Main News Page

ਬਿਪਰਵਾਦੀ ਹੱਥ ਉੱਪਰ ਭਾਵੇਂ ਭਗਵਾ ਦਸਤਾਨਾ ਚੜ੍ਹਿਆ ਹੋਵੇ ਜਾਂ ਤਿਰੰਗਾ ਪ੍ਰੰਤੂ ਮਕਸਦ ਸਿੱਖਾਂ ਦੇ ਕੌਮ ਘਾਤ ਦੀ ਰਾਜਨੀਤੀ ਹੈ

ਨੀਤੀਵਾਨ ਪੰਡਿਤ ਚਾਣਕਿਆ ਨੇ ਚਾਣਿਕਿਆ ਨੀਤੀ ਵਿਚ ਇਕ ਐਸੀ ਮਹਾਨ ਗੱਲ ਲਿਖੀ ਹੈ ਕਿ ਜੋ ਅੱਜ ਵੀ ਖਰੀ ਢੁਕਦੀ ਹੈ ਅਤੇ ਉਸ ਦਾ ਜ਼ਿਕਰ ਜ਼ਰੂਰੀ ਹੈ ਭਾਵੇਂ ਕਿ ਚਾਣਕਿਆ ਵੀ ਉੱਚ ਸਵਰਨ ਧਾਰੀ, ਸਾਮਰਾਜਵਾਦੀ ਮੰਨੂੰਵਾਦ ਆਧਾਰਿਤ ਬਿਪਰਵਾਦ ਦਾ ਮੁੱਦਈ ਹੈ, ਚਾਣਕਿਆ ਲਿਖਦਾ ਹੈ,

ਅਸਕਤੂ ਭਵਤ ਸਾਧੂ ਬ੍ਰਹਮਚਾਰੀ ਚ : ਨਿਰਧਨ॥ ਵਯਾਧਿਸ਼ਟੋ ਦੇਵ ਭਗਤ ਸ਼ਚ ਵ੍ਰਿਧਾ ਨਾਰੀ ਪ੍ਰਤੀਵ੍ਰਤਾ॥੩॥

ਭਾਵ ਕਿ ਸ਼ਕਤੀਹੀਣ ਅਤੇ ਨਾਮਰਦ ਮਨੁੱਖ ਬ੍ਰਹਮਚਾਰੀ ਹੋਣ ਦਾ ਢੋਂਗ ਰਚਾਉਂਦੇ ਹਨ, ਨਿਰਧਨ ਅਤੇ ਆਲਸੀ ਲੋਕ ਸਾਧੂ (ਦੇਹਧਾਰੀ ਗੁਰੂ) ਬਣਨ ਦਾ, ਦੀਰਘ ਬੀਮਾਰ ਦੇਵ ਭਗਤ ਅਤਿ ਵ੍ਰਿਧ ਇਸਤਰੀ ਕਈ ਵਾਰ ਵਧੇਰੇ ਪਤੀਵਰਤਾ ਹੋਣ ਦਾ ਢੋਂਗ ਕਰਦੀ ਹੈ।

ਜੇਕਰ ਇਸ ਦੇ ਅੰਤਰੀਵ ਭਾਵ ਵੱਲ ਝਾਤੀ ਮਾਰੀਏ ਤਾਂ ਧਰਮੀ ਠੇਕੇਦਾਰ, ਪਾਖੰਡਵਾਦ ਅਤੇ ਦੇਹਧਾਰੀ ਗੁਰੂ ਬਣਨ ਦੇ ਪਿੱਛੇ ਪਾਖੰਡੀ ਲੋਕਾਂ ਦੀ ਪਰਵਿਰਤੀ ਮਾਇਆ, ਐਸ਼ੋ ਇਸ਼ਰਤ ਦੀ ਪ੍ਰਾਪਤੀ ਅਤੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਸਮੋਹਿਤ ਕਰਕੇ ਆਪਣੀਆਂ ਕਰਤੂਤਾਂ 'ਤੇ ਪਰਦਾ ਪਾਉਣ ਦੀ ਹੁੰਦੀ ਹੈ। ਕੋਈ ਸ਼ੱਕ ਸੁਬ੍ਹਾ ਨਹੀਂ ਕਿ ਅੱਜ ਪੰਜਾਬ ਵਿਚ ਦੇਹਧਾਰੀ ਗੁਰੂ ਡੰਮ੍ਹ ਦਾ ਪੂਰਨ ਤੌਰ 'ਤੇ ਬੋਲ ਬਾਲਾ ਹੈ ਅਤੇ ਖਾਲਸਾ ਰਾਜ ਤੋਂ ਬਾਅਦ, ਸਹੀ ਅਰਥਾਂ ਵਿਚ ੧੮ਵੀਂ ਸਦੀ ਤੋਂ ਬਾਅਦ ਜਦੋਂ ਵੀ ਕੋਈ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਨਿਘਾਰ ਪ੍ਰਕਿਰਿਆ ਸ਼ੁਰੂ ਹੋਈ ਹੈ ਕਿਸੇ ਨਾ ਕਿਸੇ ਸਿਆਸੀ ਨਿਘਾਰ ਪ੍ਰਕਿਰਿਆ ਸ਼ੁਰੂ ਹੋਈ ਹੈ ਕਿਸੇ ਨਾ ਕਿਸੇ ਰੂਪ ਵਿਚ ਉਸ ਦੇ ਮਗਰ ਬਿਪਰਵਾਦ ਦਾ ਸਾਜ਼ਿਸ਼ੀ ਹੱਥ ਜ਼ਰੂਰ ਸ਼ਾਮਿਲ ਹੈ, ਬਿਪਰਵਾਦੀ ਹੱਥ ਉੱਪਰ ਭਾਵੇਂ ਭਗਵਾ ਦਸਤਾਨਾ ਚੜ੍ਹਿਆ ਹੋਵੇ ਜਾਂ ਤਿਰੰਗਾ ਪ੍ਰੰਤੂ ਮਕਸਦ ਸਿੱਖਾਂ ਦੇ ਕੌਮ ਘਾਤ ਦੀ ਰਾਜਨੀਤੀ ਹੈ। ਇਕ ਸੁਹਿਰਦ ਹਿੰਦੂ ਵੀਰ ਜੀ.ਬੀ. ਮਾਨਸੁਖਾਨੀ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਇਸ ਬਿਪਰਵਾਦੀ ਸਾਜ਼ਿਸ਼ੀ ਨੀਤੀ ਦਾ ਗਹਿਰਾ ਅਧਿਐਨ ਕੀਤਾ ਹੈ, ਬਿਆਨ ਕਰਦੇ ਹਨ :-

If you were to trace the background of a reporter or an editor behind a particular anti-sikh report you would probably find him to be an arya-samajist of a member of Punjab - Haryana R.S.S.

ਭਾਵ ਕਿ ਅਗਰ ਤੁਸੀਂ ਕਿਸੇ ਐਸੇ ਰਿਪੋਰਟਰ ਜਾਂ ਐਡੀਟਰ ਜਿਸ ਨੇ ਕੋਈ ਵਿਸ਼ੇਸ਼ ਸਿੱਖ ਵਿਰੋਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੋਵੇ, ਦਾ ਪਿਛੋਕੜ ਜਾਨਣਾ ਚਾਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਕੋਈ ਆਰੀਆ ਸਮਾਜ ਜਾਂ ਪੰਜਾਬ ਹਰਿਆਣੇ ਤੋਂ ਆਰ.ਐਸ.ਐਸ. ਦਾ ਮੈਂਬਰ ਹੋਵੇਗਾ। ਗੱਲ ਬੜੀ ਸਪੱਸ਼ਟ ਹੈ, ਸਿੱਖ ਕੌਮ ਖਿਲਾਫ ਸਾਜ਼ਿਸ਼ ਚਾਹੇ ਕੋਈ ਰਾਜਨੀਤਿਕ ਕਾਰਨਾਂ ਕਰਕੇ ਘੜੀ ਜਾਂਦੀ ਹੈ ਜਾਂ ਫਿਰ ਧਾਰਮਿਕ ਉਸ ਦੇ ਪਿੱਛੇ ਬਿਪਰਵਾਦ ਦਾ ਹੱਥ ਜ਼ਰੂਰ ਹੈ। ਖਾਲਸਾ ਰਾਜ ਦੇ ਅੰਤ ਤੋਂ ਲੈ ਕੇ ਅੱਜ ਤੱਕ ਵਾਪਰੀਆਂ ਘਟਨਾਵਾਂ ਅਤੇ ਖੁੰਭਾਂ ਵਾਂਗ ਪੈਦਾ ਹੋਇਆ ਦੇਹਧਾਰੀ ਗੁਰੂ ਡੰਮ੍ਹ ਇਸ ਦੀ ਪ੍ਰਤੱਖ ਮਿਸਾਲ ਹੈ ਭਾਵੇਂ ਕਿ ਅਸੀਂ ਇਸ ਬਿਪਰਵਾਦੀ ਗਿਰਗਟ ਦੇ ਬਦਲਦੇ ਰੰਗਾਂ ਨੂੰ ਪਛਾਨਣ ਵਿਚ ਨਕਾਮ ਰਹੇ ਹਾਂ ਜਿਸ ਦਾ ਸਿਹਰਾ ਸਾਡੀ ਅਖੌਤੀ ਪੰਥਕ ਲੀਡਰਸ਼ਿਪ ਦੇ ਸਿਰ ਬੱਝਦਾ ਹੈ ਜਿਸ ਨੇ ਨਿੱਜੀ ਮੁਫਾਦਾਂ ਨੂੰ ਲੈ ਕੇ ਸਮੇਂ-ਸਮੇਂ ਕੌਮ ਨਾਲ ਵਿਸਾਹਘਾਤ ਕੀਤਾ ਹੈ ਹਰ ਪੰਥ ਵਿਰੋਧੀ ਕਾਰਜ ਵਿਚ ਬਿਪਰਵਾਦ ਦੀ ਕੁਹਾੜੀ ਦਾ ਦਸਤਾ ਬਣੇ।

ਅੱਜ ਦੇ ਜ਼ਰਖਰੀਦ ਅਕਾਲੀ ਆਗੂਆਂ ਦੀ ਪੰਥ ਵਿਰੋਧੀ ਸਿਆਸੀ ਦੜੇਬਾਜੀ ਅਤੇ ਕੌਮ ਘਾਤ ਦੀ ਰਾਜ ਨੀਤੀ ਦਾ ਤਕਾਜ਼ਾ ਲਗਾਉਣਾ ਔਖਾ ਨਹੀਂ ਹੈ। ਨਾ ਹੀ ਦਿਮਾਗੀ ਦਿਵਾਲੀਆਪਨ ਕਿਸੇ ਖਾਸ ਛਾਣ ਬੀਣ ਦਾ ਮੁਥਾਜ ਹੈ ਪ੍ਰੰਤੂ ਇਨ੍ਹਾਂ ਦੀਆਂ ਕੌਮ ਘਾਤੀ ਕਰਤੂਤਾਂ ਨੂੰ ਤੱਕ ਦੇ ਸੁਹਿਰਦ ਰਵਾਇਤੀ ਅਕਾਲੀ ਯੋਧਿਆਂ ਦੀਆਂ ਕੁਝ ਯਾਦਾਂ ਮਾਨਸਿਕ ਸੱਤਾ ਉਪਰ ਉਭਰਦੀਆਂ ਹਨ ਜਿਨ੍ਹਾਂ ਨਾਲ ਇਕ ਪਾਸੇ ਤਾਂ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ ਕਿ ਬਿਪਰਵਾਦ ਦੀਆਂ ਇਨ੍ਹਾਂ ਨੀਤੀਆਂ ਪ੍ਰਤੀ ਸਾਡੇ ਬਜ਼ੁਰਗ ਭਾਵੇਂ ਕਿ ਘੱਟ ਗਿਣਤੀ ਵਿਚ ਸਨ ਕਿੰਨੇ ਸੁਚੇਤ ਸਨ। ਪੰਜਾ ਸਾਹਿਬ (ਹੁਣ ਪਾਕਿਸਤਾਨ) ਦੇ ਗੁਰਦੁਆਰਾ ਸਾਹਿਬ ਦੇ ਸਾਕੇ ਤੋਂ ਬਾਅਦ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਝੱਬਰ ਦੀ ਅਗਵਾਈ ਵਿਚ ਕਰੀਬ ੫੦੦ ਸਿੰਘਾਂ ਦਾ ਜੱਥਾ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣ ਲਈ ਤੁਰਿਆ। ਜੱਥਾ ਤੁਰਨ ਤੋਂ ਬਾਅਦ ਕੁਝ ਕਾਂਗਰਸੀ ਸਿੱਖਾਂ ਨੇ ਬਿਪਰਵਾਦੀ ਆਗੂਆਂ ਦੀਆਂ ਗੱਲਾਂ ਵਿੱਚ ਆ ਕੇ ਜਥਾ ਰੋਕਣ ਦਾ ਪ੍ਰੋਗਰਾਮ ਬਣਾ ਲਿਆ।

ਇਨ੍ਹਾਂ ਕਾਂਗਰਸੀ ਆਗੂਆਂ ਦੇ ਹੱਥੇ ਚੜ੍ਹੇ ਸਿੱਖ ਲੀਡਰ ਅਮਰ ਸਿੰਘ ਝਬਾਲ ਦੀ ਅਗਵਾਈ ਵਿਚ ਜਥੇ ਨੂੰ ਰੋਕਣ ਗਏ। ਸਿੰਘਾਂ ਦਾ ਜੱਥਾ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਰੁਕਿਆ ਹੋਇਆ ਸੀ। ਸਰਦਾਰ ਅਮਰ ਸਿੰਘ ਝਬਾਲ ਨੇ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਕਿਹਾ ਕਿ ਤੁਸੀਂ ਜਥਾ ਵਾਪਸ ਲੈ ਆਓ, ਗਾਂਧੀ ਕਹਿ ਰਿਹਾ ਹੈ ਕਿ ੩੧ ਦਸੰਬਰ ਨੂੰ ਸਵਰਾਜ ਹੋ ਜਾਣਾ ਹੈ ਗੁਰਦੁਆਰਿਆਂ ਉੱਪਰ ਕਬਜ਼ੇ ਕਰਨਾ ਕੋਈ ਕੰਮ ਨਹੀਂ ਹੈ ਅਸੀਂ ਸਾਰੇ ਮਿਲ ਕੇ ਕਾਂਗਰਸ ਦਾ ਕੰਮ ਕਰੀਏ। ਕੌਮ ਦਾ ਦਰਦ ਰੱਖਣ ਵਾਲੇ ਦੂਰ ਅੰਦੇਸ਼ ਅਤੇ ਸੂਝਵਾਨ ਸਿੱਖ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਬੜੀ ਜੋਸ਼ੀਲੀ ਅਵਾਜ਼ ਵਿਚ ਜਵਾਬ ਦਿੱਤਾ¸ਮੈਨੂੰ ਉਸ ਬ੍ਰਾਹਮਣ ਗਾਂਧੀ ਦੇ ਪ੍ਰੋਗਰਾਮ ਉੱਪਰ ਫਿਲਹਾਲ਼ ਕੋਈ ਯਕੀਨ ਨਹੀਂ ਹੈ ਕਿ ਅੰਗਰੇਜ਼ ਐਡੀ ਛੇਤੀ ਹਿੰਦੁਸਤਾਨ ਛੱਡ ਕੇ ਤੁਰ ਜਾਣਗੇ ਪਰ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਕਿ ਸਵਰਾਜ ਹੋ ਜਾਵੇਗਾ ਤਾਂ ਸਾਡੇ ਗੁਰਦੁਆਰੇ ਵਧੇਰੇ ਖਤਰੇ ਵਿਚ ਪੈ ਜਾਣਗੇ।

ਅਜ਼ਾਦ ਹਿੰਦੁਸਤਾਨ ਵਿਚ ਹਿੰਦੂਆਂ ਦੀ ਹਕੂਮਤ ਹੋਵੇਗੀ, ਇਸ ਵੇਲੇ ਹਕੂਮਤ ਅੰਗਰੇਜ਼ ਦੀ ਹੈ ਅਸੀਂ ਗੁਰਧਾਮਾਂ ਦੇ ਕਬਜ਼ੇ ਲੈਂਦੇ ਹਾਂ ਉਹ ਚੁੱਪ ਹੈ ਕਿਉਂਕਿ ਉਨਵਾਂ ਨਾਲ ਸਾਡੀ ਮਜ਼ਹਬੀ ਮੁਖਾਲਫਿਤ ਨਹੀਂ ਹੈ ਪਰ ਜੇਕਰ ਗਾਂਧੀ ਦੇ ਕਹੇ ਮੁਤਾਬਿਕ ਹਿੰਦੂ ਸਮਰਾਜ ਆ ਗਿਆ ਤਾਂ ਸਾਨੂੰ ਕਿਸੇ ਨੇ ਗੁਰਧਾਮਾਂ ਦੇ ਨੇੜੇ ਫਟਕਣ ਨਹੀਂ ਦੇਣਾ ਕਿਉਂਕਿ ਹਿੰਦੂ ਸਾਡੇ ਨਾਲ ਮਜ਼ਹਬੀ ਮੁਖਾਲਫਿਤ ਰੱਖਦਾ ਹੈ ਅਤੇ ਸਾਡੇ ਧਰਮ ਦੇ ਵਿਰੋਧ ਵਿਚ ਖੜਦਾ ਹੈ। ਇਹ ਕੌਮ ਦੇ ਸੁਹਿਰਦ ਪੰਥਕ ਲੀਡਰਾਂ ਦੀ ਦੂਰ ਅੰਦੇਸ਼ੀ ਸੀ ਕਿ ਉਹ ਬਿਪਰਵਾਦੀ ਮਾਨਸਿਕਤਾ ਨੂੰ ਸਮਝਦੇ ਸਨ ਪ੍ਰੰਤੂ ਅਫਸੋਸ ਕਿ ਐਸੇ ਬਹੁਤ ਘੱਟ ਸਨ ਅਤੇ ਬਹੁਗਿਣਤੀ ਬਿਪਰਵਾਦ ਦੀ ਗੱਦੀ ਦਾ ਨਿੱਘਾ ਮਾਨਣਾ ਚਾਹੁੰਦੇ ਸਨ। ਅਸੀਂ ਸਿਆਸੀ ਧੜੇਬੰਦੀਆਂ ਵਿਚ ਵੰਡੇ ਰਹੇ ਪਰੰਤੂ ਆਪਣੇ ਪ੍ਰਮੁੱਖ ਦੁਸ਼ਮਣ ਦੀ ਪਹਿਚਾਣ ਕਰਨ ਤੋਂ ਅਸਮਰਥ ਰਹੇ ਕਿਉਂਕਿ ਸਾਡੀਆਂ ਅੱਖਾਂ ਉੱਪਰ ਬਿਪਰਵਾਦ ਨੇ ਲਾਲਚ ਦੀ ਪੱਟੀ ਬੰਨ੍ਹ ਦਿੱਤੀ ਹੈ। ਹਿਰਦੇ ਅੰਦਰ ਬਿਪਰਵਾਦ ਦੀ ਅਖੌਤੀ ਅਜ਼ਾਦੀ ਦਾ ਨਿੱਘ ਮਾਨਣ ਦਾ ਭੂਤ ਸਵਾਰ ਰਿਹਾ ਡੋਗਰਿਆਂ ਨੇ ਖੂਨ ਡੋਲ੍ਹ ਕੇ ਲਿਆ ਸਿੱਖ ਰਾਜ ਪਿੱਠ ਵਿਚ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਜ਼ਖਮੀ ਪਏ ਸ਼ੇਰ ਨੂੰ ਨੋਚਣ ਵਾਸਤੇ ਆਰੀਆ ਸਮਾਜ ਬਘਿਆੜਾਂ ਨੇ ਵਹੀਰਾਂ ਘੱਤ ਲਈਆਂ, ਗੁਰਧਾਮਾਂ ਉਪਰ ਬਿਪਰਵਾਦੀ ਮਸੰਦ ਕਾਬਜ਼ ਹੋ ਬੈਠੇ, ਪੰਜਾਬ ਦੇ ਹਿੰਦੂਆਂ ਨੇ ਇਸ ਘੜੀ ਸਿੱਖਾਂ ਨਾਲ ਹਮਦਰਦੀ ਜਤਾਉਣ ਦੀ ਬਜਾਏ ਪੂਰੀ ਤਰ੍ਹਾਂ ਨਾਲ ਸਿੱਖ ਵਿਰੋਧੀ ਅਨਸਰਾਂ ਦਾ ਸਾਥ ਦਿੱਤਾ ਗੁਰਬਾਣੀ ਦਾ ਕਥਨ ਹੈ:-

ਜੋ ਜੀਇ ਸੁ ਉਗਵੈ ਮੁਹ ਕਾ ਕਹਿਆ ਵਾਉ॥

ਪੰਡਤਿ ਨਹਿਰੂ ਵਰਗੇ ਸਿਆਸਤਦਾਨ ਕੋਲੋਂ ਵੀ ਇਹ ਸੱਚੀ ਗੱਲ ਲੁਕੀ ਨਾ ਰਹੀ ਅਤੇ ਹਾਈ ਕੋਰਟ ਦੇ ਉਦਘਾਟਨ ਦੇ ਸਮੇਂ ਕੌੜਾ ਸੱਚ ਬੋਲ ਦਿੱਤਾ ਕਿ ਪੰਜਾਬੀ ਹਿੰਦੂ ਪੰਜਾਬ ਵਿਚ ਫਿਰਕੂ ਮਾਹੌਲ ਪੈਦਾ ਕਰਨ ਦਾ ਜ਼ਿੰਮੇਵਾਰ ਹੈ ਅਤੇ ਪੰਜਾਬ ਇਸ ਬਿਮਾਰੀ ਦਾ ਸੈਂਟਰ ਬਣ ਗਿਆ ਹੈ।

ਆਰੀਆ ਸਮਾਜੀਆਂ ਅਤੇ ਪੰਥ ਵਿਰੋਧੀ ਲੇਖਕਾਂ ਦਾ ਬਿਪਰਵਾਦੀਆਂ ਵੱਲੋਂ ਡੱਟ ਕੇ ਸਾਥ ਦਿੱਤਾ ਗਿਆ। ਬਿਨਾਂ ਕਿਸੇ ਕੁਰਬਾਨੀ ਤੋਂ 'ਪੰਜਾਬ ਕੇਸਰੀ' ਬਣੇ ਲਾਲਾ ਲਾਜਪਤ ਰਾਏ ਨੇ ਜਿੱਥੇ ਪੰਜਾਬ ਵਿਚ ਆਰੀਆ ਸਮਾਜੀਆਂ ਦਾ ਡੱਟ ਕੇ ਸਾਥ ਦਿੱਤੇ ਉਥੇ ਨਾਲ ਹੀ, ਸਿੱਖ ਵਿਰੋਧੀ ਲੋਕਾਂ ਜਿਵੇਂ ਐਰਨੈਸਟਰੰਪ ਦੀ ਖੁੱਲ੍ਹ ਕੇ ਮਦਦ ਕੀਤੀ। ਹਿੰਦੂ ਵਾਦੀ ਲੋਕ ਜੋ ਉਸ ਸਮੇਂ ਪੰਜਾਬ ਵਿਚ ਸਿੱਖਾਂ ਦੀ ਮਾਨਸਿਕ ਅਤੇ ਰਾਜਸੀ ਸਥਿਤੀ ਦਾ ਲਾਭ ਲੈਂਦਿਆਂ ਹੋਇਆਂ ਹਿੰਦੂਤਵ ਦਾ ਪ੍ਰਚਾਰ ਕਰ ਰਹੇ ਸਨ ਤਾਂ ਜੋ ਖਾਲਸਾ ਪੰਥ ਨੂੰ ਆਪਣੀ ਆਗੋਸ਼ ਵਿਚ ਸਦਾ ਲਈ ਲਿਆ ਜਾ ਸਕੇ। ਉਨ੍ਹਾਂ ਵਾਸਤੇ ਇਹ ਸੁਨਹਿਰੀ ਮੌਕਾ ਸੀ, ਕਿ ਟਰੰਪ ਜਿਸ ਤੋਂ ਸੁਹਿਰਦ ਸਿੱਖ ਨਿਰਾਸ਼ ਹੋ ਚੁੱਕੇ ਹਨ ਪਰ ਇੰਡੀਆ ਆਫਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦ ਦੀ ਆਗਿਆ ਮਿਲੀ ਹੋਈ ਹੈ, ਕਿਉਂ ਨਾ ਇਸ ਕੋਲੋਂ ਮਨਮਰਜ਼ੀ ਸਹਿਤ ਵਿਆਖਿਆ ਕਰਾਈ ਜਾਵੇ। ਖਾਲਸਾ ਪੰਥ ਦੇ ਵਿਰੋਧੀਆਂ ਨੇ ਉਸ ਦਾ ਸਾਥ ਬੜੀ ਸੁਹਿਰਦਤਾ ਨਾਲ ਦਿੱਤਾ। ਕੱਟੜਵਾਦੀ ਹਿੰਦੂ ਵਾਦੀ ਜਥੇਬੰਦੀਆਂ ਓਰੀਐਂਟਲ ਸੁਸਾਇਟੀ ਅਤੇ ਅੰਜੁਮਨ-ਏ-ਪੰਜਾਬ ਦੀ ਸਰਪ੍ਰਸਤੀ ਹੇਠ ੧੮ ਮਹੀਨਿਆਂ ਦੇ ਸਮੇਂ ਉਪਰੰਤ ਮਿ: ਟਰੰਪ ਨੇ ਅਨੁਵਾਦ ਪ੍ਰਕਾਸ਼ਤ ਕੀਤਾ, ਜਿਸ ਵੇਲੇ ਇਹ ਵਿਦਵਾਨ, ਅਜੇ ਅਨੁਵਾਦ ਕਰ ਰਿਹਾ ਸੀ ਠੀਕ ਉਸ ਸਮੇਂ ਸਿੱਖ ਵਿਰੋਧੀਆਂ ਨੇ ਇਸ ਦੀ ਆੜ ਹੇਠ ਪੰਥ ਵਿਰੋਧੀ ਪ੍ਰਚਾਰ ਪ੍ਰਚੰਡਤਾ ਨਾਲ ਅਰੰਭ ਕਰ ਦਿੱਤਾ। ਸ਼ਰਮਾ ਰਾਮ ਫਲੌਰੀ ਵਰਗੇ ਅਖੌਤੀ ਪੰਜਾਬੀ ਹਤੈਸ਼ੀਆਂ ਨੇ ਗੁਰੂ ਸਾਹਿਬਾਨ ਪ੍ਰਤੀ ਘਟੀਆ ਸ਼ਬਦਾਵਲੀ ਸਟੇਜਾਂ ਉੱਪਰ ਵਰਤਣੀ ਅਰੰਭ ਕਰ ਦਿੱਤੀ। ਆਰੀਆ ਸਮਾਜੀਆਂ ਨੇ ਸੁਨਹਿਰੀ ਮੌਕਾ ਜਾਣ ਕੇ ਪਿੰਡ-ਪਿੰਡ ਜਾ ਕੇ ਪ੍ਰਚਾਰ ਅਰੰਭਿਆ ਤਾਂ ਜੋ ਸਿੱਧ ਕੀਤਾ ਜਾ ਸਕੇ ਕਿ ਸਿੱਖ ਹਿੰਦੂ ਹਨ, ਗੁਰਬਾਣੀ ਵੇਦਾਂ ਦਾ ਸਾਰ ਹੈ, ਜਪੁ ਜੀ ਸਾਹਿਬ ਗੀਤਾ ਦਾ ਰੂਪ ਹੈ ਅਤੇ ਗੁਰੂ ਸਾਹਿਬਾਨ ਅਨਪੜ੍ਹ ਵਿਅਕਤੀ ਸਨ।

ਹਿੰਦੂਆਂ ਨੂੰ ਸਵਰਾਜ ਮਿਲ ਗਿਆ ਅਤੇ ਸਿਆਸੀ ਖਾਤਮੇ ਦੇ ਨਾਲ ਸਿੱਖਾਂ ਦੀ ਧਾਰਮਿਕ ਹਮਲਿਆਂ ਪ੍ਰਤੀ ਕਿਰਿਆ ਤੇਜ਼ ਹੋ ਗਈ ਜਿਸ ਦੀਆਂ ਕੁਝ ਮਿਸਾਲਾਂ ਹੇਠ ਲਿਖੀਆਂ ਹਨ:-

  1. ੧੭ ਜੁਲਾਈ ਸ੍ਰੀ ਦਰਬਾਰ ਸਾਹਿਬ 'ਚ ਸਿਗਰਟਾਂ ਸੁਟੀਆਂ ਗਈਆਂ।
  2. ੩-੮-੧੯੫੭ ਨੂੰ ਕਿਸੇ ਬਲਦੇਵ ਰਾਜ ਨੇ ਇਕ ਅਜੀਤ ਸਿੰਘ ਦੇ ਵਾਲ ਕੱਟੇ (ਬਲਦੇਵ ਰਾਜ ਨੂੰ ਇਕ ਸਾਲ ਦੀ ਨੇਕ ਚਲਣੀ ਦੀ ਜ਼ਮਾਨਤ ਦੇ ਕੇ ਛੱਡ ਦਿੱਤਾ ਗਿਆ)।
  3. ੩-੮-੧੯੫੭ ਨੂੰ ਅੰਮ੍ਰਿਤਸਰ ਵਿਚ ਲਛਮਨਸਰ ਤੋਂ ਚਾਟੀਵਿੰਡ ਤੱਕ ਸ੍ਰੀ ਸੁਖਮਨੀ ਸਾਹਿਬ ਗੁਟਕਾ ਟੁਕੜੇ-ਟੁਕੜੇ ਕਰਕੇ ਖਲਾਰਿਆ ਗਿਆ।
  4. ਇਸੇ ਦਿਨ ਗੁਰਬਚਨ ਸਿੰਘ ਕੁਲਦੀਪ ਸਿੰਘ ਕਲਾਥ ਸਟੋਰ ਪਟਿਆਲਾ ਨੂੰ ਡਾਕ ਰਾਹੀਂ ਸਿਗਰਟਾਂ ਭੇਜੀਆਂ ਗਈਆਂ।
  5. ੩ ਅਗਸਤ ਨੂੰ ਠਾਕੁਰ ਦਾਸ ਨੂੰ ਚੌਂਕ ਬਾਬਾ ਸਾਹਿਬ, ਅੰਮ੍ਰਿਤਸਰ ਵਿਚ ਪੰਜਾਬੀ ਦੀ ਪਲੇਟ ਮਿਟਾਂਦਾ ਪਕੜਿਆ ਗਿਆ। ਉਸ ਨੇ ਮੰਨਿਆ ਕੇ ਜਨ ਸੰਘੀ ਨੇਤਾ ਪ੍ਰੇਮ ਨਾਥ ਨੇ ਉਸ ਨੂੰ ਅਜਿਹਾ ਕਰਨ ਵਾਸਤੇ ਕਿਹਾ ਸੀ।
  6. ੬ ਅਗਸਤ ਨੂੰ ਅਰਜਨ ਸਿੰਘ (ਬਾਲਮੀਕਿ ਗੇਟ ਜਲੰਧਰ) ਦੇ ਵਾਲ ਕੱਟੇ ਗਏ।
  7. ੧੬ ਅਗਸਤ ਨੂੰ ਗੁਰਦੁਆਰਾ ਸੇਵਕ ਜਥਾ ਪਟਿਆਲਾ ਵਿਚ ਸਿਗਰਟਾਂ ਸੁੱਟੀਆਂ ਗਈਆਂ।
  8. ੨੫ ਅਗਸਤ ਨੂੰ ਧਰਮ ਪਾਲ ਮਿਊਂਸਪਲ ਕਮਿਸ਼ਨਰ, ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੰਦੀਆਂ ਗਾਲਾਂ ਕੱਢੀਆਂ।
  9. ੧੩ ਸਤੰਬਰ ਨੂੰ ਇਕ ਰਵੇਲ ਸਿੰਘ ਦੇ ਸਿਰ ਉਪਰ ਨੰਦੀ ਨਾਂ ਦੇ ਇਕ ਹਿੰਦੂ ਨੇ ਬਲਦੀ ਸਿਗਰਟ ਸੁੱਟੀ।
  10. ੯ ਨਵੰਬਰ ਨੂੰ ਬਟਾਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾੜਿਆ ਗਿਆ।
  11. ੧੩ ਸਤੰਬਰ ਨੂੰ ਹਿਸਾਰ ਗੁਰਦੁਆਰਾ ਸਿੰਘ ਸਭਾ 'ਚ ਸਿਗਰਟਾਂ ਸੁੱਟੀਆਂ ਗਈਆਂ।
  12. ੯ ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਬਠਿੰਡੇ ਦੇ ਇਕ ਗੁਰਦੁਆਰੇ ਦੇ ਵਿਚ ਸੁੱਟੇ ਗਏ।
  13. ੧੬ ਸਤੰਬਰ ੧੯੫੭ ਨੂੰ ਚੰਡੀਗੜ੍ਹ ਦੇ ਇਕ ਗੁਰਦੁਆਰੇ ਵਿਚ ਬੰਬ ਰੱਖਿਆ ਗਿਆ.
  14. ਦਸੰਬਰ ਦੇ ਸ਼ੁਰੂ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਸਿਗਰਟਾਂ ਸੁੱਟੀਆਂ ਤੇ ਇਕ ਪੋਸਟਰ 'ਚ ਧਮਕੀ ਦਿੱਤੀ ਕਿ ਹਰ ਮਹੀਨੇ ਸੁੱਟਾਂਗੇ।
  15. ੩੦-੩੧ ਦਸੰਬਰ ੧੯੫੭ ਦੀ ਰਾਤ ਮਾਸਟਰ ਤਾਰਾ ਸਿੰਘ ਦੇ ਘਰ ਦੇ ਬਾਹਰ ਇਕ ਜੱਗ ਵਿਚ ਗੁਟਕੇ ਦੇ ਟੁਕੜੇ ਪਾਣੀ ਵਿਚ ਤੰਬਾਕੂ ਮਿਲਾ ਲਟਕਾ ਦਿੱਤਾ।
  16. ਗੁ: ਬੰਗਲਾ ਸਾਹਿਬ (ਦਿੱਲੀ) ਦੂਖ ਨਿਵਾਰਣ (ਪਟਿਆਲਾ) 'ਚ ਸਿਗਰਟਾਂ ਸੁੱਟੀਆਂ ਗਈਆਂ।
  17. ਸੀਸ ਗੰਜ ਦਿੱਲੀ ਦੇ 'ਤੇ ਰੋੜੇ ਇੱਟਾਂ 'ਤੇ ਜੁੱਤੀਆਂ ਸੁੱਟੀਆਂ ਗਈਆਂ।

ਪੰਜਾਬੀ ਸੂਬੇ ਦੀ ਮੰਗ ਕਰਕੇ ਪੰਜਾਬ ਸੂਬੀ ਲੈ ਕੇ ਸੰਤੁਸ਼ਟ ਹੋਏ ਰਵਾਇਤੀ ਅਕਾਲੀਆਂ ਨੇ ਜਿੱਥੇ ਰਾਜਸੀ ਖੇਤਰ ਨੂੰ ਸੀਮਤ ਕਰਕੇ ਆਪਣੇ ਆਪ ਨੂੰ ਗੁਲਾਮ ਬਣਾ ਲਿਆ ਉਥੇ ਬਿਪਰਵਾਦ ਵੱਲੋਂ ਧਾਰਮਿਕ ਹਮਲੇ ਤੇ ਦੇਹਧਾਰੀ ਗੁਰੂ ਡੰਮ੍ਹ ਦੀ ਸਥਾਪਤੀ ਦੇ ਕਾਰਨਾਮੇ ਸ਼ੁਰੂ ਹੁੰਦੇ ਗਏ। ਲਾਲ ਬਹਾਦਰ ਸ਼ਾਸਤਰੀ ਨੇ ਲੋਕ ਸਭਾ ਦੇ ਸਪੀਕਰ ਸ: ਹੁਕਮ ਸਿੰਘ ਨੂੰ ਪੰਜਾਬੀ ਸੂਬੇ ਬਾਰੇ ਵਿਚਾਰ ਕਰਨ ਵਾਲੀ ਕਮੇਟੀ ਦਾ ਮੁੱਖੀ ਬਣਾ ਦਿੱਤਾ। ਜਿਸ ਬਾਰੇ ਇੰਦਰਾ ਗਾਂਧੀ ਖੁਦ ਲਿਖਦੀ ਹੈ ਕਿ ਸਾਡੀ ਬਦਕਿਸਮਤੀ ਹੈ ਕਿ ਮਿਸਟਰ ਸ਼ਾਸਤਰੀ ਨੇ ਲੋਕ ਸਭਾ ਦੇ ਸਪੀਕਰ ਸ: ਹੁਕਮ ਸਿੰਘ ਜੋ ਜ਼ਾਤੀ ਤੌਰ 'ਤੇ ਪੰਜਾਬੀ ਸੂਬੇ ਦੇ ਹੱਕ ਵਿਚ ਸੀ, ਨੂੰ ਪੰਜਾਬੀ ਸੂਬੇ ਬਾਰੇ ਵਿਚਾਰ ਕਰਨ ਵਾਲੀ ਪਾਰਲੀਮੈਂਟਰੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। [ My truth, Page 17]

ਸ: ਹੁਕਮ ਸਿੰਘ ਨੂੰ ਇਕ ਕਮੇਟੀ ਦੇ ਮੁੱਖੀ ਬਣਨ ਤੋਂ ਰੋਕਣ ਲਈ ਇੰਦਰਾ ਗਾਂਧੀ, ਗੁਲਜ਼ਾਰੀ ਲਾਲ ਨੰਦਾ, ਅਤੇ ਕੁਝ ਹੋਰਾਂ ਵੱਲੋਂ ਯਤਨ ਜਿੱਥੇ ਸਿੱਖਾਂ ਨਾਲ ਸਿਆਸੀ ਕਿੜ ਕੱਢਣ ਦਾ ਪ੍ਰਗਟਾਅ ਸੀ ਉਥੇ ਦੂਸਰੇ ਪਾਸੇ ਇਹ ਸਾਰੇ ਹੀ ਨਿੰਰਕਾਰੀ ਗੁਰਬਚਨ ਦੇ ਅਸ਼ੀਰਵਾਦ ਅਤੇ ਗੋਦ ਦਾ ਨਿੱਘ ਮਾਣ ਰਹੇ ਸਨ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਲਈ ਉਸ ਨੂੰ ਗੁਰੂ ਵਾਂਗ ਉਭਾਰ ਰਹੇ ਸਨ।
ਨਰਕਧਾਰੀ-ਉਸ ਦੇ ਕੁਕਰਮਾਂ ਨੇ ਅਤੇ ਲਿਖਤਾਂ ਨੇ ਸਿੱਖ ਕੌਮ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ, ਅਵਤਾਰ ਬਾਣੀ ਦੇ ਮੁੱਖ ਬੰਦ ਦੇ ਲੇਖਕ ਨੇ ਇਸ ਨੂੰ ਬ੍ਰਹਮਗਿਆਨ ਦੀ ਬਾਣੀ ਕਿਹਾ ਹੈ, ਪਰ ਕੀ ਇਹ ਵੀਰ ਇਹ ਗੱਲ ਦੱਸ ਸਕਦੇ ਹਨ ਕਿ ਇਸ ਬ੍ਰਹਮਬਾਣੀ ਵਿਚ ਕਿਹੜਾ ਆਤਮਿਕ ਉਪਦੇਸ਼ ਹੈ। ਖੈਰ! ਬਾਣੀ ਦੀ ਵਿਚਾਰ ਅੱਗੇ ਚਲ ਕੇ ਕਰਾਂਗੇ।

ਇਸ ਗ੍ਰੰਥ ਦਾ ਮੰਗਲਾ ਚਰਨ ਇਸ ਤਰ੍ਹਾਂ ਹੈ:-

ਜਗਤ ਮਾਤਾ ਨੇ ਜਗਤ ਨੂੰ, ਕਿਹਾ ਅੰਤ ਪੁਕਾਰ।
ਗੁਰਬਚਨ ਗੁਰੂ ਹੈ ਜਗਤ ਦਾ, ਆਪੇ ਹੈ ਅਵਤਾਰ।
ਧੰਨ-ਧੰਨ ਆਖੋ ਜਗਤ ਮਾਂ ਜਿਸ ਜਾਇਆ ਦੀਨ ਦਇਆਲ।
ਨਿਰਗੁਣ ਸਰਗੁਣ ਆਪ ਹੈ, ਹਰ ਦਮ ਰਹਿੰਦਾ ਨਾਲ। (ਅਵਤਾਰ ਬਾਣੀ, ਪੰਨਾ ੧)

ਇਸ ਮੰਗਲਾ ਚਰਨ ਵਿਚ ਅਵਤਾਰ ਸਿੰਘ ਦੀ ਪਤਨੀ ਅਤੇ ਗੁਰਬਚਨ ਸਿੰਘ ਦੀ ਮਾਤਾ ਨੂੰ ਜਗਤ ਮਾਤਾ ਕਿਹਾ ਗਿਆ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਜਗਤ ਮਾਤਾ ਨੇ ਇਸ ਸੰਸਾਰ ਨੂੰ ਕਿਹੜਾ ਆਤਮਿਕ ਉਪਦੇਸ਼ ਦਿੱਤਾ। ਕੋਈ ਤਿਆਗ ਕੀਤਾ ਹੈ? ਜਾਂ ਕੋਈ ਬਲੀਦਾਨ ਦਿੱਤਾ ਹੈ? ਦੇਸ਼ ਦੀ, ਕੌਮ ਦੀ, ਧਰਮ ਦੀ ਰੱਖਿਆ ਵਾਸਤੇ ਕੋਈ ਔਕੜ ਸਹੀ ਹੈ? ਨਿਰੰਕਾਰੀ ਮੁੱਖੀਆਂ ਦੀ ਰਵਾਇਤੀ ਅਕਾਲੀਆਂ ਵੱਲੋਂ ਵੀ ਦਿਲ ਖੋਲ੍ਹ ਕੇ ਮਦਦ ਕੀਤੀ ਗਈ।

ਨਾਮਧਾਰੀ

ਨਾਮਧਾਰੀ ਲਹਿਰ ਨੇ ਆਪਣਾ ਫੈਲਾਅ ਵੀ ਸਿਆਸੀ ਛਤਰੀ ਹੇਠ ਹੀ ਕੀਤਾ ਅਤੇ ਸਿੱਖਾਂ ਦੀ ਸੁਧਾਰਕ ਲਹਿਰ ਤੋਂ ਦੇਹਧਾਰੀ ਗੁਰੂ ਡੰਮ੍ਹ ਦੀ ਸਥਾਪਤੀ ਤੱਕ ਦਾ ਸਫ਼ਰ ਬਿਪਰਵਾਦ ਦੀ ਗੋਦ ਵਿਚ ਬੈਠ ਕੇ ਕੀਤਾ। ਨਾਮਧਾਰੀਆਂ ਨੇ ਆਪਣੀ ਪ੍ਰਕਾਸ਼ਿਤ ਕਿਤਾਬ 'ਪੁਰਖ ਗੁਰੂ' ਵਿਚ ਜਿਸ ਤਰ੍ਹਾਂ ਸਿੱਖ ਇਤਿਹਾਸ ਨੂੰ ਰੋਲਿਆ,

..... ਗੁਰੂ ਕੋਈ ਇਕ ਵਿਅਕਤੀ ਹੀ ਹੋ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਪੰਥ ਨਹੀਂ। (ਪੁਰਖ ਗੁਰੂ ਪੰਨਾ ੭)

.... ਬਜਾਏ ਇਸ ਦੇ ਕਿ ਇਹ ਪਾਖੰਡ ਖਤਮ ਹੋ ਜਾਏ, ਇਹ ਦਿਨੋ ਦਿਨ ਵਧਣ ਦੀ ਆਸ ਕਰਨੀ ਚਾਹੀਦੀ ਹੈ... ਇਸੇ ਲੇਖੇ 'ਗੁਰੂ ਗ੍ਰੰਥ ਮਾਨਿਓ ਪ੍ਰਗਟ ਗੁਰਾਂ ਕੀ ਦੇਹ' ਵਾਲੀ ਪੰਗਤੀ ਦੁਆਰਾ ਪਾਖੰਡ ਦਾ ਬੀਜ ਬੀਜਿਆ ਗਿਆ ਹੈ। ਜਿਸ ਨੂੰ ਅਜੇ ਅਕੁੰਰ ਹੀ ਨਿਕਲੇ ਹਨ ਅਤੇ ਇਸ ਦੇ ਵਧਣ ਫੁੱਲਣ ਦੀ ਪੂਰੀ ਸੰਭਾਵਨਾ ਹੈ। ਇਹ ਸਮਾਂ ਹੀ ਦੱਸੇਗਾ ਕਿ ਸਿੱਖ ਪੰਥ ਦੇ ਹਤੈਸ਼ੀ ਵਿਦਵਾਨ ਇਸ ਪੰਗਤੀ ਦੁਆਰਾ ਵੱਧ ਰਹੇ ਪਖੰਡ ਨੂੰ ਦੇਖਣਾ ਪਸੰਦ ਕਰਨਗੇ ਜਾਂ ਇਸ ਪੰਗਤੀ ਨੂੰ ਸਮਾਪਤ ਕਰਨਗੇ। (ਪੁਰਖ ਗੁਰੂ, ਪੰਨਾ ੮੬)

.... ਇਹ ਸਭ ਪ੍ਰਚਾਰ ਦੀ ਕਰਾਮਾਤ ਹੈ ਕਿ ਝੂਠ ਨੂੰ ਵੀ ਸੱਚ ਕਰ ਵਿਖਾਂਦਾ ਹੈ। (ਪੁਰਖ ਗੁਰੂ, ਪੰਨਾ ੨੪੬੦

.... ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਦਿਕ ਵਾਕਾਂ ਤੋਂ ਸੰਗਤ ਵਿਚ ਬੜੇ ਅਜੀਬ ਸ਼ਬਦਾਂ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਯਾਚਨਾ ਕੀਤੀ ਤੇ ਅੰਮ੍ਰਿਤ ਛਕ ਕੇ ਚੇਲੇ ਬਣ ਗਏ। ਆਪਣੇ ਪ੍ਰਚਾਰ ਦੇ ਬਲ ਨਾਲ ਇਸ ਨੂੰ ਪ੍ਰਚੱਲਤ ਕਰ ਦਿੱਤਾ ਗਿਆ ਹੈ, ਨਹੀਂ ਤਾਂ ਇਤਿਹਾਸ ਇਸ ਤੋਂ ਉੱਕਾ ਹੀ ਉਲਟ ਹੈ। (ਪੁਰਖ ਗੁਰੂ ਪੰਨਾ ੨੪੫)

.... ਸ੍ਰੀ ਦਸਮੇਸ਼ ਜੀ ਨੇ ਗੁਰਗੱਦੀ ਕਦੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਦਿੱਤੀ ਅਤੇ ਨਾ ਹੀ ਪੰਜ ਪਿਆਰਿਆਂ ਨੂੰ ਕਦੀ ਗੁਰੂ ਮੰਨਿਆ ਹੈ। (ਪੁਰਖ ਗੁਰੂ ਪੰਨਾ ੧੨੮)

ਸਿੱਖਾਂ ਅੰਦਰ ਗੁਰੂ ਗ੍ਰੰਥ ਵਾਲਾ ਸਿਧਾਂਤ ਅੰਗਰੇਜ਼ ਦੇ ਮੇਲ ਮਿਲਾਪ ਵਿਚੋਂ ਹੀ ਪ੍ਰਗਟ ਹੋਇਆ ਸੀ ਤੇ ਉਸੇ ਦੀ ਸਰਪ੍ਰਸਤੀ ਹੇਠ ਉਸੇ ਦੀ ਸਹਾਇਤਾ ਨਾਲ ਕਾਫੀ ਪ੍ਰਚਲਿਤ ਹੋ ਚੁੱਕਾ ਹੈ। (ਪੁਰਖ ਗੁਰੂ ਪੰਨਾ ੧੯੩)

... ਕਹਿੰਦੇ ਹਨ ਕਿ ਇਕ ਝੂਠ ਨੂੰ ਛੁਪਾਉਣ ਵਾਸਤੇ ਹੋਰ ਕਈ ਝੂਠ ਬੋਲਣੇ ਪੈਂਦੇ ਹਨ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਸਿੱਧ ਕਰਨ ਵਾਸਤੇ ਹੀ ਇਸ ਸਿਧਾਂਤ ਦੇ ਮੰਨਣ ਵਾਲੇ ਵਿਦਵਾਨ ਮਜ਼ਬੂਰ ਹਨ ਇਹੋ ਜਿਹੀਆਂ ਘੜਤਾਂ ਘੜਨ ਵਾਸਰਤੇ ਤੇ ਪ੍ਰਚਾਰਨ ਵਾਸਤੇ ....। (ਪੁਰਖ ਗੁਰੂ ਪੰਨਾ ੫੫)

ਜਿਸ ਕਿਸੇ ਨੇ ਵੀ ਇਤਿਹਾਸ ਨੂੰ ਨਿਰਪੱਖ ਹੋ ਕੇ ਖੋਜਿਆ ਹੈ ਤਾਂ ਇਸ ਨਤੀਜੇ ਤੇ ਪੁਜਾ ਹੈ ਕਿ .... ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਣੇ ਤੇ ਪੰਜਾਂ ਪਿਆਰਿਆਂ ਨੂੰ ਗੁਰੂ ਮੰਨ ਕੇ ਆਪ ਉਨ੍ਹਾਂ ਦਾ ਚੇਲਾ ਬਣਨਾ ਇਹ ਬਾਅਦ ਵਿਚ ਹੀ ਪ੍ਰਚੱਲਤ ਕੀਤੀ ਹੋਈ ਕਹਾਣੀ ਹੈ। (ਪੁਰਖ ਗੁਰੂ ਪੰਨਾ ੧੪)

... ਗ੍ਰੰਥ ਗੁਰੂ ਦੇ ਹੱਕ ਵਿਚ ਪ੍ਰਾਪੇਗੰਡਾ ਕਰਨ ਵਾਲੇ ਟੋਲੇ ਦੇ ਲੀਡਰ ਜਾਂ ਮੁਹਰੀ ਹਨ ਡਾ. ਗੰਡਾ ਸਿੰਘ ਐਮ.ਏ., ਪੀ. ਐਚ. ਡੀ., ਡੀ.ਲਿਟ., ਪਟਿਆਲਾ। (ਪੰਨਾ ੫੧)

.... ਪਾਠਕ ਜਾਣ ਗਏ ਹੋਣਗੇ ਕਿ ਇਸ ਸਿਧਾਂਤ ਤੇ ਪ੍ਰਚਾਰ ਕਰਨ ਵਿਚ ਡਾ. ਗੰਡਾ ਸਿੰਘ ਜੀ ਆਪਣੇ ਪਿਛਲੱਗੂਆਂ ਨੂੰ ਕਿਹੋ ਜਿਹੀ ਸਿੱਖਿਆ ਦੇ ਰਹੇ ਹਨ। (ਪੰਨਾ ੧੨੬)

ਸੰਘ ਮੁਖੀਆਂ ਨਾਲ ਇਨ੍ਹਾਂ ਨਾਮਧਾਰੀਆਂ ਦੇ ਦੇ ਨੇੜੇ ਦੇ ਸੰਬੰਧ ਸਨ।

ਭਨਿਆਰਾ

ਇਸੇ ਸਮੇਂ ਦੌਰਾਨ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜ਼ੀ ਲਈ ਅਨੇਕਾਂ ਗੁਰੂ ਪੈਦਾ ਹੋਏ ਅਤੇ ਬਿਪਰਵਾਦ ਨੇ ਰੱਜ ਕੇ ਇਸਦਾ ਸਾਥ ਦਿੱਤਾ। ਜਦੋਂ ਪਿਆਰਾ ਸਿੰਹੁ ਭਨਿਆਰਾ ਵਾਲੇ ਨੇ ਸਿੱਖ ਗੁਰੂ ਸਾਹਿਬਾਨ ਦੀ ਬਰਾਬਰੀ ਕਰਨ ਦੀ ਗੁਸਤਾਖੀ ਕੀਤੀ ਤਾਂ ਭਾਵੇਂ ਉਸ ਸਮੇਂ ੧੭ ਅਗਸਤ ੧੯੯੬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਉਸ ਨੂੰ ਛੇਕਿਆ ਪ੍ਰੰਤੂ ਉਸ ਤੋਂ ਬਾਅਦ ਉਸ ਦੇ ਗ੍ਰੰਥ ਲਿਖਣ ਤੱਕ ਅਕਾਲੀ ਲੀਡਰ ਅਤੇ ਇਨ੍ਹਾਂ ਦੇ ਪਰਿਵਾਰ ਉਸ ਨਾਲ ਘਿਉ ਖਿਚੜੀ ਰਹੇ ਅਤੇ ਸੰਘ ਪਰਿਵਾਰ ਨੇ ਉਸ ਨੂੰ ਹਰ ਮਦਦ ਦਿੱਤੀ ਅਤੇ ਕੁਝ ਘਟਨਾਵਾਂ ਤੋਂ ਉਸ ਦੇ ਅਤੇ ਸੰਘ ਪਰਿਵਾਰ ਦੇ ਸਬੰਧਾਂ ਦੀ ਤਸਵੀਰ ਉਘੜ ਕੇ ਸਾਹਮਣੇ ਆਈ। ਮਿਸਾਲ ਦੇ ਤੌਰ 'ਤੇ ਪਿਆਰਾ ਸਿੰਹੁ ਭਨਿਆਰਾ ਵਾਲੇ ਨੇ ਗੁਰ ਸਿਧਾਂਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਜ ਕੇ ਬੇਅਦਬੀ ਕੀਤੀ। ਉਸ ਨੂੰ ਕੱਟੜ ਵਿਧੀ ਨਾਲ ਹਿੰਦੂਤਵ ਲਾਗੂ ਕਰਨ ਵਾਲੇ ਤੁਅਸਬੀ ਸੰਗਠਨਾਂ ਦੀ ਸ਼ਹਿ ਸੀ। ਉਸ ਨੇ ਸਰਕਾਰੀ ਜ਼ਮੀਨ ਉਪਰ ਕੀਤੇ ਕਬਜ਼ੇ ਵਿਚ ਅਨੇਕਾਂ ਜਾਨਵਰ ਪਾਲੇ ਹੋਏ ਸਨ ਜਿਨ੍ਹਾਂ ਵਿਚ ਗਊਆਂ ਦੀ ਗਿਣਤੀ ਵਧੇਰੇ ਸੀ। ਉਸ ਦੇ ਇਸ ਜਾਨਵਰ ਗ੍ਰਹਿ ਵਿਚ ਇਕ ਦੋ ਗਊਆਂ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ ਤਾਂ ਹਿੰਦੂ ਸੁਰੱਖਿਆ ਸੰਮਤੀ ਨੇ ਜਿੱਥੇ ਗੁਮਰਾਹਕੁੰਨ ਬਿਆਨ ਦੇ ਕੇ ਬਾਬੇ ਦੀ ਪਿੱਠ ਠੋਕੀ ਉਥੇ ਨਾਲ ਹੀ ਸਿੱਖ ਸੰਪਰਦਾਵਾਂ ਅਤੇ ਸੰਗਠਨਾਂ ਨੂੰ ਸ਼ਰੇਆਮ ਵੰਗਾਰਿਆ। ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਸੰਜੀਵ ਭਾਰਦਵਾਜ ਨੇ ਕਿਹਾ ਕਿ,

ਡੇਰਾ ਭਨਿਆਰਾ ਦੇ ਮੁੱਖੀ ਬਾਬਾ ਪਿਆਰਾ ਸਿੰਹੁ ਨੂੰ ਗਊਆਂ ਨਾਲ ਅਥਾਹ ਪਿਆਰ ਹੈ। ਗਊਆਂ ਦੀ ਰੱਖਿਆ ਅਤੇ ਸੇਵਾ ਹਿੱਤ ਹੀ ਉਨ੍ਹਾਂ ਨੇ ੧੯੮੦ ਈ. ਵਿਚ ਡੇਰੇ ਦਾ ਨਿਰਮਾਣ ਕੀਤਾ। ਗਊਆਂ ਦੀ ਰੱਖਿਆ ਵਾਸਤੇ ਬਾਬਾ ਜੀ ਨੇ ਯਤਨ ਕੀਤੇ ਅਤੇ ਅਨੇਕਾਂ ਗਊਆਂ ਨੂੰ ਅੱਤਿਆਚਾਰੀਆਂ ਦੇ ਟੋਲੇ ਕੋਲੋਂ ਛੁਡਵਾਇਆ। ਇਸ ਕਰਕੇ ਹੀ ਗਊ ਵਿਰੋਧੀ ਤੱਤ ਇਨ੍ਹਾਂ ਦੇ ਦੁਸ਼ਮਣ ਬਣ ਗਏ... ਬਾਬਾ ਜੀ ਨੂੰ ਜਾਨਵਰਾਂ ਨਾਲ ਇੰਨਾ ਪਿਆਰ ਹੈ ਕਿ ਸਵੇਰੇ ਹੀ ਜਾਨਵਰਾਂ ਨੂੰ ਦਾਣਾ ਖੁਆਉਣ ਚਲ ਪੈਂਦੇ ਹਨ। ਉਹ ਦੂਰ ਜੰਗਲ ਵਿਚ ਨੰਗੇ ਪੈਰ ਜਾ ਕੇ ਅਨਾਜ਼ ਵੰਡਦੇ ਹਨ। ਕੁਝ ਅਸਮਾਜਿਕ ਤੱਤਾਂ ਵੱਲੋਂ ਇਹ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ, ਉਥੇ ਉਹ ਬਾਬਾ ਜੀ ਅਤੇ ਡੇਰੇ ਨੂੰ ਬਦਨਾਮ ਕਰਨ ਲਈ ਗਊ ਹੱਤਿਆ ਕਰਵਾ ਰਹੇ ਹਨ। ਬਾਬਾ ਜੀ ਹਰ ਵੇਦ ਗ੍ਰੰਥ ਦਾ ਆਦਰ ਕਰਦੇ ਹਨ, ਗਊਆਂ ਅਤੇ ਪਸ਼ੂਆਂ ਦੀ ਸੇਵਾ ਕਰਦੇ ਹਨ ਜੇਕਰ ਉਨਵਾਂ ਨੂੰ ਕੋਈ ਡਰਾ ਜਾਂ ਧਮਕਾ ਕੇ ਝੁਕਾਉਣਾ ਚਾਹੁੰਦਾ ਹੈ ਤਾਂ ਇਹ ਸੰਭਵ ਨਹੀਂ ਹੈ। ਉਹ ਕੂੜ ਦੇ ਅੱਗੇ ਕਦੀ ਨਹੀਂ ਝੁਕਣਗੇ। ਜੇਕਰ ਸਰਕਾਰ ਦੁਆਰਾ ਛੇਤੀ ਹੀ ਪਸ਼ੂ ਹੱਤਿਆ ਵਰਗੀ ਕਾਰਵਾਈ ਨੂੰ ਨਾ ਰੋਕਿਆ ਗਿਆ ਤਾਂ ਹਿੰਦੂ ਸੁਰੱਖਿਆ ਸੰਮਤੀ ਉਥੇ ਬਾਬੇ ਦੇ ਡੇਰੇ ਜਾ ਕੇ ਅੰਦੋਲਨ ਅਰੰਭ ਕਰੇਗੀ ਅਤੇ ਬਾਬਾ ਪਿਆਰਾ ਸਿੰਹੁ ਭਨਿਆਰਾ ਨੂੰ ਪੂਰਨ ਸਹਿਯੋਗ ਦੇਵੇਗੀ। (ਦੈਨਿਕ ਜਾਗਰਣ, ੬ ਜਨਵਰੀ ੨੦੦੦)

ਨੂਰਮਹਿਲੀਆ

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਕ ਬਿਹਾਰੀ ਭਈਏ ਆਸ਼ੂਤੋਸ਼ ਨੂੰ ਇਸ ਸੰਘ ਪਰਿਵਾਰ ਅਤੇ ਇਸ ਦੇ ਸਹਿਯੋਗੀਆਂ ਵੱਲੋਂ ਖੁੱਲ੍ਹ ਕੇ ਹਮਾਇਤ ਦਿੱਤੀ ਗਈ ਅਤੇ ਉਸ ਦੇ ਜ਼ਰਖਰੀਦ ਚੇਲਿਆਂ ਵੱਲੋਂ ਕੀਤੀ ਗਈ ਤਕਰੀਰ ਨੇ ਅਤੇ ਉਸ ਦੇ ਵਖਿਆਨਾਂ ਨੇ ਬਿਪਰਵਾਦੀ ਸੰਘ ਸੋਚ ਦਾ ਸਪੱਸ਼ਟ ਖੁਲਾਸਾ ਕਰਕੇ ਕੌਮ ਦੇ ਹਿਰਦਿਆਂ ਨੂੰ ਵਲੂੰਧਰਿਆ। ਪਰ ਸਾਡੇ ਰਵਾਇਤੀ ਅਕਾਲੀ ਉਸ ਦੇ ਚਰਨਾਂ ਦੀ ਚਰਨ ਧੂੜ ਲੈਣ ਲਈ ਪਰਿਵਾਰਾਂ ਸਮੇਤ ਉਸ ਦੇ ਦਾਸ ਬਣੇ ਰਹੇ ਅਤੇ ਸੰਘ ਅਕਾਲੀ ਸਰਕਾਰ ਸਮੇਂ ਉਸ ਖਿਲਾਫ ਕੋਈ ਠੋਸ ਕਾਰਵਾਈ ਨਾ ਕੀਤੀ ਗਈ। ਉਸ ਦੇ ਚਾਟੜੇ ਸ਼ਰਧਾ ਨੰਦ ਨੇ ਸਿੱਖਾਂ ਨੂੰ ਵੰਗਾਰ ਕੇ ਕਿਹਾ :

(ਬੜੇ ਜੋਸ਼ ਵਿਚ ਆ ਕੇ) ਕੰਨ ਖੋਲ੍ਹ ਕੇ ਸੁਣ ਲਵੋ ਜਿਹੜੇ ਭਾਰਤ ਨੂੰ ਤੋੜਨ ਦੀ ਗੱਲ ਕਰਦੇ ਹਨ, ਜੇ ਤੁਸੀਂ ਭਾਰਤ ਨੂੰ ਤੋੜੋਗੇ ਅਸੀਂ ਪੂਰੇ ਵਿਸ਼ਵ ਨੂੰ ਭਾਰਤ ਬਣਾ ਦਿਆਂਗੇ। ... ਅਸੀਂ ਬਹੁਤ ਸਹਿ ਚੁੱਕੇ ਹਾਂ। ਕੁਝ ... ਅਖ਼ਬਾਰਾਂ ਜੋ ਆਪਣੇ ਆਪ ਨੂੰ ਪੰਜਾਬ ਦੀ ਅਵਾਜ਼ ਕਹਿੰਦੀਆਂ ਹਨ ਉਨ੍ਹਾਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਪੁੱਛਦਾ ਹਾਂ ਕਿ ਤੁਸੀਂ ਪੰਜਾਬ ਦੀ ਅਵਾਜ਼ ਛੱਡ ਕੇ ਪਾਕਿਸਤਾਨ ਦੀ ਅਵਾਜ਼ ਕਿਉਂ ਬਣੇ ਹੋਏ ਹੋ। ਇਨ੍ਹਾਂ ਦੀ ਅਖ਼ਬਾਰਾਂ ਨੇ ਅਤਿਵਾਦ ਦੇ ਦਿਨਾਂ ਵਿਚ ਵੱਡੇ-ਵੱਡੇ ਅਤਿਵਾਦੀਆਂ ਦੇ ਪੋਸਟਰ ਛਾਪੇ ਸਨ.... ਇਹ ਅਤਿਵਾਦੀਆਂ ਦੇ ਲੇਖ ਛਾਪਦੇ ਸਨ ..... ਜੋ ਸਿੱਖ ਫੁਲਵਾੜੀ ਅਤੇ ਖੰਡੇਧਾਰ ਵਰਗੇ ਰਸਾਲੇ ਛਾਪਦੇ ਹਨ ਉਹ ਭਾਰਤੀ ਨਹੀਂ ਪਾਕਿਸਤਾਨੀ ਏਜੰਟ ਹਨ ..... ਇਹ ਪਾਕਿਸਤਾਨ ਦੇ ਏਜੰਟ ਹਨ ਅਤਿਵਾਦੀ ਹਨ, ਉਗਰਵਾਦੀ ਹਨ ਅਤੇ ਮੈਂ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਉਣਾ ਚਾਹੁੰਦਾ ਹਾਂ ਅਸੀਂ ਸਾਵਧਾਨ ਹੋ ਕੇ ਜਾਣੀਏ ਕਿ ਸਾਰੇ ਆਸ਼ੂਤੋਸ਼ ਦੇ ਚੇਲੇ ਹੁਣ ਇਹ ਕੁਚੱਕਰ ਚੱਲਣ ਨਹੀਂ ਦੇਵਾਂਗੇ..... ਇਨ੍ਹਾਂ ਸੱਪਾਂ ਨੂੰ ਪਲਣ ਨਹੀਂ ਦੇਵਾਂਗੇ ..... ਇਨ੍ਹਾਂ ਨੂੰ ਕੁਚਲ ਦਿੱਤਾ ਜਾਵੇਗਾ। 'ਇਹ ਸਿੱਖ ਫੁਲਵਾੜੀ' ਅਤੇ 'ਖੰਡੇਧਾਰ' ਵਾਲੇ ਸਾਡੇ ਮਹਾਰਾਜ ਬਾਰੇ ਗੰਦ ਬੋਲਦੇ ਹਨ ਕਿਉਂਕਿ ਇਨ੍ਹਾਂ ਕੋਲ ਗੰਦ ਤੋਂ ਬਿਨਾਂ ਹੋਰ ਕੁਝ ਨਹੀਂ ਹੈ। .... ਇਹ ਸਾਡੇ ਮਹਾਰਾਜ ਉੱਪਰ ਚਰਿੱਤਰ ਦੇ ਦੋਸ਼ ਲਗਾਉਂਦੇ ਹਨ ਇਹ ਖੁਦ ਚਰਿੱਤਰਹੀਨ ਹਨ। ਇਹ ਆਸ਼ੂਤੋਸ਼ ਦੇ ਖਿਲਾਫ ਬੋਲਦੇ ਹਨ ਜਿਵੇਂ ਸੂਰਜ 'ਤੇ ਥੁਕਦੇ ਹਨ। ਇਹ ਲੋਕ ਦੁਸ਼ਟਤਾ ਉੱਪਰ ਉੱਤਰ ਆਏ ਹਨ ਇਨ੍ਹਾਂ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ। ਹੁਣ ਅਸੀਂ ਚੁੱਪ ਨਹੀਂ ਰਹਾਂਗੇ, ਬਰਦਾਸ਼ਤ ਨਹੀਂ ਕਰਾਂਗੇ, ਹੁਣ ਸਤਿਗੁਰੂ ਦੇ ਚੇਲੇ ਚੇਲੀਆਂ ਪਿੱਛੇ ਨਹੀਂ ਰਹਿਣਗੇ ਹੁਣ ਬਹੁਤ ਕੁਝ ਹੋਵੇਗਾ.... ਅਸੀਂ ਇਕੱਠੇ ਹੋ ਕੇ ਇਨ੍ਹਾਂ ਸਿੱਖਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ।

ਝੂਠਾ ਸੌਦਾ ਸਾਧ

ਸਰਸੇ ਦੇ ਇਕ ਦੇਹਧਾਰੀ ਗੁਰੂ ਗੁਰਮੀਤ ਰਾਮ ਰਹੀਮ ਸਿੰਹੁ ਬਾਰੇ ਉਸ ਦੇ ਡੇਰੇ ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਬੀਬੀ ਨੇ ਪ੍ਰਧਾਨ ਮੰਤਰੀ (ਉਸ ਸਮੇਂ ਅਟੱਲ ਬਿਹਾਰੀ ਵਾਜਪਾਈ) ਨੂੰ ਚਿੱਠੀ ਵਿਚ ਲਿਖਿਆ :-

  1. ਬਾਬਾ ਲੜਕੀਆਂ ਨੂੰ ਜ਼ਬਰਦਸਤੀ ਡੇਰੇ ਵਿਚ ਰੱਖਦਾ ਹੈ।
  2. ਬਾਬਾ ਬਲਿਊ ਫਿਲਮਾਂ ਵੇਖਣ ਦਾ ਸ਼ੌਕੀਨ ਹੈ।
  3. ਡੇਰੇ ਵਿਚ ਨਜਾਇਜ਼ ਹਥਿਆਰ ਹਨ।
  4. ਬਾਬਾ ਨਸ਼ਿਆਂ ਦਾ ਆਦੀ ਹੈ।
  5. ਮੈਨੂੰ ਡਰਾ, ਧਮਕਾ ਕੇ ਮੇਰੇ ਨਾਲ ਬਲਾਤਕਾਰ ਕੀਤਾ ਗਿਆ।

ਇਹ ਚਿੱਠੀ ਜਨਤਕ ਤੌਰ 'ਤੇ ਪ੍ਰਕਾਸ਼ਤ ਕਰਨ ਵਾਲੇ ਇਕ ਪ੍ਰੈਸ ਰਿਪੋਰਟਰ ਨੂੰ ਡੇਰੇ ਦੇ ਮੁੱਖੀ ਸਾਧ ਦੇ ਕਰਿੰਦਿਆਂ ਨੇ ਕਤਲ ਕਰ ਦਿੱਤਾ ਪਰ ਸੰਘ ਅਕਾਲੀ ਸਰਕਾਰ ਉਸ ਸਮੇਂ ਖਿਲਾਫ ਕੋਈ ਨਹੀਂ ਕਾਰਵਾਈ ਨਾ ਹੋਈ।ਜਦੋਂ ਕਾਂਗਰਸ ਸਰਕਾਰ ਨੇ ਉਸ ਡੇਰੇ ਦੀ ਸੀ.ਬੀ.ਆਈ. ਦੀ ਜਾਂਚ ਦੀ ਕਾਰਵਾਈ ਨੂੰ ਅੱਗੇ ਤੋਰਿਆ ਤਾਂ ਅਕਾਲੀ ਵਧਾਇਕ (ਸਾਬਕਾ) ਗੋਬਿੰਦ ਸਿੰਘ ਕਾਂਝਲਾ ਨੇ ਕਿਹਾ ਕਿ ਬਾਬਾ ਜੀ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਬਾ ਜੀ ਤਾਂ ਅਨੇਕਾਂ ਪ੍ਰਾਣੀਆਂ ਨੂੰ ਸਿੱਧੇ ਰਸਤੇ ਉਪਰ ਤੋਰ ਰਹੇ ਹਨ ਦਿੱਲੀ ਵਿਚ ਆਪਣਾ ਡੇਰਾ ਚਲਾ ਰਹੇ ।

ਗੋਬਿੰਦ ਸਦਨ-ਸਾਧ ਵਿਰਸਾ ਸਿੰਹੁ ਦੇ ਭਾਜਪਾ ਆਗੂਆਂ ਸੰਘ-ਅਕਾਲੀ ਜੁੰਡਲੀ ਨਾਲ ਨੇੜੇ ਦੇ ਸਬੰਧ ਹਨ। ਉਸ ਨੇ ਆਪਣੀਆਂ ਲਿਖਤਾਂ ਵਿਚ ਸਿੱਖ ਸਿਧਾਂਤਾਂ ਨੂੰ ਤੋੜ-ਮਰੋੜਨ ਵਿਚ ਕੋਈ ਕਸਰ ਨਹੀਂ ਛੱਡੀ ਪਰ ੩੦੦ ਸਾਲਾ ਸਾਜਾਨਾ ਦਿਵਸ ਸਮੇਂ ਕੁਝ ਸੰਘੀ ਅਤੇ ਬਜਰੰਗੀ ਬਹੁਰੂਪੀਆਂ ਨੇ ਉਸ ਦੇ ਡੇਰੇ ਵਿਚ ਅੰਮ੍ਰਿਤਪਾਨ ਕਰਕੇ ਸੰਘ-ਸਾਧ ਸੰਬੰਧਾਂ ਦਾ ਖੁਲਾਸਾ ਕੀਤਾ। ਸੋ ਇਨ੍ਹਾਂ ਕੁਝ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਪੈਦਾ ਹੋ ਰਹੇ ਇਹ ਦੇਹਧਾਰੀ ਗੁਰੂ-ਡੰਮ੍ਹ ਦੇ ਜਾਲ ਪਿੱਛੇ ਬਿਪਰਵਾਦ ਦਾ ਖੁਫੀਆ ਤੰਤਰ ਕਾਰਜ਼ਸ਼ੀਲ ਹੈ ਜੋ ਸੰਘ ਜਾਂ ਕਾਂਗਰਸ ਦੇ ਰੂਪ ਵਿਚ ਇਨ੍ਹਾਂ ਦੀ ਫ਼ਸਲ ਨੂੰ ਪਨਪਣ ਵਾਸਤੇ ਤਿਆਰ ਕਰਦਾ ਹੈ।

- ਡਾ. ਸੁਖਪ੍ਰੀਤ ਸਿੰਘ ਉਦੋਕੇ

ਧੰਨਵਾਦ ਸਹਿਤ ਪੰਜਾਬ ਸਪੈਕਟਰਮ 'ਚੋਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top