸਿਧਾਂਤਕ ਸੋਚ ਤਾਂ ਸੁਨਣ ਲਈ ਮਿਲਦੀ ਸੀ, ਲੋਕ ਫਿਰ ਐਸੇ ਸਮੇਂ ਦੀ ਆਸ ਰੱਖਦੇ ਸਨ।

ਇਹ ਆਵਾਜ਼ ਸਰਨਾ ਪ੍ਰਵਾਰ ਦੀ ਬਾਦਲ ਗਰੁਪ ਨਾਲੋਂ ਵਖਰੀ ਸੋਚ ਅਤੇ ਹੋਂਦ ਦਾ ਪ੍ਰਤੀਕ ਬਣੀ ਹੋਈ ਸੀ।

ਪਰ ਦੁਸ਼ਮਣ ਬੜਾ ਸ਼ਾਤਰ ਹੈ ਜਿਸਦੀ ਪਾਲਸੀ ਨੂੰ ਸਰਨਾ ਪ੍ਰਵਾਰ ਕੁਰਸੀ ਲੋਭ ਦੇ ਨਸ਼ੇ ਵਿੱਚ ਨਹੀਂ ਸਮਝ ਸੱਕਿਆ ਦੁਸ਼ਮਣ ਦੀ ਚਾਲ ਫਿਰ ਸਫਲ ਹੋ ਗਈ। ਐਸੀਆਂ ਗਲਤੀਆਂ ਕਈ ਮੋੜਾਂ 'ਤੇ ਪਹਿਲੇ ਭੀ ਕਰ ਚੁਕਾ ਹੈ ਜਿਸਦਾ ਨਤੀਜਾ ਪਿਛਲੀ ਵਾਰ ਦੀ ਹਾਰ ਹੈ।

ਹੁਣ ਸਰਨਾ ਭਰਾ ਇਹ ਸਮਝ ਰਹੇ ਨੇ ਕੇ ਬਿਨਾ ਮੁਕਾਬਲਾ ਸਰਬ ਸੰਮਤੀ ਨਾਲ ਪਟਨੇ ਦੀ ਪ੍ਰਧਾਨਗੀ ਮਿਲ ਗਈ, ਭਲਿਓ ਤੁਹਾਨੂੰ ਪਤਾ ਹੈ ਪਟਨੇ 'ਤੇ ਆਰ. ਐਸ.ਐਸ ਦੀ ਕਿਤਨੀ ਮਜ਼ਬੂਤ ਪਕੜ ਹੈ ਕਿ ਇਕਬਾਲ ਸਿੰਘ ਜੋ ਆਰ.ਐਸ.ਐਸ ਦਾ ਅਪਣਾ ਹੈ, ਨੂੰ ਕਮੇਟੀ ਵਲੋਂ ਬਰਖਾਸਤ ਕਰਨ ਦੇ ਬਾਵਜੂਦ ਜਥੇਦਾਰ ਦੇ ਰੂਪ ਵਿੱਚ ਅੱਜ ਤਕ ਉਥੇ ਕਾਬਜ਼ ਹੈ, ਉਸਨੂੰ ਉਥੋਂ ਕੋਈ ਹਿਲਾ ਨਹੀਂ ਸੱਕਿਆ। ਬਰਨਾਲੇ ਵਾਂਗੂੰ ਬੜੀ ਡੂੰਘੀ ਸੋਚ ਨਾਲ ਤੁਹਾਡੇ ਮੁਕਾਬਲੇ ਕਿਸੇ ਨੂੰ ਨਾ ਖੜਾ ਕਰਕੇ ਤੁਹਾਨੂੰ ਪ੍ਰਧਾਨਗੀ ਦਿਤੀ ਗਈ ਹੈ, ਅਤੇ ਉਸੇ ਇਕਬਾਲ ਸਿੰਘ ਕੋਲੋਂ ਤੁਹਾਡੇ ਗਲ ਸਿਰਪਾਓ ਦਾ ਪਟਾ ਪੁਆਇਆ ਗਿਆ ਹੈ।

ਹੁਣ ਸੋਚਿਓ, ਲੋਕ ਭੀ ਸੋਚਣਗੇ ਦਿੱਲੀ ਵਿੱਚ ਬਾਦਲ ਗਰੁਪ ਤਾਂ ਦੁਰਗਾ ਦੇ ਨਵਰਾਤਰੇ ਮਨਾਉਂਦਾ, ਮਿਸ਼ਨਰੀਆਂ ਦੀ ਥਾਵੇਂ ਨਿਹੰਗ ਬੰਤਾ ਸਿੰਘ ਰਾਹੀਂ ਚੰਡੀ ਦੀ ਵਾਰ ਦੀ ਕਥਾ ਕਰਾਉਂਦਾ ਸੀ, ਅਜੇ ਤੱਕ ਉਨ੍ਹਾਂ ਨੇ ਬੰਗਲਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਜ਼ੁੱਰਤ ਨਹੀਂ ਸੀ ਕੀਤੀ।

ਪਰ ਹੁਣ ਸਰਨਾ ਜੀ ਨੂੰ ਜਿਥੋਂ ਦੀ ਪ੍ਰਧਾਨਗੀ ਮਿਲੀ ਹੈ, ਉਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ 9ਅਖੌਤੀ ਦਸਮ) ਗ੍ਰੰਥ ਦਾ ਪ੍ਰਕਾਸ਼ ਹੋਂਦਾ ਹੈ, ਉਸਦੇ ਹੁਕਮ ਨਾਮੇ ਲਏ ਜਾਂਦੇ ਹਨ, ਦੀਵਿਆਂ ਵਾਲੀਆਂ ਆਰਤੀਆਂ ਕੀਤੀਆਂ ਜਾਂਦੀਆਂ ਹਨ, ਉਥੋਂ ਦੀ ਰਹਿਰਾਸ, ਮੂਲ ਮੰਤਰ ਦਰਬਾਰ ਸਾਹਿਬ ਦੀ ਮਰੀਯਾਦਾ ਨਾਲ ਨਹੀਂ ਮਿਲਦਾ, ਸਟੇਜ 'ਤੇ ਦਸਮ ਦੀ ਬਾਣੀ ਆਖ ਕੇ ਦੇਵੀ ਦੀਆਂ ਭੇਟਾਂ ਗਾਈਆਂ ਜਾਂਦੀਆਂ ਹਨ। ਕੀ ਪਰਧਾਨਗੀ ਦੀ ਭੁੱਖ ਸਭ ਕੁੱਛ ਹਜ਼ਮ ਕਰ ਜਾਂਦੀ ਹੈ? ਹੁਣ ਤਾਂ ਸਿੱਖ ਸੋਚ ਨੂੰ ਬਾਦਲ ਗਰੁਪ ਨਾਲੋਂ ਕਿਤੇ ਵੱਧ ਤੁਹਾਡੇ ਤੋਂ ਨਿਰਾਸ਼ਤਾ ਹੋਵੇਗੀ।

ਬੱਸ ਇਹੋ ਕੁੱਛ ਵਿਰੋਧੀ ਚਾਹੁਂਦੇ ਸਨ ਜੋ ਉਨ੍ਹਾਂ ਨੇ ਇਕੋ ਝੱਟਕੇ {ਕੁਰਸੀ ਦੇ ਚੋਗੇ} ਨਾਲ ਸਰਨਾ ਪ੍ਰਵਾਰ ਨੂੰ ਗੁਰਮਤਿ ਸਿਧਾਂਤ ਪਖੋਂ ਬਾਦਲ ਗਰੁਪ ਨਾਲੋਂ ਘਟੀਆ ਸਾਬਤ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ। ਇਸ ਸਾਰੇ ਘਟਨਾਕਰਮ ਦਾ ਮੈਨੂੰ ਭੀ ਬਹੁਤ ਦੁਖ ਹੋਇਆ, ਕਿਉਂਕਿ ਮੈਂ ਭੀ ਇਸੇ ਆਸ ਨਾਲ ਬਦਲਵੇਂ ਪ੍ਰਬੰਧ ਦੀ ਉਡੀਕ ਰਖਦਾ ਸਾਂ।

ਪ੍ਰਧਾਨਗੀ ਦੇ ਨਸ਼ੇ ਵਿੱਚ ਖੁਸ਼ ਵੇਖ ਕੇ ਸਰਨਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਗੇ ਲਿਖਿਆ ਸ਼ਬਦ ਪ੍ਰੋ. ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਸਮੇਤ ਪੜ੍ਹਨ ਸਮਝਣ ਲਈ ਬੇਨਤੀ ਕਰਦਾ ਹਾਂ।

ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥
ਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤਿ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ ।

ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥
ਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ ।

ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥
ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ ।

ਅਕਰਣੰ ਕਰੋਤਿ ਅਖਾਦ੍ਹਿ ਖਾਦ੍ਹੰ ਅਸਾਜ੍ਹੰ ਸਾਜਿ ਸਮਜਯਾ ॥
ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ ।

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਹਾਪਿ ਨਾਨਕ ਹਰਿ ਨਰਹਰਹ ॥੪੮॥
ਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ-ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ ।੪੮।

ਜੇ ਉਥੇ ਹੋ ਰਹੀ ਗੁਰੂ ਬੇਅਦਬੀ ਅਤੇ ਮਨਮਤ ਵਿਚ ਠੱਲ ਪਾ ਸੱਕੋ ਤਾਂ ਮੁਬਾਰਕ, ਨਹੀਂ ਤਾਂ

ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top