Share on Facebook

Main News Page

ਵੀਰ ਹਰਦੇਵ ਸਿੰਘ ਜੀ ਜੰਮੂ ਦੇ ਲੇਖ “ਰਹਿਤ ਮਰਿਯਾਦਾ ਅਤੇ ਉਸ ਦੀ ਧਾਰਨਾ” ਬਾਰੇ ਵਿਚਾਰ

 

ਸਤਿਕਾਰਯੋਗ ਵੀਰ ਹਰਦੇਵ ਸਿੰਘ ਜੀ ਜੰਮੂ,

ਗੁਰ ਫਤਿਹ ਪ੍ਰਵਾਨ ਕਰਨੀ।

 

ਵੀਰ ਜੀ ਆਪ ਦਾ ਲੇਖ “ਰਹਿਤ ਮਰਿਯਾਦਾ ਅਤੇ ਉਸ ਦੀ ਧਾਰਨਾ” ਪੜ੍ਹਿਆ। ਤੁਹਾਡੇ ਵਲੋਂ ਇਹ ਵਿਸ਼ਾ ‘ਸਿਧਾਂਤ’ ਅਤੇ ‘ਗੈਰ ਸਿਧਾਂਤ’ ਦੇ ਵੀਚਾਰ ਨਾਲ ਤੋਰਿਆ ਗਿਆ ਹੈ।

 

ਇਸ ਗੱਲ ਦੀ ਪੁਸ਼ਟੀ ਆਪ ਇਸ ਤਰ੍ਹਾਂ ਕਰਦੇ ਹੋ, “ਜਿਨ੍ਹਾਂ ਨੇ ਇਸ ਨੂੰ ਆਪਣਾਇਆ, ਉਹ ਸਿਧਾਂਤਕ ਹਨ ਅਤੇ ਜਿਨ੍ਹਾਂ ਨੇ ਨਹੀਂ ਅਪਣਾਇਆ ਉਹ ਗੈਰ ਸਿਧਾਂਤਕ ਹਨ ਅਤੇ ਗੈਰ ਸਿਧਾਂਤਕਾਂ ਨੇ ਆਪਣੀ ਰਹਿਤ ਮਰਿਯਾਦਾ ਵੱਖਰੀ ਬਣਾ ਲਈ”।

ਇਹ ਨਿਰਣਾ ਤੁਹਾਡੇ ਅਨੁਸਾਰ ਵੱਖਰੀਆ ਰਹਿਤ ਮਰਿਯਾਦਾਵਾਂ ਦੇ ਅਧਾਰਿਤ ਤੁਹਾਡਾ ਆਪਣਾ ਨਿਰਣਾ ਹੈ, ਗੁਰਮਤਿ ਅਨੁਸਾਰੀ ਨਹੀਂ। ਜਿਨ੍ਹਾਂ ਲਈ ਤੁਸੀਂ ਗੈਰ ਸਿਧਾਂਤ ਸ਼ਬਦ ਵਰਤਦੇ ਹੋ, ਉਹ ਤੁਹਾਡੇ ਲਈ ਇਹ ਸ਼ਬਦ ਵਰਤਦੇ ਹੋ ਸਕਦੇ ਹਨ। ਇਸ ਕਰਕੇ ਇਹ ਤੁਹਾਡਾ ਆਪਣਾ ਨਿਰਣਾ ਹੈ, ਗੁਰਮਤਿ ਦਾ ਨਹੀਂ।

 

ਵੀਰ ਜੀ ਤੁਸੀਂ ਲਿਖਦੇ ਹੋ, “ਗੈਰ ਸਿਧਾਂਤਕ ਉਹ ਹਨ, ਜਿਨ੍ਹਾਂ ਨੇ ਪੰਥਕ ਰਹਿਤ ਮਰਿਯਾਦਾ ਦੇ ਉਲਟ ਆਪਣੀ ਰਹਿਤ ਮਰਿਯਾਦਾ ਘੜ ਕੇ ਪਾਲਨ ਕੀਤਾ”।

 

ਸਿਧਾਂਤਕ ਧਿਰ ਬਾਰੇ ਤੁਸੀਂ ਆਪ ਹੀ ਸਪਸ਼ਟ ਕਰਦੇ ਹੋ ਕਿ “ਸੁਧਾਰਵਾਦੀ ਭਾਵਨਾਵਾਂ ਵੀ ਵੱਡਮੁੱਲੀਆਂ ਹੁੰਦੀਆਂ ਹਨ, ਜੇਕਰ ਸੁਚਾਰੂ ਢੰਗ ਨਾਲ ਉਨ੍ਹਾਂ ਦੀ ਕੀਮਤ ਦੀ ਭਾਲ ਕੀਤੀ ਜਾਵੇ ਤਾਂ ਕਿ ਉਹ ਹਮੇਸ਼ਾਂ ਜਿੰਦਾ ਰਹਿ ਸਕਣ। ਇਹ ਮਹੱਤਵਪੂਰਨ ਗੱਲ ਹੈ”।

ਪਰ ਗੁਰਮਤਿ ਅਨੁਸਾਰ ਗੁਰਮਤਿ ਦੇ ਮਹੱਤਵਪੂਰਨ ਹੋਣ ਦੀ ਇਕ ਹੀ ਮਹੱਤਵਪੂਰਨ ਭਾਵਨਾ ਹੈ, ਜੋ ਵੱਡਮੁਲੀ ਹੈ, ੴ, ਇਕ ਗ੍ਰੰਥ, ਇਕ ਪੰਥ, ਇਕ ਸੰਗਤਿ, ਇਕ ਪੰਗਤ, ਇਕ ਤਖਤ, ਇਕ ’ਤੇ ਬਿਰਾਜਮਾਨ ਵੀ ਇਕ। ਇਹ ਸਿਖ ਦੀ ਇਕ ਭਾਵਨਾ ਹੈ, ਜੋ ਵਡਮੁਲੀ ਹੈ। ਭਾਵਨਾਵਾਂ ਨਹੀਂ ਉਹ ਵੱਡਮੁਲੀਆਂ ਨਹੀਂ ਹੁੰਦੀਆਂ? ਕਿਉਂਕਿ ਗੁਰਮਤਿ ਸਿਧਾਂਤ ਇਕ ਵਿੱਚ ਵਿਸ਼ਵਾਸ਼ ਰੱਖਦਾ ਹੈ, ਗੁਰਮਤਿ ਸਿਧਾਂਤ ਦੀ ਇਕ ਹੀ ਭਾਵਨਾ ਹੈ। ਜਿਨ੍ਹਾਂ ਨੇ ਗੁਰਮਤਿ ਦਾ ਸਿਧਾਂਤ ਸਿਰਜਿਆ ਹੈ, ਉਨ੍ਹਾਂ ਸਾਰਿਆ ਦੀ ਭਾਵਨਾ ਵੀ ਇਕ ਹੈ। ਦਸੇ ਪਾਤਸਾਹੀਆਂ, ਭਗਤ, ਭੱਟ, ਗੱਲ ਕੀ ਇਸ ਗੁਰਮਤਿ ਸਿਧਾਂਤ ਦੇ ਰਚਣਹਾਰੇ ਸਾਰਿਆਂ ਦੀ ਇਕੋ ਭਾਵਨਾ ਹੈ ਸੱਚ ਦੀ ਭਾਵਨਾ ਪਰਗਟ ਕਰਨਾ, ਭਾਵਨਾਵਾਂ ਨਹੀਂ, ਭਾਵਨਾਵਾਂ ਵੱਖਰੇ-ਵੱਖਰੇ ਖਿਆਲਾ ਦਾ ਪਰਗਟਾ ਹੈ, ਵੱਖਰੇ-ਵੱਖਰੇ ਖਿਆਲ ਦੀਆਂ ਭਾਵਨਾਵਾਂ ਨਾਲ ਮਨੁੱਖੀ ਮਾਨਸਿਕਤਾ ਅੰਦਰ ਇਕਸਾਰਤਾ ਨਹੀਂ ਬਣੀ ਰਹਿ ਸਕਦੀ। ਸੋ ਇਸ ਵਾਸਤੇ ਸਿਖ ਦੀ ਭਾਵਨਾ ਇਕ ਗੁਰਮਤਿ ਗਾਡੀ ਰਾਹ ਹੈ, ਇਕ ਗੁਰਮਤਿ ਗਾਡੀ ਰਾਹ ਦੀ ਭਾਵਨਾ ਅਪਣਾਉਣ ਵਾਲਾ ਕਦੇ ਥਿੱੜਕਦਾ ਨਹੀਂ।

 

ਰਹਿਤ ਮਰਿਯਾਦਾ ਬਣਨ ਵੇਲੇ ਬਹੁਤੀਆਂ ਭਾਵਨਾਵਾਂ ਇਕੱਠੀਆਂ ਹੋ ਜਾਣ ਕਾਰਣ ਹੀ ਇਹ ਸੱਭ ਕੁਝ ਵਾਪਰਿਆ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਕੌਮ ਨੂੰ ਆਹ ਦਿਨ ਨਾ ਦੇਖਣੇ ਪੈਂਦੇ, ਅੱਜ ਕੌਮ ਇਕ ਗੁਰੂ ਗ੍ਰੰਥ ਨੂੰ ਹੀ ਪੰਥ ਮੰਨਦੀ। ਪੰਥ ਵੀ ਇਕ ਮਾਰਗ ਦਾ ਨਾਮ ਹੈ। ਇਸ ਵਾਸਤੇ ਸਿੱਖ ਲਈ ਗ੍ਰੰਥ ਹੀ ਪੰਥ ਹੈ, ਮਾਰਗ ਹੈ। ਜਿਹੜੀ ਗੱਲ ਗ੍ਰੰਥ ਪ੍ਰਵਾਨ ਨਹੀਂ ਕਰਦਾ, ਉਹ ਗੱਲ ਸਾਨੂੰ ਤੁਹਾਨੂੰ ਪ੍ਰਵਾਨ ਕਰਕੇ ਸਮੁੱਚੀ ਕੌਮ ਉੱਪਰ ਥੋਪਣ ਦਾ ਕੋਈ ਅਖਤਿਆਰ ਨਹੀਂ। ਤੁਹਾਡਾ ਸਾਡਾ ਕੰਮ ਸਿਰਫ ਤੇ ਸਿਰਫ ਗ੍ਰੰਥ ਦੇ ਪੰਥ ’ਤੇ ਚਲਣਾ, ਇਸ ਮਾਰਗ ਗੁਰਮਤਿ ਸਿਧਾਂਤ ਨੂੰ ਆਪਣਾਉਣਾ ਅਤੇ ਸਮੁੱਚੀ ਕੌਮ ਨੂੰ ਇਕ ਗ੍ਰੰਥ ਦੇ ਮਾਰਗ ਨੂੰ ਅਪਣਾੳਣ ਲਈ ਪ੍ਰੇਰਣਾ ਕਰਨਾ ਹੈ। ਵੱਖਰੀਆਂ ਭਾਵਨਾਵਾਂ ਦੀ ਭੇਟ ਚੜ੍ਹਨ ਤੋਂ ਕੌਮ ਨੂੰ ਬਚਾਉਣਾ ਅਤੇ ਇਕ ਗ੍ਰੰਥ ਦੇ ਹੀ ਪੰਥ ਵਿੱਚੋਂ ਕੌਮ ਦਾ ਭਵਿੱਖ ਦੇਖਣਾ ਹੈ।

 

ਆਪ ਜੀ ਨੇ ਲਿਖਿਆ ਹੈ, “ਸਚਾਰੂ ਢੰਗ ਨਾਲ ਇਸ ਦੀ ਕੀਮਤ ਦੀ ਭਾਲ ਕੀਤੀ ਜਾਵੇ?”

ਵੀਰ ਜੀ ਇਹ ਗੁਰਮਤਿ ਸਿਧਾਂਤ ਅਮੁਲ ਹੈ, ਇਸ ਵਾਸਤੇ ਇਸਦੇ ਮੁਲ-ਕੀਮਤ ਦੀ ਭਾਲ ਨਹੀਂ ਕਰਨੀ ਚਾਹੀਦੀ। ਇਸ ਕਰਕੇ ਇਸ ਨੂੰ ਅਮੁਲ ਹੀ ਰਹਿਣ ਦੇਣ ਵਿੱਚ ਸਿਖਾਂ ਦੀ ਖੁਸ਼ਕਿਸਮਤੀ ਹੈ। ਇਸ ਦੇ ਅਮੁਲ ਹੋਣ ਨਾਲ ਹੀ ਸਿਖ ਦੀ ਹੋਂਦ ਹੈ। ਜਿਨ੍ਹਾਂ ਨੇ ਕੀਮਤ ਭਾਲਣ ਦਾ ਯਤਨ ਕੀਤਾ, ਉਹ ਬਿਪਰਵਾਦ ਦੀ ਅਮਰਵੇਲ ਦਾ ਜਾਲ ਆਪ ਸਿੱਖ ਫੁਲਵਾੜੀ ਦੇ ਉੱਪਰ ਸੁੱਟ ਕੇ, ਇਸ ਫੁਲਵਾੜੀ ਦੀ ਹੋਂਦ ਨੂੰ ਖਤਮ ਕਰਨ ਲਈ ਤੁਲੇ ਹੋਏ ਹਨ। ਸੋ ਇਸ ਵਾਸਤੇ ਭਾਵਨਾਵਾਂ ਖੁਦ-ਬਖੁਦ ਇਕ ਅਮਰਵੇਲ ਦੀ ਤਰ੍ਹਾਂ ਹੁੰਦੀਆ ਹਨ, ਸੋ ਇਸ ਵਾਸਤੇ ਭਾਵਨਾਂਵਾਂ ਦੀ ਅਮਰਵੇਲ ਥੱਲੇ ਕਿਤਨਾਂ ਕੁ ਚਿਰ ਜਿੰਦਾ ਰਿਹਾ ਜਾ ਸਕਦਾ ਹੈ? ਨਹੀਂ ਤਾਂ ਇਕ ਨਾ ਇਕ ਦਿਨ ਜ਼ਰੂਰ ਦਮ ਘੁੱਟਿਆ ਜਾ ਸਕਦਾ ਹੈ। ਕਿਉਂਕਿ ਆਪ ਨੇ ਕੀਮਤ ਭਾਲ ਦੁਆਰਾ ਭਾਵਨਾਵਾ ਦੇ ਜਿੰਦਾ ਰਹਿ ਸਕਣ ਦੀ ਗੱਲ ਵੀ ਕਹੀ ਹੈ। ਇਹ ਤਾਂ ਬਦਲਦੀਆਂ ਰਹਿੰਦੀਆਂ ਹਨ। ਇਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਅੱਠ, ਮੁਕਦੀ ਗੱਲ ਇਨ੍ਹਾਂ ਦਾ ਅੰਤ ਨਹੀਂ ਹੁੰਦਾ। ਇਕ ਗੁਰਮਤਿ ਗਾਡੀ ਰਾਹ ਦੀ ਭਾਵਨਾ ਤਹਿਤ ਹੀ ਇਸ ਸਿਧਾਂਤ ਦੀ ਸਦੀਵਤਾ ਹੈ ਅਤੇ ਜਿੰਦਾਂ ਰਹਿ ਸਕਣ ਦੀ ਆਸ ਹੈ।

 

ਇਕ ਗੱਲ ਹੋਰ ਆਪ ਜੀ ਨੇ ਕਹੀ ਹੈ ਕਿ “ਸਿੱਖ ਮਰਿਯਾਦਾ ਬਾਰੇ ਵੀਚਾਰ ਕਰਨ ਵੇਲੇ ਰਹਿਤ ਮਰਿਯਾਦਾ ਅਤੇ ਸਿੱਖ ਦਰਸ਼ਨ (philosophy) ਸਬੰਧ ਅਤੇ ਅੰਤਰ ਨੂੰ ਜ਼ਹਿਨ ਵਿੱਚ ਰੱਖਣਾ ਜ਼ਰੂਰੀ ਹੈ। ਰਹਿਤ ਮਰਿਯਾਦਾ ਦਾ ਅਧਾਰ ਦਰਸ਼ਨ ਹੋਣਾ ਚਾਹੀਦਾ ਹੈ”।

ਤੁਹਾਡੇ ਕਹੇ ਮੁਤਾਬਕ ਜੇਕਰ ਜ਼ਹਿਨ ਵਿੱਚ ਅੰਤਰ ਹੈ ਤਾਂ ਅੰਤਰ ਨਾਲ ਸਬੰਧ ਕਿਵੇਂ ਅਤੇ ਅਧਾਰ ਦਰਸ਼ਨ ਕਿਵੇਂ? ਸਿੱਖ ਦਾ ਸੰਬੰਧ ਤਾਂ “ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥”(ਪੰਨਾ 93) ਹੈ। ਜ਼ਹਿਨ ਵਿੱਚ ਅੰਤਰ ਰੱਖ ਕੇ ਸਬੰਧ ਬਣਾਉਣ ਦੀ ਗਲ ਗੁਰਮਤਿ ਦੀ ਕਸਵੱਟੀ ’ਤੇ ਨਹੀਂ ਪੂਰੀ ਉੱਤਰਦੀ। ਜ਼ਹਿਨ ਵਿੱਚ ਅੰਤਰ ਰੱਖ ਕੇ ਸਬੰਧ ਬਣਾਉਣ ਕਾਰਨ ਹੀ ਚਵਰ ਤਖਤ ਦੇ ਮਾਲਕ ਦੇ ਬਰਾਬਰ ਅੱਜ ਇੱਕ ਹੋਰ ਤਖਤ ਹੈ। ਆਪ ਰਹਿਤ ਮਰਿਯਾਦਾ ਦੇ ਨਾਮ ਉੱਪਰ ਦੋਹਾਂ ਦਰਮਿਆਨ ਮੁੰਮਕਿਨ ਹੱਦ ਤੱਕ ਤਾਲਮੇਲ ਸਥਾਪਤ ਕੀਤਾ ਜਾ ਸਕੇ ਦੀ ਗੱਲ ਕਰ ਰਹੇ ਹੋ। ਆਪ ਇਹ ਗੱਲ ਵੀ ਕਰਦੇ ਹੋ, ਕਿ ਰਹਿਤ ਮਰਿਯਾਦਾ ਕਦੇ ਵੀ ਆਪ ਸਿੱਖ ਦਰਸ਼ਨ ਨਹੀਂ ਬਣ ਸਕਦੀ। ਦੋਹਾਂ ਵਿੱਚ ਅੰਤਰ ਰਹਿੰਦਾ ਹੈ। ਇਸ ਦਾ ਮਤਲਬ ਤੁਸੀਂ ਆਪ ਹੀ ਇਸ ਗੱਲ ਦੀ ਪ੍ਰੋੜਤਾ ਵੀ ਕਰਦੇ ਹੋ, ਰਹਿਤ ਮਰਿਯਾਦਾ ਸਿੱਖ ਦਰਸ਼ਨ ਨਹੀਂ ਬਣ ਸਕਦੀ। ਦੋਹਾਂ ਵਿੱਚ ਅੰਤਰ ਰਹਿੰਦਾ ਹੈ। ਇਹੀ ਜਾਗਰੂਕ ਧਿਰਾ ਲਈ ਅੱਜ ਚਿੰਤਾ ਦਾ ਵਿਸ਼ਾ ਹੈ ਕਿ ਇਹ ਮਾਰਗ ਦਰਸ਼ਨ ਨਹੀਂ ਬਣ ਸਕਦੀ।

 

ਆਪ ਜੀ ਨੇ ਇਹ ਵੀ ਲਿਖਿਆ ਹੈ ਕਿ “ਰਹਿਤ ਮੁਰਯਾਦਾ ਦੀਆਂ ਕਈ ਮਧਾਂ ਸਿਧਾਂਤਕ ਰੂਪ ਵਿੱਚ ਦਰਸ਼ਨ ਦਾ ਅੰਗ ਬਣ ਹੀ ਨਹੀਂ ਸਕਦੀਆਂ, ਇਸ ਲਈ ਉਨ੍ਹਾਂ ਮਧਾਂ ਦਾ ਸੰਬੰਧ ਕੇਵਲ ਚਰਿਆ ਤੱਕ ਹੀ ਮਹਿਦੂਦ ਰਹਿੰਦਾ ਹੈ”।

ਵੀਰ ਜੀ ਚਰਿਆ ਤੱਕ ਹੀ ਮਹਿਦੂਦ ਨਹੀਂ ਰਿਹਾ ਸੱਭ ਹੱਦਾ ਬੰਨੇ ਟੱਪ ਕੇ ਬਰਾਬਰ ਚਵਰ ਤਖਤ ਦੇ ਥੱਲੇ ਆਸਣ ਲੱਗ ਚੁੱਕਾ ਹੈ। ਵੀਰ ਜੀ ਆਪ ਰੱਦ ਵੀ ਕਰਦੇ ਹੋ ਅਤੇ ਪ੍ਰੋੜਤਾ ਵੀ, ਐਸੀ ਸਿਖਿਆ ਗੁਰਮਤਿ ਤਾਂ ਨਹੀਂ ਦੇਂਦੀ।

 

ਵੀਰ ਜੀ ਆਪ ਨੇ ਇਹ ਵੀ ਲਿਖਿਆ ਹੈ ਕਿ “ਮਸਲਨ ਗੁਰਦਵਾਰੇ ਵਿੱਚ ਵਰਤਣ ਵਾਲਾ ਕੜਾਹ ਪ੍ਰਸ਼ਾਦ ਕਦੇ ਵੀ ਉਹ ਸਿਧਾਂਤਕ ਪ੍ਰਸ਼ਾਦ ਨਹੀਂ ਬਣ ਸਕਦਾ, ਜਿਸ ਦੀ ਗੱਲ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਕੀਤੀ ਹੈ ਜਾਂ ਜਿਸ ਦੀ ਗੱਲ ਕਈ ਥਾਂ ਗੁਰਬਾਣੀ ਵਿੱਚ ਹੋਈ ਹੈ”।

ਇਹੀ ਜਾਗਰਤ ਧਿਰਾਂ ਦੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਮੂਲ ਮੰਤ੍ਰ ਦੇ ਪ੍ਰਸਾਦਿ ਵਾਲੀ ਗੱਲ, ਜੋ ਮੂਲ ਮੰਤ੍ਰ ਦੇ ਰਚੇਤਾ ਨੇ ਕੀਤੀ ਹੈ। ਉਸ ਪ੍ਰਸਾਦਿ ਦੀ ਜਗ੍ਹਾਂ ਕੜਾਹ ਪ੍ਰਸ਼ਾਦ ਨੇ ਲੈ ਲਈ ਹੈ। ਜ਼ਰਾਂ ਭਾਵਨਾਵਾਂ ਤੋਂ ਉੱਪਰ ਉੱਠ ਕੇ ਮੂਲ ਮੰਤਰ ਦੇ ਪ੍ਰਸਾਦਿ ਦੀ ਭਾਵਨਾ ਨਾਲ ਤੱਕੋ ਅਤੇ ਦੇਖੋ, ਕੀ ਅਜੋਕਾ ਸਿੱਖ ਮੂਲ ਮੰਤਰ ਦਾ ਪ੍ਰਸਾਦਿ ਲੈ ਰਿਹਾ ਹੈ? ਮੂਲ ਮੰਤ੍ਰ ਦਾ ਪ੍ਰਸਾਦਿ ਤਾਂ ਇਕ ਚਵਰ ਤਖਤ ਦੇ ਮਾਲਕ ਤੋਂ ਮਿਲਦਾ ਹੈ। ਇੱਥੇ ਅੱਜ ਦੋ ’ਤੇ ਚਵਰ ਤਖਤ ਹੋ ਰਿਹਾ ਹੈ, ਰਹਿਤ ਮਰਿਯਾਦਾ ਦੇ ਨਾਮ ਉੱਪਰ। ਕੀ ਤੁਸੀਂ ਇਸ ਗੱਲ ਪ੍ਰਵਾਨਗੀ ਦਿੰਦੇ ਹੋ?

 

ਅੱਗੇ ਆਪ ਜੀ ਲਿਖਦੇ ਹੋ “ਸਿਧਾਂਤਕ ਰੂਪ ਵਿੱਚ ਗੁਰੂ ਦਾ ਸਤਿਕਾਰ ਕਰਨਾ, ਗੁਰੂ ਦੇ ਅੱਗੇ ਆਪਣੀ ਮੱਤ ਨੂੰ ਟੇਕਣਾ ਹੈ ਨਾ ਕਿ ਸਰੀਰਕ ਕ੍ਰਿਆ ਰਾਹੀਂ ਮੱਥਾ ਟੇਕਣਾ। ਕੀ ਹੁਣ ਸ਼ਬਦ ਗੁਰੂ ਅੱਗੇ ਮੱਥਾ ਟੇਕਣਾ ਗੈਰ ਸਿਧਾਂਤਕ ਕਿਹਾ ਜਾਵੇਗਾ? ਨਿਰਸੰਦੇਹ ਨਹੀ! ਕਿਉਂਕਿ ਸਰੀਰਕ ਰੂਪ ਵਿੱਚ ਮੱਥਾ ਟੇਕਣਾ ਰਹਿਤ ਦਾ ਹਿਸਾ ਹੈ। ਜਿਸ ਨੂੰ ਸਿਧਾਂਤਕ ਕਸਵੱਟੀ ਦੇ ਨਾਲ ਰਲਗਡ ਕਰਕੇ ਰੱਦ ਕਰਕੇ ਬੰਦ ਨਹੀਂ ਕੀਤਾ ਸਕਦਾ”।

ਵੀਰ ਜੀ, ਇੱਥੇ ਤੁਸੀਂ ਆਪ ਹੀ ਸੋਚੋ ਕਿ ਇਹ ਤੁਹਾਡਾ ਆਪਣਾ ਹੀ ਤਰਕ ਹੈ, ਜਿਸ ਨੂੰ ਤੁਸੀਂ ਸਿਧਾਂਤਕ ਕਸਵੱਟੀ ਦੇ ਤਰਕ ਨਾਲ, ਆਪ ਹੀ ਗੁਰੂ ਦਾ ਸਤਿਕਾਰ ਗੁਰੂ ਅੱਗੇ ਆਪਣੀ ਮੱਤ ਨੂੰ ਟੇਕਣਾ ਹੈ, ਕਿਹਾ ਹੈ ਨਾ ਕਿ ਸਰੀਰਕ ਕ੍ਰਿਆ ਰਾਹੀਂ ਮੱਥਾ ਟੇਕਣਾ। ਮੁੱਢਲੀ ਆਪਣੀ ਲਿਖੀ ਪੰਗਤੀ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਇਸ ਨੂੰ ਸਿਧਾਂਤਕ ਕਸਵੱਟੀ ਨਾਲ ਰੱਦ ਨਹੀਂ ਕੀਤਾ ਜਾ ਸਕਦਾ। ਇੱਥੋਂ ਇਹ ਗੱਲ ਸਿੱਧ ਹੁੰਦਾ ਹੈ ਕਿ ਤੁਹਾਡੇ ਅੰਦਰ ਗੁਰਮਤਿ ਦਾ ਤੱਤ ਮੌਜੂਦ ਹੈ ਪਰ ਜਦੋਂ ਤੁਹਾਡੇ ਅੰਦਰਲਾ ਤੱਤ ਆਪ ਮੁਹਾਰੇ ਉਭਰ ਕੇ ਸਾਹਮਣੇ ਆਉਣ ਲੱਗਦਾ ਹੈ ਤਾਂ ਫਿਰ ਭਾਵਨਾਵਾਂ ਦੀ ਅਮਰਵੇਲ ਉਸ ਨੂੰ ਆਪਣੇ ਥੱਲੇ ਜਕੜ ਕੇ ਫਿਰ ਤੋਂ ਲਕੋ ਲੈਂਦੀ ਹੈ। ਇਸ ਕਰਕੇ ਵੀਰ ਜੀ ਤੱਤ ਗੁਰਮਤਿ ਦੀ ਨਿਰੋਲ ਭਾਵਨਾ ਨੂੰ ਅਪਣਾਉ। ਗੁਰੂ ਦਾ ਵਾਸਤਾ ਹੈ, ਭਾਵਨਾਵਾਂ ਦੀ ਅਮਰਵੇਲ ਦੇ ਜਾਲ ਨੂੰ ਖਿਦੇੜ ਦਿਉ, ਇਹ ਤੱਤ ਗੁਰਮਤਿ ਤੁਹਾਡੇ ਤੋਂ ਆਸ ਰੱਖਦਾ ਹੈ। ਇਕ ਹੋਰ ਗੱਲ ਆਪ ਨੇ ਕਹੀ ਹੈ, ‘ਗੁਰੂ ਨੂੰ ਮੱਥਾ ਟੇਕਣਾ ਰਹਿਤ ਦਾ ਹਿੱਸਾ ਹੈ’ ਇਹ ਵੀਰ ਜੀ ਸੱਚ-ਮੁਚ ਹੀ 1708 ਦੇ ਗੁਰਆਈ ਸਮੇਂ ਦਰਸਾਈ ਗਈ, ਕੇਵਲ ਇਕ ਅੱਗੇ ਝੁਕਣ ਵਾਲੀ ਰਹਿਤ ਦਾ ਹਿੱਸਾ ਹੈ। ਪਰ ਤੁਹਾਡੀਆ ਭਾਵਨਾਵਾਂ ਰਹਿਤ ਮਰਿਯਾਦਾ ਦੇ ਨਾਮ ਉੱਪਰ ਦੋਹਾਂ ਦੇ ਅੱਗੇ ਝੁੱਕਣ ਲਈ ਮਜਬੂਰ ਕਰਦੀਆਂ ਨਜ਼ਰ ਆ ਰਹੀਆਂ ਹਨ।

 

ਇਸ ਤੋਂ ਅੱਗੇ ਆਪ ਜੀ ਲਿਖਦੇ ਹੋ, “ਇਸ ਲਈ ਰਹਿਤ ਮਰਿਯਾਦਾ ਦੇ ਹਰ ਨੁਕਤੇ ’ਤੇ ਗੈਰ-ਵਾਜਬ “ਸਿਧਾਂਤਕ ਕਸਰਤ” ਦਾ ਸਿੱਟਾ ਭਰਮ, ਰਲਗੱਡ ਅਤੇ ਘੜਮੱਸ ਤੋਂ ਜ਼ਿਆਦਾ ਕੁਝ ਵੀ ਨਹੀਂ ਨਿਕਲਦਾ”।

ਵੀਰ ਜੀਓ, ਸਿਧਾਂਤਕ ਕਸਰਤ ਦਾ ਮਤਲਬ ਹੁੰਦਾ ਹੈ, ਕਿਸੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ, ਅਭਿਆਸ ਕਰਨਾ, ਭਾਵ ਪਰੈਕਟਿਸ ਕਰਨਾ। ਤੁਸੀਂ ਸਿਧਾਂਤ ਦੇ ਅਭਿਆਸ ਦਾ ਸਿੱਟਾ ਭਰਮ, ਰਲ ਗੱਡ, ਅਤੇ ਘੜਮੱਸ ਤੋਂ ਸਿਵਾਏ ਕੁਝ ਵੀ ਨਹੀਂ ਨਿਕਲਦਾ ਦਰਸਾ ਰਹੇ ਹੋ। ਇਹ ਤੁਹਾਡੀ ਕਹੀ ਹੋਈ ਗੱਲ ਤੁਹਾਡੀਆ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ, ਗੁਰਮਤਿ ਦੀ ਭਾਵਨਾ ਦੀ ਨਹੀਂ।

 

ਅੱਗੇ ਆਪ ਜੀ ਲਿਖਦੇ ਹੋ “ਦਰਸ਼ਨ’ ਅਤੇ ‘ਰਹਿਤ ਮਰਿਯਾਦਾ’ ਦੇ ਸਬੰਧ ਅਤੇ ਅੰਤਰ ਦੋਹਾਂ ਨੂੰ ਵਿਚਾਰ ਕੇ ਤੁਰਨ ਦੀ ਲੋੜ ਹੈ। ਇਹ ਦੋਵੇ ਗੱਲਾਂ ਜੂੜੀਆਂ ਹਨ ਪਰ ਇਹ ਕਦੇ ਇੱਕ ਨਹੀਂ ਹੁੰਦੀਆਂ। ਇਹ ਡੂੰਘੀ ਗੱਲ ਹੈ”।

 

ਵੀਰ ਜੀ ਇੱਥੇ ਤੁਹਾਡੇ ਅੰਦਰਲੇ ਦੇ ਤੱਤ ਨੇ ਇਕ ਵੇਰ ਫੇਰ ਫੁੱਟਣ ਦਾ ਯਤਨ ਕੀਤਾ ਹੈ। ਕਿ ਦਰਸ਼ਨ ਅਤੇ ਰਹਿਤ ਮਰਿਯਾਦਾ ਦੇ ਸਬੰਧ ਅਤੇ ਅੰਤਰ ਦੋਹਾਂ ਨੂੰ ਵੀਚਾਰ ਕੇ ਤੁਰਨ ਦੀ ਲੋੜ ਹੈ, ਦੀ ਗੱਲ ਕੀਤੀ ਹੈ। ਇਹ ਦੋਵੇਂ ਗੱਲਾਂ ਜੂੜੀਆਂ ਹਨ ਅਤੇ ਵਾਕਿਆ ਹੀ ਇਹ ਦੋਵੇਂ ਗੱਲਾਂ ਜੂੜੀਆਂ ਹਨ। ਭਾਵ, ਤੁਹਾਡੇ ਆਪਣੇ ਹੀ ਮੁਤਾਬਕ ਜ਼ਬਰਦਸਤੀ ਇਨ੍ਹਾਂ ਨੂੰ ਜੂੜਿਆ, ਭਾਵ ਆਪਸ ਵਿੱਚ ਸਬੰਧ ਨਾ ਹੋਣ ਦੇ ਬਾਵਜੂਦ ਵੀ ਬੰਨਿਆ ਗਿਆ ਹੈ। ਇਹ ਹੀ ਦਰਦ ਜਾਗਰੂਕ ਧਿਰਾਂ ਦਾ ਹੈ। ਆਪ ਹੀ ਲਿਖਦੇ ਹੋ, ‘ਪਰ ਕਦੇ ਇਕ ਨਹੀ ਹੁੰਦੀਆਂ’। ਸੁਰਤ ਨੂੰ ਸ਼ਬਦ ਨਾਲ ਜੋੜੋ।

 

ਅੱਗੇ ਆਪ ਜੀ ਲਿਖਦੇ ਹੋ, “ਕੁਝ ਸਿਧਾਂਤਕ ਧਿਰਾਂ ਅਕਸਰ ਇਕ ਜੂਮਲੇ ਦਾ ਪ੍ਰਯੋਗ ਕਰਦੇ ਹਨ: “ਸਿਖ ਦੇ ਭੇਸ ਵਿੱਚ ਬ੍ਰਾਹਮਣ” ਐਸਾ ਕਹਿਣ ਵੇਲੇ ਸਿਧਾਂਤ ਕਸਵਟੀ ਨੂੰ ਅਧਾਰ ਬਣਾਇਆ ਜਾਂਦਾ ਹੈ। ਹੁਣ ਦਿੱਲੀ ਦੰਗਿਆ ਵਿੱਚ ਲਗਭਗ ਪੰਜਾਂਹ ਹਜਾਰ ਸਿਖਾਂ ਦੇ ਮਾਰੇ ਜਾਣ ਦੀ ਗਲ ਕੀਤੀ ਜਾਂਦੀ ਹੈ। ਜੋ ਕਿ ਵੇਸ-ਭੂਸ਼ਾ ਦੀ ਰਹਿਤ ਕਾਰਨ ਨਿਸ਼ਾਨਾ ਬਣੇ ਸੀ, ਕੀ ਕੋਈ ਜਾਗਰੂਕ ਧਿਰ ਸਿਧਾਂਤਕ ਕਸਵੱਟੀ ਲਾ ਕੇ ਕਹਿਣ ਲਈ ਤਿਆਰ ਹੈ ਕਿ ਉਨ੍ਹਾਂ 50 ਹਜਾਰ ਬੰਦਿਆ ਵਿੱਚ ਮਰਣ ਵਾਲੇ 99% ਬੰਦੇ ਸਿੱਖ ਨਹੀਂ ਬਲਕਿ ਬ੍ਰਾਹਮਣ ਸਨ?”

ਵੀਰ ਜੀ ਤੁਹਾਡੀ ਹਰ ਗੱਲ ਤੋਂ ਇਹ ਸਾਬਤ ਹੁੰਦਾ ਹੈ, ਤੁਹਾਡੇ ਵਲੋਂ ਕੌਮ ਨੂੰ ਇਹ ਪ੍ਰੇਰਣਾ ਹੈ ਕਿ ਸਿਧਾਂਤ ਦਾ ਤਾਂ ਭੋਗ ਹੀ ਪਾ ਦਿਉ। ਇਹੀ ਸੋਚ ਬਿਪਰਵਾਦੀ ਧਿਰਾਂ ਦੀ ਹੈ, ਤੁਹਾਡੀ ਨਹੀਂ ਹੋਣੀ ਚਾਹੀਦੀ। ਸੱਚ ਇਹ ਹੈ ਕਿ ਇਸ ਬਿਪਰਵਾਦੀ ਸੋਚ ਦੀ ਘੁੰਮਣਘੇਰੀ ਵਿੱਚੋਂ ਇਕੋ-ਇਕ ਗੁਰਮਤਿ ਸਿਧਾਂਤ ਦੀ ਕਸਵੱਟੀ ਦੀ ਪਰਖ ਨਾਲ ਹੀ ਨਿਕਲਿਆ ਜਾ ਸਕਦਾ ਹੈ।

 

ਆਪ ਨੇ ਲਿਖਿਆ ਹੈ ਕਿ “ਜਿਹੜੀ ਸਿਧਾਂਤਕ ਧਿਰ ਇਹ ਕਸਵੱਟੀ ਵਰਤਦੀ ਹੈ”।

ਇੱਥੇ ਇਹ ਤੁਹਾਡੀ ਲਿਖਤ ਤੁਹਾਡੇ ਆਪਣੇ ਲਈ ਹੀ ਸਵਾਲ ਖੜਾ ਕਰਦੀ ਹੈ ਕਿ ਆਪ ਕਿਹੜੀ ਧਿਰ ਨੂੰ ਪ੍ਰਣਾਇ ਹੋਏ ਹੋ? ਸਿਧਾਂਤਕ ਨੂੰ ਜਾਂ ਗੈਰ ਸਿਧਾਂਤਕ ਨੂੰ? ਮੁਆਫ ਕਰਨਾ ਇਹ ਸਾਡਾ ਸਵਾਲ ਨਹੀਂ ਹੈ ਤੁਹਾਡੇ ਲਈ, ਤੁਹਾਡੀ ਆਪਣੀ ਕਲਮ ਦਾ ਹੀ ਸਵਾਲ ਹੈ, ਤੁਹਾਡੇ ਆਪਣੇ ਲਈ।

ਬਾਕੀ ਰਹਿ ਗਈ ਗੱਲ ਦਿੱਲੀ ਦੇ ਕਤਲੇਆਮ ਦੀ, ਉੱਥੇ ਇਨਸਾਨੀ ਕਦਰਾ ਕੀਮਤਾਂ ਦਾ ਇਕ ਨਸਲ ਦੇ ਅਧਾਰ ’ਤੇ ਘਾਣ ਹੋਇਆ ਹੈ, ਜਿਸ ਦੀ ਸਮੁੱਚੀ ਜਿੰਦਾ ਦਿੱਲ ਲੋਕਾਈ ਨਿਖੇਦੀ ਕਰਦੀ ਹੈ। ਬਾਕੀ ਕੌਣ ਸਿੱਖ ਹੈ? ਕੌਣ ਨਹੀ? ਇਸਦਾ ਫੈਸਲਾ ਗੁਰੂ ਗ੍ਰੰਥ ਸਹਿਬ ਦੀ ਸਿਧਾਂਤਕ ਪੱਖ ਦੀ ਕਸਵੱਟੀ ਉੱਪਰ ਲਾ ਕੇ, ਹਰੇਕ ਸਿੱਖ ਨੇ ਆਪ ਕਰਨਾ ਹੈ ਕਿ ਮੈਂ ਸਿੱਖ ਹਾਂ ਜਾਂ ਨਹੀਂ। ਨਾ ਹੀ ਕਿਸੇ ਸਿਧਾਂਤਕ ਧਿਰ ਵਲੋਂ ਅੱਜ ਤੱਕ ਕੋਈ ਪੈਮਾਨਾ ਲੈ ਕੇ, ਇਸ ਦੁਖਾਂਤ ਦੇ ਜਖਮ ਉਚੇੜੇ ਹਨ, ਨਾ ਹੀ ਕੋਈ ਜਿੰਦਾ ਦਿਲ ਅਜਿਹਾ ਕਰ ਹੀ ਸਕਦਾ ਹੈ। ਮੁਆਫ ਕਰਨਾ ਇਹ ਸਵਾਲ ਇੱਥੇ ਇਸ ਸੰਧਰਭ ਵਿੱਚ ਉਠਾਉਣਾ ਠੀਕ ਹੀ ਨਹੀਂ ਲਗਦਾ।

 

ਆਪ ਜੀ ਇਸ ਪਹਿਰੇ ਦੀ ਦੀ ਅਖੀਰਲੀ ਪੰਗਤੀ ਵਿੱਚ ਕਹਿੰਦੇ ਹੋ, “ਇੱਥੇ ਹੀ ਜਾਗਰਿਕ ਧਿਰਾ ਨੂੰ ਰਹਿਤ ਮਰਿਯਾਦਾ ਅਤੇ ਸਿਧਾਂਤਕ ਨੁਕਤਿਆਂ ਵਿੱਚਲੇ ਸਬੰਧ ਅਤੇ ਅੰਤਰ ਨੂੰ ਸਮਝਣਾ ਪਵੇਗਾ”।

ਵੀਰ ਜੀ ਅੰਤਰ-ਵਖਰੇਵੇਂ ਨਾਲ ਗੁਰਮਤਿ ਸਿਧਾਂਤ ਦਾ ਕਦੇ ਵੀ ਸਬੰਧ ਨਹੀਂ ਬਣ ਸਕਦਾ। ਵੀਰ ਜੀ ਆਪਣੇ ਆਪ ਹੀ ਜ਼ਰਾਂ ਸੋਚਣਾ ਕਿ ਕੀ ਇਹ ਤੁੱਕ ਬਣਦੀ ਹੈ, ਜੋ ਆਪ ਨੇ ਨੁਕਤੇ ਉਠਾਏ ਹਨ? ਹਾਂ ਇਕ ਨੁਕਤਾ ਤੁਹਾਡੀ ਸੋਚ ਅਨੁਸਾਰ ਜ਼ਰੂਰ ਬਣਦਾ ਹੈ, ਉਹ ਹੈ, 50 ਹਜ਼ਾਰ ਤਾਂ ਬਿਪਰਵਾਦੀ ਤਾਂਡਵ ਸੋਚ ਦੀ ਭੇਟ ਚੜ੍ਹ ਗਏ। ਜਿਹੜੀ ਰਹਿੰਦੀ ਜੋ ਸਮੁੱਚੀ ਕੋਮ ਹੈ, ਉਸ ਦੀ ਮਾਨਸਿਕਤਾ ਅਤੇ ਸਮੁੱਚਾ ਸਿਧਾਂਤ ਵੀ ਬਿਪਰਵਾਦੀ ਸੋਚ ਦੀ ਭੇਟ, ਰਹਿਤ ਮਰਿਯਾਦਾ ਦੇ ਨਾ ਉੱਪਰ ਚੜ੍ਹਾਂ ਦਿਉ। ਇਹ ਤੁਹਾਡੀ ਲਿਖਤ ਵਿੱਚੋਂ ਸਾਫ ਝਲਕ ਰਿਹਾ ਹੈ। ਤੁਸੀਂ ਆਪ ਹੀ ਸੋਚਣਾ ਕਿ ਕੀ ਇਹ ਇਕ ਤੁਹਾਡੇ ਵਰਗੇ ਜਿੰਮੇਵਾਰ ਸੁਹਿਰਦ ਇਨਸਾਨ ਲਈ ਜਾਇਜ ਹੈ? ਮੁਆਫ ਕਰਨਾ ਇਹ ਤੁਸੀ ਸਿਧਾਂਤਵਾਦੀ ਸਿਖੀ ਦੀ ਗੱਲ ਨਹੀਂ ਕਰ ਰਹੇ।

ਬਾਕੀ ਜਾਗਰੂਕ ਧਿਰਾਂ ਨੇ ਇਹ ਅੰਤਰ ਸਮਝ ਲਿਆ ਹੈ। ਕਿਉਂਕਿ ਇਸ ਅੰਤਰ ਨੇ ਕੌਮ ਦੀਆ ਜੜ੍ਹਾਂ ਖੌਖਲੀਆ ਕਰ ਦਿੱਤੀਆ ਹਨ, ਤਾਂ ਹੀ ਉਹ ਇਸ ਤੋਂ ਤੋਬਾ ਕਰ ਰਹੇ ਹਨ।

 

ਅੱਗੇ ਆਪ ਜੀ ਲਿਖਦੇ ਹੋ ਕਿ “ਸਿਧਾਂਤਕ ਕਸਵੱਟੀ ਉਸ ਫੀਤੇ ਵਾਂਗ ਨਹੀਂ ਹੁੰਦੀ, ਜਿਸ ਦਾ ਇਸਤੇਮਾਲ ਦਰਜੀ ਕੇਵਲ ਕੱਪੜੇ ਦੀ ਚੀਰ-ਫਾੜ ਲਈ ਕਰਦਾ ਹੈ”।

ਫਲਸਫੇ ਦੀ ਕੱਸਵੱਟੀ ਲੋਕਾਂ ਦੇ ਜੀਵਨ, ਮਨੋਭਾਵਨਾ ਚੋਤਰਫਾ ਪਖਾਂ ਲਈ ਵਰਤਣਾ ਹੁੰਦਾ ਹੈ। ਜਾਨੀ ਛੋਟੀ ਤੋਂ ਛੋਟੀ ਮਾਨਸਿਕ ਪੱਧਰ ਤੋਂ ਉੱਚੀ-ਉੱਚੀ ਮਾਨਸਿਕ ਪੱਧਰ ਤੱਕ। ਹੁਣ ਦੂਜੇ ਨੁਕਤੇ ਵਲ ਤੁਰੀਏ।

ਨੁਕਤਾ ਤਾਂ ਵੀਰ ਜੀ ਕੋਈ ਇਹ ਵੀ ਦਲੀਲ ਭਰਪੂਰ ਨਹੀਂ। ਆਪ ਜੀ ਲਿਖਿਆ “ਸਿਧਾਂਤਕ ਕਸਵੱਟੀ ਉਸ ਫੀਤੇ ਵਾਂਗ ਨਹੀਂ ਹੁੰਦੀ, ਜਿਸ ਦਾ ਇਸਤੇਮਾਲ ਦਰਜੀ ਕਰਦਾ ਹੈ”।

ਅਗਰ ਦਰਜੀ ਫੀਤੇ ਦੀ ਵਰਤੋਂ ਨਾ ਕਰੇ ਤਾਂ ਦਰਜੀ ਥਾਨਾਂ ਦੇ ਥਾਨ ਕੱਪੜੇ ਬਰਬਾਦ ਕਰ ਦੇਵੇਗਾ। ਇਸੇ ਤਰ੍ਹਾਂ ਵੀਰ ਜੀ ਜੇਕਰ ਸਿੱਖ ਨੇ ਗੁਰਮਤਿ ਸਿਧਾਂਤਕ ਫਲਸਫੇ ਦਾ ਫੀਤਾਂ ਨਾ ਵਰਤਿਆ ਤਾਂ ਸਮੁੱਚੀ ਕੌਮ ਬਰਬਾਦ ਹੋ ਜਾਵੇਗੀ। ਇਹ ਆਪਣੀ ਦਲੀਲ ਸਿਧਾਂਤਕ ਕਸਵੱਟੀ ’ਤੇ ਆਪ ਪਰਖਿਆ ਦੀ ਕ੍ਰਿਪਾ ਕਰਨਾ ਜੀ, ਵੀਰ ਜੀ ਸ਼ਾਇਦ, ਆਪ ਜੀ ਹੀ ਕੌਮ ਨੂੰ ਸਹੀ ਰਸਤੇ ’ਤੇ ਤੌਰਨ ਲਈ ਤੁਹਾਡੇ ਅੰਦਰਲਾ ਤੱਤ ਤੁਹਾਨੂੰ ਮਜਬੂਰ ਕਰ ਦੇਵੇ, ਤੇ ਤੁਸੀਂ ਆਪ ਹੀ ਕੌਮ ਨੂੰ ਬਿਪਰਵਾਦੀ ਮੂੰਹ ਅੱਡੀ ਖੜੇ ਅਜਗਰ ਦੇ ਨਿਗਲਣ ਤੋਂ ਬਚਾਉਣ ਲਈ ਯਤਨਸ਼ੀਲ ਹੋ ਕੇ ਮੈਦਾਨ ਵਿੱਚ ਨਿਤਰੋ ਸਕੋ।

 

ਅੱਗੇ ਆਪ ਜੀ ਲਿਖਦੇ ਹੋ, “ਇਹ ਰਹਿਤ ਮਰਿਯਾਦਾ ਸਨ 1900 ਦੇ ਅਰੰਭਕ ਦਹਾਕਿਆਂ ਦੇ ਸਿੱਖ ਪੀੜੀ ਦੇ ਕੌਮੀ ਸੰਘਰਸ ਦਾ ਇਕ ਅਹਿਮ ਹਿੱਸਾ ਸੀ। ਕਮੀ ਪੇਸ਼ੀ ਵੱਖਰੀ ਗੱਲ ਹੈ ਪਰ ਕੀ ਕੋਈ ਇਸ ਸੰਘਰਸ ਦੀ ਅਹਿਮੀਅਤ ਤੋਂ ਅਸਹਿਮਤ ਹੋ ਸਕਦਾ ਹੈ?” ਆਪ ਜੀ ਹੀ ਅੱਗੇ ਕਹਿ ਰਹੇ ਹੋ, ‘ਨਿਰਸੰਦੇਹ ਨਹੀ!’

ਵੀਰ ਜੀ ਜ਼ਰਾਂ ਹੋਰ ਸੋਚੋ, ਇਸ ਸੰਘਰਸ ਦੇ ਨਾਲੋਂ ਜਿਹੜਾ ਸੰਘਰਸ ਲਗਭਗ 239 ਸਾਲ ਦੇ ਸਫਰ ਦਾ, ਤੱਤੀ ਤਵੀ ’ਤੇ ਬੈਠਣ ਦਾ, ਸਾਕਾ ਚਾਦਨੀਂ ਚੌਂਕ ਸੀਸ ਕਟਾਵਾਉਣ ਦਾ, ਜੀਂਦੇ ਜੀਅ ਰੂੰ ਵਿੱਚ ਬੰਨ ਕੇ ਸਾੜ ਕੇ ਸ਼ਹੀਦ ਹੋਣ ਦਾ, ਜੀਂਦੇ ਜੀਅ ਦੇਗ ਵਿੱਚ ਉਭਲਣ ਦਾ, ਆਰੇ ਨਾਲ ਆਪਣੇ ਤਨ ਦੋਫਾੜ ਕਰਵਾ ਲੈਣ ਦਾ, ਜਿਗਰ ਦੇ ਟੋਟੇ ਨੀਹਾਂ ਵਿੱਚ ਚਿਣਵਾ ਲੈਣ ਦਾ, ਗੜੀ ਚਮਕੌਰ ਦਾ। ਕਿਹੜੇ ਸੰਘਰਸ ਨਾਲ ਸਹਿਮਤ ਹੋਈਏ? ਕਿਸ ਨੂੰ ਅਹਿਮੀਅਤ ਦਈਏ?

 

ਅੱਗੇ ਆਪ ਜੀ ਤੀਸਰਾ ਨੁਕਤਾ ਦੱਸਦੇ ਹੋ, “ਸਿਖ ਰਹਿਤ ਮਰਿਯਾਦਾ ਦੇ ਵੀਚਾਰ ਤੋਂ ਪਹਿਲਾ ਉੱਪਰ ਦਿੱਤੇ ਹੋਏ ਪਹਿਲੇ ਨੁਕਤੇ ਦੀ ਰੋਸ਼ਨੀ ਇਸ ਦੇ ਸਮੁਚੇ ਸੰਧਰਭ ਨੂੰ ਵੀਚਾਰਨ ਦੀ ਲੋੜ ਹੈ, ਜਿਸ ਨੂੰ ਵਿਚਾਰੇ ਬਿਨਾਂ ਕੋਈ ਵੀ ਸਿਧਾਂਤਕ ਗੱਲ ਵਾਜਿਬ ਢੰਗ ਨਾਲ ਨਾ ਤਾਂ ਵੀਚਾਰੀ ਜਾ ਸਕਦੀ ਹੈ ਅਤੇ ਨਾ ਹੀ ਪੇਸ਼ ਕੀਤੀ ਜਾ ਸਕਦੀ ਹੈ। ਸਿੱਖ ਰਹਿਤ ਮਰਿਯਾਦਾ ਦੀਆਂ ਮਧਾਂ ਬਾਰੇ ਟਿੱਪਣੀ ਕਰਨ ਵੇਲੇ ‘ਰਹਿਤ ਮਰਿਯਾਦਾ’ ਦੀ ਧਾਰਣਾ (ਕਨਸੈਪਟ ਆਫ ਸਿੱਖ ਕੋਡ ਆਫ ਕੰਡਕਟ) ਦੇ ਸਿਧਾਂਤ ਨੂੰ ਸਮਝਣਾ ਬੜਾ ਜ਼ਰੂਰੀ ਹੈ”।

ਵੀਰ ਜੀਓ, ਰੋਸ਼ਨੀ ਤਾਂ ਤੁਹਾਡੇ ਦਿੱਤੇ ਕਿਸੇ ਨੁਕਤੇ ਤੋਂ ਹੋਈ ਹੀ ਨਹੀਂ ਵੀਚਾਰੀਏ ਕੀ? ਤੁਸੀਂ ਤਾਂ ਕਹਿੰਦੇ ਹੋ, ‘ਸਿਧਾਂਤਕ ਗੱਲ ਨਾ ਤਾਂ ਵੀਚਾਰੀ ਜਾ ਸਕਦੀ ਹੈ ਨਾ ਹੀ ਪੇਸ਼ ਕੀਤੀ ਜਾ ਸਕਦੀ ਹੈ’, ਤੁਹਾਡੀ ਦਰਸਾਈ ਹੋਈ ਰੋਸ਼ਨੀ ਤੋਂ ਬਿਨਾਂ। ਜੇਕਰ ਰਹਿਤ ਮਰਿਯਾਦਾ ਨੂੰ ਵੀਚਾਰਨ ਵੇਲੇ ਗੁਰਮਤਿ ਸਿਧਾਂਤ ਕੋਡ ਆਫ ਕੰਡਕਟ ਛੱਡ ਦਈਏ ਤਾਂ ਫਿਰ ਤੁਹਾਡੀ ਸਲਾਹ ਮੁਤਾਬਕ ਫਿਰ ਤਾਂ ਆਸਣ ਬਰਾਬਰ ਹੀ ਲੱਗੇਗਾ ਅਤੇ ਲੱਗਾ ਹੈ। ਇਹ ਤਾਂ ਫਿਰ ਪੱਕੀ ਮੋਹਰ ਲੱਗ ਗਈ ਸਮਝੋ।

 

ਅੱਗੇ ਆਪ ਲਿਖਦੇ ਹੋ, “ਜਿਸ ਦੇ ਅੰਦਰ ਦੂਜਾ ਪੱਖ ਅਰਥਾਤ, ਸਿੱਖ ਜੀਵਨ ਆਚਰਣ ਦਾ ਵਿਸ਼ਾ ਲਿਖਿਆ ਗਿਆ ਹੈ। ਇਸ ਦਾਇਰੇ ਦਾ ਮਕਸਦ ਉਸ ਭਾਈਚਾਰੇ ਦੇ ਧਾਰਮਿਕ ਵਿਵਹਾਰ ਨੂੰ ਤਮਾਮ ਅਸਹਿਮਤੀਆ ਦੇ ਬਾਵਜੂਦ ਮੋਟੇ ਤੌਰ ’ਤੇ ਇਕ ਇਕੱਠ ਦੇ ਰੂਪ ਵਿੱਚ ਬੰਨਣਾ ਹੈ”।

ਵੀਰ ਜੀ! ਕੀ ਸਿੱਖ ਆਚਰਣ ਗੁਰੂ ਗ੍ਰੰਥ ਸਹਿਬ ਵਿੱਚ ਨਹੀਂ ਲਿਖਿਆ ਹੈ। “ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ” (ਪੰਨਾ 674) ਕੀ ਇਸ ਉੱਪਰ ਯਕੀਨ ਨਹੀਂ। ਕੀ ਗੁਰੂ ਗ੍ਰੰਥ ਸਹਿਬ ਦੀ ਮਰਿਯਾਦਾ ਇਕ ਥਾਂ ’ਤੇ ਮਾਨਵਤਾ ਨੂੰ ਪਤਲੇ ਤੌਰ ’ਤੇ ਬੰਨਦੀ ਹੈ। ਕੀ “ਸਭੇ ਸਾਝੀਵਾਲ ਸਦਾਇਨਿ” ਦੇ ਸਿਧਾਂਤ ਥੱਲੇ ਇਕ ਮੁੱਠ ਨਹੀਂ ਹੋਇਆ ਜਾ ਸਕਦਾ? ਵੀਰ ਜੀ ਜਿਹੜੀ ਰਹਿਤ ਵਿੱਚ ਤੁਸੀਂ ਗੱਲ ਕਰ ਰਹੇ ਹੋ, ਉਹ ਕਿਸੇ ਵੀ ਕੀਮਤ ’ਤੇ ਫਿੱਟ ਨਹੀਂ ਬੈਠਦੀ। ਇਸ ਹਿਸਾਬ ਨਾਲ ਤਾਂ ਦੋ ਖਸਮ ਕਰ ਲਉ, ਫਿੱਟ ਲਾਹਨਤ ਸਹਾਰਦੇ ਰਹੋ ਅਤੇ ਆਉਣ ਵਾਲੀਆ ਨਸਲਾਂ ਦਾ ਕਿਰਦਾਰ ਵੀ ਫਿੱਟ ਲਾਹਨਤਾ ਸਹਾਰਨ ਵਾਲਾ ਬਣਾ ਦਿਉ। ਉਹ ਵੀ ਕਿਤੇ ਨੱਕ ਦੇਣ ਜੋਗੇ ਨਾ ਰਹਿ ਸਕਣ।

 

 

ਅਸਹਿਮਤੀਆ ਦੇ ਬਾਵਜੂਦ ਵੀ ਮੋਟੇ ਤੌਰ ’ਤੇ ਇਕੱਠ, ਫਿਰ ਵੀਰ ਜੀ ਤਖਤ ਚਵਰ ਤੋਂ ਚਕਾਉਣ ਦੀ ਕੀ ਲੋੜ ਹੈ? ਉੱਥੇ ਰੋਲਾ ਕਿਉ? ਫਿਰ ਤਾਂ ਤੁਹਾਡੇ ਸੁਝਾਅ ਮੁਤਾਬਕ ਅਸਹਿਮਤੀਆ ਹੋਣ ਦੇ ਬਾਵਜੂਦ ਵੀ ਚਵਰ ਝੁਲਦਾ ਰਹੇ, ਤਾਂ ਕੀ ਨੁਕਸਾਨ ਹੈ?

 

ਆਪ ਜੀ ਅੱਗੇ ਹੋਰ ਲਿਖਦੇ ਹੋ, “ਹਰ ਦੋਰ ਵਿੱਚ ਸਿਧਾਂਤਕ ਪੱਖ ਦੇ ਨਾਲ ਤਾਕਤਵਰ ਗੈਰ ਸਿਧਾਂਤਕ ਵੀ ਮੌਜੂਦ ਰਹਿੰਦਾ ਹੈ। ਜਿਸ ਦੇ ਬੇਤਰਤੀਬੇ ਹੋਣ ਦੀ ਸੂਰਤ ਵਿੱਚ ਸਿੱਟੇ ਅਤਿਗੰਭੀਰ ਹੋ ਸਕਦੇ ਹਨ। ਤਰਤੀਬ ਵਿੱਚ ਰਹਿਣਾ ਮਜ਼ਬੂਤੀ ਬੇਤਰਤੀਬ ਹੋ ਜਾਣਾ ਤਾਂ ਤਾਕਤ ਅਤੇ ਤਰਕ ਨੂੰ ਗੁਆ ਦੇਣਾ ਹੈ। ਫਿਰ ਬੇਤਰਤੀਬੇ ਤੁਰਨ ਵਾਲੇ ਕਿਸੇ ਹੋਰ ਬੇਤਰਤੀਬੇ ਵਲੋਂ ਤਰਤੀਬ ਦੀ ਆਸ ਕਿਵੇਂ ਅਤੇ ਕਿਸ ਹੱਕ ਨਾਲ ਕਰ ਸਕਦੇ ਹਨ?”

ਵੀਰ ਜੀ, ਸੋਚੋ ਜ਼ਰਾ ਆਪ ਜੀ ਨੇ ਕੀ ਲਿਖਿਆ ਹੈ? ਤਾਕਤਵਾਰ ਸਿਧਾਂਤ ਦੇ ਨਾਲ ਤਾਕਤਵਰ ਗੈਰ-ਸਿਧਾਂਤਕ ਵੀ ਮੌਜੂਦ ਰਹਿੰਦਾ ਹੈ। ਜਿਸ ਦੇ ਬੇਤਰਤੀਬੇ ਹੋਣ ਦੀ ਸੂਰਤ ਵਿੱਚ ਸਿੱਟੇ ਅਤਿਗੰਭੀਰ ਹੋ ਸਕਦੇ ਹਨ। ਤਾਕਤਵਰ ਗੈਰ ਸਿਧਾਂਤਕ ਤਾਂ ਪਹਿਲਾ ਹੀ ਬੇਤਰਤੀਬਾ ਹੈ, ਬੇਤਰਤੀਬੇ ਸਿਧਾਂਤ ਦੇ ਅਤਿ ਗੰਭੀਰ ਸਿੱਟੇ ਹੀ ਤਾਂ ਭੁਗਤ ਰਹੇ ਹਾਂ। ਬੇਤਰਤੀਬ ਹੋ ਜਾਣ ਕਾਰਨ ਹੀ ਤਾਕਤ ਤਾਂ ਪਹਿਲਾਂ ਹੀ ਗੁਆ ਚੁੱਕੇ ਹਾਂ, ਪਰ ਤਰਕ ਗੁਆ ਦੇਣ ਅਤੇ ਬੇਤਰਤੀਬੇ ਸਿਧਾਂਤ ਨੂੰ ਅਪਣਾਉਣ ਲਈ ਤੁਸੀ ਪ੍ਰੇਰਣਾ ਕਰ ਰਹੇ ਹੋ। ਬਾਕੀ ਤਰਤੀਬ ਵਿੱਚ, ਭਾਵ ਗੁਰਮਤਿ ਗਿਆਨ ਦੀ ਰੋਸ਼ਨੀ ਵਿੱਚ ਇੱਕ ਹੀ ਚਵਰ ਤਖਤ ਦੇ ਮਾਲਕ ਅੱਗੇ ਝੁੱਕ ਕੇ ਹੀ ਰਿਹਾ ਜਾ ਸਕਦਾ ਹੈ। ਜਦੋਂ ਆਚਰਣਹੀਣਤਾ ਨੂੰ ਆਚਰਣ ਦੇ ਨਾਮ ’ਤੇ ਅਪਨਾ ਲਿਆ, ਤਾਂ ਉਚ-ਆਚਰਣ ਦੀ ਗੱਲ ਕਿਸ ਹੱਕ ਨਾਲ ਕਰਾਂਗੇ?

 

ਆਪ ਜੀ ਘਾਤਕ ਅਤੇ ਅਤਿਗੰਭੀਰ ਸ਼ਬਦ ਬਾਰ-ਬਾਰ ਵਰਤਦੇ ਹੋ। ਉੱਚ-ਆਚਰਣ ਦੇ ਬਰਾਬਰ ਅਤਿ ਨੀਵੇਂ ਦਰਜੇ ਦੀ ਆਚਰਣ-ਹੀਣਤਾ ਦਾ ਚਵਰ ਤਖਤ ਲੱਗਣਾ, ਇਸ ਤੋਂ ਹੋਰ ਕਿਹੜਾ ਅਤਿਗੰਭੀਰ ਸਿੱਟਾ ਹੈ? ਜੋ ਨਿਕਲਣਾ ਬਾਕੀ ਹੈ। ਇਸ ਤੋਂ ਹੋਰ ਵੀ ਸਿੱਖ ਕੌਮ ਲਈ ਨੀਵੇਂ ਜਾਣ ਲਈ ਕੋਈ ਥਾਂ ਹੈ?

 

ਅੱਗੇ ਆਪ ਜੀ “ਭਾਰਤ ਦੇ ਸਵਿਧਾਂਨ ਵਿੱਚ ਲਗਭੱਗ 100 ਤਰਮੀਮਾ ਹੋਈਆ ਹਨ” ਦੀ ਉਦਾਰਣ ਦਿੰਦੇ ਹੋ। ਪਰ ਉਹ ਕੇਵਲ ਸਵਿਧਾਂਨ ਦੇ ਦਾਇਰੇ ਵਿੱਚ ਰਹਿੰਦੇ ਬਾ-ਤਰਤੀਬ ਕੀਤੀਆਂ ਗਈਆ ਹਨ। ਇਸ ਮੰਨੂੰਵਾਦੀ ਬੇ-ਤਰਤੀਬ ਸਿਧਾਂਤ ਵਿੱਚਲੀ ਬੇਤਰਤੀਬਿਆਂ ਦੇ ਸਿਧਾਂਤ ਵਿੱਚੋ ਬਾ-ਤਰਤੀਬ ਅਤੇ ਸਿਧਾਂਤ ਕਿਵੇਂ ਨਜ਼ਰ ਆ ਗਿਆ? ਸਿੱਖ ਦਾ ਸਿਧਾਂਤ ਚਵਰ ਤਖਤ ਦਾ ਮਾਲਕ ਹੈ, ਜਿਸ ਵਿੱਚ ਕੋਈ ਤਰਮੀਮ ਹੋ ਹੀ ਨਹੀਂ ਸਕਦੀ। ਨਾ ਹੀ ਕਿਸੇ ਨੂੰ ਕੋਈ ਹੱਕ ਹੀ ਹੈ।

 

ਇਸ ਤੋਂ ਪਹਿਲਾ ਜੋ ਸਵਾਲ ਤੁਸੀਂ ਜਾਗਰੂਕ ਧਿਰਾਂ ਦੇ ਨਾਮ ਉੱਪਰ ਉਠਾਇਆ ਸੀ, ਕਿ “ਸਿਧਾਂਤਕ ਕਸਵੱਟੀ ’ਤੇ ਪਰਖ ਕਰਨ ’ਤੇ ਕਿੰਨੇ ਸਿੱਖ ਸੀ ਤੇ ਕਿੰਨੇ ਬ੍ਰਹਾਮਣ ਸਨ, ਜੋ ਬਿਪਰਵਾਦੀ ਤਾਂਡਵ ਸੋਚ ਦੀ ਦਿਨ ਦਿਹਾੜੇ ਭੇਟ ਚੜੇ ਸਨ?”

ਵੀਰ ਜੀ ਇਹ ਸਵਾਲ ਤਾਂ ਉਸ ਮੰਨੂੰਵਾਦੀ ਸਿਧਾਂਤ ਜਿਸ ਨੂੰ ਤੁਸੀਂ ਸਵਿਧਾਂਨ ਦੇ ਦਾਇਰੇ ਅੰਦਰ ਰਹਿ ਕੇ ਬਾ-ਤਰਮੀਮਾ ਹੋਈਆ ਹਨ ਅਤੇ ਬਾ-ਤਰਤੀਬ ਦਰਸਾਇਆ ਹੈ। ਇਹ ਸਵਾਲ ਤਾਂ ਤੁਹਾਨੂੰ ਮੰਨੂੰ ਸਿਧਾਂਤਵਾਦੀਆ ਨੂੰ ਪੁੱਛਣਾ ਚਾਹੀਦਾ ਸੀ ਕਿ ਜੋ 50 ਹਜ਼ਾਰ ਬੇਦੋਸ਼ੀ ਮਨੁੱਖਤਾ ਦਾ ਘਾਣ ਕਿਹੜੀ ਬਾ-ਤਰਮੀਮ ਕੀਤੀ ਸਵਿਧਾਂਨਕ ਸੋਧ ਦੇ ਹੇਠ ਕੀਤਾ ਹੈ? ਇਹ ਸਵਾਲ ਤੁਸੀਂ ਉਨ੍ਹਾਂ ਨੂੰ ਤਰਕ ਦੀ ਕਸਵੱਟੀ ਲਾਉਣ ਲਈ ਕਰਦੇ ਕਿ ਕੀ ਤੁਹਾਡੇ ਮੰਨੂੰਵਾਦੀ ਸਿਧਾਂਤ ਦੇ ਤਰਕ ਦੇ ਅਨੁਸਾਰ ਕਿੰਨੇ ਸਿੱਖ ਸਨ ਜਾਂ ਕਿੰਨੇ ਗੈਰ ਸਿਖ?  ਕਿੰਨੇ ਇਨਸਾਨ ਜਾਂ ਕਿੰਨੇ ਇਨਸਾਨ ਨਹੀਂ ਸਨ ਅਤੇ ਉਨ੍ਹਾਂ ਦਾ ਕੀ ਕਸੂਰ ਸੀ?

ਇੱਥੋ ਇਹ ਸਿਧ ਹੁੰਦਾ ਹੈ ਕਿ ਜਿਹੜੀ ਅਪਰੋਚ ਨਾਲ ਤੁਸੀਂ ਮੰਨੂੰਵਾਦੀ ਸੋਚ ਨੂੰ ਸਿਧਾਂਤਕ ਅਤੇ ਬਾ-ਤਰਮੀਮ ਦਰਸਾਉਣ ਦਾ ਯਤਨ ਕੀਤਾ ਹੈ। ਉਹੀ ਅਪਰੋਚ ਤੁਸੀਂ ਰਹਿਤ ਮਰਿਯਾਦਾ ’ਤੇ ਅਪਣਾ ਰਹੇ ਹੋ। ਵੀਰ ਜੀ ਤੁਸੀਂ ਆਪ ਵੀ ਸੂਝਵਾਨ ਹੋ, ਸਾਡੇ ਵਲੋਂ ਤੁਹਾਨੂੰ ਗੁਰਮਤਿ ਗਿਆਨ ਦੀ ਅਪਰੋਚ ਨਾਲ ਆਪਣੀ ਲਿਖਤ ਦੀ ਆਪ ਹੀ ਪੜਚੋਲ ਕਰਨ ਦੀ ਬੇਨਤੀ ਹੈ।

 

ਅੱਗੇ ਆਪ ਜੀ ਦੀ ਲਿਖਤ ਵਿੱਚੋ ਇਹ ਗੱਲ ਝਲਕਦੀ ਹੈ ਕਿ ਪਹਿਲਾ ਹਿਮਾਯਤ ਫਿਰ ਤਰਮੀਮ ਕਰਨੀ ਚਾਹੀਦੀ ਹੈ। ਜੇਕਰ ਹਿਮਾਯਤ ਪਹਿਲਾਂ ਕਰ ਦਿੱਤੀ ਤਾਂ ਫਿਰ ਤਰਮੀਮ ਦੀ ਤਾਂ ਕੋਈ ਗੁਜਾਂਇਸ ਹੀ ਬਾਕੀ ਨਹੀਂ ਰਹਿ ਜਾਂਦੀ। ਇਹ ਤਾਂ ਇਸ ਤਰ੍ਹਾਂ ਦਾ ਸੁਝਾਅ ਹੈ ਕਿ ਅੱਜ ਮੰਨ ਜਾਉ ਕੱਲ ਨੂੰ ਮੁਕਰ ਜਾਉ।

 

ਅੱਗੇ ਆਪ ਜੀ ਲਿਖਦੇ ਹੋ, “ਬੇਤਰਤੀਬੀ ਤਰਜ਼ ’ਤੇ ਕੋਈ ਵੀ ਕਾਬਜ਼ ਧਿਰ ਮੌਜੂਦਾ ਰਹਿਤ ਮਰਿਯਾਦਾ ਨੂੰ ਇਕੋ ਝਟਕੇ ਵਿੱਚ ਬਦਤਰ ਹਾਲਤ ਵਿੱਚ ਲੈ ਜਾ ਸਕਦੀ ਹੈ”।

ਵੀਰ ਜੀ ਮੌਜੂਦਾ ਹਾਲਾਤਾਂ ਨੂੰ ਵਿਚਾਰ ਕੇ ਵੇਖ ਲਉ। ਸ਼੍ਰੋਮਣੀ ਕਮੇਟੀ ਦੀਆਂ ਇਨ੍ਹਾਂ ਹੋਣ ਜਾ ਰਹੀਆਂ ਚੌਣਾ ਵਿੱਚ ਨਾਨਕਸ਼ਾਹੀ ਕੈਲੰਡਰ ਬਿਪਰਵਾਦੀ ਸੋਚ ਦੀ ਭੇਟ ਚੜ੍ਹਾ ਦਿੱਤਾ ਗਿਆ, ਨਾਲ ਹੀ ਇਹ ਰਹਿਤ ਮਰਿਯਾਦਾ ਜਿਸ ਦੀ ਪ੍ਰੋੜਤਾ ਤੁਸੀਂ ਕਰਦੇ ਹੋ ਚੜ੍ਹ ਜਾਣੀ ਸੀ, ਹੋ ਸਕਦਾ ਇਹ ਅਗਲੀਆਂ ਚੋਣਾ ਦੀ ਭੇਟ ਚੜ੍ਹ ਜਾਵੇ। ਸੋਚੋ ਜੇਕਰ ਇਹ ਰਹਿਤ ਵੀ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੀ ਭੇਟ ਚੜ੍ਹਾਂ ਦਿੱਤੀ ਜਾਂਦੀ ਤਾਂ ਫਿਰ ਆਪ ਜੀ ਦਾ ਕੀ ਸਟੈਡ ਹੁੰਦਾ? ਜਿਹੜਾਂ ਤੁਸੀਂ ਲਿਖਿਆ ‘ਸ਼੍ਰੋਮਣੀ ਕਮੇਟੀ ਨੂੰ ਵੀ ਕੋਈ ਹੱਕ ਨਹੀਂ’, ਇਹ ਗੱਲ ਹਜ਼ਮ ਨਹੀਂ ਹੁੰਦੀ। ਸਾਰੇ ਹੱਕ ਬਿਪਰਵਾਦੀ ਫੌਜ ਦੇ ਕੋਲ ਹਨ, ਉਨ੍ਹਾਂ ਦੀ ਸੋਚ ਮੁਤਾਬਕ ਰਾਖਵੇਂ ਹਨ, ਜੋ ਤੁਹਾਡੇ ਸਾਹਮਣੇ ਪ੍ਰਤੱਖ ਸਬੂਤ ਹਨ। ਜਦੋਂ ਮਰਜੀ ਨਾਨਕਸ਼ਾਹੀ ਕੈਲੰਡਰ ਵਾਂਗੂ ਕਰਵਾ ਲੈਣ, ਤੁਹਾਨੂੰ ਜਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਨਾਨਕਸ਼ਾਹੀ ਕੈਲੰਡਰ ਬਾਰੇ ਕੀ ਕੋਈ ਅਪੀਲ ਦਲੀਲ ਹੈ, ਕਿਸੇ ਅੱਗੇ? ਇਸ ਕਰਕੇ ਅਪੀਲ ਦਲੀਲ ਦਾ ਇਕੋ ਇੱਕ ਹੀ ਥਾਂ ਹੈ, ਕੌਮ ਨੂੰ ਇਕ ਚਵਰ ਤਖਤ ਦੇ ਮਾਲਕ ਦੀ ਛਤਰ ਛਾਇਆ ਹੇਠ ਇਕੱਠਿਆਂ ਕਰਨਾ ਅਤੇ ਗੁਰਮਤਿ ਸਿਧਾਂਤ ਨੂੰ ਅਪਣਾਉਣ ਦੀ ਅਪੀਲ ਕਰਨਾ। ਤਾਂ ਜੋ ਕਿ ਬਿਪਰਵਾਦੀ ਸੋਚ ਦੀ ਅਮਰਵੇਲ ਦਾ ਜਾਲ ਕੌਮ ਦੇ ਸਿਰ ਤੋਂ ਲਾਹ ਸਕੀਏ।

 

ਅਖੀਰ ਵਿੱਚ ਆਪ ਜੀ ਦਾ ਜੋ ਨਿਰਣਾ ਹੈ, ਉਸ ਉੱਪਰ ਵੀ ਝਾਤ ਮਾਰ ਲਈਏ।

ਇਹ ਹੈ ਤੁਹਾਡਾ ਨਿਰਣਾ – “ਵੱਖੋ-ਵੱਖ ਸਿਧਾਂਤਕ ਸਮਝ ਦੇ ਮਹੌਲ ਵਿੱਚ ਕੇਵਲ ਉਹ ਜੁਗਤ (ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ) ਹੀ ਬਚਦੀ ਹੈ, ਜਿਹੜੀ ਕਿ ਸਿੱਖ ਰਹਿਤ ਮਰਿਯਾਦਾ ਦੀ ਨਿਰਦੋਸ਼ ਧਾਰਨਾ ਨੂੰ ਬਚਾ ਸਕਦੀ ਹੈ। ਇਸ ਵੇਲੇ ਉਸ ਜੁਗਤ ਤੇ ਪਹਿਰਾ ਦੇਣ ਦੀ ਸਖਤ ਲੋੜ ਹੈ। ਤਾਂ ਕਿ ਕਾਬਜ਼ ਧਿਰ ਕਿਧਰੇ ਸਾਡੀਆ ਹੀ ਬਚਕਾਨਾ ਹਰਕਤਾ ਨੂੰ ਨਿਸ਼ਾਨਾ ਬਣਾ ਕੇ ਰਹਿਤ ਮਰਿਯਾਦਾ ਵਿੱਚ ਬਦਤਰ ਬਦਲਾਅ ਨਾ ਕਰ ਦੇਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਜੂਦਾ ਸਿੱਖ ਰਹਿਤ ਮਰਿਯਾਦਾ ਅਤੇ ਉਸ ਦੀ ਮੂਲ ਧਾਰਨਾ ਕਿਸੇ ਮਜੂਦਾ ਧਿਰ ਦੀ ਕਾਰਵਾਈ ਨਹੀਂ ਬਲਕਿ ਇਹ ਸਾਡੇ ਵਿਰਸੇ ਦਾ ਉਪਰਾਲਾ ਸੀ। ਜਿਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਤੇ ਨਾਲੋ-ਨਾਲ ਇਸ ਦੀ ਮੂਲ ਧਾਰਨਾ ਅਤੇ ਉਸ ਦੀ ਲੋੜ ਦੇ ਵਿਚਾਰ ਦੀ ਸੰਭਾਲ ਦੀ ਬੇਹੱਦ ਜ਼ਰੂਰਤ ਹੈ”।

 

ਵੀਰ ਜੀ ਇਹ ਤਾਂ ਤੁਸੀ ਆਪ ਹੀ ਸਪਸ਼ਟ ਕਰ ਦਿੱਤਾ ਹੈ ਕਿ ਵੱਖੋ-ਵੱਖ ਸਿਧਾਂਤਕ ਸਮਝ ਦੇ ਮਹੌਲ ਵਿੱਚ ਕੇਵਲ ਉਹ ਜੁਗਤ (ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ) ਹੀ ਬਚਦੀ ਹੈ। ਜਿਹੜੀ ਵੱਖਰੀਆ-ਵੱਖਰੀਆ ਧਾਰਨਾਵਾਂ ਦੇ ਮਹੌਲ ਅੰਦਰ ਸਿਰਜੀ ਗਈ ਹੈ। ਫਿਰ ਇਹ ਗੁਰਮਤਿ ਦੇ ਸਿਧਾਂਤ ਦੀ ਇਕੋ ਇਕ ਵੀਚਾਰਧਾਰਾ ਦੇ ਸਿਧਾਂਤ ’ਤੇ ਕਿਵੇਂ ਪੂਰੀ ਉੱਤਰ ਸਕਦੀ ਹੈ? ਇਸ ਕਰਕੇ ਵੱਖੋ ਵੱਖਰੇ ਸਿਧਾਂਤਾਂ ਦਾ ਖਿਆਲ ਹੈ। ਬਾਕੀ ਕਾਬਜ਼ ਧਿਰ ਵਾਲੀ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ। ਬਚਕਾਨਾ ਹਰਕਤਾ ਨੂੰ ਅੰਜਾਮ ਨਾ ਦਿਉ। ਵੀਰ ਜੀ ਗੁਰਮਤਿ ਦਾ ਫਲਸਫਾ ਵਡੇਰਿਆਂ ਦਾ ਸਿਰਜਿਆ ਹੈ, ਬਚਕਾਨਾ ਨਹੀਂ। ਉਸ ਦੀ ਕਸਵੱਟੀ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ।

 

ਆਪ ਜੀ ਅੱਗੇ ਲਿਖਦੇ ਹੋ, “ਸਾਨੂੰ ਯਾਦ ਰੱਖਣਾ ਚਾਹੀਦਾ ਹੈ, ਮੌਜੂਦਾ ਸਿੱਖ ਰਹਿਤ ਮਰਿਯਾਦਾ ਅਤੇ ਉਸ ਦੀ ਮੂਲ ਧਾਰਨਾ ਕਿਸੇ ਮੌਜੂਦਾ ਧਿਰ ਦੀ ਕਾਰਵਾਈ ਨਹੀਂ”।

ਵੀਰ ਜੀ ਕਿਹੜੀ ਮੌਜੂਦਾ ਧਿਰ ਵਲੋਂ ਇਸ ਨੂੰ ਆਪਣੀ ਕਾਰਵਾਈ ਗਰਦਾਨਿਆ ਹੈ, ਜਿਸ ਨੂੰ ਆਪ ਸਪਸ਼ਟ ਕਰਨਾ ਚਾਹੁੰਦੇ ਹੋ। ਅੱਗੇ ‘ਸਾਡਾ ਵਿਰਸਾ’ ਆਖਦੇ ਹੋ - ਸਾਡਾ ਵਿਰਸਾ ਤਾਂ ਵੀਰ ਜੀ ਗੁਰਮਤਿ ਦਾ ਤੱਤ ਸਿਧਾਂਤ ਹੈ, ਤੱਤ ਗੁਰਮਤਿ ਸਿਧਾਂਤ ਨੂੰ ਮੁੱਖ ਰੱਖ ਕੇ ਗੁਰਮਤਿ ਦੀ ਸਹੀ ਸੂਝ ਨੂੰ ਸਮੁੱਚੀ ਮਾਨਵਤਾ ਤੱਕ ਲੈ ਜਾਣ ਦਾ ਵਿਰਸਾ ਹੈ। ਜਿਸ ਤੱਤ ਗੁਰਮਤਿ ਦੇ ਸਿਧਾਂਤ ਦੇ ਸਿਰਜਕ ਨੂੰ “ਜਲਤੀ ਸਭ ਪ੍ਰਿਥਵੀ ਦਿਸ ਆਈ” ਸੀ। ਉਸ ਜਲਦੀ ਹੋਈ ਪ੍ਰਿਥਵੀ ਨੂੰ ਠੰਡਿਆ ਕਰਨ ਲਈ ਆਪ ਤੱਤੀ ਤਵੀ ’ਤੇ ਬੈਠ ਕੇ ਬਦਨ ਸੜਦੇ ਹੋਣ ਦੇ ਬਾਵਜੂਦ ਵੀ ਗੁਰਮਤਿ ਗਿਆਨ ਦੇ ਸੀਤਲ ਜਲ ਨਾਲ ਠੰਡਾ ਕਰਨ ਵਾਲੀ ਰਹਿਤ ਗੁਰਮਤਿ ਸਿਧਾਂਤ ਹੀ ਸਾਡਾ ਅਸਲ ਵਿਰਸਾ ਹੈ। ਜਿਸ ਲਈ ਤੱਤਪਰ ਅਤੇ ਵਚਨਬੱਧ ਰਹਿਣ ਲਈ ਗੁਰੂ ਦੇ ਅਸ਼ੀਰਵਾਦ ਦੀ ਲੋਚਾ ਉਸ ਦੇ ਭੈ ਅੰਦਰ ਰਹਿ ਕੇ ਅਭਿਲਾਖੀ ਬਣਨ ਲਈ ਸਿੱਖ ਦੇ ਮਨ ਵਿੱਚ ਹਮੇਸ਼ਾਂ-ਹਮੇਸ਼ਾਂ ਲਈ ਹੋਣੀ ਚਾਹੀਦੀ ਹੈ।

ਆਪ ਜੀ ਦੇ ਵਲੋਂ ਗੁਰਮਤਿ ਦੀ ਰੋਸ਼ਨੀ ਦੇ ਹਾਂ-ਪੱਖੀ ਹੁੰਗਾਰੇ ਦੀ ਆਸ ਵਿੱਚ।

 

ਸਤਿਕਾਰ ਅਤੇ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top