Share on Facebook

Main News Page

ਲਿਟਲ ਔਰਫਨ ਐਨੀ ਅਤੇ ਪੰਜਾਬ Little Orphan Annie and Punjab
ਨੋਟ: ਇਹ ਲਿਖਤ 'ਤੋਂ ਪ੍ਰਪਾਤ ਹੋਈ ਹੈ, ਲਿਖਾਰੀ ਬਾਰੇ ਕੁਝ ਮਾਲੂਮਾਤ ਨਹੀਂ। ਜੇ ਕਿਸੇ ਨੂੰ ਪਤਾ ਹੋਵੇ ਜਾਂ ਲੇਖਕ ਆਪ ਇਸ ਪੋਸਟ ਨੂੰ ਦੇਖ ਰਿਹਾ ਹੋਵੇ, ਤਾਂ ਕੁਮੈਂਟ ਵਿੱਚ ਜ਼ਰੂਰ ਲਿਖਣਾ ਜੀ। - ਸੰਪਾਦਕ ਖ਼ਾਲਸਾ ਨਿਊਜ਼

ਇਸ ਪੋਸਟ ਨੂੰ ਬਹੁਤ ਘੱਟ ਲੋਕ ਪੜ੍ਹਨਗੇ, ਕਿਉਂਕਿ ਸਾਨੂੰ ਚੰਗਾ ਪੜ੍ਹਨ ਦੀ ਆਦਤ ਨਹੀਂ। ਇਹ ਕੋਈ ਉਲ੍ਹਾਮਾ ਨਹੀਂ, ਇਹ ਤੱਥ ਹੈ, fact ਹੈ। ਬਹੁਤ ਵਾਰੀ ਖ਼ਾਲਸਾ ਨਿਊਜ਼ 'ਤੇ ਐਸੀਆਂ ਪੋਸਟ ਪਾਈਆਂ, ਪਰ ਸਿਰਫ ਨਾਮਾਤਰ ਪਾਠਕ ਹੀ ਐਸੀਆਂ ਪੋਸਟ ਪੜ੍ਹਦੇ ਹਨ। - ਸੰਪਾਦਕ ਖ਼ਾਲਸਾ ਨਿਊਜ਼

ਟੈਕਸਸ, ਅਮਰੀਕਾ 'ਚ ਮਿਲੇ ਇੱਕ ਬਜ਼ੁਰਗ ਗੋਰੇ ਨੇ ਜਦੋਂ ਮੈਨੂੰ ਪੁੱਛਿਆ, "ਤੂੰ ਕਿੱਥੋਂ ਹੈਂ?" ਮੈਂ ਕਿਹਾ," ਹੁਣ ਕੈਨੇਡਾ 'ਚ ਰਹਿੰਦਾ ਹਾਂ, ਪਰ ਪਿੱਛੋਂ ਪੰਜਾਬ ਤੋਂ ਹਾਂ।" ਬੜਾ ਹੈਰਾਨ ਹੋ ਕੇ ਫਿਰ ਕਹਿੰਦਾ," ਕਿੱਥੋਂ?" ਮੈਂ ਫਿਰ ਕਿਹਾ," ਪੰਜਾਬ ਤੋਂ," ਕਹਿੰਦਾ, "Where is it ? ਵੇਅਰ ਇਜ਼ ਇੱਟ? Is it a country or... ਇੱਜ਼ ਇੱਟ ਅ ਕੰਟਰੀ ਔਰ...?" ਮੈਂ ਕਿਹਾ, "Yes, it used to be a country, but now its under Indian possession. ਯੈੱਸ, ਇੱਟ ਯੂਸਡ ਟੂ ਬੀ ਅ ਕੰਟਰੀ, ਬੱਟ ਨਾਓ ਇੱਟਸ ਅੰਡਰ ਇੰਡੀਆ'ਸ ਪੋਜ਼ੈਸ਼ਨ।" ਉਹ ਕਹਿੰਦਾ," ਮੈਂ ਛੋਟੇ ਹੁੰਦੇ ਤੋਂ ਇੱਕ ਅਖ਼ਬਾਰ ਦਾ ਲੜੀਵਾਰ ਕਾਰਟੂਨ 'LITTLE ORPHAN ANNIE' ਪੜ੍ਹਦਾ ਹੁੰਦਾ ਸੀ, ਉਹਦੇ 'ਚ ਇੱਕ ਪੰਜਾਬ ਨਾਂ ਦਾ ਕਰੈਕਟਰ ਸੀ। ਉਹ ਵੀ ਤੇਰੇ ਵਾਂਗ ਪੱਗ ਬੰਨਦਾ ਸੀ।" ਇਹ ਸੁਣ ਮੇਰੀ ਉਤਸੁੱਕਤਾ ਹੋਰ ਵੱਧ ਗਈ ਤੇ ਮੈਂ ਪੁੱਛਿਆ, "ਸੱਚੀਂ?" ਕਹਿੰਦਾ," ਹਾਂ, ਤੇ ਉਹ ਪੰਜਾਬ ਨਾਂ ਦਾ ਪਾਤਰ, ਅਨਾਥ ਐਨੀ ਦੀ ਰੱਖਿਆ ਤੇ ਦੇਖਭਾਲ ਕਰਦਾ ਸੀ, ਲੋਕ ਓਹਨੂੰ ਬਹੁਤ ਪਸੰਦ ਕਰਦੇ ਸੀ, ਅੱਜ ਤੂੰ ਵੀ ਮੇਰੇ ਲਈ ਪੰਜਾਬ ਹੀ ਬਣਕੇ ਆਇਆ ਹੈਂ ਨਹੀਂ ਮੈਨੂੰ ਬਹੁਤ ਟਾਇਮ ਲੱਗਣਾ ਸੀ ਲੋਡ ਬੰਨਣ ਨੂੰ (ਮੈਂ ਉਸਦੀ ਥੋੜੀ ਮਦਦ ਕੀਤੀ ਸੀ ਲੋਡ ਤੇ ਸਟਰੈਪਾਂ ਪਾਉਣ 'ਚ)।"

ਫਿਰ ਮੈਂ ਉਥੋਂ ਨਿਕਲਦਿਆਂ ਸਾਰ ਗੂਗਲ 'ਤੇ ਸਰਚ ਕੀਤਾ ਤੇ ਸੱਚੀਂ ਪੰਜਾਬ (Punjab) ਨਾਂ ਦਾ ਕਰੈਕਟਰ ਨਿਕਲ ਆਇਆ। ਹੈਰੌਲਡ ਗਰੇਅ ਨਾਂ ਦੇ ਕਾਰਟੂਨਿਸਟ ਵੱਲੋਂ ਲਿਖਿਆ ਇਹ ਲੜੀਵਾਰ ਕਾਰਟੂਨ ਨਿਊਯਾਰਕ ਡੇਲੀ ਨਿਊਜ਼ 'ਚ ਰੋਜ਼ ਛਪਦਾ ਸੀ। 1924 ਤੋਂ ਸ਼ੁਰੂ ਹੋਈ ਇਸ ਕਾਰਟੂਨ ਸੀਰੀਜ਼ ਨੂੰ 1968 'ਚ ਹੈਰੌਲਡ ਗਰੇਅ ਦੇ ਮਰਨ ਤੋਂ ਬਾਦ ਕਿਸੇ ਹੋਰ ਨੇ ਅੱਗੇ ਤੋਰਿਆ, ਪਰ ਗਰੇਅ ਵਾਲੀ ਗੱਲ ਓਸ ਤੋਂ ਨਹੀਂ ਬਣੀ ਤੇ ਅਖੀਰ 2010 'ਚ (ਪੂਰੇ 86 ਸਾਲ ਬਾਅਦ) ਇਸਨੂੰ ਬੰਦ ਕਰ ਦਿੱਤਾ ਗਿਆ। ਹੈਰੌਲਡ ਗਰੇਅ ਦੇ ਪੰਜਾਬ ਨਾਂ ਦੇ ਪਾਤਰ ਬਾਰੇ ਇੰਟਰਨੈਟ ਤੇ ਮਿਲੀ ਜਾਣਕਾਰੀ ਮੁਤਾਬਕ ਉਹ ਪਾਤਰ ਉੱਤਰੀ ਭਾਰਤ ਦਾ ਸੀ, ਤਕਰੀਬਨ ਸੱਤ ਫੁੱਟ ਉੱਚਾ ਸੀ ਤੇ ਬੜਾ ਚੰਗਾ, ਬਹਾਦਰ, ਦੂਜਿਆਂ ਦੀ ਮਦਦ ਕਰਨ ਵਾਲਾ ਸੀ । ਕਾਰਟੂਨ ਸੀਰੀਜ਼ 'ਚ ਉਹਦੇ ਪੱਗ ਜ਼ਰੂਰ ਬੱਝੀ ਵਿਖਾਈ ਹੈ ਪਰ ਦਾਹੜੀ ਮੁੱਛਾਂ ਤੋਂ ਬਿਨਾਂ ਵਿਖਾਇਆ ਹੈ ਤੇ ਉਹਦੇ ਕੋਲ ਕਿਰਪਾਨ ਵਰਗਾ ਇੱਕ ਸ਼ਸਤਰ ਵੀ ਵਿਖਾਇਆ ਹੈ। ਉਹ ਅਨਾਥ ਐਨੀ ਨੂੰ ਐਡੌਪਟ ਕਰਨ ਵਾਲੇ ਇੱਕ ਧਨਾਢ ਦੇ ਲੈਫਟੀਨੈਂਟ (ਕਿਤੇ ਕਿਤੇ ਬਾਡੀਗਾਰਡ ਵੀ ਲਿਖਿਆ ਹੈ) ਵਜੋਂ ਵਿਖਾਇਆ ਹੈ ਤੇ ਫਿਰ 1982 'ਚ ਏਸੇ ਤੇ ਅਧਾਰਿਤ ਇੱਕ ਅੰਗ੍ਰੇਜ਼ੀ ਫਿਲਮ 'ANNIE' ਵੀ ਆਈ ਸੀ ਜੋ ਬਹੁਤ ਮਕਬੂਲ ਹੋਈ ਸੀ।

ਮੈਂ ਸੋਚਦਾਂ ਸ਼ਾਇਦ ਹੈਰੌਲਡ ਗਰੇਅ ਨੂੰ ਕਦੇ ਕੋਈ ਚੰਗਾ ਪੰਜਾਬੀ ਮਿਲਿਆ ਹੋਊ ਜਾਂ ਓਹਨੇ ਪੰਜਾਬੀਆਂ ਬਾਰੇ ਕਿਤੇ ਚੰਗਾ ਸੁਣਿਆ ਹੋਊ, ਕਿ ਉਹਨੇ ਆਪਣੇ ਮਸ਼ਹੂਰ ਲੜੀਵਾਰ ਕਾਰਟੂਨ 'ਚ ਪੰਜਾਬ ਨਾਂ ਦੇ ਕਰੈਕਟਰ ਨੂੰ ਇੱਕ ਦਮਦਾਰ ਤੇ ਪੌਜ਼ੀਟਿਵ ਪਾਤਰ ਦੇ ਰੂਪ 'ਚ ਜਗ੍ਹਾ ਦੇ ਦਿੱਤੀ, ਜਿਹਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

ਸਾਡੇ ਪੁਰਖਿਆਂ ਨੇ ਪੂਰੇ ਸੰਸਾਰ ਤੇ ਬਹੁਤ ਵਧੀਆ ਛਾਪ ਛੱਡੀ ਹੈ, ਕਿਉਂਕਿ ਉਹ ਗੁਰੂ ਨਾਲ ਜੁੜੇ ਸੀ ਤੇ ਗੁਰੂ ਸਾਹਿਬ ਦੇ ਦੱਸੇ ਮੁਤਾਬਕ ਵਰਤੋਂ ਵਿਹਾਰ ਕਰਦੇ ਸੀ। ਪਰ ਕਿਤੇ ਨਾਂ ਕਿਤੇ ਅੱਜ ਅਸੀਂ ਓਹਨਾਂ ਦੀ ਛੱਡੀ ਛਾਪ ਨੂੰ ਧੁੰਧਲਾ ਹੋਣ ਦੇ ਰਹੇ ਹਾਂ ਜਾਂ ਕਰ ਰਹੇ ਹਾਂ। ਅਸੀਂ ਅੱਜ ਵੀ ਆਪਣੇ ਪੁਰਖਿਆਂ ਤੇ ਵੱਡੇ ਵਡੇਰਿਆਂ ਦੀ ਬੀਜੀ ਚੰਗੀ ਫ਼ਸਲ ਵੱਢ ਰਹੇ ਹਾਂ ਤੇ ਉਹਨਾਂ ਦੇ ਪਾਏ ਪੂਰਨਿਆਂ ਕਰਕੇ ਹੀ ਮਾਣ ਨਾਲ ਸੰਸਾਰ 'ਚ ਵਿਚਰਦੇ ਹਾਂ ਪਰ ਸੋਚਕੇ ਦੁੱਖ ਹੁੰਦਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੀਆਂ ਕਿਹੜੀਆਂ ਗੱਲਾਂ 'ਤੇ ਮਾਣ ਕਰਿਆ ਕਰਨਗੀਆਂ?

ਨਾਲੇ ਪੰਜਾਬੀਓ, ਬਾਹਰ ਵਿਚਰਦਿਆਂ ਆਪਣਾ ਮੁਲਕ 'ਦੇਸ ਪੰਜਾਬ' ਦੱਸਿਆ ਕਰੋ, ਹਿੰਦੋਸਤਾਨੀ ਅਖਵਾਕੇ ਸਾਡਾ ਮਾਣ ਕਰਨ ਵਾਲਾ ਸਾਰਾ ਕੁੱਛ ਕਿਤੇ ਗੁਆਚ ਜਾਂਦਾ ਹੈ ਜਾਂ ਕਹਿ ਲਓ ਕਿ ਹਿੰਦੋਸਤਾਨੀ ਕੂੜ ਦੀ ਚਾਦਰ ਥੱਲੇ ਢੱਕਿਆ ਜਾਂਦਾ ਹੈ।

ਬਾਬਾ, ਸਾਡਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਿੱਖ ਤੇ ਪੰਜਾਬੀ ਹੋਣ ਵਾਲਾ ਇਹ ਮਾਣ ਤੂੰ ਆਪ ਹੱਥ ਦੇਕੇ ਕਾਇਮ ਰੱਖੀਂ। ਬਾਬਾ ਸਾਨੂੰ ਸੁਮੱਤ ਤੇ ਤਾਕਤ ਬਖ਼ਸ਼।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top