Main News Page

"ਸੰਤ" ਢੱਡਰੀਆਂ ਵਾਲਿਆਂ ਦਾ ਗੁਰਮਤਿ ਪ੍ਰਚਾਰ

ਸਿੱਖ ਧਰਮ ਵਿਚ ਸੰਤ ਦਾ ਰੁਤਬਾ ਬਹੁਤ ਉਤਮ ਹੈ ਅਤੇ ਸਿੱਖ ਜਗਤ ਵਿਚ ‘ਸੰਤ’ ਦਾ ਅਦਬ ਰੱਬ ਵਾਂਗ ਹੀ ਕੀਤਾ ਜਾਂਦਾ ਹੈ। ਉਸ ਦੇ ਮੂੰਹੋਂ ਨਿਕਲੀ ਗੱਲ ਨੂੰ ਰੱਬ ਦਾ ਪੈਗ਼ਾਮ ਹੀ ਮੰਨ ਲਿਆ ਜਾਂਦਾ ਹੈ; ਜਿਵੇਂ ਇਹ ਸਾਡੀ ਕਹਾਵਤ ਹੈ, ‘ਸੰਤ ਦਾ ਕਿਹਾ ਸਹਿਜ ਸੁਭਾਏ, ਸੰਤ ਦਾ ਕਿਹਾ ਬਿਰਥਾ ਨਾ ਜਾਏ।’ ਸਿੱਖ ਆਪਣੇ ਸੰਤਾਂ-ਮਹਾਂਪੁਰਸ਼ਾਂ ਨੂੰ ਇਕੱਲਾ ਆਦਰ-ਸਤਿਕਾਰ ਹੀ ਨਹੀਂ ਦਿੰਦੇ ਸਗੋਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਵੀ ਸਰਦਾ-ਬਣਦਾ ਦਸਵੰਧ ਦੇ ਰੂਪ ਵਿਚ ਭੇਟ ਕਰ ਕੇ ਆਪਣੇ ਆਪ ਨੂੰ ਸੁਰਖ਼ਰੂ ਕਰ ਲੈਂਦੇ ਹਨ ਕਿ ਦਸਵੰਧ ਠੀਕ ਹੱਥਾਂ ਵਿਚ ਗਿਆ ਕਿਉਂਕਿ ਸੰਤਾਂ ‘ਤੇ ਸਾਡਾ ਰੱਬ ਵਰਗਾ ਯਕੀਨ ਹੈ। ਹੋਵੇ ਵੀ ਕਿਉਂ ਨਾ! ਗੁਰਬਾਣੀ ਨੇ ਸੰਤ ਦੀ ਜੋ ਮਹਿਮਾ ਸਾਨੂੰ ਦਰਸਾਈ ਹੈ ਤੇ ਜਿਨ੍ਹਾਂ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਕਰਕੇ ਦਰਜ ਹੈ, ਜਦੋਂ ਉਨ੍ਹਾਂ ਮਹਾਂਪੁਰਸ਼ਾਂ ਦਾ ਜੀਵਨ ਪੜ੍ਹਦੇ-ਸੁਣਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹ ਵੀ ਰੱਬ ਹੀ ਹੋ ਗਏ ਸਨ, ਉਹਦੀ ਭਗਤੀ ਕਰਦੇ; ਤਾਂ ਹੀ ਤਾਂ ਭਗਤ ਰਵਿਦਾਸ ਜੀ ਨੇ ਉਚਾਰਿਆ-‘ਮੋਹੀ ਤੋਹੀ, ਤੋਹੀ-ਮੋਹੀ ਅੰਤਰ ਕੈਸਾ।’ ਸਿੱਖ ਜਗਤ ਵਿਚ ਬਹੁਤ ਸਾਰੇ ਸੰਤ-ਮਹਾਂਪੁਰਸ਼ ਹੋਏ ਹਨ ਜੋ ਬੜਾ ਹੀ ਸਾਦਗੀ ਵਾਲਾ ਜੀਵਨ ਬਤੀਤ ਕਰਦਿਆਂ ਆਪ ਤਾਂ ਗੁਰੂ ਚਰਨਾਂ ਨਾਲ ਅਤੇ ਅਕਾਲ ਪੁਰਖ਼ ਨਾਲ ਜੁੜੇ ਹੀ ਸਗੋਂ ਸਿੱਖਾਂ ਨੂੰ ਵੀ ਉਹੋ ਜੁਗਤ ਸਮਝਾਉਂਦੇ ਰਹੇ ਜੋ ਬਾਬੇ ਨਾਨਕ ਦੇ ਗੁਰਮਤਿ ਸਿਧਾਂਤ ਦੀ ਹੈ। ਉਨ੍ਹਾਂ ਸੰਤਾਂ ਤੋਂ ਸੇਧ ਲੈ ਕੇ ਹੀ ਬਹੁਤ ਸਾਰੇ ਸਿੱਖ ਵੀ ਆਪਣਾ ਜੀਵਨ ਸਫ਼ਲਾ ਕਰ ਲੈਂਦੇ ਹਨ ਅਤੇ ਗੁਰਮਤਿ ਵਿਚ ਰੰਗੇ ਜਾਂਦੇ ਹਨ।

ਅਸੀਂ ਸਾਰੇ ਗ੍ਰਹਿਸਥੀ ਜੀਵ ਹਾਂ ਤੇ ਇਸ ਨੂੰ ਨਿਭਾਉਣ ਲਈ ਕਈ ਕੰਮ-ਧੰਦੇ ਵੀ ਕਰਨੇ ਪੈਂਦੇ ਹਨ ਤੇ ਕਈ ਵਾਰ ਇਨ੍ਹਾਂ ਧੰਦਿਆਂ ਵਿਚ ਇੰਨਾ ਜ਼ਿਆਦਾ ਰੁੱਝ ਜਾਈਦਾ ਹੈ ਕਿ ਸੰਤਾਂ ਦੇ ਉਪਦੇਸ਼ਾਂ ਪ੍ਰਤੀ ਅਵੇਸਲੇ ਹੋ ਜਾਂਦੇ ਹਾਂ ਜਾਂ ਇਉਂ ਕਹੀਏ ਕਿ ਗੁਰਮਤਿ ਦੇ ਸਿਧਾਂਤਾਂ (ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ) ਤੋਂ ਥੋੜ੍ਹੀ ਕੰਨੀ ਕਤਰਾਉਣ ਲੱਗ ਪੈਂਦੇ ਹਾਂ। ਇਨ੍ਹਾਂ ਸਿਧਾਂਤਾਂ ਨੂੰ ਮੁੜ ਦ੍ਰਿੜ੍ਹ ਕਰਾਉਣ ਲਈ ਸਾਨੂੰ ਸੰਤਾਂ-ਮਹਾਂਪੁਰਸ਼ਾਂ ਦੀ ਸੰਗਤ ਕਰਨੀ ਬੜੀ ਜ਼ਰੂਰੀ ਲੱਗਦੀ ਹੈ। ਆਪਣੇ ਮੁਲਕ ਵਿਚ ਤਾਂ ਸਿੱਖ ਸੰਗਤ ਨੂੰ ਸੰਤਾਂ ਦੇ ਦਰਸ਼ਨ ਹੁੰਦੇ ਹੀ ਰਹਿੰਦੇ ਹਨ ਕਿਉਂਕਿ ਐਤਵਾਰ, ਪੁੰਨਿਆ, ਮੱਸਿਆ, ਸੰਗਰਾਂਦ ਜਾਂ ਵੱਡਿਆਂ ਸੰਤਾਂ ਦੀਆਂ ਬਰਸੀਆਂ ‘ਤੇ ਜਾ ਕੇ ਸੰਤਾਂ ਦੀ ਚਰਨ-ਧੂੜ ਪ੍ਰਾਪਤ ਕਰ ਲੈਂਦੇ ਹਨ। ਇਸ ਕਰਕੇ ਉਹ ਤਾਂ ਬਹੁਤ ਵੱਡਭਾਗੇ ਗਿਣੇ ਜਾਂਦੇ ਹਨ ਪਰ ਰੋਟੀ-ਰੋਜ਼ੀ ਦੀ ਖ਼ਾਤਰ ਬਾਹਰਲੇ ਮੁਲਕਾਂ ਵਿਚ ਆ ਗਏ ਸਿੱਖ ਇਸ ਗੱਲੋਂ ਬੜੇ ਫਾਡੀ ਹਨ ਕਿਉਂਕਿ ਇਥੇ ਸੰਤ ਨਾਂਮਾਤਰ ਹੀ ਹਨ। ਇਸ ਕਰਕੇ ਸੰਤਾਂ ਦੇ ਦਰਸ਼ਨਾਂ ਦੀ ਲੋੜ ਪੂਰੀ ਕਰਨ ਲਈ ਇਥੋਂ ਦੇ ਵੱਡੇ ਸਿੱਖ ਅਤੇ ਗੁਰਦੁਆਰਾ ਕਮੇਟੀਆਂ ਵਿਸ਼ੇਸ਼ ਤਰੱਦਦ ਕਰ ਕੇ ਪੰਜਾਬ ਤੋਂ ਸੰਤਾਂ-ਮਹਾਪੁਰਸ਼ਾਂ ਨੂੰ ਸੁਨੇਹੇ ਘੱਲ ਕੇ ਸਿੱਖ ਸੰਗਤ ‘ਤੇ ਬੜਾ ਵੱਡਾ ਪਰਉਪਕਾਰ ਕਰਦੇ ਹਨ ਤਾਂ ਜੋ ਬਾਹਰਲੇ ਸਿੱਖ ਗੁਰਮਤਿ ‘ਤੇ ਪੱਕੇ ਰਹਿਣ।

ਅੱਜ ਕੱਲ੍ਹ ਸਿੱਖ ਜਗਤ ਵਿਚ (ਅੰਦਰ ਵੀ ਤੇ ਬਾਹਰ ਵੀ) ਰਣਜੀਤ ਸਿੰਘ (ਸੰਤ) ਢੱਡਰੀਆਂ ਵਾਲਿਆਂ ਦਾ ਬੜਾ ਨਾਂ ਹੈ ਕਿਉਂਕਿ ਉਨ੍ਹਾਂ ਦੇ ਆਪ ਦੱਸਣ ਮੁਤਾਬਕ ਉਨ੍ਹਾਂ ਨੇ ਲੱਖਾਂ ਹੀ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਜਹਾਜ਼ੇ ਚੜ੍ਹਾ ਦਿੱਤਾ ਹੋਇਆ ਹੈ। ਕਿੰਨਾ ਵੱਡਾ ਪਰਉਪਕਾਰ ਹੈ, ਕਿਸੇ ਨੂੰ ਪਰੇਰ ਕੇ ਗੁਰੂ ਦੇ ਲੜ ਲਾਉਣਾ! ਉਨ੍ਹਾਂ ਮੁਤਾਬਕ ਇਹ ਕਾਰਜ ਉਹ ਕੀਰਤਨ ਕਰ ਕੇ, ਗੁਰੂ ਦਾ ਜੱਸ ਗਾ ਕੇ ਕਰਦੇ ਹਨ। ਬਾਹਰਲੇ ਸਿੱਖਾਂ ਨੇ, ਖ਼ਾਸ ਕਰਕੇ ਭਾਈਚਾਰੇ ਦੇ ਇਕ ਨਾਮੀ-ਗਰਾਮੀ ਵਕੀਲ ਨੇ ਪੂਰੀ ਤਨਦੇਹੀ ਨਾਲ ਇਨ੍ਹਾਂ ਸੰਤਾਂ ਦੇ ਸਾਰੇ ਗਰੁਪ ਦੇ ਵੀਜ਼ੇ ਲਵਾ ਕੇ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਨੂੰ ਸੰਤ ਦਰਸ਼ਨਾਂ ਦੀ ਚਿਰੋਕਣੀ ਖ਼ਵਾਹਿਸ਼ ਪੂਰੀ ਕਰਵਾਈ। ਸੁਚੱਜੇ ਤੇ ਸੁਲਝੇ ਢੰਗ ਨਾਲ ਵੱਖ ਵੱਖ ਸ਼ਹਿਰਾਂ ਦੇ ਗੁਰਦੁਆਰਿਆਂ ਵਿਚ ਸਮਾਂ-ਬੱਧ ਕੀਰਤਨ ਪ੍ਰੋਗਰਾਮ ਉਲੀਕ ਕੇ ਸਾਰੀਆਂ ਪੰਜਾਬੀ ਅਖ਼ਬਾਰਾਂ ਵਿਚ (ਸੰਤ) ਰਣਜੀਤ ਸਿੰਘ ਢੱਡਰੀਆਂਵਾਲਿਆਂ ਦੀਆਂ ਫੋਟੋਆਂ ਸਮੇਤ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤੇ ਨਾਲ ਹੀ ਇਸ ਉਚੇਚੇ ਕੀਰਤਨ ਪ੍ਰੋਗਰਾਮਾਂ ‘ਤੇ ਵਰਤਾਏ ਜਾਣ ਵਾਲੇ ਲੰਗਰ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਸੀ। ਇੰਨਾ ਵੱਡਾ ਤਾਲਮੇਲ ਬਣਾਉਣ ਵਾਲੇ ਪ੍ਰਬੰਧਕ ਵਾਕਿਆ ਹੀ ਤਾਰੀਫ਼ ਦੇ ਕਾਬਿਲ ਹਨ। ਇਥੋਂ ਹੀ ਪਤਾ ਲਗਦਾ ਹੈ ਕਿ ਉਹ ਗੁਰਮਤਿ ਪ੍ਰਚਾਰ ਅਤੇ ਗੁਰਮੁੱਖ ਆਚਾਰ ਲਈ ਕਿੰਨੇ ਫਿਕਰਮੰਦ ਅਤੇ ਸੰਜੀਦਾ ਹਨ।

ਇਨ੍ਹਾਂ ਸੰਤਾਂ ਦੀ ਆਮਦ ਪ੍ਰਤੀ ਕੈਲੀਫੋਰਨੀਆ ਦੀ ਸਿੱਖ ਸੰਗਤ ਵਿਚ ਵੀ ਬਹੁਤ ਵੱਡਾ ਉਤਸ਼ਾਹ ਸੀ। ਅਖ਼ਬਾਰਾਂ ਵਿਚ ਛਪੇ ਇਸ਼ਤਿਹਾਰਾਂ ਤੋਂ ਸੰਤਾਂ ਦੀ ਇਸ ਫੇਰੀ ਦਾ ਮਨੋਰਥ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨਾ, ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਵਾਉਣਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਪਵਿੱਤਰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਾ ਸੀ। ਇਹ ਤਿੰਨੇ ਹੀ ਕਾਰਜ ਨਿਭਾਉਣੇ ਬੜੇ ਔਖੇ ਹਨ। ਇਹ ਤਾਂ ਉਹੋ ਪਵਿੱਤਰ ਰੂਹਾਂ ਕਰ ਸਕਦੀਆਂ ਹਨ ਜਿਹੜੀਆਂ ਆਪ ਪਹਿਲਾਂ ਗੁਰਬਾਣੀ ਦੇ ਕੰਮ ਵਿਚ ਰੰਗੀਆਂ ਹੋਣ। ਬਾਬੇ ਨਾਨਕ ਦੇ ਸਿੱਖੀ ਸਿਧਾਂਤ ਨੂੰ ਧੁਰ ਅੰਦਰ ਵਸਾ ਕੇ ਦਸਵੇਂ ਪਾਤਸ਼ਾਹ ਦੇ ਭੇਖ-ਰਹਿਤ ਖ਼ਾਲਸੇ ਸਜੇ ਹੋਣ। ਇਸ ਕਾਰਜ ਨੂੰ ਪੂਰਾ ਕਰਨ ਹਿਤ ਹੀ (ਸੰਤ) ਰਣਜੀਤ ਸਿੰਘ ਜੀ ਢੱਡਰੀਆਂਵਾਲਿਆਂ ਦੀ ਫੇਰੀ ਵਿਸ਼ੇਸ਼ ਮਹੱਤਤਾ ਰੱਖਦੀ ਹੈ।

ਇਨ੍ਹਾਂ ਸੰਤਾਂ ਦੀ ਕੈਲੀਫੋਰਨੀਆ ਫੇਰੀ 18 ਸਤੰਬਰ ਤੋਂ ਸ਼ੁਰੂ ਹੋਈ। ਸਿੱਖ ਧਰਮ ਦੀ ਰਵਾਇਤ ਅਨੁਸਾਰ ਬਾਬੇ ਨਾਨਕ ਦੇ ਚਰਨਾਂ ਵਿਚ ਅਰਦਾਸ ਕਰ ਕੇ ਹੀ ਕੋਈ ਕਾਰਜ ਅਰੰਭ ਕਰਦੇ ਹਾਂ। ਉਸ ਵਕਤ ਤਾਂ ਹੋਰ ਵੀ ਜ਼ਰੂਰੀ ਹੋ ਜਾਂਦੈ ਜਦੋਂ ਉਹਦੇ ਹੀ ਗੁਰਮਤਿ ਸਿਧਾਂਤ ਨੂੰ ਪ੍ਰਚਾਰਨ ਲਈ ਪਰਦੇਸ ਯਾਤਰਾ ‘ਤੇ ਜਾਣਾ ਹੋਵੇ। ਸੰਤ ਢੱਡਰੀਆਂ ਵਾਲਿਆਂ ਨੇ ਵੀ ਇਸ ਫੇਰੀ ‘ਤੇ ਚੱਲਣ ਤੋਂ ਪਹਿਲਾਂ ਆਪਣੇ ਡੇਰੇ ਪ੍ਰਮੇਸ਼ਵਰ ਦੁਆਰ ਵਿਚ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਨ ਆਪ ਉਦਾਸੀ ਬਾਣਾ ਪਹਿਨ ਕੇ ਮਨਾਇਆ। ਕਿਉਂਕਿ ਸੰਤਾਂ ਦੀਆਂ ਰਮਜ਼ਾਂ ਗੁੱਝੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਵੱਧ ਪਤਾ ਹੋਊ ਕਿ ਜੇਕਰ ਗੁਰਮਤਿ ਪ੍ਰਚਾਰ ‘ਤੇ ਨਿਕਲਣੈ ਤਾਂ ਬਾਬੇ ਨਾਨਕ ਨਾਲੋਂ ਬਾਬਾ ਸ੍ਰੀਚੰਦ ਅੱਗੇ ਅਰਦਾਸ ਵੱਧ ਕਾਰ-ਆਮਦ ਹੋਵੇਗੀ ਕਿਉਂਕਿ ਮੇਰੇ ਵਰਗੇ ਸੰਸਾਰੀ ਬੰਦਿਆਂ ਨੂੰ ਤਾਂ ਅੱਜ ਤਾਈਂ ਇਹੋ ਹੀ ਪਤਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਬਖ਼ਸ਼ ਕੇ ਭਾਈ ਲਹਿਣਾ ਨੂੰ ਗੁਰੂ ਅੰਗਦ ਬਣਾ ਦਿੱਤਾ ਤਾਂ ਨਾਲ ਹੀ ਕਰਤਾਰਪੁਰ ਸਾਹਿਬ ਛੱਡਣ ਦਾ ਹੁਕਮ ਵੀ ਇਸ ਕਰਕੇ ਦੇ ਦਿੱਤਾ ਕਿ ਸਿੱਖੀ ਸਿਧਾਂਤ ਨੂੰ ਖ਼ਤਰਾ ਵੀ ਉਨ੍ਹਾਂ ਦੇ ਆਪਣੇ ਪੁੱਤ ਤੋਂ ਹੀ ਸੀ। ਚਲੋ ਇਸ ਗੱਲ ਨੂੰ ਛੱਡੀਏ ਕਿਉਂਕਿ ਸੰਤਾਂ-ਬਾਬਿਆਂ ਦੇ ਕਈ ਕਰਤੱਵ ਬੜੇ ਗੁਹਜ਼ ਭਰੇ ਹੁੰਦੇ ਹਨ ਜਿਹੜੇ ਮੇਰੇ ਵਰਗੇ ਦੀ ਪਕੜ ਤੋਂ ਬਾਹਰ ਹੁੰਦੇ ਹਨ।

ਜਿਸ ਗੁਰਦੁਆਰਾ ਸਾਹਿਬ ਵਿਚ ਮੈਂ ਇਨ੍ਹਾਂ ਸੰਤਾਂ ਦੇ ਪ੍ਰੋਗਰਾਮ ਦੇਖੇ, ਉਹ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਬਣ ਰਿਹਾ ਹੈ ਤੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਵੱਡੇ ਇਕੱਠ ਦਾ ਅੰਦਾਜ਼ਾ ਲਾ ਕੇ ਪਹਿਲਾਂ ਹੀ ਖੁੱਲ੍ਹੇ ਮੈਦਾਨ ਵਿਚ ਟੈਂਟ ਲਗਵਾ ਕੇ ਸੰਤਾਂ ਦੇ ਕੀਰਤਨ ਦਰਬਾਰ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਥੇ ਤਿੰਨ ਦਿਨ ਕੀਰਤਨ ਕੀਤੇ ਗਏ, ਪਹਿਲਾ ਕੀਰਤਨ ਪ੍ਰੋਗਰਾਮ ਤਾਂ ਐਤਵਾਰ ਦਿਨ ਵੇਲੇ ਦਾ ਸੀ ਤੇ ਸੰਗਤ ਵੀ ਬਹੁਤ ਆਈ ਹੋਈ ਸੀ ਪਰ ਸੰਤਾਂ ਦਾ ਕੀਰਤਨੀ ਜਥਾ ਥੋੜ੍ਹਾ ਲੇਟ ਪਹੁੰਚਿਆ ਕਿਉਂਕਿ ਉਸ ਤੋਂ ਪਹਿਲਾਂ ਵੀ ਉਹ ਸ਼ਾਇਦ ਕਿਤੇ ਦੂਜੇ ਸ਼ਹਿਰ ਵਿਚ ਹੋਰ ਗੁਰਦੁਆਰੇ ਕੀਰਤਨ ਕਰਨ ਗਿਆ ਹੋਇਆ ਸੀ ਪਰ ਸੰਗਤ ਸੰਤਾਂ ਦੇ ਦਰਸ਼ਨਾਂ ਲਈ ਜੁੜੀ ਬੈਠੀ ਰਹੀ ਤੇ ਕੁਝ ਵਿਸ਼ੇਸ਼ ਲੰਗਰ ਛਕਣ ਵੱਲ ਰੁਚਿਤ ਸੀ।

ਸੰਤਾਂ ਨੇ ਆ ਕੇ ਰੱਬੀ ਕੀਰਤਨ ਦੀ ਸ਼ੁਰੂਆਤ ਆਪਣੇ ਜਥੇ ਦੇ ਖ਼ਾਸ ਸੰਗੀਤਕ ਸਾਜ਼ਾਂ ਨਾਲ ਸਿਮਰਨ ਤੋਂ ਕੀਤੀ। ਸੰਗਤਾਂ ਨੇ ਵੀ ਝੂਮ ਝੂਮ ਕੇ ਉਚੀ ਆਵਾਜ਼ ਵਿਚ ਤਕਰੀਬਨ 8-10 ਮਿੰਟ ਤਕ ਪੂਰੇ ਜੋਸ਼ ਨਾਲ ਸਾਥ ਦਿੱਤਾ। ਫਿਰ ਸੰਤਾਂ ਨੇ ਆਪਣੇ ਹੀ ਅੰਦਾਜ਼ ਵਿਚ ਜਿਸ ਨੂੰ ਸੰਗਤਾਂ ਮਨੋਹਰ, ਰਸਭਿੰਨਾ, ਗੁਰਬਾਣੀ ਕੀਰਤਨ ਕਹਿੰਦੀਆਂ ਹਨ, ਸ਼ੁਰੂਆਤ ਬੜੇ ਹੀ ਮਿੱਠੇ ਸੁਰਾਂ ਵਿਚ ਵਾਜੇ ਦੀ ਤਿੱਖੀ ਸੁਰ ਤੇ ਚਿਮਟਿਆਂ ਦੀ ਛਣਕਾਰ ਵਿਚ ਧਾਰਮਿਕ ਕਵਿਤਾ, ਜਿਸ ਨੂੰ ਬਾਬਾ ਜੀ ‘ਧਾਰਨਾ’ ਕਹਿੰਦੇ ਹਨ, ਨਾਲ ਕੀਤੀ। (ਸੰਤ) ਢੱਡਰੀਆਂਵਾਲਿਆਂ ਦੀ ਆਵਾਜ਼ ਸੱਚਮੁਚ ਹੀ ਬੜੀ ਰਸੀਲੀ ਤੇ ਮਿੱਠੀ ਹੈ। ਇਨ੍ਹਾਂ ‘ਧਾਰਨਾ’ ਨੂੰ ਬਾਬਾ ਜੀ ਗੁਰਬਾਣੀ ਦਾ ਹੀ ਸਰਲ ਰੂਪ ਦੱਸਦੇ ਹਨ ਕਿਉਂਕਿ ਬਾਬਾ ਜੀ ਦੀ ਇਸ ਫੇਰੀ ਦਾ ਮਨੋਰਥ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਗੁਰਮਤਿ ਸਿਧਾਂਤ ਪੱਕਾ ਕਰਵਾ ਕੇ ਪੂਰੇ-ਸੂਰੇ ਖ਼ਾਲਸੇ ਸਜਾਉਣਾ ਸੀ। ਇਸ ਲਈ ਉਨ੍ਹਾਂ ਸਿੱਖ ਇਤਿਹਾਸ ਵਿਚੋਂ ਮਹਾਨ ਸ਼ਖ਼ਸੀਅਤਾਂ ਦਾ ਵੀ ਜ਼ਿਕਰ ਕੀਤਾ, ਜਿਵੇਂ ਪਹਿਲੇ ਦੀਵਾਨ ਵਿਚ ਉਨ੍ਹਾਂ ਨੇ ਭਾਈ ਬਿਧੀ ਚੰਦ ਦਾ ਪ੍ਰਸੰਗ ਸਾਂਝਾ ਕੀਤਾ। ਇਤਿਹਾਸ ਤੋਂ ਜਾਣੂੰ ਸਿੱਖਾਂ ਨੂੰ ਇੰਨਾ ਕੁ ਪਤਾ ਹੈ ਕਿ ਭਾਈ ਬਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੇ ਚੋਣਵੇਂ ਜਰਨੈਲਾਂ ਵਿਚੋਂ ਇਕ ਸਨ ਅਤੇ ਗੁਰੂ ਜੀ ਦੀਆਂ ਮੁਗ਼ਲ ਹਕੂਮਤ ਨਾਲ ਹੋਈਆਂ ਚੌਹਾਂ ਹੀ ਜੰਗਾਂ ਵਿਚ ਭਾਈ ਜੀ ਨੇ ਸਿੱਖਾਂ ਦੀ ਕਮਾਨ ਸੰਭਾਲੀ ਸੀ ਅਤੇ ਚਾਰੇ ਜੰਗਾਂ ਵਿਚ ਫਤਿਹ ਵੀ ਗੁਰੂ ਜੀ ਦੀ ਹੋਈ ਸੀ। ਇਸ ਉਪਰੰਤ ਸਾਨੂੰ ਭਾਈ ਬਿਧੀ ਚੰਦ ਨੇ ਲਾਹੌਰ ਕਿਲੇ ਵਿਚੋਂ ਕਾਬੁਲ ਦੀਆਂ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਟਾ ਲਈ ਲਿਆਂਦੇ ਦੋਵਾਂ ਘੋੜਿਆਂ ਨੂੰ ਕਿੱਦਾਂ ਜੁਗਤ ਤੇ ਦਲੇਰੀ ਨਾਲ ਲਿਆਂਦਾ, ਉਹ ਵੀ ਪੜ੍ਹਿਆ ਹੋਇਐ। ਇੰਨਾ ਵੀ ਆਪਾਂ ਨੂੰ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਬਿਧੀ ਚੰਦ ਦਾ ਜੀਵਨ ਸ਼ਾਇਦ ਡਕੈਤਾਂ ਵਰਗਾ ਸੀ ਪਰ ਉਸ ਵਿਚ ਇਕਦਮ ਮੋੜਾ ਉਦੋਂ ਆਇਆ ਜਦੋਂ ਗੁਰੂ ਕੀ ਵਡਾਲੀ ਵਿਚ ਉਹਨੇ ਛੇਵੇਂ ਪਾਤਸ਼ਾਹਿ ਦੇ ਦਰਸ਼ਨ ਕੀਤੇ ਤੇ ਗੁਰੂ ਜੀ ਨੇ ਹੱਥ ਉਹਦੇ ਸਿਰ ‘ਤੇ ਰੱਖਿਆ।

ਜਿਹੜੀ ਕਥਾ ਜਾਂ ਸਾਖ਼ੀ ਭਾਈ ਬਿਧੀ ਚੰਦ ਦੇ ਜੀਵਨ ਵਿਚ ਮੋੜ ਲਿਆਉਣ ਵਾਲੀ ਢੱਡਰੀਆਂਵਾਲੇ ਸੰਤਾਂ ਨੇ ਸੁਣਾਈ, ਉਹ ਇਸ ਤਰ੍ਹਾਂ ਸੀ ਕਿ ਬਿਧੀ ਚੰਦ ਚੋਰੀਆਂ ਕਰਦਾ ਹੁੰਦਾ ਸੀ। ਉਸ ਦਿਨ ਵੀ ਉਸ ਨੇ ਇਕ ਪਿੰਡ ਵਿਚੋਂ ਰਾਤ ਨੂੰ ਮੱਝਾਂ ਚੋਰੀ ਕੀਤੀਆਂ ਪਰ ਬਦਕਿਸਮਤੀ ਨੂੰ ਪਿੰਡ ਵਾਲੇ ਜਾਗ ਪਏ ਅਤੇ ਉਹ ਹਨ੍ਹੇਰੇ ਵਿਚ ਉਹਦੇ ਮਗਰ ਹਥਿਆਰ ਲੈ ਕੇ ਦੌੜੇ। ਜਦ ਬਿਧੀ ਚੰਦ ਨੇ ਲੋਕਾਂ ਦਾ ਰੌਲਾ ਸੁਣਿਆ ਤਾਂ ਉਹਨੇ ਮੱਝਾਂ ਪਿੰਡੋਂ ਬਾਹਰ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਭੱਜਣ ਲੱਗਾ। ਛੱਪੜ ਕੰਢੇ ਇਕ ਸੰਤ-ਫ਼ਕੀਰ ਆਪਣੀ ਛੰਨ ਵਿਚ ਖੇਸੀ ਲਈ ਪਿਆ ਸੀ ਤਾਂ ਬਿਧੀ ਚੰਦ ਉਹਨੂੰ ਕਹਿੰਦਾ, ਮੈਨੂੰ ਪਿੰਡ ਵਾਲਿਆਂ ਤੋਂ ਬਚਾ ਲੈ, ਮੈਂ ਉਨ੍ਹਾਂ ਦੀਆਂ ਮੱਝਾਂ ਚੋਰੀ ਕੀਤੀਆਂ ਹਨ ਜਿਹੜੀਆਂ ਹੁਣ ਛੱਪੜ ਵਿਚ ਵਾੜ ਦਿੱਤੀਆਂ ਹਨ। ਇਹ ਸੁਣ ਕੇ ਬਾਬੇ ਨੇ ਕਿਹਾ ਕਿ ਇਸ ਵਾਰ ਤਾਂ ਤੈਨੂੰ ਬਚਾ ਲੈਂਦਾ ਹਾਂ ਪਰ ਅੱਗੇ ਤੋਂ ਚੋਰੀ ਨਾ ਕਰਨ ਦੀ ਸਹੁੰ ਖਾਹ ਲੈ। ਬਿਧੀ ਚੰਦ ਬਾਬੇ ਦਾ ਹੁਕਮ ਮੰਨ ਗਿਆ ਤੇ ਬਾਬੇ ਨੇ ਆਪਣੀ ਖੇਸੀ ਉਹਦੇ ਉਪਰ ਦੇ ਕੇ ਲੰਮਾ ਪਾ ਲਿਆ। ਇੰਨੇ ਨੂੰ ਪਿੰਡ ਵਾਲੇ ਵੀ ਆ ਗਏ ਤਾਂ ਉਨ੍ਹਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਜਿਹੜਾ ਚੋਰ ਸਾਡੀਆਂ ਮੱਝਾਂ ਖੋਲ੍ਹ ਕੇ ਇਧਰ ਨੂੰ ਆਇਐ, ਤੁਸੀਂ ਤਾਂ ਨਹੀਂ ਵੇਖਿਆ। ਬਾਬਾ ਜੀ ਨੇ ਕਿਹਾ ਕਿ ਇਹ ਇਕ ਪੁਰਸ਼ ਮੇਰੇ ਕੋਲ ਇਥੇ ਪਿਐ, ਕਿਤੇ ਇਹੋ ਤਾਂ ਨਹੀਂ ਤੁਹਾਡਾ ਚੋਰ…। ਪਿੰਡ ਵਾਲੇ ਸ਼ਰਮਿੰਦਾ ਹੋ ਕੇ ਕਹਿਣ ਲੱਗੇ ਕਿ ਸੰਤ ਬਾਬਾ ਜੀ, ਤੁਹਾਡੇ ਕੋਲ ਤਾਂ ਤੁਹਾਡੇ ਵਰਗਾ ਹੀ ਕੋਈ ਸੰਤ-ਮਹਾਤਮਾ ਹੋਣੈ, ਸਾਨੂੰ ਮੁਆਫ਼ ਕਰ ਦਿਓ ਜੋ ਅਸੀਂ ਤੁਹਾਨੂੰ ਚੋਰ ਬਾਰੇ ਪੁੱਛ ਲਿਆ। ਫੇਰ ਉਸ ਬਾਬੇ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਕੁਝ ਮੱਝਾਂ ਪਿੰਡ ਵੱਲੋਂ ਆ ਕੇ ਆਹ ਛੱਪੜ ‘ਚ ਵੜ ਗਈਆਂ। ਸ਼ਾਇਦ ਇਹੋ ਤੁਹਾਡੀਆਂ ਹੋਣ ਪਰ ਬਾਬੇ ਨੇ ਆਪਣੀ ਕਰਾਮਾਤ ਨਾਲ ਜਿਹੜੀ ਬੂਰੀ ਮੱਝ ਸੀ, ਉਹ ਲੋਹੀ ਬਣਾ ਦਿੱਤੀ ਅਤੇ ਜਿਹਦੇ ਸਿੰਗ ਸਿੱਧੇ ਸਨ, ਉਹ ਕੁੰਡਲਦਾਰ ਬਣਾ ਦਿੱਤੇ। ਲੋਕੀਂ ਕਹਿਣ ਲੱਗੇ ਇਹ ਤਾਂ ਸਾਡੀਆਂ ਮੱਝਾਂ ਨਹੀਂ ਲੱਗਦੀਆਂ ਤੇ ਬਾਬੇ ਨੇ ਕਿਹਾ ਕਿ ‘ਨ੍ਹੇਰਾ ਕਰਕੇ ਲਗਦੈ, ਤੁਸੀਂ ਮੱਝਾਂ ਲੈ ਜਾਓ ਤੇ ਸਵੇਰੇ ਸਭ ਠੀਕ ਲੱਗੂਗਾ। ਉਸ ਸੰਤ ਨੇ ਮੱਝਾਂ ਦੀਆਂ ਸ਼ਕਲਾਂ ਇਸ ਕਰਕੇ ਉਸ ਵਕਤ ਬਦਲ ਦਿੱਤੀਆਂ ਸਨ ਕਿ ਕਿਤੇ ਲੋਕੀਂ ਇਹ ਨਾ ਸਮਝ ਜਾਣ ਕਿ ਚੋਰ ਉਹੀ ਬੰਦਾ ਹੈ।

(ਸੰਤ) ਢੱਡਰੀਆਂਵਾਲਿਆਂ ਨੇ ਭਾਈ ਬਿਧੀ ਚੰਦ ਵਿਚ ਜੀਵਨ ਬਦਲਾਅ ਦਾ ਸਬੱਬ ਉਸ ਅਣਜਾਣੇ ਸੰਤ ਦੀ ਕਰਨੀ ਨੂੰ ਦੱਸਿਆ ਤੇ ਉਨ੍ਹਾਂ ਦੀ ਵਿਆਖਿਆ ਵਿਚ ਜ਼ੋਰ ਵੀ ਜ਼ਿਆਦਾ ਸੰਤ ਮਾਨਤਾ ਵਿਚ ਪਹਿਲਾਂ ਸੀ ਤੇ ਗੁਰੂ ਰਹਿਮਤ ਵਿਚ ਉਸ ਤੋਂ ਬਾਅਦ। ਭਾਈ ਬਿਧੀ ਚੰਦ ਦੇ ਗੁਰੂ ਛਤਰ-ਛਾਇਆ ਹੇਠ ਕੀਤੇ ਅਦੁੱਤੀ ਕਾਰਨਾਮਿਆਂ ਬਾਰੇ ਕੁਝ ਖ਼ਾਸ ਨਹੀਂ ਦੱਸਿਆ। ਅਸਲ ਵਿਚ ਵਿਆਖਿਆ ਤਾਂ ਉਨ੍ਹਾਂ ਦੀ ਜ਼ਰੂਰੀ ਸੀ ਜਿਸ ਨਾਲ ਹਰ ਸਿੱਖ ਭਾਈ ਬਿਧੀ ਚੰਦ ਵਰਗਾ ਭਰੋਸਾ ਗੁਰੂ ‘ਤੇ ਕਰ ਕੇ, ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਗੁਰਮਤਿ ਸਿਧਾਂਤ ‘ਤੇ ਤੁਰਨ ਦਾ ਧਾਰਨੀ ਹੁੰਦਾ। ਸ਼ਾਇਦ ਢੱਡਰੀਆਂ ਵਾਲਿਆਂ ਨੇ ਕਿਸੇ ਹੋਰ ਥਾਂ ਪੂਰਾ ਪ੍ਰਸੰਗ ਵੀ ਦੱਸਿਆ ਹੋਵੇਗਾ ਪਰ ਜਿਸ ਗੁਰਦੁਆਰਾ ਸਾਹਿਬ ਵਿਚ ਮੈਂ ਸੁਣਿਆ, ਉਥੇ ਜੋ ਉਪਰ ਲਿਖਿਆ, ਓਨਾ ਹੀ ਸੀ।

ਦੂਜਾ ਕੀਰਤਨ ਦਰਬਾਰ ਸ਼ਾਮ ਵੇਲੇ ਦਾ ਸੀ। ਆਪਣੀ ਰਵਾਇਤ ਮੁਤਾਬਕ ਸੰਤਾਂ ਨੇ ਨਾਮ ਸਿਮਰਨ ਨਾਲ ਸ਼ੁਰੂ ਕੀਤਾ ਤੇ ਪੰਜਾ ਸਾਹਿਬ ਦੇ ਸਾਕੇ ਬਾਰੇ ਸੰਗਤਾਂ ਨੂੰ ਦੱਸਿਆ। ਇਹ ਵੀ ਦੱਸਿਆ ਕਿ ਉਸ ਵੇਲੇ ਸਾਰੇ ਮਹੰਤ ਮਾੜੇ ਨਹੀਂ ਸਨ। ਜੇ ਮਹੰਤ ਨਰਾਇਣ ਦਾਸ ਨੇ ਨਨਕਾਣਾ ਸਾਹਿਬ ਵਿਚ ਸਿੰਘਾਂ ਨੂੰ ਸ਼ਹੀਦ ਕੀਤਾ ਤਾਂ ਗੁਰਦੁਆਰਾ ਪੰਜਾ ਸਾਹਿਬ ਦੇ ਮਹੰਤ ਨੇ ਰੇਲ ਗੱਡੀ ਅੱਗੇ ਸੀਸ ਕਟਵਾ ਕੇ ਗੱਡੀ ਰੁਕਵਾਈ ਤਾਂ ਜੋ ਕੈਦੀ ਸਿੰਘਾਂ ਨੂੰ ਅੰਨ-ਜਲ ਛਕਾਇਆ ਜਾ ਸਕੇ। ਸੰਤਾਂ ਨੇ ਪੜ੍ਹੀਆਂ ਤਾਂ ਧਾਰਨਾ ਹੀ ਸੀ ਪਰ ਭਾਈ ਮਰਦਾਨਾ ਜੀ ਦੀ ਰਬਾਬ ਦੀ ਸਿਫ਼ਤ ਵਿਚ ਜੋ ਕਵਿਤਾ ਗਾਈ, ਬਹੁਤ ਹੀ ਕਾਬਿਲ-ਏ-ਤਾਰੀਫ਼ ਸੀ ਤੇ ਭਾਈ ਮਰਦਾਨੇ ਨੂੰ ਸੰਤਾਂ ਨੇ ਪੂਰਨ ਬ੍ਰਹਮਗਿਆਨੀ ਦੱਸਿਆ, ਨਹੀਂ ਤਾਂ ਕਈ ਸਿੱਖ ਕਥਾਕਾਰ/ਰਾਗੀ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹੀ ਭਾਈ ਮਰਦਾਨੇ ਨੂੰ ਇਕ ਹਾਸੇ ਦਾ ਪਾਤਰ ਬਣਾ ਕੇ ਪੇਸ਼ ਕਰ ਦਿੰਦੇ ਹਨ।

ਸੰਤਾਂ ਦੇ ਕੀਰਤਨ ਪ੍ਰੋਗਰਾਮ ਮੈਂ ਪਹਿਲੀ ਵਾਰ ਸੰਗਤ ਵਿਚ ਬਹਿ ਕੇ ਸੁਣੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸਨ ਕਿ ਜੇ ਕਿਤੇ ਬਾਬੇ ਨਾਨਕ ਦੇ ਸਾਦਗੀ ਵਾਲੇ ਜੀਵਨ ਦਾ ਹਵਾਲਾ ਦੇ ਕੇ ਅੱਜ ਕੱਲ੍ਹ ਦੇ ਸੰਤਾਂ ਦੇ ਸ਼ਾਹਾਨਾ ਰਹਿਣ-ਸਹਿਣ ‘ਤੇ ਕੋਈ ਲਿਖ ਜਾਂ ਗਾ ਦਿੰਦਾ ਸੀ ਤਾਂ ਸਭ ਤੋਂ ਵੱਧ ਸੰਤ ਢੱਡਰੀਆਂ ਵਾਲਾ ਤਲਖ਼ੀ ਵਿਚ ਆਉਂਦਾ ਸੀ ਪਰ ਇਨ੍ਹਾਂ ਕੀਰਤਨ ਪ੍ਰੋਗਰਾਮਾਂ ਵਿਚ ਤਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਿਚ ਵੀ ਗਾਇਆ ਤੇ ਆਪਣੇ ਵਿਖਿਆਨਾਂ ਵਿਚ ਬਾਬੇ ਨਾਨਕ ਦੀ ਉਪਮਾ ਵੀ ਬਹੁਤ ਕੀਤੀ, ਸਿੱਖ ਸ਼ਹੀਦਾਂ ਨੂੰ ਵੀ ਯਾਦ ਕੀਤਾ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਕੌਮ ਦਾ ਸ਼ਹੀਦ ਕਿਹਾ ਅਤੇ ਨਾਲ ਦੀ ਨਾਲ ਆਸ਼ੂਤੋਸ਼ ਵਰਗਿਆਂ ‘ਤੇ ਵੀ ਹੱਲਾ ਬੋਲਿਆ। ਲੁਧਿਆਣਾ ਵਿਚ ਜਿਸ ਤਰ੍ਹਾਂ ਪੁਲਿਸ ਨੇ ਆਸ਼ੂਤੋਸ਼ੀਆਂ ਦਾ ਸਮਾਗਮ ਰੋਕਣ ਵਾਲੇ ਸਿੰਘਾਂ ਨੂੰ ਡਾਂਗਾਂ ਨਾਲ ਕੁੱਟਿਆ ਤੇ ਫਿਰ ਗੋਲੀ ਮਾਰ ਕੇ ਭਾਈ ‘ਲੋਹਾਰਾ’ ਨੂੰ ਸ਼ਹੀਦ ਕੀਤਾ, ਉਸ ਬਾਰੇ ਵੀ ਦੱਸਿਆ ਪਰ ਇਹ ਨਹੀਂ ਦੱਸਿਆ ਕਿ ਜਦੋਂ ਸੰਗਤ ਸ਼ਹੀਦ ਭਾਈ ਲੋਹਾਰਾ ਦੀ ਮ੍ਰਿਤਕ ਦੇਹ ਦਾ ਸਸਕਾਰ ਓਨੀ ਦੇਰ ਨਹੀਂ ਸੀ ਕਰਨਾ ਚਾਹੁੰਦੀ ਜਿੰਨੀ ਦੇਰ ਆਸ਼ੂਤੋਸ਼ ਤੇ ਹੋਰਨਾਂ ‘ਤੇ ਕੇਸ ਦਰਜ ਨਾ ਹੋਣ, ਤਾਂ ਕੁਝ ਸੰਤਾਂ ਨੇ ਹੀ ਜਿਨ੍ਹਾਂ ਵਿਚ ਖੁਦ ਸੰਤ ਢੱਡਰੀਆਂ ਵਾਲੇ ਵੀ ਸ਼ਾਮਲ ਸਨ, ਸਿੱਖ ਸੰਗਤਾਂ ਨੂੰ ਬਾਦਲ ਐਂਡ ਕੰਪਨੀ ਵੱਲੋਂ ਦਿੱਤੇ ਫੋਕੇ ਲਾਰੇ ਮੁਤਾਬਕ ਭਰੋਸੇ ਵਿਚ ਲੈ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ। ਮੁੜ ਇਨ੍ਹਾਂ ਵਿਚੋਂ ਕਿਸੇ ਸੰਤ ਨੇ ਬਾਤ ਵੀ ਨਹੀਂ ਪੁੱਛੀ ਕਿ ਮੁਕੱਦਮਿਆਂ ਦਾ ਕੀ ਬਣਿਆ? ਉਂਜ ਅਕਸਰ ਡੇਰੇਦਾਰ ਸੰਤਾਂ ਬਾਰੇ ਇਹ ਪੱਕਾ ਯਕੀਨ ਹੈ ਕਿ ਇਹ ਆਪਣੇ ਹੀ ਡੇਰੇ ਨੂੰ ਵਡਿਆਉਂਦੇ ਨਹੀਂ ਥੱਕਦੇ ਪਰ ਇਸ ਵਾਰੀ (ਸੰਤ) ਢੱਡਰੀਆਂਵਾਲੇ ਨੇ ਆਪਣੇ ਡੇਰੇ ਪ੍ਰਮੇਸ਼ਵਰ ਦੁਆਰ ਦੇ ਨਾਲ ਨਾਲ ਦਰਬਾਰ ਸਾਹਿਬ ਦੀ ਵੀ ਗੱਲ ਕੀਤੀ ਹੈ ਤੇ ਵਾਰ ਵਾਰ ਸੱਚੇ ਸੁੱਚੇ ਸਿੱਖ ਬਣਨ ‘ਤੇ ਵੀ ਜ਼ੋਰ ਦਿੱਤਾ।

ਤੀਜਾ ਕੀਰਤਨ ਵੀ ਰਾਤ ਵੇਲੇ ਦਾ ਹੀ ਸੀ। ਇਸ ਗੁਰਦੁਆਰੇ ਵਿਚ ਇਹ ਅੰਤਿਮ ਪ੍ਰੋਗਰਾਮ ਸੀ। ਆਪਣੀ ਰੀਤ ਮੁਤਾਬਕ ਸੰਤਾਂ ਨੇ ਸ਼ੁਰੂ ਵਿਚ ਗੁਰਬਾਣੀ ਵਿਚੋਂ ਕਿਸੇ ਸ਼ਬਦ ਦੀ ਤੁਕ ਨਾਲ ਕੀਰਤਨ ਅਰੰਭਿਆ ਅਤੇ ਵਿਚੋਂ ਹੀ ਧਾਰਨਾ ਵਾਲੀ ਕਵਿਤਾ ਪੜ੍ਹਨੀ ਅਰੰਭ ਕਰ ਦਿੱਤੀ। ਫੇਰ ਜੋ ਵਿਆਖਿਆ ਕੀਤੀ, ਉਸ ਵਿਚ ਹਰ ਸਿੱਖ ਨੂੰ ਦਸਵੰਧ ਕੱਢਣ ‘ਤੇ ਸਿਰਫ਼ ਜ਼ੋਰ ਹੀ ਨਹੀਂ ਦਿੱਤਾ, ਸਗੋਂ ਉਹਨੂੰ ਵਰਤਣਾ ਕਿਸ ਤਰ੍ਹਾਂ ਹੈ; ਇਹ ਵੀ ਦੱਸਿਆ। ਦਸਵੰਧ, ਉਨ੍ਹਾਂ ਮੁਤਾਬਕ ਵਿਧੀ ਅਨੁਸਾਰ ਪੂਰੀ ਕਮਾਈ ਭਾਵ ਗਰੌਸ ਦਾ ਦਸਵਾਂ ਹਿੱਸਾ ਹੋਣਾ ਚਾਹੀਦੈ, ਨਾ ਕਿ ਨੈਟ ਕਮਾਈ ਦਾ ਜਾਂ ਸਾਰੇ ਖ਼ਰਚਿਆਂ ਤੋਂ ਬਾਅਦ ਦੀ ਕਮਾਈ ਜਾਂ ਬੱਚਤ ਦਾ; ਬੜਾ ਹਿਸਾਬੀ-ਕਿਤਾਬੀ ਲੱਗਾ ਬਾਬਾ ਇਸ ਸਬੰਧ ਵਿਚ!

ਉਂਜ ਦਸਵੰਧ ਸਬੰਧੀ ਕੋਈ ਵੀ ਨਿੱਗਰ ਮਿਸਾਲ ਜੋ ਗੁਰਮਤਿ ਮੁਤਾਬਕ ਢੁੱਕਦੀ ਹੋਵੇ ਤੇ ਜਿਹੜੀ ਬੈਠੀ ਸੰਗਤ ਦੇ ਮਨ ਨੂੰ ਵੀ ਭਾਅ ਜਾਵੇ, ਨਹੀਂ ਦਿੱਤੀ। ਬਸ ਚੁਟਕਲੇਨੁਮਾ ਦੋ ਕੁ ਗੱਲਾਂ ਦਸਵੰਧ ਕੱਢਣ ਵਾਲਿਆਂ ਦੀਆਂ ਕਰਕੇ ਆਪੇ ਹੱਸ ਪਿਆ ਤੇ ਸੰਗਤ ਨੇ ਤਾਂ ਫ਼ੇਰ ਹੱਸਣਾ ਹੀ ਸੀ ਕਿਉਂਕਿ ਸੰਤ-ਮਹਾਂਪੁਰਸ਼ ਜੂ ਹੱਸੇ ਸੀਗੇ!! ਹੁਣ ਕਈ ਭੈਣਾਂ-ਵੀਰ ਇਹ ਸੋਚਣਗੇ ਕਿ ਦਸਵੰਧ ਵਰਗੀ ਨੇਕ ਕਮਾਈ ਨਾਲ ਚੁਟਕਲਾ ਮੈਂ ਕਿੱਦਾਂ ਲਿਖ ਦਿੱਤਾ। ਉਂਜ ਤਾਂ ਬਹੁਤਿਆਂ ਨੇ ਆਪਣੇ ਕੰਨਾਂ ਨਾਲ ਖ਼ੁਦ ਢੱਡਰੀਆਂਵਾਲਿਆਂ ਦੇ ਮੁਖਾਰਬਿੰਦ ਤੋਂ ਗੁਰਮਤਿ ਪ੍ਰਚਾਰ ਵਿਚ ਇਹ ਸੁਣਿਆ ਹੋਣਾ, ਫਿਰ ਵੀ ਇਥੇ ਸਾਂਝਾ ਕਰ ਹੀ ਲਈਏ; ਨਹੀਂ ਤਾਂ ਕਈਆਂ ਦੇ ਮਨ ਵਿਚ ਸ਼ੱਕ ਹੀ ਰਹਿਣਾ।

ਸੰਤਾਂ ਨੇ ਫੁਰਮਾਇਆ, “ਇਕ ਵਾਰ ਮੈਂ ਇਕ ਸੱਜਣ ਪੁਰਸ਼ ਨੂੰ ਪੁੱਛਿਆ ਕਿ ਭਾਈ ਕਮਾਈ ਵਿਚੋਂ ਦਸਵੰਧ ਵੀ ਕੱਢਦੇ ਹੋ ਤਾਂ ਉਸ ਨੇ ਜਵਾਬ ਦਿੱਤਾ, ‘ਹਾਂ ਬਾਬਾ ਜੀ, ਬਿਲਕੁਲ ਕੱਢੀਦਾ।’ ਮੈਂ ਫੇਰ ਕਿਹਾ ਕਿ ਭਾਈ ਦਸਵੰਧ ਦੀ ਰਕਮ ਕਿੱਦਾਂ ਤੇ ਕਿੰਨੀ ਕੱਢਦਾ ਹੁੰਨਾ ਤਾਂ ਉਸ ਭਲੇ ਪੁਰਸ਼ ਨੇ ਕਿਹਾ ਕਿ ਬਾਬਾ ਜੀ ਮਹੀਨੇ ਦੀ ਜੋ ਕਮਾਈ ਹੁੰਦੀ ਹੈ, ਉਹ ਸਾਰੀ ਇਕੱਠੀ ਕਰ ਕੇ ਰੱਖ ਲਈਦੀ ਤੇ ਫੇਰ ਇਕ ਜ਼ਮੀਨ ‘ਤੇ ਲੀਕ ਮਾਰ ਲੈਨਾਂ ਤੇ ਕਮਾਈ ਦੇ ਸਾਰੇ ਪੈਸੇ ਉਪਰ ਨੂੰ ਸੁੱਟ ਦਿੰਨਾਂ, ਜਿਹੜੇ ਲੀਕ ਦੇ ਦੂਜੇ ਪਾਸੇ ਡਿੱਗ ਪੈਣ, ਉਹ ਦਸਵੰਧ ਦੇ ਤੇ ਜਿਹੜੇ ਮੇਰੇ ਪਾਸੇ ਡਿੱਗ ਪੈਣ, ਉਹ ਮੇਰੇ। ਫੇਰ ਮੈਂ ਕਿਹਾ ਕਿ ਭਾਈ ਲੀਕ ਤੋਂ ਦੂਜੇ ਪਾਸੇ ਤਾਂ ਕਾਫੀ ਪੈਸੇ ਚਲੇ ਜਾਂਦੇ ਹੋਣੇ ਆਂ ਤਾਂ ਉਹ ਕਹਿੰਦਾ ਕਿ ਬਾਬਾ ਜੀ ਮੈਂ ਤਾਂ ਉਪਰ ਨੂੰ ਅੱਖਾਂ ਮੀਟ ਕੇ ਸੁੱਟ ਦਿੰਨਾ ਪਰ ਸਾਰੇ ਪੈਸੇ ਡਿੱਗਦੇ ਲੀਕ ਦੇ ਮੇਰੇ ਵੱਲ ਦੇ ਪਾਸੇ ਨੂੰ ਹੀ ਹਨ। ਮੈਂ ਕੀ ਕਰਾਂ! ਇਸ ਕਰਕੇ ਫੇਰ ਮੈਂ ਸਾਰੀ ਕਮਾਈ ਰੱਖ ਲੈਨਾ।”

ਫੇਰ ਸੰਤਾਂ ਨੇ ਇਕ ਹੋਰ ਸੱਜਣ ਪੁਰਸ਼ ਦੀ ਉਦਾਹਰਣ ਦਿੱਤੀ, “ਮੈਂ ਇਕ ਹੋਰ ਗੁਰਮੁੱਖ ਪਿਆਰੇ ਨੂੰ ਪੁੱਛਿਆ ਕਿ ਭਾਈ ਤੂੰ ਦਸਵੰਧ ਕਮਾਈ ਵਿਚੋਂ ਕਿੰਨਾ ਤੇ ਕਿਸ ਤਰੀਕੇ ਨਾਲ ਕੱਢਦਾਂ? ਤਾਂ ਉਸ ਨੇ ਉਤਰ ਦਿੱਤਾ, ‘ਬਾਬਾ ਜੀ, ਸਾਡਾ ਤਾਂ ਬਸ ਸਿੱਧਾ ਹਿਸਾਬ ਹੀ ਹੈਗਾ। ਮੈਂ ਤਾਂ ਕਮਾਈ ਦੇ ਸਾਰੇ ਪੈਸੇ ਉਪਰ ਨੂੰ ਸੁੱਟ ਦਿੰਨਾਂ। ਜਿਹੜੇ ਥੱਲੇ ਡਿੱਗ ਪੈਣ, ਉਹ ਮੈਂ ਆਪਣੇ ਲਈ ਰੱਖ ਲੈਨਾ।” ਹੁਣ ਆਪੇ ਹੀ ਜਾਣ ਲਓ ਕਿ ਮੈਂ ‘ਚੁਟਕਲੇ’ ਕਿਉਂ ਲਿਖਿਆ ਸੀ। ਉਂਜ ਇਹ ਗੱਲਾਂ ਆਪਾਂ ਪਹਿਲਾਂ ਵੀ ਕਈ ਵਾਰੀ ਸੁਣ ਚੁੱਕੇ ਹਾਂ ਪਰ (ਸੰਤ) ਢੱਡਰੀਆਂਵਾਲੇ ਨੇ ਮੱਲੋ-ਮੱਲੀ ਇਹ ਆਪਣੇ ਨਾਲ ਜੋੜ ਲਈਆਂ। ਉਂਜ ਕਹਿੰਦੇ ਹਨ ਕਿ ਸੰਤ ਬਾਬੇ ਝੂਠ ਨਹੀਂ ਬੋਲਦੇ! ਨਾਲੇ ਇਹਦੇ ਨਾਲ ਭਈ ਕਿਹੜਾ ਸਿੱਖੀ ਦਾ ਪ੍ਰਚਾਰ ਹੋਇਆ? ਕੀ ਇੱਦਾਂ ਚਟਖਾਰੇ ਵਾਲੀਆਂ ਗੱਲਾਂ ਨੂੰ ਵੀ ਗੁਰਮਤਿ ਪ੍ਰਚਾਰ ਦਾ ਹੀ ਹਿੱਸਾ ਮੰਨੀਏ ਜਿਹਦੇ ਲਈ ਸੰਤ ਇੰਨੀ ਦੂਰ ਆਇਓ ਆ। ਅਸਲ ਗੱਲ, ਖ਼ਾਸ ਕਰਕੇ ਆਪਾਂ ਅਮਰੀਕਾ ਵਿਚ ਰਹਿਣ ਵਾਲੇ ਕੰਮਕਾਰੀ ਬੰਦਿਆਂ ਨੂੰ ਦਸਵੰਧ ਦਾ ਪਾਠ ਕੀ ਪੜ੍ਹਾਉਣਾ? ਕਿਉਂਕਿ ਸਾਨੂੰ ਤਾਂ ਪਹਿਲਾਂ ਹੀ 30 ਫ਼ੀਸਦ ਕੱਟਿਆ ਹੋਇਆ ਚੈਕ ਮਿਲਦੈ।

ਬਾਬਾ ਜੀ ਨੇ ਫੇਰ ਦਸਵੰਧ ਨੂੰ ਵਰਤਣ ਦਾ ਵੀ ਤਰੀਕਾ ਦੱਸਿਆ ਕਿ ਜਦੋਂ ਭਾਈ ਤੁਸੀਂ ਇੰਡੀਆ ਗੇੜਾ ਮਾਰਿਆ ਤਾਂ ਇਸ ਪੈਸੇ ਨਾਲ ਕਿਸੇ ਗ਼ਰੀਬ ਦੀ ਧੀ ਦੇ ਵਿਆਹ ‘ਤੇ ਖ਼ਰਚਾ ਕਰ ਦਿਓ। ਨਾਲੇ ਬਾਬਿਆਂ ਨੇ ਇਹ ਵੀ ਕਿਹਾ ਕਿ ਉਹ ਆਪ ਆਪਣੇ ਡੇਰੇ ਵਿਚ ਗ਼ਰੀਬ ਧੀਆਂ ਦੇ ਵਿਆਹ ਕਰਵਾਉਂਦੇ ਰਹਿੰਦੇ ਹਨ। ਇੱਦਾਂ ਕਹਿਣ ਨਾਲ ਲੁੱਕਵਾਂ ਜਿਹਾ ਇਸ਼ਾਰਾ ਸੰਤ ਕਰ ਗਏ ਕਿ ਦਸਵੰਧ ਕਿੱਥੇ ਦੇਣਾ ਹੈ। ਸੰਗਤ ਤਾਂ ਸੰਤਾਂ ਦੇ ‘ਬਚਨ’ ਸੁਣ ਕੇ ਦਰਸ਼ਨ ਕਰ ਕੇ ‘ਵਾਹਿਗੁਰੂ ਵਾਹਿਗੁਰੂ’ ਕਰਦੀ, ਬਣਦਾ ਤਿਲ-ਫੁੱਲ ਭੇਟਾ ਆਪੇ ਹੀ ਕਰੀ ਜਾਂਦੀ ਸੀ। ਗੁਰਮਤਿ ਵਿਚ ਕਿਸੇ ਨੂੰ ਉਹਦੀ ਸਮਾਜਕ ਹਾਲਤ ਦੇਖ ਕੇ ਗ਼ਰੀਬ-ਗੁਰਬਾ ਕਹਿਣਾ ਸ਼ਾਇਦ ਜਾਇਜ਼ ਨਹੀਂ ਤੇ ਸੰਤਾਂ ਦੇ ਮੂੰਹੋਂ ਵਾਰ ਵਾਰ ਇਹੋ ਅਲਫ਼ਾਜ਼ ਨਿਕਲ ਰਹੇ ਸਨ। ਵਕਤ ਬਹੁਤੇ ਪੈਸੇ ਵਾਲੇ ਨੂੰ ਵੀ ਕਦੇ ਲੋੜਵੰਦ ਬਣਾ ਸਕਦੈ ਤੇ ਦਾਨੀ ਇਕ ਕਿਰਤੀ ਵੀ ਹੋ ਸਕਦੈ!

ਜਿਵੇਂ ਸੰਤਾਂ ਦੀ ਇਸ ਫੇਰੀ ਦਾ ਮਕਸਦ ਗੁਰਮਤਿ ਪ੍ਰਚਾਰ ਹੀ ਦੱਸਿਆ ਗਿਆ ਤੇ ਗੁਰਮਤਿ ਪ੍ਰਚਾਰ ਦਾ ਆਧਾਰ ਹੈ ਗੁਰਬਾਣੀ ਤੇ ਉਸ ਵਿਚੋਂ ਹੀ ਕੀਰਤਨ ਤੇ ਕਥਾ ਨਾਲ ਹੁੰਦਾ ਹੈ ਬਾਬੇ ਨਾਨਕ ਦੀ ਸਿੱਖੀ ਦੇ ਸਿਧਾਂਤਾਂ ਦਾ ਪ੍ਰਚਾਰ। ਬਾਬੇ ਨਾਨਕ ਨੇ ਇਸ ਦੁਨੀਆਂ ਨੂੰ ਕਦੇ ਵੀ ਮਾੜੀ ਨਹੀਂ ਕਿਹਾ ਤੇ ਨਾ ਹੀ ਇਸ ਤੋਂ ਭੱਜਣ ਦੀ ਕਦੇ ਸਲਾਹ ਦਿੱਤੀ ਸਗੋਂ ਇਸੇ ਦੁਨੀਆਂ ਵਿਚ ਰਹਿ ਕੇ ਇਨਸਾਨ ਨੂੰ ਆਪਣਾ ਅੱਗਾ ਸੰਵਾਰਨ ਲਈ ਕਿਹਾ। ਗੁਰਬਾਣੀ ਅਨੁਸਾਰ- “ਵਿਚ ਦੁਨੀਆ ਸੇਵਿ ਕਮਾਈਐ, ਤਾਂ ਦਰਗਹਿ ਬੈਸਣਿ ਪਾਈਐ॥” ਪਰ (ਸੰਤ) ਢੱਡਰੀਆਂ ਵਾਲਿਆਂ ਨੇ ਜਿਹੜਾ ਗੁਰਮਤਿ ਦਾ ਪ੍ਰਚਾਰ ਕੀਤਾ, ਉਹ ਇਸ ਤਰ੍ਹਾਂ ਹੈ: “ਇਹ ਦੁਨੀਆਂ ਤਿਲਕਣਬਾਜ਼ੀ ਹੈ, ਬੰਦਿਆ ਸੰਭਲ ਸੰਭਲ ਕੇ ਤੁਰ ਤੂੰ।” ਇਹ ਆਮ ਇਕ ਪੰਜਾਬੀ ਗੀਤ ਦੀਆਂ ਲਾਈਨਾਂ ਲੱਗਦੀਆਂ ਪਰ ਸੰਤ ਤਾਂ ਇਨ੍ਹਾਂ ਨੂੰ ਸਰਲ ਗੁਰਬਾਣੀ ਦਾ ਹੀ ਰੂਪ ਦੱਸ ਰਹੇ ਸਨ ਤੇ ਇਹਦੇ ਅਰਥ ਵੀ ਸ਼ਾਇਦ ਉਪਰ ਲਿਖੀ ਗੁਰਬਾਣੀ ਦੀ ਤੁਕ ਤੋਂ ਉਲਟ ਹੀ ਹੋਣ।

ਇਕ ਗੱਲ ਤਾਂ ਮੰਨਣ ਵਾਲੀ ਹੈ ਕਿ ਢੱਡਰੀਆਂਵਾਲਿਆਂ ਦੀ ਆਵਾਜ਼ ਬਹੁਤ ਹੀ ਮਿੱਠੀ ਹੈ ਤੇ ਉਹ ਧਾਰਨਾ ਨੂੰ ਗਾਉਂਦੇ ਵੀ ਬੜੀ ਤਰਜ਼ ਵਿਚ ਹਨ। ਨਾਲੇ ਉਨ੍ਹਾਂ ਦਾ ਵਾਜੇ ‘ਤੇ ਵੀ ਪੂਰਾ ਕੱਸ ਹੈ, ਬੜੀ ਤਿੱਖੀ ਸੁਰ ਕੱਢਦੇ ਆ, ਉਤੋਂ ਚਾਰ ਸਿੰਘ ਦੋ-ਦੋ ਦੀਆਂ ਜੋਟੀਆਂ ਵਿਚ ਬੈਠ ਕੇ ਜਿਸ ਅੰਦਾਜ਼ ਵਿਚ ਚਿਮਟੇ ਵਜਾਉਂਦੇ ਹਨ, ਮਜ਼ਾਲ ਹੈ ਕਿ ਚੌਹਾਂ ਵਿਚੋਂ ਕੋਈ ਇਕ ਵੀ ਅੱਗੇ-ਪਿੱਛੇ ਹੋ ਜਾਵੇ; ਪੂਰੇ ਟਰੇਂਡ ਹਨ। ਇਕੋ ਸਮੇਂ ਬਾਹਾਂ ਉਪਰ ਨੂੰ ਚੁੱਕਦੇ ਹਨ ਤੇ ਫੇਰ ਸਹਿਜੇ ਸਹਿਜੇ ਚਿਮਟੇ ਵਜਾਉਂਦੇ ਥੱਲੇ ਨੂੰ ਲਿਆਉਂਦੇ ਹਨ। ਦੇਖਣ ਨੂੰ ਬੜਾ ਵਧੀਆ ਲੱਗਦੈ, ਜਿਸ ਤਰ੍ਹਾਂ ਛੋਟੇ ਹੁੰਦਿਆਂ ਸਕੂਲ ਵਿਚ ਡਰਿੱਲ ਕਰੀਦੀ ਸੀ। ਇਨ੍ਹਾਂ ਸਾਜ਼ਾਂ ਵਿਚ ਗਾਈ ਧਾਰਨਾ ਮੱਲੋ-ਮੱਲੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੰਦੀ ਹੈ ਤੇ ਉਹ ਇੰਨੇ ਉਤਸ਼ਾਹ ਵਿਚ ਆ ਜਾਂਦੀ ਹੈ ਕਿ ਬਾਹਾਂ ਖੜ੍ਹੀਆਂ ਕਰ ਕੇ ਉਚੀ ਉਚੀ ਸਾਜ਼ਾਂ ਦੀ ਆਵਾਜ਼ ਵਿਚ ਕਿੰਨਾ ਚਿਰ ਹੀ ਗਾਉਂਦੀ ਰਹਿੰਦੀ ਹੈ, ਇਸ ਗੱਲ ਤੋਂ ਅਣਜਾਣ ਕਿ ਇਹਦੇ ਅਰਥ ਤਾਂ ਬਾਬੇ ਦੀ ਬਾਣੀ ਨਾਲ ਮੇਲ ਵੀ ਨਹੀਂ ਖਾਂਦੇ। ਖ਼ੈਰ, ਫੇਰ ਵੀ ‘ਸੰਤ’ ਗੁਰਮਤਿ ਪ੍ਰਚਾਰ ਕਰ ਰਹੇ ਹਨ!

ਇਕ ਵੱਡੀ ਗੱਲ ਜੋ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਿਚ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਦਿਸੀ, ਉਹ ਹੈ ਇਨ੍ਹਾਂ ਵੱਲੋਂ ਬੜੀ ਦਲੇਰੀ ਤੇ ਬੇਬਾਕੀ ਨਾਲ ਕਹੇ ਸ਼ਬਦ। ਜਿਸ ਗੁਰਦੁਆਰੇ ਵਿਚ ਮੈਂ ਇਨ੍ਹਾਂ ਦੇ ਕੀਰਤਨ ਪ੍ਰੋਗਰਾਮ ਦੇਖੇ, ਉਥੇ ਤੀਜੇ ਤੇ ਆਖ਼ਰੀ ਪ੍ਰੋਗਰਾਮ ਵਿਚ ਸੰਤਾਂ ਨੇ ‘ਮੌਜੂਦਾ ਪੰਥਕ ਲੀਡਰਾਂ’ ਨੂੰ ‘ਭੇਡਾਂ ਬੱਕਰੀਆਂ’ ਕਿਹਾ। ਸਾਫ਼ ਹੈ ਕਿ ਇਹ ਅਲਫ਼ਾਜ਼ ‘ਬਾਦਲ ਐਂਡ ਕੰਪਨੀ’ ਲਈ ਹੀ ਵਰਤੇ ਗਏ। ਬੜੀ ਜ਼ੁਰਅਤ ਹੈ ਸੰਤ ਢੰਡਰੀਆਂਵਾਲਿਆਂ ਵਿਚ! ਇੰਨਾ ਕਹਿਣ ਨਾਲ ਸੰਗਤ ਵਿਚ ਜੋਸ਼ ਆ ਗਿਆ ਤੇ ਸੰਤਾਂ ਨੇ ਕੋਈ 5-10 ਮਿੰਟ ਸਾਰੇ ਸਾਜ਼ਾਂ ਨਾਲ ਸੰਗਤ ਤੋਂ ਦੋਵੇਂ ਹੱਥ ਖੜ੍ਹੇ ਕਰਵਾ ਕੇ ਜੈਕਾਰੇ ਬੁਲਾਏ। ਇਥੋਂ ਤਕ ਕਿ ਸੰਗਤ ਵਿਚੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਅਮਰ ਰੱਖਣ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜੇ ਤਾਂ ਸਟੇਜ ਤੋਂ ਸੰਤਾਂ ਨੇ ਕਿਹਾ ਕਿ ਤੁਸੀਂ ਸਾਰੇ ਅੰਮ੍ਰਿਤ ਛਕ ਲਓ, ਆਪੇ ਹੀ ਖ਼ਾਲਸਾ ਰਾਜ ਹੋ ਜਾਣੈ। ਸੰਤ ਢੱਡਰੀਆਂਵਾਲਿਆਂ ਨੇ ਅਕਾਲੀ ਦਲ (ਬਾਦਲ) ਦੇ ਲੀਡਰਾਂ ਨੂੰ ਭੇਡਾਂ-ਬੱਕਰੀਆਂ ਕਹਿ ਤਾਂ ਦਿੱਤਾ, ਸ਼ਾਇਦ ਇਹ ਨਹੀਂ ਜਾਣਦੇ ਕਿ ਜਿਸ ਸਟੇਜ ਤੋਂ ਇਹ ਅਲਫ਼ਾਜ਼ ਕਹੇ, ਉਥੇ ਹੀ ਇਨ੍ਹਾਂ ‘ਭੇਡਾਂ-ਬੱਕਰੀਆਂ’ ਨੂੰ ਆਪਣੇ ਆਦਰਸ਼ ਮੰਨਣ ਵਾਲੇ ‘ਮੇਮਣੇ’ ਵੀ ਬੈਠੇ ਸਨ। ਸ਼ਾਇਦ ਸੰਤ ਇਹ ਭੁੱਲ ਗਿਆ ਹੋਣੈ ਕਿ ਜਿਨ੍ਹਾਂ ਸਿੱਖਾਂ ਨੇ ਉਨ੍ਹਾਂ ਦੇ ਅਮਰੀਕਾ ਦੇ ਵੀਜ਼ਾ ਲਗਵਾਏ, ਉਹ ਵੀ ਭੇਡਾਂ-ਬੱਕਰੀਆਂ ਵਾਲੇ ਦਲ ਨਾਲ ਹੀ ਸਬੰਧ ਰੱਖਦੇ ਹਨ। ਫਿਰ ਹੋਰ ਇਸ ਕੈਲੀਫੋਰਨੀਆ ਫੇਰੀ ਦੌਰਾਨ ਸਭ ਤੋਂ ਵੱਧ ਸੰਤਾਂ ਦੀ ਪ੍ਰਾਹੁਣਚਾਰੀ ਵੀ ਭੇਡਾਂ-ਬੱਕਰੀਆਂ ਕਰਾਰ ਦਿੱਤੇ ਗਏ ਦਲ ਦੇ ਸਿੱਖਾਂ ਨੇ ਹੀ ਕੀਤੀ ਹੋਣੀ ਤੇ ਸੰਤ-ਭੇਟਾ ਵੀ ਇਨ੍ਹਾਂ ਤੋਂ ਹੀ ਮਿਲੀ ਹੋਣੀ ਹੈ। ਉਹ ਤਾਂ ਖ਼ੁਸ਼ੀ ਖ਼ੁਸ਼ੀ ਲੈ ਲਈ ਹੋਣੀ ਬਾਬੇ ਨੇ!! ਇਹੋ ਦੋਗ਼ਲਾਪਣ ਬਾਦਲ ‘ਚ ਹੈਗਾ, ਵੋਟਾਂ ਵੇਲੇ ਪੂਰਾ ਪੰਥਕ ਤੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਕੇ ਰਾਮ ਭਗਤ। ਸੰਤ ਢੱਡਰੀਆਂਵਾਲਿਆਂ ਨੂੰ ਸ਼ਾਇਦ ਇਹੋ ਜਿਹੇ ਤੱਤੇ-ਤੱਤੇ ਅਲਫ਼ਾਜ਼ ਤਾਂ ਕਹਿਣੇ ਪਏ ਹੋਣ ਕਿ ਉਨ੍ਹਾਂ ਨੂੰ ਅਮਰੀਕਾ ਵਸਦੇ ਆਮ ਸਿੱਖਾਂ ਦਾ ਬਾਦਲ ਪ੍ਰਤੀ ਰਵੱਈਆ ਪਤਾ ਹੋਣੈ।

ਸੰਤ ਢੱਡਰੀਆਂਵਾਲੇ ਕਿਉਂਕਿ ਗੁਰਮਤਿ ਪ੍ਰਚਾਰ ‘ਤੇ ਨਿਕਲੇ ਹੋਏ ਹਨ, ਇਸ ਕਰਕੇ ਹਰ ਕੀਰਤਨ ਪ੍ਰੋਗਰਾਮ ਵਿਚ ਸਿੱਖਾਂ ਨੂੰ ਅੰਮ੍ਰਿਤ ਵੇਲੇ ਜਾਗਣ, ਗੁਰਬਾਣੀ ਨਾਲ ਜੁੜਨ ਤੇ ਅੰਮ੍ਰਿਤ ਵੇਲੇ ਗੁਰਬਾਣੀ ਕੀਰਤਨ ਸਰਵਣ ਕਰਨ ‘ਤੇ ਵਿਸ਼ੇਸ਼ ਤਵੱਜੋ ਦਿੰਦੇ ਹਨ। ਮਿਸਾਲਾਂ ਵੀ ਦਿੰਦੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹਨ ਦੀਆਂ। ਅੰਮ੍ਰਿਤ ਵੇਲੇ ਨੂੰ ਗੁਰੂ ਸਾਹਿਬਾਨ ਨੇ ਬੜਾ ਉਤਮ ਸਮਾਂ ਦੱਸਿਐ। ਇਸ ਸਮੇਂ ਦੀ ਮਹਾਨਤਾ ਨੂੰ ਵੇਖਦੇ ਹੋਏ ‘ਆਸਾ ਜੀ ਦੀ ਵਾਰ’ ਦਾ ਕੀਰਤਨ ਅਰੰਭ ਹੋਇਆ। ਜੇ ਥੋੜ੍ਹਾ ਜਿਹਾ ਇਤਿਹਾਸ ਵੱਲ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਔਖੀ ਘੜੀ ਵੇਲੇ ਜਦੋਂ ਮੁਗ਼ਲ ਹਕੂਮਤ ਤੇ ਪਹਾੜੀ ਹਿੰਦੂ ਰਾਜੇ ਉਨ੍ਹਾਂ ਨਾਲ ਦਸਤ-ਪੰਜਾ ਲਈ ਹੀ ਰੱਖਦੇ ਸਨ ਤਾਂ ਕਦੇ ਵੀ ‘ਆਸਾ ਦੀ ਵਾਰ’ ਦਾ ਕੀਰਤਨ ਮਿੱਸ ਨਹੀਂ ਸੀ ਕੀਤਾ। ਇਥੋਂ ਤਕ ਕਿ ਚਮਕੌਰ ਦੀ ਗੜ੍ਹੀ ਵਿਚ ਘਿਰੇ ਹੋਇਆਂ ਨੇ ਵੀ ਨਹੀਂ। ਇਸ ਲਈ ‘ਆਸਾ ਦੀ ਵਾਰ’ ਦਾ ਕੀਰਤਨ ਸਿੱਖਾਂ ਲਈ ਰੂਹ ਦੀ ਖ਼ੁਰਾਕ ਹੈ। ਜਦੋਂ ਸੰਤ ਢੱਡਰੀਆਂਵਾਲਿਆਂ ਦੀ ਕੈਲੀਫੋਰਨੀਆ ਫੇਰੀ ਬਾਰੇ ਅਖ਼ਬਾਰਾਂ ਵਿਚ ਇਸ਼ਤਿਹਾਰਾਂ ਰਾਹੀਂ ਸੰਗਤਾਂ ਨੂੰ ਸੂਚਿਤ ਕੀਤਾ ਗਿਆ ਤਾਂ ਕਿਤੇ ਵੀ ਉਨ੍ਹਾਂ ਦੇ ਅੰਮ੍ਰਿਤ ਵੇਲੇ ਦੇ ਕੀਰਤਨ ਦਾ ਜ਼ਿਕਰ ਨਹੀਂ ਆਇਆ। ਸ਼ਾਇਦ ਉਨ੍ਹਾਂ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਵੀ ਨਹੀਂ ਕਿਸੇ ਗੁਰਦੁਆਰੇ ਵਿਚ ਜਦੋਂ ਕਿ ਉਹ ਆਪਣੇ ਆਪ ਨੂੰ ਕੀਰਤਨੀਏ ਵੀ ਕਹਾਉਂਦੇ ਹਨ। ‘ਆਸਾ ਦੀ ਵਾਰ’ ਗੁਰਬਾਣੀ ਤਾਂ ਆਪਣੇ ਆਪ ਵਿਚ ਹੀ ਬਹੁਤ ਸਰਲ ਹੈ ਤੇ ਮਨ ਨੂੰ ਸਕੂਨ ਦੇਣ ਵਾਲੀ ਵੀ, ਫਿਰ ਆਹ ਗੀਤਾਂ ਵਾਲੀ ਧਾਰਨਾ ਪੜ੍ਹਨ ਦੀ ਕੀ ਜ਼ਰੂਰਤ ਹੈ? ਦਰਅਸਲ ਇਸ ਤਰ੍ਹਾਂ ਲੱਗਦਾ ਹੈ ਕਿ ਢੱਡਰੀਆਂ ਵਾਲਿਆਂ ਨੂੰ ਆਦਤ ਪਈ ਐ, ਚਿਮਟਿਆਂ ਤੇ ਢੋਲਕੀਆਂ ਦੀ ਉਚੀ ਆਵਾਜ਼ ਵਿਚ ਕੀਰਤਨ ਕਰਨ ਦੀ ਤੇ ਉਹ ਵੀ ਆਪਣੀਆਂ ਬਣਾਈਆਂ ਸੁਰਾਂ ਵਿਚ ਜਦੋਂ ਕਿ ‘ਆਸਾ ਦੀ ਵਾਰ’ ਦਾ ਕੀਰਤਨ ਬਾਕਾਇਦਾ ਨਿਰਧਾਰਤ ਰਾਗ ਵਿਚ ਕਰਨਾ ਹੁੰਦਾ ਹੈ, ਤਾਹੀਓਂ ਤਾਂ ਅਨੰਦ ਮਿਲਦੈ ਸੁਣਨ ਵਾਲੇ ਨੂੰ। ਇਸ ਦੀ ਸਮਝ ਨਹੀਂ ਲੱਗੀ ਕਿ ਸੰਤ ਸੰਗਤ ਨੂੰ ਤਾਂ ਅੰਮ੍ਰਿਤ ਵੇਲੇ ਕੀਰਤਨ ਸੁਣਨ ਨੂੰ ਕਹਿੰਦੇ ਹਨ ਪਰ ਆਪ ਸ਼ਾਇਦ… ਚਲੋ ਹੋ ਸਕਦੈ… ਸੰਤ-ਮਹਾਂਪੁਰਸ਼ਾਂ ਨੂੰ ਕਈ ਛੋਟਾਂ ਵੀ ਹੋ ਸਕਦੀਆਂ ਹਨ!!

ਅਗਲਾ ਕੰਮ ਸੀ ਸੰਤਾਂ ਦਾ ਸਿੱਖਾਂ ਨੂੰ ਪਰੇਰ ਕੇ ਅੰਮ੍ਰਿਤ ਛਕਾਉਣਾ। ਕਈ ਗੁਰਦੁਆਰਿਆਂ ਵਿਚ ਅੰਮ੍ਰਿਤ ਸੰਚਾਰ ਹੋਏ ਵੀ। ਇਹ ਬਹੁਤ ਹੀ ਵਧੀਆ ਉਪਰਾਲਾ ਸੀ, ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕਿਉਂਕਿ ਸੰਤਾਂ ਦੇ ਪ੍ਰੋਗਰਾਮ ਕਮੇਟੀਆਂ ਨੇ ਇਕ ਖ਼ਾਸ ਮਿਸ਼ਨ ਦੇ ਤਹਿਤ ਉਲੀਕੇ ਸਨ। ਕਮੇਟੀ ਮੈਂਬਰਾਂ ਨੇ ਦਿਨ-ਰਾਤ ਮਿਹਨਤ ਕੀਤੀ। ਹੁਣ ਇਸ ਦਾ ਅਸਰ ਵੀ ਜ਼ਰੂਰ ਹੋਇਆ ਹੋਣਾ। ਬਾਕੀ ਸਿੱਖ ਸੰਗਤਾਂ ਦੀ ਗੱਲ ਤਾਂ ਪਾਸੇ ਰੱਖੀਏ, ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਨੇ ਜ਼ਰੂਰ ਸੰਤਾਂ ਦੀ ਪ੍ਰੇਰਨਾ ਨੂੰ ਕਬੂਲਿਆ ਹੋਣਾ ਜਿਸ ਮੁਤਾਬਕ ਹਰ ਇਕ ਕਮੇਟੀ ਮੈਂਬਰ ਜੋ ਪਹਿਲਾਂ ਅੰਮ੍ਰਿਤਧਾਰੀ ਨਹੀਂ ਸੀ, ਹੁਣ ਅੰਮ੍ਰਿਤ ਛਕ ਕੇ ਖ਼ਾਲਸਾ ਸਜ ਗਿਆ ਹੋਣਾ ਤੇ ਜਿਹੜੇ ਮੈਂਬਰ ਪਹਿਲਾਂ ਕੇਸ ਜਾਂ ਦਾੜ੍ਹੀਆਂ ਕਤਰਦੇ ਸਨ, ਉਹ ਜ਼ਰੂਰ ਕੇਸਾਧਾਰੀ ਬਣ ਗਏ ਹੋਣੇ ਆ ਪਰ ਜੇ ਇੱਦਾਂ ਨਹੀਂ ਹੋਇਆ ਤਾਂ ਇੰਨੀ ਵੱਡੀ ਇਸ਼ਤਿਹਾਰਬਾਜ਼ੀ ‘ਤੇ ਢੱਡਰੀਆਂਵਾਲਿਆਂ ਦੇ ਪ੍ਰੋਗਰਾਮਾਂ ਦੇ ਪ੍ਰਚਾਰ ਤੇ ਵੱਡੇ ਵੱਡੇ ਤੰਬੂਆਂ ‘ਤੇ ਹੋਇਆ ਖ਼ਰਚਾ, ਖ਼ਾਸ ਕਰਕੇ ਲੰਗਰਾਂ ‘ਤੇ ਕੀਤਾ ਖ਼ਰਚਾ ਕਾਹਦੇ ਲਈ ਸੀ? ਸਿਰਫ਼ ਮਨਪ੍ਰਚਾਵਾ ਜਾਂ ਮੇਲਾ ਲਗਾ ਕੇ ਇਕ ਕਲਾਕਾਰ ਦੇ ਤੌਰ ‘ਤੇ ਸੰਤਾਂ ਨੂੰ ਸੱਦ ਕੇ ਕੀਰਤਨ ਕਰਵਾ ਕੇ ਆਪਣੀ ਚੌਧਰ ਹੋਰ ਚਮਕਾਉਣੀ!

ਅਖ਼ੀਰ ਵਿਚ ਮੈਂ ਇਕ ਗੱਲ ਜ਼ਰੂਰ ਸਾਂਝੀ ਕਰਾਂਗਾ ਕਿ ਮੈਂ ਇਕੋ ਗੁਰਦੁਆਰੇ ਦੇ ਕੀਰਤਨ ਦੇਖੇ-ਸੁਣੇ ਹਨ ਜਿਥੇ ਮੈਨੂੰ ਲੱਗਿਆ ਢੱਡਰੀਆਂਵਾਲੇ ਦੇ ਦੀਵਾਨਾਂ ਵਿਚ ਮਨ ਤੇ ਰੂਹ ਨੂੰ ਸਕੂਨ ਅਤੇ ਸ਼ਾਂਤੀ ਵਾਲੀ ਉਹੋ ਜਿਹੀ ਕੋਈ ਗੱਲ ਹੈ ਹੀ ਨਹੀਂ ਸੀ ਜਿਸ ਤਰ੍ਹਾਂ ਐਤਵਾਰ ਨੂੰ ਗੁਰਦੁਆਰੇ ਕੀਰਤਨ ਸੁਣਨ ਵਕਤ ਹੁੰਦੀ ਹੈ। ਬਸ ਇਸ ਕਰਕੇ ਹੀ ਬੈਠੇ ਸੀ ਕਿ ਸਾਹਮਣੇ ਸੰਤ ਕੀਰਤਨ ਕਰਦੇ ਐ, ਉਠ ਕੇ ਜਾਂਦੇ ਵੀ ਚੰਗੇ ਨਹੀਂ ਲਗਦੇ। ਉਂਜ ਵੀ ਹਰ ਇਕ ਦਾ ਆਪੋ ਆਪਣਾ ਨਜ਼ਰੀਆ ਹੁੰਦੈ। ਜਿਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਮਾਣਿਆ ਤੇ ਸੰਤਾਂ ਦੇ ਅਨਮੋਲ ਬਚਨਾਂ ਤੋਂ ਕੋਈ ਨਵੀਂ ਗੁਰਮਤਿ ਦੀ ਸਿੱਖਿਆ ਲਈ, ਉਹ ਵੱਡਭਾਗੇ ਹਨ। ਮੈਨੂੰ ਤਾਂ ਸੰਤ ਦੀਆਂ ਗੱਲਾਂ ਵੀ ਆਮ ਰਵਾਇਤੀ ਹੀ ਲੱਗਦੀਆਂ ਸਨ ਜਿਹੋ ਜਿਹੀਆਂ ਆਮ ਪ੍ਰਚਾਰਕ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਕਰਦੇ ਹਨ। ਮੇਰੀਆਂ ਇਨ੍ਹਾਂ ਗੱਲਾਂ ਤੋਂ ਕੁਝ ਪਾਠਕਾਂ ਨੂੰ ਜ਼ਰੂਰ ਲੱਗਾ ਹੋਣੈ ਕਿ ਐਵੇਂ ਕਈਆਂ ਨੂੰ ਆਦਤ ਹੁੰਦੀ ਹੈ ਨਘੋਚਾਂ ਕੱਢਣ ਦੀ। ਦਰਅਸਲ ਇਹ ਕੋਈ ਸੰਤਾਂ ‘ਤੇ ਨੁਕਤਾਚੀਨੀ ਨਹੀਂ, ਨਾ ਹੀ ਮੈਂ ਸੰਤ-ਪ੍ਰਸੰਤਾਂ ਦੇ ਖ਼ਿਲਾਫ਼ ਹੀ ਹਾਂ ਪਰ ਬਾਬੇ ਨਾਨਕ ਦਾ ਸਿੱਖ ਹੋਣ ਨਾਤੇ ਇੰਨਾ ਕੁ ਤਾਂ ਆਪਣਾ ਫ਼ਰਜ਼ ਬਣਦਾ ਹੀ ਹੈ ਕਿ ਗੁਰਮਤਿ ਪ੍ਰਚਾਰ ਦੇ ਨਾਂ ਹੇਠ ਸਿੱਖੀ ਸਿਧਾਂਤ ਨੂੰ ਕਿੰਨਾ ਕੁ ਦ੍ਰਿੜ੍ਹ ਕਰਵਾਇਆ ਗਿਐ? ਇਹਦੀ ਥੋੜ੍ਹੀ-ਬਹੁਤੀ ਪੜਚੋਲ ਕਰ ਕੇ ਸਭ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ। ਬਾਕੀ ਸੰਗਤ ਆਪ ਸਮਰੱਥ ਹੁੰਦੀ ਹੈ, ਸਭ ਬੁਰਾ ਭਲਾ ਸਮਝਦੀ ਹੈ!!

- ਮਝੈਲ ਸਿੰਘ ਸਰਾਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top