Main News Page

‘ਨਾਮ ਜਪੋ’ (ਇਕੋ ਲਫ਼ਜ਼ ਬਾਰ-ਬਾਰ ਰਟੋ) ਹੋਕੇ ਦੇ ਆਰ-ਪਾਰ

- ਜਸਵੰਤ ਸਿੰਘ ਮੋਰੋਂ -
ਫੋਨ : 9417262838

ਧੰਨਵਾਦ ਸਹਿਤ : ਇੰਡੀਆ ਅਵੇਅਰਨੈਸ 'ਚੋਂ

ਗਰਮੀਆਂ ਦੇ ਦਿਨਾਂ ਵਿਚ ਗਲੀ-ਗਲੀ ਘੁੰਮ ਫਿਰ ਕੇ ਕੁਲਫ਼ੀ ਵੇਚਣ ਵਾਲਿਆਂ ਦਾ ਹੋਕਾ ਤਾਂ ਸ਼ਾਇਦ ਕਿਸੇ ਵਿਅਕਤੀ ਦੀ ਪਹੁੰਚ ਤੋਂ ਬਾਹਰ ਰਹਿ ਗਿਆ ਹੋਵੇ। ਪਰ ‘ਨਾਮ’ ਜਪਾਉਣ ਵਾਲਿਆਂ ਨੇ ‘ਨਾਮ ਜਪੋ’ ਦੇ ਹੋਕੇ ਦੀ ਆਵਾਜ਼ ਹਰ ਘਰ ਦੇ ਹਰੇਕ ਜੀਅ ਤੱਕ ਜ਼ਰੂਰ ਪਹੁੰਚਾਉਣ ਦੀ ਪੂਰੀ ਵਾਹ ਲਗਾਈ ਹੋਈ ਹੈ। ਹਰ ਪਾਸੇ ‘ਨਾਮ ਜਪੋ’, ‘ਨਾਮ ਜਪੋ’ ਦਾ ਅਲਾਪ ਹੀ ਸੁਣਾਈ ਦੇ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਵਿਚ ਪਿੰਡਾਂ-ਸ਼ਹਿਰਾਂ ਦੇ ਹਰ ਮੋੜ ਤੇ ਠੇਕਾ ਦਿਖਾਈ ਦੇ ਰਿਹਾ ਹੈ। ਇਸ ਤੋਂ ਵੱਡੀ ਗਿਣਤੀ ’ਚ ਧਾਰਮਕ ਸਥਾਨ (ਮੰਦਰ, ਗੁਰਦੁਆਰੇ, ਮਸੀਤਾਂ, ਮੜ੍ਹੀਆਂ, ਸਤਿਸੰਗ ਘਰ) ਬਣ ਗਏ ਹਨ। ਆਬਾਦੀ ਵਾਲੇ ਖੇਤਰਾਂ ਵਿਚ ਤਾਂ ਘੱਟੋ-ਘੱਟ ਹਰ ਸੌ ਮੀਟਰ ਤੇ ਜ਼ਰੂਰ ਕੋਈ ਨਾ ਕੋਈ ਪੂਜਾ ਸਥਾਨ ਬਣ ਗਿਆ ਹੈ, ਬਣ ਰਿਹਾ ਹੈ। ਇੰਜ ਹੀ ਖੇਤਾਂ, ਰੇਲਵੇ ਲਾਈਨਾਂ, ਨਹਿਰਾਂ, ਸੜਕਾਂ ਦੇ ਕਿਨਾਰਿਆਂ ਤੇ ਵੀ ਇਨ੍ਹਾਂ ਦੀ ਗਿਣਤੀ ਵਿਚ ਰਾਕਟ ਦੀ ਰਫ਼ਤਾਰ ਨਾਲ ਵਾਧਾ ਹੋ ਰਿਹਾ ਹੈ। ਇਸ ਤੋਂ ਬਿਨਾਂ ਘਰਾਂ ਵਿਚ ਵੀ ਪੂਜਾ ਸਥਾਨ ਬਣਾਉਣ ਦਾ ਰਿਵਾਜ ਬਣਾ ਦਿੱਤਾ ਗਿਆ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਧਰਮ ਨੇ ਇੱਕ ਕਿੱਤੇ ਜਿਹੀ ਅਹਿਮੀਅਤ ਪ੍ਰਾਪਤ ਕਰ ਲਈ ਹੈ।

ਰਾਜਨੀਤੀ ਅਤੇ ਧਰਮ ਦੋ ਅਜਿਹੇ ਧੰਦੇ ਹਨ ਜਿਨ੍ਹਾਂ ਦੀ ਕਮਾਈ ਤੇ ਕੋਈ ਟੈਕਸ ਨਹੀਂ ਲਗਦਾ, ਕੋਈ ਪੁੱਛ ਪੜਤਾਲ ਨਹੀਂ। ਕਿਸੇ ਵਿਸ਼ੇਸ਼ ਵਿੱਦਿਅਕ ਯੋਗਤਾ ਦੀ ਲੋੜ ਨਹੀਂ। ਕਿਤੋਂ ਕੋਈ ਪ੍ਰਮਾਣ ਪੱਤਰ/ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ। ਇਹ ਕਿਤੇ ਵੀ ਸ਼ੁਰੂ ਕੀਤੇ ਜਾ ਸਕਦੇ ਹਨ। ਦੋਵੇਂ ਧੰਦਿਆਂ ਵਾਲੇ ਮੋਟੀ ਕਮਾਈ ਕਰ ਰਹੇ ਹਨ। ਇਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਝੂਠ ਦੇ ਵਪਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਧਰਮ ਤੇ ਰਾਜਨੀਤੀ ਹੁਣ ਸਪੱਸ਼ਟ ਤੌਰ ’ਤੇ ਇੱਕ ਦੂਜੇ ਦੇ ਪੂਰਕ ਬਣ ਗਏ ਹਨ।

ਧਰਮ ਪ੍ਰਚਾਰਕਾਂ, ਸੰਤ, ਬਾਬਿਆਂ, ਡੇਰੇਦਾਰਾਂ ਵਲੋਂ ਦਿੱਤਾ ਜਾ ਰਿਹਾ ‘ਨਾਮ-ਜਪੋ’ ਦਾ ਹੋਕਾ, ਜਿਸ ਵਿਚ ਸ਼ਰਧਾਲੂਆਂ ਨੂੰ ਕੋਈ ਇਕ ਲਫ਼ਜ਼ ਬਾਰ-ਬਾਰ ਰਟਣ ਦਾ ਉਪਦੇਸ਼ ਦਿੱਤਾ ਜਾਂਦਾ ਹੈ, ਮਨੁੱਖੀ ਦਿਮਾਗ ਦੀ ਸੋਚ-ਸਮਝ ਨੂੰ ਸੀਲ ਕਰਨ ਦਾ ਕੰਮ ਕਰਦਾ ਹੈ। ਵਿਅਕਤੀ ਆਪਣੇ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਉਸਨੂੰ ਨਰਕ ਦੇ ਡਰ ਅਤੇ ਸਵਰਗ ਦੇ ਲਾਲਚ, ਚੌਰਾਸੀ ਤੋਂ ਮੁਕਤੀ ਗੇੜ ’ਚ ਫਸਾ, ਮਾਲਾ ਦੇ ਚੱਕਰ ਪੂਰੇ ਕਰਨ ਦੇ ਯੱਭ ’ਚ ਫਸਾ ਦਿੱਤਾ ਜਾਂਦਾ ਹੈ। ਜਿਹੜੇ ਲੋਕ ਮਸਾਂ ਜੀਉਣ ਜੋਗੀ ਰੋਟੀ ਖਾਂਦੇ ਹਨ, ਉਨ੍ਹਾਂ ਨੂੰ ‘ਨਾਮ ਜਪੋ’ (ਚੌਕੜਾ ਮਾਰ ਕੇ ਕੋਈ ਇਕੋ ਲਫ਼ਜ਼ ਰਟਦੇ ਰਹੋ) ਦੇ ਚੱਕਰਵਿਊ ’ਚ ਉਲਝਾਇਆ ਜਾ ਰਿਹਾ ਹੈ ਤਾਂ ਕਿ ਉਹ ਰਾਜ ਕਰ ਰਹੇ ਹਾਕਮਾਂ ਦੇ ਗਲਤ ਫ਼ੈਸਲਿਆਂ ਅਤੇ ਕੁਸ਼ਾਸਨ ਦੇ ਕਾਰਨ ਮਹਿੰਗਾਈ, ਗਰੀਬੀ, ਅਨਪੜ੍ਹਤਾ, ਬੇਕਾਰੀ, ਹਿੰਸਾ ਆਦਿ ਵਰਗੇ ਹੋਰ ਮਸਲਿਆਂ ਦੇ ਸਹੀ ਕਾਰਨਾਂ ਪ੍ਰਤੀ ਸੋਚ ਹੀ ਨਾ ਸਕਣ। ਸਗੋਂ ਮੁਸੀਬਤਾਂ ਦੀ ਦਲਦਲ ਵਿਚ ਇਸੇ ਤਰ੍ਹਾਂ ਫਸੇ ਰਹਿਣ।

ਜਿਹੜੇ ਲੋਕ ਰੱਜਵੀਂ ਰੋਟੀ ਖਾਂਦੇ ਹਨ, ਉਨ੍ਹਾਂ ਕੋਲ ਨਾਮ-ਜਪਣ ਦਾ ਸਮਾਂ ਨਹੀਂ ਹੁੰਦਾ ਪ੍ਰੰਤੂ ਉਹ ਵੀ ਨਾਮ-ਜਪਣ ਦੇ ਹੋਕੇ ਤੋਂ ਪ੍ਰਭਾਵਿਤ ਤਾਂ ਹੁੰਦੇ ਹਨ। ਐਪਰ ਉਹ ਇਹੋ ਕੰਮ ਪੈਸੇ ਦੇ ਕੇ ਕਿਸੇ ਤਰੀਕੇ ਆਪਣੇ ਖਾਤੇ ’ਚ ਪਾਉਣ, ਲਿਖਾਉਣ ਦਾ ਕਾਰਜ ਕਰਦੇ ਹਨ। ਨਾਮ-ਜਪਣ ਦੀ ਘਾਟ ਪੂਰੀ ਕਰਨ ਲਈ ਉਹ ਤੀਰਥ ਯਾਤਰਾਵਾਂ ਕਰਦੇ ਹਨ। ਧਾਰਮਕ ਸਥਾਨਾਂ ਨੂੰ ਰੁਪਏ ਦਾਨ ਕਰਦੇ ਹਨ। ਗਰੀਬਾਂ ਬਹਾਨੇ ਆਪਣੇ ਵਾਸਤੇ (ਸਵਰਗ ਦੀ ਬੁਕਿੰਗ ਕਰਵਾਉਣ ਅਤੇ ਪਾਪ ਕਰਕੇ ਬਖ਼ਸ਼ਾਉਣ ਵਾਸਤੇ) ਲੰਗਰ ਲਗਾਉਂਦੇ ਹਨ ਅਤੇ ਵਸਤਾਂ ਦਾਨ ਕਰਦੇ ਹਨ। ਇਹ ਸਭ ਕਾਰਜ ‘ਨਾਮ ਜਪੋ’ ਦੇ ਹੋਕੇਦਾਰਾਂ, ਪੁਜਾਰੀਆਂ, ਧਰਮ ਵਪਾਰੀਆਂ ਦੇ ਹੁਕਮ ਅਤੇ ਹਦਾਇਤਾਂ ਅਨੁਸਾਰ ਹੀ ਕੀਤੇ ਜਾਂਦੇ ਹਨ।

ਜਿਵੇਂ ਕਿਹਾ ਜਾਂਦਾ ਹੈ ‘ਲੋੜ ਕਾਢ ਦੀ ਮਾਂ ਹੈ’ ਇਸੇ ਤਰ੍ਹਾਂ ਇਹ ਵੀ ਧਰਮ ਦੇ ਵਪਾਰੀਆਂ ਨੇ ਆਪਣਾ ਹਲਵਾ-ਮੰਡਾ ਚਲਦਾ ਰੱਖਣ ਲਈ ‘ਨਾਮ’ ਨਾ ਜਪਣ ਵਾਲੇ ਲੋਕਾਂ ਲਈ ਇੱਕ ਵਿਵਸਥਾ, ਪ੍ਰਬੰਧ ਘੜ੍ਹਿਆ ਹੋਇਆ ਹੈ। ਜਿਸ ਨਾਲ ਸਗੋਂ ਉਨ੍ਹਾਂ ਦੀ ਕਮਾਈ ਵਿੱਚ ਚੋਖਾ ਵਾਧਾ ਹੋ ਰਿਹਾ ਹੈ। ਨਾਮ-ਜਪਣ ਵਾਲੇ ਤਾਂ ਚੜ੍ਹਾਵਾ ਚੜ੍ਹਾਉਣ/ਮੱਥਾ ਟੇਕਣ ਸਮੇਂ ਛੋਟੇ ਸਿੱਕੇ/ਰੁਪਏ ਦੇ ਬਾਰੇ ਵੀ ਕਈ ਵਾਰ ਸੋਚਦੇ ਹਨ। ਪ੍ਰੰਤੂ ‘ਨਾਮ’ ਨਾ ਜਪਣ ਵਾਲੇ ਵੱਡੇ ਨੋਟ ਹੀ ਨਹੀਂ ਸਗੋਂ ਵੱਡੀਆਂ ਰਕਮਾਂ ਭੇਂਟ ਕਰ ਆਉਂਦੇ ਹਨ ਅਤੇ ਵਾਪਸ ਆ ਕੇ ਚੋਣਾਂ ’ਚ ਖਰਚੇ ਪੈਸੇ ਵਾਂਗੂੰ ਮੁੜ ਉਸ ਤੋਂ ਵੱਧ ਪ੍ਰਾਪਤ ਕਰਨ ਲਈ ਸਿਆਸੀ ਨੇਤਾਵਾਂ ਵਾਂਗੂੰ ਹਰ ਤਰ੍ਹਾਂ ਦਾ ਸਹੀ ਅਤੇ ਗਲਤ ਤਰੀਕਾ ਅਪਨਾਉਣ ਤੋਂ ਨਹੀਂ ਝਿਜਕਦੇ। ਜਿਵੇਂ ਵੱਢੀ ਦਾ ਹਿੱਸਾ ਦੇਣ ਵਾਲੇ ਕਰਮਚਾਰੀ ਆਪਣੇ ਅਫ਼ਸਰ ਤੋਂ ਨਹੀਂ ਡਰਦੇ, ਅਫ਼ਸਰ ਮੰਤਰੀ ਤੋਂ ਇਹ ਲੜੀ ਸਿਰੇ ਤੱਕ ਚਲੇ ਜਾਂਦੀ ਹੈ।

ਇਸੇ ਤਰ੍ਹਾਂ ਆਲੀਸ਼ਾਨ ਲੰਗਰ ਲਗਾਉਣ ਤੇ ਦਿਖਾਵੇ ਵਾਲੇ ਵੱਡੇ-ਵੱਡੇ ਦਾਨ ਕਰਨ ਵਾਲੇ ਵੀ ਅਸਲ ’ਚ ਰੱਬ ਤੋਂ ਨਹੀਂ ਡਰਦੇ। ਉਸ ਨੂੰ ਆਪਣਾ ਹਿੱਸੇਦਾਰ ਹੀ ਸਮਝਦੇ ਹਨ। ਇਸ ਲਈ ਉਹ ਨੌਕਰੀ, ਵਪਾਰ ਅਤੇ ਹੋਰ ਜਿਸ ਖੇਤਰ ਵਿਚ ਵੀ ਹੋਣ ਰੱਜ ਕੇ, ਧੋਖੇ ਤੇ ਧੱਕੇ ਨਾਲ, ਭ੍ਰਸ਼ਟ ਤਰੀਕੇ ਵਰਤ ਕੇ ਰੁਪਏ ਇਕੱਠੇ ਕਰਦੇ ਹਨ। ਪ੍ਰੰਤੂ ‘ਨਾਮ’ ਜਪਣ ਵਾਲਾ ਗਰੀਬ ਦਿਨੋ-ਦਿਨ ਗਰੀਬ ਹੋਈ ਜਾ ਰਿਹਾ ਹੈ। ਉਸ ਦੀ ਸਮਝ ਵਿਚ ਇਹ ਗੱਲ ਨਹੀਂ ਪੈਂਦੀ ਕਿ ਇਸ ਦਾ ਕਾਰਨ ਕੀ ਹੈ? ਪਰ ਖ਼ੁਦ ਦੇ ਦਾਨੀ ਹੋਣ ਦਾ ਪ੍ਰਭਾਵ ਦੇਣ ਵਾਲੇ ਅਤੇ ਮੁਫ਼ਤ ਵਸਤਾਂ (ਕੰਬਲ, ਸਿਲਾਈ ਮਸ਼ੀਨਾਂ ਆਦਿਕ) ਵੰਡਣ ਵਾਲੇ ਵੀ ਗਰੀਬ ਨੂੰ ਕਦੇ ਨਹੀਂ ਦੱਸਦੇ ਕਿ ਉਨ੍ਹਾਂ ਦੇ ਚੁੱਲ੍ਹੇ ਤੇ ਰੋਟੀ ਕਿਉਂ ਨਹੀਂ ਪੱਕਦੀ? ਕੀ ਕਾਰਨ ਹੈ ਕਿ ਉਨ੍ਹਾਂ ਨੂੰ ਦਾਨ ਦੀਆਂ ਵਸਤਾਂ ਵੱਲ ਝਾਕ ਰੱਖਣੀ ਪੈਂਦੀ ਹੈ, ਗੁਜ਼ਾਰਾ ਕਰਨਾ ਪੈਂਦਾ ਹੈ? ਉਨ੍ਹਾਂ ਦੇ ਬੱਚੇ ਇਲਾਜ ਖੁਣੋਂ ਕਿਉਂ ਮਰ ਜਾਂਦੇ ਹਨ? ਗਰੀਬਾਂ ਦੇ ਬੱਚਿਆਂ ਲਈ ਸਕੂਲ ਦਾ ਦਰਵਾਜ਼ਾ ਪਹੁੰਚ ਤੋਂ ਬਾਹਰ ਕਿਉਂ ਰਹਿੰਦਾ ਹੈ? ਇਹ ਸਵਾਲ ਉਨ੍ਹਾਂ ਗਰੀਬਾਂ ਦੀ ਜ਼ੁਬਾਨ ਤੇ ਵੀ ਨਹੀਂ ਆਉਂਦੇ। ਪ੍ਰੰਤੂ ਕਿਉਂ? ਕਿਉਂਕਿ ਨਾਮ ਜਪਾਉਣ ਦਾ ਹੋਕਾ ਦੇਣ ਵਾਲੇ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਲੱਗੇ। ਜੇਕਰ ਉਨ੍ਹਾਂ ਨੂੰ ਇਹ ਭੇਦ ਸਮਝਾ ਦਿੱਤਾ ਜਾਵੇ ਜਾਂ ਸਮਝ ਲੱਗ ਗਿਆ ਕਿ ਇਹ ਸਾਰਾ ਕੁਝ (ਵਿਤਕਰੇ) ਮਨੁੱਖ ਨੂੰ ਮਨੁੱਖ ਨਾ ਸਮਝਣ ਅਤੇ ਨਾ ਬਣਨ ਦੀ ਕਹਾਣੀ ਹੈ। ਜਿਸ ਦਿਨ ਗਰੀਬਾਂ ਨੂੰ ਆਪਣੇ ਮਨੁੱਖ ਹੋਣ ਦਾ ਅਹਿਸਾਸ ਹੋ ਗਿਆ। ਫਿਰ ਉਹ ਬੰਦੇ ਦੇ ਪੁੱਤ ਬਣ ਕੇ ਇਨ੍ਹਾਂ ਨੂੰ ਵੀ ਬੰਦੇ ਦੇ ਅਸਲੀ ਪੁੱਤ ਬਣਾ ਦੇਣਗੇ।

ਇਸੇ ਡਰ ਕਰਕੇ ਹੀ ‘ਨਾਮ ਜਪੋ’ ਦੇ ਨਾਲ-ਨਾਲ, ਜਨਮ-ਕਰਮ ਦੀ ਫਿਲਾਸਫ਼ੀ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੇ ਮਸਲਿਆਂ, ਮੁਸ਼ਕਿਲਾਂ ਨੂੰ ਪਿਛਲੇ ਜਨਮ ’ਚ ਕੀਤੇ ਮਾੜੇ ਕਰਮਾਂ ਨਾਲ ਜੋੜ ਦਿੱਤਾ ਜਾਂਦਾ ਹੈ। ਇੰਜ ਬਿਮਾਰੀ ਦਾ ਇਲਾਜ ਲੱਭਣ ਦੀ ਬਜਾਏ, ਦਰਦ ਸਹਿਣ ਦੀ ਸਿੱਖਿਆ ਦੇ ਕੇ ਰੋਗ ਵਧਾਉਣ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ, ਤੇ ਗਿਆ ਹੈ। ਜਿਸ ਦਾ ਸਿੱਟਾ ਹੈ ਕਿ ਮਹਿੰਗਾਈ, ਗਰੀਬੀ, ਭ੍ਰਿਸ਼ਟਾਚਾਰ, ਬੇਕਾਰੀ, ਅਨਪੜ੍ਹਤਾ, ਹਿੰਸਾ, ਆਬਾਦੀ, ਜਾਤ-ਪਾਤ ਆਦਿ ਦੇ ਮਸਲੇ ਸਿਖ਼ਰ ਵੱਲ ਵਧ ਰਹੇ ਹਨ। ਉਕਤ ਮਸਲਿਆਂ ਵਿਚ ਮਸਲਿਆ ਜਾ ਰਿਹਾ ਵਿਅਕਤੀ ਅਜਿਹੇ ਪ੍ਰਚਾਰ ਕਾਰਨ ਨਿਰਾਸ਼ ਹੋ ਕੇ ਇਥੋਂ ਤੱਕ ਕਹਿਣ ਚਲਾ ਜਾਂਦਾ ਹੈ ਕਿ ਇਨ੍ਹਾਂ ਦਾ ਹੁਣ ਕੋਈ ਵੀ ਹੱਲ ਨਹੀਂ ਕਰ ਸਕਦਾ। ਇਸ ਪੱਧਰ ਤੱਕ ਸੋਚ ਪਹੁੰਚਾਉਣ ਵਿਚ ਸਾਰਾ ਯੋਗਦਾਨ ‘ਨਾਮ ਜਪੋ’ ਦਾ ਹੋਕਾ ਦੇਣ ਵਾਲੇ ਮਹਾਂਪੁਰਸ਼ਾਂ ਦਾ ਹੈ।

‘ਦੜ ਵੱਟ ਜ਼ਮਾਨਾ ਕੱਟ’ ਦੀ ਕਹਾਵਤ ਵਾਂਗ ਉਹ ਮੁਸ਼ਕਿਲਾਂ ਦੇ ਸਨਮੁੱਖ ਹੋ ਕੇ ਸੰਘਰਸ਼ ਕਰਨ ਦਾ ਰਾਹ ਛੱਡ ਦਿੰਦਾ ਹੈ। ‘ਨਾਮ ਜਪੋ’, ‘ਨਾਮ ਜਪੋ’ ਦਾ ਹੋਕਾ ਦੇਣ ਵਾਲੇ ਉਸ ਦੀ ਨਿਰਾਸ਼ਾ ਨੂੰ ਝੂਠੀ ਉਮੀਦ ’ਚ ਇਹ ਕਹਿ ਕੇ ਬਦਲ ਦਿੰਦੇ ਹਨ ਕਿ ‘ਸਾਰਾ ਸੰਸਾਰ ਤਾਂ ਦੁੱਖਾਂ ਦਾ ਘਰ ਹੈ।’ ਉਹਦੇ ਅੱਗੇ ਦੁਖੀਆਂ ਦੀ ਲੜੀ ਪੇਸ਼ ਕਰ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਕੋਈ ਔਲਾਦ ਨਾ ਹੋਣ ਕਾਰਨ ਦੁੱਖੀ ਹੈ, ਕੋਈ ਧੀਆਂ, ਪੁੱਤਰਾਂ, ਨੂੰਹਾਂ ਤੋਂ ਦੁੱਖੀ ਹੈ, ਕੋਈ ਬਿਮਾਰੀ ਕਾਰਨ ਪ੍ਰੇਸ਼ਾਨ ਹੈ, ਕੋਈ ਰੁਜ਼ਗਾਰ ਖ਼ਾਤਰ ਤੜਫ ਰਿਹਾ ਹੈ ਆਦਿ ਦੱਸ ਕੇ ਇਹ ਗੱਲ ਸੁਣਾ ਦਿੱਤੀ ਜਾਂਦੀ ਹੈ ਕਿ ਇੱਥੇ ਸਾਰੇ ਹੀ ਦੁਖੀ ਹਨ। ਜਿਹੜੀ ਮਾੜੀ-ਮੋਟੀ ਹਿੰਮਤ, ਸ਼ਕਤੀ ਉਸ ਦੇ ਮਨ ਵਿਚ ਹੁੰਦੀ ਹੈ ਉਹ ਵੀ ਇਸ ਤਰ੍ਹਾਂ ਦੇ ਹੋਰ ਬੋਲ ਸੁਣਾ-ਸੁਣਾ ਕੇ ਖ਼ਤਮ ਕਰ ਦਿੱਤੀ ਜਾਂਦੀ ਹੈ।

ਸਿੱਟਾ ਇਹ ਨਿਕਲਦਾ ਹੈ ਕਿ ਵਿਅਕਤੀ ‘ਨਾਮ ਜਪੋ’ (ਇਕੋ ਲਫ਼ਜ਼ ਰਟਨ ਵਿਚ ਰੁੱਝੇ ਰਹੋ ਤੇ ਬਾਕੀ ਸਭ ਮੁੱਦਿਆਂ ਤੋਂ ਧਿਆਨ ਵਟਾ ਲਉ) ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨ ਕੇ, ਇਸ ਜੂਨ ਨੂੰ ਸੁਧਾਰਨ ਦੀ ਬਜਾਏ ਅਖੌਤੀ ਅਗਲੇ ਜਨਮ ਨੂੰ ਚੰਗਾ, ਜੀਉਣ ਯੋਗ ਬਣਾਉਣ ਲਈ ‘ਨਾਮ’ (ਮੰਤਰ) ਰਟਣ, ਜਪਣ ਦੀ ਦਲਦਲ ਵਿਚ ਫਸ ਜਾਂਦਾ ਹੈ, ਡੂੰਘੀ ਖਾਈ ਵਿਚ ਡਿੱਗ ਜਾਂਦਾ ਹੈ। ਮਨੁੱਖ ਨੂੰ ਹੀਰੋ ਤੋਂ ਜ਼ੀਰੋ ਬਣਾਉਣ ਦਾ ਕਾਰਜ ਸਫ਼ਲਤਾ ਪੂਰਵਕ ‘ਨਾਮ ਜਪੋ’ ਦਾ ਹੋਕਾ ਦੇਣ ਵਾਲੇ ਕਰ ਰਹੇ ਹਨ। ਇਸ ਝੂਠੇ, ਮਾੜੇ, ਨਿਕੰਮੇ ਪ੍ਰਚਾਰ ਦੀ ਕਮਾਈ ਦੇ ਸਿਰ ਤੇ ਉਹ ਆਪ ਏ.ਸੀ. ਕਾਰਾਂ, ਬੰਗਲਿਆਂ, ਜ਼ਮੀਨਾਂ, ਭਵਨਾਂ ਦੇ ਮਾਲਕ ਬਣ ਗਏ ਹਨ, ਬਣ ਰਹੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ‘ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਆਵੇ’ ਇਹ ਕਹਾਵਤ ‘ਨਾਮ ਜਪੋ’ ਦਾ ਕਾਰੋਬਾਰ ਕਰਨ, ਹੋਕਾ ਦੇਣ ਵਾਲਿਆਂ ਤੇ ਪੂਰੀ ਢੁੱਕਦੀ ਹੈ। ‘ਨਾਮ ਜਪੋ’ ਦਾ ਹੋਕਾ ਵਿਅਕਤੀ ਦੇ ਦਿਮਾਗ ਨੂੰ ਐਨਾ ਥੋਥਾ ਬਣਾ ਦਿੰਦਾ ਹੈ ਕਿ ਉਹ ਦੁੱਧ ਵੱਟੇ ਪਾਣੀ ਦਾ ਇਨ੍ਹਾਂ ਨਾਲ ਸੌਦਾ, ਲੈਣ-ਦੇਣ ਕਰਨ ’ਚ ਵੀ ਆਪਣਾ ਭਲਾ ਹੀ ਸਮਝਣ ਲੱਗ ਜਾਂਦਾ ਹੈ।

‘ਨਾਮ ਜਪੋ’ ਦਾ ਹੋਕਾ ਦੇਣ ਵਾਲਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ। ਪ੍ਰੰਤੂ ਕੰਮ ਦੀ ਕੀਮਤ ਵੀ ਚੰਗੀ ਵਸੂਲ ਕੀਤੀ ਜਾ ਰਹੀ ਹੈ, ਦਿੱਤੀ ਜਾ ਰਹੀ ਹੈ। ਪ੍ਰੰਤੂ ਲੋਕਾਂ ਪੱਲੇ ਸਿਰਫ਼ ਸੇਵਾ (ਮੁਫ਼ਤ ਵਿਚ ਕੰਮ ਕਰਨਾ) ਅਤੇ ਸਿਮਰਨ (ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਸੋਚਣ ਦਾ ਸਮਾਂ ਬਰਬਾਦ ਕਰਨਾ) ਦੋ ਘਾਟੇ ਦੇ ਕੰਮ ਹੀ ਪੱਲੇ ਪੈਂਦੇ ਹਨ ਤੇ ਪਾਏ ਜਾ ਰਹੇ ਹਨ। ਇਸ ਦਾ ਵਾਧਾ, ਫ਼ਾਇਦਾ ਸਿਰਫ਼ ‘ਨਾਮ ਜਪੋ’ ਦੇ ਹੋਕੇਦਾਰਾਂ ਨੂੰ ਹੁੰਦਾ ਹੈ। ਸ਼ਰਧਾਲੂ-ਪੈਰੋਕਾਰ ਤਾਂ ਇਹ ਧਾਰਨਾ ਗਾਉਣ ਜੋਗੇ ਹੀ ਰਹਿੰਦੇ ਹਨ ‘ਸੇਵਾ ਤੇ ਸਿਮਰਨ ਕਰਕੇ ਬੰਦਾ ਤਰ ਜਾਂਦਾ ਹੈ।’ ਕਿੱਥੇ ਤੇ ਕਿਵੇਂ ਤਰਦਾ ਹੈ, ਇਹ ਸਵਾਲ ਹਵਾ ’ਚ ਲਟਕਦਾ ਹੈ? ਕਿਉਂਕਿ ਅਜੇ ਤੱਕ ਕਿਸੇ ਨੂੰ ਦਿਖਾਈ ਨਹੀਂ ਦਿੱਤਾ।

ਕੀ ਸਿਰਫ਼ ‘ਨਾਮ ਜਪੋ’ ਦਾ ਹੋਕਾ ਦੇਣਾ ਮਹਾਨ ਕਾਰਜ ਹੈ, ਜਾਂ ਮੰਨਿਆ ਜਾ ਸਕਦਾ ਹੈ? ਇਹ ਕਿਸ ਕਾਰਨ ਮਹਾਨ ਹੈ? ਹੋਕੇਦਾਰਾਂ ਨੂੰ ਮਹਾਨ ਕਿਹਾ ਜਾ ਸਕਦਾ ਹੈ? ਜਿਹੜੇ ‘ਨਾਮ-ਦਾਨੀ’, ‘ਨਾਮ-ਦਾਤੇ’ ਆਪੇ ਬਣੇ ਫਿਰਦੇ ਹਨ। ਕੀ ਉਨ੍ਹਾਂ ਨੇ ਇਹ ਕਹਾਵਤ ਨਹੀਂ ਸੁਣੀ ਜਾਂ ਜਾਣਦੇ ‘ਜੇ ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ’ ਜਿਹੜਾ ਗਰੀਬ ਰੱਜਵੀਂ ਤਾਂ ਕੀ ਜੀਉਣ ਜੋਗੀ ਖੁਰਾਕ ਤੋਂ ਵੀ ਮੁਹਤਾਜ ਹੈ। ਉਹ ‘ਨਾਮ’ ਕਿਵੇਂ ਜਪੇਗਾ? ਇਨ੍ਹਾਂ ਨੂੰ ਜ਼ਰੂਰ ਸੋਚਣ, ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੂੰ ਨਾਮ ਜਪਣ ਵਾਲਿਆਂ ਦੀ ਕਤਾਰ ਵਿਚ ਕਿਵੇਂ ਲਿਆਂਦਾ ਜਾ ਸਕਦਾ ਹੈ? ਜਿਸ ਦੇ ਲਈ ਹਰ ਸਵਾਲ ਦਾ ਜਵਾਬ ਰੋਟੀ ਹੋਵੇ। ਉਸ ਦੇ ਲਈ ਸਾਰੀਆਂ ਦਲੀਲਾਂ-ਅਪੀਲਾਂ ਖੋਟੀਆਂ ਸਾਬਤ ਹੋਣਗੀਆਂ, ਇਹ ਪੱਕੀ ਗੱਲ ਹੈ। ਜਦੋਂ ਤੱਕ ਉਸਦਾ ਰੋਟੀ ਦਾ ਮਸਲਾ ਹੱਲ ਨਹੀਂ ਹੁੰਦਾ ਓਨਾ ਚਿਰ ‘ਨਾਮ ਜਪੋ’ ਦੇ ਹੋਕੇ ਦਾ ਅਜਿਹੇ ਲੋਕਾਂ ਲਈ ਕੋਈ ਅਰਥ ਨਹੀਂ ਨਿਕਲ ਸਕਦਾ। ਕਿਸੇ ਵੀ ਆਪਣੇ ਸਮਾਗਮ ਵਿਚ ਅਜਿਹੇ ਲੋਕਾਂ ਬਾਬਤ ਇੱਕ ਸ਼ਬਦ ਵੀ ਨਹੀਂ ਬੋਲਦੇ ‘ਨਾਮ’ ਜਪਾਉਣ ਦੇ ਠੇਕੇਦਾਰ, ਪ੍ਰਚਾਰਕ, ਸੰਤ, ਬਾਬੇ, ਧਰਮ ਦੇ ਵਪਾਰੀ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਉਹ ਸਭ ਦਾ ਭਲਾ ਨਹੀਂ ਚਾਹੁੰਦੇ ਅਤੇ ਸਾਰਿਆਂ ਨੂੰ ‘ਨਾਮ’ ਵੀ ਨਹੀਂ ਜਪਾਉਣਾ ਚਾਹੁੰਦੇ। ਇਸ ਲਈ ਇਹ ਕਹਿ ਸਕਦੇ ਹਾਂ, ਉਹ ਝੂਠ ਬੋਲਦੇ ਅਤੇ ਪਾਖੰਡ ਕਰਦੇ ਹਨ। ਇਹ ਸਭ ਦੇ ਭਲੇ ਲਈ ਹੈ। ਅਸਲ ਵਿਚ ‘ਨਾਮ ਜਪੋ’ ਦਾ ਹੋਕਾ ‘ਨਾਮ-ਦਾਨ’ ਦੇਣ ਦਾ ਕੰਮ ਸਿਰਫ਼ ਆਪਣੀ ਰੋਟੀ ਰੋਜ਼ੀ ਦਾ ਪ੍ਰਬੰਧ ਕਰਨ ਹਿੱਤ ਹੀ ਦਿੱਤਾ ਜਾ ਰਿਹਾ ਹੈ।

ਜਿਸ ਤਰ੍ਹਾਂ ਇੱਕ ਮਾਲਕ, ਕਾਰਖਾਨੇਦਾਰ ਦਾ ਮਕਸਦ ਲੋਕਾਂ ਨੂੰ ਰੁਜ਼ਗਾਰ ਦੇ ਕੇ ਲੋਕ ਭਲਾਈ ਕਰਨਾ ਨਹੀਂ ਹੁੰਦਾ ਤੇ ਨਾ ਸਮਝਿਆ ਜਾ ਸਕਦਾ ਹੈ। ਉਸਦਾ ਮਿਸ਼ਨ ਤਾਂ ਇਸ ਢੰਗ ਨਾਲ ਹੋਰ ਕਮਾਈ ਕਰਕੇ, ਆਪਣੀ ਪੂੰਜੀ ਵਿਚ ਵਾਧਾ ਕਰਨਾ ਹੁੰਦਾ ਹੈ। ਕਾਰਖ਼ਾਨਾ, ਮਿੱਲ ਉਸਦੀ ਕਮਾਈ ਵਿਚ ਵਾਧਾ ਕਰਨ ਦਾ ਇੱਕ ਸਾਧਨ ਹੈ। ਆਪਣੀ ਕਮਾਈ, ਪੂੰਜੀ ਤੇ ਵਾਧੇ ਨੂੰ ਮੁੱਖ ਰੱਖ ਕੇ ਸਗੋਂ ਉਹ ਮਜ਼ਦੂਰਾਂ, ਕਿਰਤੀਆਂ ਦੇ ਹੱਕਾਂ ਹਿੱਤਾਂ ਨੂੰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ‘ਨਾਮ-ਦਾਨ’ ਦੇਣ ਅਤੇ ਜਪਾਉਣ ਵਾਲਿਆਂ ਦੇ ਵੀ ਆਪਣੇ ਹਿੱਤ ਹੁੰਦੇ ਹਨ। ਉਨ੍ਹਾਂ ਨੂੰ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ, ‘ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਕਿਹਾ ਜਾ ਸਕਦਾ ਹੈ। ਧਾਰਮਕ ਸਮਾਗਮਾਂ ਅਤੇ ਡੇਰਿਆਂ ਨੂੰ ਜਾਂਦੇ ਸਮੇਂ ਗੱਡੀਆਂ/ਮੋਟਰਾਂ ਦੇ ਐਕਸੀਡੈਂਟ, ਦੁਰਘਟਨਾਵਾਂ ਹੋ ਜਾਂਦੀਆਂ ਹਨ। ਸ਼ਰਧਾਲੂਆਂ/ਸੇਵਕਾਂ ਦੇ ਸੱਟਾਂ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਪ੍ਰੰਤੂ ਸ਼ਾਇਦ ਹੀ ਕੋਈ ਅਜਿਹਾ ਡੇਰੇਦਾਰ, ਸੰਤ, ਬਾਬਾ ਹੋਵੇਗਾ ਜਿਹੜਾ ਪ੍ਰਭਾਵਿਤ ਲੋਕਾਂ ਜਾਂ ਉਨ੍ਹਾਂ ਦੇ ਵਾਰਸਾਂ ਦੀ ਆਰਥਿਕ ਜਾਂ ਹੋਰ ਸਹਾਇਤਾ ਕਰਦਾ ਹੋਵੇ। ਪੈਰੋਕਾਰਾਂ ਦੀਆਂ ਹੋਰ ਆਰਥਿਕ, ਸਮਾਜਿਕ ਮੁਸ਼ਕਿਲਾਂ ਬਾਰੇ ਵੀ ਸੰਤ, ਬਾਬੇ, ਡੇਰੇਦਾਰ ਕਦੇ ਕੋਈ ਵਿਚਾਰ-ਚਰਚਾ ਨਹੀਂ ਕਰਦੇ ਨਾ ਲੋੜ ਸਮਝਦੇ ਹਨ। ਉਨ੍ਹਾਂ ਦੀ ਚਰਚਾ ਦਾ ਮੁੱਦਾ ਤੇ ਏਜੰਡਾ ਸਿਰਫ਼ ਇਹ ਹੀ ਰਹਿੰਦਾ ਹੈ ਕਿ ਡੇਰੇ (ਧਾਰਮਿਕ ਸਥਾਨ) ਦੀ ਜਾਇਦਾਦ, ਆਮਦਨ ਵਿਚ ਵਾਧਾ ਕਿਵੇਂ ਹੋਵੇ।

ਜਿਵੇਂ ਕਾਰਖਾਨੇਦਾਰ, ਮਿੱਲ ਮਾਲਕ ਨੂੰ ਮਜ਼ਦੂਰਾਂ ਦੀ ਗਿਣਤੀ (ਰੁਜ਼ਗਾਰ) ਅਤੇ ਉਜਰਤਾਂ ਵਿਚ ਵਾਧਾ ਕਰਨ ਬਾਰੇ ਕੋਈ ਚਿੰਤਾ ਨਹੀਂ ਹੁੰਦੀ। ਪਰ ਉਸ ਨੂੰ ਆਪਣੀ ਆਮਦਨ ਦੇ ਵਾਧੇ ਬਾਰੇ ਜ਼ਰੂਰ ਫ਼ਿਕਰ ਰਹਿੰਦਾ ਹੈ। ਜਿਸ ਦੇ ਵਾਧੇ ਬਾਰੇ ਸਕੀਮਾਂ ਘੜੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ‘ਨਾਮ ਜਪੋ’ (ਅੱਖਾਂ ਬੰਦ ਕਰਕੇ ਇਕੋ ਲਫ਼ਜ਼ ਰਟੀ ਜਾਓ) ਦਾ ਹੋਕਾ ਦੇਣਾ ਵੀ ਆਪਣੇ ਡੇਰੇ/ਧਾਰਮਿਕ ਸਥਾਨ ਦੀ ਆਮਦਨ ਵਧਾਉਣ ਦੀ ਤਰਕੀਬ ਹੈ। ਜਿਵੇਂ ਦੁਕਾਨਾਂ ਵਾਲੇ ਲੋਹੜੀ, ਵਿਸਾਖੀ, ਦੁਸਹਿਰਾ, ਦੀਵਾਲੀ ਦੇ ਨਾਂ ਤੇ ਚੀਜ਼ਾਂ (ਸੇਲ ਲਾਉਣ ਦੇ ਨਾਂ ਤੇ) ਸਸਤੀਆਂ ਦੇਣ ਦਾ ਪਾਖੰਡ ਕਰਕੇ ਆਪਣਾ ਮਾਲ ਵੇਚ ਕੇ ਆਮਦਨ ਵਿਚ ਵਾਧਾ ਕਰ ਲੈਂਦੇ ਹਨ। ਇਸੇ ਤਰ੍ਹਾਂ ਕਈ ਨਵੇਂ ਗਾਹਕ ਵੀ ਬਣਾ ਲੈਂਦੇ ਹਨ। ਇਹ ਵੀ ਅਜਿਹੇ ਦਿਨਾਂ ਦੇ ਨਾਂ ਤੇ ਵੱਡੇ ਇਕੱਠ ਕਰਨ ਲਈ ਕਈ ਤਰ੍ਹਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਉਸ ਦਿਨ ਵਿਸ਼ੇਸ਼ ਤੌਰ ’ਤੇ ਅਤੇ ਨਵੀਂਆਂ-ਨਵੀਆਂ ਕਿਸਮਾਂ ਦੇ ‘ਨਾਮ-ਦਾਨ’ ਦੇਣ ਦਾ ਹੋਕਾ ਵੀ ਦਿੰਦੇ ਰਹਿੰਦੇ ਹਨ।

ਇੰਝ ‘ਨਾਮ ਜਪੋ’ ਦਾ ਹੋਕਾ ਦੇਣ ਦਾ ਕਾਰਜ ਕਰਕੇ ਆਪਣੇ ਸੇਵਕਾਂ ਦੀ ਗਿਣਤੀ ਵਿਚ ਵਾਧਾ ਕਰ ਲੈਂਦੇ ਹਨ। ਜਿਸ ਨਾਲ ਬਾਬੇ, ਸੰਤ, ਡੇਰੇ ਦੀ ਬੱਲੇ-ਬੱਲੇ ਹੁੰਦੀ ਹੈ ਅਤੇ ਅਖ਼ਬਾਰਾਂ, ਟੀ.ਵੀ. ਰਾਹੀਂ ਵੀ ਕਰਵਾਈ ਜਾਂਦੀ ਹੈ। ਉਥੇ ਡੇਰੇ ਦੀ ਆਮਦਨ ਵਿਚ ਕੁਦਰਤੀ ਤੌਰ ’ਤੇ ਵਾਧਾ ਹੋ ਜਾਂਦਾ ਹੈ। ਪਰ ਉਨ੍ਹਾਂ ਦੇ ਕਹਿਣ ਮੁਤਾਬਕ ‘ਨਾਮ ਜਪੋ’ ਦਾ ਹੋਕਾ ਲੋਕ ਹਿੱਤ ਵਿਚ ਦਿੱਤਾ ਜਾ ਰਿਹਾ ਹੈ। ਫਿਰ ਤਾਂ ਉਨ੍ਹਾਂ ਲੋਕਾਂ ਦੇ ਬਾਰੇ ’ਚ ਜ਼ਰੂਰ ਸੋਚਣਾ ਹੀ ਨਹੀਂ, ਕੁਝ ਕਰਨਾ ਵੀ ਚਾਹੀਦਾ ਹੈ। ਜਿਹੜੇ ਅਜੇ ਰੋਟੀ ਦੇ ਮਸਲੇ ਵਿਚ ਉਲਝੇ ਪਏ ਹਨ। ਉਨ੍ਹਾਂ ਨੂੰ ਰੋਟੀ ਕਿਉਂ ਨਹੀਂ ਮਿਲ ਰਹੀ? ਇਸ ਲਈ ਕੌਣ ਜ਼ਿੰਮੇਵਾਰ ਹੈ? ਰੋਟੀ ਦਾ ਮਸਲਾ ਹੱਲ ਕਿਵੇਂ ਹੋ ਸਕਦਾ ਹੈ? ਇਸ ਨੂੰ ਕੌਣ ਕਰੇਗਾ? ‘ਨਾਮ ਜਪੋ’ ਦਾ ਹੋਕਾ ਦੇਣ ਵਾਲਿਆਂ ਨੂੰ ਆਪਣੇ ਸਮਾਗਮਾਂ ’ਚ ਘੱਟੋ-ਘੱਟ ਇਸ ਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਪਰ ਉਹ ਅਜਿਹਾ ਕਦੇ ਵੀ ਨਹੀਂ ਕਰਨਗੇ। ਉਹ ਤਾਂ ਸਿਰਫ਼ ਲੰਗਰ ਲਗਾ ਸਕਦੇ ਹਨ, ਗਰੀਬ ਕੁੜੀਆਂ ਦੇ ਵਿਆਹ ਕਰ ਸਕਦੇ ਹਨ, ਗਰੀਬ ਵਿਦਿਆਰਥੀਆਂ ਨੂੰ ਪੈ¤ਨ, ਕਾਪੀਆਂ, ਕਿਤਾਬਾਂ, ਬੂਟ ਵੰਡ ਸਕਦੇ ਹਨ, ਅੱਖਾਂ ਦੇ ਅਪ੍ਰੇਸ਼ਨ ਕੈਂਪ ਅਤੇ ਮੈਡੀਕਲ ਕੈਂਪਾਂ ਦਾ ਪ੍ਰਬੰਧ ਕਰ ਸਕਦੇ ਹਨ। ਉਨ੍ਹਾਂ ਦੀ ਇੰਨੀ ਹਿੰਮਤ ਨਹੀਂ ਅਤੇ ਨਾ ਉਹ ਚਾਹੁੰਦੇ ਹਨ ਕਿ ਸੰਗਤਾਂ-ਸ਼ਰਧਾਲੂਆਂ-ਸੇਵਕਾਂ-ਲੋਕਾਂ ਨੂੰ ਪਤਾ ਲੱਗੇ ਕਿ ਅਜਿਹੇ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਇੱਕ ਵਿਅਕਤੀ ਰੋਟੀ ਤੋਂ ਮੁਹਤਾਜ, ਮੰਗਣ ਲਈ ਮਜ਼ਬੂਰ ਹੈ, ਆਪਣੀ ਧੀ ਦਾ ਵਿਆਹ ਕਰਨ ਦੇ ਯੋਗ ਨਹੀਂ ਰਹਿੰਦਾ। ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਖ਼ਰਚ ਦਾ ਪ੍ਰਬੰਧ ਵੀ ਨਹੀਂ ਕਰ ਸਕਦਾ। ਆਪਣੀ ਤੇ ਪਰਿਵਾਰ ਦੇ ਬਿਮਾਰ, ਰੋਗੀਆਂ ਵਾਸਤੇ ਇਲਾਜ ਕਰਵਾਉਣ ਵਾਸਤੇ ਕਿਉਂ ਉਹਨੂੰ ਮੈਡੀਕਲ ਕੈਂਪਾਂ ਦੀ ਉਡੀਕ ਕਰਨੀ ਪੈਂਦੀ ਹੈ? ਅਜਿਹਾ ਪਰਦਾ ਇਸ ਕਰਕੇ ਰੱਖਿਆ ਜਾ ਰਿਹਾ ਹੈ ਕਿਉਂਕਿ ਰਾਜ ਭੋਗਣ, ਰਾਜ ਕਰਨ ਅਤੇ ‘ਨਾਮ ਜਪੋ’ ਦਾ ਹੋਕਾ ਦੇਣ ਵਾਲੇ ਰਲ ਗਏ, ਇੱਕ ਹੋ ਗਏ ਹਨ। ਸ਼ਾਇਦ ਇਨ੍ਹਾਂ ਬਾਰੇ ਇਹ ਕਹਿਣਾ ਠੀਕ ਹੀ ਹੋਵੇਗਾ ‘ਦੋਵੇਂ ਇੱਕੋ ਥੈਲੀ ਦੇ ਚੱਟੇ-ਵੱਟੇ ਹਨ।’ ਇਨ੍ਹਾਂ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਜੋੜ ਕੇ ਕਈ ਤਾਂ ਇਹ ਵੀ ਕਹਿ ਰਹੇ ਹਨ, ਹੁਣ ਤਾਂ ‘ਚੋਰ ਤੇ ਕੁੱਤੀ’ ਵੀ ਰਲੇ ਹੋਏ ਹਨ।

‘ਨਾਮ ਜਪੋ’ ਦਾ ਹੋਕਾ ਦੇਣ ਵਾਲਿਆਂ ਦੀਆਂ ਮੋਮੋਠੱਗਣੀਆਂ ਗੱਲਾਂ ਸਮਝਣ, ਜਾਨਣ ਤੇ ਪਛਾਨਣ ਦੀ ਜ਼ਰੂਰਤ ਹੈ। ਇਹ ਲੋਕਾਂ ਦੀ ਸੇਵਾ ਕਰ ਰਹੇ ਹਨ ਜਾਂ ਕਿਸੇ ਹੋਰ ਦੀ, ਇਹ ਕਹਿੰਦੇ ਕੁਝ ਹੋਰ ਹਨ, ਕਰਦੇ ਕੁਝ ਹੋਰ ਹਨ। ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿਉਂਕਿ ‘ਨਾਮ ਜਪੋ’ ਦਾ ਹੋਕਾ ਦੇਣ ਵਾਲਿਆਂ, ਰੱਬ ਦੇ ਏਜੰਟਾਂ, ਧਰਮ ਵਪਾਰੀਆਂ ਵਿਚੋਂ ਕੋਈ ਕਾਤਲ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ ਤੇ ਕੋਈ ਬਲਾਤਕਾਰੀ, ਕੋਈ ਨੋਟਾਂ ਵੱਟੇ ਵੋਟਾਂ (ਸੇਵਕਾਂ) ਦੇ ਵਪਾਰੀ ਦੇ ਰੋਲ ਵਿਚ ਦਿਖਾਈ ਦੇ ਰਿਹਾ ਹੈ। ਕਈ ਕਾਲੇ ਧਨ ਨੂੰ ਚਿੱਟਾ ਕਰਨ ਦੇ ਧੰਦੇ ਨਾਲ ਆਪਣਾ ਮੂੰਹ ਕਾਲਾ ਕਰ ਰਹੇ ਹਨ। ਕੋਈ ਕਬੂਤਰਬਾਜ਼ੀ (ਵਿਦੇਸ਼ ਭੇਜਣ) ਦੇ ਮਾਹਰ ਦੇ ਰੂਪ ’ਚ ਲੋਕਾਂ ਦੇ ਸਨਮੁੱਖ ਹੋ ਰਿਹਾ ਹੈ।

‘ਨਾਮ ਜਪੋ’ ਦਾ ਹੋਕਾ ਦੇਣ ਵਾਲਿਆਂ ਦੇ ਰਾਜਸੀ ਨੇਤਾਵਾਂ, ਪੁਲਿਸ ਅਧਿਕਾਰੀਆਂ ਅਤੇ ਲੁਟੇਰਿਆਂ ਸਮਗਲਰਾਂ ਵਾਂਗ ਨਿੱਤ ਨਵੇਂ ਕਾਰਿਆਂ ਦੇ ਪਰਦੇਫ਼ਾਸ਼ ਹੋ ਰਹੇ ਹਨ। ਇਹ ਲੋਕਾਂ ਸਾਹਮਣੇ ਲਗਾਤਾਰ, ਲੜੀਵਾਰ ਨੰਗੇ ਹੋ ਰਹੇ ਹਨ। ਜਿਸ ਘਟੀਆ ਤੋਂ ਘਟੀਆ ਹਰਕਤ ਬਾਰੇ ਸ਼ਰਧਾਲੂ ਅਤੇ ਲੋਕ ਸੋਚ ਵੀ ਨਹੀਂ ਸਕਦੇ, ਇਨ੍ਹਾਂ ਵੱਲ ਅਜਿਹੇ ਸੱਚ ਸਮੇਂ-ਸਮੇਂ ਪ੍ਰਗਟ ਹੋ ਰਿਹਾ ਹੈ। ਸ਼ਰਧਾਲੂਆਂ-ਸੇਵਕਾਂ-ਪੈਰੋਕਾਰਾਂ ਨੂੰ ਚਾਹੀਦਾ ਹੈ ਕਿ ਅੰਨ੍ਹੀ ਸ਼ਰਧਾ ਦੀ ਐਨਕ ਲਾਹ ਕੇ ਦੇਖੋ, ਪਰਖੋ। ਜ਼ਰੂਰ ਅਜਿਹਾ ਕੁਝ ਦਿਖਾਈ ਦੇਵੇਗਾ ਜਿਸ ਨਾਲ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਇਨ੍ਹਾਂ ਦੇ ਵਚਨਾਂ-ਪ੍ਰਵਚਨਾਂ ਨੂੰ ਸੁਣ ਕੇ ਉਸ ਤੇ ਵਿਚਾਰ ਕਰੋ। ਅਸਲ ’ਚ ਉਹ ਕੀ ਕਹਿਣ ਦਾ ਯਤਨ ਕਰਦੇ ਹਨ। ਉਸ ਤੇ ਅਮਲ ਕਰਨ ਨਾਲ ਕਿਸ ਦੇ ਹਿੱਤ ਪੂਰੇ ਜਾਂਦੇ ਹਨ। ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਤੁਹਾਡੇ ਨਹੀਂ ਹੋਣਗੇ। ‘ਨਾਮ ਜਪੋ’ ਦੇ ਹੋਕੇ, ਪ੍ਰਚਾਰ ਨੂੰ ਸਮਝਣ ਦੀ ਜ਼ਰੂਰਤ ਹੈ, ਲੋੜ ਹੈ, ਸਮੇਂ ਦੀ ਮੰਗ ਹੈ। ਕੀ ਤੁਹਾਡੀਆਂ ਲੋੜਾਂ, ਦੁੱਖਾਂ, ਸਮੱਸਿਆਵਾਂ ਦਾ ਹੱਲ ਨਾਮ ਜਪਣ (ਕੋਈ ਲਫ਼ਜ਼ ਬਾਰ-ਬਾਰ ਰਟਦੇ ਰਹਿਣ) ਨਾਲ ਹੋ ਸਕਦਾ ਹੈ? ਕਿਵੇਂ? ਜ਼ਰੂਰ ਸੋਚੋ?

- - - - -

ਸੰਪਾਦਕ ਇੰਡੀਆ ਅਵੇਅਰਨੈਸ ਵਲੋਂ ਟਿੱਪਣੀ

ਸੰਪਾਦਕੀ ਟਿੱਪਣੀ : ਇਸ ਵਿਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਮੌਜੂਦਾ ਸਮੇਂ ਵਿਚ ਬਹੁਤ ਸਾਰੇ ਧਾਰਮਕ ਦਿੱਸਦੇ ਪ੍ਰਚਾਰਕਾਂ/ਬਾਬਿਆਂ ਵੱਲੋਂ ‘ਨਾਮ ਜਪੋ’ ਦਾ ਹੋਕਾ ਜੋਰਾਂ-ਸ਼ੋਰਾਂ ਨਾਲ ਦਿੱਤਾ ਜਾ ਰਿਹਾ ਹੈ। ਬਿਆਸ ਦੇ ਇਕ ਡੇਰੇਦਾਰ ਦਾ ਟ੍ਰੇਡ-ਮਾਰਕ ਹੀ ‘ਨਾਮ’ ਹੈ - ਉਸਦੇ ਪ੍ਰਚਾਰਕਾਂ ਦਾ ਹਰ ਲੈਕਚਰ ‘ਨਾਮ ਜਪੋ’ ਦੇ ਹੋਕੇ ਦੇ ਆਲੇ-ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਇਸ ਡੇਰੇ ਨੇ ਆਪਣੀ ਵਿਚਾਰਧਾਰਾ ਮੁਤਾਬਿਕ ਕੋਈ ਨਵਾਂ ਹੀ ਨਾਮ ਘੜਿਆ ਹੋਇਆ ਹੈ, ਜਿਸ ਨੂੰ ਆਪਣੇ ਚੇਲਿਆਂ ਨੂੰ ‘ਗੁਪਤ ਤਰੀਕੇ’ ਨਾਲ ਹੀ ਦੱਸਦੇ ਹਨ, ਜਿਸ ਨੂੰ ਡੇਰੇ ਵੱਲੋਂ ਮਿੱਥੀ ਵਿਚ ਖ਼ਾਸ ਵਿਧੀ ਮੁਤਾਬਿਕ ਹੀ ‘ਜਪਣ’ ਦੀ ਤਾਕੀਦ ਕੀਤੀ ਜਾਂਦੀ ਹੈ। ਪਰ ‘ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਚਾਰਕ/ਡੇਰੇਦਾਰ ਜਦ ਲੋਕਾਂ ਨੂੰ ‘ਨਾਮ ਜਪਣ’ ਦੀ ਤਾਕੀਦ ਕਰਦੇ ਹਨ, ਤਾਂ ਉਨ੍ਹਾਂ ਦਾ ਭਾਵ ਹੁੰਦਾ ਹੈ ਕਿ ਚੌਕੜੀ ਮਾਰ ਕੇ, ਅੱਖਾਂ ਬੰਦ ਕਰਕੇ, ਇਕ ਵਿਸ਼ੇਸ਼ ਲਫ਼ਜ਼ ਨੂੰ ਬਾਰ-ਬਾਰ ਦੁਹਰਾਉਣਾ ਸ਼ੁਰੂ ਕਰ ਦਿਉ। ਇਕ ਵਿਸ਼ੇਸ਼ ਜੱਥਿਆਂ, ਡੇਰਿਆਂ ਅਤੇ ਸੰਗਠਨਾਂ ਵੱਲੋਂ ਵੀ ਸਿੱਖਾਂ ਨੂੰ ਸਾਹ ਅੰਦਰ-ਬਾਹਰ ਹੋਣ ਦੀ ਪ੍ਰਕ੍ਰਿਆ ਨਾਲ ਤਾਲਮੇਲ ਬਿਠਾ ਕੇ ਕੀਤੇ ਜਾਣ ਵਾਲਾ ‘ਨਾਮ ਸਿਮਰਨ’ ਵੀ ਅਕਸਰ ਵੇਖਣ ਨੂੰ ਮਿਲਦਾ ਹੈ। ਇਸ ਵਰਗ ਵੱਲੋਂ ਜਿਸ ਤਰ੍ਹਾਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਮਹਿਜ਼ ਇਕ ਖ਼ਾਸ ਲਫ਼ਜ਼ ਦੇ ਰਟਨ ਤੱਕ ਸੀਮਤ ਕੀਤਾ ਜਾ ਰਿਹਾ ਹੈ, ਉਹ ਵਾਕਈ ਅਫ਼ਸੋਸਜਨਕ ਰੁਝਾਨ ਹੈ, ਜੋ ਸ਼ਰਧਾਲੂਆਂ ਨੂੰ ਹਉਮੈਗ੍ਰਸਤ, ਕਰਮਕਾਂਡੀ ਅਤੇ ਅਕਸਰ ਪਖੰਡੀ ਬਣਾਉਣ ਦੀ ਰਾਹ ’ਤੇ ਤੋਰ ਦਿੰਦਾ ਹੈ।

ਪਰ ਇਹ ਵੀ ਸੱਚ ਹੈ ਕਿ ਗੁਰਮਤਿ ਵਿਚ ‘ਨਾਮ ਜਪਣ’ ਨੂੰ ਹੀ ਸਭ ਤੋਂ ਸ੍ਰੇਸ਼ਟ ਕਾਰਜ ਦੱਸਿਆ ਗਿਆ ਹੈ :

ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
(ਗੁਰੂ ਗ੍ਰੰਥ ਸਾਹਿਬ, ਪੰਨਾ 266)

ਧਿਆਨ ਸਿਰਫ਼ ਇਸ ਗੱਲ ਵੱਲ ਦੇਣਾ ਚਾਹੀਦਾ ਹੈ ਕਿ ਗੁਰਮਤਿ ਵਿਚ ਨਾਮ ਜਪਣ ਦਾ ਅਰਥ ਕੋਈ ਇਕ ਲਫ਼ਜ਼ ਬਾਰ-ਬਾਰ ਰਟਨਾ ਨਹੀਂ। ਲਫ਼ਜ਼ੀ ਰਟਨਾਂ ਦਾ ਖੰਡਨ ਤਾਂ ਜਪੁ ਜੀ ਸਾਹਿਬ ਵਿਚ ਹੀ ਕਰ ਦਿੱਤਾ ਗਿਆ ਹੈ :

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ।। ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮ ਜਗਦੀਸ।।
ਏਤ ਰਾਹੁ ਪਤਿ ਪਵੜੀਆ ਚੜੀਐ ਹੋਇ ਇਕੀਸ।।  ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ।।
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।।
(ਜਪੁ ਜੀ ਸਾਹਿਬ)

ਸਮਝਣ ਵਾਲਾ ਨੁਕਤਾ ਸਿਰਫ਼ ਏਨਾ ਹੈ ਕਿ ਗੁਰਬਾਣੀ ਮੁਤਾਬਿਕ ‘ਨਾਮ ਜਪਣ’ ਜਾਂ ‘ਨਾਮ ਸਿਮਰਨ’ ਦਾ ਅਰਥ ਪਰਮਾਤਮਾ ਦੇ ਗੁਣਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ ਤੇ ਇਨ੍ਹਾਂ ਗੁਣਾਂ ਦੀ ਪ੍ਰੇਰਨਾ ਰਾਹੀਂ ਮਨੁੱਖੀ ਅਵਗੁਣਾਂ ਅਤੇ ਵਿਕਾਰਾਂ ਤੋਂ ਸਦੀਵੀ ਮੁਕਤੀ ਪਾ ਕੇ ਆਪਣਾ ਜੀਵਨ ਸਫ਼ਲ ਕਰਨਾ ਹੈ। ਇਸ ‘ਯਾਦ ਰੱਖੀਏ’ ਦੇ ਉਪਦੇਸ਼ ਨੂੰ ਸਿਮਰੀਐ, ਗਾਈਐ, ਧਿਆਈਐ, ਸੇਵੀਐ ਆਦਿਕ ਕਾਵਿ ਪ੍ਰਤੀਕਾਂ ਰਾਹੀਂ ਸਮਝਾਇਆ ਜਾਂਦਾ ਹੈ। ਜਿਵੇਂ :

ਕਰਿ ਕਿਰਪਾ ਤੇਰੇ ਗੁਣ ਗਾਵਾ।। ਨਾਨਕ ਨਾਮੁ ਜਪਤ ਸੁਖੁ ਪਾਵਾ।।
(ਪੰਨਾ 563)

ਸੁਣਿ ਸੁਣਿ ਅੰਮ੍ਰਿਤ ਨਾਮ ਧਿਆਵਾ।। ਆਠ ਪਹਰ ਤੇਰੇ ਗੁਣ ਗਾਵਾ।।
(ਪੰਨਾ 740)

ਮਨ ਮਹਿ ਸਿੰਚਹੁ ਹਰਿ ਹਰਿ ਨਾਮ।। ਅਨਦਿਨੁ ਕੀਰਤਨੁ ਹਰਿ ਗੁਣ ਗਾਮ।।
(ਪੰਨਾ 807)

ਵਿਸਰੁ ਨਾਹੀ ਦਾਤਾਰੁ ਆਪਣਾ ਨਾਮੁ ਦੇਹੁ।। ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ।।
(ਪੰਨਾ 762)

ਚਾਹੀਦਾ ਤਾਂ ਇਹ ਸੀ ਕਿ ਸਿੱਖ ਸਮਾਜ ‘ਨਾਮ ਜਪਣ’ ਦੇ ਇਸ ਅਮਲੀ, ਵਿਗਿਆਨਕ ਅਤੇ ਸਾਰਥਕ ਸੰਕਲਪ ਨੂੰ ਸਾਰੀ ਦੁਨੀਆ ਸਾਹਮਣੇ ਪੇਸ਼ ਕਰਦਾ। ਪਰ ਇਸਦੀ ਬਜਾਏ ਸਿੱਖਾਂ ਨੇ ਖ਼ੁਦ ਹੀ ਨਾਮ ਜਪਣ ਦਾ ਬ੍ਰਾਹਮਣਵਾਦੀ ਸੰਕਲਪ ਅਪਣਾ ਕੇ ਇਸ ਨੂੰ ਮਹਿਜ਼ ਇਕ ਕਰਮ-ਕਾਂਡ ਬਣਾ ਕੇ ਰੱਖ ਦਿੱਤਾ ਹੈ। ਇਸੇ ਕਰਮ-ਕਾਂਡੀ (ਰਸਮੀ ਅਤੇ ਦਿਖਾਵੇ ਵਾਲੇ) ਨਾਮ ਜਪਣ ਦਾ ਉਕਤ ਲੇਖ ਵਿਚ ਖੰਡਨ ਕੀਤਾ ਗਿਆ ਹੈ। ਪਾਠਕ ਇਸ ਬਾਬਤ ਕੋਈ ਭੁਲੇਖਾ ਨਾ ਰੱਖਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top