Main News Page

ਗੁਰੂ ਗ੍ਰੰਥ ਨਾਲ ਸਬੰਧਿਤ ਸੰਸਥਾਵਾਂ ਨੂੰ ਇੱਕ ਸੱਦਾ

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਓ, ਆਓ, ਉਠੋ ਜਾਗੋ ਇਹਨਾਂ ਝੂਠੀ ਰਾਜਨੀਤੀ ਦੇ ਕੁਫ਼ਰ ਹਦਾਇਤ ਨਾਮਿਆਂ ਦੇ ਭੈ ਜਾਲ ਤੋਂ ਬਾਹਰ ਆਵੋ। ਛੱਡ ਦਿਓ ਇਹਨਾਂ ਕਾਲਕਾ ਪੰਥੀਆਂ ਨੂੰ, ਛੱਡ ਦਿਓ ਗੋਲਕ ਦਾ ਪੱਲਾ, ਫੜ ਲਓ ਗੁਰੂ ਦਾ ਪੱਲਾ। ਗੁਰੂ ਤੁਹਾਡੇ ਅੰਗ ਸੰਗ ਹੋਵੇਗਾ, ਗੁਰੂ ਦੀਆਂ ਖੁਸ਼ੀਆਂ ਮਾਣੋਗੇ।

ਹੁਣ ਕਾਲਕਾ ਪੰਥ ਗੁਰਮਤਿ ਵਿਹੂਣੇ, ਕਿਰਪਾਨਾਂ ਗੰਡਾਸਿਆਂ ਵਾਲੇ ਲੋਕਾਂ ਦੇ ਰਾਹੀਂ ਗੁਰਦੁਆਰਿਆਂ ਵਿੱਚ ਲੜਾਈਆਂ ਝਗੜੇ ਕਰਾਉਂਦਾ ਹੈ ਅਤੇ ਉਹਨਾਂ ਧਾੜਵੀਆਂ ਨੂੰ ਗੁਰੂ ਪਿਆਰ ਦਸਦਾ ਹੈ। ਆਰ.ਐਸ.ਐਸ ਦੇ ਇਸ਼ਾਰੇ ਤੇ ਗੁਰਦੁਆਰਿਆਂ ਵਿਚ ਗੁਰਬਾਣੀ ਗੁਰਮਤਿ ਦਾ ਪ੍ਰਵਾਹ ਰੋਕਣਾ ਚਾਹੁੰਦਾ ਹੈ, ਗੁਰੂ ਗ੍ਰੰਥ ਦੇ ਪੰਥ ਨੂੰ ਸੰਜੀਦਗੀ ਨਾਲ ਸੋਚਣਾ ਪਵੇਗਾ, ਖ਼ਾਲਸਾ ਇਹਨਾਂ ਦੇ ਹਰਬਿਆਂ ਤੋਂ ਡਰਦਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚੋਂ ਮਿਲੀ ਹਲੀਮੀ ਅਤੇ ਗੁਰਮਤਿ ਬੁਧ ਕਾਰਨ ਬਚਣਾ ਜਰੂਰ ਚਾਹੁਂਦਾ ਹੈ।

ਕਾਲਕਾ ਪੰਥ ਵਲੋਂ ਇਹਨਾਂ ਆਪ ਹੁਦਰੀਆਂ ਨਾਲ ਸਮੂਚੇ ਪੰਥ ਨੂੰ ਅਪਣਾ ਜਰਗਮਾਲ ਬਣਾਕੇ ਰੱਖਣ ਦੀ ਸਿਆਸੀ ਸੋਚ ਕਾਰਨ ਹੀ ਕੁਛ ਸਮੇਂ ਤੋਂ ਜਾਗਰੂਕ ਖ਼ਾਲਸਾ ਵਲੋਂ ਵੱਖ ਵੱਖ ਦੇਸ਼ਾਂ ਅਤੇ ਸਟੇਟਾਂ ਵਿਚ ਵੱਖ ਵੱਖ ਗੁਰਦੁਆਰਾ ਕਮੇਟੀਆਂ ਬਣੀਆਂ ਅਤੇ ਬਣ ਰਹੀਆਂ ਹਨ ਤਾਂਕਿ ਇਸ ਝੂਠੀ ਸਿਆਸਤ ਦੀ ਅਮਰ ਵੇਲ ਹੇਠੋਂ ਨਿਕਲ ਕੇ ਗੁਰਦੁਆਰਾ ਪ੍ਰਬੰਧ ਵਿੱਚ ਧਰਮ ਸਿਧਾਂਤ ਜੀਵਤ ਰਹਿ ਸਕੇ।

ਇਸੇ ਰੋਸ਼ਨੀ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ, ਜਿਹੜੇ ਗੁਰਦੁਆਰਾ ਪ੍ਰਬੰਧਕ ਸਹਿਯੋਗ ਦੇਣ ਠੀਕ ਹੈ ਨਹੀਂ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਵੱਡੀਆਂ ਅਰਬਾਂ ਦੀਆਂ ਗੋਲਕਾਂ ਪੰਥ ਦਾ ਸਰਮਾਇਆ ਨਹੀਂ। ਇਸ ਨੇ ਤਾਂ ਸਾਡਾ ਸਿਧਾਂਤਕ ਨੁਕਸਾਨ ਹੀ ਕੀਤਾ ਹੈ। ਖ਼ਾਲਸੇ ਦਾ ਸਰਮਾਇਆ ਹੈ ਗੁਰੂ ਸਿਧਾਂਤ ਜਿਸਨੇ ਕੱਚੇ ਗੁਰਦੁਆਰਿਆਂ ਵਿਚੋਂ ਜਨਮ ਲੈਕੇ ਪੱਕੇ ਸਿੱਖ ਪੈਦਾ ਕੀਤੇ ਸਨ। ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਕੇ ਭਾਵੇਂ ਮੁਢਲੇ ਰੂਪ ਵਿਚ ਕਿਰਾਏ ਤੇ ਹਾਲ ਲੈਕੇ ਜਾਂ ਘਰਾਂ ਵਿਚ ਹਫਤਾ ਵਾਰੀ ਸਤਸੰਗ ਸ਼ੁਰੂ ਕਰੀਏ ਪਰ ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਨ ਪੱਤਰ ਭਰੇ ਕੇ ਮੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਅਧਾਰ ਮਨਾਂਗਾ ਅਤੇ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹ ਧਾਰੀ ਗੁਰੂ ਡੰਮ ਨੂੰ ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮ ਕਾਂਡ ਦੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।

ਸ੍ਰੀ ਅਕਾਲ ਤਖਤ ਸੱਚੇ ਨਿਆਓਂ ਦਾ ਪ੍ਰਤੀਕ ਹੈ ਸਾਡਾ ਸਭ ਦਾ ਸਿਰ ਝੁਕਦਾ ਹੈ, ਪਰ ਸ੍ਰੀ ਅਕਾਲ ਤਖਤ ਤੇ ਕਾਬਜ਼ ਬੈਠੇ ਸਿਆਸੀ ਗੁਲਾਮ ਜੱਥੇਦਾਰਾਂ ਦੇ ਹੁਕਮ ਨੂੰ ਅਸੀਂ ਕਦੀ ਨਹੀਂ ਮੰਨ ਸਕਦੇ।  ਨਹੀਂ ਤਾਂ ਇਹ ਕਾਲਕਾ ਪੰਥੀਏ ਮਹਾਕਾਲ ਕਾਲਕਾ ਗ੍ਰੰਥ ਵਰਗੇ ਅਨੇਕਾਂ ਗ੍ਰੰਥ ਪੋਥੀਆਂ ਦੇ ਜਾਲ ਵਿਚ ਉਲਝਾ ਕੇ ਸਿੱਖੀ ਦੇ ਗੁਰਮਤਿ ਸਿਧਾਂਤ ਨੂੰ ਤਹਿਸ ਨਹਿਸ ਕਰ ਦੇਣਗੇ, ਇਓਂ ਸਿੱਖੀ ਜੀਵਨ ਬਰਬਾਦ ਹੋ ਜਾਵੇਗਾ।  ਇਹਨਾਂ ਦੇ ਭਰਮ ਜਾਲ ਵਿਚੋਂ ਨਿਕਲਣ ਲਈ ਗੁਰੂ ਵਾਕ “ਨਿਕਸ ਰੇ ਪੰਖੀ ਸਿਮਰ ਹਰ ਪਾਂਖ” ਅਨੁਸਾਰ ਗੁਰੂ ਅਦਬ ਦੀ ਇਕੋ ਇਕ ਸੋਚ ਹੇਠ ਇਕਤਰ ਹੋਵੋ ਅਪਣੇ ਅਸਥਾਨਾਂ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੋ , ਕਰਮ ਕਾਂਡੀ ਮਨਮਤ ਦਾ ਪ੍ਰਹਾਰ ਕਰੋ। ਇਹ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਕੇਂਦਰੀ ਤਾਲ ਮੇਲ ਜੱਥੇਬੰਦੀ ਇਸ ਲਈ ਬਣਾਈ ਗਈ ਹੈ ਕਿਉਂਕਿ ਅਸੀਂ ਕਾਲਕਾ ਪੰਥ ਵਲੋਂ ਕਈ ਥਾਵਾਂ ਤੇ ਕੀਤੀ ਜਾਂਦੀ ਬੁਰਛਾ ਗਰਦੀ ਹੁਲੜ ਬਾਜ਼ੀ ਨਹੀਂ ਚਾਹੁਂਦੇ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸੰਸਥਾਵਾਂ ਨੂੰ ਵੱਖਰੇ ਰੂਪ ਵਿਚ ਇਕੱਤਰ ਕਰਕੇ ਸ਼ਾਂਤੀ ਨਾਲ ਗੁਰਬਾਣੀ ਗੁਰਮਤਿ ਦਾ ਸਹਿਜ ਅਨੰਦ ਮਾਨਣਾ ਚਾਹੁਂਦੇ ਹਾਂ।

ਸਿੰਘੋ!!! ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਕੇਂਦਰੀ ਤਾਲ ਮੇਲ ਜੱਥੇਬੰਦੀ ਰਾਹੀਂ ਆਪਸ ਵਿਚ ਜੁੜ ਕੇ ਬਾਹਵਾਂ ਵਿਚ ਬਾਹਾਂ ਪਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸਿਧਾਂਤ ਦੀ ਰਾਖੀ ਲਈ ਜੱਥੇਬੰਦ ਅਤੇ ਲਾਮ ਬੰਦ ਹੋ ਜਾਵੋ ਜੀ, ਅਤੇ ਕਿਸੇ ਔਕੜ ਸਮੇਂ ਇਕ ਦੂਜੇ ਦੀ ਮਦਦ ਕਰੋ ਜੀ।

ਅਪਣੀ ਅਪਣੀ ਸੰਸਥਾ ਵਲੋਂ ਅਗੇ ਦਿੱਤਾ ਗਿਆ ਫਾਰਮ ਭਰ ਕੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦਾ ਪ੍ਰਣ ਕਰੋ ਜੀ।

ਗੁਰੂ ਗੰਥ ਦੇ ਪੰਥ ਦਾ ਸੇਵਾਦਾਰ
ਦਰਸ਼ਨ ਸਿੰਘ ਖ਼ਾਲਸਾ


 

ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ)

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਿਤ ਸੰਸਥਾਵਾਂ ਨੂੰ ਇੱਕ ਥਾਂਵੇ ਇਕੱਤਰ ਕਰਨ ਲਈ ਬਣੀ ਕੇਂਦਰੀ ਤਾਲ ਮੇਲ ਜੱਥੇਬੰਦੀ ਦਾ ਏਜੰਡਾ ਅਤੇ ਮੈਂਬਰਸ਼ਿਪ ਫਾਰਮ

    ਏਜੰਡਾ

    ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਗੁਰਬਾਣੀ ਦੀ ਅਗਵਾਈ ਵਿੱਚ,  ਅਨਦਿਨੁ ਸੁਕ੍ਰਿਤੁ ਕਰੀਐ ਅਨੁਸਾਰ “ਆਰਥਿਕ, ਵਿਦਿਆ ਵੀਚਾਰੀ ਤਾਂ ਪਰਉਪਕਾਰੀ ਅਨੁਸਾਰ “ਵਿਦਿਅਕ, ਸਭ ਸੁਖਾਲੀ ਵੁਠੀਆ ਅਨੁਸਾਰ “ਸਮਾਜਿਕ, ਅਤੇ, ਇਹੁ ਹੋਆ ਹਲੇਮੀ ਰਾਜੁ ਜੀਉ ਅਨੁਸਾਰ “ਰਾਜਨੀਤਕ ਤੌਰ ਤੇ ਜਾਗਰੂਕ ਕਰਕੇ ਸ਼ਕਤੀਸ਼ਾਲੀ “ਗੁਸਾਈ ਦੇ ਪਹਿਲਵਾਨੜੇ” ਦੇ ਰੂਪ ਵਿਚ ਦੇਖਿਆ ਜਾਵੇ, ਤਾਂਕਿ ਖਾਲਸਾ ਗੁਰਮਤੀ ਫੈਸਲਿਆਂ ਦਾ ਪ੍ਰਤੀਕ ਬਣੇ ਅਤੇ ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਏ ਵਾਲਾ ਬਚਨ ਸਫਲ ਹੋਵੇ।

  1. ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1708 ਵਿੱਚ, ਹਜ਼ੂਰ ਸਾਹਿਬ ਵਿਖੇ, ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰਗੱਦੀ ’ਤੇ ਸਥਾਪਤ ਕਰ ਕੇ ਖਾਲਸਾ ਪੰਥ ਨੂੰ ਸਦਾ ਲਈ ਇੱਕੋ-ਇੱਕ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਇਸ ਲਈ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਇਕੱਠ ਹੀ ਖ਼ਾਲਸਾ ਪੰਥ ਦਾ ਮੈਂਬਰ ਹੋ ਸਕਦਾ ਹੈ। ਇਸ ਸੰਕਲਪ ਪ੍ਰਤੀ ਵਚਨਬੱਧ ਹੋ ਕੇ ਇਹ ਵਿਚਾਰ ਕੌਮ ਨੂੰ ਦ੍ਰਿੜ੍ਹ ਕਰਾਉਣਾ।

  2. ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਇਕੋ-ਇਕ ਸਦੀਵੀ ਗੁਰੂ ਹੈ; ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਸ਼ਬਦ ਗੁਰੂ ਹੈ। ਇਸਲਈ, ਹੋਰ ਕਿਸੇ ਸ਼ਬਦ ਜਾਂ ਦੇਹਧਾਰੀ ਨੂੰ ਕਦਾਚਿਤ ਗੁਰੂ ਨਹੀਂ ਮੰਨਣਾ।

  3. ਵਰਤਮਾਨ ਪ੍ਰਮਾਣਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ੴ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਸੰਪੂਰਨ ਬਾਣੀ ਉਤੇ ਅਕੀਦਾ ਰਖਦੇ ਹੋਏ ਪੰਥ ਨੂੰ ਜਾਗ੍ਰਿਤ ਕਰਨਾ। “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ ਇਸ ਗੱਲ ਬਾਬਤ ਪੰਥ ’ਚ ਅਜੇ ਤੱਕ ਮਤਭੇਦ ਹੈ” (ਸਿੱਖ ਰਹਿਤ ਮਰਿਆਦਾ, ਪੰਨਾ 15)

  4. ਖਾਲਸਾ ਪੰਥ ਦੇ ਧਰਮ ਅਸਥਾਨਾਂ ’ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋ ਸਕਦਾ ਹੈ। ਇਨ੍ਹਾਂ ਅਸਥਾਨਾਂ 'ਤੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਹੋਰ ਕਿਸੇ ਗ੍ਰੰਥ, ਪੋਥੀ, ਮੂਰਤੀ ਜਾਂ ਵਿਅਕਤੀ ਦਾ ਆਸਣ ਨਹੀਂ ਲੱਗ ਸਕਦਾ। ਏਸ ਮੰਤਵ ਲਈ ਯਤਨਸ਼ੀਲ ਰਹਿਣਾ ਅਤੇ ਏਸ ਸਬੰਧੀ ਸੰਗਤਾਂ ਨੂੰ ਸੁਚੇਤ ਕਰਨ ਦੇ ਉਪਰਾਲੇ ਕਰਨਾ।

  5. ਪੰਥਕ ਅਸਥਾਨਾਂ ’ਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਕੀਰਤਨ ਅਤੇ ਕਥਾ ਕੇਵਲ ਗੁਰਬਾਣੀ ਦੀ ਹੀ ਹੋ ਸਕਦੀ ਹੈ। ਭਾਈ ਗੁਰਦਾਸ, ਭਾਈ ਨੰਦ ਲਾਲ ਅਤੇ ਇਤਹਾਸਕ ਪੁਸਤਕਾਂ ਵਿੱਚੋਂ ਗੁਰਮਤਿ ਦ੍ਰਿੜ੍ਹਾਉਂਣ ਵਾਲੀਆਂ ਰਚਨਾਵਾਂ ਵਿਚੋਂ ਪ੍ਰਮਾਣ ਦਿੱਤੇ ਜਾ ਸਕਦੇ ਹਨ। ਗੁਰਬਾਣੀ ਦੀਆਂ ਤੁਕਾਂ ਵਿਗਾੜ ਕੇ ਬਣਾਈਆਂ ਧਾਰਨਾਵਾਂ ਨਹੀਂ ਪੜ੍ਹੀਆਂ ਜਾ ਸਕਦੀਆਂ।

  6. ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਸਮੇਤ ਕੁਝ ਅਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਪ੍ਰਕਾਸ਼ ਕਰ ਕੇ ਅਤੇ ਇਸ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਤੁਲਨਾ ਦੇ ਕੇ ਕੀਤੀ ਜਾ ਰਹੀ ਸ਼ਬਦ ਗੁਰੂ ਦੀ ਬੇਅਦਬੀ ਨੂੰ ਰੋਕਣ ਲਈ ਖਾਲਸਾ ਪੰਥ ਨੂੰ ਜਾਗ੍ਰਿਤ ਕਰਨਾ।

  7. ਖ਼ਾਲਸੇ ਨੂੰ, ਗੁਰਮਤੀ ਵਿਦਵਾਨਾਂ ਵੱਲੋਂ ਮਿਲ-ਬੈਠ ਕੇ ਪੰਥਕ ਜੁਗਤ ਨਾਲ ਸਿਰਜੀ, ਰਹਿਤ ਮਰਿਯਾਦਾ ਵਿੱਚ ਪਰੋ ਕੇ ਰੱਖਣ ਲਈ ਸਮੇਂ-ਸਮੇਂ ਉਲੀਕੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ ਅਤੇ ਸਿਆਸੀ ਹੱਥਕੰਡਿਆਂ ਰਾਹੀਂ ਤਖ਼ਤਾਂ ਦੀ ਹੋ ਰਹੀ ਦੁਰਵਰਤੋਂ ਰੋਕ ਕੇ ਤਖ਼ਤਾਂ ਨੂੰ ਸਿੱਖ ਬੁਰਕੇ ਹੇਠ ਸਿੱਖ ਦੁਸ਼ਮਣ ਤਾਕਤਾਂ ਤੋਂ ਅਤੇ ਦੁਰਮੱਤੀ ਸਿਆਸਤ ਤੋਂ ਮੁਕਤ ਕਰਵਾਉਣ ਲਈ ਹੰਭਲਾ ਮਾਰਨਾ ਤਾਂ ਜੁ ਏਥੋਂ ਗੁਰੂ-ਆਸ਼ੇ ਅਨੁਸਾਰ ਸਿੱਖਾਂ ਅਤੇ ਸਰਬੱਤ ਦੇ ਸਿਆਸੀ, ਸਮਾਜਕ, ਧਾਰਮਕ ਅਤੇ ਆਰਥਕ ਮਸਲਿਆਂ ਨੂੰ ਸੰਬੋਧਤ ਹੋਇਆ ਜਾ ਸਕੇ।

  8. ਮਨੁੱਖਤਾ ਨੂੰ ਕਰਮ-ਕਾਂਡੀ ਮਨਮਤਿ ਦੇ ਪ੍ਰਹਾਰ ਤੋਂ ਬਚਾਉਣ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਲਈ ਜਾਗ੍ਰਿਤ ਕਰਨਾ।

  9. ਸ੍ਰੀ ਅਕਾਲ ਤਖਤ ਸਾਹਿਬ ਦਾ ਅਖੌਤੀ ਜੱਥੇਦਾਰ ਪੰਥਕ ਨੁਮਾਇੰਦਗੀ ਛੱਡਕੇ ਸਿਆਸੀ ਲੋਕਾਂ ਦਾ ਹੱਥ ਠੋਕਾ ਬਣ ਚੁੱਕਾ ਹੈ, ਜਦੋਂ ਤੱਕ ਅਕਾਲ ਤਖਤ ਸਾਹਿਬ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਸਿਆਸੀ ਪ੍ਰਬੰਧ ਦੇ ਅਧੀਨ ਨਿਯੁਕਤ ਕੀਤੇ ਕਿਸੇ ਜੱਥੇਦਾਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾ ਸਕਦੀ।

ਸਤਿਕਾਰਯੋਗ ਵੀਰ/ ਭੈਣ ਜੀ,

ਜੇਕਰ ਤੁਸੀਂ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਦੇ ਉਪਰੋਕਤ ਏਜੰਡੇ ਨੂੰ ਗਹੁ ਨਾਲ ਪੜ੍ਹ ਲਿਆ ਹੈ ਅਤੇ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹੋ, ਤਾਂ ਹੇਠਾਂ ਆਪਣੇ ਦਸਤਖ਼ਤ ਕਰਕੇ, ਇਸ ਨੂੰ ਉਪਰ ਦਿੱਤੇ ਪਤੇ 'ਤੇ ਭੇਜਣ ਦੀ ਕਿਰਪਾਲਤਾ ਕਰੋ ਜੀ।

ਮੈਂ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਦੇ ਉਪਰੋਕਤ ਏਜੰਡੇ ਨੂੰ ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਲਿਆ ਹੈ। ਮੈਂ ਇਸ ਏਜੰਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਅਤੇ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ ਏਜੰਡੇ ਦਾ ਪਰਚਾਰ, ਪਰਸਾਰ ਅਤੇ ਨਿਜੀ ਜੀਵਨ ਵਿੱਚ ਧਾਰਨ ਕਰਨ ਦਾ ਪ੍ਰਣ ਕਰਦਾ/ ਕਰਦੀ ਹਾਂ।

ਇਸ ਸੰਸਥਾ ਦਾ ਮੈਂਬਰ ਬਨਣ ਲਈ ਕਿਰਪਾ ਕਰਕੇ ਹੇਠਾਂ ਬਣੇ ਫ਼ਾਰਮ ਨੂੰ ਭਰੋ। ਹੋਰ ਜਾਣਕਾਰੀ ਲਈ gurugranthdakhalsapanth@ymail.com ‘ਤੇ ਈਮੇਲ ਕਰੋ ਜੀ।

ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਮੈਂਬਰਸ਼ਿਪ ਫਾਰਮ

 ਸਾਰੀ ਜਾਣਕਾਰੀ ਭਰਨੀ ਜ਼ਰੂਰੀ ਹੈ। All Fields are mandatory.
ਜੇ ਕੋਈ ਸਿੱਖ ਕਿਸੀ ਸੰਸਥਾ ਦਾ ਮੈੰਬਰ ਨਹੀਂ ਹੈ ਤਾਂ ਵੀ ਇਹ ਫ਼ਾਰਮ ਭਰਿਆ ਜਾ ਸਕਦਾ ਹੈ।
If you are not  a member of any Organization, still you can fill up this form, so that we can become an unstoppable force.


ਸੰਸਥਾ / ਗੁਰਦੁਆਰੇ / ਵਿਅਕਤੀ ਦਾ ਨਾਮ
Name of Organization / Gurudwara / Individual :

ਸੰਸਥਾ / ਗੁਰਦੁਆਰੇ / ਵਿਅਕਤੀ ਦਾ ਪਤਾ
Address of Organization / Gurudwara / Individual :

City Name :

Country :

Please select Country from drop down list
Postal Code :
Phone :
Email :
ਸੰਸਥਾ ਦਾ ਪ੍ਰਧਾਨ ਜਾਂ ਸੰਪਰਕ ਵਿਅਕਤੀ
Name of President or Contact Person :
Contact Person's Phone : 

    


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top