Main News Page

‘ਬਾਟੇ ਦੇ ਅਖਰੋਟ’

ਅਖਰੋਟ ਇਕ ਮਸ਼ਹੂਰ ਮੇਵਾ ਹੈ।ਇਸ ਨੂੰ ਖਾਣ ਵਾਲੇ ਜਾਣਦੇ ਹਨ ਕਿ ਇਸ ਮੇਵੇ ਦੀਆਂ ਦੋ ਮਸ਼ਹੂਰ ਕਿਸਮਾਂ ਹਨ।ਪਹਲੀ ਮਸ਼ਹੁਰ ਕਿਸਮ ਹੈ: ਕਾਗ਼ਜ਼ੀ ਅਖਰੋਟ! ਅਤੇ ਦੂਜੀ ਮਸ਼ਹੂਰ ਕਿਸਮ ਹੈ: ਬਾਟੇ ਅਖਰੋਟ !
ਇਨ੍ਹਾਂ ਦੋਹਾਂ ਕਿਸਮਾਂ ਦੇ ਮਸ਼ਹੂਰ ਹੋਣ ਪਿੱਛੇ ਵੀ ਦੋ ਅਲਗ–ਅਲਗ ਕਾਰਣ ਹਨ।‘ਕਾਗਜ਼ੀ ਅਖਰੋਟ’ ਅਪਣੇ ਵਿਸ਼ੇਸ਼ ਸਵਾਦ, ਨਰਮੀ ਅਤੇ ਖ਼ਸਤਾਪਨ ਲਈ ਪਸੰਦ ਕੀਤੇ ਜਾਂਦੇ ਹਨ। ਇਨ੍ਹਾਂ ਅਲਾਮਤਾਂ ਕਾਰਣ ਹੀ ਉਹ ਬਜ਼ਾਰ ਵਿਚ ਉੱਚੇ ਭਾਅ ਵਿੱਕਦੇ ਹਨ।

ਦੂਜੇ ਪਾਸੇ ਬਾਟੇ ਅਖਰੋਟ ਅਪਣੀ ਕਰੜੀ ਬਣਤਰ ਦੇ ਚਲਦੇ ਬਦਨਾਮ ਹੋਣ ਕਾਰਣ ‘ਨਾਮੀ’ ਹੁੰਦੇ ਹਨ। ਉਨ੍ਹਾਂ ਦੀ ਸਖ਼ਤੀ ਅਤੇ ਅੰਦਰੁਨੀ ਬਣਤਰ ਕਾਰਣ ੳਨ੍ਹਾਂ ਵਿੱਚ ਮੇਵਾ ਘੱਟ ਹੁੰਦਾ ਹੈ ਅਤੇ ਨਿਕਲਦਾ ਵੀ ਨਹੀਂ। ਜੇਕਰ ਕੋਈ ਕੋਸ਼ਿਸ਼ ਵੀ ਕਰੇ ਤਾਂ ਮੇਵਾ ਟੁੱਕੜੇ-ਟੁੱਕੜੇ ਹੋ ਕੇ ਹੱਥ ਲਗਦਾ ਹੈ। ਅਕਸਰ ਇਹ ਕਿਸਮ ਧੋਖੇ ਨਾਲ ਬਜ਼ਾਰ ਵਿੱਚ ਵੇਚੀ ਜਾਂਦੀ ਹੈ। ਸਿਆਣਾ ਬੰਦਾ ਇਨ੍ਹਾਂ ਦੀ ਬਦਨਾਮੀ ਨੂੰ ਸਮਝਦੇ ਇਨ੍ਹਾਂ ਤੋਂ ਦੂਰ ਨੱਸਦਾ ਹੈ। ਇਹ ਸਸਤੀ ਕਿਸਮ ਦੇ ਹੁੰਦੇ ਹਨ।

ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ‘ਕੁੱਝ’ ਵਿਚਾਰਕ/ਪ੍ਰਚਾਰਕ ਅਤੇ ਸੰਸਥਾਵਾਂ ਨਾਲ ਜੁੜੇ ਉੱਗੇ ਸੱਜਣ ਬਾਟੇ ਦੇ ਅਖਰੋਟਾਂ ਵਰਗੇ ਹਨ। ਸਖ਼ਤ, ਖੁਸ਼ਕ ਅਤੇ ਪਿਆਰ ਭਰੀਆਂ ਸੰਵੇਦਨਾਵਾਂ ਤੋਂ ਹੀਣ ਬੇ-ਸਵਾਦੇ ਬੰਦੇ! ਫ਼ਰਕ ਕੇਵਲ ਇਨ੍ਹਾਂ ਹੈ ਕਿ ਉਹ ਬਾਦਨਾਮ ਨਹੀਂ ਕੇਵਲ ‘ਨਾਮੀ’ ਹਨ। ਨੇੜੇ ਜਾ ਕੇ ਪਤਾ ਚਲਦਾ ਹੈ ਕਿ ਉਹ ਕੀ ਹਨ।

ਐਸੇ ਸੱਜਣਾਂ ਦੀ ਲੋੜ ਤਾਂ ਹੈ ਪਰ ਉਨ੍ਹਾਂ ਦਾ ਕਾਗ਼ਜ਼ੀ (ਹਲੀਮੀ ਯੁਕਤ) ਹੋਣਾ ਲਾਜ਼ਮੀ ਹੈ ਕਿਉਂਕਿ ਉਹ ਗੁਰਮਤਿ ਦੇ ਪਰੋਪਕਾਰੀ ਪ੍ਰਚਾਰ ਦੇ ਨਾਲ ਜੁੜੇ ਬੰਦੇ ਹਨ। ਸਟੇਜਾਂ ਤੇ ਸੱਜਣਾਂ ਹੋਰ ਗੱਲ ਹੈ ਵਿਵਹਾਰ ਵਿਚ ਉਤਰਨਾ ਹੋਰ।

ਇਕ ਬੰਦੇ ਨਾਲ ਦੂਜੇ ਬੰਦੇ ਦਾ ਨਿਜੀ ਸੰਵਾਦ, ਸਭ ਤੋਂ ਪਹਿਲਾਂ, ਬਿਨਾਂ ਕੁੱਝ ਕਹੇ, ਮਨੋਭਾਵਾਂ ਤੋਂ ਹੀ ਸ਼ੂਰੂ ਹੁੰਦਾ ਹੈ ਜੋ ਪਹਿਲੇ ਮਿਲਣ ਦੇ ਸਲੀਕੇ ਤੋਂ ਝਲਕਦਾ ਹੈ ਅਤੇ ਫਿਰ ਗੱਲ ਬਾਤ ਤੋਂ। ਜ਼ਰੂਰੀ ਨਹੀਂ ਕਿ ਹਰ ਮਿਲਨਸਾਰ ਬੰਦਾ ਚੰਗਾ ਹੀ ਹੋਵੇ ਪਰ ਇਕ ਪ੍ਰਚਾਰਕ/ਵਿਦਵਾਨ ਲਈ ਐਸਾ ਹੋਣਾ ਲਾਜ਼ਮੀ ਹੈ ਕਿਉਂਕਿ ਉਹ ਸਾਡੇ ਕੋਮੀ ਸਭਿਆਚਾਰ ਦਾ ਆਈਨਾ ਬਣ ਵਿਚਰਦਾ ਹੈ।

ਐਸੇ ਕੁੱਝ ਸੱਜਣਾਂ ਨੂੰ ਚਿੰਤਨ ਦੀ ਲੋੜ ਹੈ। ਉਨ੍ਹਾਂ ਦੇ ਵਸਤਰ ਉੱਜਲੇ ਹਨ ਪਰ ਚਿਹਰੇ ਸਪਾਟ ਭਾਵ ਹੀਣ। ਕਹਿੰਦੇ ਹਨ ਕਿ ਵਿਵਹਾਰ ਬੰਦੇ ਦੀ ਸ਼ਖ਼ਸੀਅਤ ਵਿਚ ਝਲਕਦਾ ਹੈ। ਇਨਾਂ ਹੀ ਨਹੀਂ, ਬਲਕਿ ਵਿਵਹਾਰ ਬੰਦੇ ਦੇ ਹਾਵ-ਭਾਵ ਤੇ ਵੀ ਅਸਰ ਪਾਉਂਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਅਕਸਰ, ਵਰਦੀ ਤੋਂ ਬਿਨਾਂ ਵੀ, ਇਕ ਫੌਜੀ ਬੰਦਾ ਅਪਣੇ ਹਾਵ-ਭਾਵ ਤੋਂ ਪਛਾਣ ਲਿਆ ਜਾਂਦਾ ਹੈ ਅਤੇ ਇਕ ਪੁਲਿਸ ਵਾਲਾ ਵੀ। ਕਿਉਂਕਿ ਪੇਸ਼ੇ ਨਾਲ ਜੁੜਿਆਂ ਗੱਲਾਂ ਸ਼ਖ਼ਸੀਅਤ ਵਿਚ ਉਤਰ ਆਉਦੀਆਂ ਹਨ। ਪਰ ਬਾਣੀ ਤਾਂ ਸਰਬਤ ਦੇ ਭਲੇ ਅਤੇ ਮਨੱਖੀ ਪਿਆਰ-ਸਤਿਕਾਰ ਨਾਲ ਲਬਰੇਜ਼ ਦਰਸ਼ਨ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ:

ਮਾਝ ਮਹਲਾ ੩ ॥ ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ ਅ(ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ 113)

ਅਰਥ:- ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ।

ਫਿਰ ਇਹ ‘ਕੁੱਝ ਬੰਦੇ’ ਬਾਟੇ ਦੇ ਅਖਰੋਟ ਕਿਵੇਂ ਹੋ ਗਏ ਹਨ? ਇਹ ਮਿਠਾਸ ਵਿਹੀਨ ਕਿਉਂ ਹਨ? ਯਕੀਨਨ ਇਹ ਨਿਰਮਲ ਬਾਣੀ ਦੇ ਜਲ ਉਤੇ ਆ ਡਿੱਗੀਆਂ ਤੇਲ ਦਿਆਂ ਉਹ ਬੂੰਦਾਂ ਹਨ ਜੋ ਸਤਹੀ ਤੋਰ ਤੇ ਫ਼ੈਲ ਜਰੂਰ ਗਈਆਂ ਹਨ ਪਰ ਕਦੇ ਵੀ ਉਸ ਨਿਰਮਲ ਜਲ ਨਾਲ ਨਹੀਂ ਰੱਲੀਆਂ।ਇਹ ਬਾਣੀ ਸੁਣਦੇ ਨਹੀਂ ਕੇਵਲ ਸੁਣਾਉਂਦੇ ਹਨ।ਇਹ ਬਾਟੇ ਦੇ ਅਖਰੋਟ ਹਰਿ ਦੇ ਨਾਮ ਦੇ ਵਪਾਰੀ ਕਿਵੇਂ ਹੋ ਸਕਦੇ ਹਨ? ਇਨ੍ਹਾਂ ਅੰਦਰ ਨਾਮ ਦੀ ਵੱਖਰ ਨਹੀਂ।ਇਹ ਕੇਵਲ ਨਾਮੀ ਹਨ।ਇਨ੍ਹਾਂ ਦੇ ਹੱਥ ਬਾਣੀ ਦੇ ਨਿਰਮੋਲਕ ਹੀਰੇ ਨਹੀਂ ਪੱਥਰ ਹਨ। ਪਤਾ ਨਹੀਂ ਕਿਸ ਵੇਲੇ ਕਿਸੇ ਦੀ ਭਾਵਨਾ ਨੂੰ ਤੌੜ ਦੇਣ।

ਇਸ ਵਿਚ ਵੀ ਸ਼ੱਕ ਨਹੀਂ ਕਿ ਅਸੀਂ ਜ਼ਿਆਦਾਤਰ ਲੋਗ ਕੱਝ ਪੱਖੋਂ ਅਕਸਰ ਦੋਹਰੀ ਸ਼ਖ਼ਸੀਅਤ ਰੱਖਦੇ ਹਾਂ। ਸੰਪੁਰਣਤਾ ਪਰਮਾਤਮਾ ਨਾਲ ਜੁੜਿਆ ਵਿਸ਼ਾ ਹੁੰਦਾ ਹੈ।ਅਸੀਂ ਮਨੁੱਖ ਕੇਵਲ ਬੇਹਤਰ ਹੋਣ ਦਾ ਜਤਨ ਕਰ ਸਕਦੇ ਹਾਂ। ਪਰ ਮਿਲਨਸਾਰ, ਨਰਮ ਅਤੇ ਸਵਾਦਲਾ ਹੋਣਾ ਤਾਂ ਇੱਕ ਪਹਿਲੀ ਸ਼ਰਤ ਹੈ ਜਿਸ ਤੋਂ ਸੰਵਾਦ ਅੱਗੇ ਤੁਰਦਾ ਹੈ।ਕਮੀਆਂ ਦੂਰ ਹੋਣ ਦੀ ਸੰਭਾਵਨਾ ਬਣਦੀ ਹੈ।

ਕਿਸੇ ਚਰਚਾ ਦੇ ਸਿਲਸਿਲੇ ਵਿਚ ਦਾਸ ਨੂੰ ਕਿਸੇ ਵਿਚਾਰਕ ਸੱਜਣ ਨਾਲ ਮੁਲਾਕਾਤ ਕਰਨੀ ਪਈ ਅਤੇ ਦੋ-ਚਾਰ ਵਾਰੀ ਟੇਲੀਫੋਨ ਰਾਹੀਂ ਰਾਬਤਾ ਕਰਨਾ ਪਿਆ। ਉਹ ਸੱਜਣ ਨਿਰੋਲ ਬਾਟੇ ਦੇ ਅਖਰੋਟ ਹਨ। ਪਤਾ ਨਹੀਂ ਕਿਦੋਂ ਅਤੇ ਕਿਉਂ ਮੁਸਕਰਾਉਂਦੇ ਹੋਣਗੇ। ਐਸਾ ਕਈ ਵਾਰ ਕਈ ਸੱਜਣਾ ਨਾਲ ਮਿਲ ਕੇ ਮਹਸੂਸ ਹੋਈਆ। ਮੇਰੀ ਤਾਂ ਕੋਈ ਗੱਲ ਨਹੀਂ ਲੇਕਿਨ ਇਹ ਪ੍ਰਚਾਰ ਦਾ ਇਕ ਵੱਡਾ ਦੁਖਾਂਤ ਹੈ। ਇਸ ਨਾਲ ਦਿਲ ਦੁੱਖਦੇ ਹਨ। ਪ੍ਰਚਾਰ ਮਾਨਸਿਕਤਾ ਵਿਚ ਬਦਲਾਵ ਦਾ ਉਪਰਾਲਾ ਹੈ ਮਨਾਂ ਨੂੰ ਤੋੜਨ ਦਾ ਨਹੀਂ।

ਐਸੇ ਸੱਜਣਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੁਸਕੁਰਾਉਂਣ ਵਿਚ ਪੈਸੇ ਨਹੀਂ ਲੱਗਦੇ ਪਰ ਮੁਸਕੁਰਾਹਟ ਵੱਡਮੁੱਲੀ ਹੁੰਦੀ ਹੈ। ਅਤੇ ਨਾ ਹੀ ਮਿੱਠੇ ਬੋਲਾਂ ਨਾਲ ਜ਼ੁਬਾਨ ਘੱਸਦੀ ਹੈ। ਹਾਂ ਇਨਾਂ ਵਿਚੋਂ ਕੱਝ ਸੱਜਣ ਮੁਸਕੁਰਾਉਂਦੇ ਵੀ ਇੰਝ ਹਨ ਜਿਵੇਂ ਕਿ ਚਿਹਰੇ ਤੇ ਗਾੜੀ ਪਿੱਛ ਦਾ ਲੇਪ ਕੀਤਾ ਹੋਵੇ। ਬਾਹਰੋਂ ਜੁੜੇ ਅੰਦਰੋਂ ਟੱਟੇ। ਇਹ ਹੋਉਮੇ ਦੇ ਰੋਗੀ ਹਨ। ਦੁਜਿਆਂ ਲਈ ਕਠੋਰ ਚਿਤ!

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ (ਪੰਨਾ 314,ਆਦਿ ਗੁਰੂ ਗ੍ਰੰਥ ਸਾਹਿਬ)

ਅਰਥ- ਜਿਨ੍ਹਾਂ ਮਨੁੱਖਾਂ ਦੇ ਮਨੋ ਭਾਵ ਕਰੜੇ ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ ।

ਇਹ ਬਾਟੇ ਦੇ ਅਖਰੋਟ ਗੁਰਬਾਣੀ ਦੇ ਮਨੁੱਖਤਾਵਾਦੀ ਪ੍ਰਚਾਰ ਦਾ ਭੱਠਾ ਬਠ੍ਹਾ ਦੇਂਣਗੇ। ਇਨ੍ਹਾਂ ਅੱਗੇ ਬੇਨਤੀ ਹੈ ਕਿ ਉਹ ਪਹਿਲਾਂ ਗੁਰੂ ਪਾਸੁ ਬਹਿਣ ਦਾ ਢੰਗ ਸਿੱਖਣ।

- ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top