Main News Page

ਮਹਾਕਾਲ ਦੇ ਪੁਜਾਰੀਆਂ ਅੱਗੇ ਅਕਾਲ ਤਖਤ ਦਾ ਜੱਥੇਦਾਰ ਸਮਝ ਕੇ ਕਿਸੇ ਸਿੱਖ ਨੂੰ ਤਰਲੇ ਕੱਢਦੇ ਦੇਖਦਾ ਹਾਂ ਉਨ੍ਹਾਂ ਦੀ ਅਗਿਆਨਤਾ ਤੇ ਕਮਜ਼ੋਰੀ ਤੇ ਦੁੱਖ ਹੁੰਦਾ ਹੈ

ਬੀਤੇ ਵਿੱਚ ਇੱਕੋ ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਖਾਲਸਾ ਪੰਥ ਵਲੋਂ ਗੁਰੂ ਕੇ ਅਦਬ ਲਈ ਬਰਾਬਰੋਂ ਬਚਿੱਤਰ ਨਾਟਕ ਵਰਗੇ ਅਸ਼ਲੀਲ ਬ੍ਰਾਹਮਣੀ ਗ੍ਰੰਥ ਨੂੰ ਹਟਾਉਣ ਦੀ ਪੁਰ ਜ਼ੋਰ ਉਠੀ ਅਵਾਜ਼ ਨੂੰ ਅਨਸੁਣੀ ਕਰਕੇ ਉਲਟਾ ਕਾਹਬੇ ਵਿੱਚ ਕੁਫਰ ਵਾਂਗੂੰ ਕਾਲਕਾ ਪੰਥ ਨੇ ਦਰਬਾਰ ਸਾਹਿਬ ਵਿਚ ਭੀ ਕੀਰਤਨੀਆਂ ਨੂੰ ਉਸਦੀਆਂ ਰਚਨਾਵਾਂ ਪੜ੍ਹਨ ਦਾ ਆਦੇਸ਼ ਦੇ ਦਿਤਾ।

ਸਾਰੀ ਸਿੱਖ ਕੌਮ ਬੜੀ ਘਾਲਣਾ ਨਾਲ ਪ੍ਰਾਪਤ ਹੋਏ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਰੱਖਣ ਲਈ ਵਾਸਤੇ ਪਾਉਂਦੀ ਰਹੀ ਪਰ ਖਾਲਸਾ ਪੰਥ ਦੀ ਆਵਾਜ਼ ਅਨਸੁਣੀ ਕਰਕੇ ਆਰ.ਐਸ.ਐਸ ਦੇ ਇਸ਼ਾਰੇ ਤੇ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਬ੍ਰਾਹਮਣੀ ਕੈਲੰਡਰ ਵਿੱਚ ਬਦਲ ਦਿਤਾ ਗਿਆ।

ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਡੇਰਿਆਂ ਤੇ ਜਾਕੇ ਡੇਰਿਆਂ ਦੀ ਮਰਿਯਾਦਾ ਨੂੰ ਪ੍ਰਮਾਣਿਕਤਾ ਦਿੱਤੀ ਜਾ ਰਹੀ ਹੈ। ਸਭ ਜਾਣਦੇ ਹਨ ਕੇ ਕੇਵਲ ਸਿਆਸੀ ਗੁਲਾਮੀ ਦਾ ਪ੍ਰਤੀਕ ਬਣ ਕੇ ਆਏ ਦਿਨ ਤਲਬ ਕਰਨ ਅਤੇ ਹੁਕਮ ਜਾਰੀ ਹੋ ਰਹੇ ਹਨ।

ਗੁਰਬਾਣੀ ਫੁਰਮਾਣ -- ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥

ਸਭ ਕੁੱਛ ਵੇਖਦਿਆਂ ਚਾਖਦਿਆਂ ਸੁਣਦਿਆਂ ਜਿਹੜਾ ਅੱਖਾਂ ਬੰਦ ਕਰ ਲਵੇ ਉਹਨੂੰ ਕੀ ਆਖਾਂ।

ਜਦੋਂ ਕੁੱਛ ਸਿੱਖ ਅਖਵਾਉਣ ਵਾਲੇ ਵੀਰਾਂ ਨੂੰ ਕਿਸੇ ਕੌਮੀ ਜਾਂ ਜ਼ਾਤੀ ਕਾਜ਼ ਵਿਚ ਸੰਭਾਲ ਜਾਂ ਇਨਸਾਫ ਲਈ ਇਹਨਾਂ ਮਹਾਕਾਲ ਦੇ ਪੁਜਾਰੀਆਂ ਅੱਗੇ ਅਕਾਲ ਤਖਤ ਦਾ ਜੱਥੇਦਾਰ ਸਮਝ ਕੇ ਤਰਲੇ ਕੱਢਦੇ ਦੇਖਦਾ ਹਾਂ ਉਨ੍ਹਾਂ ਦੀ ਅਗਿਆਨਤਾ ਤੇ ਕਮਜ਼ੋਰੀ ਤੇ ਦੁੱਖ ਹੁੰਦਾ ਹੈ।

ਇਹਨਾਂ ਗ਼ੁਲਾਮ ਦਰ ਗ਼ੁਲਾਮ ਸਿੱਖੀ ਸਿਧਾਂਤ ਦੇ ਘਾਤਕ ਕੇਸਾਧਾਰੀ ਬ੍ਰਾਹਮਣ, ਧਾਰਮਿਕ ਪਦਵੀਆਂ ਤੇ ਕਾਬਜ਼ ਲੋਕਾਂ ਦੇ ਸਾਹਮਣੇ ਅਜੇ ਭੀ ਕੌਮ ਦੇ ਕਿਸੇ ਮਸਲੇ ਨੂੰ ਸੁਲਝਾਉਣ ਲਈ ਅਪੀਲਾਂ ਕਰਦੇ ਕੁੱਝ ਸਿੱਖਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਉਹਨਾਂ ਦੀ ਅਗਿਆਨਤਾ ਲਈ ਤਰਸ ਆਉਂਦਾ ਹੈ ਕਿ ਇਹਨਾ ਜੱਥੇਦਾਰਾਂ ਦੀ ਅਜੇ ਭੀ ਪਛਾਣ ਨਹੀਂ ਹੋਈ ਅਤੇ ਜੋ ਲੋਕ ਇਹਨਾਂ ਕੋਲੋਂ ਕਿਸੇ ਕੌਮੀ ਮਸਲੇ ਤੇ ਸੱਚ ਝੂਠ ਦੇ ਨਿਤਾਰੇ ਦੀ ਆਸ ਲਾਈ ਬੈਠੇ ਹਨ ਫਿਰ ਬਾਬਾ ਕਬੀਰ ਜੀ ਠੀਕ ਕਹਿਂਦੇ ਹਨ

ਬੈਲ ਕਉ ਨੇਤ੍ਰਾ ਪਾਇ ਦੁਹਾਵੈ

ਕਬੀਰ ਜੀ ਕਹਿਂਦੇ ਹਨ ਕੇਡੇ ਅਗਿਆਨੀ ਲੋਕ ਹਨ ਜਿਹੜੇ ਗਉ ਦੇ ਭੁਲੇਖੇ ਬੈਲ ਨੂੰ ਨੇਤਰਾ ਪਾਕੇ ਚੋਣ ਲਗ ਪੈਂਦੇ ਹਨ ਅਤੇ ਆਸ ਰੱਖਦੇ ਹਨ ਬੈਲ ਦੁਧ ਦੇਵੇਗਾ, ਉਹਨਾਂ ਨੂੰ ਤਾਂ ਗਉ ਅਤੇ ਬੈਲ ਵਿਚ ਫਰਕ ਦੀ ਪਛਾਣ ਭੀ ਨਹੀਂ ਹੈ।

ਵਿਸ਼ਵਾਸ਼ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਅੱਗੇ ਮੱਥਾ ਟੇਕਣ ਵਾਲਾ, ਕਾਫਰਾਂ ਦੇ ਕੁਫਰ ਅੱਗੇ ਹੱਥ ਜੋੜ ਕੇ ਖੜਾ ਨਹੀਂ ਹੋ ਸਕਦਾ ।

ਮੈਂ ਸਮਝਦਾ ਹਾਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਬਣਕੇ ਸਿੱਖ ਕੌਮ ਅਪਣੇ ਜੀਵਨ ਵਿਚੋਂ ਇਹਨਾ ਕਾਲਕਾ ਪੰਥੀਆਂ ਨੂੰ ਛੇਕ ਦੇਵੇ ਅਤੇ ਕੌਮੀ ਕਿਸੇ ਮਸਲੇ ਤੇ ਇਹਨਾ ਨਾਲ ਕੋਈ ਸਬੰਧ ਜਾਂ ਆਸ ਨਾ ਰੱਖੇ। ਤਾਂ ਹੀ ਕੌਮ ਇਹਨਾਂ ਦੇ ਸਿਆਸੀ ਜਾਲ ਤੋਂ ਬਾਹਰ ਨਿਕਲ ਸਕੇਗੀ ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ

ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top