Main News Page

ਗੁਰੂ ਪਦ ਬਾਰੇ ਵਿਚਾਰ

ਪ੍ਰਸਤੁਤ ਲੇਖ ‘ਤੱਤ ਗੁਰਮਤਿ ਪਰਿਵਾਰ’ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਦੇ ਆਧਾਰ ਤੇ ਹੈ। ਕੁਝਕੁ ਪੰਗਤੀਆਂ ਨੂੰ ਛੱਡਕੇ ਤਕਰੀਬਨ ਸਾਰੇ ਦੇ ਸਾਰੇ ਵਿਚਾਰ ਉਸੇ ਰੂਪ ਵਿੱਚ ਹੀ ਪੇਸ਼ ਕੀਤੇ ਗਏ ਹਨ ਜਿਸ ਰੂਪ ਵਿੱਚ ਮੇਰਾ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਹੋਇਆ ਸੀ।

ਸਿੱਖ ਰਹਿਤ ਮਰਯਾਦਾ ਜੋ ਕਿ ਏਸ ਵਕਤ ਲਾਗੂ ਹੈ, ਵਿੱਚ ਸਿੱਖ ਦੀ ਤਾਰੀਫ਼ ਅਧੀਨ ਲਫ਼ਜ਼ ਆਏ ਹਨ “ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ….”
ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ “ਗੁਰੂ” ਲਫ਼ਜ਼ ਲਿਖੇ ਹੋਣ ਨਾਲ਼ ਕੋਈ ਗੁਰਮਤ ਵਿਰੋਧੀ ਗੱਲ ਹੋ ਰਹੀ ਹੈ। “ਗੁਰੂ” ਲਫ਼ਜ਼ ਤਾਂ ਗੁਰੂ ਸਾਹਿਬਾਂ ਨੂੰ ਸੰਬੋਧਨ ਕਰਨ ਲਈ ਉਨ੍ਹਾਂ ਦੇ ਸਮੇਂ ਤੋਂ ਹੀ ਵਰਤਿਆ ਜਾ ਰਿਹਾ ਹੈ। ਇਸ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਸੇਧ ਮਿਲਦੀ ਹੈ। ਦੇਖੋ ਭੱਟਾਂ ਦੇ ਸਵਈਏ:

“ਗਾਵਹਿ ਇੰਦ੍ਰਾਦ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (ਪੰਨਾ- 1389)।
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥” (ਪੰਨਾ-1390)।
“ ਗੁਰੁ ਜਗਤ ਫਿਰਣ ਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥” (ਪੰਨਾ- 1391)।
(ਅਰਥ: ਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ)।
“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥” (ਪੰਨਾ-1393)।
“ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥” (ਪੰਨਾ- 1394)।
“ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥” (ਪੰਨਾ-1396)।
“ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੈ॥” (ਪੰਨਾ- 1398)।
“ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ ਗੁਰੁ ਅਰਜਨ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ (ਪੰਨਾ- 1407)।
ਗੁਰੂ ਸਾਹਿਬਾਂ ਦੇ ਸਮਂੇ ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ਼ ਸੰਬੋਧਨ ਕੀਤਾ ਜਾਂਦਾ ਸੀ ਅਤੇ ਹੋਰ ਭਗਤਾਂ ਨੂੰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ “ਭਗਤ” ਸ਼ਬਦ ਨਾਲ਼ ਸੰਬੋਧਨ ਕੀਤਾ ਗਿਆ ਹੈ।
“ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰ ਸਦਾ ਗਾਵਹਿ ਸਮ ਲੋਚਨ॥ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥” (ਪੰਨਾ-1390)।
“ਉਧਉ ਅਕ੍ਰੁਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ ਸੋਈ ਨਾਮੁ ਅਣਲੁ ਭਗਤਹ ਭਵ ਤਾਰਣੁ ਅਮਰਦਾਸੁ ਗੁਰੁ ਕਉ ਫੁਰਿਆ॥” (ਪੰਨਾ-1393)
“ਜਗਿ ਦਾਤਾ ਸੋਈ ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥” (ਪੰਨਾ-923)।
ਤੱਤ ਗੁਰਮਤਿ ਪਰਿਵਾਰ ਵੱਲੋਂ ਉਠਾਇਆ ਗਿਆ ਇਤਰਾਜ (04-10-09) :-“ਹੁਣ ਤੱਕ ਜੋ ‘ਗੁਰੂ’ ਪਦ ਬਾਰੇ ਆਏ ਇਤਰਾਜ਼ / ਸ਼ੰਕੇ ਸਾਨੂੰ ਪ੍ਰਾਪਤ ਹੋਏ ਹਨ ਉਨ੍ਹਾਂ ਵਿੱਚ ਕਿਸੇ ਵੀ ਪਾਠਕ / ਵਿਦਵਾਨ ਨੇ ਸਾਡੇ ਵੱਲੋਂ ਉਠਾਏ ਗੁਰਮਤਿ ਅਨੁਸਾਰ ‘ਗੁਰੂ’ ਪਦ ਬਾਰੇ ਨੁਕਤਿਆਂ ਦਾ ਸਿਧਾਂਤਕ ਅਤੇ ਦਲੀਲਯੁਕਤ ਜਵਾਬ ਨਹੀਂ ਦਿੱਤਾ। ਬੱਸ ਪ੍ਰਚਲਿਤ ਹੈ, ਪ੍ਰੰਪਰਾ ਹੈ, ਆਦਿ ਦਾ ਹੀ ਜਵਾਬ ਦਿੱਤਾ ਹੈ”।
ਵਿਚਾਰ (08-10-09): ਸ:--(?)-- ਸਿੰਘ ਜੀ! ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਪੇਸ਼ ਕਰਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬਾਂ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਨ ਦੀ ਪਰਮਪਰਾ ਉਨ੍ਹਾਂ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਮੰਨਿਆ ਕਿ ਇਹ ਪਰੰਪਰਾ ਹੈ, ਪਰ ਇਹ ਗੁਰੂ ਸਾਹਿਬਾਂ ਦੇ ਸਮੇਂ ਦੀ ਹੈ। ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬਾਂ ਨੇ ਆਪ ਹੀ ਗ਼ਲਤ ਪਰੰਪਰਾ ਕਾਇਮ ਕੀਤੀ ਹੋਈ ਸੀ।
ਗੁਰਮਤਿ ਅਨੁਸਾਰ ਸਿੱਖ ਦਾ ਗੁਰੂ ਕੌਣ ਹੈ ਇਸ ਬਾਰੇ ‘ਭਾਈ ਕਾਨ੍ਹ ਸਿੰਘ ਨਾਭਾ ਦੇ ਵਿਚਾਰ (25-01-10):- ਭਾਈ ਕਾਨ੍ਹ ਸਿੰਘ ਨਾਭਾ ਨੇ ‘ਗੁਰੂ’ ਪਦ ਦੇ ਅਰਥ ਇਸ ਤਰ੍ਹਾਂ ਲਿਖੇ ਹਨ:
ਅਗ੍ਯਾਨਵਿਨਾਸ਼ਕ, ਸਤ੍ਯਧਰਮ ਅਤੇ ਹਿਤ ਉਪਦੇਸ਼ਟਾ ਦਾ ਨਾਉਂ ਗੁਰੂ ਹੈ, ਪਰ ਇਸ ਪਦ ਦੀ ਗੁਰੂ ਨਾਨਕ ਦੇਵ ਵਿੱਚ ਰੂਢੀ ਸ਼ਕਤਿ ਹੈ, ਜੋ ਕਰਤਾਰ ਵੱਲੋਂ ਸੰਸਾਰਮਾਤ੍ਰ ਦੇ ਉਧਾਰ ਹਿਤ ਜਗਤਗੁਰੁ ਥਾਪੇ ਗਏ ਹਨ।
ਸਿਰੀਰਾਗ ਮਹਲਾ 1- “ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥
“ਸਤਿਪੁਰਖ ਜਿਨ ਜਾਨਿਆ ਸਤਿਗੁਰੁ ਤਿਸ ਕਾ ਨਾਉ॥ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰਿਗੁਨ ਗਾਉ॥
“ਬਲਿਹਾਰੀ ਗੁਰੁਦੇਵ ਚਰਨ ਜਾਕੈ ਸੰਗ ਪਾਰਬ੍ਰਹਮ ਧਿਆਈਐ ਉਪਦੇਸ ਹਮਾਰੀ ਗਤਿ ਕਰਨ॥ ਦੂਖ ਰੋਗ ਭੈ ਸਗਲ ਬਿਨਸੈ ਜੋ ਆਵੈ ਹਰਿਸੰਤ ਸਰਨ॥ ਆਪ ਜਪੈ ਅਵਰਹਿ ਨਾਮ ਜਪਾਵੈ ਵਡ ਸਮਰੱਥ ਤਾਰਨਤਰਨ॥” (1206)।
“ਅੰਤਰ ਪਿਆਸ ਉਠੀ ਪ੍ਰਭੁ ਕੇਰੀ ਸੁਣ ਗੁਰੁਬਚਨ ਮਨ ਤੀਰ ਲਗਈਆ॥”

ਗੁਰਮਤਿ ਅਨੁਸਾਰ ‘ਗੁਰੂ’ ਦੇ ਸ਼ਬਦ ਦੀ ਵਿਚਾਰ ਨਾਲ ਹੀ ਪਾਰ-ਉਤਾਰਾ ਹੋ ਸਕਦਾ ਹੈ। ਪੇਸ਼ ਹਨ ਕੁਝ ਗੁਰਬਾਣੀ ਹਵਾਲੇ:
“ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ॥” (ਪੰਨਾ-244)।
“ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥” (ਪੰਨਾ-34)।
“ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ॥” (ਪੰਨਾ-244)।
“ਗੁਰ ਕੈ ਸਬਦ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥” (ਪੰਨਾ-516)।
“ਗੁਰ ਕੈ ਸਬਦਿ ਵਿਚਾਰੁ ਮੈਲੁ ਗਵਾਇ॥ਨਿਰਮਲੁ ਨਾਮੁ ਵਸੈ ਮਨਿ ਆਇ॥” (ਪੰਨਾ-560)।
“ ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ॥” (ਪੰਨਾ-570)।
“ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ॥” (ਪੰਨਾ-689)।
“ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ॥” (ਪੰਨਾ- 754)।
“ ਪਿਰੁ ਸਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ॥ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ॥” (ਪੰਨਾ-755)।
“ ਆਪਿ ਜਗਾਏ ਸੋਈ ਜਾਗੇ ਗੁਰ ਕੈ ਸਬਦਿ ਵੀਚਾਰ॥” (ਪੰਨਾ- 911)।
“ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ॥ (1016)।
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ॥” (ਪੰਨਾ- 1093)।
“ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ॥ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ॥” (ਪੰਨਾ-1155)।
“ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ॥” (ਪੰਨਾ- 1282)।
ਸੋ ਸ਼ਬਦ ਪੜ੍ਹਨ, ਸੁਣਨ, ਵਿਚਾਰਨ ਦਾ ਵਿਸ਼ਾ ਹੈ। ਅਤੇ ਪੜ੍ਹਿਆ ਸੁਣਿਆ ਵਿਚਾਰਿਆ ਉਹੀ ਸ਼ਬਦ ਜਾ ਸਕਦਾ ਹੈ ਜੋ ਕਿਤੇ ਲਿਖਿਆ ਜਾਂ ਕਿਸੇ ਦੁਆਰਾ ਉਚਾਰਿਆ ਗਿਆ ਹੋਵੇ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਨੂੰ ਪੜ੍ਹ, ਸੁਣ, ਵਿਚਾਰ ਕੇ ਪਾਰ-ਉਤਾਰਾ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਗੁਰੂ ਸਾਹਿਬਾਂ ਦੁਆਰਾ ਉਚਾਰਿਆ, ਦਰਜ ਕੀਤਾ ਅਤੇ ਸਾਡੇ ਤੱਕ ਪਹੁੰਚਾਇਆ ਗਿਆ ਹੈ। ਸਾਡੇ ਤੱਕ ਜੋ ਸ਼ਬਦ ਪਹੁੰਚਿਆ ਹੈ ਉਹ ਗੁਰੂ ਸਾਹਿਬਾਂ ਦਾ ਉਚਾਰਿਆ ਹੋਇਆ ਹੈ, ਤਾਂ ਫ਼ਿਰ ਉਨ੍ਹਾਂ ਨੂੰ ‘ਗੁਰੂ’ ਕਹਿਣ ਵਿੱਚ ਕੀ ਗ਼ਲਤ ਹੈ?

ਤੱਤ ਗੁਰਮਤਿ ਪਰਿਵਾਰ ਵੱਲੋਂ (04-01-10 ਨੂੰ ) ਕੀਤੇ ਗਏ ਕੁਝ ਪੰਗਤੀਆਂ ਦੇ ਅਰਥਾਂ ਦੇ ਸੰਬੰਧ ਵਿੱਚ:
“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (1389)।
ਅਰਥ (ਤੱ: ਗੁ: ਪ:) –“ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ (ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”।
ਤਰਕ- ਪਰਮਾਤਮਾ ਤਾਂ ਇੱਕ ਹੈ, ਨਾਨਕ ਪਾਤਸ਼ਾਹ ਦੇ (ਗੁਰੂ) ਦੇ ਗੁਣ ਗਾਉਣ ਦਾ ਕੀ ਮਤਲਬ ਹੋਇਆ? ਨਾਨਕ ਪਾਤਿਸ਼ਾਹ ਦਾ ਗੁਰੂ (ਪ੍ਰਭੂ) ਕੋਈ ਵੱਖਰਾ ਹੈ?
“.... ਮੈਂ.. ਪ੍ਰਭੂ ਦੇ ਗੁਣ ਗਾਉਂਦਾ ਹਾਂ ਜਿਸ ਨੇ ਗ੍ਰਿਹਸਥੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆ”।
ਕੀਤੇ ਗਏ ਅਰਥਾਂ ਅਨੁਸਾਰ ਕਵੀ ਕਲ ਉਸ ਦੇ ਗੁਣ ਗਾਉਂਦਾ ਹੈ ਜਿਸ ਨੇ ਰਾਜ ਜੋਗ ਮਾਣਿਆ। ਕੀ ਪ੍ਰਭੂ ਨੇ ਰਾਜ ਜੋਗ ਮਾਣਿਆ?
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥” (ਪੰਨਾ-1390)।
ਅਰਥ (ਤੱ: ਗੁ: ਪ:) – (ਕਹੇ ਜਾਂਦੇ) ਕਲਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ।ਇਸੇ ਗੁਰੂ (ਸੱਚ ਦਾ ਗਿਆਨ) ਨੂੰ ਅੰਗਦ ਪਾਤਸ਼ਾਹ ਜੀ ਅਤੇ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ‘ਗੁਰੂ’ ਮੰਨਿਆ (ਕਹਿਆ)।
ਤਰਕ- ਤੁਕ ਦੇ ਕੀਤੇ ਗਏ ਅਰਥਾਂ ਤੋਂ ਲੱਗਦਾ ਹੈ ਕਿ ‘ਪਰਮਾਤਮਾ / ਗਿਆਨ ਰੂਪੀ ਗੁਰੂ’ ਬਾਰੇ ਮੁਖ ਤੌਰ ਤੇ ਗੱਲ ਕੀਤੀ ਗਈ ਹੈ। ਸੋ ਤੁਕ ਵਿੱਚ ਵੀ ਇਸੇ ਗੱਲ ਨੂੰ ਹੀ ਖੋਲ੍ਹ ਕੇ ਸਮਝਾਉਣਾ ਬਣਦਾ ਸੀ। ਪਰ ਇੱਥੇ ਕਿਤੇ ਵੀ ਇਹ ਨਜ਼ਰ ਨਹੀਂ ਆਉਂਦਾ ਕਿ ‘ਗੁਰੂ’ ਦਾ ਅਰਥ ‘ਸੱਚ ਦਾ ਗਿਆਨ’ ਹੈ।
“ਕਹਾਇਓ” ਦਾ ਅਰਥ ਆਪਣੀ ਹੀ ਮਰਜੀ ਨਾਲ “ਨੇ ਆਪਣਾ ਗੁਰੂ ਮੰਨਿਆ/ ਕਹਿਆ” ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ” ਦੇ ਅਰਥ ਜੇ “ਕਲਿਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ (ਠੀਕ) ਹੈ ਕਰੀਏ ਤਾਂ ਬਾਕੀ ਲਫ਼ਜ਼ ਬਚਦੇ ਹਨ “ਅੰਗਦੁ ਅਮਰੁ ਕਹਾਇਓ”, ਕੀ ਇਸ ਦੇ ਅਰਥ ਕਿਸੇ ਤਰ੍ਹਾਂ ਵੀ- ਅੰਗਦ ..ਅਤੇ ਅਮਰਦਾਸ …ਨੇ ਆਪਣਾ ਗੁਰੂ ਮੰਨਿਆ ਬਣਦੇ ਹਨ?
“ ਗੁਰੁ ਜਗਤ ਫਿਰਣਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥” (ਪੰਨਾ- 1391)।
ਅਰਥ (ਪ੍ਰੋ: ਸਾਹਿਬ ਸਿੰਘ): ‘ਫਿਰਣਸੀਹ= ਫੇਰੂ ਦਾ ਪੁੱਤਰ’। ਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ। (ਨੋਟ: ਤ: ਗੁ: ਪ: ਵੱਲੋਂ ਇਸ ਤੁਕ ਦੇ ਅਰਥ ਨਹੀਂ ਕੀਤੇ ਗਏ)
“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥” (ਪੰਨਾ-1393)।
ਅਰਥ (ਤੱ: ਗੁ: ਪ:)- “ਹੇ ਅਮਰਦਾਸ ਜੀ! ਭਗਤਾਂ ਨੂੰ ਉਹ ਨਾਮ ਦੇ ਕੇ ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ”।
ਪਾਠਕ ਜੀ! ਇਨ੍ਹਾਂ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ। ਕੀ ਇਸ ਲਇਨ ਦਾ ਕੋਈ ਮਤਲਬ ਬਣਦਾ ਹੈ? ਕੀ ਭਗਤਾਂ ਨੂੰ ਨਾਮ ਦੇਣ ਨਾਲ, ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ ?
ਜੇ “ਅਮਰਦਾਸ” ਦਾ ਅਰਥ “ਹੇ ਅਮਰਦਾਸ” ਕਰੀਏ ਤਾਂ “ਗੁਰ ਕਉ ਫੁਰਿਆ” ਦਾ ਅਰਥ “ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ” ਕਿਸੇ ਤਰ੍ਹਾਂ ਵੀ ਬਣਦਾ ਹੈ? ‘ਗੁਰੂ ਨੂੰ’ ਫੁਰਿਆ ਅਰਥ ਬਣਦਾ ਹੈ।
“ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥” (ਪੰਨਾ- 1394)।
ਅਰਥ (ਤ: ਗੁ: ਪ: )- “ਹੇ ਭਾਈ! ਪ੍ਰਭੂ (ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ ਤੋਂ ਕੁਝ ਪਾਪ ਬਿਨਾਸ (ਘਟ) ਜਾਂਦੇ ਹਨ। ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ, ਜਿਸ ਨੂੰ ਸਿਧ-ਸਾਧਿਕ ਵੀ (ਪਰਸਦੇ) ਲੋਚਦੇ ਹਨ”।

ਤਰਕ:- “ਗੁਰੁ ਅਮਰਦਾਸ ਪਰਸੀਐ” ਦਾ ਅਰਥ “ ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ” ਕੀ ਕਿਸੇ ਵੀ ਹਿਸਾਬ ਨਾਲ ਇਹ ਅਰਥ ਬਣਦੇ ਹਨ? ਜੇ ਗੁਰੂ (ਪਰਮਾਤਮਾ) ਨੂੰ ਪਰਸਣ ਦੀ ਗੱਲ ਕੀਤੀ ਮੰਨ ਲਈਏ ਤਾਂ ‘ਗੁਰੁ’ ਅਤੇ ‘ਪਰਸੀਐ’ ਦੇ ਵਿੱਚ ਵਿਚਾਲੇ ‘ਅਮਰਦਾਸ’ ਪਦ ਲਿਖਣ ਦਾ ਕੀ ਮਤਲਬ ਹੋਇਆ? “ਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ” ਅਰਥ ਕਿਸ ਤਰ੍ਹਾਂ ਬਣ ਸਕਦੇ ਹਨ?

ਸਵਾਲ- ਅਮਰਦਾਸ ਦੇ ਗੁਰੂ ਨੂੰ ਪਰਸਣ ਬਾਰੇ ਕਿਉਂ ਕਿਹਾ ਗਿਆ ਹੈ? ਆਪਣਾ ਗੁਰੂ ਹੀ ਪਰਸਣ ਲਈ ਕਿਉਂ ਨਹੀਂ ਕਿਹਾ ਗਿਆ? ਕੀ (ਗੁਰੂ) ਅਮਰਦਾਸ ਜੀ ਦਾ ‘ਪ੍ਰਭੂ ਗੁਰੂ’ ਕੋਈ ਵੱਖਰਾ ਹੈ?
“ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥” (ਪੰਨਾ-1396)।
ਅਰਥ (ਤ: ਗੁ: ਪ: )- “ਕਵੀ ਕਲ੍ਹ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ ਨਾਲ) ਭਰ ਦਿੰਦਾ ਹੈ”।

ਤਰਕ: ਕੀ ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਜੀ ਦਾ ‘ਪਰਮਾਤਮਾ ਗੁਰੂ’ ਹੋਰ ਦੂਸਰਿਆਂ ਨਾਲੋਂ ਵੱਖਰਾ ਹੈ, ਜਿਹੜਾ ਰਾਮਦਾਸ ਜੀ ਦੇ ਪਰਮਾਤਮਾ ਨੂੰ ਉਚੇਚੇ ਤੌਰ ਤੇ ਗੁਣਾਂ ਨਾਲ ਭਰਨ ਵਾਲਾ ਦੱਸਿਆ ਹੈ?
“ਹਰਿਦਾਸ ਠਾਕੁਰ ਦਾ ਪੁੱਤਰ, ਰਾਮਦਾਸ” ਕਹਿਣ ਤੋਂ ਤਾਂ ਲੱਗਦਾ ਹੈ ਖਾਸ ਤੌਰ ਤੇ ਬੰਸਾਵਲੀ ਦੇ ਕੇ ਭੁਲੇਖਾ ਦੂਰ ਕੀਤਾ ਗਿਆ ਹੈ ਤਾਂ ਕਿ ਭੁਲੇਖਾ ਨਾ ਰਹਿ ਜਾਵੇ ਕਿ ਕਿਸ ਪਰਮਾਤਮਾ ਬਾਰੇ ਗੱਲ ਕੀਤੀ ਗਈ ਹੈ।
(ਨੋਟ: ਵੱਖ ਵੱਖ ਗੁਰੂ ਸਾਹਿਬਾਂ ਨਾਲ ‘ਗੁਰੂ’ ਜਾਂ ‘ਗੁਰ’ ਪਦ ਸੈਂਕੜੇ ਵਾਰੀਂ ਆਇਆ ਹੈ। ਗੁਰੂ ਨਾਨਕ ਦੇਵ ਜੀ ਨਾਲ 19 ਵਾਰੀਂ, ਗੁਰੂ ਅੰਗਦ ਦੇਵ ਜੀ/ ਲਹਣਾ ਜੀ ਨਾਲ 12 ਵਾਰੀਂ ਗੁਰੂ ਅਮਰ ਦਾਸ ਜੀ ਨਾਲ 37 ਵਾਰੀਂ, ਗੁਰੂ ਰਾਮਦਾਸ ਜੀ ਨਾਲ 38 ਵਾਰੀਂ ਅਤੇ ਗਰੂ ਅਰਜਨ ਦੇਵ ਜੀ ਨਾਲ 21 ਵਾਰੀਂ। ਇਸ ਤਰ੍ਹਾਂ (ਸਿਰਫ ਭੱਟਾਂ ਦੇ ਸਵਈਆਂ ਵਿੱਚ ਹੀ) ਗੁਰੂ ਸਾਹਿਬਾਂ ਨਾਲ ਸਿੱਧੇ ਤੌਰ ਤੇ ‘ਗੁਰੂ’ ਪਦ 121 ਤੋਂ ਵੀ ਵੱਧ ਵਾਰੀਂ ਲਿਖਿਆ ਗਿਆ ਹੈ। ਇਸ ਦਾ ਕੀ ਕਾਰਣ ਹੋ ਸਕਦਾ ਹੈ? ਕੀ ਇਸ ਲਈ ਕਿ ਦੋ-ਚਾਰ ਵਾਰੀਂ ਕਹਿਣ ਨਾਲ ਭੁਲੇਖਾ ਰਹਿ ਸਕਦਾ ਹੈ ਕਿ ਕਿਸ ‘ਪਰਮਾਤਮਾ’ ਦੀ ਗੱਲ ਕੀਤੀ ਜਾ ਰਹੀ ਹੈ?)
“ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੈ॥” (ਪੰਨਾ- 1398)।
ਅਰਥ (ਤ: ਗੁ: ਪ: )- ਗੁਰੂ ਦੀ ਕਿਰਪਾ ਨਾਲ ਨਾਨਕ (ਜੀ), ਅੰਗਦ (ਜੀ) ਅਮਰਦਾਸ (ਜੀ) ਅਤੇ ਹੋਰ ਭਗਤ ਪ੍ਰਭੂ ਰੰਗ ਵਿੱਚ ਸਮਾਏ ਹੁੰਦੇ ਹਨ। ਹੇ ਰਾਮਦਾਸ ਜੀ! ਇਸ ਰਾਜ ਜੋਗ ਵਾਲੀ ਅਵਸਥਾ ਦਾ ਰਸ ਤੁਸੀਂ ਵੀ (ਉਸੇ) ਗੁਰੂ (ਸਦਕਾ) ਜਾਣਿਆ ਹੈ”।

ਵਿਚਾਰ- ਤੁਕ ਵਿੱਚ ਖਾਸ ਕਰਕੇ ਇਹ ਦਰਸਾਇਆ ਗਿਆ ਹੈ ਕਿ (ਗੁਰੂ) ਨਾਨਕ ਦੇਵ ਜੀ, (ਗੁਰੂ) ਅੰਗਦ ਦੇਵ ਜੀ ਅਤੇ (ਗੁਰੂ) ਅਮਰਦਾਸ ਜੀ ਦੀ ਤਰ੍ਹਾਂ ਤੂੰ (ਤੁਸੀਂ) ਵੀ ਰਾਜ ਜੋਗ ਦੇ ਇਸ ਸਵਾਦ ਨੂੰ ਪਛਾਣਿਆ ਹੈ। ਕਿਤੇ “(ਉਸੇ) ਗੁਰੂ ਸਦਕਾ” ਦਾ ਜ਼ਿਕਰ ਨਹੀਂ ਹੈ।

ਗੁਰੂ ਸਾਹਿਬਾਂ ਦੇ ਸਮਂੇ ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ਼ ਸੰਬੋਧਨ ਕੀਤਾ ਜਾਂਦਾ ਸੀ ਅਤੇ ਹੋਰ ਭਗਤਾਂ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਨੂੰ “ਭਗਤ” ਸ਼ਬਦ ਨਾਲ਼ ਸੰਬੋਧਨ ਕੀਤਾ ਗਿਆ ਹੈ।
“ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰ ਸਦਾ ਗਾਵਹਿ ਸਮ ਲੋਚਨ॥ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥” (ਪੰਨਾ-1390)।
“ਗਾਵਹਿ ਇੰਦ੍ਰਾਦ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (ਪੰਨਾ- 1389)।

ਤੱਤ ਗੁਰਮਤਿ ਪਰਿਵਾਰ- “ਜਦ ਗੁਰਬਾਣੀ ਦੇ ਆਧਾਰ ਤੇ ਇਹ ਵਿਚਾਰ ਚੱਲ ਹੀ ਰਹੀ ਹੋਵੇ ਕਿ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣਾ ਗੁਰਮਤਿ ਵਿਰੁੱਧ ਹੈ ਤਾਂ ਐਸੇ ਸਵਾਲ ਬੇਮਾਇਨਾ ਹੋ ਜਾਂਦੇ ਹਨ ਕਿ ਮਗ਼ਰਲੇ ਨਾਨਕ ਸਰੂਪ ਜਾਂ ਸੰਗਤ, ਨਾਨਕ ਸਰੂਪਾਂ ਨੂੰ ਕੀ ਕਹਿ ਕੇ ਬੁਲਾਉਂਦੀ ਸੀ? …. ਗੁਰਬਾਣੀ ਆਧਾਰ ਤੇ ਅਸੀਂ ਵੇਖ ਹੀ ਚੁੱਕੇ ਹਾਂ ਕਿ ਗੁਰਮਤਿ ਅਨੁਸਾਰ ਸ਼ਰੀਰ ਗੁਰੂ ਨਹੀਂ ਹੋ ਸਕਦਾ”।

ਵਿਚਾਰ- ਗੁਰਬਾਣੀ ਹਵਾਲਿਆਂ ਦੁਆਰਾ ਮੈਂ ਸਾਬਤ ਕਰ ਚੁੱਕਾ ਹਾਂ ਕਿ ਗੁਰੂ ਸਾਹਿਬਾਂ ਦੇ ਸਮੇਂ ਵੀ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਸੀ ਤਾਂ ਸਾਰੇ ਭੁਲੇਖੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਇਹ ਨਹੀਂ ਹੋ ਸਕਦਾ ਕਿ ਜਿਸ ਵਿਚਾਰ ਨੂੰ ਗੁਰੂ ਸਾਹਿਬ ਰੱਦ ਕਰਦੇ ਹੋਣ ਉਸੇ ਨੂੰ ਆਪ ਅਪਨਾਉਂਦੇ ਹੋਣ। ਅਤੇ ਆਪਣੇ ਸਿੱਖਾਂ ਨੂੰ ਅਪਨਾਉਣ ਦੀ ਇਜਾਜਤ ਦਿੰਦੇ ਹੋਣ। ਜੇ ਐਸਾ ਸੀ ਤਾਂ ਉਸੇ ਵਕਤ ਹੀ ਕਿਸੇ ਨੇ ਉਨ੍ਹਾਂ ਦੀ ਵਿਚਾਰਧਾਰਾ ਦੇ ਮਗ਼ਰ ਨਹੀਂ ਸੀ ਲੱਗਣਾ। ਜਿਹੜਾ ਗੁਰੂ ‘ਅਵਰਿ ਉਪਦੇਸੇ ਆਪ ਨਾ ਕਰੇ’ ਉਸ ਦੇ ਮਗ਼ਰ ਕੌਣ ਲੱਗੇਗਾ?

ਸਾਨੂੰ ਸਭ ਨੂੰ ਪਤਾ ਹੈ ਕਿ (ਹਿੰਦੂ ਮਿਥਿਹਾਸ ਅਨੁਸਾਰ) ਰਾਮ, ਹਰੀ, ਗੋਬਿੰਦ ਆਦਿ ਦੇਵਤੇ ਹੋਏ ਹਨ ਪਰ ਗੁਰਬਾਣੀ ਵਿੱਚ ਇਨ੍ਹਾਂ ਨਾਵਾਂ ਨਾਲ ਹੀ ਪ੍ਰਭੂ ਨੂੰ ਵੀ ਸੰਬੋਧਨ ਕੀਤਾ ਗਿਆ ਹੈ। ਇਹ ਗੱਲ ਗੁਰਮਤਿ ਦੇ ਉਲਟ ਲੱਗਦੀ ਹੈ, ਪਰ ਐਸਾ ਨਹੀਂ ਹੈ। ਗੁਰਬਾਣੀ ਪੜ੍ਹ ਕੇ ਸਮਝਣ ਨਾਲ ਭੁਲੇਖਾ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਸਾਨੂੰ ‘ਗੁਰ ਗਿਆਨ’ ਬਖਸ਼ਿਆ ਹੈ, ਉਨ੍ਹਾਂ ਨੂੰ ‘ਗੁਰੂ’ ਤੋਂ ਵੱਖਰੇ ਕਿਸੇ (ਜਾਮੇ ਆਦਿ) ਲਫ਼ਜ਼ ਨਾਲ ਸੰਬੋਧਨ ਕਰਨਾ ਉਚਿਤ ਨਹੀਂ। ਗੁਰਮਤਿ ਅਨੁਸਾਰ ਸਰੀਰ ਗੁਰੂ ਨਹੀਂ ਹੈ, ਪਰ ਗੁਰਮਤਿ ਅਨੁਸਾਰ ‘ਗੁਰੂ’ ਸਿਰਫ਼ ਸਰੀਰ ਨਹੀਂ ਹੈ। “ਸ਼ਬਦੁ ਗੁਰੂ ਸੁਰਤ ਧੁਨਿ ਚੇਲਾ” ਅਨੁਸਾਰ ਜੇ ‘ਗੁਰੂ’ ਸਰੀਰ ਨਹੀਂ ਉਸ ਦਾ ਸ਼ਬਦ ਗੁਰੂ ਹੈ ਤਾਂ ਸਿੱਖ ਦਾ ਸਰੀਰ ਵੀ ਉਸ ਦਾ ‘ਚੇਲਾ’ ਨਹੀਂ ਬਲਕਿ ਸਿੱਖ ਦੀ ਸੁਰਤਿ ਉਸ ਸ਼ਬਦ ਦੀ ਚੇਲਾ ਹੈ।

ਤ: ਗੁ: ਪ:- “ਗੁਰਬਾਣੀ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਪਾਤਸ਼ਾਹ ਜੰਮਦਾ- ਮਰਦਾ ਨਹੀਂ, ਗੁਰੂ ਬਾਰੇ ਐਸਾ ਲਿਖਿਆ ਮਿਲਦਾ ਹੈ”।

ਵਿਚਾਰ:- “ਸਚੁ ਪਾਤਿਸ਼ਾਹੀ ਅਮਰੁ ਸਚੁ ਸਚੇ ਸਚਾ ਥਾਨੁ॥” (ਪੰਨਾ-48)। ਅਰਥ: (ਪ੍ਰੋ: ਸਾਹਿਬ ਸਿੰਘ)- ਪਾਤਿਸ਼ਾਹ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਾਤਿਸ਼ਾਹ ਦਾ ਹੁਕਮ ਅਟੱਲ ਹੈ, ਸਦਾ ਥਿਰ ਰਹਿਣ ਵਾਲੇ ਪਰਮਾਤਮਾ (ਪਾਤਿਸ਼ਾਹ) ਦਾ ਥਾਂ ਭੀ ਕਾਇਮ ਰਹਿਣ ਵਾਲਾ ਹੈ। ਅਰਥਾਤ ਪਾਤਸ਼ਾਹ ਜੰਮਦਾ ਮਰਦਾ ਨਹੀਂ, ਸਦਾ ਕਾਇਮ ਹੈ।

ਤ: ਗੁ: ਪ:- “ਜੇ ਕੋਈ ਸਾਨੂੰ ਦਿੱਲੀ ਦੀ ਪਹਿਚਾਣ ਕਰਵਾਉਂਦਾ ਹੈ ਜਾਂ ਉਸ ਦਾ ਰਾਹ ਦੱਸਦਾ ਹੈ ਤਾਂ ਉਹ ‘ਦਿੱਲੀ’ ਨਹੀਂ ਬਣ ਜਾਂਦਾ”।
ਵਿਚਾਰ:-ਇਹ ਠੀਕ ਹੈ ਕਿ ਜੇ ਕੋਈ ਸਾਨੂੰ ਦਿੱਲੀ ਦੀ ਪਹਿਚਾਣ ਕਰਵਾਉਂਦਾ ਹੈ ਜਾਂ ਉਸ ਦਾ ਰਾਹ ਦੱਸਦਾ ਹੈ ਤਾਂ ਉਹ ‘ਦਿੱਲੀ’ ਨਹੀਂ ਬਣ ਜਾਂਦਾ। ਪਰ ਕਿਸੇ ਥਾਂ ਦਾ ਰਸਤਾ ਸਮਝਾਉਣ ਵਾਲੇ ਨੂੰ ਗਾਈਡ ਜਾਂ ਪਥ ਪ੍ਰਦਰਸ਼ਕ ਜਰੂਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੇ ਕੋਈ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਤੱਤ ਗਿਆਨ ਦੀ ਸੋਝੀ ਦਿੰਦਾ ਹੈ ਉਸ ਨੂੰ ‘ਗੁਰੂ’ ਕਿਹਾ ਜਾਂਦਾ ਹੈ। ਅਤੇ ਗੁਰੂ ਸਾਹਿਬਾਂ ਨੇਂ ਅਗਿਆਨਤਾ ਦਾ ਹਨੇਰਾ ਦੂਰ ਕੀਤਾ, ਇਸ ਲਈ ਉਨ੍ਹਾਂ ਨੂੰ ‘ਗੁਰੂ’ ਸ਼ਬਦ ਨਾਲ ਹੀ ਸੰਬੋਧਨ ਕਰਨਾ ਉਚਿਤ ਹੈ।

ਤੱ: ਗੁ: ਪ:- ਜਦ ਸ਼ਬਦ (ਗਿਆਨ) ਆਦਿ ਤੋਂ ਹੈ, ਹਮੇਸ਼ਾਂ ਰਹੇਗਾ ਤਾਂ ਫ਼ੇਰ ਉਸ ਦੇ ਜੋਤ ਰੂਪ ਵਿੱਚ ਕਿਧਰੇ ਟਿਕਣ ਦੀ ਗੱਲ ਕਿਵੇਂ ਕਹੀ ਜਾ ਸਕਦੀ ਹੈ? ਉਹ ਤਾਂ ਹਰ ਥਾਂ ਇਕ ਸਾਰ ਹੈ, ਸਰਬ ਵਿਆਪਕ ਹੈ, ਲੋੜ ਹੈ ਸਿਰਫ਼ ਉਸ ਨੂੰ ਪਹਿਚਾਨਣ ਜਾਂ ਪਹਿਚਾਨ ਕਰਵਾਉਣ ਦੀ। ਸੰਸਾਰ ਦੇ ਇੱਕ ਬਹੁਤ ਵੱਡੇ ਹਿੱਸੇ ਤੱਕ ਉਸ ਵੇਲੇ ਨਾਨਕ ਸਰੂਪ ਨਹੀਂ ਪਹੁੰਚੇ ਸਨ ਕੀ ਉਸ ਸੰਸਾਰ ਵਿੱਚ ਉਸ ਵੇਲੇ ਗੁਰੂ ਹੈ ਹੀ ਨਹੀਂ ਸੀ? ਫ਼ੇਰ ਉਸ ਗੁਰੂ ਨੂੰ ਸਰਬ ਵਿਆਪਕ ਕਿਵੇਂ ਕਹਿ ਸਕਦੇ ਹਾਂ? ਸੰਖੇਪ ਵਿੱਚ ਸੱਚਾਈ ਇਹ ਹੈ ਕਿ ਨਾਨਕ ਸਰੂਪਾਂ ਨੇ ਸਾਡੀ ਪਹਿਚਾਣ ਉਸ ‘ਗੁਰੂ’ ਨਾਲ ਕਰਵਾਈ ਅਤੇ ਸਾਨੂੰ ਦ੍ਰਿੜ ਕਰਵਾਇਆ ਪਰ ਇਸ ਤਰ੍ਹਾਂ ਕਰਨ ਨਾਲ ਉਹ ‘ਗੁਰੂ’ ਨਹੀਂ ਹੋ ਗਏ”।

ਵਿਚਾਰ:- ਸੱਚ ਦਾ ਗਿਆਨ ਦੇਣ ਵਾਲੇ ਨੂੰ ਗੁਰੂ ਕਿਹਾ ਜਾਂਦਾ ਹੈ। ਸਰਬ ਵਿਆਪਕ ਗਿਆਨ ਕੀ ਬਿਨਾ ਕਿਸੇ ਸਰੀਰ ਤੋਂ ਪ੍ਰਗਟ ਹੋ ਸਕਦਾ ਹੈ? ਨਹੀਂ। ਗਿਆਨ ਪ੍ਰਗਟ ਹੋਣ ਲਈ ਕਿਸੇ ਸਰੀਰ ਦਾ ਹੋਣਾ ਜਰੂਰੀ ਹੈ। ਬਿਨਾ ਸਰੀਰ ਤੋਂ ਤੱਤ ਗਿਆਨ ਪ੍ਰਗਟ ਨਹੀਂ ਹੋ ਸਕਦਾ ਅਤੇ ਤੱਤ ਗਿਆਨ ਦੇਣ ਵਾਲੇ ਨੂੰ ‘ਗੁਰ’ੂ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਗਟਾਇਆ ਤੱਤ ਗਿਆਨ ਸਾਡੇ ਤੱਕ ਪੁਹੰਚਿਆ ਹੈ, ਤਾਂ ਗੁਰੂ ਨਾਨਕ ਦੇਵ ਜੀ ਨੂੰ ‘ਗੁਰੂ’ ਕਹਿਣਾ ਕਿਸ ਤਰ੍ਹਾਂ ਗ਼ਲਤ ਹੋਇਆ? ਜੇ ਤੱਤ ਗਿਆਨ ਸਰਬ ਵਿਆਪਕ ਹੈ ਜੋਤ ਰੂਪ ਵਿੱਚ ਕਿਧਰੇ ਖਾਸ ਸ਼ਖਸੀਅਤ ਦੁਆਰਾ ਪ੍ਰਗਟ ਨਹੀਂ ਹੁੰਦਾ ਤਾਂ ਕੀ ਤੱਤ ਗੁਰਮਤਿ ਵਾਲੇ ਇਹ ਕਹਿਣਾ ਚਾਹੁੰਦੇ ਹਨ ਕਿ ਕਿਸੇ ਗੁਰੂ (‘ਗੁਰੂ ਸਾਹਿਬਾਂ’) ਦੀ ਅਤੇ ਕਿਸੇ ‘ਗੁਰੂ ਗ੍ਰੰਥ ਸਾਹਿਬ’ ਦੀ ਜਰੂਰਤ ਹੀ ਨਹੀਂ।

ਪ੍ਰਭੂ ਦਾ ਗਿਆਨ ਸਾਰਿਆਂ ਲਈ ਇੱਕੋ ਜਿਹਾ ਸਾਂਝਾ ਹੈ ਅਤੇ ਸਰਬ ਵਿਆਪਕ ਹੈ ਪਰ ਇਸ ਦੀ ਪਹਿਚਾਨ ਕਿਸੇ ਕਿਸੇ ਨੂੰ ਹੀ ਹੁੰਦੀ ਹੈ। ਸੱਚ ਦੇ ਗਿਆਨ ਦੀ ਪਹਿਚਾਨ ਹੋਣੀ ਅਤੇ ਦੂਸਰਿਆਂ ਨੂੰ ਉਸ ਦੀ ਪਹਿਚਾਨ ਕਰਵਾਉਣੀ ਹੀ ਖਾਸ ਅਤੇ ਮੁੱਖ ਗੱਲ ਹੈ। ਦਰੱਖਤ ਤੋਂ ਸੇਬ ਹੇਠਾਂ ਡਿੱਗਦਾ ਹੈ ਹੋਰ ਲੱਖਾਂ ਕਰੋੜਾਂ ਲਈ ਇਹ ਗੱਲ ਕੁਝ ਖਾਸ ਮਹਿਨੇ ਨਹੀਂ ਰੱਖਦੀ ਪਰ ਕੋਈ ਕੋਈ ਨਿਊਟਨ ਵਰਗਾ ਹੀ ਇਸ ਡਿੱਗਣ ਦੀ ਗੱਲ ਨੂੰ ਗਹਿਰਾਈ ਨਾਲ ਸੋਚ ਕੇ ਵਿਚਾਰ ਸਕਦਾ ਹੈ, ਅਤੇ ਇਸ ਕ੍ਰਿਆ ਦੁਆਰਾ ਪ੍ਰਾਪਤ ਹੋਏ ਗਿਆਨ ਦੀ ਪਹਿਚਾਨ ਦੂਸਰਿਆਂ ਨੂੰ ਕਰਵਾ ਸਕਦਾ ਹੈ।

ਸਰਬ ਸਾਂਝਾ ਅਤੇ ਸਰਬ ਵਿਆਪਕ ਗਿਆਨ ਹੋਣ ਦੇ ਬਾਵਜੂਦ ਕੋਈ ਸਮਝਦਾ ਹੈ ਕਿ ਇਹ ਸੰਸਾਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਆਦਿ ਦਾ ਚਲਾਇਆ ਚੱਲਦਾ ਹੈ। ਪਰ ਕੋਈ ਕੋਈ ਗੁਰੂ ਨਾਨਕ ਦੇਵ ਜੀ ਵਰਗਾ ਮਹਾਪੁਰਸ਼ ਹੀ ਇਹ ਗੱਲ ਸਮਝਦਾ ਹੈ ਅਤੇ ਜਿੱਥੇ ਜਾਂਦਾ ਹੈ ਉਥੇ ਇਹੀ ਪਰਚਾਰ ਕਰਦਾ ਹੈ ਕਿ ਸੰਸਾਰ ਦਾ ਸਾਰਾ ਕਾਰ ਵਿਹਾਰ ਕੇਵਲ ਇਕ ਪਰਮਾਤਮਾ ਹੀ ਚਲਾ ਰਿਹਾ ਹੈ। ਜੇ ਪਰਮਾਤਮਾ ਦਾ ਸਰਬ ਸਾਂਝਾ ਗਿਆਨ ਕਿਸੇ ਗੁਰੂ ਨਾਨਕ ਦੇਵ ਜੀ ਵਰਗੇ ਰਹਿਬਰ ਤੋਂ ਬਿਨਾ ਹਰ ਇਕ ਦੇ ਹਿਰਦੇ ਵਿੱਚ ਆਪੇ ਹੀ ਪ੍ਰਗਟ ਹੁੰਦਾ ਹੈ ਤਾਂ ਹਰ ਥਾਂ ਇੱਕੋ ਹੀ ਵਿਚਾਰ/ ਸੋਚ ਹੋਣੀ ਸੀ ਨਾ ਕਿ ਵੱਖ ਵੱਖ। ਸੋ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਗਿਆਨ ਪਹੁੰਚਿਆ ਉਥੇ ਹੀ (ਸਿੱਖਾਂ ਮੁਤਾਬਕ) ਸੱਚ ਦਾ ਗਿਆਨ ਪਹੁੰਚਿਆ ਜਿੱਥੇ ਉਨ੍ਹਾਂ ਦਾ ਪਰਚਾਰ ਨਹੀਂ ਗਿਆ ਉਥੇ ਉਨ੍ਹਾਂ ਵਰਗਾ ਗਿਆਨ ਨਹੀਂ ਹੋਇਆ। ਦੂਜੇ ਲਫ਼ਜ਼ਾਂ ਵਿੱਚ ਸੰਸਾਰ ਦੇ ਜਿਸ ਬਹੁਤ ਵੱਡੇ ਹਿੱਸੇ ਤੱਕ ਉਸ ਵੇਲੇ ਗੁਰੂ ਨਾਨਕ ਸਾਹਿਬ ਨਹੀਂ ਪਹੁੰਚੇ ਸਨ ਉਸ ਸੰਸਾਰ ਵਿੱਚ ਉਸ ਵੇਲੇ ਗੁਰੂ ਨਾਨਕ ਦੇਵ ਜੀ ਵਾਲਾ ਗਿਆਨ ਨਹੀਂ ਸੀ ਪੁੰਚਿਆ।

ਤੱਤ ਗੁਰਮਤਿ ਪਰਿਵਾਰ- ਕੀ ਨਾਨਕ ਸਰੂਪਾਂ ਵੇਲੇ ‘ਸ਼ਬਦ’ ਗੁਰੂ ਹਰ ਥਾਂ ਸਰਬ ਵਿਆਪਕ ਨਾ ਹੋ ਕੇ ਸਿਰਫ਼ ਉਥੇ ਹੀ ਟਿਕਿਆ ਹੋਇਆ ਸੀ ਜਿੱਥੇ ਨਾਨਕ ਸਰੂਪ ਸ਼ਰੀਰਕ ਤੌਰ ਤੇ ਹਾਜ਼ਿਰ ਹੁੰਦੇ ਸਨ?

ਵਿਚਾਰ- ਜੀ ਹਾਂ, ਗੁਰੂ ਨਾਨਕ ਦੇਵ ਜੀ ਦਾ ਗਿਆਨ ਸ਼ਬਦ ਰੂਪ ਵਿੱਚ ਉਥੇ ਹੀ ਹਾਜਰ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਮੌਜੂਦ ਸਨ।
ਜੇ ਐਸਾ ਨਾ ਹੁੰਦਾ ਤਾਂ ਲਹਿਣਾ ਜੀ ਨੂੰ ਚੱਲ ਕੇ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਨਹੀਂ ਸੀ ਆਉਣਾ ਪੈਣਾ। ਉਨ੍ਹਾਂ ਨੂੰ ਉਥੇ ਹੀ ਦੇਵੀ ਮਾਤਾ ਦੇ ਦਰਬਾਰ ਤੋਂ ਗਿਆਨ ਹਾਸਲ ਹੋ ਜਾਣਾ ਸੀ। ਕਿਉਂਕਿ ਤੱਤ ਗੁਰਮਤਿ ਵਾਲਿਆਂ ਮੁਤਾਬਕ ਤਾਂ ਸੱਚ ਦਾ ਗਿਆਨ ਹਰ ਥਾਂ ਇੱਕੋ ਜਿਹਾ ਮੌਜੂਦ ਸੀ ਅਤੇ ਹੈ। ਫ਼ੇਰ ਲਹਿਣਾ ਜੀ ਨੂੰ ਉਥੇ ਹੀ ਦੇਵੀ ਮਾਤਾ ਦੇ ਦਰਬਾਰ ਤੋਂ ਉਹੀ ਗੁਰੂ ਨਾਨਕ ਦੇਵ ਜੀ ਵਾਲਾ ਸੱਚ ਦਾ ਗਿਆਨ ਹਾਸਲ ਕਿਉਂ ਨਹੀਂ ਹੋ ਗਿਆ?

ਤੱਤ ਗੁਰਮਤਿ ਪਰਿਵਾਰ ਵਾਲਿਆਂ ਵੱਲੋਂ ‘ਸਰਬ ਸਾਂਝੇ ਸੱਚ ਦੇ ਗਿਆਨ’ ਦੀ ਬਹੁਤ ਗੱਲ ਕੀਤੀ ਜਾਂਦੀ ਹੈ। ਪਤਾ ਨਹੀਂ ਉਹ ਕਿਸ ‘ਸੱਚ ਦੇ ਗਿਆਨ’ ਦੀ ਗੱਲ ਕਰਦੇ ਹਨ? ਹਰ ਵਿਅਕਤੀ ਦਾ ਆਪਣੀ ਸੋਚ ਮੁਤਾਬਕ ਸੱਚ ਹੁੰਦਾ ਹੈ। ਕੋਈ ਵਿਅਕਤੀ ਜਿਸ ਨੂੰ ਸੱਚ ਸਮਝਦਾ ਹੈ ਕੋਈ ਦੂਸਰਾ ਉਸ ਨੂੰ ਝੂਠ/ ਗ਼ਲਤ ਸਮਝ ਸਕਦਾ ਹੈ। ਜਿਸ ਗੱਲ ਨੂੰ ਤੱਤ ਗੁਰਮਤਿ ਵਾਲੇ ਸੱਚ ਸਮਝਦੇ ਹਨ ਮੇਰੀ ਨਜ਼ਰ ਵਿੱਚ ਗ਼ਲਤ ਹੋ ਸਕਦਾ ਹੈ। ਜਿਸ ਨੂੰ ਮੈਂ ਸੱਚ ਸਮਝਦਾ ਹਾਂ ਕੋਈ ਹੋਰ ਉਸ ਨੂੰ ਗ਼ਲਤ ਸਮਝ ਸਕਦਾ ਹੈ। ਸਦੀਆਂ ਪਹਿਲਾਂ ਜਿਹੜੀਆਂ ਗੱਲਾਂ ਨੂੰ ਸੱਚ ਸਮਝਿਆ ਜਾਂਦਾ ਸੀ ਉਨ੍ਹਾਂ ਵਿੱਚੋਂ ਅੱਜ ਬਹੁਤ ਸਾਰੀਆਂ ਗੱਲਾਂ ਗ਼ਲਤ ਸਾਬਤ ਹੋ ਚੁਕੀਆਂ ਹਨ। ਜਿਹੜੀਆਂ ਗੱਲਾਂ ਨੂੰ ਅੱਜ ਸੱਚ ਸਮਝਿਆ ਜਾ ਰਿਹਾ ਹੈ ਆਉਣ ਵਾਲੀਆਂ ਸਦੀਆਂ ਵਿੱਚ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਗ਼ਲਤ/ ਝੂਠ ਸਾਬਤ ਹੋ ਸਕਦੀਆਂ ਹਨ।

ਤੱਤ ਗੁਰਮਤਿ ਪਰਿਵਾਰ- “ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਗੁਰੂ’ ਕਹਿਣ ਦਾ ਅਸਲ ਭਾਵ ਉਸ ਵਿਚਲੇ ‘ਗਿਆਨ’ ਨੂੰ ਗੁਰੂ ਕਹਿਣਾ ਹੈ। ਕਾਗ਼ਜ਼ ਅਤੇ ਸਿਆਹੀ (ਜਿਸ ਨਾਲ ਇਹ ਗਿਆਨ ਲਿਖਿਆ ਗਿਆ ਹੈ) ‘ਗੁਰੂ’ ਨਹੀਂ ਕਹੇ ਜਾ ਸਕਦੇ। ਹੋਰ ਤਾਂ ਹੋਰ ਉਹ ‘ਅੱਖਰ’ ਵੀ ਗੁਰੂ ਨਹੀਂ ਕਹੇ ਜਾ ਸਕਦੇ, ਜਿਨ੍ਹਾਂ ਰਾਹੀਂ ਗਿਆਨ ਲਿਖਿਆ ਗਿਆ ਹੈ।… ਸੰਖੇਪ ਵਿੱਚ ਨਾ ਤਾਂ ਕਾਗ਼ਜ਼ ਅਤੇ ਸਿਆਹੀ ਨੂੰ ‘ਗੁਰੂ’ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਨਾਨਕ ਸਰੂਪਾਂ ਦੇ ‘ਆਤਮਾ’ ਅਤੇ ਸ਼ਰੀਰ ਨੂੰ ‘ਗੁਰੂ’ ਕਹਿਣਾ ਜਾਇਜ਼ ਹੈ”।

ਵਿਚਾਰ- ਜਿਸ ਤਰ੍ਹਾਂ ਕਾਗਜ਼ ਉਪਰ ਸਿਆਹੀ ਨਾਲ ਲਿਖੇ ਗਿਆਨ ਦੇ ਸਮੂਹ (ਗ੍ਰੰਥ + ਗਿਆਨ) ਨੂੰ “ਗੁਰੂ ਗ੍ਰੰਥ ਸਾਹਿਬ” ਕਿਹਾ ਜਾਂਦਾ ਹੈ (ਕਦੇ ਇਹ ਨਹੀਂ ਕਿਹਾ ਜਾਂਦਾ ਗ੍ਰੰਥ ਵਿਚਲਾ “ਗਿਆਨ ਗੁਰੂ”) ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਰੀਰ ਅਤੇ ਉਨ੍ਹਾਂ ਦੁਆਰਾ ਦਿੱਤੇ ਗਿਆਨ ਦੇ ਸਮੂਹ (ਸਰੀਰ + ਗਿਆਨ) ਨੂੰ ‘ਗੁਰੂ’ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ‘ਗ੍ਰੰਥ’ ਅਤੇ ਉਸ ਵਿਚਲੇ ‘ਗਿਆਨ’ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਉਸੇ ਤਰ੍ਹਾਂ ਗੁਰੂ ਸਾਹਿਬਾਂ ਦੇ ਸਰੀਰ (ਜਾਮੇਂ) ਅਤੇ ਉਨ੍ਹਾਂ ਦੇ ਗਿਆਨ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇੱਕਲਾ ਗਿਆਨ ਨਾ (ਗੁਰੂ) ‘ਗ੍ਰੰਥ ਸਾਹਿਬ’ ਤੋਂ ਬਿਨਾ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਕਾਇਆ, ਸਰੀਰ ਤੋਂ ਬਿਨਾ।

ਤੱ: ਗੁ: ਪ:- “ਜਿਸ ਤਰ੍ਹਾਂ ਬਿਰਧ ਹੋਣ ਤੋਂ ਬਾਅਦ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਵੀ ਸਸਕਾਰ ਕੀਤਾ ਜਾਂਦਾ ਹੈ….” “… ਕੀ ਬਿਰਧ ਬੀੜ ਦੇ ਸਸਕਾਰ ਕਰਨ ਨਾਲ ‘ਗੁਰੂ’ ਖ਼ਤਮ ਹੋ ਜਾਂਦਾ ਹੈ, ਜਲ ਜਾਂਦਾ ਹੈ? ਨਹੀਂ ਨਾ, ਸਸਕਾਰ ਤਾਂ ਸਿਰਫ਼ ਕਾਗਜ਼, ਸਿਆਹੀ, ਜਿਲਦ ਆਦਿ ਦਾ ਹੀ ਕੀਤਾ ਜਾਂਦਾ ਹੈ।

ਵਿਚਾਰ- ਜੀ ਹਾਂ ਬਿਲਕੁਲ ਖ਼ਤਮ ਹੋ ਜਾਂਦਾ ਹੈ। ਜੇ ਬਿਰਧ ਬੀੜ ਦਾ ਸਸਕਾਰ ਕਰ ਦੇਈਏ, ਉਸ ਦੇ ਬਾਅਦ ਸਾਡੇ ਕੋਲ ਕੋਈ ਹੋਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾ ਹੋਵੇ ਤਾਂ ਜਰੂਰ ਗੁਰੂ ਗ੍ਰੰਥ ਸਾਹਿਬ ਵਿਚਲਾ ਗਿਆਨ ਵੀ ਖ਼ਤਮ ਹੋ ਜਾਵੇਗਾ। ਜਿੰਨਾ ਚਿਰ ਸਾਡੇ ਕੋਲ ‘ਗੁਰੂ ਗ੍ਰੰਥ ਸਾਹਿਬ’ ਮੌਜੂਦ ਹੈ ਅਤੇ ਉਸ ਨੂੰ ਪੜ੍ਹਦੇ ਹਾਂ ਉਤਨਾ ਚਿਰ ਹੀ ਗਿਆਨ ਸਾਡੇ ਕੋਲ ਹੈ। ਨਹੀਂ ਤਾਂ ਇਹ ਗਿਆਨ ‘ਗੁਰੂ’ ਖ਼ਤਮ ਹੋ ਜਾਵੇਗਾ।

ਤੱ: ਗੁ: ਪ:- “ਦੂਜੇ ਪਾਸੇ ਨਾਨਕ ਸਰੂਪਾਂ ਦੇ ਸਸਕਾਰ ਕਰਨ ਤੋਂ ਬਾਅਦ ਉਹ ਦੁਬਾਰਾ ਇਸ ਸੰਸਾਰ ਵਿੱਚ ਤਾਂ ਨਹੀਂ ਆਏ? ਇਸ ਕਰਕੇ ਇਹ ਤੁਲਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਲੱਗਦੀ।
ਵਿਚਾਰ- ਨਾਨਕ ਸਰੂਪਾਂ ਦਾ ਸਸਕਾਰ ਕਰਨ ਤੋਂ ਬਾਅਦ ਉਹ ਦੁਬਾਰਾ ਸੰਸਾਰ ਤੇ ਨਹੀਂ ਆਏ, ਬਲਕਿ ਕੋਈ ਵੀ ਇਸ ਤਰ੍ਹਾਂ ਦੁਬਾਰਾ ਇਸ ਸੰਸਾਰ ਤੇ ਨਹੀਂ ਆਉਂਦਾ। ਪਰ ਕਿਸੇ (ਬਿਰਧ) ਬੀੜ ਦਾ ਸਸਕਾਰ ਕਰਨ ਤੇ ਵੀ ਦੁਬਾਰਾ ਉਹੀ ਬੀੜ ਹੋਂਦ ਵਿੱਚ ਨਹੀਂ ਆਉਂਦੀ। ਗੁਰੂ ਅਤੇ ਇਸੇ ਤਰ੍ਹਾਂ ਉਨ੍ਹਾਂ ਤੋਂ ਮਗ਼ਰੋਂ ਹੋਰ ਦੂਜੇ ਗੁਰੂ ਸਾਹਿਬਾਂ ਦੇ ਜਰੀਏ ਲਿਖਤ ਰੂਪ ਵਿੱਚ ਉਨ੍ਹਾਂ ਦਾ ਖਜਾਨਾ ਸਾਡੇ ਤੱਕ ਪਹੁੰਚਿਆ ਹੈ। ਜੇ ਇਹ ਲਿਖਤੀ (ਜਾਂ ਕਿਸੇ ਵੀ ਹੋਰ ਆਧੁਨਿਕ ਤਰੀਕੇ ਨਾਲ) ਇਹ ਖਜਾਨਾ ਸਾਡੇ ਕੋਲ ਨਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਦਾ ਗਿਆਨ ਰੂਪੀ ਖਜਾਨਾ ਖ਼ਤਮ ਹੋ ਜਾਵੇਗਾ। ਕਹਿਣ ਤੋਂ ਭਾਵ ਹੈ ਕਿ ਜੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ (ਭੌਤਿਕ ਰੂਪ ਵਿੱਚ) ਹੈ ਤਾਂ ਹੀ ਗਿਆਨ ਦਾ ਭੰਡਾਰ ਸਾਡੇ ਕੋਲ ਹੈ। ਜੇ ਇਸ ਨੂੰ ਸਸਕਾਰ ਕਰਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਨਸ਼ਟ ਕਰ ਦੇਈਏ ਤਾਂ ਇਹ ਖਜਾਨਾ ਸਾਡੇ ਕੋਲ ਨਹੀਂ ਰਹੇਗਾ। ਗੁਰੂ ਗ੍ਰੰਥ ਸਾਹਿਬ ਨੂੰ ਨਸ਼ਟ ਕਰਨ ਨਾਲ ਇਸ ਵਿਚਲਾ ਗਿਆਨ ਵੀ ਨਸ਼ਟ ਹੋ ਜਾਵੇਗਾ।

ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਂ ਬਾਰੇ ਤੁਲਨਾਤਮਕ ਵਿਚਾਰ:

ਤੱ: ਗ: ਪ:- ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਕਹਿਣ ਦਾ ਅਸਲ ਭਾਵ ਉਸ ਵਿਚਲੇ ‘ਗਿਆਨ’ ਨੂੰ ਹੀ ਗੁਰੂ ਕਹਿਣਾ ਹੈ।
ਵਿਚਾਰ- ਗੁਰੂ ਸਾਹਿਬਾਂ ਨੂੰ ‘ਗੁਰੂ’ ਕਹਿਣ ਦਾ ਅਸਲ ਭਾਵ ਉਨ੍ਹਾਂ ਦੁਆਰਾ ਨਾਜ਼ਲ ਹੋਏ ‘ਗਿਆਨ’ ਨੂੰ ਹੀ ਗੁਰੂ ਕਹਿਣਾ ਹੈ।

ਤੱ: ਗੁ: ਪ:- ਕਾਗਜ਼ ਅਤੇ ਸਿਆਹੀ ( ਜਿਸ ਨਾਲ ਇਹ ਗਿਆਨ ਲਿਖਿਆ ਗਿਆ ਹੈ) ‘ਗੁਰੂ’ ਨਹੀਂ ਕਹੇ ਜਾ ਸਕਦੇ।
ਵਿਚਾਰ- ਗੁਰੂ ਸਾਹਿਬਾਂ ਦਾ (ਸਿਰਫ਼) ਸਰੀਰ ਅਤੇ ਹੱਥ, ਜ਼ੁਬਾਨ ਆਦਿ ( ਜਿਨ੍ਹਾਂ ਦੇ ਜਰੀਏ ਗਿਆਨ ਲਿਖਿਆ ਅਤੇ ਉਚਾਰਿਆ ਗਿਆ) ‘ਗੁਰੂ’ ਨਹੀਂ ਕਹੇ ਜਾਂਦੇ। ਗੁਰੂ ਸਾਹਿਬਾਂ ਦੁਆਰਾ ਬਖਸ਼ੇ ਗਏ ਗਿਆਨ ਕਾਰਣ ਹੀ ਉਹ ‘ਗੁਰੂ’ ਕਹਾਉਂਦੇ ਹਨ। ਜੇ ਗਿਆਨ ਨਹੀਂ ਤਾਂ ਆਮ ਵਿਅਕਤੀ ਹੀ ਹਨ।

ਤੱ: ਗੁ: ਪ:- “… ਐਸੇ ਸਾਰੇ ਵੀਰ ਭੈਣ ਜੋ ਪ੍ਰੋ: ਸਾਹਿਬ ਸਿੰਘ ਜੀ ਨੂੰ ਅੰਤਮ ਮੰਨਦੇ ਹਨ, ਇਹ ਪ੍ਰਵਾਨ ਕਰਦੇ ਹਨ ਕਿ ਪ੍ਰੋ: ਜੀ ਨੇ ਆਪਣਾ ਸਾਰਾ ਟੀਕਾ, ਗੁਰਬਾਣੀ ਵਿਆਕਰਣ ਦੇ ਆਧਾਰ ਤੇ ਕੀਤਾ ਹੈ ਪਰ ਉਨ੍ਹਾਂ ਦੇ ਕੀਤੇ ਟੀਕੇ ਵਿੱਚ ਕਈ ਥਾਂ ਕਿਤੇ ਕਿਤੇ ਅਰਥ ਗੁਰਮਤਿ ਦਲੀਲ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ”।
ਕੁਝ ਉਦਾਹਰਣਾਂ ਹਨ:-
ਭਗਤ ਨਾਮਦੇਵ ਜੀ ਨਾਲ ਸੰਬੰਧਤ ਗੁਰਬਾਣੀ ਵਾਕ “ਹਸਤ ਖੇਲਤ ਤੇਰੇ ਦੇਹੁਰੇ ਆਇਆ” (ਪੰਨਾ-1164)। ਦੇ ਅਰਥ ਕਰਦੇ ਸਮੇਂ ਪ੍ਰੋ: ਸਾਹਿਬ ਸਿੰਘ ਜੀ ਨੇ (ਵਿਆਕਰਣ ਦੇ ਆਧਾਰ ਤੇ) ਅਰਥ ਕੀਤੇ ਹਨ, ਕਿ ਨਾਮਦੇਵ ਜੀ ਨੂੰ ਮੰਦਰ ਤੋਂ ਬਾਹਰ ਕੱਢ ਦੇਣ ਦੇ ਕਾਰਨ ਉਹ ਪਿਛਲੇ ਪਾਸੇ ਬੈਠ ਗਏ। ਇਸ ਕਾਰਨ (ਭਗਤ-ਵੱਛਲ) ਪ੍ਰਭੂ ਨੇ ਮੰਦਰ (ਦੇਹੁਰੇ) ਦਾ ਮੂੰਹ ਫ਼ੇਰ ਕੇ ਪਿਛਲੇ ਪਾਸੇ ਕਰ ਦਿੱਤਾ (?)” ਕੀ ਇਹ ਸਹੀ ਅਰਥ ਲੱਗਦੇ ਹਨ? ਕੀ ਗੁਰਮਤਿ ਅਤੇ ਦਲੀਲ ਦੀ ਕਸਵੱਟੀ ਤੇ ਖਰੇ ਉਤਰਦੇ ਹਨ? ਜਦਕਿ ਆਪਣੀ ਬਾਣੀ ਵਿੱਚ ਹੀ ਭਗਤ ਨਾਮਦੇਵ ਜੀ ਸਪੱਸ਼ਟ ਕਹਿ ਰਹੇ ਹਨ ਕਿ ਮੈਂ ਦੇਹੁਰੇ/ ਮਸੀਤ ਵਾਲੀ ਰਸਮੀਂ ਭਗਤੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਗੁਰਵਾਕ ਹੈ: “ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ॥” ਫ਼ੇਰ ਉਹ ਦੇਹੁਰੇ ਕੀ ਕਰਨ ਗਏ ਸਨ?

ਵਿਚਾਰ- ਤੱਤ ਗੁਰਮਤਿ ਵਾਲਿਆਂ ਨੂੰ ਗ਼ੈਰ ਜਿੰਮੇਦਾਰਾਨਾ ਅਤੇ ਸਿੱਖ ਕੌਮ ਨੂੰ ਗੁਮਰਾਹ-ਕੁਨ ਗੱਲਾਂ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਪਰ ਭਗਤ ਨਾਮਦੇਵ ਜੀ ਦੇ ਸ਼ਬਦ ਦੇ ਸੰਬੰਧ ਵਿੱਚ ਪ੍ਰੋ: ਸਾਹਿਬ ਸਿੰਘ ਦੇ ਵਿਆਕਰਣ ਦੇ ਆਧਾਰ ਤੇ ਕੀਤੇ ਅਰਥਾਂ ਦਾ ਜੋ ਹਵਾਲਾ ਦਿੱਤਾ ਹੈ ਅਧੂਰਾ ਅਤੇ ਗ਼ਲਤ ਪੇਸ਼ ਕੀਤਾ ਹੈ। ਇਸ ਤਰ੍ਹਾਂ ਕਰਨਾ ਉਨ੍ਹਾਂ ਨੂੰ ਸ਼ੋਭਦਾ ਨਹੀਂ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਪ੍ਰੋ: ਸਾਹਿਬ ਸਿੰਘ ਦੇ ਕੀਤੇ ਜੋ ਅਰਥ ਪੇਸ਼ ਕੀਤੇ ਹਨ ਉਹ ਤੁਕ ਇਸ ਪ੍ਰਕਾਰ ਹੈ: “ਲੈ ਕਮਲੀ ਚਲਿਓ ਪਲਟਾਇ॥ ਦੇਹੁਰੈ ਪਾਛੈ ਬੈਠਾ ਜਾਇ॥2॥ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ ਭਗਤ ਜਨਾਂ ਕਉ ਦੇਹੁਰਾ ਫਿਰੈ॥” ਅਰਥ ਜੋ ਪ੍ਰੋ. ਸਾਹਿਬ ਸਿੰਘ ਨੇ ਕੀਤੇ ਹਨ: ਮੈਂ ਆਪਣੀ ਕੰਬਲੀ ਲੈ ਕੇ (ਉਥੋਂ) ਮੁੜ ਕੇ ਤੁਰ ਪਿਆ, ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ।2। (ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ, (ਉਸ ਦਾ) ਮੰਦਰ (ਉਸ ਦੇ) ਭਗਤ ਦੀ ਖਾਤਰ (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ” ( ਨੋਟ: ਪ੍ਰੋ: ਸਾਹਿਬ ਨੇ ਇਹ ਨਹੀਂ ਲਿਖਿਆ ਕਿ ਦੇਹੁਰੇ ਦਾ ਮੂੰਹ ਫ਼ਿਰ ਕੇ ਪਿਛਲੇ ਪਾਸੇ ਹੋ ਗਿਆ)।
ਲੱਗਦਾ ਹੈ ਤਤ ਗੁਰਮਤਿ ਵਾਲਿਆਂ ਦਾ ਮੁਖ ਉਦੇਸ਼ ‘ਪ੍ਰੋ. ਸ਼ਾਹਿਬ ਸਿੰਘ ਦੀ ਵਿਆਕਰਣ ਨੂੰ’ ਰੱਦ ਕਰਨਾ ਹੀ ਹੈ। ਹਰ ਗੱਲ ਵਿੱਚ ਵਿਆਕਰਣ ਦਾ ਜ਼ਿਕਰ ਕਰਕੇ ਕੁਝ ਨਾ ਕੁਝ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜੇ ਪ੍ਰੋ: ਸਾਹਿਬ ਸਿੰਘ ਦੇ ਵਿਆਕਰਣ ਦੇ ਆਧਾਰ ਤੇ ਕੀਤੇ ਅਰਥ ਗ਼ਲਤ ਹਨ ਤਾਂ ਉਹ ਸੰਬੰਧਤ ਤੁਕਾਂ ਦੇ ਅਰਥ ਕਰਕੇ ਦੱਸਣ। ਅਸਲ ਵਿੱਚ ਵਿਆਕਰਣ ਦੇ ਆਧਾਰ ਤੇ ਅਰਥ ਇਹੀ ਹਨ, ਜੋ ਪ੍ਰੋ: ਸਾਹਿਬ ਨੇ ਕੀਤੇ ਹਨ। ਪਰ ਫ਼ਰਕ ਹੈ ਭਾਵਾਰਥਾਂ ਦਾ। ਤੱਤ ਗੁਰਮਤਿ ਵਾਲਿਆਂ ਨੇ ਅਨਜਾਣੇ ਹੀ ਜਾਂ ਜਾਣਬੁਝ ਕੇ ਇਸ ਸ਼ਬਦ ਦੇ ਸੰਬੰਧ ਵਿੱਚ ਲਿਖੇ ਗਏ ਪ੍ਰੋ. ਸਾਹਿਬ ਸਿੰਘ ਦੇ ‘ਨੋਟ ਅਤੇ ਸ਼ੰਕਿਆਂ ਦੇ ਸਮਾਧਾਨ’ ਪੇਸ਼ ਨਹੀਂ ਕੀਤੇ।
“ਸਟੀਕ ਭਗਤ-ਬਾਣੀ ਹਿੱਸਾ ਤੀਜਾ” ਪੁਸਤਕ ਦੇ ਸ਼ੁਰੂ ਦੇ ਪੰਨਿਆਂ ਤੇ ਪ੍ਰੋ: ਸਾਹਿਬ ਸਿੰਘ ਨੇ ਆਮ ਪ੍ਰਚੱਲਤ ਸ਼ੰਕਿਆਂ ਬਾਰੇ ਆਪਣੇ ਵਿਚਾਰ ਦਿੱਤੇ ਹਨ। ਪੇਸ਼ ਹਨ ਕੁਝ ਅੰਸ਼:
“ਨਾਮਦੇਵ ਦਾ ਬੀਠਲ ਨਾ ਕਿਸੇ ਖ਼ਾਸ ਮੰਦਰ ਵਿੱਚ ਹੈ ਨਾ ਮਸਜਿਦ ਵਿੱਚ”।
ਨਾਮਦੇਵ ਦਾ ‘ਕੇਸਵ, ਗੋਬਿੰਦ ਅਤੇ ਬੀਠੁਲ ਇਕੋ ਹੀ ਹੈ। ਨਾਮਦੇਵ ਜੀ ਦਾ ‘ਬੀਠੁਲ’ ਹਰੇਕ ਜੀਵ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿੱਚ ਕਦੇ ਨਹੀਂ ਫ਼ਸਿਆ। ਭਗਤ ਨਾਮਦੇਵ ਦਾ ਬੀਠਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ।

ਦੱਖਣ ਵਿੱਚ ਲੋਕ ਕਿਸੇ ਮੰਦਰ ਵਿੱਚ ਟਿਕਾਏ ‘ਬੀਠੁਲ’ ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ। … ਨਾਮਦੇਵ ਜੀ ਇਸ ਸ਼ਬਦ ਵਿੱਚ ਲਫ਼ਜ਼ ‘ਬੀਠੁਲ’ ਦਾ ਅਰਥ ‘ਇੱਟ ਤੇ ਬੈਠਾ ਕ੍ਰਿਸ਼ਨ” ਨਹੀਂ ਕਰਦੇ, ਉਨ੍ਹਾਂ ਦਾ ਭਾਵ “ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਲਫ਼ਜ਼ ਰਾਮ ਤੇ ਬੀਠੁਲ ਨੂੰ ਇੱਕੋ ਹੀ ਭਾਵ ਵਿੱਚ ਵਰਤ ਰਹੇ ਹਨ। ਵਿ-ਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ। ਸਥਲ- ਟਿਕਿਆ ਹੋਇਆ।

ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿੱਚ ਗੁਜ਼ਾਰਿਆ। ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ ਤੇ ਸ਼ੁਦਰ ਹੈ। ਸ਼ੁਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਕਿਸੇ ਮੌਜ ਵਿੱਚ ਨਾਮਦੇਵ ਜੀ ਬੀਠਲ-ਮੂਰਤੀ ਦੇ ਮੰਦਰ ਚਲੇ ਗਏ, ਅਗੋਂ ਉਚੀ ਜ਼ਾਤ ਵਲਿਆਂ ਨੇ ਬਾਹੋਂ ਫ਼ੜਕੇ ਬਾਹਰ ਕਢ੍ਹ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ ਦੀ ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਤੇ ਹਰ ਰੋਜ਼ ਮੰਦਰ ਜਾ ਕੇ ਪੂਜਾ ਕਰਦੇ ਹੁੰਦੇ, ਤਾਂ ਹਰ ਰੋਜ਼ ਮੰਦਰ ਆਉਣ ਵਾਲੇ ਨਾਮਦੇਵ ਨੂੰ ਉਨ੍ਹਾਂ ਲੋਕਾਂ ਨੇ ਕਿਸੇ ਇਕ ਦਿਨ ‘ਹੀਨੜੀ ਜਾਤਿ’ ਦਾ ਜਾਣ ਕੇ ਕਿਉਂ ਬਾਹਰ ਕਢ੍ਹਣਾ ਸੀ? ਇਹ ਇਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਹੀ ਸ਼ੂਦਰ ਹੋਣ ਕਰਕੇ ਉਚੀ ਜ਼ਾਤ ਵਾਲਿਆਂ ਵੱਲੋਂ ਉਨ੍ਹਾਂ ਨੂੰ ਉਥੇ ਜਾਣ ਦੀ ਆਗਿਆ ਸੀ। ਇਹ ਤਾਂ ਕਿਸੇ ਇਕ ਦਿਨ ਮੌਜ ਵਿੱਚ ਆਏ ਹੋਏ ਚਲੇ ਗਏ ਤੇ ਅਗੋਂ ਧੱਕੇ ਪਏ।

ਪੰਡਰਪੁਰ ਵਿੱਚ ‘ਬੀਠੁਲ’ ਦੀ ਮੂਰਤੀ ਦਾ ਮੰਦਰ ਹੈ ਜੇ ਨਾਮਦੇਵ ਜੀ ਉਸ ਮੂਰਤੀ ਦੇ ਪੁਜਾਰੀ ਹੁੰਦੇ ਤਾਂ ਆਖਿਰ ਇਹ ਪੂਜਾ ਉਹਨਾਂ ਮੰਦਰ ਵਿੱਚ ਜਾ ਕੇ ਹੀ ਕਰਨੀ ਸੀ। ….. ਇਥੋਂ ਧੱਕੇ ਪੈਣ ਤੋਂ ਹੀ ਇਹ ਸਾਫ਼ ਜ਼ਾਹਰ ਹੈ ਕਿ ਨਾਮਦੇਵ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿੱਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿੱਚ ਧਰੀ ਕਿਸੇ ਬੀਟੂਲ-ਮੂਰਤੀ ਦਾ ਪੁਜਾਰੀ ਸੀ।

ਇਤਰਾਜ਼ ਕਰਨ ਵਾਲੇ ਸੱਜਣ ਸ਼ਇਦ ਇਹ ਇਤਰਾਜ਼ ਭੀ ਕਰ ਦੇਣ ਕਿ ਜੇ ਨਾਮਦੇਵ ਉਸ ਮੂਰਤੀ ਦਾ ਪੁਜਾਰੀ ਨਹੀਂ ਸੀ ਤਾਂ ਉਹ ਇਕ ਦਿਨ ਭੀ ਉਥੇ ਕਿਉਂ ਗਿਆ ਸੀ। ਪਰ ਇਹ ਇਤਰਾਜ਼ ਕੋਈ ਵਜਨ ਨਹੀਂ ਰੱਖਦਾ। ਮੁਸਲਮਾਨ, ਇਸਾਈ, ਅਤੇ ਹੋਰ ਕਈ ਮਤਾਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਇਆ ਕਰਦੇ ਹਨ, ਪਰ ਇਸ ਦਾ ਇਹ ਭਾਵ ਨਹੀਂ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਹੈਸੀਅਤ ਵਿੱਚ ਆਉਂਦੇ ਹਨ।

ਹਿੰਦੂ ਮੰਦਰਾਂ ਵਿੱਚ ਕਈ ਸਿੱਖ ਭੀ ਸਿਰਫ਼ ‘ਵੇਖਣ’ ਦੀ ਖ਼ਾਤਰ ਹੀ ਚਲੇ ਜਾਂਦੇ ਹਨ, ਉਨ੍ਹਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਉਥੇ ਸ਼ਰਧਾ ਨਾਲ ਪੂਜਾ ਕਰਨ ਦੀ ਖ਼ਾਤਰ ਜਾਂਦੇ ਹਨ। ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਭੀ ਕਦੇ ਇਕ ਵਾਰੀਂ ਬੀਠੁਲ-ਮੂਰਤੀ ਦੇ ਮੰਦਰ ਚਲਾ ਗਿਆ ਹੋਵੇਗਾ”।

ਪ੍ਰੋ: ਸਾਹਿਬ ਸਿੰਘ ਨੇ ਜੋ ਅਰਥ ਕੀਤੇ ਹਨ ਉਹ ਵਿਆਕਰਣ ਦੇ ਆਧਾਰ ਤੇ ਹਨ। ਅਰਥ ਉਹੀ ਹਨ ਅਤੇ ਹੋਣੇ ਚਾਹੀਦੇ ਹਨ ਜੋ ਸ਼ਬਦ ਦੇ ਅਸਲ ਵਿੱਚ ਬਣਦੇ ਹਨ। ਪਰ ਕਈ ਵਾਰੀਂ ਸ਼ਬਦ ਦੇ ਭਾਵਾਰਥ ਕੁਝ ਹੋਰ ਹੁੰਦੇ ਹਨ ਸੋ ਪ੍ਰੋ: ਸਾਹਿਬ ਸਿੰਘ ਨੇ ਸ਼ਬਦ ਦੇ ਭਾਵਾਰਥ ਵੀ ਅਤੇ ਆਮ ਉਠਾਏ ਗਏ ਸ਼ੰਕਿਆਂ ਦਾ ਸਮਾਧਾਨ ਵੀ ਲਿਖ ਦਿੱਤਾ ਹੈ।ਪੇਸ਼ ਹੈ, ਇਸ ਸ਼ਬਦ ਦੇ ਸੰਬੰਧ ਵਿੱਚ ਪ੍ਰੋ: ਸਾਹਿਬ ਸਿੰਘ ਦੁਆਰਾ ਲਿਖਿਆ ਭਾਵਾਰਥ: “ਭਾਵ- ਸਿਮਰਨ ਦੀ ਬਰਕਤ-ਨਿਰਭੈਤਾ। ਉਚੀ ਜ਼ਾਤ ਵਾਲਿਆਂ ਵੱਲੋਂ ਸ਼ੁਦਰ- ਅਖਵਾਂਦਿਆਂ ਉਤੇ ਹੋ ਰਹੀਆਂ ਵਧੀਕੀਆਂ ਦੇ ਵਿਰੁਧ ਪ੍ਰਭੂ ਅਗੇ ਰੋਸ।

ਜਿਉਂ ਜਿਉ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉਚ-ਜਾਤੀਏ ਦੀ ਆਕੜ ਘਟਦੀ ਹੈ”।

(ਸੋ ਇੱਥੇ ਤੁਕ “ਦੇਹੁਰਾ ਫਿਰੈ” ਦੇ ਭਾਵਾਰਥ ਦਿੱਤੇ ਹਨ ਕਿ ਉਚ ਜਨਮਜਾਤੀਏ ਅਖਵਾਉਣ ਵਾਲਿਆਂ ਦੀ ਆਕੜ ਘਟਦੀ ਹੈ)।
ਸੋ ਪ੍ਰੋ: ਸਾਹਿਬ ਸਿੰਘ ਦੀ ਵਿਆਕਰਣ ਨੂੰ ਕਿਸੇ ਨਾ ਕਿਸੇ ਬਹਾਨੇ ਗ਼ਲਤ ਸਾਬਤ ਕਰਨ ਦਾ ਕੋਈ ਨਾ ਕੋਈ ਬਹਾਨਾ ਲਭੀ ਜਾਣਾ ਉਚਿਤ ਨਹੀਂ।

ਪ੍ਰੋ: ਸਾਹਿਬ ਸਿੰਘ ਨੇ ਖੁਦ ਵੀ ਲਿਖਿਆ ਹੈ ਕਿ ਪੰਜ ਛੇ ਸੌ ਸਾਲ ਪੁਰਾਣੀ ਬੋਲੀ ਦੀ ਵਿਆਕਰਣ ਖੋਜਣੀ ਕੋਈ ਸੌਖਾ ਕੰਮ ਨਹੀਂ ਇਸ ਲਈ ਇਸ ਵਿੱਚ ਜੇ ਕੋਈ ਤਰੁਟੀਆਂ ਰਹਿ ਗਈਆਂ ਹੋਣ ਤਾਂ ਵਿਦਵਾਨ ਇਸ ਵਿੱਚ ਸੁਧਾਰ ਲਿਆਉਣ ਵਿੱਚ ਯੋਗ-ਦਾਨ ਕਰਦੇ ਰਹਿਣ। ਹਾਂ ਉਨ੍ਹਾਂ ਦੇ ਕੀਤੇ ਅਰਥਾਂ ਜਾਂ ਵਿਆਕਰਣ ਵਿੱਚ ਜੇ ਕੋਈ ਕਮੀਆਂ ਜਾਂ ਗ਼ਲਤੀਆਂ ਹਨ ਤਾਂ ਉਨ੍ਹਾਂ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ।
ਹੋ ਸਕਦਾ ਹੈ ਕਿਸੇ ਇਕ ਅੱਧ ਸ਼ਬਦ ਦੀ ਵਿਆਖਿਆ ਕਰਨ ਲੱਗੇ ਪ੍ਰੋ: ਸਾਹਿਬ ਸਿੰਘ ਤੋਂ ਵੀ ਗ਼ਲਤੀ ਰਹਿ ਗਈ ਹੋਵੇ।ਉਨ੍ਹਾਂ ਦੀ ਕਿਸੇ ਇਕ ਅੱਧ ਤੁਕ ਦੇ ਅਰਥ ਗ਼ਲਤ ਸਿੱਧ ਕਰਕੇ ਸਾਰੀ ਵਿਆਕਰਣ ਨੂੰ ਹੀ ਬੇ-ਮਾਇਨੇ ਕਰਾਰ ਦੇਣਾ ਕਿੱਥੋਂ ਤੱਕ ਉਚਿਤ ਹੈ? ।

ਤੱ: ਗੁ: ਪ:- “ਦਸਰਥ ਪੁਤਰ ਰਾਮ ਲਈ ਵੀ ‘ਰਾਮ’ ਲਫ਼ਜ਼ ਵਰਤਿਆ ਗਿਆ ਹੈ, ਅਤੇ ਪ੍ਰਭੂ ਲਈ ਵੀ ਗੁਰਬਾਣੀ ਵਿੱਚ ‘ਰਾਮ’ ਲਿਖਿਆ ਹੈ।…. ਦਸਰਥ ਪੁੱਤਰ ‘ਰਾਮ’ ਸੰਗਿਆ ਹੈ, ਪਰ ਵਿਆਪਕ ‘ਰਾਮ’ ਵਿਸ਼ੇਸ਼ਣ ਹੈ”। ਵਿਆਪਕ ‘ਰਾਮ’ (ਪ੍ਰਭੂ) ਸੁਪਰੀਮ ਹਸਤੀ ਹੈ ਪਰ ਦਸਰਥ ਪੁੱਤਰ ‘ਰਾਮ’ (ਬ੍ਰਹਮਣੀ ਕਥਾਵਾਂ ਦੇ ਆਧਾਰ ਤੇ ਹੀ) ਗ਼ਲਤੀਆਂ ਅਤੇ ਕਮਜ਼ੋਰੀਆਂ ਦਾ ਪੁਤਲਾ ਸਪੱਸ਼ਟ ਨਜ਼ਰ ਆਉਂਦਾ ਹੈ”।

ਵਿਚਾਰ- ਵਿਆਕਰਣ ਅਨੁਸਾਰ ‘ਵਿਸ਼ੇਸ਼ਣ ਉਹ ਹੈ ਜਿਸ ਨਾਲ ਕਿਸੇ ਵਸਤੂ ਜਾਂ ਵਿਅਕਤੀ ਦੇ ‘ਵਿਸ਼ੇਸ਼ ਗੁਣ’ ਜਾਹਰ ਹੋਣ’। (ਆਮ ਤੌਰ ਤੇ ਵਿਸ਼ੇਸ਼ਣ ਲਈ ਉਸ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਉਸ ਵਿਅਕਤੀ ਜਾਂ ਵਸਤੂ ਦੇ ਬਰਾਬਰ ਜਾਂ ਉਸ ਤੋਂ ਵੱਧ ਗੁਣ ਰੱਖਦਾ ਹੋਵੇ)।ਪਰ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਭੂ ਨੂੰ ‘ਰਾਮ’ ਨਾਮ ਨਾਲ ਸੰਬੋਧਨ ਕਰਨ ਨਾਲ ਉਸ ਦੇ ਕਿਹੜੇ ਵਿਸ਼ੇਸ਼ ਗੁਣ ਜ਼ਾਹਰ ਹੁੰਦੇ ਹਨ? (ਬਲਕਿ ਤੱਤ ਗੁਰਮਤਿ ਵਾਲਿਆਂ ਨੇ ਖੁਦ ਰਾਮ ਨੂੰ ਗ਼ਲਤੀਆਂ ਅਤੇ ਕਮਜ਼ੋਰੀਆਂ ਦਾ ਪੁਤਲਾ ਦੱਸਿਆ ਹੈ)। ਗੁਰੂ ਸਾਹਿਬਾਂ ਨਾਲ ‘ਗੁਰੂ’ ਲਫ਼ਜ਼ ਲੱਗਣ ਨਾਲ ਗੁਰੂ ਸਾਹਿਬਾਂ ਦੀ ਕਿਹੜੀ ਵਿਸ਼ੇਸ਼ਤਾ ਘਟ ਜਾਂ ਵਧ ਜਾਂਦੀ ਹੈ?

ਤੱ: ਗੁ: ਪ:- “ਗੁਰਮਤਿ ਅਨੁਸਾਰ ‘ਗੁਰੂ’ ‘ਸਤਿਗੁਰੂ’ ਵਿਸ਼ੇਸ਼ਣ ਪ੍ਰਭੂ ਜਾਂ ਉਸ ਦੇ ਪ੍ਰਗਟ ਸਰੂਪ ‘ਸੱਚ ਦੇ ਗਿਆਨ’ ਲਈ ਰਾਖਵਾਂ ਹੈ। ਜੇ ਨਾਨਕ ਸਰੂਪਾਂ ਦਾ ਨਾਮ ‘ਗੁਰੂ ਦੇਵ’ ‘ਗੁਰੂ ਦਾਸ’ ਆਦਿ ਹੁੰਦਾ ਤਾਂ ਉਨ੍ਹਾਂ ਨੂੰ ‘ਗੁਰੂ’ ਕਹਿਣ ਵਿੱਚ ਕੋਈ ਹਰਜ ਨਹੀਂ ਸੀ। ਜਿਵੇਂ ਜੇ ਕਿਸੇ ਆਦਮੀ ਦਾ ਨਾਂ ‘ਗੁਰੂ’ ਹੈ ਤਾਂ ਉਸ ਨੂੰ ‘ਗੁਰੂ’ ਕਹਿਣ ਵਿੱਚ ਕੋਈ ਹਰਜ਼ ਨਹੀਂ ਸੀ। ਪਰ ਜਦ ‘ਗੁਰੂ’ ਪਦ ਵਿਸ਼ੇਸ਼ਣ ਦੇ ਤੌਰ ਤੇ ਵਰਤਣਾ ਪਵੇ ਤਾਂ ਗੁਰਮਤਿ ਸ਼ਰੀਰ ਲਈ ਵਰਤਣ ਦੀ ਹਿਮਾਇਤ ਨਹੀਂ ਕਰਦੀ”।

ਵਿਚਾਰ- ਪਰਮਾਤਮਾ ਦਾ ਨਾਮ ਤਾਂ ‘ਗੁਰੂ’ ਨਹੀਂ ਹੈ।ਪ੍ਰਭੂ ਲਈ ‘ਗੁਰੂ’ ਸ਼ਬਦ ਵਿਸ਼ੇਸ਼ਣ ਅਤੇ ਗੁਰੂ ਸਾਹਿਬਾਂ ਲਈ ਇਹ ਸੰਗਿਆ ਕਹਿਣਾ ਕਿਸ ਤਰ੍ਹਾਂ ਜਾਇਜ਼ ਹੈ? ਵੈਸੇ ਉਪਰ ਬਹੁਤ ਸਾਰੀਆਂ “ ਗੁਰ ਕੈ ਸ਼ਬਦਿ” ਵਾਲੀਆਂ ਉਦਾਹਰਣਾਂ ਦੇ ਕੇ ਦੱਸਿਆ ਜਾ ਚੁੱਕਾ ਹੈ ਕਿ ਗੁਰਬਾਣੀ ਵਿੱਚ ‘ਗੁਰੂ’ ਸ਼ਬਦ ਸਿਰਫ਼ ਪਰਮਾਤਮਾ ਲਈ ਹੀ ਨਹੀਂ ਬਲਕਿ ਤੱਤ ਦਾ ਗਿਆਨ ਦੇਣ ਵਾਲੇ ਨੂੰ ‘ਗੁਰੂ’ ਕਿਹਾ ਗਿਆ ਹੈ।ਗੁਰੂ ਗ੍ਰੰਥ ਸਾਹਿਬ ਵੀ, ਬੀੜ ਰੂਪ ਵਿੱਚ ਸਿਰਫ਼ ‘ਗ੍ਰੰਥ’ ਹੈ ਪਰ ਉਸ ਵਿੱਚ “ਗੁਰੂ” ਦਾ ਗਿਆਨ ਹੋਣ ਕਰਕੇ ਉਸ ਨਾਲ ਵਿਸ਼ੇਸ਼ਣ ‘ਗੁਰੂ ... ਸਾਹਿਬ’ ਜੁੜਿਆ ਹੈ।

ਤੱ: ਗੁ: ਪ:- “ਇਹ ਸੱਚ ਹੈ ਕਿ ਨਿਊਟਨ ਨੇ ਗਰੈਵਟੀ’ ਦੀ ਖੋਜ ਕੀਤੀ। ਉਨ੍ਹਾਂ ਨਿਯਮਾਂ ਨੂੰ ਸਾਹਮਣੇ ਲਿਆਂਦਾ ਹੈ। ਪਰ ਕੀ ਇਸ ਨਾਲ ‘ਨਿਊਟਨ’ ‘ਗਰੈਵਟੀ’ (ਜਾਂ ਉਹ ਨਿਯਮ) ਹੋ ਗਿਆ? ਨਹੀਂ ਨਾ”।

ਵਿਚਾਰ- ਨਿਊਟਨ ਦੀ ਗੱਲ ਇਹ ਸਮਝਾਉਣ ਲਈ ਕਹੀ ਗਈ ਸੀ ਕਿ “ ਗੁਰੂ ਸਾਹਿਬ ਸਿਰਫ਼ ਸ਼ਰੀਰ, ਜਾਮੇਂ ਹੀ ਨਹੀ ਬਲਕਿ ਗੁਰਮਤਿ ਦੇ ਗਿਆਨ ਦਾ ਭੰਡਾਰ ਹੈ। ਜਿਸ ਤਰ੍ਹਾਂ ਨਿਊਟਨ ਕਹਿਣ ਨਾਲ ਉਸ ਦੁਆਰਾ ਦਿੱਤੇ ਗਰੈਵਟੀ ਆਦਿ ਨਿਯਮਾਂ ਦਾ ਸਮਰਣ ਹੁੰਦਾ ਹੈ ਉਸੇ ਤਰ੍ਹਾਂ ‘ਗੁਰੂ ਨਾਨਕ’ ਕਹਿਣ ਨਾਲ ਗੁਰੂ ਨਾਨਕ ਦੇਵ ਜੀ ਦਾ ਸਰੂਪ ਸਾਹਮਣੇ ਆਉਣ ਦੀ ਬਜਾਇ ਉਨ੍ਹਾਂ ਦੁਆਰਾ ਦਿੱਤੇ ਗਿਆਨ ਦਾ ਸਮਰਣ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ।ਗਰੈਵਟੀ ਇਕ ਵਿਗਿਆਨਕ ਖੋਜ ਹੈ।ਨਿਊਟਨ ਨੇ ਵਿਗਿਆਨਕ ਖੋਜ ਕੀਤੀ ਇਸ ਲਈ ਉਸ ਨੂੰ ‘ਵਿਗਿਆਨੀ ਨਿਊਟਨ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਗਿਆਨ ਦਿੱਤਾ। ਅਤੇ ਸੱਚ ਦਾ ਗਿਆਨ, ਦੇਣ ਵਾਲੇ ਨੂੰ ‘ਗੁਰੂ’ ਕਿਹਾ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ‘ਗੁਰੂ ਨਾਨਕ’ ਕਿਹਾ ਜਾਂਦਾ ਹੈ।

ਤੱ: ਗੁ: ਪ:- “ਗੁਰਬਾਣੀ ਵਿੱਚ ਰੱਬ ਲਈ ਪਹਿਲਾਂ ਦੇਵੀ ਦੇਵਤਿਆਂ ਆਦਿ ਲਈ ਵਰਤੇ ਜਾਂਦੇ ਲਗਭਗ ਸਾਰੇ ਲਫ਼ਜ਼ ਵਰਤੇ ਗਏ ਹਨ। ਇਸ ਦਾ ਕਾਰਨ ਲੋਕਾਈ ਨੂੰ ਇਹ ਸਪੱਸ਼ਟ ਕਰਨਾ ਸੀ ਕਿ ਜਿਨ੍ਹਾਂ ਦੇਵੀ ਦੇਵਤਿਆਂ ਅਵਤਾਰਾਂ ਨੂੰ ਤੁਸੀਂ ਰੱਬ ਕਰਕੇ ਪੂਜਦੇ ਹੋ ਉਹ ਅਸਲ ਵਿੱਚ ਰੱਬ ਨਹੀਂ। ਰੱਬ ਇਕ ਹੈ, ਨਿਰਾਕਾਰ ਹੈ, ਅਜੂਨੀ ਹੈ।ਗੁਰਬਾਣੀ ਵਿੱਚ ਸਿਰਫ਼ ਪ੍ਰਚਲਿਤ ਨਾਂ ਹੀ ਨਹੀਂ ਵਰਤੇ ਬਲਕਿ ਨਾਲ-ਨਾਲ ਪ੍ਰਚਲਿਤ ਹੋਂਦ (ਅਵਤਾਰਵਾਦੀ) ਦਾ ਖੰਡਣ ਵੀ ਕੀਤਾ ਮਿਲਦਾ ਹੈ।ਗੁਰਬਾਣੀ ਦੇ ਆਧਾਰ ਤੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਰੱਬ ਨਿਰਾਕਾਰ, ਅਜੂਨੀ ਹੈ, ਭਾਵੇਂ ਨਾਂ ਕੋਈ ਵੀ ਵਰਤ ਲਵੋ। ਨਾਲ ਹੀ ਗੁਰਬਾਣੀ ਵੀ ਇਹੀ ਸਮਝਾਉਂਦੀ ਹੈ ਕਿ ‘ਗੁਰੂ’ ਵੀ ਨਿਰਾਕਾਰ, ਅਜੂਨੀ ਹੈ। ਪ੍ਰਚਲਿਤ ਨਾਂ ਵਰਤਣ ਨਾਲ ਗੁਰਮਤਿ ਦੇ ਅਸੂਲ (ਪ੍ਰਭੂ ਨਿਰਾਕਾਰ, ਅਜੂਨੀ ਹੈ) ਦੀ ਉਲੰਘਣਾ, ਤਾਂ ਹੁੰਦੀ ਜੇ ਗੁਰਬਾਣੀ ਵਿੱਚ ਉਨ੍ਹਾਂ ਦੀ (ਗ਼ਲਤ) ਪ੍ਰਚਲਿਤ ਹੋਂਦ ਦਾ ਖੰਡਨ ਨਾ ਕੀਤਾ ਹੁੰਦਾ”।

ਵਿਚਾਰ- ਗੁਰਬਾਣੀ ਵਿਚ ਜਿੱਥੇ ਵੀ ਹਰੀ, ਨਰਾਇਣ, ਰਾਮ ਆਦਿ ਲਫ਼ਜ਼ ਪ੍ਰਭੂ ਲਈ ਵਰਤੇ ਗਏ ਹਨ ਸਭ ਜਗ੍ਹਾ ਤੇ ਨਾਲ ਨਹੀਂ ਦਰਸਾਇਆ ਗਿਆ ਕਿ ਇਹ ਹਰੀ, ਨਰਾਇਣ, ਰਾਮ ਆਦਿ ਦੇਵਤੇ ਅਸਲੀ ਰੱਬ ਨਹੀਂ। ਮਿਸਾਲ ਦੇ ਤੌਰ ਤੇ: “ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ॥ ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ॥ ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਿਗੁਰਿ ਦੀਆ ਨਾਮੁ॥ (ਪੰਨਾ-21)। ਇੱਥੇ ਹਰਿ ਅਤੇ ਰਾਮ ਦਾ ਨਾਮ ਪ੍ਰਭੂ ਲਈ ਵਰਤਿਆ ਗਿਆ ਹੈ ਅਤੇ ਜਪਣ ਲਈ ਕਿਹਾ ਗਿਆ ਹੈ।ਪਰ ਇੱਥੇ ਕਿਤੇ ਵੀ ਇਹ ਜ਼ਾਹਰ ਨਹੀਂ ਹੁੰਦਾ ਕਿ ਕਿਸੇ ਦੇਵੀ ਦੇਵਤੇ ਦੇ ਖੰਡਨ ਬਾਰੇ ਕੋਈ ਗੱਲ ਕੀਤੀ ਗਈ ਹੋਵੇ। (ਹਾਂ ਦੇਵੀ ਦੇਵਤਿਆਂ ਦੇ ਖੰਡਣ ਦੀ ਗੱਲ ਹੋਰ ਅਨੇਕਾਂ ਥਾਵਾਂ ਤੇ ਕੀਤੀ ਗਈ ਹੈ)। ਸੋ ਜਾਹਰ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਵੀ ਸੰਬੋਧਨ ਕਰੋ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਬਲਕਿ ਮਨ ਦੀ ਭਾਵਨਾ ਨਾਲ ਫ਼ਰਕ ਪੈਂਦਾ ਹੈ। ਪਰਮਾਤਮਾ ਨੂੰ ਰਾਮ, ਹਰਿ ਆਦਿ (ਦੇਵਤਿਆਂ ਦੇ) ਨਾਵਾਂ ਨਾਲ ਸੰਬੋਧਨ ਕਰਨ ਨਾਲ ਗੁਰਮਤਿ ਦਾ ਖੰਡਣ ਨਹੀਂ ਹੁੰਦਾ ਇਸੇ ਤਰ੍ਹਾਂ ਗੁਰੂ ਸਾਹਿਬਾਂ ਨੂੰ ‘ਗੁਰੂ’ ਲਫ਼ਜ਼ ਨਾਲ ਸੰਬੋਧਨ ਕਰਨ ਨਾਲ ਵੀ ਕੋਈ ਗੁਰਮਤਿ ਦਾ ਖੰਡਣ ਨਹੀਂ ਹੁੰਦਾ।

ਤੱ: ਗੁ: ਪ:- ਜੇ ਡੇਰੇ ਵਾਲੇ ਆਪਣੇ ਮੁਖੀ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਦੇ ਹਨ ਤਾਂ ਕਿਸ ਤਰ੍ਹਾਂ ਗ਼ਲਤ ਅਤੇ ਸਿੱਖਾਂ ਲਈ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ?

ਵਿਚਾਰ- ਗੁਰਮਤਿ ਦੇ ਸਾਰੇ ਅਸੂਲ ਸਾਰੀ ਲੋਕਾਈ ਵਾਸਤੇ ਹਨ ਅਤੇ ਸਾਰੇ ਸਿੱਖਾਂ ਤੇ ਇੱਕੋ ਜਿਹੇ ਲਾਗੂ ਹਨ। ਪਰ ਜੇ ਡੇਰੇਦਾਰ ਆਪਣੇ ਮੁਖੀ ਨੂੰ ‘ਗੁਰੂ’ ਜਾਂ ‘ਰੱਬ’ ਮੰਨਦੇ ਹਨ ਤਾਂ ਇਹ ਉਨ੍ਹਾਂ ਦੀ ਆਪਣੀ ਸੋਚ ਹੈ।ਸਿੱਖ ਆਪਣੇ ਅਸੂਲ ਕਿਸੇ ਡੇਰੇ ਤੇ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਨ। ਹਾਂ ਇਹ ਜਰੂਰ ਹੈ ਜੇ ‘ਗੁਰੂ ਗ੍ਰੰਥ ਸਾਹਿਬ’ ਦੀ ਬਜਾਇ ਕੋਈ ਕਿਸੇ ਦੇਹਧਾਰੀ ਨੂੰ ਗੁਰੂ ਮੰਨਦਾ ਹੈ ਤਾਂ ਉਹ ਗੁਰੂ ਦਾ ਸਿੱਖ ਨਹੀਂ ਹੈ। ਮੈਂ ਅੱਗੇ ਵੀ ਲਿਖ ਚੁੱਕਾ ਹਾਂ ਕਿ ‘ਗੁਰੂ’ ਦੁਆਰਾ ਬਖਸ਼ਿਆ ‘ਗਿਆਨ’ ਸਿੱਖ ਦਾ ਗੁਰੂ ਹੈ। ਪਰ ਜਿਆਦਾਤਰ ਡੇਰੇ ਵਾਲਿਆਂ ਅਨੁਸਾਰ ਉਨ੍ਹਾਂ ਦਾ ਮੁਖੀ ਦੇਹ ਰੂਪ ਵਿੱਚ ਉਨ੍ਹਾਂ ਦਾ ਗੁਰੂ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਮਹਿਸੂਸ ਕੀਤਾ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮੁਕੰਮਲ ਸਿੱਖ ਸਿਧਾਂਤ ਅਨੁਸਾਰ ਗਿਆਨ ਦਰਜ ਹੈ, ਸਿੱਖੀ ਸਿਧਾਂਤਾਂ ਲਈ ਇਸ ਤੋਂ ਬਿਨਾ ਕਿਸੇ ਹੋਰ ਗਿਆਨ ਦੀ ਜ਼ਰੂਰਤ ਨਹੀਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਨੂੰ ਹਰ ਕਿਸਮ ਦੇ ਸਦਾਚਾਰਕ ਜੀਵਨ ਦੀ ਸੇਧ ਮਿਲ ਸਕਦੀ ਹੈ ਤਾਂ ਉਨ੍ਹਾਂ ਨੇ ਅੱਗੋਂ ਕਿਸੇ (ਦੇਹ ਧਾਰੀ) ਗੁਰੂ ਦੀ ਜ਼ਰੂਰਤ ਨਾ ਸਮਝਦੇ ਹੋਏ ਦੇਹ ਰੂਪ ਵਿੱਚ ਗੁਰੂ ਦੀ ਪ੍ਰਥਾ ਖ਼ਤਮ ਕਰ ਦਿੱਤੀ।ਗੁਰੂ ਸਾਹਿਬਾਂ ਦੇ ਹੁੰਦਿਆਂ ਗਿਆਨ ਗੁਰੂ ਸਾਹਿਬਾਂ ਤੋਂ ਮਿਲਦਾ ਸੀ। ਕਿਉਂਕਿ ਸ਼ਬਦ ਤਾਂ ਸ਼ਬਦ ਹੈ ਚਾਹੇ ਉਚਾਰਿਆ ਅਤੇ ਸੁਣਿਆ ਜਾਵੇ ਜਾਂ ਲਿਖਿਆ ਅਤੇ ਪੜ੍ਹਿਆ ਜਾਵੇ।ਗੁਰੂ ਗ੍ਰੰਥ ਸਾਹਿਬ ਵਿੱਚ ਉਹੀ ਗਿਆਨ ਦਰਜ ਹੋਣ ਕਰਕੇ ਉਹੀ ਗਿਆਨ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ।

ਇਹ ਵਿਚਾਰ ਪਹਿਲਾਂ ਹੋ ਚੁਕੀ ਹੈ ਕਿ ਗੁਰੂ ਦੁਆਰਾ ਬਖਸ਼ਿਆ ਗਿਆਨ (ਸ਼ਬਦ) ਹੀ ਸਿੱਖ ਦਾ ਗੁਰੂ ਹੈ।ਜਿਨ੍ਹਾਂ ਦੁਆਰਾ ਗਿਆਨ ਨਾਜ਼ਲ ਹੋਇਆ ਉਨ੍ਹਾਂ ਨੂੰ ਗੁਰੂ ਕਹਿਣ ਤੋਂ ਭਾਵ ਉਨ੍ਹਾਂ ਦੁਆਰਾ ਬਖਸ਼ੇ ਗਿਆਨ ਨੂੰ ਹੀ ‘ਗੁਰੂ’ ਕਹਿਣਾ ਹੈ।

ਜੋਤ ਤੋਂ ਵੀ ਇਹੀ ਭਾਵ ਹੈ, ਜਿਸ ਤਰ੍ਹਾਂ ਇਕ ਦੀਵੇ ਤੋਂ ਦੂਸਰਾ ਦੀਵਾ ਬਾਲਿਆ ਜਾਂਦਾ ਹੈ। ਦੂਸਰਾ ਦੀਵਾ ਬਾਲਣ ਨਾਲ ਪਹਿਲੇ ਦੀਵੇ ਦੀ ਜੋਤ (ਚਾਨਣ, ਗਿਆਨ) ਘਟਦਾ ਜਾਂ ਖ਼ਤਮ ਨਹੀਂ ਹੋ ਜਾਂਦਾ। ਜਿੱਥੇ ਗੁਰਬਾਣੀ ਵਿੱਚ ਜੋਤਿ ਜਾਂ ਚਾਨਣ ਦੀ ਗੱਲ ਆਉਂਦੀ ਹੈ ਉਸ ਦਾ ਦੀਵੇ ਦੀ ਲਾਟ ਵਾਲੀ ਜੋਤਿ ਨਹੀਂ, ਬਲਕਿ ਗਿਆਨ ਦਾ ਚਾਨਣ ਅਰਥ ਭਾਵ ਹੈ।

ਤੱ: ਗੁ: ਪ:- “ਗੁਰੂ ਗੋਬਿੰਦ ਸਿੰਘ ਜੀ ਤੋਂ ਮਗ਼ਰੋਂ ਦੇਹਧਾਰੀ ਨੂੰ ਗੁਰੂ ਮੰਨਣ ਦੀ ਪਰਮਪਰਾ ਖਤਮ ਕਰ ਦਿੱਤੀ ਗਈ ਸੀ ਪਰ ਨਿਰੰਕਾਰੀ, ਨਾਮਧਾਰੀ, ਰਾਧਾ ਸੁਆਮੀ, ਨੰਦ ਸਿੰਘ, ਅਤਰ ਸਿੰਘ ਆਦਿ ਬਾਬਿਆਂ ਨੂੰ ਲੋਕ ਅੱਜ ਵੀ ਗੁਰੂ ਮੰਨਦੇ ਹਨ”।

ਵਿਚਾਰ- ਇਹ ਉਨ੍ਹਾਂ ਨੂੰ ਗੁਰੂ ਮੰਨਣ ਵਾਲਿਆਂ ਦੀ ਸੋਚ ਹੈ। ਕਿਸੇ ਤੇ ਕੋਈ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਹਾਂ ਸਿੱਖੀ ਅਸੂਲਾਂ ਮੁਤਾਬਕ ਇਹ ਅਗਿਆਨਤਾ ਕਹੀ ਜਾ ਸਕਦੀ ਹੈ।ਹਰ ਇਕ ਨੂੰ ਆਪ ਇਸ ਗੱਲ ਲਈ ਜਾਗਰੂਕ ਹੋਣ ਦੀ ਜਰੂਰਤ ਹੈ।ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੁਕੰਮਲ ਗਿਆਨ ਦਾ ਭੰਡਾਰ ਹੈ। ਇਹ ਜਾਣ ਕੇ ਕਿ ਇਸ ਤੋਂ ਵੱਖਰੇ ਕਿਸੇ ਹੋਰ ਗਿਆਨ ਦੀ ਸਿੱਖਾਂ ਨੂੰ ਜਰੂਰਤ ਨਹੀਂ ਅਤੇ ਹੋਰ ਦੇਹਧਾਰੀ ਗੁਰੂਆਂ/ ਬਾਬਿਆਂ ਵੱਲੋਂ ਗੁਰਮਤਿ ਵਿੱਚ ਗੰਧਲਾ-ਪਨ ਪੈਦਾ ਕੀਤਾ ਜਾ ਸਕਦਾ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੋਂ ਕਿਸੇ ਨੂੰ ਦੇਹ ਰੂਪ ਵਿੱਚ ਗੱਦੀ ਤੇ ਬਿਠਾਉਣ ਦੀ ਰੀਤ ਖ਼ਤਮ ਕਰ ਦਿੱਤੀ ਸੀ।ਹੋਰ ਬਾਬੇ ਗੁਰਮਤਿ ਦੇ ਪ੍ਰਚਾਰਕ ਹੋ ਸਕਦੇ ਹਨ ‘ਗੁਰੂ’ ਨਹੀਂ।

ਜੇ ਅੱਜ ਦੇ ਬਾਬੇ ਸਿੱਖਾਂ ਨੂੰ ਕੋਈ ਐਸਾ ਗਿਆਨ ਦੇ ਰਹੇ ਹਨ ਜੋ ਮਨੁੱਖ ਦੇ ਸਦਾਚਾਰਕ ਜੀਵਨ ਲਈ ਜਰੂਰੀ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਉਹ ਗਿਆਨ ਦੇਣ ਵਿੱਚ ਕੋਈ ਕਮੀਂ ਛੱਡ ਦਿੱਤੀ ਫ਼ੇਰ ਤਾਂ ਉਹ ਬਾਬੇ ਬੇਸ਼ਕ ਗੁਰੂ ਹਨ। ਪਰ ਜੇ ਉਹ, ਉਹੀ ਗਿਆਨ ਸਿੱਖਾਂ ਨੂੰ ਦੇ ਰਹੇ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਉਹ ਗੁਰੂ ਨਹੀਂ ਗੁਰਮਤਿ ਦੇ ਪ੍ਰਚਾਰਕ ਕਹੇ ਜਾ ਸਕਦੇ ਹਨ। ਪਰ ਜੇ ਉਹ ਗੁਰਮਤਿ ਦੇ ਨਾਮ ਤੇ ਗੁਰਮਤਿ ਤੋਂ ਉਲਟ ਕਰਮ-ਕਾਂਡ ਲੋਕਾਂ ਵਿੱਚ ਵੰਡ ਰਹੇ ਹਨ ਤਾਂ ਨਾ ਉਹ ਗੁਰੂ ਅਤੇ ਨਾ ਪ੍ਰਚਾਰਕ ਹੀ ਹਨ ਬਲਕਿ ਗੁਰਮਤਿ ਦੇ ਦੁਸ਼ਮਣ ਹਨ। ਆਪਣੇ ਚੇਲਿਆਂ ਲਈ ਉਹ ਚਾਹੇ ਜੋ ਮਰਜੀ ਹੋਣ, ਇਸ ਗੱਲ ਨਾਲ ਸਿੱਖਾਂ ਦਾ ਕੋਈ ਮਤਲਬ ਨਹੀਂ ਹੈ।

ਤੱ: ਗੁ: ਪ:- ਕੁੱਝ ਵਿਦਵਾਨਾਂ ਦਾ ਵਿਚਾਰ ਹੈ ਕਿ ਬਾਬੇ ਨਾਨਕ ਨੇ ਆਪ ਤਾਂ ਗੁਰੂ ਨਹੀਂ ਕਹਾਇਆ ਪਰ ਮਗ਼ਰਲੇ ਜਾਮਿਆਂ ਨੇ ਉਨ੍ਹਾਂ ਨੂੰ ਗੁਰੂ ਲਿਖਿਆ ਹੈ।

ਵਿਚਾਰ- ਇਸ ਬਾਰੇ ਕਾਫ਼ੀ ਵਿਚਾਰ ਹੋ ਚੁਕੀ ਹੈ ਗੁਰਮਤਿ ਦਾ ਗਿਆਨ ਦੇਣ ਵਾਲਾ ਗੁਰੂ ਹੈ। ਜੇ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਗੁਰਮਤਿ ਦਾ ਗਿਆਨ ਮਿਲਿਆ ਤਾਂ ਉਨ੍ਹਾਂ ਨੂੰ ਗੁਰੂ ਕਹਿਣਾ ਉਨ੍ਹਾਂ ਲਈ ਗ਼ਲਤ ਨਹੀਂ ਸੀ।

ਤੱ: ਗੁ: ਪ:- “ਜੇ ਚੌਥੇ, ਪੰਜਵੇਂ ਨਾਨਕ ਸਰੂਪ ਬਾਬੇ ਨਾਨਕ ਨੂੰ ‘ਗੁਰੂ’ ਕਹਿੰਦੇ ਸਨ ਤਾਂ ਸਾਡੀ ਕੀ ਸਤਿਆ ਹੈ….”?
ਵਿਚਾਰ- ਸਭ ਤੋਂ ਪਹਿਲੀ ਗੱਲ ‘ਚੌਥੇ ਪੰਜਵੇਂ ਗੁਰੂ ਸਾਹਿਬਾਂ ਨੂੰ ‘ਨਾਨਕ ਸਰੂਪ’ ਕਹਿਣਾ ਠੀਕ ਨਹੀਂ। ਸਰੂਪ ਸਿਰਫ਼ ਸਰੀਰ ਰੂਪ ਹੁੰਦਾ ਹੈ ਅਤੇ ‘ਚੌਥੇ ਪੰਜਵੇਂ ਨਾਨਕ ਸਰੂਪ’ ਕਹਿਣ ਤੋਂ ਭਾਵ ਇਹ ਬਣਦਾ ਹੈ ਗੁਰੂ ਰਾਮ ਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਹਿੰਦੂ ਫ਼ਲੌਸਫ਼ੀ ਦੀ ਤਰ੍ਹਾਂ, ਗੁਰੂ ਨਾਨਕ ਦੇਵ ਜੀ ਦਾ ਅਵਤਾਰ ਲੈ ਕੇ ਜੱਗ ਤੇ ਆਏ ਹੋਣ।ਗੁਰਮਤਿ ਅਵਤਾਰਵਾਦ ਦਾ ਖੰਡਣ ਕਰਦੀ ਹੈ।
ਹਿੰਦੂ ਫਲੌਸਫੀ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅੱਠਵਾਂ ਅਵਤਾਰ ਮੰਨਦੀ ਹੈ।
“ਚੌਥੇ ਨਾਨਕ ਜਾਮੇਂ ਰਾਮਦਾਸ ਪਾਤਸ਼ਾਹ ਜੀ”। ਅਤੇ
“ਵਿਸ਼ਨੂੰ ਦੇ ਅਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਜੀ”।
ਇਨ੍ਹਾਂ ਦੋਨਾਂ ਗੱਲਾਂ ਦਾ ਸਿਧਾਂਤਕ ਤੌਰ ਤੇ ਕੋਈ ਫ਼ਰਕ ਨਜ਼ਰ ਨਹੀਂ ਆ ਰਿਹਾ। ਇਸ ਲਈ ਦੂਜੇ, ਤੀਜੇ, ਚੌਥੇ ਨਾਨਕ ਜਾਮੇਂ ਕਹਿਣਾ ਹਿੰਦੂ ਫ਼ਲੌਸਫ਼ੀ ਤੁਲ ਹੈ।

ਤੱ: ਗੁ: ਪ:- “ਸਤਿਕਾਰ ਲਈ ਹੋਰ ਢੁਕਵੇਂ ਵਿਸ਼ੇਸ਼ਣ ਵਰਤੇ ਜਾ ਸਕਦੇ ਹਨ। ਪਰ ਗੁਰੂ ਲਫ਼ਜ਼ ਵਰਤਣ ਨਾਲ ਗੁਰਮਤਿ ਦੀ ਉਲੰਘਣਾ ਹੁੰਦੀ ਹੈ”।

ਵਿਚਾਰ- ਇਹ ਵਿਚਾਰ ਪਹਿਲਾਂ ਹੋ ਚੁੱਕੀ ਹੈ ਕਿ ਗੁਰੂ ਸਾਹਿਬਾਂ ਨੂੰ ਗੁਰੂ ਕਹਿਣ ਨਾਲ ਗੁਰਮਤਿ ਦੀ ਕੋਈ ਉਲੰਘਣਾ ਨਹੀਂ ਹੁੰਦੀ। ਜੇ ‘ਗੁਰੂ ਗ੍ਰੰਥ ਸਾਹਿਬ’ ਨੂੰ ‘ਗੁਰੂ’ ਕਹਿਣ ਨਾਲ ਗੁਰਮਤਿ ਦੀ ਕੋਈ ਉਲੰਘਣਾ ਨਹੀਂ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗਿਆਨ ਦਾ ਭੰਡਾਰ ਬਖਸ਼ਣ ਵਾਲੇ ਨੂੰ ਗੁਰੂ ਕਹਿਣ ਨਾਲ ਉਲੰਘਣਾ ਕਿਸਤਰ੍ਹਾਂ ਹੋ ਸਕਦੀ ਹੈ? ਅਤੇ ਸਤਿਕਾਰ ਲਈ ਹੋਰ ਢੁਕਵੇਂ ਵਿਸ਼ੇਸ਼ਣ ਦੀ ਮਜਬੂਰੀ ਕਿਉਂ?

ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਗੁਰਬਾਣੀ ਦੇ ਉਤਾਰੇ ਵੇਲੇ ਹੋਈਆਂ ਗਲਤੀਆਂ ਦੀ ਗੱਲ ਕੀਤੀ ਹੈ। ਅਤੇ ਗੁਰੂ ਗ੍ਰੰਥ ਸਾਹਿਬ‘ਚੋਂ ਪੰਨਾ-13 ਅਤੇ ਪੰਨਾ-663 ਤੇ ਦੋ ਰਲਦੇ ਮਿਲਦੇ ਸ਼ਬਦਾਂ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਸ਼ਬਦਾਂ ਦੇ ਆਪਸ ਵਿੱਚ ਜੋ ਛੇ ਫ਼ਰਕ ਹਨ ਇਹ ਉਤਾਰੇ ਦੇ ਵਕਤ ਹੋਈਆਂ ਗ਼ਲਤੀਆਂ ਦੇ ਨਤੀਜੇ ਵਜੋਂ ਹਨ।

ਵਿਚਾਰ- ਤੱਤ ਗੁਰਮਤਿ ਪਰਿਵਾਰ ਵਾਲੇ ਇਨ੍ਹਾਂ ਸ਼ਬਦਾਂ ਨੂੰ ਜ਼ਰਾ ਗੌਰ ਨਾਲ ਪੜ੍ਹਨ। ਜੇ ਇਹ ਫ਼ਰਕ ਉਤਾਰੇ ਦੀ ਗ਼ਲਤੀ ਕਾਰਨ ਹੁੰਦੇ ਤਾਂ ਦੋਨਾਂ ਸ਼ਬਦਾਂ ਦੇ ਵਿਆਕਰਣ ਦੇ ਅਧਾਰ ਤੇ ਅਰਥ ਕਰਨ ਵਿੱਚ ਵੀ ਦਿੱਕਤ ਆ ਸਕਦੀ ਸੀ। ਇੱਥੇ ਨਾ ਤਾਂ ਅਰਥ ਕਰਨ ਵਿੱਚ ਕੋਈ ਦਿੱਕਤ ਆ ਰਹੀ ਹੈ ਬਲਕਿ ਦੋਨਾਂ ਸ਼ਬਦਾਂ ਦੇ ਅਰਥਾਂ ਵਿੱਚ ਵੀ ਕੋਈ ਫ਼ਰਕ ਨਹੀਂ ਪੈ ਰਿਹਾ। ਇਨ੍ਹਾਂ ਸ਼ਬਦਾਂ ਵਿੱਚ ਲਫਜ਼ ਉਹੀ ਬਦਲੇ ਗਏ ਹਨ ਜਿਨ੍ਹਾਂ ਦੇ ਬਦਲਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਲਫ਼ਜ਼ਾਂ ਵਿੱਚ ਫ਼ਰਕ ਉਤਾਰੇ ਦੀ ਗ਼ਲਤੀ ਕਾਰਨ ਨਹੀਂ ਬਲਕਿ ਜਾਣ ਬੁੱਝ ਕੇ ਬਦਲੇ ਗਏ ਹਨ। ਇਹ ਲਫ਼ਜ਼ ਕਿਉਂ ਬਦਲੇ ਗਏ ਹਨ, ਇਹ ਵਖਰਾ ਵਿਸ਼ਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਈ ਸ਼ਬਦ ਜਾਂ ਸਲੋਕ ਹਨ ਜੋ ਇੱਕ ਤੋਂ ਵੱਧ ਵਾਰੀਂ ਲਿਖੇ ਹੋਏ ਮਿਲਦੇ ਹਨ।ਉਨ੍ਹਾਂ ਵਿੱਚ ਵੀ ਲਫ਼ਜ਼ਾਂ ਦੇ ਫ਼ਰਕ ਹੋਣ ਦੇ ਬਾਵਜੂਦ ਕਿਤੇ ਵੀ ਇਨ੍ਹਾਂ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ। ਮਿਸਾਲ ਦੇ ਤੌਰ ਤੇ ਹੇਠਾਂ ਦਿੱਤੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਥਾਵਾਂ ਤੇ ਦਰਜ ਹਨ ਅਤੇ ਤਿੰਨੋ ਥਾਵਾਂ ਤੇ ਇਨ੍ਹਾਂ ਦੇ ਸਰੂਪ ਦਾ ਫ਼ਰਕ ਹੈ। ਪਰ ਕਿਤੇ ਵੀ ਇਨ੍ਹਾਂ ਦੇ ਅਰਥਾਂ ਵਿੱਚ ਫ਼ਰਕ ਨਹੀਂ ਹੈ। ਬਦਲੇ ਗਏ ਸਾਰੇ ਦੇ ਸਾਰੇ ਲਫ਼ਜ਼ ਪਹਿਲਾਂ ਤੋਂ ਵੱਖ ਵੱਖ ਰੂਪਾਂ ਵਿੱਚ ਪ੍ਰਚੱਲਤ ਸਨ ( ਗ਼ਲਤੀ ਨਾਲ ਬਦਲੇ ਗਏ ਲਫ਼ਜ਼ / ਲਫ਼ਜਾਂ ਨਾਲ ਕੁਝ ਦਾ ਕੁਝ ਬਣ ਸਕਦਾ ਹੈ)।ਅਤੇ ਇਨ੍ਹਾਂ ਸ਼ਬਦਾਂ ਦੇ ਲਫ਼ਜ਼ਾਂ ਵਿੱਚ ਛੇ ਨਹੀਂ ਬਲਕਿ ਬਹੁਤ ਜਿਆਦਾ ਗਿਣਤੀ ਵਿੱਚ ਫ਼ਰਕ ਹੈ। ਏਨੇ ਫ਼ਰਕ ਹੋਣ ਦੇ ਬਾਵਜੂਦ ਵੀ ਕਿਸੇ ਸ਼ਬਦ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਹੈ।ਪ੍ਰਸਤੁਤ ਹਨ ਤਿੰਨੋ ਸ਼ਬਦ-

(1) ਸੋ ਦਰੁ - ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ - ਨਾਦ ਅਨੇਕ ਅਸੰਖਾ ਕੇਤੇ - ਵਾਵਣਹਾਰੇ॥ ਕੇਤੇ - ਰਾਗ ਪਰੀ ਸਿਉ ਕਹੀਅਨਿ ਕੇਤੇ - ਗਾਵਣਹਾਰੇ॥
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ -- ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥
ਗਾਵਹਿ -- ਈਸਰੁ ਬਰਮਾ ਦੇਵੀ ਸੋਹਨਿ -- ਸਦਾ ਸਵਰੇ॥ ਗਾਵਹਿ -- ਇੰਦ ਇੰਦਾਸਣਿ ਬੈਠੇ ਦੇਵਤਿਆਂ ਦਰਿ ਨਾਲੇ॥
ਗਾਵਹਿ -- ਸਿਧ ਸਮਾਧੀ ਅੰਦਰਿ ਗਾਵਹਿ -- ਸਾਧ ਵਿਚਾਰੇ॥ ਗਾਵਨਿ -- ਜਤੀ ਸਤੀ ਸੰਤੋਖੀ ਗਾਵਹਿ -- ਵੀਰ ਕਰਾਰੇ॥
ਗਾਵਨਿ -- ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥ ਗਾਵਹਿ -- ਮੋਹਨੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥
ਗਾਵਨਿ -- ਰਤਨ ਉਪਾਏ ਤੇਰੇ ਅਠ ਸਠਿ ਤੀਰਥ ਨਾਲੇ॥ ਗਾਵਹਿ -- ਜੋਧ ਮਹਾ ਬਲ ਸੂਰਾ ਗਾਵਹਿ -- ਖਾਣੀ ਚਾਰੇ॥
ਗਾਵਹਿ -- ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ -- ਧਾਰੇ॥
ਸੇਈ ਤੁਧੁ ਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ ਹੋਰਿ ਕੇਤੇ -- ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ -- ਹੁਕਮੁ ਨ ਕਰਣਾ ਜਾਈ॥ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ-6)।

(2) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ॥
ਗਾਵਨਿ ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥
ਗਾਵਨਿ ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥ ਗਾਵਨਿ ਤੁਧ ਨੋ ਇੰਦ੍ਰ
ਇੰਦ੍ਰਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧ ਨੋ ਸਾਧ ਬੀਚਾਰੇ॥ਗਾਵਨਿ ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥
ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ॥ ਗਾਵਨਿ ਤੁਧ ਨੋ ਮੋਹਨੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ॥
ਗਾਵਨਿ ਤੁਧ ਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥ ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥
ਗਾਵਨਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥ਸੇਈ ਤੁਧ ਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪ-9)

(3) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹਾਲੇ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ॥
ਗਾਵਨ੍ਹਿ ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ॥ ਗਾਵਨ੍ਹਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥
ਗਾਵਨ੍ਹਿ ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥ ਗਾਵਨ੍ਹਿ ਤੁਧ ਨੋ ਇੰਦ੍ਰ ਇੰਦ੍ਰਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ ਗਾਵਨ੍ਹਿ ਤੁਧ ਨੋ ਸਾਧ ਬੀਚਾਰੇ॥ਗਾਵਨ੍ਹਿ ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥
ਗਾਵਨਿ ਤੁਧ ਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ॥
ਗਾਵਨ੍ਹਿ ਤੁਧ ਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ॥ ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥
ਗਾਵਨ੍ਹਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥ਸੇਈ ਤੁਧ ਨੋ ਗਾਵਨ੍ਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ਰੰਗੀ ਰੰਗੀ ਭਾਤੀ -- ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ- 347)।)

ਇਨ੍ਹਾਂ ਸ਼ਬਦਾਂ ਵਿੱਚ ਅਨੇਕਾਂ ਹੀ ਫ਼ਰਕ ਹੋਣ ਦੇ ਬਾਵਜੂਦ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪਿਆ। ਇਹ ਕੋਈ ਇੱਤਫ਼ਾਕ ਨਹੀਂ ਕਿ ਉਤਾਰੇ ਦੇ ਵਕਤ ਆਪਣੇ ਆਪ ਉਹੀ ਲਫ਼ਜ਼ ਬਦਲ ਗਏ ਜਿਨ੍ਹਾਂ ਦੇ ਬਦਲਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪਿਆ ਅਤੇ ਸਾਰੇ ਲਫ਼ਜ਼ ਇਨ੍ਹਾਂ ਵੱਖ ਵੱਖ ਰੂਪਾਂ ਵਿੱਚ ਪਹਿਲਾਂ ਤੋਂ ਹੀ ਵਰਤੋਂ ਵਿੱਚ ਸਨ। ਤੱਤ ਗੁਰਮਤਿ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਕਿ “ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗ਼ਲਤੀ ਹੈ।.. ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗ਼ਲਤੀ ਹੋਣ ਦੀ ਗੁੰਜਾਇਸ਼ ਹੈ”। ਗੁਰਬਾਣੀ ਦੇ ਅਰਥ ਆਪਣੀ ਮਰਜੀ ਦੇ ਘੜਨ ਲਈ ਅਤੇ ਆਪਣੀ ਹੀ ਨਿਸਚਿਤ ਕੀਤੀ ਹੋਈ ਫ਼ਲੌਸਫ਼ੀ ਲਾਗੂ ਕਰਨ ਲਈ ਤੱਤ ਗੁਰਮਤਿ ਪਰਿਵਾਰ ਵਾਲਿਆਂ ਦੀ ਵਾਧੂ ਦੀ ਦਲੀਲ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗਲਤੀਆਂ ਦੱਸਣ ਦੇ ਇਸ ਕੰਮ ਦਾ ਵੀ ਮੁੱਢ ਤੱਤ ਗੁਰਮਤਿ ਵਾਲਿਆਂ ਨੇ ਬਨ੍ਹ ਦਿੱਤਾ ਹੈ ਜਦਕਿ ਹੁਣ ਤੱਕ ਸਿਰਫ਼ ਅਰਥਾਂ ਬਾਰੇ ਹੀ ਵਿਚਾਰਾਂ ਦੇ ਭੁਲੇਖੇ ਸਨ।

ਤੱ: ਗੁ: ਪ: - “ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਢਲਾ ਆਧਾਰ ਬਾਬਾ ਨਾਨਕ ਜੀ (ਮਹਲਾ 1) ਦੀ ਬਾਣੀ ਹੈ। ਕਿਸੇ ਹੋਰ ਬਾਣੀ ਨੂੰ ਇਸੇ ਕਸਵੱਟੀ ਤੇ ਪਰਖ ਕੇ ਅਰਥਾਉਣਾ ਚਾਹੀਦਾ ਹੈ। ਇਹ ਨਹੀਂ ਕਿ ‘ਗੁਰੂ’ ਪਦ ਬਾਰੇ ਫ਼ੈਸਲਾ ਕਰਨ ਲਈ ‘ਮਹਲਾ 1’ ਦੇ ਸਿਧਾਂਤ ਨੂੰ ਤਿਆਗ ਕੇ ਭੱਟਾਂ ਦੇ ਸਵੱਯੀਏ ਨੂੰ ਕਸਵੱਟੀ ਬਣਾਇਆ ਜਾਵੇ”।

ਵਿਚਾਰ- ਕੀ ਤੱਤ ਗੁਰਮਤਿ ਪਰਿਵਾਰ ਵਾਲੇ ਇਹ ਕਹਿਣਾ ਚਾਹੁੰਦੇ ਹਨ ਕਿ:
ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਛੱਡ ਕੇ ਬਾਕੀ ਸਾਰੀ ਬਾਣੀ ਉਨ੍ਹਾਂ ਦੀ ਫ਼ਲੌਸਫ਼ੀ ਤੋਂ ਵੱਖਰੀ ਹੈ? ਪਰ ਅਗਲੇ ਹੀ ਨੁਕਤੇ (13 ਅ) ਵਿੱਚ ਉਹ ਲਿਖਦੇ ਹਨ “ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇੱਕ ਮੱਤ ਤੇ ਇਕਸਾਰ ਹੈ। ਇਸ ਵਿੱਚ ਕਿਧਰੇ ਵੀ ਦੋਗਲਾਪਨ ਨਹੀਂ ਹੈ।ਗ਼ਲਤੀ ਸਾਡੇ ਸਮਝਣ ਵਿੱਚ ਹੋ ਸਕਦੀ ਹੈ”। ਤੱਤ ਗੁਰਮਤਿ ਪਰਿਵਾਰ ਵਾਲੇ ਗੁਰੂ ਸਾਹਿਬਾਂ ਨੂੰ ਗੁਰੂ ਉਚਾਰਨ ਵਾਲੇ ਨੁਕਤੇ ਤੇ ਆਪ ਇਹ ਗੱਲ ਕਿਉਂ ਨਹੀਂ ਮੰਨਦੇ ਕਿ ਗ਼ਲਤੀ ਸਾਡੇ ਸਮਝਣ ਵਿੱਚ ਹੋ ਸਕਦੀ ਹੈ।

ਜੇ ਸਾਰੀ ਬਾਣੀ ਅਤੇ ਇਸ ਦੀ ਫ਼ਲੌਸਫ਼ੀ ਇਕ ਮੱਤ ਅਤੇ ਇਕਸਾਰ ਹੈ ਤਾਂ ਕਸਵੱਟੀ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਨਾ ਮੰਨਿਆ ਜਾਵੇ?

ਕੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਇਲਾਵਾ ਬਾਕੀ ਸਾਰੀ ਬਾਣੀ ਬਿਨਾ ਸੋਚੇ ਸਮਝੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ ਸੀ?

ਪ੍ਰੋ: ਸਾਹਿਬ ਸਿੰਘ ਦੁਆਰਾ ਤਿਆਰ ਕੀਤੀ ਵਿਆਕਰਣ ਕਿਤੇ ਵੀ ਨਾ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਅਤੇ ਨਾ ਕਿਸੇ ਹੋਰ ਨੇ ਗ਼ਲਤ ਸਾਬਤ ਕੀਤੀ ਹੈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੇ ਜਿਹੜੇ ਦੋ ਤਿੰਨ ਸ਼ਬਦਾਂ ਦਾ ਹਵਾਲਾ ਦਿੱਤਾ ਹੈ ਉਨ੍ਹਾਂ ਵਿੱਚ (ਵਿਆਕਰਣ ਦੇ ਆਧਾਰ ਤੇ) ਅਰਥਾਂ ਦਾ ਫ਼ਰਕ ਨਹੀਂ ਭਾਵਾਰਥਾਂ ਦਾ ਫ਼ਰਕ ਹੋ ਸਕਦਾ ਹੈ।ਸ਼ਬਦ ਦੇ ਅਰਥ ਨਹੀਂ ਬਦਲ ਸਕਦੇ ਭਾਵਾਰਥ ਬਦਲ ਸਕਦੇ ਹਨ।

ਤੱ: ਗੁ: ਪ:- “ਪ੍ਰਚਲਿਤ ਵਿਆਕਰਣ ਨਿਯਮਾਂ ਤੇ ਅੜੇ ਰਹਿਣ ਵਾਲੇ ਇਕ ਸਤਿਕਾਰਯੋਗ ਵੀਰ ਨੇ ਲਿਖਿਆ ਹੈ “ਜੇ ਕਿਸੇ ਹੋਰ ਮੱਤ ਦਾ ਬਾਬਾ ਪੂਰਨ ਬ੍ਰਹਮ ਗਿਆਨੀ ਹੈ ਤਾਂ ਉਸ ਨੂੰ ਵੀ ਰੱਬ ਦਾ ਰੂਪ ਕਹਿਣ ਵਿੱਚ ਕੋਈ ਹਰਜ ਨਹੀਂ ਹੈ। ਉਸ ਨੂੰ ਵੀ ਸਾਖਸ਼ਾਤ ਰੱਬ ਆਪ ਉਸ ਦਾ ਰੂਪ ਧਾਰ ਕੇ ਧਰਤੀ ਤੇ ਆਇਆ ਸਮਝਣਾ ਚਾਹੀਦਾ ਹੈ’ ਕੀ ਪ੍ਰਚੱਲਤ ਵਿਆਕਰਣ ਦੇ ਆਧਾਰ ਤੇ ਬਣਾਏ ਇਸ ਵੀਰ ਵੱਲੋਂ ਇਹ ਵਿਚਾਰ ਗੁਰਮਤਿ ਦੇ ਮੁਢਲੇ ਸਿਧਾਂਤ:- ‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ’ (1139) (ਅਵਤਾਰਵਾਦ ਦਾ ਖੰਡਨ) ਦੀ ਸਪਸ਼ਟ ਉਲੰਘਣਾ ਨਹੀਂ? ਕੀ ਅਸੀਂ ਵੀ ਐਸੀ ਵਿਆਕਰਣ ਸੋਝੀ ਦੇ ਆਧਾਰ ਤੇ ਗੁਰਮਤਿ ਦੀ ਬਲੀ ਦਿੰਦੇ ਰਹੀਏ?”

ਵਿਚਾਰ- ਤੱਤ ਗੁਰਮਤਿ ਵਾਲਿਆਂ ਨੇ ਇਹ ਨਹੀਂ ਦੱਸਿਆ ਕਿ ਕਿਸੇ ਸੱਜਣ ਨੇ ਗੁਰਬਾਣੀ ਦੇ ਕਿਸ ਸ਼ਬਦ ਦੀ ਵਿਆਖਿਆ ਪ੍ਰਚੱਲਤ ਵਿਆਕਰਣ ਦੇ ਆਧਾਰ ਤੇ ਕਰਕੇ ‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ” ਸਿਧਾਂਤ ਦਾ ਖੰਡਣ ਕੀਤਾ ਹੈ? ਤੱਤ ਗੁਰਮਤਿ ਵਾਲਿਆਂ ਨੂੰ ਚਾਹੀਦਾ ਹੈ ਕਿ ਉਸ ਸੰਬੰਧਤ ਸ਼ਬਦ ਦਾ ਹਵਾਲਾ ਦੇਣ ਅਤੇ ਉਸ ਵੀਰ ਦੇ ਕੀਤੇ ਗ਼ਲਤ ਅਰਥਾਂ ਦੇ ਨਾਲ ਆਪਣੇ ਸਹੀ ਅਰਥ ਕਰਕੇ ਦੱਸਣ। ਤਾਂ ਕਿ ਠੀਕ ਗ਼ਲਤ ਦਾ ਨਿਰਣਾ ਹੋ ਸਕੇ। ਬਿਨਾ ਕਿਸੇ ਹਵਾਲੇ ਦੇ ਇਹ ਲਿਖਣਾ ਕਿ “ਕੀ ਅਸੀਂ ਵੀ ਐਸੀ ਵਿਆਕਰਣ ਸੋਝੀ ਦੇ ਆਧਾਰ ਤੇ ਗੁਰਮਤਿ ਦੀ ਬਲੀ ਦਿੰਦੇ ਰਹੀਏ?” ਇਹ ਸਰਾਸਰ ਪਾਠਕਾਂ ਨੂੰ ਗੁਮਰਾਹ ਕਰਨ ਅਤੇ ਪ੍ਰੋ: ਸਾਹਿਬ ਸਿੰਘ ਦੀ ਵਿਆਕਰਣ ਤੋਂ ਨਫ਼ਰਤ ਪੈਦਾ ਕਰਨ ਦੇ ਬਰਾਬਰ ਹੈ।ਅਤੇ ਨਾਲ ਹੀ ਤੱਤ ਗੁਰਮਤਿ ਪਰਿਵਾਰ ਵਾਲਿਆਂ ਅੱਗੇ ਬੇਨਤੀ ਹੈ ਕਿ ਉਹ ਗੁਰਬਾਣੀ ਦੀਆਂ ਹੇਠਾਂ ਦਿੱਤੀਆਂ ਤੁਕਾਂ ਦੇ ਅਰਥ ਵੀ ਕਰਕੇ ਭੇਜ ਦੇਣ:

“ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥” (ਪੰਨਾ-273)।
“ਗੁਰ ਸਤਿਗੁਰ ਸੁਆਮੀ ਭੇਦ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥” (ਪੰਨਾ-77)।
“ਹਰਿ ਕਾ ਸੇਵਕ ਸੋ ਹਰਿ ਜਿਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥” (ਪੰਨਾ- 1076)।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਸ਼ਬਦ ‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਯਉ॥ਦਾ ਭਾਵ ਵੀ ਇਹ ਹੈ ਕਿ ਗੁਰੂ ਅਮਰ ਦਾਸ ਜੀ ਆਪ ਅਕਾਲ ਪੁਰਖ ਦਾ ਰੂਪ ਹਨ। ਪਰਮਾਤਮਾ ਨੇ ਆਪ ਗੁਰੂ ਅਮਰਦਾਸ ਜੀ ਵਿੱਚ ਵਸ ਕੇ ਗਿਆਨ ਦਾ ਪਰਕਾਸ਼ ਕੀਤਾ ਹੈ।
‘ਨਿਰੰਕਾਰ ਆਕਾਰੁ ਜੋਤਿ’, ਗੁਰਮਤਿ ਅਨੁਸਾਰ ਪਰਮਾਤਮਾ ਨਿਰ-ਆਕਾਰ ਹੈ, ਉਹ ਆਕਾਰ ਰੂਪ ਹੋ ਕੇ ਜਗ ਤੇ ਨਹੀਂ ਆ ਸਕਦਾ। ਹਾਂ ਗੁਰੂ ਅਮਰਦਾਸ ਜੀ ਵਿੱਚ ਗੁਣਾਂ ਦੇ ਰੂਪ ਵਿੱਚ ਆਪਣਾ ਪ੍ਰਕਾਸ਼ ਕਰ ਸਕਦਾ ਹੈ।ਪ੍ਰਤੱਖ ਅਕਾਲ ਪੁਰਖ ਦਾ ਰੂਪ ਹੋਣ ਅਤੇ ਅਕਾਲ ਪੁਰਖ ਦਾ, ਅਵਤਾਰ ਧਾਰ ਕੇ ਜੱਗ ਤੇ ਆਉਣ ਵਿੱਚ ਫਰਕ ਸਮਝਣ ਦੀ ਜਰੂਰਤ ਹੈ।

ਗੁਰੂ ਗ੍ਰੰਥ ਸਾਹਿਬ ਵਿੱਚਲੇ ਸ਼ਬਦ ‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ’ ਦੇ ਸੰਬੰਧ ਵਿੱਚ, ਇਹ ਫ਼ਰਕ ਸਮਝਣ ਦੀ ਜਰੂਰਤ ਹੈ ਕਿ ਹਿੰਦੂ ਮਿਥਿਹਾਸ ਵਿੱਚ ਪ੍ਰਚੱਲਤ ਸੀ / ਹੈ ਕਿ ਵਿਸ਼ਣੂ, ਰਾਮ, ਕ੍ਰਿਸ਼ਨ ਆਦਿ ਦੇ ਰੂਪ ਵਿੱਚ ਪਰਮਾਤਮਾ ਆਪ ਅਵਤਾਰ ਧਾਰ ਕੇ (ਜਨਮ ਲੈ ਕੇ) ਆਇਆ। ਪਰ ਗੁਰਮਤਿ ਨੇ ਇਸ ਗੱਲ ਦਾ ਖੰਡਣ ਕੀਤਾ ਹੈ।ਗੁਰਮਤਿ ਅਨੁਸਾਰ ਪਰਮਾਤਮਾ ਦਾ ਕੋਈ ਭੌਤਿਕ ਸਰੀਰ ਨਹੀਂ ਅਤੇ ਨਾ ਹੀ ਉਹ ਕੋਈ ਭੌਤਿਕ ਸਰੀਰ ਧਾਰ ਕੇ ਸੰਸਾਰ ਤੇ ਆਉਂਦਾ ਹੈ।( ਉਹ ਕਿਸੇ ਵਿੱਚ ਆਪਣੇ ਗਿਆਨ ਦਾ ਪ੍ਰਵੇਸ਼ ਕਰ ਸਕਦਾ ਹੈ, ਜਿਸ ਨੂੰ ਕਿ ਸਾਖਸ਼ਾਤ ਰੱਬ ਦਾ ਰੂਪ ਕਿਹਾ ਜਾ ਸਕਦਾ ਹੈ)।

ਤੱ: ਗੁ: ਪ:- “ਵਿਆਕਰਣ ਨੂੰ ਸਮਝਣ ਵਿੱਚ ਗਲਤੀ ਹੋ ਸਕਦੀ ਹੈ। ਇਸ ਕਰਕੇ ਅਰਥ ਮੁਢਲੇ ਗੁਰਮਤਿ ਸਿਧਾਂਤਾਂ ਦੇ ਆਧਾਰ ਤੇ ਹੋਣੇ ਚਾਹੀਦੇ ਹਨ, ਨਾ ਕਿ ਪ੍ਰਚੱਲਤ ਵਿਆਕਰਣ ਦੇ ਆਧਾਰ ਤੇ ਕਰ ਦਿੱਤੇ ਜਾਣ”।

ਵਿਚਾਰ- ਪਤਾ ਨਹੀ ਤੱਤ ਗੁਰਮਤਿ ਪਰਿਵਾਰ ਵਾਲੇ ਕਿਉਂ ਪ੍ਰੋ: ਸਾਹਿਬ ਸਿੰਘ ਦੀ ਕੀਤੀ ਮਿਹਨਤ ਤੇ ਪੋਚਾ ਫ਼ੇਰਨ ਤੇ ਤੁਲੇ ਹੋਏ ਹਨ। ਜੇ ਗੁਰਬਾਣੀ ਵਿੱਚ ਵਿਆਕਰਣ ਦਾ ਪ੍ਰਯੋਗ ਕੀਤਾ ਗਿਆ ਹੈ ਤਾਂ ਅਰਥ ਵਿਆਕਰਣ ਨੂੰ ਅਣਦੇਖਿਆ ਕਰਕੇ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ? ਮੁਢਲਾ ਸਿਧਾਂਤ ਕਿੱਥੋਂ ਆਉਣਾ ਹੈ, ਗੁਰਬਾਣੀ ਦੇ ਸਹੀ ਅਰਥ ਕਰਕੇ। ਹਾਂ ਇਹ ਠੀਕ ਹੈ ਕਿ ਗੁਰਬਾਣੀ ਵਿਆਕਰਣ ਨੂੰ ਸਮਝਣ ਵਿੱਚ ਗਲਤੀ ਲੱਗ ਸਕਦੀ ਹੈ, ਪਰ ਜੇ ਕਿਸੇ ਵਿਦਵਾਨ ਨੂੰ ਵਿਆਕਰਣ ਵਿੱਚ ਕੋਈ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਉਸ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਇਹ ਕਿੱਥੋਂ ਤੱਕ ਵਾਜਬ ਹੈ ਕਿ ਵਿਆਕਰਣ ਸਮਝਣ ਵਿੱਚ ਗਲਤੀ ਹੈ ਤਾਂ ਵਿਆਕਰਣ ਦੀ ਜਰੂਰਤ ਹੀ ਨਹੀਂ?

ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ: “ਪ੍ਰੋ: ਸਾਹਿਬ ਸਿੰਘ ਜੀ ਸਾਡੇ ਲਈ, ਹੋਰ ਕਈ ਵਿਦਵਾਨਾਂ ਵਾਂਗੂ ਸਤਿਕਾਰਯੋਗ ਸ਼ਖਸ਼ੀਅਤ ਹਨ। ਉਨ੍ਹਾਂ ਵੱਲੋਂ ਗੁਰਬਾਣੀ ਵਿਆਕਰਣ ਸੁਧਾਰ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਅਸੀਂ ਦਿਲੋਂ ਮੰਨਦੇ ਅਤੇ ਸਤਿਕਾਰਦੇ ਹਾਂ”।

ਉਸੇ ਵਿਆਕਰਣ ਬਾਰੇ ਹੁਣ ਲਿਖ ਰਹੇ ਹਨ “ਕੀ ਅਸੀਂ ਵੀ ਐਸੀ ਵਿਆਕਰਣ ਸੋਝੀ ਦੇ ਆਧਾਰ ਤੇ ਗੁਰਮਤਿ ਦੀ ਬਲੀ ਦਿੰਦੇ ਰਹੀਏ?” ਤੱਤ ਗੁਰਮਤਿ ਪਰਿਵਾਰ ਵਾਲੇ ਇਹ ਗੱਲ ਸਪੱਸ਼ਟ ਕਰਨ ਕਿ ਗੁਰਬਾਣੀ ਵਿਆਕਰਣ ਵਿੱਚ ਜੇ ਕੋਈ ਕਮੀਂ ਜਾਂ ਕਮੀਆਂ ਹਨ ਉਨ੍ਹਾਂ ਵਿੱਚ ਸੁਧਾਰ ਲਿਆਣਾ ਹੈ ਜਾਂ ਕਿ ਵਿਆਕਰਣ ਨੂੰ ਮੁੱਢ ਤੋਂ ਹੀ ਰੱਦ ਕਰਨਾ ਹੈ? ਜੇ (ਕਿਸੇ) ਕਮੀਆਂ ਵਿੱਚ ਸੁਧਾਰ ਲਿਆਉਣਾ ਹੈ ਤਾਂ, ਦੱਸਣ ਕਿ ਉਨ੍ਹਾਂ ਨੇ ਹੁਣ ਤੱਕ ਇਸ ਬਾਰੇ ਕਿੰਨਾ ਕੁ ਯੋਗਦਾਨ ਪਾਇਆ ਹੈ? ਜੇ ਮੁੱਢੋਂ ਹੀ ਰੱਦ ਕਰਨਾ ਹੈ ਤਾਂ ਗੁਰਬਾਣੀ ਵਿੱਚ ਪ੍ਰਯੋਗ ਕੀਤੀ ਗਈ ਵਿਆਕਰਣ ਬਾਰੇ ਆਪਣੇ ਵਿਚਾਰ ਪ੍ਰਸਤੁਤ ਕਰਨ।

ਤੱ: ਗੁ: ਪ:- “ਗੁਰਬਾਣੀ ਇੱਕ ਨਿਰੋਲ ਮਨੁੱਖਤਾਵਾਦੀ ਵਿਚਾਰਧਾਰਾ ਹੈ। ਸੋ ਐਸੇ ਅਰਥ ਸਹੀ ਹੋਣਗੇ ਜਿਹੜੇ ਮਨੁੱਖਤਾ ਦੇ ਕਿਸੀ ਪੱਖ ਦਾ ਵਿਰੋਧ ਨਾ ਕਰਦੇ ਹੋਣ”।

ਵਿਚਾਰ- ਜੇ ਇਹ ਸੋਚ ਕੇ ਅਰਥ ਕੀਤੇ ਜਾਣਗੇ ਕਿ ਅਰਥ ਇਸ ਤਰ੍ਹਾਂ ਹੋਣੇ ਚਾਹੀਦੇ ਹਨ ਜਾਂ ਉਸ ਤਰ੍ਹਾਂ ਹੋਣੇ ਚਾਹੀਦੇ ਹਨ ਤਾਂ ਕਦੇ ਵੀ ਅਰਥ ਸਹੀ ਨਹੀਂ ਹੋ ਸਕਦੇ । ਕਿਉਂਕਿ ਹਰ ਵਿਅਕਤੀ ਦੀ ਆਪਣੀ ਵੱਖਰੀ ਸੋਚ ਹੈ। ਹਰ ਵਿਅਕਤੀ ਆਪਣੀ ਹੀ ਸੋਚ ਨੂੰ ਠੀਕ ਸਮਝਦਾ ਹੈ। ਇਸ ਲਈ ਹਰ ਵਿਅਕਤੀ ਆਪਣੀ ਹੀ ਸੋਚ ਮੁਤਾਬਕ ਅਰਥ ਕਰੇਗਾ। ਤਾਂ ਕੀ ਉਸ ਹਾਲਤ ਵਿੱਚ ਅਰਥ ਇਕ ਰਹਿ ਸਕਣਗੇ? ਅਤੇ ਕਿੰਨੇ ਕੁ ਠੀਕ ਹੋਣਗੇ? ਗੁਰਬਾਣੀ ਦੇ ਅਰਥ ਤਾਂ ਉਸ ਦੇ ਉਸੇ ਅਸਲੀ ਰੂਪ ਵਿੱਚ ਹੋਣੇ ਚਾਹੀਦੇ ਹਨ ਜਿਸ ਰੂਪ ਵਿੱਚ ਲਿਖੀ ਗਈ ਹੈ।ਹਾਂ ਭਾਵਾਰਥ ਆਪਣੀ ਆਪਣੀ ਸਮਝ ਮੁਤਾਬਕ ਵੱਖਰੇ ਹੋ ਸਕਦੇ ਹਨ। ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਨਾਲ ਕਿਹੜੀ ਮਨੁਖਤਾਵਾਦੀ ਵਿਚਾਰਧਾਰਾ ਦਾ ਉਲੰਘਨ ਹੁੰਦਾ ਹੈ?

ਤੱ: ਗੁ: ਪ:- “ਇਸ ਵਿਆਕਰਣ ਅਨੁਸਾਰ ਕਿਸੇ ਲਫ਼ਜ਼ ਨਾਲ ਔਂਕੜ, ਸਿਹਾਰੀ, ਜਾਂ ਮੁਕਤਾ ਲੱਗਣ ਨਾਲ ਅਰਥ ਬਦਲ ਜਾਂਦਾ ਹੈ। ਭਾਵ ‘ਗੁਰੁ’ ‘ਗੁਰਿ’ ‘ਗੁਰ’ ਦੇ ਅਰਥ ਅਲੱਗ ਅਲਗ ਹੋਣਗੇ। ਪਰ ਐਸਾ ਨਹੀਂ ਹੈ। ਇਕੋ ਸਮੇਂ ਇਕੋ ਲਫ਼ਜ਼ ਦੇ ਵੱਖ-ਵੱਖ ਰੂਪ ਹੁੰਦੇ ਹਨ। ਹਰ ਕੋਈ, ਕੋਈ ਵੀ ਰੂਪ ਵਰਤ ਲੈਂਦਾ ਹੈ। ਹੋਰ ਤਾਂ ਹੋਰ ਛੰਦ ਦੀ ਚਾਲ ਦੇ ਹਿਸਾਬ ਨਾਲ ਇਕੋ ਲੇਖਕ, ਇਕੋ ਲਫ਼ਜ਼ ਦੇ ਵੱਖ-ਵੱਖ ਰੂਪ ਵੀ ਵਰਤ ਲੈਂਦਾ ਹੈ।ਇਸ ਨਾਲ ਲਫ਼ਜ਼ ਦੇ ਅਰਥ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਹ ਸਿਰਫ਼ ਸਾਡਾ ਵਿਚਾਰ ਨਹੀਂ, ਪ੍ਰੋ: ਸਾਹਿਬ ਸਿੰਘ ਜੀ ਵੀ ਐਸਾ ਹੀ ਮੰਨਦੇ ਹਨ। ਆਓ ਵੇਖੀਏ, ‘ਗੁਰੂ ਗ੍ਰੰਥ ਸਾਹਿਬ ਦਰਪਣ’ ਭਾਗ-10 ਦੇ ਪੰਨਾ 420 ਤੇ ਪ੍ਰੋ: ਸਾਹਿਬ ਸਿੰਘ ਜੀ ਨੇ ਕੁੱਝ ਲਫ਼ਜਾਂ ਪਿਰ, ਗੁਰ, ਘਰ, ਆਦਿ ਦੇ ਉਦਾਹਰਣ ਦੇਂਦੇ ਹੋਏ ਲਿਖਿਆ ਹੈ:
“ਗੁਰ, ਗੁਰੁ, ਗੁਰਿ। ਕਾਰਕ-ਚਿਹਨ ਲਫ਼ਜ਼ਾਂ ਦੇ ਆਪਣੇ ਨਿਜ-ਅਰਥ ਨਹੀਂ ਬਦਲਦੇ”।

ਵਿਚਾਰ- ਪ੍ਰੋ: ਸਾਹਿਬ ਸਿੰਘ ਦੀ ਸੰਬੰਧਤ ਵਿਸ਼ੇ ਬਾਰੇ ਦਿੱਤੀ ਜਾਣਕਾਰੀ ਜੋ ਕਿ “ ਕੇਵਲ ਗੁਰੂ ਦੀ ਵਡਿਆਈ ਹੀ ਮਜਮੂਨ ਹੈ” ਪੋਥੀ 10- ਪੰਨਾ 400 ਤੋਂ ਲੈ ਕੇ ਪੰਨਾ 427, ਤਕਰੀਬਨ 28 ਸਫ਼ਿਆਂ ਤੇ ਹੈ ਅਤੇ ਪ੍ਰੋ: ਸਾਹਿਬ ਨੇ ਇਸੇ ਗੱਲ ਤੇ ਚਾਨਣਾ ਪਾਇਆ ਹੈ ਕਿ ਭੱਟਾਂ ਦੇ ਸਵਈਆਂ ਵਿੱਚ ਗੁਰੂ ਸਾਹਿਬਾਂ ਦੀ ਹੀ ਵਡਿਆਈ ਕੀਤੀ ਗਈ ਹੈ, ਅਤੇ ਭੱਟਾਂ ਦੇ ਸਵਈਆਂ ਸਮੇਤ ਸਾਰੀ ਬਾਣੀ ਵਿੱਚ ਇਕ ਸਾਰ ਵਿਆਕਰਣ ਵਰਤੀ ਗਈ ਹੈ, ਵਿੱਚੋਂ ਤੱਤ ਗੁਰਮਤਿ ਪਰਿਵਾਰ ਵਾਲਿਆਂ ਵੱਲੋਂ (ਜਾਣ ਬੁਝਕੇ) ਸਿਰਫ਼ ਇਕੋ ਹੀ ਪੰਗਤੀ ਪੇਸ਼ ਕੀਤੀ ਗਈ ਹੈ। ਪੇਸ਼ ਹਨ ਪ੍ਰੋ: ਸਾਹਿਬ ਸਿੰਘ ਦੀ ਲਿਖਤ ਵਿੱਚੋਂ ਕੁਝ ਅੰਸ਼:
“ਨਿਯਮ ਉਹ ਜੋ ਹਰ ਥਾਂ ਢੁੱਕ ਸਕੇ:

... ਜੇ ਲਫ਼ਜ਼ ‘ਗੁਰ’ (ਮੁਕਤਾ ਅੰਤ) ਨੂੰ ਅਕਾਲ ਬੋਧਕ ਅਤੇ ‘ਗੁਰੁ’ ( ੁ ਅੰਤ) ਨੂੰ ਗੁਰੂ ਬੋਧਕ ਮੰਨ ਲਈਏ ਤਾਂ ਲਫ਼ਜ਼ ‘ਗੁਰਿ’ ( -ਿਅੰਤ) ਦਾ ਕੀਹ ਅਰਥ ਕਰਾਂਗੇ? ਨਿਰਾ ਇਹੀ ਨਹੀਂ, ਸੈਂਕੜੇ ਮੁਕਤਾ ਅੰਤ ਪੁਲਿੰਗ ਸ਼ਬਦ ਇਹਨਾਂ ਤਿੰਨਾਂ ਰੂਪਾਂ ਵਿੱਚ ਮਿਲਦੇ ਹਨ। ਵੰਨਗੀ ਦੇ ਤੌਰ ਤੇ ਲਵੋ ਪਿਰ, ਘਰ, ਗ੍ਰਿਹ, ਸਬਦ, ਜਲ, ਹੁਕਮ:
1- ਪਿਰ, ਪਿਰੁ, ਪਿਰਿ 2- ਘਰ, ਘਰੁ, ਘਰਿ 3- ਗ੍ਰਿਹ, ਗ੍ਰਿਹੁ, ਗ੍ਰਿਹਿ
4- ਸਬਦ, ਸਬਦੁ, ਸਬਦਿ 5- ਜਲ, ਜਲੁ, ਜਲਿ 6- ਹੁਕਮ, ਹੁਕਮੁ ਹੁਕਮਿ
ਇਸੇ ਤਰ੍ਹਾਂ
7- ਗੁਰ, ਗੁਰੁ, ਗੁਰਿ।
ਕਾਰਕ-ਚਿਹਨ (ਛੳਸੲ ਠੲਰਮਨਿੳਟੋਿਨਸ) ਲਗਾਇਆਂ ਲਫ਼ਜ਼ਾਂ ਦੇ ਆਪਣੇ ਨਿਜ-ਅਰਥ ਨਹੀਂ ਬਦਲ ਸਕਦੇ।
{ ਨੋਟ: ਇੱਥੇ ਪ੍ਰੋ: ਸਾਹਿਬ ਨੇ ਸੱਤ ਉਦਾਹਰਣਾਂ ਦੇ ਕੇ ਉਨ੍ਹਾਂ ਲਈ ਇਹ ਲਫ਼ਜ਼ ਲਿਖੇ ਹਨ ਕਿ ( ਇਨ੍ਹਾਂ ਦੇ) ਕਾਰਕ ਚਿਹਨ ਲਗਾਇਆਂ ਨਿਜ ਅਰਥ ( ਇਨ੍ਹਾਂ ਦੇ ਆਪਣੇ ਬੁਨਿਆਦੀ ਅਰਥ) ਨਹੀਂ ਬਦਲ ਸਕਦੇ}।( ਇਸ ਉਪਰਲੀ ਵਿਚਾਰ ਵਿੱਚੋਂ ਹੀ ਤੱਤ ਗੁਰਮਤਿ ਵਾਲਿਆਂ ਵੱਲੋਂ ਕੇਵਲ ਇੱਕ ਪੰਗਤੀ ਹੀ ਪੇਸ਼ ਕੀਤੀ ਗਈ ਹੈ)।
( ਇਸ ਤੋਂ ਅੱਗੇ ਪ੍ਰੋ: ਸਾਹਿਬ ਨੇ ਕਈ ਗੁਰਬਾਣੀ ਉਦਾਹਰਣਾਂ ਦਿੱਤੀਆਂ ਹਨ ਅਤੇ ਅੱਗੇ ਪੰਨਾ- 421 ਤੇ ਲਿਖਿਆ ਹੈ)
ਪੁਸਤਕ ਦਾ ਆਕਾਰ ਵੱਡਾ ਹੋ ਜਾਣ ਦੇ ਡਰ ਤੇ, ਇੱਥੇ ਇਹਨਾਂ ਲਫ਼ਜ਼ਾਂ ਦੀ ਵਿਆਕਰਣਿਕ ਬਣਤਰ ਤਾਂ ਸਮਝਾਈ ਨਹੀ ਜਾ ਸਕਦੀ; ਪਰ ਹੇਠਾਂ ਭੱਟਾਂ ਦੇ ਸਵਈਆਂ ਵਿੱਚੋਂ ਕੁਝ ਪ੍ਰਮਾਣ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਗਹੁ ਨਾਲ ਪੜ੍ਹ ਕੇ ਪਾਠਕ ਜਨ ਇਹ ਵੇਖ ਲੈਣਗੇ ਕਿ ਵਿਆਕਰਣ ਦੇ ਜੋ ਨਿਯਮ ਸਤਿਗੁਰੂ ਜੀ ਦੀ ਆਪਣੀ ਬਾਣੀ ਵਿੱਚ ਮਿਲਦੇ ਹਨ ਉਹੀ ਨਿਯਮ ਭੱਟਾਂ ਦੀ ਬਾਣੀ ਵਿੱਚ ਭੀ ਵਰਤੇ ਹੋਏ ਮਿਲਦੇ ਹਨ। ( ਅਗੋਂ ਗੁਰਬਾਣੀ ਵਿੱਚੋਂ ਭੱਟਾਂ ਦੇ ਸਵਈਆਂ ਵਿੱਚੋਂ ਕੁਝ ਉਦਾਹਰਣਾਂ ਦਿੱਤੀਆਂ ਗਈਆਂ ਹਨ)।

(ਤੱਤ ਗੁਰਮਤਿ ਵਾਲੇ ਧਿਆਨ ਦੇਣ ਕਿ ਵਿਆਕਰਣਕ ਨਿਯਮ ਸਾਰੀ ਗੁਰਬਾਣੀ ਵਿੱਚ ਇੱਕੋ ਜਿਹੇ ਲਾਗੂ ਹਨ)”।
(ਪੰਨਾ 417):-“ਇਸ ਪੁਸਤਕ ਦੇ ਪਿਛਲੇ ਭਾਗ ਵਿੱਚ ਭੀ ਅਸੀਂ ਦੇਖ ਆਏ ਹਾਂ ਕਿ ਭੱਟਾਂ ਦੇ ਸਵਈਏ ਵਿਚਲਾ ਲਫ਼ਜ਼ ‘ਵਾਹਿ’ ਅਤੇ ‘ਗੁਰੂ’ ਅਕਾਲਪੁਰਖ- ਵਾਚਕ ਨਹੀਂ ਹੈ।

(ਪੰਨਾ-419):- ... ‘ਗੁਰਮੰਤ੍ਰ ਪ੍ਰਬੋਧ’ ਪੁਸਤਕ ਵਿੱਚ ਇਹ ਸੱਜਣ ਲਫ਼ਜ਼ ‘ਗੁਰੁ’ ਅਤੇ ‘ਸਤਿਗੁਰ’ (ਮੁਕਤਾ-ਅੰਤ) ਨੂੰ ਅਕਾਲ-ਵਾਚਕ ਕਹਿੰਦੇ ਹਨ, ਅਤੇ ਲਫ਼ਜ਼ ਗੁਰੁ’ ‘ਸਤਿਗੁਰੁ’ ਨੂੰ ਦਸਾਂ ਗੁਰਾਂ ਦਾ ਵਾਚਕ ਆਖਦੇ ਹਨ”।
ਇਸੇ ਤਰ੍ਹਾਂ ਪ੍ਰੋ: ਸਾਹਿਬ ਨੇ ਗੁਰਬਾਣੀ ਵਿਆਕਰਣ ਵਿੱਚ ਵੀ ਇਸ ਨੂੰ ਵਿਸਥਾਰ ਨਾਲ ਸਮਝਾਇਆ ਹੈ ਅਤੇ ਕੁਝ ਉਦਾਹਰਣਾਂ ਦਿੱਤੀਆਂ ਹਨ। ਦੇਖੋ ‘ਗੁਰਬਾਣੀ ਵਿਆਕਰਣ,ਪੰਨਾ-23:-

“ਨਾਨਕ ਚਿੰਤਾ ‘ਮਤਿ’ ਕਰਹੁ ਚਿੰਤਾ ਤਿਸ ਹੀ ਹੋਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥....... ਨਾਨਕ ਚਿੰਤਾ ‘ਮਤ’ ਕਰਹੁ ਚਿੰਤਾ ਤਿਸ ਹੀ ਹੇਇ॥ (ਪੰਨਾ-955)।

ਇਕ ਉਦਾਹਰਣ ਹੋਰ – ( ਪੋਥੀ 10- ਪੰਨਾ 406): ‘ਰੇਣੁ; ਇਹ ਸ਼ਬਦ ਭੀ ਸੰਸਕ੍ਰਿਤ ਦਾ ‘ਰੇਣੁ’ ਹੈ, ਅਤੇ ਇਹ ਪੁਲਿੰਗ ਅਤੇ ਇਸਤ੍ਰੀ-ਲਿੰਗ ਦੋਹਾਂ ਵਿਚ ਹੀ ਵਰਤਿਆ ਜਾਂਦਾ ਹੈ। ਪੁਰਾਣੀ ਪੰਜਾਬੀ ਵਿੱਚ ਇਹ ਕੇਵਲ ਇਸਤ੍ਰੀ-ਲਿੰਗ ਰਹਿ ਗਿਆ। ਨਿਰਾ ਇਹੀ ਨਹੀਂ ਰੂਪ ਵੀ ਚਾਰ ਹੋ ਗਏ- ਰੇਣੁ, ਰੇਣ, ਰੇਨੁ, ਰੇਨ”।

ਪ੍ਰੋ: ਸਾਹਿਬ ਨੇ ਪੋਥੀ 10 ਦੇ ਪੰਨਾ 400 ਤੇ ਬੜੇ ਮੋਟੇ ਅੱਖਰਾਂ ਵਿੱਚ ਇਹ ਹੈਡਿੰਗ ਲਿਖਿਆ: “ਕੇਵਲ ‘ਗੁਰੂ ਦੀ ਵਡਿਆਈ’ ਹੀ ਮਜਮੂਨ” ਅਤੇ ਵਿਸਥਾਰ ਨਾਲ ਸਮਝਾਇਆ ਹੈ ਕਿ ਭੱਟਾਂ ਦੇ ਸਵਈਆਂ ਵਿੱਚ ਗੁਰੂ ਸਾਹਿਬਾਂ ਦੀ ਵਡਿਆਈ ਕੀਤੀ ਗਈ ਹੈ।

ਪ੍ਰੋ: ਸਾਹਿਬ ਸਿੰਘ ਦੀ ਲਿਖਤ ਤੋਂ ਜੋ ਗੱਲਾਂ ਸਾਹਮਣੇ ਆਉਂਦੀਆਂ ਹਨ ਉਹ ਇਸ ਪ੍ਰਕਾਰ ਹਨ:

ਇਹ ਵਿਚਾਰ ਦੇਣ ਦਾ ਪ੍ਰੋ: ਸਾਹਿਬ ਸਿੰਘ ਦਾ ਮੁਖ ਉਦੇਸ਼ ਇਹ ਹੈ ਕਿ ‘ਪੁਸਤਕ ‘ਗੁਰਮੰਤ੍ਰ ਪ੍ਰਬੋਧ’ ਦੇ ਕਰਤਾ ਅਨੁਸਾਰ ‘ਗੁਰ’ ਅਤੇ ‘ਸਤਿਗੁਰ’ ਦਾ ਅਰਥ ਹੈ ਪਰਮਾਤਮਾ ਅਤੇ ‘ਗਰੁ, ਸਤਿਗੁਰੁ’ ਦਾ ਅਰਥ ਹੈ ‘ਦਸ ਗੁਰੂ’ ਸਾਹਿਬਾਨ । ਇਸ ਗੱਲ ਦਾ ਖੰਡਣ ਕਰਦੇ ਹੋਏ ਪ੍ਰੋ: ਸਾਹਿਬ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਗੁਰ’ ਲਫ਼ਜ਼ ਮੂਲ ਰੂਪ ਵਿੱਚ ਹੀ ਤਿੰਨਾਂ ਗੁਰ, ਗੁਰੁ ਅਤੇ ਗੁਰਿ ਰੂਪਾਂ ਵਿੱਚ ਆਉਂਦਾ ਹੈ। ਇਸ ਦੇ ਕਾਰਕਾਂ ( ਵਿਆਕਰਣਕ ਲਗਾ, ਮਾਤ੍ਰਾਵਾਂ) ਦੇ ਬਦਲਣ ਨਾਲ ਇਸ ਦੇ ਮੂਲ ਅਰਥ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਅਰਥਾਤ ਇਹ ਨਹੀਂ ਕਿ ਕਿਸੇ ਰੂਪ ਵਿੱਚ ਇਸ ਦੇ ਅਰਥ ਗੁਰੂ (ਦਸ ਗੁਰੂ ਸਾਹਿਬਾਨ) ਅਤੇ ਕਿਸੇ ਰੂਪ ਵਿੱਚ ਇਸ ਦੇ ਅਰਥ ਪਰਮਾਤਮਾ ਹੋ ਜਾਂਦੇ ਹਨ।

ਪ੍ਰੋ: ਸਾਹਿਬ ਸਿੰਘ ਮੁਤਾਬਕ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਮੂਲ ਰੂਪ ਵਿੱਚ ਹੀ ਕਈ ਰੂਪਾਂ ਵਿੱਚ ਆਉਂਦੇ ਹਨ ਉਨ੍ਹਾਂ ਦੀ ਗਿਣਤੀ ਸੈਂਕੜੇ ਹੈ। ਅਰਥਾਤ ਇਹ ਸੈਂਕੜੇ ਸ਼ਬਦ ਹੀ ਐਸੇ ਹਨ ਜਿਹੜੇ ਵੱਖ ਵੱਖ ਰੂਪਾਂ ਵਿੱਚ ਆਉਂਦੇ ਹਨ, ਇਹ ਨਹੀਂ ਕਿ ਕਿਸੇ ਵੀ ਸ਼ਬਦ ਦੇ ਕਾਰਕ ਚਿਹਨ ਬਦਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਤੱਤ ਗੁਰਮਤਿ ਵਾਲੇ ਜਾਂ ਤਾਂ ਇਹ ਗੱਲ ਸਮਝਣ ਵਿੱਚ ਅਸਮਰਥ ਹਨ ਕਿ ਪ੍ਰੋ: ਸਾਹਿਬ ਸਿੰਘ ਨੇ ‘ਸੈਂਕੜੇ’ ਸ਼ਬਦਾਂ ਵਾਸਤੇ ਇਹ ਗੱਲ ਕਹੀ ਹੈ ‘ਸਾਰੇ’ ਸ਼ਬਦਾਂ ਵਾਸਤੇ ਨਹੀਂ। ਜਾਂ ਫ਼ੇਰ ਉਹ ਜਾਣ ਬੁੱਝ ਕੇ ਸਿੱਖਾਂ ਨੂੰ ਭੁਲੇਖੇ ਵਿੱਚ ਪਾ ਕੇ ਗੁਰਬਾਣੀ ਵਿਆਕਰਣ ਦੀ ਜਰੂਰਤ ਤੋਂ ਬੇਰੁਖੀ ਪੈਦਾ ਕਰਨੀ ਚਾਹੁੰਦੇ ਹਨ।ਤਾਂ ਕਿ ਆਪਣੀ ਮਰਜੀ ਦੇ ਅਰਥ ਕੀਤੇ ਜਾ ਸਕਣ।

ਭੱਟਾਂ ਦੀ ਬਾਣੀ ਵਿੱਚ ਵਰਤੀ ਵਿਆਕਰਣ ਵੀ ਗੁਰੂ ਸਾਹਿਬਾਂ ਦੀ ਵਰਤੀ ਗਈ ਵਿਆਕਰਣ ਅਨੁਸਾਰ ਹੀ ਹੈ। ਅਰਥਾਤ ਭੱਟਾਂ ਦੀ ਬਾਣੀ ਵਿੱਚ ਵੀ ਵਿਆਕਰਣ ਦਾ ਪ੍ਰਯੋਗ ਕੀਤਾ ਗਿਆ ਹੈ। ਬਿਨਾ ਵਿਆਕਰਣ ਅਨੁਸਾਰ ਵਿਚਾਰੇ ਠੀਕ ਅਰਥ ਨਹੀਂ ਕੀਤੇ ਜਾ ਸਕਦੇ।

ਤੱਤ ਗੁਰਮਤਿ ਵਾਲਿਆਂ ਦਾ ਇਹ ਕਹਿਣਾ ਗ਼ਲਤ ਹੈ ਕਿ “...ਇਸ ਭਾਗ ਦੀ ਵਿਚਾਰ ਵਿੱਚ ਅਸੀਂ ਇਹ ਸਮਝ ਚੁੱਕੇ ਹਾਂ ਕਿ “ਕੋਈ ਲਫ਼ਜ਼ ਕੇਵਲ ਕਾਰਕ-ਚਿਹਨ ਦੇ ਬਦਲਣ ਨਾਲ ਆਪਣੇ ਅਸਲ ਅਰਥ ਤੋਂ ਉਲਟ ਨਹੀਂ ਹੋ ਸਕਦਾ”।
ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਤੱਤ ਗੁਰਮਤਿ ਵਾਲੇ ਅਨਜਾਣੇ ਹੀ ਜਾਂ ਜਾਣਬੁਝ ਕੇ ਪ੍ਰੋ: ਸਾਹਿਬ ਸਿੰਘ ਦੇ ਲਿਖੇ ‘ਸੈਂਕੜੇ’ ਸ਼ਬਦ ਨੂੰ ‘ਕੋਈ (ਵੀ) ਲਫ਼ਜ਼ ਦਰਸਾ ਰਹੇ ਹਨ। ਅਤੇ ਨਿਜ ਅਰਥ ਤੋਂ ਭਾਵ ਵਿਆਕਰਣਕ ਅਰਥ ਸਮਝ ਰਹੇ ਹਨ।

ਤੱ: ਗੁ: ਪ:- “ਇਹ ਗੱਲ ਅਲੱਗ ਹੈ ਕਿ ਆਪਣੇ ਮਨ ਵਿੱਚ ਵਸੇ ਵਿਚਾਰਾਂ ਕਾਰਨ ਸਾਹਿਬ ਸਿੰਘ ਜੀ ‘ਗੁਰੂ’ ਦਾ ਅਰਥ ਨਾਨਕ ਸਰੂਪਾਂ ਨਾਲ ਜੋੜ ਕੇ ਕਰਦੇ ਰਹੇ”।

ਵਿਚਾਰ- ਪ੍ਰੋ: ਸਾਹਿਬ ਸਿੰਘ ਨੇ ਕਿਤੇ ਵੀ ਆਪਣੇ ਮਨ ਦੇ ਬਣ ਚੁੱਕੇ ਵਿਚਾਰਾਂ ਅਨੁਸਾਰ ਅਰਥ ਨਹੀਂ ਕੀਤੇ ਬਲਕਿ ਪੂਰੀਆਂ ਦਲੀਲਾਂ ਅਤੇ ਪ੍ਰਮਾਣਾ ਨਾਲ ਪੋਥੀ ਦੇ ਤਕਰੀਬਨ 28 ਸਫ਼ਿਆਂ ਵਿੱਚ) ਸਾਬਤ ਕਰਕੇ ਜਿਸ ਰੂਪ ਵਿੱਚ ਬਾਣੀ ਹੈ ਉਸੇ ਵਿੱਚ ਹੀ ਅਰਥ ਕੀਤੇ ਹਨ।

ਤੱਤ ਗੁਰਮਤਿ ਪਰਿਵਾਰ ਵਾਲੇ ਸ਼ਾਇਦ ਇਹ ਕਹਿਣਾ ਚਾਹੁੰਦੇ ਹਨ ਕਿ ਪ੍ਰੋ: ਸਾਹਿਬ ਸਿੰਘ ਨੇ ਇਹ ਗੱਲ ਮੰਨਦੇ ਹੋਏ ਕਿ ਵਿਆਕਰਣ ਦੀ ਕੋਈ ਜਰੂਰਤ ਨਹੀਂ ਫ਼ੇਰ ਵੀ ਇਸ ਦੀ ਖੋਜ ਤੇ ਏਨੀਂ ਮਿਹਨਤ ਵਿਅਰਥ ਹੀ ਕੀਤੀ ਹੈ। ਅਤੇ ਖੋਜ ਤੇ ਇਤਨੀ ਸਾਲਾਂ ਦੀ ਮਿਹਨਤ ਕਰਕੇ ਵੀ ਉਨ੍ਹਾਂਨੇ ਆਪਣੀ ਹੀ ਖੋਜ ਕੀਤੀ ਹੋਈ ਵਿਆਕਰਣ ਦੇ ਆਧਾਰ ਤੇ ਨਹੀਂ ਬਲਕਿ ਆਪਣੇ ਮਨ ਦੀ (ਕਿਸੇ) ਬਣ ਚੁਕੀ ਵਿਚਾਰ (?) ਅਨੁਸਾਰ ਹੀ ਅਰਥ ਕਰ ਦਿੱਤੇ।ਇਸ ਸਾਰੀ ਉਪਰਲੀ ਵਿਚਾਰ ਤੋਂ ਸਾਫ਼ ਜਾਹਰ ਹੈ ਕਿ ਤੱਤ ਗੁਰਮਤਿ ਪਰਿਵਾਰ ਵਾਲੇ ਆਪਣੀ ਮਰਜੀ ਦੇ ਹੀ ਅਰਥ ਕਰਕੇ ਆਪਣੀ ਨਿਜੀ ਸੋਚ ਗੁਰਮਤਿ ਵਿੱਚ ਵਾੜਨ ਦੇ ਇਰਾਦੇ ਨਾਲ ਗੁਰਬਾਣੀ ਵਿਆਕਰਣ ਦੀ ਕੋਈ ਜਰੂਰਤ ਨਾ ਹੋਣ ਦਾ ਪ੍ਰਚਾਰ ਕਰ ਰਹੇ ਹਨ।

ਗੁਰਬਾਣੀ ਤੁਕਾਂ ਦੇ ਅਰਥਾਂ ਦੇ ਸੰਬੰਧ ਵਿੱਚ:-

ਤੱਤ ਗੁਰਮਤਿ ਪਰਿਵਾਰ ਵਾਲੇ ਇਹ ਗੱਲ ਸਾਫ਼ ਕਰਨ ਕਿ ਕੀ ਗੁਰਬਾਣੀ, ਵਿਆਕਰਣ ਦੇ ਆਧਾਰ ਤੇ ਲਿਖੀ ਗਈ ਹੈ ਕਿ ਨਹੀਂ?

ਜੇ ਨਹੀਂ ਤਾਂ-

ਕੀ ਗੁਰਬਾਣੀ ਵਿੱਚ ਵਰਤੀਆਂ ਗਈਆਂ ਲਗਾਂ ਮਾਤ੍ਰਾਵਾਂ ਬੇ ਮਤਲਬ ਹਨ?

ਕੀ, ਗੁਰਬਾਣੀ ਵਿੱਚ ਲੱਗੀਆਂ ਲਗਾਂ-ਮਾਤ੍ਰਾਵਾਂ, ਉਤਾਰੇ ਦੇ ਵਕਤ ਗ਼ਲਤੀ ਨਾਲ ਲੱਗ ਗਈਆਂ ਹਨ?
ਜੇ ਗੁਰਬਾਣੀ ਕਿਸੇ ਵਿਆਕਰਣ ਦੇ ਆਧਾਰ ਤੇ ਨਹੀਂ ਲਿਖੀ ਗਈ ਤਾਂ ਕੀ ਪ੍ਰੋ: ਸਾਹਿਬ ਸਿੰਘ ਨੇ ਵਿਆਕਰਣ ਦੀ ਖੋਜ ਕਰਨ ਅਤੇ ਵਿਆਕਰਣ ਦੇ ਆਧਾਰ ਤੇ ਅਰਥ ਕਰਕੇ ਵਿਅਰਥ ਹੀ ਸਮਾਂ ਬਰਬਾਦ ਕੀਤਾ ਹੈ?

ਤੱਤ ਗੁਰਮਤਿ ਪਰਿਵਾਰ ਵਾਲਿਆਂ ਦਾ ਇਹ ਲਿਖਣਾ ਕਿ ‘ਪ੍ਰੋ: ਸਾਹਿਬ ਸਿੰਘ ਜੀ ਸਾਡੇ ਲਈ, ਹੋਰ ਕਈ ਵਿਦਵਾਨਾਂ ਵਾਂਗੂ ਸਤਿਕਾਰਯੋਗ ਸ਼ਖਸ਼ੀਅਤ ਹਨ। ਉਨ੍ਹਾਂ ਵੱਲੋਂ ਗੁਰਬਾਣੀ ਵਿਆਖਿਆ ਸੁਧਾਰ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਦਿਲੋਂ ਮੰਨਦੇ ਅਤੇ ਸਤਿਕਾਰਦੇ ਹਾਂ। ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ ਗੁਰਬਾਣੀ ਵਿੱਚੋਂ ਵਿਆਕਰਣ ਨਿਯਮ ਲੱਭ ਕੇ ਸਾਹਮਣੇ ਲਿਆਉਣ ਵਾਲੇ ਵਿਦਵਾਨਾਂ ਵਿੱਚੋਂ ਵੀ ਮੁੱਖ ਪ੍ਰੋ: ਸਾਹਿਬ ਸਿੰਘ ਜੀ ਹੀ ਹਨ” ਇਹ ਸਭ ਲਿਖਣ ਤੋਂ ਕੀ ਮਤਲਬ ਹੋਇਆ?

ਗੁਰਬਾਣੀ ਅਰਥ ਕਰਨ ਤੋਂ ਪਹਿਲਾਂ ਤੱਤ ਗੁਰਮਤਿ ਪਰਿਵਾਰ ਵਾਲੇ ਇਸ ਗੱਲ ਦਾ ਨਿਰਣਾ ਦੇਣ ਕਿ ਗੁਰਬਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਹਨ ਕਿ ਨਹੀਂ।

ਧਿਆਨ ਦੇਣ ਯੋਗ - ਗੁਰੂ ਨਾਨਕ ਦੇਵ ਜੀ ਤੋਂ ਬਿਨਾ ਹੋਰ ਦੂਸਰੇ ਗੁਰੂ ਸਾਹਿਬਾਂ ਦਾ ਨਾਮ ਉਚਾਰਨਾ ਵੀ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਗਵਾਰਾ ਨਹੀਂ। ਉਨ੍ਹਾਂ ਨੂੰ ਨਾਨਕ ਜਾਮਾਂ ਦੂਜਾ, ਨਾਨਕ ਜਾਮਾਂ ਤੀਜਾ ਆਦਿ ਕਹਿ ਕੇ ਹੀ ਸੰਬੋਧਨ ਕਰਨਾ ਚਾਹੁੰਦੇ ਹਨ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਂ ਦੇ ਨਾਮ ਵੀ ਪਤਾ ਨਾ ਹੋਣ। ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਤਾਂ ਇਸ ਭੁਲੇਖੇ ਵਿੱਚ ਹੀ ਪਏ ਰਹਿਣ ਕਿ ਮਹਲਾ ਦੂਜਾ, ਮਹਲਾ ਤੀਜਾ ਦਾ ਕੀ ਮਤਲਬ ਹੋਇਆ? ਜੇ ਇਸੇ ਤਰ੍ਹਾਂ ਹੀ ਹੋ ਗਿਆ ਤਾਂ ਇਸ ਤੋਂ ਵੱਧ ਕੌਮ ਦੀ ਬਦ ਕਿਸਮਤੀ ਕੀ ਹੋ ਸਕਦੀ ਹੈ?

ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰੇ ਵੇਲੇ ਹੋਈਆਂ ਗ਼ਲਤੀਆਂ ਦੀ ਗੱਲ ਘੜਕੇ ਇੱਕ ਨਵਾਂ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤੱਤ ਗੁਰਮਤਿ ਪਰਿਵਾਰ ਵਾਲੇ ਨਾ ਤਾਂ ਆਪਣੀ ਸੰਸਥਾ ਦੇ ਮੁਖੀ ਦਾ ਨਾਮ ਦੱਸਣ ਨੂੰ ਤਿਆਰ ਹਨ ਅਤੇ ਨਾ ਹੀ ਆਪਣੀ ਕਿਸੇ ਵੀ ਲਿਖਤ ਨਾਲ ਲੇਖਕ ਦਾ ਨਾਮ ਲਿਖ ਕੇ ਰਾਜੀ ਹਨ। ਜਿਸ ਨਾਲ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦੇ ਚੰਗੇ ਜਾਂ ਮਾੜੇ ਪ੍ਰਭਾਵਾਂ ਬਾਰੇ ਕਿਸੇ ਖਾਸ ਵਿਅਕਤੀ ਨੂੰ ਜਿੰਮੇਂਦਾਰ ਠਹਿਰਾਇਆ ਜਾ ਸਕੇ।

- ਜਸਬੀਰ ਸਿੰਘ (ਕੈਲਗਰੀ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top