Main News Page

 

 

ਗੁਰੂ ਗ੍ਰੰਥ ਦੇ ਸਿੱਖ ਅਖਵਾਉਣ ਵਾਲਿਓ ਉਠੋ ਅੱਜ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿੱਚਕੇ ਫੈਸਲਾ ਕਰੀਏ ਕੇ ਅਸੀਂ ਖਾਲਸਾ ਪੰਥ ਦੇ ਜੀਵਨ ਵਿਚੋਂ ਕਾਲਕਾ ਪੰਥ ਨੂੰ ਛੇਕ ਦਿੱਤਾ ਹੈ

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੇ॥ ਪੰ. 212

ਅਰਥ-ਮਨੁੱਖ ਅਗਿਆਨਤਾ ਵੱਸ ਜਿੱਥੇ ਜੋ ਹੈ ਨਹੀਂ, ੳਥੋਂ ਉਹ ਢੂੰਡ ਰਿਹਾ ਹੈ।

ਅਗਿਆਨਤਾ ਦੇ ਅੰਧੇਰੇ ਵਿਚ ਮਨੁੱਖ ਅੱਜ ਮਹਾਕਾਲ ਕਾਲਕਾ ਗ੍ਰੰਥ ਦੇ ਪੂਜਾਰੀ ਕਾਲਕਾ ਪੰਥ ਵਲੋਂ ਕਬਜ਼ਾ ਕੀਤੇ ਧਰਮ ਸਥਾਨਾਂ, ਗੁਰਦੁਆਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਸਿਧਾਂਤ ਦੀ ਸਿੱਖੀ ਭਾਲ ਰਿਹਾ ਹੈ। ਜਿਥੇ ਦੀ ਸਿੱਖੀ ਗੋਲ ਪੱਗਾਂ ਅਤੇ ਨੀਲੇ ਪੀਲੇ ਬਾਣਿਆਂ ਦਾ ਇੱਕ ਬਚਿੱਤਰ ਨਾਟਕ ਬਣ ਕੇ ਰਹਿ ਗਈ ਹੈ ਅਤੇ ਇਹ ਨਾਟਕੀ ਸਿੱਖੀ ਨੂੰ ਦੇਖ ਕੇ ਹੀ ਸਿੱਖ ਜੁਆਨੀ ਸਿੱਖੀ ਤੋਂ ਨਾਸਤਕ ਹੋ ਰਹੀ ਹੈ। ਇਹਨਾ ਕਾਲਕਾ ਪੰਥੀਆਂ ਦੇ ਕਬਜ਼ੇ ਹੇਠ ਆਏ ਹੋਏ ਧਰਮ ਅਸਥਾਨਾਂ ਤੇ ਦਿਨ ਰਾਤ ਸਿੱਖੀ ਦਾ ਬਚਿੱਤਰ ਨਾਟਕ ਚੱਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੂੜ ਗ੍ਰੰਥ ਦੇ ਪ੍ਰਕਾਸ਼, ਅਖੰਡ ਪਾਠਾਂ ਦੀਆਂ ਲੜੀਆਂ, ਬਕਰਿਆਂ ਦੀਆਂ ਬਲੀਆਂ, ਬ੍ਰਾਹਮਣਵਾਦ ਅਨੁਸਾਰ ਮੱਥੇ ਟਿਕਾ ਤੇੜ ਧੋਤੀ ਕਖਾਈ ਵਾਲੀ ਸਾਰੀ ਮਨਮੱਤ ਗੁਰਦੁਆਰਿਆਂ ਵਿੱਚ ਗੁਰਬਾਣੀ ਦੀ ਰੋਸ਼ਨੀ ਨਹੀਂ ਬਲਕਿ ਗੋਲਕ ਦੀ ਚਕਾਚੌਂਧ ਜਿਸ ਦੇ ਦੁਆਲੇ ਅਖੌਤੀ ਸਿੱਖ ਸ਼ਕਤੀ ਦਿਨ ਰਾਤ ਪ੍ਰਕਰਮਾ ਕਰ ਰਹੀ ਹੈ ।

ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥ ਪੰ. 1412

ਅਗਿਆਨਤਾ ਕਾਰਨ ਅੱਜ ਸਿੱਖੀ ਦੀ ਚਾਹਤ ਵਾਲੇ ਲੋਕ ਭੀ ਦੁਬਿਧਾ ਵਿਚ ਖੜੇ ਕਾਲਕਾ ਪੰਥ ਦੇ ਚਿੱਕੜ ਵਿਚੋਂ ਸਿੱਖੀ ਸਿਧਾਂਤ ਦੇ ਮੋਤੀ ਪ੍ਰਾਪਤ ਹੋਣ ਦੀ ਆਸ ਨਾਲ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਸ੍ਰੀ ਅਕਾਲ ਤਖਤ ਸਿੱਖਾਂ ਦਾ ਪਵਿੱਤਰ ਸਿਧਾਂਤ ਹੈ ਪਰ ਵਿਚਾਰੇ ਆਮ ਲੋਕ ਕਿਡੇ ਭੋਲੇ ਹਨ, ਅੱਜ ਸਿਆਸੀ ਖਸਮਾਂ ਦੇ ਦਰ ਤੇ ਗੁਲਾਮਾਂ ਨੂੰ ਪਵਿੱਤਰ ਤਖਤਾਂ ਦੇ ਜੱਥੇਦਾਰ ਮੰਨ ਕੇ ਹੀ ਸਿਰ ਝੁਕਾਈ ਜਾਂਦੇ ਹਨ। ਸਿੱਖ ਅੱਜ ਸਿਆਸੀ ਗੁਲਾਮ ਜੱਥੇਦਾਰਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜਾਂ ਦਸਮ ਗੁਰੂ ਸਮਝ ਕੇ ਵੱਡਾ ਅਪ੍ਰਾਧ ਕਰ ਰਿਹਾ ਹੈ। ਗੁਰੂ ਇਸ ਭੁਲੇਖੇ ਬਾਰੇ ਬਚਨ ਕਰਦੇ ਹਨ:

"ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥ ਗਊ ਚਰਿ ਸਿੰਘ ਪਾਛੈ ਪਾਵੈ ॥2॥ ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਸਉਦੇ ਕਉ ਧਾਵੈ ਬਿਨੁ ਪੂੰਜੀ ॥3॥" ਪੰ. 198

ਸਤਿਗੁਰੂ ਗੁਰੂ ਗ੍ਰੰਥ ਨੇ ਦਰੀਆਵਾਂ ਦੇ ਕੰਢੇ ਬਣੀਆਂ ਹੋਈਆਂ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਨੂੰ ਤੀਰਥ ਜਾਣ ਕੇ ਪੂਜਨ ਤੋਂ ਰੋਕਿਆ ਸੀ ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥ ਤੇ ਬਚਨ ਕੀਤਾ ਸੀ

"ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥3॥" ਪੰ. 17

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ ਪੰ. 262
ਸ਼ਬਦ ਗੁਰੂ ਰੂਪ ਤੀਰਥ ਦੇ ਗਿਆਨ ਰੂਪ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰੋ।

ਪਰ ਅੱਜ ਸਿੱਖ ਬਚਿਤਰ ਨਾਟਕੀ ਲੰਬੀਆਂ ਲੰਬੀਆਂ ਤੀਰਥ ਯਾਤਰਾਂ ਰਾਹੀਂ ਅਪਣਾ ਸਮਾਂ ਤੇ ਸਰਮਾਇਆ ਬਰਬਾਦ ਕਰ ਰਿਹਾ ਹੈ। ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੂੜ ਗ੍ਰੰਥ ਦਾ ਪ੍ਰਕਾਸ਼ ਦੇਖ ਕੇ ਅਤੇ ਕੂੜ ਗ੍ਰੰਥ ਦੀਆਂ ਰਚਨਾਵਾਂ ਪ੍ਹੜ ਸੁਣ ਕੇ ਭੀ ਮੱਥਾ ਟੇਕ ਆਉਂਦਾ ਹੈ ਇਓਂ ਗੁਰੂ ਬੇਅਦਬੀ ਦਾ ਭਾਗੀ ਬਣ ਰਿਹਾ ਹੈ। ਅਤੇ ਇਹ ਸਭ ਕੁਛ ਸਿੱਖ ਦੀ ਦੁਬਿਧਾ ਕਰਕੇ ਹੀ ਹੋ ਰਿਹਾ ਹੈ ਕਿਉਂਕੇ ਸਿੱਖ ਅਜੇ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿੱਚ ਕੇ ਗੁਰੂ ਪ੍ਰਤੀ ਅਪਣੀ ਵਫਾਦਾਰੀ ਦਾ ਫੈਸਲਾ ਨਹੀਂ ਕਰ ਸਕਿਆ ਕਿ ਮੈਂ ਕੇਵਲ ਸ੍ਰੀ ਗੁਰੂ ਗ੍ਰੰਥ ਦਾ ਪੰਥ ਹਾਂ ਕਿਸੇ ਕਲਮੂਹੇ ਕਾਲਕਾ ਪੰਥ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਇਹ ਸਿੱਖ ਦੀ ਦੁਬਿਧਾ ਹੈ ਕਿ ਗੁਰੂ ਗ੍ਰੰਥ ਦੀ ਹਜ਼ੂਰੀ ਵਿਚ ਬੈਠ ਕੇ ਗੁਰੂ ਦਾ ਸਿੱਖ ਭੀ ਅਖਵਾੳਂਦਾ ਹੈ ਅਤੇ ਕਾਲਕਾ ਪੰਥੀਆਂ ਅੱਗੇ ਭੀ ਹੱਥ ਜੋੜ ਕੇ ਸਿਰ ਝੁਕਾ ਆਉਂਦਾ ਹੈ। ਗੁਰੂ ਫੈਸਲਾ ਦੇ ਰਿਹਾ ਹੈ :

ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥ ਪੰ. 419

ਸਿੱਖਾ ਆ ਦੁਬਿਧਾ ਛੱਡ ਕੇ ਇਕ ਦਾ ਹੋ ਜਾ, ਇਸ ਕਾਲਕਾ ਗ੍ਰੰਥ ਅਤੇ ਕਾਲਕਾ ਪੰਥ ਨਾਲ ਸਬੰਧ ਜੋੜ ਕੇ ਜੀਵਨ ਦੀ ਰਾਸ ਲੁਟਾ ਬੈਠੇਂਗਾ। ਕਾਲਕਾ ਪੰਥੀਆਂ ਦਾ ਹਰ ਪਾਸਿਓਂ ਅੱਜ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਦੇ ਪੰਥ ਨੂੰ ਸੁਰਖਸ਼ਤ ਦੇਖਣ ਦੀ ਚਾਹਵਾਨ ਆਵਾਜ਼ ਨੂੰ ਹਰ ਹੀਲੇ ਖਤਮ ਕਰਨਾ ਹੀ ਹੈ। ਓ ਗੁਰੂ ਗ੍ਰੰਥ ਦੇ ਸਿੱਖ ਅਖਵਾਣ ਵਾਲਿਓ ਉਠੋ ਅੱਜ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿੱਚਕੇ ਫੈਸਲਾ ਕਰੀਏ ਕੇ ਅਸੀਂ ਖਾਲਸਾ ਪੰਥ ਦੇ ਜੀਵਨ ਵਿਚੋਂ ਕਾਲਕਾ ਪੰਥ ਨੂੰ ਛੇਕ ਦਿਤਾ ਹੈ, ਜਿਥੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗੂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਿਸੇ ਮੂਰਤੀ ਜਾਂ ਦੇਹ ਧਾਰੀ ਦਾ ਆਸਣ ਲਗਦਾ ਹੋਵੇ ਜਦੋਂ ਤਕ ਉਥੋਂ ਹੱਟ ਨਾ ਜਾਵੇ ਸਿੱਖ ਐਸੇ ਕਿਸੇ ਅਸਥਾਨ ਤੇ ਬਿਲਕੁਲ ਨਹੀਂ ਜਾਵੇਗਾ, ਨਾ ਹੀ ਕਿਸੇ ਕਿਸਮ ਦੀ ਭੇਟਾ ਜਾਂ ਦਾਨ (Donation) ਭੇਜੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੂੜ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਜਾਂ ਉਸ ਕੂੜ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਅੰਗ ਕਹਿਣ ਵਾਲੇ ਕਿਸੇ ਵੀ ਅਪਰਾਧੀ ਵਿਅਕਤੀ ਨੂੰ ਭਾਵੇਂ ਕਿਤਨੀ ਭੀ ਵੱਡੀ ਪਦਵੀ ਤੇ ਕਾਬਜ਼ ਹੋਵੇ, ਸਿੱਖ ਉਸ ਨਾਲ ਕੋਈ ਸਬੰਧ ਨਹੀਂ ਰੱਖੇਗਾ ਅਤੇ ਉਸਨੂੰ ਮੂਹ ਨਹੀਂ ਲਾਵੇਗਾ। ਅੱਜ ਸਿੱਖੀ ਲਈ ਘਾਤਕ ਅਤੇ ਖਤਰਨਾਕ ਹਮਲਿਆਂ ਵਿਚੋਂ ਬਚਾਉਣ ਖਾਤਰ ਗੁਰੂ ਇੱਕ ਆਵਾਜ਼ ਦੇਂਦਾ ਹੈ,

"ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥4॥" ਪੰ. 434

ਇਸ ਲਈ ਸਿੱਖਾ ਯਾਦ ਰੱਖ ਤੈਨੂੰ ਹੁਕਮ ਹੈ ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥

ਗੁਰੂ ਗ੍ਰੰਥ ਦੇ ਪੰਥ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ
29 June 2010


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top