Main News Page

ਬਾਬਿਆਂ ਦੀਆਂ ਸਾਖੀਆਂ (ਬਾਬਿਆਂ ਦੇ ਕਾਰਨਾਮੇ) ਤੇ ਜਾਗਰੂਕ ਸਿੱਖਾਂ ਦੇ ਸ਼ੰਕੇ-ਕਿਸ਼ਤ 11

ਕੂਕਿਆਂ ਵਲੋਂ ਪ੍ਰਚਾਰਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਪਤਵਾਸ ਅਤੇ ਕੂਕੇ (ਨਾਮਧਾਰੀ)

ਇਧਰ ਨਾਮਧਾਰੀ ਜਾਂ ਕੂਕਿਆਂ ਦਾ ਵਿਸ਼ਵਾਸ਼ ਕਿ 1812 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਨੂੰ ਦਰਸ਼ਨ ਹੀ ਨਹੀਂ ਦਿੱਤੇ।ਉਧਰ ਸਾਧ ਬਾਬੇ ਵੱਖ ਵੱਖ ਕਥਾ ਵਖਿਆਨਾ ਵਿੱਚ ਗੁਰੂ ਸਾਹਿਬ ਦੇ ਵੱਖ ਵੱਖ ਸਮੇਂ ਤੇ ਮਹਾਂਪੁਰਖਾਂ ਤੇ ਬ੍ਰਹਮ ਗਿਆਨੀਆਂ ਨੂੰ ਦਰਸ਼ਨ ਹੋਣ ਦੀ ਗੱਲਾਂ ਕਥਾ ਵਿੱਚ ਦੱਸਦੇ ਰਹਿੰਦੇ ਹਨ।ਖਾਸ ਤੌਰ ਤੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਪੰਜਵੇਂ ਨਾਨਕ ਅਤੇ 10 ਵੇਂ ਨਾਨਕ ਦੇ ਦਰਸ਼ਨ ਹੋਣ ਦੀਆਂ ਕਥਾ ਆਮ ਹੀ ਸੁਣੀਆਂ ਜਾ ਰਹੀਆਂ ਹਨ।ਸਾਡੇ ਇੱਕ ਬਹੁਤ ਹੀ ਮਸ਼ਹੂਰ ਕਥਾ ਕਾਰ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਕਰਕੇ ਸੀਡੀਆਂ ਵੰਡੀਆਂ ਹਨ ਦਾ ਕਹਿਣਾ ਹੈ ਕਿ ਜਦ ਵੀ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਕਿਸੇ ਪ੍ਰਸ਼ਨ ਦਾ ਜਵਾਬ ਗੁਰੂ ਸਹਿਬ ਤੋਂ ਮਨ ਵਿੱਚ ਧਾਰ ਲੈਂਦੇ ਸਨ ਤਾਂ ਪੰਜਵੇਂ ਜਾਂ 10 ਵੇਂ ਗੁਰੂ ਸਾਹਿਬ ਉਨ੍ਹਾਂ ਨੂੰ ਦਰਸ਼ਨ ਦੇ ਕੇ ਉਨ੍ਹਾਂ ਦੀ ਸ਼ੰਕਾ ਨਿਵਰਤ ਕਰ ਦਿੰਦੇ ਸਨ।ਪਰ ਜਿੱਥੋਂ ਤੱਕ ਮੈਂ ਬਾਬਾ ਹਰਨਾਮ ਸਿੰਘ ਬਾਰੇ ਪੜ੍ਹਿਆ ਜਾਂ ਸੁਣਿਆਂ ਹੈ ਉਹ ਗੁਰਦੁਆਰਾ ਸਾਹਿਬ ਅੰਦਰ ਵੀ ਆਮ ਸੰਗਤ ਦੇ ਦਰਮਿਆਨ ਬੈਠਦੇ ਸਨ ਅਤੇ ਇਨ੍ਹਾਂ ਬਾਬਿਆਂ ਵਾਂਗ ਗੱਦੀਆ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਵੱਖਰੀ ਧਰਮ ਦੇ ਨਾਮ ਤੇ ਆਪਣੀ ਦੁਕਾਨ ਨਹੀਂ ਸਨ ਚਲਾਉਂਦੇ।

ਕੁਝ ਹੋਰ ਵਿਚਾਰ ਬਾਬਾ ਅਜੇਪਾਲ ਸਿੰਘ (ਨਾਮਧਾਰੀਆਂ ਦੇ ਮੁਤਾਬਿਕ ਗੁਰੂ ਸਾਹਿਬ ਜੀ) ਬਾਰੇ ਕਰ ਲਈਏ।ਇਨ੍ਹਾਂ ਦੇ ਅਨੁਸਾਰ ਬਾਬਾ ਅਜੇਪਾਲ ਸਿੰਘ ਦੇ ਕੋਲ ਪੰਜ ਸੇਵਕ ਸਿੰਘ ਰਹਿੰਦੇ ਸਨ ਜੋ ਗੁਰਬਾਣੀ ਵਿੱਚ ਭਿੱਜੇ ਹੋਏ ਹਰ ਵੇਲੇ ਗੁਰਬਾਣੀ ਪੜ੍ਹਦੇ ਰਹਿੰਦੇ ਸਨ।ਉਸ ਸਾਰੇ ਸ਼ਾਸ਼ਤਰਧਾਰੀ ਸਨ ਅਤੇ ਆਪਣੇ ਅਥਿਆਰਾਂ ਦਾ ਵਿਸਾਹ ਨਹੀਂ ਸਨ ਖਾਂਦੇ।ਘੋੜਿਆਂ ਦੀ ਸੰਭਾਲ ਅਤੇ ਲੰਗਰ ਤਿਆਰ ਕਰਦੇ ਸਨ ।ਉਹ ਸਿੰਘ ਗੁਰਬਾਣੀ ਪੜ੍ਹਦੇ ਹੀ ਰਹਿੰਦੇ ਸਨ ਅਤੇ ਹੋਰ ਸੰਗਤਾਂ ਨੂੰ ਸ਼ਾਸ਼ਤਰ ਵਿਦਿਆ ਸਿਖਾਂਉਂਦੇ ਸਨ।ਜਦ ਬਾਬਾ ਸਰੂਪ ਸਿੰਘ ਦੇ ਸਮੇਂ ਅੰਦਰ ਉਨ੍ਹਾਂ ਪੰਜਾਂ ਵਿਚੋਂ ਦੋ ਸਿੰਘ ਚੜਾਈ ਕਰ ਗਏ ਤਾਂ ਦੋ ਦਿਨ ਦੇ ਅੰਦਰ ਹੀ ਉਨ੍ਹਾਂ ਦੀ ਜਗ੍ਹਾ ਤੇ ਹੋਰ ਨਵੇਂ ਸਿੱਖ ਉਥੇ ਪਹੁੰਚ ਗਏ।ਉਨ੍ਹਾਂ ਪੰਜ ਸਿੱਖਾਂ ਤੋਂ ਇਲਾਵਾਉਥੇ ਇੱਕ ਔਰਤ ਵੀ ਸੀ ਜਿਸ ਦਾ ਅਸਲੀ ਨਾਮ ਦਾ ਤਾਂ ਕਿਸੇ ਨੂੰ ਪਤਾ ਨਹੀ ਸੀ ਪਰ ਸਾਰੇ ਉਸ ਨੂੰ ਮਾਈ ਸੰਧਾਂ ਕਹਿ ਕੇ ਬੁਲਾਉਂਦੇ ਸਨ।ਉਹ ਮਰਦਾਂ ਵਾਲੇ ਵਸਤਰ ਪਹਿਨਦੀ ਸੀ ਅਤੇ ਬਾਬਾ ਜੀ ਦੇ ਬੂਹੇ ਦੇ ਅੱਗੇ ਸੁਰੱਖਿਆ ਗਾਰਡ ਵਜੋਂ ਹਰ ਵੇਲੇ ਪਹਿਰੇ ਤੇ ਰਹਿੰਦੀ ਸੀ।ਉਹ ਇਨ੍ਹਾਂ ਪੰਜਾਂ ਸਿੱਖਾਂ ਤੋਂਇਲਾਵਾ ਕਿਸੇ ਹੋਰ ਨੂੰ ਬਾਬਾ ਜੀ ਦੀ ਅਗਿਆ ਤੋਂ ਬਗੈਰ ਅੰਦਰ ਨਹੀਂ ਸੀ ਜਾਣ ਦਿੰਦੀ।ਕਹਾਣੀ ਅੱਗੇ ਬਿਆਨ ਕਰਦੀ ਹੈ ਕਿ ਜਦ ਸਿੱਖਾਂ ਦੇ ਕੱਪੜਿਆਂ,ਘੋੜਿਆਂ ਦਾ ਦਾਣਾ ਪੱਠਾ ਲੰਗਰ ਦਾ ਸਮਾਨ ਅਤੇ ਸਿਕਲੀਗਰਾਂ ਤੋਂ ਲੈ ਹਥਿਆਰਾਂ ਦੇ ਪੈਸਿਆਂ ਨੂੰ ਚੁਕਾਉਣ ਦਾ ਵਕਤ ਆਉਦਾ ਤਾਂ ਬਾਗੜਾ ਸਿੰਘ ਨੂੰ ਯਾਦ ਕੀਤਾ ਜਦਾ ਸੀ।ਬਾਗੜਾ ਸਿੰਘ ਕਿੱਥੋਂ ਇਹ ਮਾਇਆ ਲੈ ਕੇ ਆਉਂਦਾ ਇਸ ਬਾਰੇ ਕਿਸੇ ਨੂੰ ਵੀ ਇਲਮ ਨਹੀਂ।

ਬਾਬਾ ਜੀ ਦੇ ਕੁਝ ਪਿਆਰੇ ਚੇਲੇ ਬਾਬਾ ਸਰੂਪ ਸਿੰਘ,ਬਾਬਾ ਰਤਨ ਸਿੰਘ,ਭਾਈ ਸੁੱਖਾ ਸਿੰਘ ਫੂਲ ਘਰਾਣੇ ਦੇ ਪਰੋਹਿਤ ਸਿੰਘ,ਭਾਈ ਬਾਘ ਸਿੰਘ ਧਰਮਧਾਰੀ ,ਭਾਈ ਕੇਸਰਾ ਸਿੰਘ ਜੀ ਅਤੇ ਕੁਝ ਹੋਰ ਸਿੰਘ ਸੱਤਸੰਗ ਲਗਾਉਂਦੇ ਸਨ।ਪਰ ਇਨ੍ਹਾਂ ਪਿਆਰਿਆਂ ਸਿੱਖਾਂ ਨੂੰ ਵੀ ਗੁਰੂ ਸਾਹਿਬ ਜੀ ਦੇ ਖਾਸ ਅਸਥਾਨ ਤੇ ਜਾਣ ਦੀ ਇਜ਼ਾਜਤ ਨਹੀਂ ਸੀ।ਕਾਫੀ ਵਰ੍ਹੇ ਇਸ ਤਰ੍ਹਾਂ ਸੱਤ ਸੰਗ ਸਜਾਉਣ ਤੋਂ ਬਾਅਦ ਬਾਬਾ ਸਰੂਪ ਸਿੰਘ ਭਾਈ ਸੁੱਖਾ ਸਿੰਘ ਅਤੇ ਕੇਸਰਾ ਸਿੰਘ ਕੇਵਲ ਤਿੰਨ ਸਿੱਖਾਂ ਨੂੰ ਹੀ ਬਾਬਾ ਜੀ ਦੇ ਖਾਸ ਅਸਥਾਨ ਤੇ ਜਾਣ ਦੀ ਇਜਾਜਤ ਮਿਲੀ ਸੀ ,ਜਿਥੇ ਉਹ ਕਦੇ ਕਦੇ ਖਾਸ ਮੌਕਿਆਂ ਤੇ ਜਾ ਕੇ ਆਪਣੀਆਂ ਅਰਦਾਸਾਂ ਕਰਦੇ ਸਨ।ਅੰਦਰ ਖਾਸ ਜਗ੍ਹਾ ਤੇ ਬਾਬਾ ਜੀ ਦੇ ਤਿੰਨ ਕਮਰੇ ਸਨ ਸੀਮੈਂਟ ਦੇ ਬਣੇ ਹੋਏ ਸਨ(ਕੀ ਉਦੋਂ ਸੀਮੈਂਟ ਦੇ ਮਕਾਨਬਣਦੇ ਸਨ ?)ਜਿਨ੍ਹਾਂ ਵਿੱਚੋਂ ਇੱਕ ਵਿੱਚ ਬਾਬਾ ਜੀ ਰਹਿੰਦੇ ਸਨ ਦੂਜੇ ਵਿੱਚ ਦਸਮ ਗ੍ਰੰਥ ਅਤੇ ਹਥਿਆਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਗਏ ਸਨ ਅਤੇ ਤੀਜਾ ਕਮਰਾ ਸੰਗੀਤ ਵਾਸਤੇ ਰੱਖਿਆ ਗਿਆ ਸੀ।ਉਨ੍ਹਾਂ ਕਮਰਿਆਂ ਦੇ ਪਾਸਿਆਂ ਤੇ ਗੈਲਰੀਆਂ ਬਣੀਆਂ ਹੋਈਆਂ ਸਨ ਜਿੱਥੇ ਤੀਰ ਅੰਦਾਜੀ ਤੇ ਨਿਸ਼ਾਨੇਬਾਜ਼ੀ ਦੇ ਅਭਿਆਸ ਕੀਤੇ ਜਾਂਦੇ ਸਨ।ਬਾਬਾ ਜੀ ਦੇ ਘਰ ਦੇ ਸਾਹਮਣੇ ਦੋ ਹੋਰ ਘਰ ਬਣੇ ਹੋਏ ਸਨ ਜਿਨ੍ਹਾਂ ਵਿੱਚ ਪੰਜ ਸਿੱਖ ਸੇਵਕ ਰਹਿੰਦੇ ਸਨ।ਦੂਜੇ ਪਾਸੇ ਕਿਲੇ ਵਰਗਾ ਮਜਬੂਤ ਮਜਬੂਤਮਕਾਨ ਬਣਿਆਂ ਹੋਇਆ ਸੀ ਜਿਸ ਦੇ ਬੂਹੇ ਅੱਗੇ ਮਾਈ ਸੰਧਾਂ ਦਾ ਵਸੇਬਾ ਸੀ।ਇੱਕ ਪਾਸੇ ਚੱਕੀ ਲੱਗੀ ਹੋਈ ਸੀ।


ਬਾਬਾ ਜੀ ਨੇ ਕਦੇ ਵੀ ਇਸ ਘਰ ਦੇ ਬਾਹਰ ਕਦਮ ਵੀ ਨਹੀਂ ਸੀ ਰੱਖਿਆ ਅਤੇ ਅਣਜਾਣ ਤੇ ਨਵੇਂ ਆਏ ਲੋਕਾਂ ਨੂੰ ਨਹੀਂ ਮਿਲਦੇ ਸਨ ।ਸ਼ਰਧਾਲੂ ਸਿੱਖ ਬਾਬਾ ਜੀ ਦੇ ਉਸ ਸਮੇਂ ਹੀ ਦਰਸ਼ਨ ਕਰ ਸਕਦੇ ਸਨ ਜਦ ਉਹ ਆਪਣੇ ਕਮਰੇ ਵਿੱਚ ਉਠ ਕੇ ਖੜੋਂਦੇ ਸਨ।ਪਰ ਜੋ ਬਾਬਾ ਜੀ ਦੇ ਜਾਣੂ ਸਨ ਉਨ੍ਹਾਂ ਨੂੰ ਬਾਬਾ ਜੀ ਆਪ ਹੀ ਦਰਸ਼ਨ ਦਿੰਦੇ ਸਨ।ਕਦੇ ਕਦੇ ਸ਼ਰਧਾਲੂ ਚਾਰ ਪੰਜ ਜਾਂ ਸੱਤ ਦਿਨ ਲਗਾਤਾਰ ਦਰਸ਼ਨ ਕਰਨ ਲਈ ਆਉਂਦੇ ਪਰ ਉਹ ਦਰਸ਼ਨ ਨਾ ਕਰ ਸਕਦੇ।ਕਦੇ ਕਦੇ ਬਾਬਾ ਜੀ ਅਚਾਣਕ ਹੀ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇ ਜਾਂਦੇ ਸਨ।ਬਾਬਾ ਜੀ ਦੇ ਤਬੇਲੇ ਵਿੱਚ ਪੰਜ ਸੁੰਦਰ ਘੋੜੇ ਤੇ ਦੋ ਖੱਚਰਾਂ ਸਨ।ਲੰਗਰ ਹਾਲ ਦੇ ਬਾਹਰ ਕੇਸਰੀ ਨਿਸ਼ਾਨ ਲਹਿਰਾਉਂਦਾ ਸੀ।


ਬਾਬਾ ਜੀ ਦਾ ਖਾਣ ਪੀਣ ਅਤੇ ਨਾਉਣ ਧੋਣ ਦਾ ਬੜਾ ਸਥਾਨ ਗੁਪਤ ਸੀ ਇਥੋਂ ਤੱਕ ਕਿ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਸਿੱਖ ਬਾਬਾ ਸਰੂਪ ਸਿੰਘ ਕਦੇ ਵੀ ਨਾ ਦੇਖ ਸਕੇ।ਘਰ ਦੇ ਅੰਦਰ ਤੜਕੇ ਸੂਰਜ ਚੜ੍ਹਣ ਤੋਂ ਪਹਿਲਾਂ ਆਸਾ ਜੀ ਦੀ ਵਾਰ ਦਾ ਰੋਜਾਨਾ ਕੀਰਤਨ ਕੀਤਾ ਜਾਂਦਾ ਸੀ।ਸ਼ਾਮ ਨੂੰ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ ਰਹਿਰਾਸ ਪੜ੍ਹਿਆ ਜਾਂਦਾ ਸੀ ਅਤੇ ਅਰਦਾਸ ਹੋਣ ਤੇ ਲੰਗਰ ਵਿੱਚ ਬਣਾਇਆ ਕੜਾਹ ਪ੍ਰਸ਼ਾਦ (ਜਪੁਜੀ ਸਾਹਿਬ ਦਾ ਪਾਠ ਕਰਦਿਆਂ ਦੇਗ ਤਿਆਰ ਕੀਤੀ ਜਾਂਦੀ ਸੀ ਤੇ ਕੋਈ ਸੁੱਕੇ ਫਲ ਨਹੀਂ ਸੀ ਪਾਏ ਜਾਂਦੇ) ਦੀ ਦੇਗ ਵਰਤਾਈ ਜਾਂਦੀ ਸੀ।ਅਰਦਾਸ ਦੇ ਅਖੀਰ ਤੇ ਕਿਹਾ ਜਾਂਦਾ ਸੀ ;ਹੇ ਅਕਾਲ ਪੁਰਖ ਕਰਤਾਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੈ ਆਪ ਨੂੰ ਅੰਗੀਕਾਰ ਹੋਵੇ ਕਲਾ ਗੁਰੂ ਗੋਬਿੰਦ ਸਿੰਘ ਜੀ ਦੀ ਵਰਤੇ ਤਵੈ ਪ੍ਰਸਾਦ ਜੁਗੋ ਜੁਗ ਅਟੱਲ ਕਰਤਾਰ ਕੜਾਹ ਪ੍ਰਸਾਦ ਤਿਆਰ ਹੋ ਗਿਆ ਹੈ ਆਪ ਜੀ ਭੋਗ ਲਾਉ ਆਪ ਜੀ ਦੀਆਂ ਸ਼ੁਭ ਇਛਾਵਾਂ ਨਾਲ ਗੁਰੂ ਜੀ ਦੀ ਸ਼ਕਤੀ ਵਧੇ ਫੁਲੇ ਅਤੇ ਫੈਲੇ।ਪ੍ਰਸ਼ਾਦ ਤਿਆਰ ਕਰਨ ਵਾਲੇ ਦਾ ਮੂੰਹ ਰੁਮਾਲ ਨਾਲ ਢੱਕਿਆ ਹੋਣਾ ਜਰੂਰੀ ਹੈ।ਪ੍ਰਸ਼ਾਦ ਲੰਗਰ ਵਿੱਚ ਹੀ ਵਰਤਾਇਆ ਜਾਂਦਾ ਸੀ ਅਤੇ ਪ੍ਰਸ਼ਾਦ ਬਾਹਰ ਲਿਜਾਣ ਦੀ ਇਜ਼ਾਜਤ ਨਹੀਂ ਸੀ।ਅੱਜ ਵਾਂਗ ਸੰਗਤ ਤੇ ਪੰਗਤ ਨਹੀਂ ਸੀ ਬੈਠਦੀ ਸਗੋਂ ਸਾਰੀ ਸੰਗਤ ਇੱਕ ਇੱਕ ਕਰਕੇ ਬੂਹੇ ਕੋਲਵਰਤਾਵੇ ਕੋਲ ਜਾ ਕੇ ਖਾਣ ਲਈ ਲੰਗਰ ਆਪਣੀ ਭੁੱਖ ਅਨੁਸਾਰ ਪ੍ਰਾਪਤ ਕਰਦੀ ਸੀ।

ਜਦ ਕੋਈ ਸੇਵਕ ਅੰਮ੍ਰਿਤ ਦਾ ਚਾਹਵਾਨ ਹੁੰਦਾ ਤਾਂ ਉਹ ਅੰਮ੍ਰਿਤ ਲੈਣ ਲਈ ਆਗਿਆ ਪਰਾਪਤ ਕਰਦਾ ਅਤੇ ਸਾਫ ਕੱਪੜੇ ਪਾ ਕੇ ਹਥਿਆਰਬੰਦ ਹੋ ਕੇ ਘਰ ਦੇ ਸਾਹਮਣੇ ਖੜਾ ਹੋ ਜਾਂਦਾ ਸੀ।ਪੰਜ ਸਿੱਖ ਬਾਬਾ ਜੀ ਦੇ ਕਮਰੇ ਵਿੱਚੋਂ ਅੰਮ੍ਰਿਤ ਦੀ ਬਾਟੀ ਲਿਆ ਕੇ ਇਨ੍ਹਾਂ ਦੀ ਮਰਿਆਦਾ ਅਨੁਸਾਰ ਦਿੰਦੇ ਸਨ।ਅੰਦਰੋਂ ਬਾਬਾ ਜੀ ਅਵਾਜ਼ ਦੇ ਕੇ ਨਵੇਂ ਸਜੇ ਸਿੱਖ ਦਾ ਨਾਮਕਰਨ ਕਰਦੇ।ਕਿਸੇ ਨੂੰ ਵੀ ਇਹ ਪਤਾ ਨਹੀਂ ਕਿ ਬਾਬਾ ਜੀ ਪੰਜਾਂ ਸਿੰਘਾਂ ਵਿੱਚ ਕਦੇ ਸ਼ਾਮਿਲ ਹੋਏ ਸਨ ਜਾਂ ਨਹੀਂ।ਕਦੇ ਇੱਕ ਤੇ ਕਦੇ ਜਿਆਦਾ ਸਿੱਖ ਅੰਮ੍ਰਿਤ ਦੇ ਚਾਹਵਾਨ ਹੁੰਦੇ ਸਨ ਪਰ ਬਾਬਾ ਜੀ ਨੇ ਕਦੇ ਵੀ ਪੰਜ ਪਤਾਸਿਆਂ ਤੋਂ ਜਿਆਦਾ ਪਤਾਸੇ ਨਹੀਂ ਸਨ ਪਾਏ।ਬਾਬਾ ਜੀ ਨੇ ਬਾਬਾ ਸਰੂਪ ਸਿੰਘ ਨੂੰ ਇਥੋਂ ਦੀ ਮਰਿਆਦਾ ਬਾਰੇ ਖਾਸ ਹਦਾਇਤਾਂ ਦੇ ਰੱਖੀਆਂ ਸਨ॥
ਇਸ ਅਸਥਾਨ ਤੇ ਕਦੇ ਕਿਸੇ ਨੇ ਤਲਵਾਰ ਨਹੀਂ ਸੀ ਚਲਾਈ ਨਿਸ਼ਾਨੇਬਾਜ਼ੀ ਅਤੇ ਤੀਰ ਅੰਦਾਜ਼ੀ ਦਾ ਅਭਿਆਸ ਕੀਤਾ ਜਾਂਦਾ ਸੀ।ਇਸ ਲਈ ਮਿੱਟੀ ਦੇ ਬਣੇ ਗੇਂਦ ਗੋਪੀਸ ਅਤੇ ਗੁਲਾਲ ਵਰਤੇ ਜਾਂਦੇ ਸਨ।ਇੱਕ ਬਰੀਕ ਧਾਗੇ ਨਾਲ ਸਿੱਕਾ ਬੰਨ੍ਹ ਕੇ ਲਟਕਾ ਕੇ ਬੰਦੂਕ ਨਾਲ ਧਾਗੇ ਦੇ ਨਿਸ਼ਾਨੇ ਲਾਏ ਜਾਂਦੇ ਸਨ।ਇੱਕ ਗੁਲਾਲ ਨੂੰ ਉਪਰ ਸੁੱਟ ਕੇ ਦੂਜੇ ਨਾਲ ਨਿਸਾਨਾ ਬਨਾਇਆ ਜਾਂਦਾ ਸੀ।ਗੋਪੀ ਦੇ ਨਿਸ਼ਾਨੇ ਬੰਦੂਕ ਨਾਲ ਬੜੀ ਸਫਲਤਾ ਨਾਲ ਲਾਏ ਜਾਂਦੇ ਸਨ।ਉਡਦੇ ਪੰਛੀਆਂ ਨੂੰ ਤੀਰਾਂ ਦਾ ਨਿਸ਼ਾਨਾ ਬਨਾਉਣਾ ਬਾਬਾ ਜੀ ਦੀ ਖਾਸ ਯੋਗਤਾ ਸੀ।ਬਾਬਾ ਜੀ ਦੀ ਇੱਛਾ ਮੁਤਾਬਿਕ ਕਦੇ ਕਦੇ ਕਮਰੇ ਦੇ ਅੰਦਰੋਂ ਹੀ ਇਹ ਹਥਿਆਰ ਚਲਾਏ ਜਾਂਦੇ ਸਨ ।ਬਾਬਾ ਜੀ ਆਪਣੇ ਸੇਵਕਾਂ ਨੂੰ ਹਥਿਆਰਾਂ ਅਤੇ ਘੋੜਸਵਾਰੀ ਦਾ ਅਭਿਆਸ ਕਰਦਿਆਂ ਵੇਖ ਕੇ ਬਹੁਤ ਖੁਸ਼ ਹੁੰਦੇ ਸਨ।ਜੇਕਰ ਕੋਈ ਸੇਵਕ ਗਲਤੀ ਕਰਦਾ ਤਾਂ ਬਾਬਾ ਜੀ ਨੂੰ ਇਸ ਬਾਰੇ ਦੱਸਿਆ ਜਾਂਦਾ ਸੀ।ਬਾਬਾ ਜੀ ਦਾ ਹੁਕਮ ਸੀ ਕਿ ਕੋਈ ਸੇਵਕ ਆਪਣੇ ਹੱਥ ਵਿੱਚ ਹਥਿਆਰ ਫੜ੍ਹਦਾ ਤਾਂ ਉਸ ਲਈ ਅਕਾਲ ਹੀ ਸਹਾਏਕਹਿਣਾ ਜਰੂਰੀ ਕਰ ਦਿੱਤਾ ਗਿਆ ਸੀ।ਜਦ ਕੋਈ ਸੇਵਕ ਘੋੜਸਵਾਰੀ ਕਰਦਾ ਤਾਂ ਆਪਣਾ ਪੈਰ ਰਕਾਬ ਵਿੱਚ ਪਾਉਣ ਤੋਂ ਪਹਿਲਾਂ ਵਹਿਗੁਰੂ ਅੰਗ ਸੰਗ ਕਹਿਣਾ ਜਰੂਰੀ ਸੀ।ਹਥਿਆਰਾਂ ਦੇ ਨਾਲ ਨਾਲ ਦਸਤਕਾਰੀ ਵੀ ਸਿਖਾਈ ਜਾਂਦੀ ਸੀ।ਬਾਬਾ ਜੀ ਕਈ ਵਾਰ ਕਿਹਾ ਕਰਦੇ ਸਨ ਕਿ ਜਿਹੜਾ ਸਿੱਖ ਕੱਪੜਾ ਨਹੀਂ ਸਿਉਂ ਸਕਦਾ ਹਥਿਆਰ ਨਹੀਂ ਚਲਾ ਸਕਦਾ,ਘੋੜ ਸਵਾਰੀ ਨਹੀਂ ਕਰ ਸਕਦਾ,ਦਸਤਕਾਰੀ ਨਹੀਂ ਜਾਣਦਾ,ਹਥਿਆਰ ਤਿੱਖੇ ਕਰਨੇ ਨਹੀਂ ਜਾਣਦਾ,ਲੰਗਰ ਤਿਆਰ ਕਰਨਾ ਨਹੀਂ ਜਾਣਦਾ ਅਤੇ ਗੁਰਮੁਖੀ ਲਿਖਣੀ ਨਹੀਂ ਜਾਣਦਾ ਉਹ ਨੂੰ ਗੁਰੂ ਸਾਹਿਬ ਜੀ ਦੇ ਜਥੇ ਵਿੱਚ ਦਾਖਲਾ ਲੈਣ ਦੇ ਯੋਗ ਨਹੀਂ ਹੈ।

ਬਾਬਾ ਜੀ ਅਸੂ ਸੁਦੀ 10 ਨੂੰ ਹਰ ਸਾਲ ਵੱਡਾ ਗੁਰਪੁਰਬ ਮਨਾਉਂਦੇ ਸਨ।ਬਾਬਾ ਜੀ ਨੇ ਬਾਬਾ ਸਰੂਪ ਸਿੰਘ ਨੂੰ ਦੱਸਿਆ ਸੀ ਕਿ ਸਿੱਖਾਂ ਦਾ ਹੋਰ ਕੋਈ ਵੀ ਪੁਰਬ ਅਸੂ ਸੁਦੀ 10 ਤੋਂ ਵੱਡਾ ਨਹੀਂ ਹੈ ਕਿਉਂਕਿ ਇਸ ਦਿਨ ਗੁਰੂ ਨਾਨਕ ਦੇਵ ਜੀ ਨੇ ਅਪਣੀ ਜੋਤਿ ਗੁਰੂ ਅੰਗਦ ਦੇਵ ਜੀ ਵਿੱਚ ਟਿਕਾਈ ਸੀ।ਇਥੇ ਇਹ ਬਾਬੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਦਾ ਦਿਨ ਅੱਸੂ ਸੁਦੀ 10 ਕਹਿੰਦੇ ਹਨ ਪਰ ਕੁਝ ਹੋਰ ਇਤਿਹਾਸਕਾਰ ਇਹ ਅਸੂ ਵਦੀ 10 ਮੰਨਦੇ ਹਨ।(ਹੈ ਨਾ ਬੇਲੋੜਾ ਵਿਵਾਦ)।

ਬਾਬਾ ਜੀ ਉਪਦੇਸ਼ ਵੀ ਕਰਦੇ ਸਨ ਅਤੇ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਦੇਂਦੇ ਸਨ ਅਤੇ ਆਪਣੇ ਸੇਵਕਾਂ ਨੂੰ ਕਹਿੰਦੇ ਸਨ;ਧਰਮ ਦੀ ਕਿਰਤ ਕਰੋ,ਦਸਵੰਧ ਕੱਢੋ,ਨਾਮ ਜਪੋ ਵੰਡ ਛਕੋ,ਵਿਦਿਆ ਪੜ੍ਹੋ,ਵਰਤਾ ਕੇ ਛਕੋ,ਸ਼ਾਸਤਰਾਂ ਦਾ ਅਭਿਆਸ ਕਰੋ,ਘੋੜੇ ਅਤੇ ਬੈਲਾਂ ਦੀ ਨਸਲ ਵਧਾਉ,ਰੁੱਖ ਲਾਉ,ਆਪੋ ਵਿੱਚ ਸਕੇ ਭਾਈਆਂ ਵਾਲਾ ਪਿਆਰ ਰੱਖੋ,ਦੇਸ਼ ਦੀ ਸੇਵਾ ਕਰੋ,ਨਿਰਭੈ ਅਤੇ ਨਿਰਵੈਰ ਰਹੋ,ਸਵਾਰਥ ਤਿਆਗੋ।ਜੇਕਰ ਤੁਸੀਂ ਇਸ ਉਪਦੇਸ਼ ਤੇ ਅਮਲ ਕਰੋਗੇ ਤਾਂ ਗੁਰੂ ਸਿੰਘ ਦਰਬਾਰ ਦਾ ਦਰ ਤੁਹਾਡੇ ਲਈ ਖੁੱਲ੍ਹਾ ਹੈ।

ਬਾਬਾ ਜੀ ਨੇ ਆਪਣੇ ਬਾਰੇ ਕਦੇ ਕਿਸੇ ਨੂੰ ਨਹੀਂ ਸੀ ਦੱਸਿਆ ਕਿ ਉਹ ਕੌਣ ਸਨ ਕਿੱਥੋਂ ਆਏ ਸਨ ? ਉਨ੍ਹਾਂ ਦੇ ਨੇੜਲੇ ਸੇਵਕਾਂ ਦਾ ਪੱਕਾ ਵਿਸ਼ਵਾਸ਼ ਸੀ ਕਿ ਦਸ਼ਮੇਸ਼ ਪਿਤਾ ਦਸ਼ਮੇਸ਼ ਜੀ ਸਨ ਕਿਉਂਕਿ ਉਨ੍ਹਾਂ ਦਾ ਪੱਕਾ ਵਿਸ਼ਵਾਸ਼ ਸੀ ਕਿ ਕਲਗੀਧਰ ਜੀ ਨੇ ਦੱਖਣ ਵਿੱਚ ਜੋਤੋ ਜੋਤਿ ਨਹੀਂ ਸਮਾਏ ਸਨ।ਉਨ੍ਹਾਂ ਦਾ ਤਰਕ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਤੋਂ ਬਣਵਾਈ ਨਾਦੇੜ ਵਿਖੇ ਚਿਖਾ ਵਿੱਚੋਂ ਨਾਂ ਤਾਂ ਉਨ੍ਹਾਂ ਦੀਆਂ ਅਸਥੀਆਂ ਮਿਲੀਆਂ ਨਾ ਉਨ੍ਹਾਂ ਦੇ ਹਥਿਆਰ ਮਿਲੇ।ਗੁਰੂ ਜੀ ਦੇ ਤਬੇਲੇ ਵਿੱਚੋਂ ਉਨ੍ਹਾਂ ਦਾ ਇੱਕ ਪਿਆਰਾ ਘੋੜਾ ਵੀ ਗਾਇਬ ਸੀ।ਇਨ੍ਹਾਂ ਬਾਬੇ ਦੇ ਸੇਵਕਾਂ ਅਨੁਸਾਰ ਜਾਂ ਦੂਜੇ ਸ਼ਬਦਾਂ ਵਿੱਚ ਨਾਮਧਾਰੀਆਂ ਦੇ ਵਿਸ਼ਵਾਸ਼ ਅਨੁਸਾਰ ਗੁਰੂ ਸਾਹਿਬ ਦੱਖਣ ਤੋ ਨਾਭੇ ਵਿੱਚ ਆ ਕੇ ਇਸ ਅਸਥਾਨ ਤੇ ਅਜੇਪਾਲ ਸਿੰਘ ਦੇ ਨਾਮ ਤੇ ਗੁਪਤ ਤੌਰ ਤੇ ਇੰਜ ਰਹਿ ਜਿਵੇਂ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਟਕਸਾਲ ਤੇ ਹੋਰ ਸੰਸਥਾਵਾਂ ਨੇ ਗੁਰੂ ਸਹਿਬ ਦੀ ਹਾਜ਼ਰੀ ਵਿੱਚ ਕਿਸੇ ਅਦਿਖ ਸ਼ਕਤੀ ਦੇ ਇਸ਼ਾਰੇ ਤੇ ਇਹੀ ਰੱਟ ਲਾਈ ਰੱਖੀ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਸਨ।ਇਸ ਤਰ੍ਹਾਂ ਇਨ੍ਹਾਂ ਨੇ ਸਿੱਖਾਂ ਵਿੱਚ ਇਹ ਗੱਲ ਫੈਲਾਈ ਕਿ ਉਹੀ ਹੀ ਗੁਰੂ ਜੀ ਆਪ ਹੀ ਹਨ ਅਤੇ ਇਹ ਵੀ ਕਿਹਾ ਕਿ ਬਾਬਾ ਜੀ ਦੇ ਸਰੀਰ ਤੇ ਜਖਮ ਦਾ ਨਿਸ਼ਾਨ ਵੀ ਹੈ ਜਿਹੜਾ ਉਨ੍ਹਾਂ ਨੂੰ ਦੱਖਣ ਵਿੱਚ ਲੱਗਿਆ ਸੀ।

ਇਸ ਨਵੇਂ ਬਣੇ ਸਿੱਖਾਂ ਦੇ ਫਿਰਕੇ ਨੇ 1666 ਸੰਨ ਤੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੋਂ 1812 ਬਾਬਾ ਅਜੇਪਾਲ ਸਿੰਘ ਦੀ ਮੌਤ ਤੱਕ ਉਮਰ ਦਾ ਹਿਸਾਬ 146 ਸਾਲ ਲਗਾ ਲਿਆ।ਇਨ੍ਹਾਂ ਨੇ ਸਿੱਖਾਂ ਵਿੱਚ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਬਚਲ ਨਗਰ ਵਿਖੇ ਗੁਰੂ ਜੀ ਨੇ ਬਹੁਤ ਵੱਡਾ ਨਾਟਕ ਖੇਡਿਆ ਸੀ ਅਤੇ ਨਾਟਕ ਖੇਡਣ ਉਪਰੰਤ ਗੁਰੂ ਜੀ ਨਾਭੇ ਵਿੱਚ ਆ ਕੇ ਬਾਬਾ ਅਜੇਪਾਲ ਸਿਮਘ ਬਣਕੇ ਗੁਪਤ ਰੂਪ ਵਿੱਚ ਰਹਿੰਦੇ ਰਹੇ ਸਨ। ਇਨ੍ਹਾਂ ਦੀ ਕਹਾਣੀ ਅਨੁਸਾਰ ਗੁਰੂ ਸਾਹਿਬ ਜੀ ਨੇ ਭਾਦਰਾ ਦੇ ਰਾਜਪੁਤ ਰਾਜੇ ਦੀ ਲੜਾਈ ਵਿੱਚ ਮਦਦ ਕੀਤੀ ਸੀ ਅਤੇ ਰਾਜੇ ਨੂੰ ਉਸ ਦਾ ਰਾਜ ਵਾਪਸ ਦਿਵਾਇਆ ਸੀ।ਇਸ ਤੋਂ ਪਿੱਛੋਂ ਬਾਬਾ ਜੀ ਕੁਝ ਚਿਰ ਜੀਂਦ ਦੇ ਨਜਦੀਕ ਰੋਹੀ ਵਿੱਚ ਰਹੇ ਤੇ ਫਿਰ ਕਈ ਸਾਲ ਪਟਿਆਲਾ ਵੀ ਰਹੇ ਤੇ ਫਿਰ ਪੱਕੇ ਤੌਰ ਤੇ ਨਾਭਾ ਆ ਕੇ ਵੱਸ ਗਏ।ਉਦੋਂ ਇਸ ਅਸਥਾਨ ਤੇ ਜੰਗਲ ਹੀ ਹੁੰਦਾ ਸੀ।ਹੁਣ ਉਸ ਅਸਥਾਨ ਤੇ ਗੁਰਦੁਆਰਾ ਸਸ਼ੋਬਤ ਹੈ।

ਖਾਸਲਾ ਜੀ ਧਰਮ ਦੇ ਨਾਮ ਤੇ ਆਪਣੀ ਵੱਖਰੀ ਦੁਕਾਨ ਚਲਾਉਣ ਲਈ ਇਨ੍ਹਾਂ ਨੇ ਉਪਰੋਕਤ ਕਹਾਣੀ ਅਤੇ ਗਿਆਨੀ ਗਿਆਨ ਸਿੰਘ ਦੇ ਲਿਖੇ ਦੋਹਰੇ ਦਾ ਸਹਾਰਾ ਲਿਆ।ਇਹ ਫਿਰਕਾ ਸਿੱਖ ਧਰਮ ਦੇ ਮੁਢਲੇ ਸਿਧਾਂਤ ਤੇ ਸੱਟ ਮਾਰਦਾ ਹੈ ।ਮੁਢਲੇ ਸਿਧਾਂਤ ਨੂੰ ਖੁੱਲੀ ਚਿਣਾਉਤੀ ਦਿੰਦਾ ਹੈ ਜਦ ਇਹ ਫਿਰਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨ ਕੇ ਦੇਹਧਾਰੀ ਗੁਰੂ ਦੀ ਗੱਦੀ ਚਲਾ ਕੇ ਸਿੱਖ ਧਰਮ ਨੂੰ ਚਿਣਾਉਤੀ ਦਿੰਦਾ ਹੈ।ਖਾਲਸਾ ਪੰਥ ਵਲੋਂ ਇਸ ਫਿਰਕੇ ਦਾ ਦੇਹਧਾਰੀ ਗਰ ਗੱਦੀ ਚਲਾਉਣ ਕਰਕੇ ਬਾਈਕਾਟ ਕਰਦਾ ਰਿਹਾ ਹੈ ਪਰ ਵੋਟਾਂ ਦੀ ਸਿਆਸਤ ਨੇ ਸਿਆਸੀ ਲੀਡਰਾਂ ਨੂੰ ਇਨ੍ਹਾਂ ਦੇ ਦਰ ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਸਿਅਸਤਦਾਨ ਧਰਮ ਨੂੰ ਸਿਆਸਤ ਤੋਂ ਵਾਰ ਦੇਂਦੇ ਹਨ।ਸਾਡੇ ਗੁਰੂ ਸਾਹਿਬ ਨਾਲ ਇਹੋ ਜਿਹੀਆਂ ਕਹਾਣੀਆਂ ਜੋੜ ਕੀ ਇਹ ਗੁਰੂ ਦੀ ਵਡਿਆਈ ਕਰ ਰਹੇ ਹਨ ਜਾਂ ਨਿੰਦਿਆ ? ਸਾਡੇ ਗੁਰੂ ਇਨ੍ਹਾਂ ਦੇ ਬਾਬੇ ਵਾਂਗ ਨਾਟਕ ਨਹੀਂ ਸਨ ਕਰਦੇ ਜਿਹੜਾ ਆਪਣੀ ਬੰਦੂਕ ਵੀ ਸਤਲੁਜ ਦਰਿਆ ਵਿੱਚ ਸੁੱਟ ਕੇ ਭਗੌੜਾ ਹੋ ਗਿਆ ਸੀ।ਜਿਸ ਮਹਾਰਾਜੇ ਦੀ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਦਿੱਤੀ ਸੀ ਉਸ ਨਾਲ ਲੜਾਈ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ 25 ਹੋਰ ਜਵਾਨਾ ਨਾਲ ਮੈਦਾਨ ਚੋਂ ਭੱਜਣ ਵਾਲਾ ਤਾਂ ਨਾਟਕ ਖੇਡ ਸਕਦਾ ਹੈ ਪਰ ਮੇਰਾ ਸਾਡਾ ਗੁਰੂ ਇਸ ਤਰ੍ਹਾਂ ਦੇ ਨਾਟਕ ਨਹੀਂ ਖੇਡਦਾ।

ਦਸ਼ਮੇਸ਼ ਪਿਤਾ ਜੀ ਨੇ ਸਿੱਖਾਂ ਲਈ ਅੱਗੇ ਗੁਰਗੱਦੀ ਦਾ ਸਿਧਾਂਤ ਖਤਮ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਹੋਣ ਦਾ ਮਾਣ ਬਖਸ਼ਿਆ ਸੀ ਪਰ ਸੱਭ ਤੋਂ ਪਹਿਲਾਂ ਨਾਮਧਾਰੀ ਫਿਰਕੇ ਨੇ ਹੀ ਗੁਰੂ ਸਾਹਿਬ ਜੀ ਦੇ ਹੁਕਮ ਦੇ ਉਲਟ ਜਾਣ ਦਾ ਫੈਸਲਾ ਕੀਤਾ।ਨਾਮਧਾਰੀਆ ਦੀ ਲੀਹ ਤੇ ਚੱਲਦਿਆਂ ਹਜ਼ਾਰਾਂ ਹੀ ਹੋਰ ਗੱਦੀਆ ਸਜਾ ਕੇ ਸਾਧ ਬਾਬੇ ਬੈਠ ਗਏ ਹਨ ।ਇਨ੍ਹਾਂ ਨੇ ਹੀ ਬਾਬਾਵਾਦਅਤੇ ਡੇਰਾਵਾਦਦਾ ਮੁੱਢ ਬੱਧਾ ਪਰ ਇਨ੍ਹਾਂ ਤੇ ਹੋਰ ਬਾਬਿਆਂ ਚ ਇੱਕ ਬੁਨਿਆਦੀ ਫਰਕ ਜਰੂਰ ਹੈ ਇਹ ਸਿਰਫ ਗੁਰਬਾਣੀ ਦਾ ਕੀਰਤਨ ਕਰਦੇ ਹਨ ਜਦ ਦੂਜੇ ਸਾਧ ਬਾਬੇ ਗੁਰਬਾਣੀ ਦੇ ਨਾਲ ਕੱਚੀ ਬਾਣੀ ਵੀ ਪੜ੍ਹਦੇ ਹਨ ਫਿਰ ਵੀ ਇਨ੍ਹਾਂ ਦੀ ਆਪਸ ਵਿੱਚ ਕਾਫੀ ਬਣਦੀ ਹੈ ਕਿਉਂਕਿ ਇਸ ਵਿੱਚ ਇਨ੍ਹਾਂ ਦੇ ਸਾਂਝੇ ਹਿੱਤ ਛੁਪੇ ਹੋਏ ਹਨ।

ਸਿੱਖ ਧਰਮ ਨੂੰ ਇੱਕ ਹੀ ਮਰਿਆਦਾ ਵਿੱਚ ਬੰਨ੍ਹਣ ਦੀ ਬਹੁਤ ਜਰੂਰਤ ਹੈ ਕਿਉਂਕਿ ਐਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਿੱਖ ਅਤੇ ਜਗਜੀਤ ਸਿੰਘ ਦੇ ਸਿੱਖ ਵਿੱਚ ਬਹੁਤ ਵੱਡਾ ਫਰਕ ਨਜ਼ਰ ਆ ਰਿਹਾ ਹੈ।ਇਹ ਸਿਧਾਂਤਕ ਫਰਕ ਹੈ।ਇਹ ਮੁਢਲਾ ਫਰਕ ਹੈ।ਇਹੋ ਜਿਹਿਆਂ ਮਸਲਿਆਂ ਦਾ ਦੈਂਤ ਸਿੱਖ ਧਰਮ ਦੇ ਸਾਹਮਣੇ ਮੂੰਹ ਟੱਡੀ ਖੜ੍ਹਾ ਹੈ, ਜਿਸ ਬਾਰੇ ਫੈਸਲਾ ਕਰਕੇ ਸਾਰੇ ਸਿੱਖਾਂ ਲਈ ਇੱਕ ਹੀ ਰਹਿਤ ਮਰਿਆਦਾ ਵਿੱਚ ਬੰਨ੍ਹਣਾਂ ਹੁਣ ਦੇ ਹਲਾਤਾਂ ਵਿੱਚ ਬਹੁਤ ਵੱਡਾ ਮਸਲਾ ਹੈ ਅਤੇ ਜਿਸ ਨੂੰ ਹੱਲ ਕਰਨ ਲਈ ਸੂਝਵਾਨ ਅਤੇ ਈਮਾਨਦਾਰ ਧਾਰਮਿਕ ਲੀਡਰਸ਼ਿਪ ਦੀ ਬਹੁਤ ਜਰੁਰਤ ਹੈ।ਹੁਣ ਜੇਕਰ ਸਿੱਖ ਮਰਿਆਦਾ ਨਾਲ ਸਬੰਧਤ ਮਸਲਿਆਂ ਨੂੰ ਹੁਣ ਨਾ ਸੁਲਜਾਇਆ ਗਿਆ ਤਾਂ ਕੌਮ ਨੂੰ ਇੱਕਠਾ ਰੱਖਣਾ ਮੁਸ਼ਕਲ ਹੋ ਜਾਵੇਗਾ।

- ਜਸਵਿੰਦਰ ਸਿੰਘ ਭੁੱਲਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top