Main News Page

‘ਗੁਰੂ’ ਸ਼ਬਦ ਬਾਰੇ ਸੰਵਾਦ

‘ਗੁਰੂ’ ਸ਼ਬਦ ਇਸ ਢੰਗ ਨਾਲ ਚਰਚਿਤ ਵਿਸ਼ਾ ਹੋ ਜਾਵੇਗਾ ਇਹ ਨਹੀਂ ਸੀ ਸੋਚਿਆ।ਗੱਲ ਕੁਝ ਵੀ ਨਹੀਂ ਬੱਸ ਇੰਨੀ ਕੁ ਹੈ ਕਿ ਗੁਰੂ ਨਾਨਕ ਰੱਬੀ ਸ਼ਬਦ ਗਿਆਨ ਦਾ ਸੋਮਾ ਅਤੇ ਉਸ ਦਾ ਅਚਾਰੀ ਹੋਣ ਕਰਕੇ ਗੁਰੂ ਸੀ ਨਾ ਕਿ ਸਰੀਰ ਕਰਕੇ।ਇਸ ਬਾਰੇ ਵਿਸਤਾਰ ਵਿਚ ਦਾਸ ਨੇ ਅਪਣੇ ਵਿਚਾਰ ਇਕ ਲੇਖ ਵਿਚ ਦਿੱਤੇ ਸੀ ਜੋ ਕਿ ਵੱਖ-ਵੱਖ ਵੇਬਸਾਇਟਾਂ ਅਤੇ ਪੱਤਰਕਾਵਾਂ ਵਿਚ ਛੱਪਿਆ ਸੀ।ਪਰ ਥੋੜੀ ਜਿਹੀ ਵਿਚਾਰ ਹੋਰ ਕਰਨ ਦੀ ਲੋੜ ਬਣਦੀ ਹੈ।

ਲੇਕਿਨ ਅੱਗੇ ਤੁਰਨ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਵਾਂ ਕਿ ਜਦ ਵੀ ਅਸੀਂ ਗੁਰੂ ਨਾਨਕ ਦੀ ਗਲ ਕਰਦੇ ਹਾਂ ਤਾਂ ਸਿਧਾਂਤਕ ਤੋਰ ਤੇ, ਨਿਸ਼ਚਤ ਰੂਪ ਵਿਚ, ਅਸੀਂ ਗੁਰੂ ਨਾਨਕ ਦੇ ਸ਼ਰੀਰ ਨੂੰ ਨਹੀਂ ਬਲਕਿ ਗੁਰੂ ਨਾਨਕ ਜੀ ਦੀ ‘ਵਿਚਾਰਕ ਅਤੇ ਅਚਾਰੀ’ ਸ਼ਖ਼ਸੀਅਤ ਨੂੰ ਗੁਰੂ ਕਹਿ ਰਹੇ ਹੁੰਦੇ ਹਾਂ ਨਾਂ ਕਿ ਉਨ੍ਹਾਂ ਦੇ ਸਰੀਰ ਨੂੰ। ਨਾਨਕ ਤੋਂ ਬਾਅਦ ਦੇ ਗੁਰੂਆਂ ਅਤੇ ਭੱਟਾਂ ਨੇ ਵੀ ਇਹੀ ਕੀਤਾ ਸੀ ਅਤੇ ਉਸ ਸਮੇਂ ਦੇ ਜਾਗਰੂਕ ਸਿੱਖ ਵੀ ਇਸ ਤੋਂ ਜਾਣੁ ਸਨ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਲਈ ਗੁਰੂਆਂ ਦੇ ਸਮੇਂ ਹੀ ‘ਜਗਤ ਗੁਰੂ ਬਾਬਾ’ ਵਰਗੇ ਸ਼ਬਦ ਵਰਤੇ ਸੀ।ਭਾਈ ਗੁਰਦਾਸ ਅਪਣੇ ਸਮੇਂ ਦੇ ਇਕ ਉੱਗੇ ਪ੍ਰਚਾਰਕ ਸਨ ਅਤੇ ਬੇਸ਼ਕ ਸਾਡੇ ਨਾਲੋਂ ਜਿਆਦਾ ਗੁਰਮਤਿ ਨਾਲੋਂ ਵਾਕਿਫ਼ ਸਨ।

ਸਵਾਲ ੳਠਦਾ ਹੈ ਕਿ ਕੀ ਭਾਈ ਗੁਰਦਾਸ ਨੂੰ ਗੁਰਮਤਿ ਦੀ ਸਮਝ ਨਹੀਂ ਸੀ? ਸ਼ਾਯਦ ਹੁਣ ਇਹ ਵੀ ਤਰਕ ਹੋ ਸਕਦਾ ਹੈ ਕਿ ਭਾਈ ਗੁਰਦਾਸ ਦੁਆਰਾ ਨਾਨਕ ਲਈ ਕਹੀ ਗੱਲ ‘ਜਗਤ ਗੁਰ ਬਾਬਾ’ ਦੇ ਗਲਤ ਅਰਥ ਕੀਤੇ ਗਏ ਹਨ। ਜਾਂ ਫਿਰ ਇਹ ਵੀ ਕਿ ਭਾਈ ਗੁਰਦਾਸ ਦੀ ਕਹੀ ਇਹ ਗੱਲ ਮਿਲਾਵਟੀ ਹੈ, ਬਾਹਰੀ ਸਾਜਸ਼ ਹੈ।ਲੇਕਿਨ ਇਹ ਦੇਵੇਂ ਤਰਕ ਬੇਮਾਨੀ ਹਨ।ਪਰ ਫਿਰ ਵੀ ਉਪਰਲੇ ਸਵਾਲ ਦਾ ਜਵਾਬ ਲੱਭਣਾ ਤਾ ਬਣਦਾ ਹੀ ਹੈ।ਸਿੱਖ ਦਾ ਕੰਮ ਹੀ ਹੈ ਗੁਰੂ ਤੋਂ ਸਿੱਖਣਾ।

ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਲਈ ‘ਜਗਤ ਗੁਰੁ ਬਾਬਾ’ ਵਰਗੀ ਗੱਲ ਲਿੱਖਦੇ ਅਤੇ ਪ੍ਰਚਾਰਦੇ ਕੋਈ ਸਿਧਾਂਤਕ ਟੱਪਲਾ ਨਹੀਂ ਸੀ ਖਾਦਾ ਕਿਉਂਕਿ ਭਾਈ ਗੁਰਦਾਸ ਤੋਂ ਪਹਿਲਾਂ ਚੋਥੇ ਪਾਤਿਸ਼ਾਹ ਨੇ ਆਪ ਗੁਰੂ ਨਾਨਕ ਲਈ ਇਹ ਗੱਲ ਲਿਖੀ ਸੀ।ਭਾਈ ਗੁਰਦਾਸ ਨੇ ਤਾਂ ਕੇਵਲ ਚੌਥੇ ਪਾਤਿਸ਼ਾਹ ਜੀ ਦੇ ਕਹੇ ਦੀ ਨਕਲ ਮਾਤਰ ਕੀਤੀ ਸੀ। ਆਉ ਜ਼ਰਾ ਬਾਣੀ ਦੇ ਇਕ ਉਦਾਹਰਣ ਨੂੰ ਦੇਖੀਏ:

ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥ ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥ (ਮਹਲਾ 4, ਪੰਨਾ 733, ਆਦਿ ਗੁਰੂ ਗ੍ਰੰਥ ਸਾਹਿਬ)

ਹੇ ਭਾਈ! (ਉਂਞ ਤਾਂ ਆਪਣੇ ਅੰਦਰ ਦੀ ਫਿਟਕਾਰ ਨੂੰ) ਉਹੀ ਮਨੁੱਖ ਜਾਣਦਾ ਹੈ ਜਿਸ ਦੇ ਹਿਰਦੇ ਵਿਚ ਇਹ ਬਖ਼ੀਲੀ ਵਾਲੀ ਦਸ਼ਾ) ਵਾਪਰਦੀ ਹੈ। (ਪਰ) ਤੁਸੀ ਜਗਤ ਦੇ ਗੁਰੂ ਨਾਨਕ (ਪਾਤਸ਼ਾਹ) ਨੂੰ ਭੀ ਪੁੱਛ ਕੇ ਵਿਚਾਰ ਕਰ ਵੇਖੋ (ਇਹ ਯਕੀਨ ਜਾਣੋ ਕਿ) ਜਗਤ ਦੇ ਸ਼ੁਰੂ ਤੋਂ ਲੈ ਕੇ ਯੁਗਾਂ ਦੇ ਸ਼ੁਰੂ ਤੋਂ ਲੈ ਕੇ, ਕਦੇ ਵੀ ਕਿਸੇ ਮਨੁੱਖ ਨੇ (ਮਹਾ ਪੁਰਖਾਂ ਨਾਲ) ਈਰਖਾ ਦੀ ਰਾਹੀਂ (ਆਤਮਕ ਜੀਵਨ ਦਾ ਧਨ) ਨਹੀਂ ਲੱਭਾ। (ਮਹਾਂ ਪੁਰਖਾਂ ਨਾਲ) ਸੇਵਕ-ਭਾਵਨਾ ਰੱਖਿਆਂ ਹੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੁੰਦਾ ਹੈ।੪।੨।੯।

ਭਾਈ ਭਾਈ ਗੁਰਦਾਸ ਜੀ ਨੇ ਚੌਥੇ ਪਾਤਿਸ਼ਾਹ ਦਾ ਅਨੁਸਰਨ ਕਰਦੇ ਹੋਏ ਗੁਰੂ ਨਾਨਕ ਲਈ ‘ਜਗਤ ਗੁਰੂ ਬਾਬਾ’ ਸੰਬੋਧਨ ਵਰਤਿਆ ਸੀ। ਚੋਥੇ ਪਾਤਿਸ਼ਾਹ ਅਤੇ ਭਾਈ ਗੁਰਦਾਸ ਗੁਰੂ ਨਾਨਕ ਦੇ ਗਿਆਨ ਵਿਚਾਰ ਅਤੇ ਅਚਾਰ ਨੂੰ ਗੁਰੂ ਕਹਿੰਦੇ ਸੀ ਨਾ ਕਿ ਗੁਰੂ ਨਾਨਕ ਦੇ ਸਰੀਰ ਨੂੰ। ਇਕ ਹੋਰ ਉਦਾਹਰਣ ਵੇਖੋ:

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ (ਮਹਲਾ 4, ਪੰਨਾ 307, ਆਦਿ ਗੁਰੂ ਗ੍ਰੰਥ ਸਾਹਿਬ)

ਅਰਥ:- ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ । ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ? ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ) ।

ਕੀ ਹੁਣ ਇਹ ਉਦਾਹਰਣ ਵੀ ਗਲਤ ਹਨ।ਗੁਰੂ ਨਾਨਕ ਕਹਿਣ ਦਾ ਮਤਲਬ ਗੁਰੂ ਨਾਨਕ ਦੇ ਵਿਚਾਰ ਗਿਆਨ ਅਤੇ ਅਚਾਰ ਨੂੰ ਗੁਰੂ ਕਹਿਣਾ ਹੈ ਨਾ ਕਿ ਹੱਡ-ਮਾਸ ਨੂੰ।ਉਹੀ ਗਿਆਨ ਵਿਚਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗਿਆਨ ਦੇ ਰੂਪ ਵਿਚ ਸਾਡਾ ਗੁਰੂ ਹੈ।ਗੁਰੂ ਇਸੇ ਗਿਆਨ ਦੇ ਸੋਮੇਂ ਅਤੇ ਅਚਾਰੀ ਹੋਣ ਕਰਕੇ ਗੁਰੂ ਕਹੇ ਜਾਂਦੇ ਸੀ ਅਤੇ ਜਾਗਰੂਕ ਸਿੱਖ ਇਸੇ ਨੁਕਤੇ ਦੇ ਅਧਾਰ ਤੇ ਗੁਰੂਆਂ ਨੂੰ ਗੁਰੂ ਕਹਿੰਦੇ ਹਨ।ਹਾਂ ਉਨ੍ਹਾਂ ਲਈ ਸਤਿਕਾਰ ਵਜੋਂ ਪਾਤਿਸ਼ਾਹ, ਬਾਬਾ ਵਰਗੇ ਸ਼ਬਦ ਵੀ ਇਸਤੇਮਾਲ ਹੁੰਦੇ ਹਨ ਕੋਈ ਵੀ ਸ਼ਬਦ ਅਛੂਤ ਨਹੀਂ ਹੈ।

ਗੁਰੂ ਬਾਣੀ ਵਿਚ ਗੁਰੂ ਸ਼ਬਦ ਤਿੰਨ ਸੰਧਰਭਾਂ ਵਿਚ ਵਰਤਿਆ ਗਿਆ ਹੈ। (1) ਪਰਮਾਤਮਾ ਲਈ (2) ਸ਼ਬਦ ਗਿਆਨ ਲਈ (3) ਸ਼ਬਦ ਗਿਆਨ ਦੇ ਸੋਮੇਂ ਗੁਰੂਆਂ ਲਈ

ਜੇਕਰ ਅਸੀਂ ਸਹੀ ਸੰਧਰਭ ਨੂੰ ਨਾ ਸਮਝ ਸਕੀਏ ਤਾਂ ਅਰਥਾਂ ਦਾ ਅਨਰਥ ਹੋ ਸਕਦਾ ਹੈ।ਮਿਸਾਲ ਦੇ ਤੋਰ ਤੇ ਪਰਮਾਤਮਾ ਨੂੰ ਗੁਰਬਾਣੀ ਵਿਚ ਖਸਮ, ਮਾਂ, ਪਿਤਾ, ਭ੍ਰਾਤਾ, ਮਿਤ੍ਰ ਆਦਿ ਸੰਬੋਧਨਾਂ ਤੋਂ ਵੀ ਪੁਕਾਰਿਆ ਗਿਆ ਹੈ। ਤਾਂ ਕਿ ਹੁਣ ਅਸੀਂ ਸਾਰੇ ਅਪਣੇ ਪਿਤਾ ਨੂੰ ਪਿਤਾ, ਅਪਣੀ ਮਾਤਾ ਨੂੰ ਮਾਤਾ, ਅਪਣੇ ਭ੍ਰਾਤਾ ਨੂੰ ਭ੍ਰਾਤਾ ਜਾਂ ਅਪਣੇ ਮਿਤ੍ਰ ਨੂੰ ਮਿਤਰ ਨਹੀਂ ਆਖ ਸਕਦੇ? ਕਿ ਇਹ ਆਖ ਦੇਣ ਨਾਲ ਉਹ ਸਾਰੇ ਪਰਮਾਤਮਾ ਹੋ ਜਾਣਗੇ ਅਤੇ ਗੁਰਮਤਿ ਭੰਗ ਹੋ ਜਾਵੇਗੀ? ਕੀ ਕੋਈ ਇਸਤਰੀ ਹੁਣ ਕੇਵਲ ਇਸ ਕਰਕੇ ਅਪਣੇ ਪਤੀ ਨੂੰ ਪਤੀ ਨਾ ਆਖੇ ਕਿਉਂਕਿ ਅਸਲ ਪਤੀ ਤਾਂ ਪਰਮਾਤਮਾ ਹੈ?

ਪਰਮਾਤਮਾ ਪੈਦਾ ਕਰਣ ਵਾਲਾ ਹੈ! ਇਸ ਬਿਆਨ ਦਾ ਸੰਧਰਭ ਵੱਖਰਾ ਹੈ। ਮਾਤਾ-ਪਿਤਾ ਸੰਤਾਨ ਪੈਦਾ ਕਰਦੇ ਹਨ! ਇਹ ਸੰਧਰਭ ਵੱਖਰਾ ਹੈ। ਮਾਤਾ ਨੂੰ ਜਨਨੀ ਆਖ ਦੇਂਣ ਨਾਲ ਗੁਰਮਤਿ ਭੰਗ ਨਹੀਂ ਹੁੰਦੀ ਕਿੳਕਿ ਇਹ ਦੋਵੇਂ ਗੱਲਾਂ ਬਾਣੀ ਵਿਚ ਮਿਲਦੀਆਂ ਹਨ। ਬੇਸ਼ਕ ਸੰਧਰਭ ਵੱਖਰੇ-ਵੱਖਰੇ ਹਨ।

ਸਾਨੂੰ ਇਹ ਸਵੀਕਾਰ ਕਰ ਲੇਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੀ ਦਿਤੀ ਹੋਈ ਮਤਿ ਨੂੰ ਅਗਲੇ ਗੁਰੂ ਸਾਡੇ ਨਾਲੋਂ ਜਿਆਦਾ ਜਾਂਣਦੇ ਸੀ ।ਉਨ੍ਹਾਂ ਗੁਰੂ ਨਾਨਕ ਨੂੰ ਗੁਰੂ ਕਹਿ ਕੇ ਕੋਈ ਸਿਧਾਂਤ ਭੰਗ ਨਹੀ ਸੀ ਕੀਤਾ।
ਪਰਮਾਤਮਾ ਗੁਰੂ ਹੈ ਕਿਉਂਕਿ ਉਹ ਕਰਤਾ ਹੈ ਬਖ਼ਸ਼ੀਸ਼ ਕਰਨ ਵਾਲਾ ਹੈ। ਸ਼ਬਦ (ਗਿਆਨ) ਗੁਰੂ ਹੈ ਕਿੳਕਿ ਉਹ ਪਰਮਾਤਮਾ ਦੀ ਸਹੀ ਸਮਝ ਦਿੰਦਾ ਹੈ।ਗੁਰੂ ਗੁਰੂ ਸਨ ਕਿੳਕਿ ਉਹ ਰੱਬੀ ਗਿਆਨ ਦੇ ਸੋਮੇਂ ਅਤੇ ਉਸ ਗਿਆਨ ਦੇ ਸੱਚੇ ਅਚਾਰੀ ਸਨ ਜਿਨ੍ਹਾਂ ਦੇ ਜੀਵਨ ਅਚਾਰ ਤੋਂ ਅਸੀਂ ਬਹੁਤ ਕੁਝ ਸਿੱਖਿਆ ਅਤੇ ਆਉਂਣ ਵਾਲੀਆਂ ਨਸਲਾਂ ਵੀ ਸਿੱਖਦੀਆਂ ਰਹਿਣਗੀਆਂ। ਇਨ੍ਹਾਂ ਤਿਨਾਂ ਪਰਿਪੇਖਾਂ ਵਿਚ ਹੀ ਸਾਨੂੰ ‘ਗੁਰੂ’ ਸੰਬੋਧਨ ਨੂੰ ਸਮਝਣਾ ਚਾਹੀਦਾ ਹੈ।

ਦੁਹਰਾ ਦੇਵਾਂ! ਗੁਰੂ ਨਾਨਕ ਦਾ ਸਰੀਰ ਗੁਰੂ ਨਹੀਂ ਸੀ ਬਲਕਿ ਗੁਰੂ ਨਾਨਕ ਦਾ ਰੱਬੀ ਗਿਆਨ ਹੀ ਸਾਡਾ ਗੁਰੂ ਸੀ ਅਤੇ ਹੈ ਵੀ।ਇਸ ਕਰਕੇ ਨਾਨਕ ਨੂੰ ਗੁਰੂ ਨਾਨਕ ਕਹਿ ਕੇ ਯਾਦ ਕਰਨਾ ਬਿਲਕੁਲ ਠੀਕ ਹੈ।ਇਸ ਵਿਚ ਕੋਈ ਵੀ ਸਿਧਾਂਤਕ ਕੋਤਾਹੀ ਨਹੀਂ ਹੁੰਦੀ।

- ਹਰਦੇਵ ਸਿੰਘ, ਜੰਮੂ
094191-84990


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top