Main News Page

ਬਾਬਿਆਂ ਦੀਆਂ ਸਾਖੀਆਂ(ਬਾਬਿਆਂ ਦੇ ਕਾਰਨਾਮੇ) ਅਤੇ ਜਾਗਰੂਕ ਸਿੱਖਾਂ ਦੇ ਸੰਕੇ # 9

ਬਾਬਾ ਅਜੈਪਾਲ ਸਿੰਘ ਬਨਾਮ ਗੁਰੂ ਗੋਬਿੰਦ ਸਿੰਘ ਜੀ

ਨਾਮਧਾਰੀ ਜਾਂ ਕੂਕਿਆਂ ਦਾ ਵਿਸ਼ਵਾਸ਼ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੀ ਦਿੱਤੀ ਗਈ ਸਗੋਂ ਨਾਨਕ ਜੋਤ ਦਸ਼ਮੇਸ਼ ਪਿਤਾ ਜੀ ਤੋਂ ਬਾਅਦ ਬਾਲਕ ਸਿੰਘ ਤੇ ਫਿਰ ਬਾਬਾ ਰਾਮ ਸਿਮਘ ਚੋਂ ਚੱਲਦੀ ਹੋਈ ਇਨ੍ਹਾਂ ਦੇ ਪੰਦ੍ਹਰਵੇਂ ਸਤਿਗੁਰੂ ਜਗਜੀਤ ਸਿੰਘ ਵਿੱਚ ਸਮਾ ਚੁੱਕੀ ਹੈ।ਜਿਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਪਦਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਦੇੜ ਹਜ਼ੂਰ ਸਾਹਿਬ ਵਿਖੇ ਦਿੱਤੀ ਅਤੇ ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦਾ ਗੁਰੂ ਸਾਹਿਬ ਵਲੋਂ ਹੁਕਮ ਹੋਇਆ ਉਸ ਦਿਨ ਤੋਂ ਬਾਅਦ ਸੱਭ ਤੋਂ ਪਹਿਲੀ ਚਿਣਾਉਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂਸ਼ਿਪ ਇਨ੍ਹਾਂ ਨਾਮਧਾਰੀ ਕੂਕਿਆਂ ਵਲੋਂ ਹੀ ਦਿੱਤੀ ਗਈ ਜਿਹੜੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਂਨਦੇ।ਨਾਮਧਾਰੀ ਖਾਲਸੇ ਦਾ ਨਿਸ਼ਾਨ ਸਾਹਿਬ ਵੀ ਆਪਣੇ ਅਸਥਾਨਾ ਤੇ ਨਹੀਂ ਲਾਉਂਦੇ ਬਲਕਿ ਚਿੱਟੀ ਝੰਡੀ ਆਪਣੇ ਡੇਰਿਆਂ ਤੇ ਲਾਉਂਦੇ ਹਨ।ਨਾਮਧਾਰੀ ਸ਼ਬਦ ਗੁਰੂ ਦਾ ਪ੍ਰਕਾਸ਼ ਕਰਨ ਦੀ ਬਿਜਾਏ ਗੁਰੂ ਸਾਹਿਬ ਜੀ ਨੂੰ ਅਲਮਾਰੀ ਵਿੱਚ ਰੱਖਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਚਿਤਰ ਨਾਟਕ (ਹੁਣ ਦਾ ਦਸਮ ਗ੍ਰੰਥ ) ਨੂੰ ਇੱਕੋ ਜਿਹਾ ਹੀ ਸਤਿਕਾਰ ਦਿੰਦੇ ਹਨ ਅਤੇ ਇਹ ਦੇਹਧਾਰੀ ਗੁਰੂ ਨੂੰ ਮੱਥਾ ਟੇਕਦੇ ਹਨ।ਪੰਜਾਬ ਵਿੱਚ ਆਮ ਕਰਕੇ ਕਿਹਾ ਜਾਂਦਾ ਹੈ ਕਿ ਸਾਢੇ 12 ਹਜ਼ਾਰ ਪਿੰਡਾਂ ਵਿੱਚ 16,000 ਡੇਰੇਦਾਰਸਾਧ ਬਾਬੇ ਪੰਜਾਬ ਵਿੱਚ ਵਿਚਰ ਰਹੇ ਹਨ।ਕਰਤਾਰ ਪੁਰ ਵਾਲੇ ਡੇਰੇ ਤੋਂ ਬਾਅਦ ਇਨ੍ਹਾਂ ਦੇ ਡੇਰੇ ਪੰਜਾਬ ਵਿੱਚ ਸੱਭ ਤੋਂ ਪੁਰਾਣੇ ਡੇਰੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨ ਕੇ ਨਾਮਧਾਰੀ ਫਿਰਕੇ ਨੇ ਸਿੱਖ ਧਰਮ ਨੂੰ ਸਿੱਧੀ ਚਿਣਾਉਤੀ ਦੇ ਰੱਖੀ ਹੈ ।

ਨਾਮਧਾਰੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਧਰਮ ਵਿੱਚ ਅੱਗੇ ਦੇਹਧਾਰੀ ਗੁਰਗੱਦੀ ਖਤਮ ਕਰਕੇ ਸ਼ਬਦ ਗੁਰੂ ਨੂੰ ਗੁਰੂ ਮੰਨਣ ਦਾ ਹੁਕਮ ਨਹੀਂ ਮੰਨਿਆਂ ਸਗੋਂ ਦੇਹਧਾਰੀ ਗੱਦੀ ਚਲਾ ਰੱਖੀ ਹੈ।ਨਾਮਧਾਰੀਆਂ ਨੇ ਆਪਣੇ ਧਾਰਮਿਕ ਆਗੂ ਬਾਬਾ ਰਾਮ ਸਿੰਘ ਦੀ ਇੱਛਾ ਦੇ ਉਲਟ ਉਨ੍ਹਾਂ ਨੂੰ ਗੁਰੂ ਥਾਪ ਕੇ ਅੱਗੇ ਆਪਣੀ ਵੱਖਰੀ ਦੁਕਾਨ ਚਲਾ ਰੱਖੀ ਹੈ।ਬਾਬਾ ਜੀ ਦੀਆਂ ਜੇਲ੍ਹ ਵਿੱਚੋਂ ਲਿਖੀਆਂ ਚਿੱਠੀਆਂ ਕਿ ਉਨ੍ਹਾਂ ਨੂੰ ਗੁਰੂ ਨਾ ਮੰਨਿਆ ਜਾਵੇ, ਵੀ ਅਲੋਪ ਕਰ ਦਿੱਤੀਆਂ ਗਈਆਂ ਹਨ ਅਤੇ ਬਾਬਾ ਰਾਮ ਸਿੰਘ ਦੇ ਅੱਗੇ ਉਤਰਾਅਧਿਕਾਰੀ ਬਣਾ ਕੇ ਗੁਰੂਘਰ ਨੂੰ ਸਿੱਧਾ ਚੈਲਿੰਜ ਕੀਤਾ ਹੈ। ਪੰਜਾਬ ਵਿੱਚ ਵਿਚਰ ਰਹੇ 16,000 ਡੇਰਿਆਂ ਵਿੱਚੋਂ ਜੇਕਰ ਕਿਸੇ ਵੀ ਫਿਰਕੇ ਨੇ ਸਿੱਖ ਧਰਮ ਨੂੰ ਸਿੱਧੀ ਚਿਣਾਉਤੀ ਦੇ ਰੱਖੀ ਹੈ ਤਾਂ ਉਹ ਨਾਮਧਾਰੀ ਜਾਂ ਕੂਕਾ ਫਿਰਕਾ ਹੈ ਜਿਸ ਨੂੰ ਵਧਣ ਫੁਲਣ ਲਈ ਪੰਜਾਬ ਵਿੱਚ ਕਾਂਗਰਸ ਲੀਡਰਸ਼ਿਪ ਅਤੇ ਮਹੰਤ ਬਾਦਲ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਹਨ।ਕੁਝ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਲਾਹਾ ਲੈਣ ਲਈ ਇੱਕ ਕੂਕਾ ਆਗੂ ਹੰਸਪਾਲ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਵਾ ਲਿਆ ਸੀ ਅਤੇ ਉਸ ਤੋਂ ਅਗਲੀ ਪਾਰੀ ਲਾਉਂਦਿਆਂ ਬਾਦਲ ਸਾਹਿਬ ਨੇ ਭੈਣੀ ਪਹੁੰਚ ਕੇ ਨਾਮਧਾਰੀ ਆਗੂ ਤੇ ਖਾਸ ਕ੍ਰਿਪਾ ਦ੍ਰਿਸ਼ਟੀ ਰੱਖੀ ਹੋਈ ਹੈ।ਧਰਮ ਨਿਰਪੱਖਤਾ ਦਾ ਬੁਰਕਾ ਪਾ ਕੇ ਕਾਂਗਰਸ ਪਾਰਟੀ ਲੀਡਰ ਗੁੱਝੇ ਢੰਗ ਨਾਲ ਇਨ੍ਹਾਂ ਡੇਰਿਆਂ ਦੀ ਪੁਸ਼ਤਪਨਾਹੀ ਕਰਦੇ ਹਨ ਜਦ ਕਿ ਪੰਥ ਦੇ ਨਾ ਤੇ ਵੋਟਾਂ ਲੈ ਕੇ ਪੰਜਾਬ ਵਿੱਚ ਚੌਥੀ ਵਾਰ ਮੁੱਖਮੰਤਰੀ ਬਣਿਆਂ ਮਹੰਤ ਖੁੱਲੇਆਮ ਹੀ ਸਿੱਖੀ ਵਿਰੋਧੀ ਡੇਰਿਆਂ ਤੇ ਜਾ ਹਾਜ਼ਰੀ ਭਰਦਾ ਹੈ।

ਭਾਵੇਂ ਪੰਜਾਬ ਵਿੱਚ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਸਿਆਸੀ ਲਾਹਾ ਲੈਣ ਖਾਤਰ ਡੇਰੇਦਾਰਾਂ ਨਾਲ ਸਬੰਧ ਬਣਾ ਰੱਖੇ ਹਨ ਪਰ ਮਹੰਤ ਬਾਦਲ ਦਾ ਇਸ ਖੇਤਰ ਵਿੱਚ ਕੋਈ ਮੁਕਾਬਲਾਨਹੀਂ ਕਰ ਸਕਦਾ।ਪੰਜਾਬ ਵਿੱਚ ਵੋਟਾਂ ਦੀ ਖਾਤਰ ਬਾਦਲ ਹੀ ਗੁਰੂਡੰਮ ਨੂੰ ਬੜਾਵਾ ਦੇ ਰਿਹਾ ਹੈ।ਫਰਵਰੀ 2007 ਦੀਆਂ ਵੋਟਾਂ ਤੋਂ ਪਹਿਲਾਂ ਕੀਤੇ ਹੋਏ ਵਾਹਦੇ ਮੁਤਾਬਿਕ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲਾਮਲਸ਼ਕਰ ਨਾਲ ਜਾ ਕੇ ਨਾਮਧਾਰੀ ਡੇਰੇ ਤੇ ਹਾਜ਼ਰੀ ਭਰੀ।ਇਥੇ ਹਾਜ਼ਰੀ ਭਰਦਿਆਂ ਮਹੰਤ ਬਾਦਲ ਨੇ ਇਸ ਡੇਰੇ ਨੂੰ ਪੰਜਾਬ ਭਰ ਵਿੱਚ ਫੈਲਾਉਣ ਦਾ ਵਾਹਦਾ ਕਰਦਿਆਂ ਇਸ ਸਿੱਖੀ ਵਿਰੋਧੀ ਫਿਰਕੇ ਦੇ ਮੁੱਖ ਦਫਤਰ ਤੇ ਆਪਣੀ ਸਰਕਾਰ ਬਨਣ ਤੋਂ ਤਿੰਨ ਕੁ ਹਫਤੇ ਬਾਅਦ ਆ ਕੇ 50 ਲੱਖ ਰੱਖ ਕੇ ਇਸ ਸਿੱਖੀ ਵਿਰੋਧੀ ਡੇਰੇ ਦੇ ਮੁਖੀ ਜਗਜੀਤ ਸਿੰਘ ਦੇ ਅੱਗੇ ਆ ਮੱਥਾ ਟੇਕਿਆ।24 ਮਾਰਚ 2007 ਨੂੰ ਇਥੇ ਆਏ ਬਾਦਲ ਮਹੰਤ ਨੇ ਕਿਹਾ ਸੀ ਕਿ ਇਹ ਰਕਮ ਮਲੇਰਕੋਟਲਾ ਵਿਖੇ ਕੂਕਾ ਯਾਦਗਾਰ ਦੇ ਕੰਮ ਨੂੰ ਪੂਰਾ ਕਰਨ ਲਈ ਦਿੱਤਾ ਗਈ ਹੈ ।ਬਾਦਲ ਨੇ ਇਹ ਵੀ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੀ ਹੈ ਇਸ ਫਿਰਕੇ ਨੂੰ ਪੰਜਾਬ ਭਰ ਵਿੱਚ ਫੈਲਾਉਣ ਲਈ ਮਹੰਤ ਬਾਦਲ ਨੇ ਇਹ ਵੀ ਐਲਾਨ ਕੀਤਾ ਸੀ ਕਿ ਭੈਣੀ ਵਿਖੇ ਨਾਮਧਾਰੀ ਹੈਡਕੁਆਰਟਰ ਨੂੰ ਮੁੜ ਸਥਾਪਤ ਕਰਨ ਲਈ ਪੰਜਾਬ ਸਰਕਾਰ ਲੋੜੀਂਦੇ ਫੰਡ ਵੀ ਮੁਹੱਈਆ ਕਰਾਵੇਗੀ।ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਆਪਣੀ ਇੱਛਾ ਮੁਤਾਬਿਕ ਇਨ੍ਹਾਂ ਫੰਡਾਂ ਨੂੰ ਵਰਤ ਸਕਣਗੇ। ਸ. ਬਾਦਲ ਨੇ ਇਹ ਵੀ ਕਿਹਾ ਕਿ ਨਾਮਧਾਰੀ ਹੈਡਕੁਆਰਟਰ ਭੈਣੀ ਨੂੰ ਪੰਜਾਬ ਦੇ ਵੱਡੇ ਸ਼ਹਿਰਾਂ ਨਾਲ ਸੜਕਾਂ ਰਾਹੀਂ ਛੇਤੀ ਜੋੜ ਦਿੱਤਾਜਾਵੇਗਾ।

ਸਿੱਖ ਵਿਰੋਧੀ ਡੇਰਿਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਇਥੇ 24 ਮਾਰਚ 2007 ਨੂੰ ਬਾਦਲ ਮਹੰਤ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਬੇਨਤੀ (ਉਨ੍ਹਾਂ ਦੀ ਬੇਨਤੀ ਵੀ ਡੰਡੇ ਨਾਲ ਹੀ ਹੁੰਦੀ ਹੈ) ਕਰਦੇ ਹਨ ਕਿ ਉਹ ਸਤਗੁਰਰਾਮ ਸਿੰਘ ਲਈ ਯੂਨੀਵਰਸਿਟੀ ਵਿੱਚ ਕੁਰਸੀ ਸਥਾਪਤ ਕਰਨ, ਜਿਸ ਦਾ ਸਾਰਾ ਖਰਚ ਪੰਜਾਬ ਸਰਕਾਰ ਦੇਵੇਗੀ।ਇਸ ਤੋਂਇਲਾਵਾ ਮਹੰਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਕੁਝ ਮਹੀਨਿਆਂ ਵਿੱਚ ਰਾਏਕੋਟ ਅਤੇ ਅੰਮ੍ਰਿਤਸਰ ਵਿੱਚ ਹੋਰ ਨਾਮਧਾਰੀ ਸੈਂਟਰ ਸਥਾਪਤ ਕਰੇਗੀ।ਇਹ ਪਹਿਲੀ ਵਾਰ ਹੈ ਕਿ ਪੰਥਕ ਸਰਕਾਰ ਗੁਰੂਡੰਮ ਨੂੰ ਫੈਲਾਉਣ ਲਈ ਖੁੱਲੇਆਮ ਸਰਕਾਰੀ ਸਰਪਰਸਤੀ ਵੀ ਕਰ ਰਹੀ ਹੈ ਜਦ ਕਿ ਇਸ ਤੋਂ ਪਹਿਲਾਂ ਨਾਮਧਾਰੀਆਂ ਦੇ ਸਿੱਖੀ ਵਿਰੋਧੀ ਕਰਮ ਕਾਂਡ ਕਰਨ ਵਾਲੇ ਅਤੇ ਦੇਹਧਾਰੀ ਗੁਰੂ ਦੀ ਪਦਵੀ ਨੂੰ ਜਾਰੀ ਰੱਖਣ ਕਾਰਨ ਲਗਾਤਾਰ ਬਾਈਕਾਟ ਕੀਤਾ ਜਾਂਦਾ ਰਿਹਾ ਸੀ।ਪਰ ਮਹੰਤ ਬਾਦਲ ਵਲੋਂ 1978 ਦੇ ਨਿਰੰਕਾਰੀਆਂ ਨੂੰ ਸਰਪਰਸਤੀ ਦੇਣ ਵਾਂਗ ਇਥੇ ਹੁਣ ਨਾਮਧਾਰੀਆਂ ਦੇ ਡੇਰੇ ਨੂੰ ਅਸ਼ੀਰਵਾਦ ਦੇ ਰਿਹਾ ਹੈ।ਬਾਦਲ ਮਹੰਤ ਤੇ ਪੰਥਕ ਜਥੇਬੰਦੀਆਂ ਲਗਾਤਾਰ ਦੋਸ਼ ਲਾ ਰਹੀਆਂ ਹਨਕਿ ਸ਼੍ਰੋਮਣੀ ਕਮੇਟੀ ਦੀ ਗੋਲਕ ਦਾ ਪੈਸਾ ਬੜੇ ਚਿਰ ਤੋਂ ਹੀ ਆਪਣੀ ਸਿਆਸਤ ਵਾਸਤੇ ਵਰਤਦੇ ਆ ਰਹੇ ਹਨ।1999 ਨੂੰ ਕੇਂਦਰ ਸਰਕਾਰ ਵਲੋਂ ਮਿਲੀ ਰਕਮ ਨੂੰ ਵੀ ਬਾਦਲ ਨੇ ਸਿੱਖ ਧਰਮ ਲਈ ਵਰਤਣ ਦੀ ਬਿਜਾਏ ਸਿੱਖ ਵਿਰੋਧੀ ਕੰਮਾਂ ਤੇ ਹੀ ਵਰਤਿਆ ਸੀ।

ਇਥੇ ਇਹ ਜ਼ਿਕਰਯੋਗ ਹੈ ਕਿ ਨਾਮਧਾਰੀ ਜਗਜੀਤ ਸਿੰਘ ਅਤੇ ਉਸ ਤੋਂ ਪਹਿਲਾਂ ਬਣੇ ਸਾਰਿਆਂ ਗੁਰੂਬਾਬਿਆਂ ਦਾ ਖਾਲਸਾ ਪੰਥ ਵਲੋਂ ਬਾਈਕਾਟ ਕੀਤਾ ਜਾਂਦਾ ਰਿਹਾ ਹੈ।ਇਹ ਪਹਿਲੀ ਵਾਰ ਇਤਿਹਾਸ ਵਿੱਚ ਵਾਪਰਿਆ ਕਿ ਮਹੰਤ ਬਾਦਲ ਨੇ ਦੇਹਧਾਰੀ ਨਾਮਧਾਰੀ ਗੁਰੂ ਨੂੰ ਜਗਜੀਤ ਸਿੰਘ ਨੁੰ 1999 ਦੀਆਂ ਤ੍ਰੈਸ਼ਤਾਬਦੀ ਖਾਲਸਾ ਸਾਜਨ ਦਿਵਸ ਵਿੱਚ ਹਿਸਾ ਲੈਣ ਲਈ ਸੱਦਾ ਭੇਜ ਕੇ ਆਦਰ ਸਾਹਿਤ ਮੰਚ ਤੇ ਬਿਠਾਇਆ।ਇਨ੍ਹਾਂ ਸਿੱਖ ਵਿਰੋਧੀ ਗਤੀ ਵਿਧੀਆਂ ਦਾ ਵਿਰੋਧ ਕਾਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਮਹੰਤ ਨੇ ਆਪਣੀ ਸਰਕਾਰੀ ਤਾਕਤ ਵਰਦਿਆਂ ਗੁਰਦੁਆਰਾ ਕਨੂੰਨ ਦੀ ਬਾਂਹ ਮਰੋੜ ਕੇ ਜਥੇਦਾਰੀ ਤੋਂ ਲਾਹ ਦਿੱਤਾ ਸੀ ਅਤੇ ਉਸ ਦੀ ਥਾਂ ਤੇ ਉਸ ਵਿਅਕਤੀ (ਜਥੇਦਾਰ ਵੈਦਾਂਤੀ) ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਗਾ ਦਿੱਤਾ ਜਿਸ ਨੇ 1929 ਵਿੱਚ ਸ਼੍ਰੋਮਣੀ ਕਮੇਟੀ ਅਤੇ ਟਕਸਾਲੀ ਅਕਾਲੀਆਂ ਵਲੋਂ ਪਾਬੰਦੀ ਲੱਗ ਚੁੱਕੀ ਕਿਤਾਬਨੂੰ 90 ਵਿਆਂ ਵਿੱਚ ਦੋਬਾਰਾ ਲਿਖਕੇ ਇਸ ਸਿੱਖ ਵਿਰੋਧੀ ਬਰਾਹਣਵਾਦੀ ਕਿਤਾਬਨੂੰ ਸ਼੍ਰਮੋਣੀ ਕਮੇਟੀ ਦੇ ਗੋਲਕ ਦੇ ਪੈਸਿਆਂ ਨਾਲ ਛਪਵਾ ਲਿਆ ਸੀ ਪਰ ਇਸ ਸਿੱਖ ਵਿਰੋਧੀ ਕਿਤਾਬ ਨੂੰ ਵੀ ਦੋਬਾਰਾ ਜਬਤ ਕਰਨਾ ਪਿਆ ਪਰ ਵੈਦਾਂਤੀ ਫਿਰ ਵੀ ਜਥੇਦਾਰੀ ਤੇ ਹੀ ਟਿਕਿਆ ਰਿਹਾ।

ਬਾਦਲ ਵਲੋਂ ਵੋਟਾਂ ਦੀ ਖਾਤਰ ਡੇਰੇਦਾਰਾਂਨੂੰ ਖੁਸ਼ ਕਰਨ ਲਈ ਸਿੱਖ ਵਿਰੋਧੀ ਕਾਰਵਾਈਆਂ ਨਿੰਦਣਯੋਗ ਹਨ ਜਿਵੇਂ ਕਿ ਸੌਦਾ ਸਾਧ ਦੇ ਕੇਸ ਵਿੱਚ ਬਾਦਲ ਕੀਤਾ ਹੈ ਅਤੇ ਜਥੇਦਾਰਾਂ ਨੇ ਵੀ ਬਾਦਲ ਦੀ ਸ਼ਕਤੀ ਤੋਂ ਡਰਦਿਆਂ ਯੂ ਟਰਨ ਮਾਰੀ ਹੈ ਇਹ ਸਿੱਖ ਧਰਮ ਵਾਸਤੇ ਸ਼ੁੱਭ ਸਗਨ ਨਹੀਂ ਲੱਗ ਰਹੇ।ਇੰਜ ਕਰਦਿਆਂ ਬਾਦਲ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਕਰਦਿਆਂ ਆਪਣੇ ਆਕਿਆਂ ਆਰ.ਐਸ.ਐਸ.ਨੂੰ ਵੀ ਖੁਸ਼ ਕਰ ਰਿਹਾ ਹੈ ਜਿਨ੍ਹਾਂ ਨੂੰ ਖੁਸ਼ ਕਰਨ ਲਈ ਉਹ ਧਰਮ ਨੂੰ ਸਿਆਸਤ ਤੋਂ ਸੌ ਵਾਰ ਵੀ ਵਾਰ ਸਕਦਾ ਹੈ।

ਦੋ ਸਾਲ ਪਹਿਲਾਂ ਹੀ ਸਿੱਖ ਪੰਥ ਵਲੋਂ ਖਾਲਸੇ ਦੇ ਜਨਮ ਦੀ ਤੀਜੀ ਸ਼ਤਾਬਦੀ ਦੁਨੀਆਂ ਭਰ ਵਿੱਚ ਮਨਾਈ ਗਈ।ਵੱਡੇ ਨਗਰ ਕੀਰਤਨ ਕੱਢੇ ਗਏ ਅਤੇ ਜੋਰ ਸ਼ੋਰ ਨਾਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਨਾਹਰੇ ਅਤੇ ਜੈਕਾਰੇ ਲਗਾਏ ਗਏ।ਪਰ ਕੀ ਪੰਜਾਬ ਵਿੱਚ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਕੋਈ ਪਰਾਪਤੀ ਕੀਤੀ ਗਈ।ਪੰਜਾਬ ਵਿੱਚ ਡੇਰੇਦਾਰਦੇ ਸ਼ਕਤੀਸ਼ਾਲੀ ਹੋਣ,ਨੌਜਵਾਨਾ ਦੇ ਸਿੱਖਾਂ ਤੋਂ ਪੱਗਾਂ ਅਤੇ ਚੁੰਨੀਆਂ ਜੋ ਕਿ ਲਗਾਤਾਰ ਅਲੋਪ ਹੋ ਰਹੀਆਂ ਹਨ ਇਹ ਜ਼ਾਹਰ ਕਰਦੀਆਂ ਹਨ ਕਿ ਇਹ ਸ਼ਤਾਬਦੀਆਂ ਸਿੱਖਾਂ ਵਾਸਤੇ ਰਸਮੀ ਵਿਖਾਵੇ ਤੋਂ ਵੱਧ ਕੁਝ ਨਹੀਂ ਹਨ।ਇਹ ਨਾਹਰਾ ਤਿੰਨ ਸੌ ਸਾਲ ਗੁਰੂ ਦੇ ਨਾਲ ਸਾਡੇ ਧੁਰ ਅੰਦਰ ਤੱਕ ਨਹੀਂ ਜਾ ਸਕਿਆ ਬਲਕਿ ਬੋਲਣ ਤੇ ਸੁਨਣ ਤੱਕ ਹੀ ਸੀਮਤ ਹੈ ਨਹੀਂ ਤਾਂ ਬਾਬਾ ਬੰਦਾ ਸਿੰਘ (ਬਾਬਾ ਗੁਰਬਖਸ਼ ਸਿੰਘ) ਕੁਝ ਦਿਨ ਹੀ ਗੁਰੂ ਨਾਲ ਬਿਤਾ ਕੇ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਕਰਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਵੀ ਚਲਾ ਗਿਆ ਤੇ ਅਸੀਂ 302 ਸਾਲ ਗੁਰੂ ਨਾਲ ਰਹਿ ਕੇ ਅਜੇ ਕਿੱਥੇ ਖੜ੍ਹੇ ਹਾਂ ?

ਪੱਛਮੀ ਦੇਸ਼ਾਂ ਵਿੱਚ ਗੋਰੇ ਸਿੱਖ ਸਜ ਕੇ 20- 30 ਸਾਲ ਗੁਰੂ ਨਾਲ ਰਹਿ ਕੇ ਵੀ ਬਹੁਤ ਸਾਰੇ ਸਿੱਖਾਂ ਨਾਲੋਂ ਜਿਆਦਾ ਜਾਗਰੂਕ ਲੱਗਦੇ ਹਨ ਜਦ ਉਹ ਨਾਮਧਾਰੀ ਡੇਰੇਦਾਰਨੂੰ ਸਿੱਖੀ ਦਾ ਸੱਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ।ਉਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਇਹ ਨਾਮਧਾਰੀ ਫਿਰਕਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਨਾ ਮੰਨ ਕੇ ਅੱਗੇ ਗੁਰੂ ਪਦਵੀ ਚਲਾ ਕੇ ਸਿੱਖ ਧਰਮ ਨੂੰ ਚਿਣਾਉਤੀ ਦੇ ਰਿਹਾ ਹੈ।ਸੰਸਾਰ ਦੀ ਦੂਜੀ ਜੰਗ ਸਮੇਂ ਜਰਮਨੀ ਦਾਡਿਕਟੇਟਰ ਹਿਟਲਰ ਇੰਗਲੈਂਡ ਦੇ ਪਰਧਾਨ ਮੰਤਰੀ ਨੂੰ ਬੈਡਵੈਟਰ (ਬਿਸਤਰਾ ਗਿੱਲਾ ਕਰਨ ਵਾਲਾ) ਕਿਹਾ ਕਰਦਾ ਸੀ ਠੀਕ ਉਸੇ ਹੀ ਤਰ੍ਹਾਂ ਇਹ ਗੋਰੇ ਸਿੱਖ ਨਾਮਧਾਰੀ ਰਾਮ ਸਿੰਘ ਨੂੰ ਬੈਡਵੈਟਰ ਆਖਦੇ ਹਨ ਕਿਉਂਕਿ ਨੌਨਿਹਾਲ ਸਿੰਘ ਦੀ ਫੋਜ਼ ਵਿੱਚ ਸਿਪਾਹੀ ਰਾਮ ਸਿੰਘ ਜਦ ਇਨ੍ਹਾਂ ਦੀ ਪਲਟਨ ਲੜਾਈ ਲਈ ਜਾ ਰਹੀ ਸੀ ਤਾਂ ਦਰਿਆ ਅਟਕ ਦੇ ਨੇੜੇ ਆਪਣੇ 25 ਸਾਥੀਆਂ ਨਾਲ ਇਨ੍ਹਾਂ ਦਾ ਇਹ ਬਾਬਾ ਲੜਾਈ ਦੇ ਮੈਦਾਨ ਚ ਪਹੁੰਚਣ ਤੋਂ ਪਹਿਲਾਂ ਹੀ ਭਗੌੜਾ ਹੋ ਗਿਆ ਸੀ ਇਸ ਲਈ ਗੋਰੇ ਸਿੱਖ ਇਨ੍ਹਾਂ ਦੇ ਆਗੂ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ ਬੈਡਵੈਟਰ ਕਹਿੰਦੇ ਹਨ।ਇਨ੍ਹਾਂ ਸਿੱਖਾਂ ਨੇ ਗੁਰਦੁਆਰਿਆਂ ਵਿੱਚੋ ਮੂਰਤੀਆਂ ਹਟਾਉਣ ਅਤੇ ਕਰਮਕਾਂਡ ਬੰਦ ਕਰਾਉਣ ਲਈ ਵੀ ਇੱਕ ਲਹਿਰ ਚਲਾ ਰੱਖੀ ਹੈ।

ਆਉ ਆਪਾਂ ਵੀ ਨਾਮਧਾਰੀਆਂ ਦੇ ਪਿਛੋਕੜ ਤੇ ਜਰਾ ਧਿਆਨ ਮਾਰੀਏ!ਨਾਮਧਾਰੀ ਫਿਰਕੇ ਦੇ ਮੈਂਬਰ ਇਹ ਯਕੀਨ ਕਰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 146 ਸਾਲ ਸੀ।ਇਹ ਫਿਰਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਅਲਮਾਰੀ ਵਿੱਚ ਹੀ ਰੱਖਦੇ ਹਨ ਅਤੇ ਦੇਹਧਾਰੀ ਬਾਬਾ ਜੀ ਨੂੰ ਮੱਥਾ ਟੇਕਿਆ ਜਾਂਦਾ ਹੈ।ਇਹ ਫਿਰਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਚਿੱਤਰ ਨਾਟਕ (ਦਸ਼ਮ ਗ੍ਰੰਥ )ਨੂੰ ਇੱਕੋ ਜਿਹਾ ਸਤਿਕਾਰ ਦਿੰਦੇ ਹਨ।ਨਾਮਧਾਰੀ ਫਿਰਕੇ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਨਹੀਂ ਸੀ ਬਖਸ਼ੀ ਅਤੇ ਨਾ ਹੀ ਇਹ ਮੰਨਦੇ ਸਨ ਕਿ ਗੁਰੂ ਸਾਹਿਬ 1708 ਵਿੱਚ ਅਕਾਲ ਪਇਆਨਾ ਕਰ ਗਏ ਸਨ।

ਦੇਖੋ ਖਾਲਸਾ ਜੀ ਇਹ ਸ੍ਰੀ ਗੁਰੂ ਗੋਬਿੰਦ ਸਿਮਘ ਜੀ ਬਾਰੇ ਕਿੰਨੀ ਘਟੀਆ ਸੋਚ ਰੱਖਦਿਆਂ ਇਹ ਕਹਿੰਦੇ ਹਨ ਗੁਰੂ ਸਾਹਿਬ ਜੀ ਪਟਿਆਲੇ ਦੇ ਨੇੜੇ ਅਜੇਪਾਲ ਸਿੰਘ ਦੇ ਨਾਮ ਤੇ ਰਹਿੰਦੇ ਰਹੇ ਸਨ ਅਤੇ ਇਨ੍ਹਾਂ ਦੇ ਮੁਤਾਬਿਕ ਗੁਰੂ ਸਾਹਿਬ ਜੀ 1812 ਵਿੱਚ ਚੜਾਈ ਕਰ ਗਏ ਸਨ ਅਤੇ ਉਹ ਸਿੱਖ ਪੰਥ ਦਾ ਅਗਲਾ ਗੁਰੂ ਬਾਲਕ ਸਿੰਘ ਨੂੰ ਥਾਪ ਗਏ ਸਨ ਜਿਨ੍ਹਾਂ ਤੋਂ 1812 ਵਿੱਚ ਇਨ੍ਹਾਂ ਨਾਮਧਾਰੀ ਫਿਰਕੇ ਦਾ ਮੁੱਢ ਬੱਝਿਆ ਸੀ।

ਦੇਖਨ ਕੋ ਯੋ ਹੀ ਭਈ ਜਾਨਤ ਸਗਲ ਜਹਾਨ।।
ਕੀਆ ਚਰਿਤ੍ਰ ਕਰਤਾਰ ਕੋ ਨਹਿ ਕਹਿ ਸਕਤ ਬਖਾਨ।।

ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਲਿਖੇ ਉਪਰੋਕਤ ਦੋਹਰੇ ਤੋਂ ਇਨ੍ਹਾਂ ਸਿੱਖ ਵਿਰੋਧੀ ਅਤੇ ਬਰਾਹਮਣ ਵਾਦੀ ਫਿਰਕਿਆਂ ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ 1708 ਨੂੰ ਗੁਰੂ ਜੀ ਨੇ ਨਾਦੇੜ ਵਿੱਚ ਇੱਕ ਵੱਡਾ ਨਾਟਕ ਖੇਡਿਆ ਸੀ ।ਇਨ੍ਹਾਂ ਫਿਰਕਿਆਂ ਅਨੁਸਾਰ ਗੁਰੂ ਜੀ 1708 ਵਿੱਚ ਪਠਾਣਾ ਦੁਆਰਾ ਜਖਮੀ ਹੋ ਗਏ ਸਨ ਤਾਂ ਉਹ ਰਾਜੀ ਹੋ ਰਹੇ ਸਨ।ਇੱਕ ਦਿਨ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਦੋ ਸਿਪਾਹੀ ਗੁਰੂ ਜੀ ਦੀ ਸਿਹਤ ਦੀ ਖਬਰ ਲੈਣ ਲਈ ਭੇਜੇ ਸਨ।ਜਦ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਪਹੁੰਚੇ ਤਾਂ ਉਥੇ ਇੱਕ ਬਹੁਤ ਵੱਡਾ ਤੀਰ ਕਮਾਨ ਪਿਆ ਸੀ ਜਦ ਇੱਕ ਮੁਸਲਿਮ ਸਿਪਾਹੀ ਨੇ ਇਹ ਤੀਰ ਕਮਾਨ ਵੇਖ ਕੇ ਕਿਹਾ ਕਿ ਐਡਾ ਵੱਡਾ ਤੀਰ ਕਮਾਨ ਤਾਂ ਸਿਰਫ ਵਿਖਾਵੇ ਲਈ ਹੀ ਰੱਖਿਆ ਹੋਇਆ ਹੈ ,ਕੋਈ ਵੀ ਯੋਧਾ ਇਸ ਨੂੰ ਚਲਾ ਨਹੀਂ ਸਕਦਾ ਹੋਣਾ।ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਤੀਰ ਕਮਾਨ ਚੁੱਕਿਆ ਤੇ ਤੀਰ ਚਲਾਉਣ ਲੱਗੇ ਸਨ ਤਾਂ ਉਨ੍ਹਾਂ ਦਾ ਜਖਮ ਫਿਰ ਖੁੱਲ ਗਿਆ ਅਤੇ ਗੁਰੂ ਜੀ ਦੇ ਜਖਮ ਵਿੱਚੋਂ ਲਹੂ ਵਹਿ ਤੁਰਿਆ।ਗੁਰੂ ਜੀ ਨੇ ਕਿਸੇ ਤਰ੍ਹਾਂ ਦਾ ਇਲਾਜ ਕਰਾਉਣ ਤੋਂ ਮਨਾਂ ਕਰ ਦਿੱਤਾ।ਉਨ੍ਹਾਂ ਮੁਸਲਿਮ ਸਿਪਾਹੀਆਂ ਨੇ ਵੇਖਿਆ ਕਿ ਗੁਰੂ ਜੀ ਹੋਰ ਜਿੰਦਾ ਨਹੀਂ ਰਹਿਣਾ ਚਾਹੁੰਦੇ ਤੇ ਵਾਪਸ ਬਾਦਸ਼ਾਹ ਕੋਲ ਚਲੇ ਗਏ।ਉਸ ਰਾਤ ਨੂੰ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਚੰਦਨ ਦੀਆਂ ਲਕੜਾਂ ਇਕੱਠੀਆਂ ਕੀਤੀਆਂ ਜਾਣ ਅਤੇ ਚਿਖਾ ਤਿਆਰ ਕੀਤੀ ਜਾਵੇ।ਗਿਆਨੀ ਗਿਆਨ ਸਿੰਘ ( ਇਹ ਕਵੀ ਲੇਖਕ ਵੀ ਨਿਰਮਲਿਆਂ ਦੇ ਡੇਰਿਆਂ ਤੇ ਹੀ ਵੱਡਾ ਹੋਇਆ ਸੀ ਅਤੇ ਨਿਰਲਮੇ ਸਾਧ ਦਾ ਹੀ ਚੇਲਾ ਸੀ) ਅਤੇ ਨਾਮਧਾਰੀਆਂ ਅਨੁਸਾਰ ਗੁਰੂ ਜੀ ਨੇ ਇਸ਼ਨਾਨ ਕੀਤਾ,ਕੁਝ ਹਥਿਆਰ ਲਏ ,ਕੁਝ ਨਵੇਂ ਕੱਪੜੇ ਲਏ ਅਤੇ ਉਨ੍ਹਾਂ ਦਾ ਘੋੜਾ ਯਾਤਰਾ ਲਈ ਤਿਆਰ ਕੀਤਾ ਗਿਆ।ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਕੋਈ ਵੀ ਸਿੱਖ ਚਿਖਾ ਵੱਲ ਬਿਲਕੁਲ ਨਹੀਂ ਤੱਕੇਗਾ,ਨਾਲ ਇਹ ਵੀ ਹੁਕਮ ਕੀਤਾ ਕਿ ਸਾਰੇ ਸਿੱਖਾਂ ਦੀਆਂ ਕੰਡਾਂ ਚਿਖਾ ਵਾਲੇ ਪਾਸੇ ਹੋਣ।ਗੁਰੂ ਜੀ ਨੇ ਸਿੱਖਾਂ ਨੂੰ ਇਹ ਵੀ ਹੁਕਮ ਕੀਤਾ ਕਿ ਉਸ ਥਾਂ ਤੇ ਕੋਈ ਯਾਦਗਾਰ ਜਾਂ ਗੁਰਦੁਆਰਾ ਨਾ ਬਨਾਇਆ ਜਾਵੇ।ਇਸ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਵਲੋਂ ਹਜ਼ੂਰ ਸਾਹਿਬ ਵਿਖੇ ਬਨਾਇਆ ਗਿਆ ਗੁਰਦੁਆਰਾ ਇਸ ਚਿਖਾ ਵਾਲੀ ਥਾਂ ਤੋਂ ਪਾਸੇ ਹੀ ਬਣਾਇਆ ਗਿਆ ਸੀ।ਗੁਰੂ ਸਾਹਿਬ ਨੇ ਭਾਈ ਸੰਤੋਖ ਸਿੰਘ ਨੂੰ ਹੁਕਮ ਕੀਤਾ ਕਿ ਜੋ ਵੀ ਮਾਇਆ ਇਕੱਠੀ ਹੋਈ ਹੈ ਲੰਗਰ ਵਿੱਚ ਪਾ ਦਿੱਤੀ ਜਾਵੇ ਅਤੇ ਗੁਰੂ ਜੀ ਆਪਣੀ ਪਲੈਨ ਮੁਤਾਬਿਕ ਚਲਦੇ ਰਹੇ।ਅੱਗੇ ਕਿਹਾ ਗਿਆ ਹੇ ਕਿ ਗੁਰੂ ਜੀ ਫਿਰ ਘੋੜੇ ਤੇ ਸਵਾਰ ਹੋ ਕੇ ਜਾਂ ਪੈਦਲ ਚੱਲਦਿਆਂ ਚੀਖਾ ਵਿੱਚ ਗਏ ।ਕੁਝ ਦੇਰ ਬਾਅਦ ਅੱਗ ਬਲ ਰਹੀ ਸੀ ਪਰ ਕੋਈ ਵੀ ਸਿੱਖ ਕੁਝ ਨਹੀਂ ਦੇਖ ਸਕਿਆ ਕਿ ਉਥੇ ਕੀ ਹੋਇਆ ਹੈ।ਇਹ ਸਾਰਾ ਕੁਝ ਰਾਤੋ ਰਾਤ ਹੀ ਵਾਪਰਿਆ।ਜਦ ਸਾਰੀ ਚਿਖਾ ਸੜ ਚੁੱਕੀ ਸੀ ਤਾਂ ਸਿੱਖ ਵੇਖਣ ਲਈ ਉਥੇ ਪਹੁੰਚੇ।ਸਿੱਖਾਂ ਨੂੰ ਉਥੋਂ ਕੋਈ ਵੀ ਹੱਡੀਆਂ,ਗੁਰੂ ਜੀ ਦੇ ਹਥਿਆਰ ਜਾਂ ਗੁਰੂ ਜੀ ਦੇ ਤੀਰਾਂ ਵਿੱਚ ਲੱਗੇ ਸੋਨੇ ਦੇ ਸਿੱਕੇ ਨਹੀਂ ਮਿਲ ਸਕੇ।ਸਿੱਖਾਂ ਨੇ ਇਹ ਵੀ ਵੇਖਿਆ ਕਿ ਗੁਰੂ ਸਾਹਿਬ ਜੀ ਦਾ ਘੋੜਾ,ਕੁੱਤੇ ਅਤੇ ਬਾਜ਼ ਵੀ ਤਬੇਲੇ ਚੋਂ ਗਾਇਬ ਸਨ।ਸਿੱਖਾਂ ਨੂੰ ਸੁਖ ਦਾ ਸਾਹ ਆਇਆ ਕਿ ਗੁਰੂ ਜੀ ਜੀਵਤ ਹੀ ਹਨ।

ਇਸ ਕਹਾਣੀ ਵਿੱਚ ਅੱਗੇ ਆਉਂਦਾ ਹੈ ਕਿ ਨਾਦੇੜ ਤੋਂ 6-7 ਮੀਲ ਦੂਰ ਗੁਰੂ ਸਾਹਿਬ ਜੀ ਰਤਨ ਗੜ੍ਹ ਦੇ ਅਸਥਾਨ ਤੇ ਇੱਕ ਸਾਧੂ ਨੂੰ ਦਰਸ਼ਨ ਦਿੱਤੇ ਉਸ ਨੂੰ ਹੁਕਮ ਕੀਤਾ ਕਿ ਸਿੱਖਾਂ ਨੂੰ ਯਕੀਨ ਦੁਆਇਆ ਜਾਵੇ ਕਿ ਗੁਰੂ ਜੀ ਖਾਲਸੇ ਦੀ ਸਹਾਇਤਾ ਕਰਦੇ ਰਹਿਣਗੇ।ਉਸ ਜਗ੍ਹਾ ਤੇ ਵੀ ਗੁਰਦੁਆਰਾ ਬਣਿਆ ਹੋਇਆ ਹੈ।ਇਸ ਤੋਂ ਕੁਝ ਮਹੀਨੇ ਬਾਅਦ ਗੁਰੂ ਜੀ ਨੇ ਸਿਤਾਰਾ ਦੇ ਕਿਲੇ ਵਿੱਚੋਂ ਦੋ ਰਾਜਪੂਤ ਰਾਜਿਆਂ ਬਾਲਾ ਰਾਉ ਅਤੇ ਰੁਸਤਮ ਰਾਉ ਨੂੰ ਛੁਡਵਾ ਕੇ ਬਾਹਰ ਲਿਆਂਦਾ ਸੀ (ਫੋਟੋ ਥੱਲੇ ਦਿੱਤੀ ਹੈ)।ਜਿੱਥੇ ਰਾਜਪੂਤ ਰਾਜਿਆਂ ਨੂੰ ਗੁਰੂ ਜੀ ਨੇ ਅਜ਼ਾਦ ਕੀਤਾ ਸੀ, ਉਥੇ ਵੀ ਗੁਰਦੁਆਰਾ ਬਣਿਆਂ ਹੋਇਆ ਹੈ।ਇਨ੍ਹਾਂ ਦੀਆਂ ਲਿਖਤਾਂ ਮੁਤਾਬਿਕ ਗੁਰੂ ਜੀ ਬਹੁਤ ਸਾਰੇ ਸਿੱਖਾਂ ਨੂੰ ਸਮੇ ਸਮੇ ਤੇ ਉਧਾਰ ਕੀਤਾ ਅਤੇ ਜਦ ਸਿੰਘ ਸਿਆਲਕੋਟ ਦੇ ਮੁਸਲਮਾਨਾਨਾਲ ਲੜੇ ਸਨ ਤਾਂ ਇਸ ਲੜਾਈ ਵਿੱਚ ਗੁਰੂ ਜੀ ਨੇ ਸਿੱਖਾਂ ਦੀ ਮਦਦ ਕੀਤੀ ਸੀ।

ਨਾਮਧਾਰੀ ਫਿਰਕੇ ਦਾ ਮੰਨਣਾ ਹੈ ਕਿ (ਬਿਕਰਮੀ 1869) 1812 ਈਸਵੀ ਨੂੰ ਵਿਸਾਖ ਸੁਦੀ 10 ਵੀਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਗੁਰਗੱਦੀ ਗੁਰੂ ਬਾਲਕ ਸਿੰਘ ਨੂੰ ਸੌਂਪ ਦਿੱਤੀ ਅਤੇ ਕਿਹਾ ਕਿ ਉਹ ਇਹ ਗੱਦੀ ਤੁਹਾਡੇਤੋਂ ਲੈ ਕੇ ਅਸੀਂ 12 ਵੇਂ ਅਵਤਾਰ ਨੂੰ ਸੌਂਪਾਂਗੇ ਜਿਨ੍ਹਾਂ ਦਾ ਨਾਮ ਰਾਮ ਸਿੰਘ ਹੋਵੇਗਾ ਅਤੇ ਉਹ ਭੈਣੀ ਪਿੰਡ ਵਿਖੇ ਤਰਖਾਣ ਦੇ ਘਰ ਜਨਮ ਲਵੇਗਾ।ਥੋੜ੍ਹੇ ਦਿਨ ਬਾਅਦ ਬਾਲਕ ਸਿੰਘ ਨਾਭਾ ਪਹੁੰਚਿਆ ਜਿੱਥੇ 1812 ਈਸਵੀ ਨੂੰ 1869 ਬਿਕਰਮੀ ਜੇਠ ਸੁਦੀ ਪੰਜਵੀਂ ਨੂੰ ਬਾਬਾ ਅਜੇਪਾਲ ਸਿੰਘ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹੀ ਗੁਰ ੂਗੋਬਿੰਦ ਸਿੰਘ ਜੀ ਹੀ ਸਨ ਅਤੇ ਅਜੇਪਾਲ ਸਿੰਘ ਬਣ ਕੇ ਇਥੇ ਰਹਿ ਰਹੇ ਸਨ।ਉਹ ਆਪਣਾ ਸਰੀਰ ਛੱਡ ਚੁੱਕੇ ਸਨ।ਉਸ ਦਿਨ ਤੋਂ ਬਾਅਦ ਗੁਰੂ ਜੀ ਨੂੰ ਕਿਤੇ ਵੀ ਨਹੀਂ ਦੇਖਿਆ ਗਿਆ।ਇਸ ਕਹਾਣੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਈ ਕਾਹਨ ਸਿੰਘ ਨਾਭਾ ਜੀ ਦੇ ਪੜਦਾਦਾ ਭਾਈ ਸਰੂਪ ਸਿੰਘ ਨੇ ਉਸ ਅਸਥਾਨ ਤੇ ਅਜੇਪਾਲ ਸਿੰਘ ਦਾ ਗੁਰਦੁਆਰਾ ਬਣਵਾਇਆ ਸੀ।ਪੂਰਨ ਗੁਰਸਿੱਖ ਭਾਈ ਸਰੂਪ ਸਿੰਘ ਵੀ ਪਹਿਲਾਂ ਨਹੀਂ ਸਨ ਮੰਨਦੇ ਪਰ ਜਦ ਬਾਬਾ ਅਜੇਪਾਲ ਸਿੰਘ ਨੇ ਉਨ੍ਹਾਂ ਨੂੰ ਆਪਣਾ ਜਖਮ ਵਿਖਾਇਆ ਜਿਹੜਾ ਉਨ੍ਹਾਂ ਨੂੰ ਨੰਦੇੜ ਵਿੱਚ ਲੱਗਿਆ ਸੀ ਤਾਂ ਭਾਈ ਸਰੂਪ ਸਿੰਘ ਨੂੰ ਪੱਕਾ ਯਕੀਨ ਆ ਗਿਆ ਕਿ ਉਹ ਬਾਬਾ ਅਜੇਪਾਲ ਸਿੰਘ ਹੋਰ ਕੋਈ ਨਹੀਂ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਹਨ।

ਇਸ ਦਾ ਹੋਰ ਸਾਬੂਤ ਪੇਸ਼ ਕਰਨ ਲਈ ਕਿ ਸ੍ਰੀ ਸਤਿਗੁਰ ਜੀ ਨਾਭੇ ਵਿਖੇ ਹੀ ਬਾਬਾ ਅਜੇਪਾਲ ਸਿੰਘ ਬਣ ਕੇ ਰਹੇ ਹਨ ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਇਤਿਹਾਸ ਦੇ ਅਣਲਿਖੇ ਪੱਤਰੇ ਵੀ ਸਿੱਖਾਂ ਵਿੱਚ ਵੰਡੇ ਗਏ ਜਿਨ੍ਹਾਂ ਉੱਤੇ ਗਿਆਨੀ ਹੀਰਾ ਸਿੰਘ ਜੀ ਦਰਦ ਦੇ ਦਸਤਖਤ ਸਨ।ਬਾਬਾ ਅਜੇਪਾਲ ਸਿੰਘ ਬਾਰੇ ਪੂਰਾ ਪੂਰਾ ਪ੍ਰਚਾਰ ਕੀਤਾ ਗਿਆ ਕਿ ਉਹ ਹੂ-ਬ-ਹੂ ਖੁਦ ਹੀ ਦਸ਼ਮੇਸ਼ ਪਿਤਾ ਜੀ ਹੀ ਸਨ।ਅੱਗੇ ਲਿਖਦੇ ਹਨ ਕਿ ਬਾਬਾ ਜੀ ਦੀ ਕਛਹਿਰਾ ਗੋਡਿਆਂ ਤੋਂ ਦੋ ਇੰਚ ਉਚਾ ਸੀ,ਉਨ੍ਹਾਂ ਦਾ ਕੁੜਤਾ ਕਛਹਿਰੇ ਤੋਂ 4 ਉਗਲਾਂ ਉਚਾ ਸੀ।ਉਨ੍ਹਾਂ ਦੇ ਸਿਰ ਤੇ ਚਿੱਟੀ ਗੁਰਸਿੱਖਾਂ ਵਾਲੀ ਦਸਤਾਰ ਸੀ,ਉਸ ਨੇ ਗਾਤਰਾ ਵੀ ਪਾਇਆ ਹੋਇਆ ਸੀ,ਉਨ੍ਹਾਂ ਦੇ ਹੱਥ ਵਿੱਚ ਸਰਬਲੋਹ ਦਾ ਤੀਰ ਜਾਂ ਕਦੇ ਕਦੇ ਗੁਲਾਲ ਹੁੰਦਾ।ਉਸ ਨੇ ਚਿੱਟਾ ਰੁਮਾਲ ਇਸ ਤਰ੍ਹਾਂ ਬੱਧਾ ਹੋਇਆ ਸੀ ਜਿਸ ਨਾਲ ਉਸ ਦਾ ਅੱਧਾ ਸਿਰ,ਮੁੱਛਾਂ ਅਤੇ ਚਿਹਰਾ ਹਰ ਸਮੇਂ ਢਕਿਆ ਰਹਿੰਦਾ ਸੀ।ਉਹ ਨਾਮ ਸਿਮਰਨ ਨਾਲ ਜੁੜਿਆ ਰਹਿੰਦਾ ਸੀ ਅਤੇ ਘੋੜਿਆਂ ਅਤੇ ਹਥਿਆਰਾਂ ਦਾ ਬੜਾ ਸ਼ੌਕੀਨ ਸੀ।ਪੰਜ ਸੇਵਕ ਉਸ ਦੇ ਕੋਲ ਰਹਿੰਦੇ ਸਨ ਅਤੇ ਉਹ ਭਾਰੀ ਅਵਾਜ਼ ਵਿੱਚ ਪੰਜਾਬੀ ਅਤੇ ਹਿੰਦੀ ਰਲੀ ਮਿਲੀ ਜਿਹੀ ਬੋਲੀ ਬੋਲਦਾ ਸੀ।ਬਾਬਾ ਜੀ ਦਾ ਵੱਡਾ ਸਾਰਾ ਘਰ ਗੋਲ ਸ਼ਕਲ ਵਿੱਚ ਬਣਿਆ ਹੋਇਆ ਸੀ ਅਤੇ ਉਹ ਸੀਮੈਂਟ ਦਾ ਬਣਿਆਂ ਹੋਇਆ ਸੀ ਉਪਰਲੀ ਮੰਜਲ ਤੇ ਤਿੰਨ ਕਮਰੇ ਬਣੇ ਹੋਏ ਸਨ।

ਪੰਜਾਬ ਐਕਸ ਪ੍ਰੈਸ ਦੇ ਸੂਝਵਾਨ ਪਾਠਕੋ ਇਨ੍ਹਾਂ ਨੇ ਲਿਖਿਆ ਹੋਇਆ ਹੈ ਕਿ ਬਾਬਾ ਜੀ ਦਾ ਘਰ ਸੀਮੈਂਟ ਦਾ ਬਣਿਆਂ ਹੋਇਆ ਸੀ ਕੀ 1812 ਈਸਵੀ ਵਿੱਚ ਘਰ ਸੀਮੈਂਟ ਦੇ ਬਣਦੇ ਸਨ ? ਜਾਗੋ ਖਾਲਸਾ ਜੀ 25 ਸਾਲ ਪਹਿਲਾਂ ਸਾਰੀ ਦੁਨੀਆਂ ਦੇ ਸਾਹਮਣੇ ਹਿੰਦੋਸਤਾਨੀ ਫੌਜ਼ਾਂ ਦਾ ਟਾਕਰਾ ਕਰਦਿਆਂ ਸ਼ਹੀਦ ਹੋਏ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਇਨ੍ਹਾਂ ਟਕਸਾਲ ਵਾਲਿਆਂ ਆਪਣੇ ਸਾਹਮਣੇ ਹੀ 21 ਸਾਲ ਤੱਕ ਆਪਣੇ ਆਕਿਆਂ ਦੇ ਆਖੇ ਲੱਗ ਕੇ ਰੋਲਿਆ ਹੈ ਜੋ ਕਿ ਕਿਸੇ ਤੋਂ ਗੁਝਾ ਨਹੀਂ ਹੈ। 302 ਸਾਲ ਪਹਿਲਾਂ ਦੀਆਂ ਘਟਨਾਵਾਂ ਬਾਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਬਨਾਉਣਾ ਭਾਈ ਸੰਤੋਖ ਸਿੰਘ,ਗਿਆਨੀ ਗਿਆਨ ਸਿੰਘ ਅਤੇ ਹੋਰ ਲਿਖਾਰੀਆਂ ਵਾਸਤੇ ਕਿੰਨਾ ਕੁ ਮੁਸ਼ਕਲ ਹੋ ਸਕਦਾ ਸੀ ਜਦ ਉਨ੍ਹਾਂ ਨੂੰ ਬ੍ਰਾਹਮਣਾ ਵਲੋਂ ਵੀ ਪੂਰੀ ਸਰਪ੍ਰਸਤੀ ਅਤੇ ਥਾਪੜਾ ਮਿਲਦਾ ਸੀ।ਇਹ ਕੂਕਿਆਂ ਜਾਂ ਨਾਮਧਾਰੀਆਂ ਦਾ ਗੁਰੂ ਹੋ ਸਕਦਾ ਹੈ ਜੋ ਲੜਾਈ ਦੇ ਮੈਦਾਨ ਵਿੱਚੋਂ ਦੌੜ ਜਾਵੇ ਲੇਕਿੰਨ ਖਾਲਸੇ ਦਾ ਗੁਰੂ ਐਸੇ ਨਾਟਕ ਨਹੀਂ ਕਰ ਸਕਦਾ (ਕਿ ਉਹ ਬਾਬਾ ਅਜੇਪਾਲ ਬਣ ਕੇ ਨਾਭੇ ਦੀ ਧਰਤੀ ਤੇ ਰਿਹਾ ਹੋਵੇ) ਜਿਹੋ ਜਿਹੇ ਨਾਟਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨਾਲ ਨਾਲ ਜੋੜੇ ਗਏ ਹਨ।ਇਨ੍ਹਾਂ ਫਿਰਕਿਆਂ ਪਿੱਛੇ ਲੱਗਣ ਵਾਲੇ ਸਿੱਖਾਂ ਨੂੰ ਜਾਗਣ ਦੀ ਲੋੜ ਹੈ!

- ਜਸਵਿੰਦਰ ਸਿੰਘ ਭੁੱਲਰ ਕਾਰਟਰੈਟ ਨਿਊਜਰਸੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top