Main News Page

‘ਪ੍ਰਚਾਰ ਦੀ ਲੋੜ, ਹੱਕ ਅਤੇ ਜਿੰਮੇਦਾਰੀ’

ਜਿਸ ਵੇਲੇ ਸਿੱਖੀ ਪ੍ਰਚਾਰ ਦੀ ਗਲ ਹੁੰਦੀ ਹੈ ਤਾਂ ਇਸ ਨੂੰ ਮੌਜੂਦਾ ਸਮੇਂ ਦੀ ਇਕ ‘ਵੱਡੀ ਲੋੜ’ ਵਜੋਂ ਬਿਆਨ ਕੀਤਾ ਜਾਂਦਾ ਹੈ। ਸਿੱਖੀ ਦੇ ਪ੍ਰਚਾਰ ਦਾ ਅਗ਼ਾਜ ਸਾਹਿਬ ਸ੍ਰੀ ਗੁਰੂ ਨਾਨਕ ਜੀ ਤੋਂ ਹੈ। ਇਕ ਗਲ ਜੋ ਸਾਨੂੰ ਵਿਚਾਰਣੀ ਚਾਹੀਦੀ ਹੈ ਉਹ ਇਹ ਹੈ ਕਿ ਸਿੱਖੀ ਦਾ ਦਰਸ਼ਨ ਨਾਲ ਜੂੜਿਆ ਹੋਇਆ ਸਾਡਾ ਸਵਰੂਪ (ਕੇਸਾਧਾਰੀ ਹੋਣਾ) ਪਰਮਾਤਮਾ ਦੀ ਦੋਂਣ ਹੈ ਜਿਸ ਦੇ ਨਾਲ-ਨਾਲ ਕੁੱਝ ਹੋਰ ਅਹਿਮ ਚਿੰਨ੍ਹ ਗੁਰੂ ਨੇ ਸਾਨੂੰ ਧਾਰਣ ਕਰਣ ਦੀ ਤਾਕੀਦ ਕੀਤੀ ਹੈ। ਇਹ ਕੌਮੀ ਪ੍ਰਬੰਧ ਬਾਲ ਜੁੜੀਆਂ ਗਲਾਂ ਹਨ।

ਜਿਥੋਂ ਤਕ ਕੇਸਾਂ ਦਾ ਸਬੰਧ ਹੈ ਉਹ ਤਾਂ ਕੁਦਰਤ ਦੀ ਦੇਂਣ ਹਨ ਉਸ ਦੀ ਰਜ਼ਾ ਦਾ ਹਿੱਸਾ ਹਨ। ਇਸ ਦੇ ਨਾਲ ਸਿੱਖੀ ਦੇ ਦਰਸ਼ਨ ਦਾ ਪ੍ਰਚਾਰ ਇਕ ਵਿਸ਼ਾਲ ਵਿਸ਼ਾ ਹੈ ਜਿਸ ਦੇ ਪ੍ਰਚਾਰ ਦਾ ਜਿੰਮਾ ਗੁਰੂਆਂ ਨੇ ਸਿੱਖਾਂ ਤੇ ਪਾਇਆ ਸੀ। ਇਸ ਜਿੰਮੇਦਾਰੀ ਦੇ ਪ੍ਰਤੀ ਸਭ ਤੋਂ ਪਹਿਲਾਂ ਸਾਨੂੰ ਸਮਝ ਲੇਣਾ ਚਾਹੀਦਾ ਹੈ ਕਿ ਇਸ ਦਰਸ਼ਨ ਦੇ ਪ੍ਰਚਾਰ ਦਾ ਮਕਸਦ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਨਾ ਬਲਕਿ ਇਸ ਪ੍ਰਚਾਰ ਰਾਹੀਂ ਧਰਮ ਬਾਰੇ ਲੋਕਾਈ ਦੀ ਮਤਿ ਵਿਚ ਪਰਿਵਰਤਨ ਕਰਨਾ ਹੈ। ਇਹ ਗੁਰੂ ਨਾਨਕ ਦੇ ਦਰਸ਼ਨ ਦਾ ਸਭ ਤੋਂ ਵਿਲਖਣ ਮਾਨਵਤਾ ਵਾਦੀ ਪੱਖ ਹੈ। ਇਹੀ ਗੁਰੂ ਨਾਨਕ ਦੇ ਪ੍ਰਚਾਰ ਦਾ ਟੀਚਾ ਹੈ ਜਿਸ ਦੀ ਪ੍ਰਾਪਤੀ ਲਈ ਸਾਨੂੰ ਅਪਣੇ ਪ੍ਰਚਾਰ ਦੇ ਤੌਰ ਤਰੀਕਿਆਂ ਤੇ ਨਜ਼ਰ ਸਾਨੀ ਕਰਨੀ ਪਵੇਗੀ। ਸਾਨੂੰ ਆਤਮ-ਚਿੰਤਨ ਦੀ ਲੋੜ ਹੈ।

ਅਪਣੇ ਦਰਸ਼ਨ ਦਾ ਪ੍ਰਚਾਰ ਇਕ ਕੁਦਰਤੀ ਅਤੇ ਕਾਨੂੰਨੀ ਹੱਕ ਹੈ। ਅੱਜ ਪ੍ਰਚਾਰ ਵਿੱਚ ਜੂੜਿਆਂ ਧਿਰਾਂ ਦੀ ਭਰਮਾਰ ਹੈ। ਇਹ ਗਲ ਵੱਖਰੀ ਹੈ ਕਿ ਇਨ੍ਹਾਂ ਧਿਰਾਂ ਦੇ ਅਸਰ ਦਾ ਖੇਤਰ ਵੱਖਰਾ –ਵੱਖਰਾ ਹੈ। ਜੇਕਰ ਇਸ ਲੇਖ ਰਾਹੀਂ ਇਨ੍ਹਾਂ ਵਿਚੇਂ ਕੁੱਝ ਧਿਰਾਂ ਦੇ ਆਪਸੀ “ਪ੍ਰੇਮ-ਭਾਵ” ਦੀ ਗਲ ਨਾ ਵੀਂ ਕੀਤੀ ਜਾਏ, ਇਨੀਂ ਗਲ ਤਾਂ ਨਜ਼ਰ ਆਉਦੀ ਹੈ ਕਿ ਉਨ੍ਹਾਂ ਦੇ ਪ੍ਰਚਾਰ ਦਾ ਦਾਇਰਾ ਸਿੱਖਾਂ ਤਕ ਹੀ ਮਹਦੂਦ ਹੈ। ਇਹ ਜਰੂਰੀ ਤਾਂ ਹੈ ਪਰ ਇਹ ਇਕ ਆਤਮ-ਰੱਖਿਅਕ (Defensive) ਦਾਇਰਾ ਹੈ। ਸੂਭਾਵਿਕ ਜਿਹੀ ਗਲ ਹੈ ‘ਮਰਤਾ ਕਿਆ ਨਾ ਕਰਤਾ’। ਇਸ ਦੀ ਅਪਣੀ ਜਰੂਰਤ ਹੈ। ਐਸੀਆਂ ਵਾਜਿਬ ਕੋਸ਼ਿਸ਼ਾਂ ਦਾ ਸੁਆਗਤ ਅਤੇ ਸਹਿਯੋਗ ਤਾਂ ਹੋਣਾ ਹੀ ਚਾਹੀਦਾ ਹੈ। ਪਰ ਆਉ ਜ਼ਰਾ ਇਸ ਤੋਂ ਅਗੇ ਚਲੀਏ।

ਜੰਗ ਦੇ ਮੁਹਾਜ਼ ਵਿਚ ਫ਼ੋਜਾਂ ਕਈ ਵਾਰ ਆਤਮ ਰਖਿਆ ਲਈ ਬੰਕਰਾਂ ਜਾਂ ਮੋਰਚਿਆਂ ਦਾ ਇਸਤੇਮਾਲ ਤਾਂ ਕਰਦੀਆਂ ਹੀ ਹਨ। ਇਹ ਅਪਣੀ ਸੁਰੱਖਿਆ ਲਈ ਵਰਤਿਆ ਜਾਣ ਵਾਲਾ ਇਕ ਅਹਿਮ ਢੰਗ ਹੁੰਦਾ ਹੈ। ਪਰ ਨਾਲ ਹੀ ਫ਼ਤੇਹ ਹਾਸਲ ਕਰਨ ਲਈ ਇਹ ਜਰੂਰੀ ਬਣਦਾ ਹੈ ਕਿ ਵੇਲੇ ਸਿਰ ਮੋਰਚਿਆਂ ਤੋਂ ਬਾਹਰ ਨਿਕਲ ਜੁਝਿਆ ਜਾਵੇ। ਕੇਵਲ ਅਤੇ ਕੇਵਲ ਆਤਮ-ਰਖਿਆ ਲਈ ਮੋਰਚਿਆਂ ਵਿਚ ਵੜੇ ਸਿਪਾਹੀ ਬਿਨਾ ਬਾਹਰ ਨਿਕਲੇ ਕੋਈ ਮੈਦਾਨ ਨਹੀਂ ਜਿੱਤ ਸਕਦੇ। ਇਹ ਆਤਮ-ਰੱਖਿਆ ਦੇ ਨਾਲ-ਨਾਲ ਹਮਲੇ ਦੀ ਰਣਨੀਤੀ ਹੁੰਦੀ ਹੈ ਜੋ ਕਿ ਸਫ਼ਲਤਾ ਜਾਂ ਟੀਚਾ ਪ੍ਰਾਪਤੀ ਲਈ ਜਰੂਰੀ ਹੁੰਦੀ ਹੈ।

ਵਿਚਾਰਕ ਖੇਤਰ ਵਿਚ ਵੀ ਸਾਨੂੰ ਇਹ ਸਬਕ ਗੁਰੂ ਨਾਨਕ ਤੋਂ ਲੇਣਾ ਚਾਹੀਦਾ ਹੈ। ਸਿੱਖੀ ਦਰਸ਼ਨ ਦੇ ਪ੍ਰਚਾਰ ਵਿਚ ਗੁਰੂ ਨਾਨਕ ਬਤੌਰ ਪਹਿਲੇ ਪ੍ਰਚਾਰਕ ਅੱਜ ਤੱਕ ਦੇ ਸਭ ਤੋਂ ਕਾਮਯਾਬ ਅਤੇ ਅਸਰਦਾਰ ਪ੍ਰਚਾਰਕ ਸਨ। ਅੱਜ ਦੇ ਪ੍ਰਚਾਰਕਾਂ ਨੂੰ ਗੁਰੂ ਨਾਨਕ ਪਾਸੋਂ ਪ੍ਰਚਾਰ ਦਾ ਢੰਗ ਵੀ ਸਿੱਖਣਾ ਚਾਹੀਦਾ ਹੈ। ਆਉ ਇਹ ਨੁਕਤੇ ਤੇ ਜ਼ਰਾ ਵਿਚਾਰ ਕਰ ਲਈਏ।

ਗੁਰੂ ਨਾਨਕ ਜੀ ਨੇ ਉਦਾਸੀਆਂ ਰੂਪੀ ਪ੍ਰਚਾਰ ਦੋਰੇ ਕੀਤੇ ਸੀ। ਇਹ ਸਾਨੂੰ ਹੁਣ ਗੁਰੂ ਨਾਨਕ ਬਾਰੇ ਇਕ ਆਮ ਗਿਆਨ (General Knowledge) ਜਿਹੀ ਗਲ ਲਗਦੀ ਹੈ। ਹਰ ਪ੍ਰਚਾਰਕ ਜਾਂ ਲੇਖਕ ਇਨਾਂ ਉਦਾਸੀਆਂ ਦੀ ਚਰਚਾ ਆਮ ਕਰਦਾ ਹੈ। ਅਸੀਂ ਇਹ ਸੁਣਦੇ-ਪੜਦੇ ਹੈਰਾਨ ਵੀ ਹੁੰਦੇ ਹਾਂ ਕਿ ਗੁਰੂ ਨਾਨਕ ਜੀ ਨੇ ਇੰਨੀਆਂ ਲੰਬੀਆਂ ਅਤੇ ਕਠਿਨ ਯਾਤਰਾਵਾਂ ਕਿੰਨੇ ਸਬਰ ਅਤੇ ਸੰਤੋਖ ਨਾਲ ਕੀਤੀਆਂ ਸਨ। ਪਰ ਅਸੀਂ ਕਦੇ ਅਪਣੇ ਆਪ ਤੋਂ ਇਹ ਸਵਾਲ ਨਹੀਂ ਕੀਤਾ ਕਿ ਕੀ ਇਨ੍ਹਾਂ ਪ੍ਰਚਾਰ ਦੌਰਿਆਂ ਦਾ ਮਕਸਦ ਸਿੱਖੀ ਦਾ ਬਚਾਵ ਕਰਨਾ? ਗੁਰੂ ਨਾਨਕ ਜੀ ਦੇ ਸਦੂਰ ਖੇਤਰਾਂ (Distant places) ਵਿਚ ਪ੍ਰਚਾਰ ਦਾ ਮਕਸਦ ਸਿੱਖੀ ਦੀ ਆਤਮ-ਰਖਿਆ ਨਹੀਂ ਸੀ ਕਿਉਂਕਿ ਉਹ ਖੇਤਰ ਨਵੇਂ ਸਨ ਜਿੱਥੇ ਨਾਨਕ ਨਾਮ ਲੇਵਾ ਲੋਕ ਨਹੀਂ ਸਨ ਰਹਿੰਦੇ। ਉਹ ਇਕ Proactive ਪ੍ਰਚਾਰ ਪੱਧਤੀ ਸੀ। ਯਾਨੀ ਕੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਜਿੱਥੇ ਸਿੱਖੀ ਦਾ ਗਿਆਨ ਨਹੀਂ ਸੀ ਅਤੇ ਧਰਮ ਪ੍ਰਤੀ ਅਗਿਆਨਤਾ ਦਾ ਬੋਲਬਾਲਾ ਸੀ। ਇਹ ਪ੍ਰਚਾਰ ਪੱਧਤੀ ਸਿੱਖੀ ਦਾ ਬਚਾਉ ਨਹੀਂ ਸੀ। ਉਹ ਅਗਿਆਨਤਾ ਭਰੇ ਮਾਹੋਲ ਵਿਚ ਗਿਆਨ ਅਤੇ ਮਾਨਵਤਾਵਾਦੀ ਦਰਸ਼ਨ ਦੀ ਪਹਿਲਕਦਮੀ ਸੀ। ਇਹ ਮਾਤਰ ਮੋਰਚਿਆਂ ਵਿਚ ਵੜੇ ਰਹਿਣ ਵਰਗਾ ਬਚਾਉ ਦਾ ਇੱਕ ਉਪਾਅ ਨਹੀਂ ਸੀ ਜਿਵੇਂ ਕਿ ਅਜ ਹੋ ਰਿਹਾ ਹੈ। ਇਸ ਪਾਸੇ ਅਸੀਂ ਅਪਣੇ ਕਦਮ ਰੋਕ ਚੁਕੇ ਹਾਂ।

ਇਹ ਗਲ ਠੀਕ ਹੈ ਕਿ ਹਰ ਵਿਚਾਰਧਾਰਕ ਅਪਣੀ ਵਿਚਾਰਧਾਰਾ ਨਾਲ ਪਿਆਰ ਕਰਦਾ ਹੈ। ਹਰ ਧਾਰਮਿਕ ਆਪਣੇ ਧਰਮ ਨਾਲ ਪਿਆਰ ਕਰਦਾ ਹੈ। ਇਹ ਗਲ ਇਕ ਮਨੋਵਿਗਿਆਨਕ ਤੱਥ ਹੈ ਅਤੇ ਇਸ ਪਿਆਰ ਦੇ ਚਲਦੇ ਦਰਸ਼ਨ ਦੇ ਨਾਲ-ਨਾਲ ਆਪੋ ਅਪਣੇ ਸਭਿਆਚਾਰ ਨੂੰ ਸੰਭ੍ਹਾਲਣ ਦੇ ਜ਼ਰੂਰੀ ਉਪਰਾਲੇ ਵੀ ਹੁੰਦੇ ਹਨ। ਇਹ ਇਕ ਸੁਭਾਵਕ ਆਤਮ-ਰਖਿਅਕ ਤਰੀਕਾ ਹੁੰਦਾ ਹੈ। ਪਰ ਗੁਰੂ ਨਾਨਕ ਤਾਂ ਮਾਨਵਤਾ ਦੇ ਰਖਿਅਕ ਸਨ। ਉਨ੍ਹਾਂ ਦੀ ਇਸੇ ਵਿਚਾਰਧਾਰਾ ਦਾ ਪਾਲਣ ਬਾਕੀ ਨੋਂ ਗੁਰੂਆਂ ਨੇ ਕੀਤਾ ਸੀ। ਇਥੋਂ ਤਕ ਕਿ ਉਹੀ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗਿਆਨ ਦੇ ਰੂਪ ਵਿਚ ਅਜ ਵੀ ਸਾਡਾ ਗੁਰੂ ਹੈ। ਆਤਮ-ਰਖਿਆ ਸਾਡਾ ਹੱਕ ਹੈ। ਪਰ ਜੇਕਰ ਅਸੀਂ ਸਮਝ ਸਕੀਏ ਤਾਂ ਆਕ੍ਰਮਕ ਹੋਣਾ ਜ਼ਿੰਮੇਦਾਰੀ ਦਾ ਭਾਵ ਹੈ। ਅਸੀਂ ਅਪਣੇ ਹੱਕ ਪ੍ਰਤੀ ਸੁਚੇਤ ਤਾਂ ਹਾਂ ਪਰ ਸਾਡੀ ਜਿੰਮੇਦਾਰੀ ਕਿਥੇ ਹੈ? ਕੀ ਸਰਬਤ ਦਾ ਭਲਾ ਕੇਵਲ ਬੰਕਰਾਂ ਅਤੇ ਮੋਰਚਿਆਂ ਦੀ ਗਹਰਾਇਆਂ ਵਿਚ ਵੜੇ ਰਹਿ ਕੇ ਪ੍ਰਾਪਤ ਕੀਤਾ ਜਾਏਗਾ? ਕੇਵਲ ਆਤਮ-ਰਖਿਆ ਵਿਚ ਹੀ ਲਗੇ ਕੀਤੇ ਦੇਰ ਨਾ ਹੋ ਜਾਏ। ਪ੍ਰਚਾਰ ਨਾਲ ਜੁੜੇ ਧਿਰਾਂ ਨੂੰ ਇਸ ਬਾਰੇ ਜਲਦੀ ਸੋਚਣਾ ਪਵੇਗਾ।

ਇਥੇ ‘ਆਕ੍ਰਮਣ’ ਦੇ ਭਾਵ ਨੂੰ ਸਪਸ਼ਟ ਕਰਨਾ ਜਰੂਰੀ ਹੈ ਤਾਕਿ ਇਸ ਸਬੰਧ ਵਿਚ ਕੋਈ ਭੁਲੇਖਾ ਨਾ ਰਹੇ। ਆਕ੍ਰਮਣ ਦਾ ਅਰਥ ਕਿਸੇ ਤੇ ਹਮਲਾ ਕਰਨਾ ਨਹੀਂ। ਇਹ ਇਕ Proactive ਪਹੁੰਚ ਹੈ। ਇਸਦਾ ਮਕਸਦ ਧਰਮ ਪਰਿਵਰਤਨ ਦੀ ਗਲ ਨਹੀਂ ਬਲਕਿ ਇਹ ਧਰਮ ਦੇ ਪ੍ਰਤੀ ਅਗਿਆਨਤਾ ਭਰੀ ਸਮਝ ਵਿਚ ਪਰਿਵਰਤਨ ਦੀ ਗਲ ਹੈ। ਇਹ ਅਪਣੀ ਸੰਖਿਆ ਵਿਚ ਵਾਧੇ ਦੀ ਗਲ ਨਹੀਂ ਬਲਕਿ ਇਹ ਅਗਿਆਨਤਾ ਵਿਚ ਕਟੋਤੀ ਦਾ ਭਾਵ ਹੈ। ਇਹ ਰਾਜਨੀਤਕ ਸੱਤਾ ਦੀ ਪ੍ਰਾਪਤੀ ਨਹੀਂ ਇਹ ਮਾਨਵਤਾ ਪ੍ਰਤੀ ਸਮਰਪਤ ਹੋ ਕੇ ਚਲਣ ਦੀ ਮੰਸ਼ਾ ਹੈ।

ਕੀ ਅੱਜ ਦੀ ਦੁਨਿਆ ਵਿਚ ਸਵਾਏ ਸਿੱਖਾਂ ਦੇ ਕਿਸੇ ਨੂੰ ਗੁਰੂ ਨਾਨਕ ਦੇ ਦਰਸ਼ਨ ਦੀ ਲੋੜ ਨਹੀਂ? ਕੀ ਅੱਜ ਦੀ ਦੁਨਿਆਂ ਵਿਚ ਉਹ ਤਰਕਸ਼ੀਲ ਮਾਨਸਿਕਤਾ ਨਹੀਂ ਬਚੀ ਜਿਸ ਨੂੰ ਕਦੇ ਗੁਰੂ ਨਾਨਕ ਨੇ ਹਲੂਣਾ ਦੇ ਜਗਾਇਆ ਸੀ? ਨਿਰ-ਸੰਦੇਹ ਉਹ ਹੈ ਅਤੇ ਰਹੇਗੀ। ਉਸ ਮਾਨਸਿਕਤਾ ਤੱਕ ਪਹੁੰਚਣਾ ਗੁਰੂ ਨਾਨਕ ਦੇ ਪ੍ਰਚਾਰ ਦਾ ਤਰੀਕਾ ਸੀ। ਅਸੀਂ ਸਦੀਆਂ ਤੋਂ ਇਸ ਤਰੀਕੇ ਤੋਂ ਵਿਹੂਣੇਂ ਹੋ ਵਿਚਾਰਕ ਅਤੇ ਪ੍ਰਚਾਰਕ ਬਣੇ ਭਟਕ ਰਹੇ ਹਾਂ। ਅਸੀਂ ਸਰਬਤ ਦਾ ਭਲਾ ਮੰਗਣ ਵਾਲੇ ਅਜ ਕੇਵਲ ਅਪਣੇ ਬਚਾਉ ਦੇ ਹਕ ਦੀ ਗਲ ਕਰਦੇ ਹਾਂ। ਇਹ ਗਲਤ ਨਹੀਂ ਪਰ ਸਰਬਤ ਦੇ ਭਲੇ ਪ੍ਰਤੀ ਸਾਡੀ ਜਿੰਨੇਦਾਰੀ ਕਿਥੇ ਹੈ? ੍ਹੱਕ ਅਤੇ ਜਿੰਮੇਦਾਰੀ ਇੱਕਠਿਆਂ ਚਲਣ ਵਾਲੀਆਂ ਗਲਾਂ ਹਨ। ਪਰ ਇਹ ਇੱਕਠੇ ਚਲ ਨਹੀਂ ਰਹੀਆਂ।
ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ (ਪੰਨਾ 62, ਆਦਿ ਗੁਰੂ ਗ੍ਰੰਥ ਸਾਹਿਬ ਜੀ )

ਦਰਸ਼ਨ ਅਪਣੇ ਆਪ ਨਹੀਂ ਚਲਦਾ। ਦਰਸ਼ਨ ਸੱਚਾ ਹੋ ਸਕਦਾ ਹੈ ਪਰ ਆਚਾਰ ਦੇ ਬਿਨਾ ਕਦੇ ਵਿਵਹਾਰਕ ਨਹੀਂ ਹੁੰਦਾ। ਜਿਸ ਵੇਲੇ ਸੱਚ ਵਿੱਚ ਵਿਵਹਾਰ ਜੁੜਦਾ ਹੈ ਤਾਂ ਹੀ ਸਚਿਆਰਾ ਹੋਂਣ ਦਾ ਮਰਗ ਖੁੱਲਦਾ ਹੈ। ਅਤੇ ਜਦ ਐਸਾ ਹੁੰਦਾ ਹੈ ਤਾਂ ਆਚਾਰ ਸੱਚ ਤੋਂ ੳੱਪਰ ਹੋ ਨਿਤਰਦਾ ਹੈ। ਸਚਿਆਰਾ ਹੋਂਣ ਲਈ ਸੱਚ ਜਾਣ ਲੇਣਾ ਹੀ ਕਾਫੀ ਨਹੀ। ਬੇਸ਼ਕ ਸੱਚ ਜਾਣ ਲੈਣ ਨਾਲ ਸਿਆਣਾ ਹੋਇਆ ਜਾ ਸਕਦਾ ਹੈ ਪਰ ਜੇ ਸਿਆਣਪ ਕਿਸੇ ਦੇ ਕੰਮ ਦੀ ਨਾ ਹੋਵੇ ਤਾਂ ਕਿਸੇ ਕੰਮ ਦੀ ਨਹੀਂ।
ਜਪੁ ਦੀ ਬਾਣੀ ਦੀ ਪਹਿਲੀ ਹੀ ਪਉੜੀ ਵਿਚ ਗੁਰੂ ਨਾਨਕ ਸੁਚੇਤ ਕਰਦੇ ਹਨ:

“ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (ਪੰਨਾ 1, ਆਦਿ ਗੁਰੂ ਗ੍ਰੰਥ ਸਾਹਿਬ ਜੀ )

ਗੁਰੂ ਨਾਨਕ ਨੇ ਬੜੇ ਸਪਸ਼ਟ ਅਤੇ ਗਹਿਰੇ ਅੰਦਾਜ਼ ਨਾਲ ਸੁਚੇਤ ਕੀਤਾ ਹੈ। ਉਹ ਕਹਿੰਦੇ ਹਨ ‘ਹੁਕਮਿ ਰਜਾਈ ਚਲਣਾ’। ਇਹ ਚਲਣ ਦਾ ਨੁਕਤਾ ਹੈ। ਕਿਸ ਲਈ ਚਲਣਾ ਹੈ? ਸਚਿਆਰਾ ਹੋਣ ਲਈ। ਸੱਚ ਤਾਂ ਖੜਾ ਰਹਿੰਦਾ ਹੈ। ਆਪ ਨਹੀਂ ਤੁਰਦਾ। ਜੋ ਸੱਚ ਤੇ ਤੁਰਦਾ ਹੈ ਉਹ ਸਚਿਆਰਾ ਹੈ। ਸਚਿਆਰਾ ਕ੍ਰਿਆਸ਼ੀਲਤਾ ਹੈ। ਸੱਚ ਤੇ ਤੁਰਨਾ ਹੈ ਤਾਂ ਵੀ ਗੁਰੂ ਨਾਨਕ ਨੂੰ ਸਮਝਣਾ ਪਵੇਗਾ ਕਿ ਤੁਰਨਾ ਕਿਵੇਂ ਹੈ? ਗੁਰੂ ਨਾਨਕ ਹੀ ਇਕ ਸਰਵੋਤਮ ਮਾਡਲ ਹੋ ਸਕਦੇ ਨੇ ਐਸੀਆਂ ਜੁਗਤਾਂ ਨੂੰ ਸਮਝਣ ਲਈ।

ਜਪੁ ਦੀ ਬਾਣੀ ਦੇ ਹੀ ਅਖੀਰ ਵਿਚ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥(ਪੰਨਾ 8,ਆਦਿ ਗੁਰੂ ਗ੍ਰੰਥ ਸਾਹਿਬ )

ਗੁਰੂਬਾਣੀ ਵਿਚ ਚੰਗੇ ਆਤਮਿਕ ਜੀਵਨ ਦੀ ਜੁਗਤ ਹੈ। ਪਰ ਇਹ ਉਸ ਤਰਜ਼ ਦੀ ਜੁਗਤ ਨਹੀਂ ਜਿਸ ਵਿਚ ਕੇਵਲ ਨਿਜੀ ਉੱਨਤੀ ਦੇ ਗੀਤ ਗਏ ਜਾਂਦੇ ਰਹੇ ਹਨ। ਆਲੇ-ਦੁਆਲੇ ਹੋਠਾਂ ਡਿੱਗੇ ਹੋਏ ਬੰਦਿਆਂ ਦੀ ਵਿਚੋਂ ਕੋਈ ਤੁਰਦਾ ਅਗੇ ਨਿਕਲਦਾ ਜਾਏ ਤਾਂ ਕੀ ਤੁਰਨਾ? ਗੁਰੂ ਨਾਨਕ ਨੇ ਡਿੱਗੇ ਹੋਏ ਬੰਦਿਆਂ ਨੂੰ ਉਠਾਉਂਦੇ ਚਲਣ ਦੀ ਮਸ਼ਕਤ ਨੂੰ ਸਫ਼ਲ ਮਨਿਆਂ ਹੈ। ਇਹ ਪਰਮਾਤਮਾ ਨੂੰ ਧਿਆਉਣ ਦੀ ਜੁਗਤ ਹੈ ਜਿਸ ਰਾਹੀਂ ਚਲਦਾ ਬੰਦਾ ਕਈ ਹੋਰ ਮਨੁੱਖਾ ਦੀ ਮਾਨਸਿਕਤਾ ਨੂੰ ਉਠਾਉਂਦਾ ਤੁਰਦਾ ਆਪਣੀ ਜੀਵਨ ਦੀ ਘਾਲਣਾ ਸਫ਼ਲ ਕਰ ਜਾਂਦਾ ਹੈ। ‘ਕੇਤੀ’ ਦੇ ਭਾਵ ਵਿਚ ਕੇਵਲ ਸਾਡੀ ਅਪਣੀ ਹੀ ਗਲ ਨਹੀ। ਇਸੇ ਸਮਝ ਰਾਹੀਂ ਮਨੱਖ ਦੀ ਸੁੰਦਰਤਾ (ਸ਼ਖਸੀਅਤ) ਨਿੱਖਰਦੀ (ਉਜਲ ਹੁੰਦੀ) ਹੈ ਅਤੇ ਉਹ ਜੀਵਨ ਅਤੇ ਜੀਵਨ ਤੋਂ ਬਾਅਦ ਵੀ ਸੁੰਦਰ ਕਹਿ ਕੇ ਯਾਦ ਕੀਤਾ ਜਾਂਦਾ ਰਹਿੰਦਾ ਹੈ।

ਗਲ ਕੇਵਲ ‘ਸਿੱਖ’ ਕਹੇ ਜਾਂਦੇ ਭਾਈਚਾਰੇ ਦੀ ਹੀ ਨਹੀਂ। ਗਲ ਸਾਡੀ ਸਮੁੱਚੀ ਜਿੰਮੇਦਾਰੀ ਦੀ ਹੈ। ਗੁਰੂ ਨਾਨਕ ਦੀ ਗਲ ਤੋਰਣ ਦੀ ਜਿੰਮੇਦਾਰੀ ਦਾ ਮਤਲਬ ਕੇਵਲ ਕਹੇ ਜਾਂਦੇ ਸਿੱਖਾਂ ਦੀ ਭਾਲ ਦੀ ਗਲ ਨਹੀਂ ਬਲਕਿ ਇਹ ਸਰਬਤ ਦੇ ਭਲੇ ਦੀ ਗਲ ਹੈ ਜਿਸ ਲਈ ਸਾਨੂੰ ਗੁਰੂ ਨਾਨਕ ਦੀ ਗਲ ਦੂਨਿਆਂ ਦੇ ਹਰ ਭਾਈਚਾਰੇ ਤਕ ਪਹੂੰਚਾਣੀ ਚਾਹੀਦੀ ਹੈ। ਇਹ ਸੰਖਿਆ ਵਾਧੇ ਦਾ ਭਾਵ ਨਹੀ ਇਹ ਉਸ ਦਰਸ਼ਨ ਪ੍ਰਤੀ ਸਹਮਤਿ ਪ੍ਰਾਪਤੀ ਦੀ ਗਲ ਹੈ ਜਿਸ ਵਿਚ ਹਰ ਧਰਮੀ ਨੂੰ ਅਪਣੇ ਧਰਮ ਦੇ ਅਸਲ ਮਤਲਬ ਨੂੰ ਸਮਝਣ ਦੀ ਜੁਗਤ ਪ੍ਰਾਪਤ ਹੈ ਸਕਦੀ ਹੈ। ਇਹੀ ਸਰਬਤ ਦਾ ਭਲਾ ਮੰਗਣ ਦਾ ਅਸਲ ਤਰੀਕਾ ਹੈ।

ਇਹ ਪਹਿਲ ਸੰਸਥਾਗਤ ਉਪਰਾਲੇ ਮੰਗਦੀ ਹੈ। ਇਸ ਲਈ ਵਸੀਲੇਦਾਰ ਸੰਸਥਾਵਾਂ ਵਲੋਂ ਪਹਿਲ ਦੀ ਉਡੀਕ ਹੈ। ਇਸ ਪਹਿਲ ਦੇ ਕਈ ਢੰਗ ਹਨ ਜਿਨ੍ਹਾਂ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ। ਕੀ ਇਸ ਲਈ ਕੋਈ ਤਿਆਰ ਹੈ? ਇਸ ਪੱਖ ਤੇ ਸਾਰੇ ਮਤਭੇਦ ਭੁਲਾ ਕੇ ਸਭ ਜਾਗਰੂਕ ਧਿਰਾਂ ਨੂੰ ਇੱਕਠੇ ਹੋ ਕੇ ਕੋਈ ਹਲ ਲੱਭਣ ਦੀ ਲੋੜ ਹੈ।

ਹਰਦੇਵ ਸਿੰਘ, ਜੰਮੂ - 09419184990


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top