Share on Facebook

Main News Page

ਲੱਕ ਟੁੱਟ ਗਿਆ ਤੇਰੀ ਸਿੱਖੀ ਦਾ

ਅੱਜ ਸਵੇਰੇ ਸਾਜਰੇ ਹੀ ਉਸ ਵੇਲੇ ਜਾਗ ਆ ਗਈ ਜਦੋਂ ਦਿਮਾਗ ਯਮਲੇ ਜੱਟ ਦੇ ਗਾਣੇ ਜੋ 1964-65 ਵਿੱਚ ਵੱਜਦੇ ਸੁਣੀਦੇ ਸਨ ਸਤਿਗੁਰ ਨਾਨਕ ਆ ਜਾ, ਮਦਨ ਲਾਲ ਮੱਦੀ ਕੋਟਕਪੂਰਾ ਅਤੇ ਅੱਜ ਸੁਖਚੈਨ ਸਿੰਘ ਬਰਾੜ ਦੇ ਗਾਣੇ ਤੂੰ ਮੁੜ ਕੇ ਆ ਬਾਬਾ ਬਾਰੇ ਆਪਣੇ ਹਵਾਈ ਸਫਰ ਵਿੱਚ ਰੁਝਿਆ ਹੋਇਆ ਸੀ। ਫਿਰ ਗੁਰਦਵਾਰਿਆਂ ਵਿੱਚ ਕੀਰਤਨੀਆਂ ਸਿੰਘਾਂ ਵਲੋਂ ਪਾਈ ਜਾਂਦੀ ਹਾਲ-ਦੁਹਾਈ ਦਾ ਖਿਆਲ ਆਇਆ ਕਿ ਇਹ ਲੋਕ ਵੀ ਪੁਰਾਣੇ ਸਮਿਆਂ ਦੇ ਗਾਣਿਆਂ ਵਾਂਗਰ ਰੌਲਾ ਤਾਂ ਬਹੁਤ ਪਾਉਂਦੇ ਹਨ ਪਰ ਜੇ ਕਦੇ ਸੱਚੀਂ-ਮੁਚੀਂ ਬਾਬਾ ਆ ਹੀ ਗਿਆ ਤਾਂ ਜਿਨ੍ਹਾਂ ਲੋਕਾਂ ਦਾ ਅੱਜ ਗੁਰਦਵਾਰਿਆਂ ਤੇ ਕਬਜਾ ਹੈ ਉਹ ਬਾਬੇ ਨਾਲ ਕਿਵੇਂ ਨਿਬੜਨਗੇ?

ਕਿਉਂਕਿ ਇਹ ਲੋਕ ਆਪਣਾ ਪੂੰਜੀ ਨਿਵੇਸ਼ ਇਕੱਠਾ ਕਰਦੇ ਹੀ ਕਿਸੇ ਆਨੇ-ਬਹਾਨੇ ਹਨ ਜਿਵੇਂ: ਅਖੰਡਪਾਠ, ਸੰਪਟਪਾਠ, ਸੁਪਰ-ਸੰਪਟਪਾਠ ਤੇ ਦੂਹਰਾ ਸੰਪਟਪਾਠ ਅਤੇ ਇਨ੍ਹਾਂ ਪਾਠਾਂ ਦੇ ਫਲ਼ਾਂ ਦੇ ਟੋਕਰੇ ਤੁਹਾਨੂੰ ਅਗਲੇ ਜਨਮ ਵਿੱਚ ਪ੍ਰਾਪੱਤ ਹੋਣਗੇ (ਨਾ ਹੀ ਕੋਈ ਮਰਨ ਤੋਂ ਬਾਅਦ ਆ ਸਕਦਾ ਹੈ ਤੇ ਨਾ ਹੀ ਇਤਰਾਜ਼ ਕੀਤਾ ਜਾ ਸਕਦਾ ਹੈ ਇਸ ਕਰਕੇ ਬ੍ਰਹਮਣ ਰੂਪੀ ਭਾਈ ਜੀ ਅੱਜ ਹੀ ਆਪਣੇ ਸੰਸੇ ਤੋਂ ਨਿਵਿਰਤ ਹਨ), ਵਿਆਹ ਗੁਰਵਾਰਿਆਂ ਵਿੱਚ ਹੋਣ ਤੇ ਜਾਞਜੀ ਤੇ ਕੁੜੀ ਵਾਲਿਆਂ ਵਲੋਂ ਜਿਤਨੇ ਕੁ ਲੋਕਾਂ ਨੇ ਵਿਆਹ ਵਿੱਚ ਭਾਗ ਲੈਣਾ ਹੈ ਉਤਨਿਆਂ ਦੀ ਰੋਟੀ ਤੇ ਚਾਹ ਪਾਣੀ ਦਾ ਖਰਚਾ ਚਾਰ-ਪੰਜ ਕੁ ਡਾਲਰਾਂ ਦੇ ਹਿਸਾਬ ਨਾਲ ਜਮਾ ਕਰਾਉਣ, ਬੱਚਿਆਂ ਦੇ ਜਨਮ ਦਿਨ ਇੱਥੇ ਮਨਾਓ, ਅਰਦਾਸ ਕਰਵਾਓ- ਪੈਸੇ ਦੇਓ ਤੇ ਘਰ ਨੂੰ ਜਾਓ, ਵਾਹਿਗੁਰੂ ਦਾ ਜਾਪ ਕਰੋ ਤੇ ਗੋਲਕ ਭਰੋ, ਦੂਖ ਨਿਵਾਰਣ ਕੈਂਪ (ਜਿਸ ਗੁਰੂ ਸਾਹਿਬ ਨੇ ਸੁਖਮਣੀ ਬਾਣੀ ਉਚਾਰਣ ਕੀਤੀ ਉਸ ਨੂੰ ਤਾਂ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਪਰ ਆਓ ਲੋਕੋ ਆਓ! ਇਸੇ ਬਾਣੀ ਨਾਲ ਅਸੀਂ ਤੁਹਾਡੇ ਦੁਖਦੇ ਮੋਢਿਆਂ ਤੇ ਗੋਡਿਆਂ ਗਿਟਿਆਂ ਦਾ ਇਲਾਜ ਕਰਦੇ ਹਾਂ। ਕੀ ਗੁਰੂ ਜੀ ਇਸ ਮਕਸਦ ਤੋਂ ਨਾਵਾਕਿਫ ਸਨ?)। ਜੇ ਕਿਤੇ ਸੱਚੀਂ-ਮੁਚੀਂ ਗੁਰੂ ਜੀ ਆ ਹੀ ਗਏ ਤਾਂ ਅੱਜ ਦੇ ਲੋਕਾਂ ਨੇ, ਬਾਬਾ ਜੀ ਦਾ ਹੀ ਇਹ ਬਚਨ:-

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ। ਕੋਈ ਆਖੈ ਆਦਮੀ ਨਾਨਕੁ ਵੇਚਾਰਾ॥ 1॥ ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥ ਪੰਨਾ 991॥

ਕਹਿ ਕਹਿ ਕੇ ਬਾਬਾ ਜੀ ਨੂੰ ਪ੍ਰੇਸ਼ਾਨ ਕਰਕੇ ਦੇਣਾ ਐ। ਜੇ ਕਰ ਬਾਬਾ ਜੀ ਫਿਰ ਵੀ ਕੁਰਾਹੇ ਪਏ ਲੋਕਾਂ ਦੇ ਢਏ ਨਾ ਚੜੇ ਤਾਂ ਉਨ੍ਹਾਂ ਨੇ ਸਰਵੋਤਮ ਜੱਥੇਦਾਰ ਨੂੰ ਰਾਤੋ ਰਾਤ ਲਿਫਾਫਾ ਭੇਂਟ ਕਰਕੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਇਹ ਹੁਕਮ ਤਾਂ ਜਾਰੀ ਕਰਵਾ ਹੀ ਦੇਣਾ ਹੈ ਕਿ ਇਸ ਕੁਰਾਹੀਏ ਬਾਬਾ ਜੀ ਨੂੰ ਇਸੇ ਬਾਬਾ ਜੀ ਦੇ ਕਿਸੇ ਧਾਰਮਿਕ ਸਥਾਨ ਤੇ ਨਾ ਬੋਲਣ ਦਿੱਤਾ ਜਾਏ ਜਿਤਨੀ ਦੇਰ ਇਹ ਬਾਬਾ ਜੀ ਸਾਡੇ ਕੋਲ ਪੇਸ਼ ਹੋ ਕੇ, ਆਪਣੀ ਭੁੱਲ ਬਖਸ਼ਾ ਕੇ, ਲਫਾਫਾ ਭੇਂਟ ਕਰਕੇ, ਸਾਡੇ ਕੋਲੋਂ ਝਿੜਕਾਂ ਖਾ ਕੇ ਅਤੇ ਸਾਡੇ ਪੈਰੀਂ ਹੱਥ ਲਾ ਕੇ ਕੁਰਾਹੇ ਪੈਣ ਦਾ ਵਾਹਦਾ ਨਹੀਂ ਕਰ ਲੈਂਦਾ। ਬਾਬਾ ਜੀ ਜਿਥੇ ਤੁਸੀਂ ਇਸ ਸੰਸਾਰ ਦੇ ਉਧਾਰ ਲਈ ਇਸ ਜੱਗ ਵਿੱਚ ਪ੍ਰਗਟ ਹੋਏ ਸੀ ਉਸ ਨਨਕਾਣੇ ਵਿੱਚ ਵੀ ਇਨ੍ਹਾਂ ਨੇ ਤੁਹਾਨੂੰ ਬੋਲਣ ਨਹੀਂ ਦੇਣਾ। ਇਹ ਨਨਕਾਣਾ ਅੱਜ ਇਨ੍ਹਾਂ ਪਜਾਰੀ ਟੋਲਿਆਂ ਦਾ ਹੈ ਤੁਹਾਡਾ ਨਹੀਂ।

ਅੱਜ ਸਧਾਰਣ ਸਿੱਖ ਦੀ ਦਿਮਾਗੀ ਹਾਲਤ ਕੀ ਹੈ? ਉਸ ਨੂੰ ਕਿਸੇ ਵੀ ਗੁਰਵਾਰੇ ਦਾ ਮੁੱਖ ਪੁਜਾਰੀ ਜੋ ਵੀ ਕਹਿੰਦਾ ਹੈ ਉਹ ਸੱਤ ਕਰਕੇ ਮੰਨ ਲੈਂਦਾ ਹੈ। ਚਾਹੇ ਪੁਜਾਰੀ ਕਿਸੇ ਪੰਡਿਤ ਵਾਂਗੂ ਜਿਤਨੀ ਮਰਜੀ ਸਮੱਗਰੀ ਲਿਖਾ ਦੇਵੇ ਸਧਾਰਣ ਸਿੱਖ ਵਿੱਚ ਹਿੰਮਤ ਹੀ ਨਹੀਂ ਕਿ ਉਹ ਪੁਜਾਰੀ ਨੂੰ ਪੁੱਛ ਸਕੇ ਕਿ ਇਹ ਸਮੱਗਰੀ ਕੀ ਕਰਨੀ ਹੈ। ਜਦੋਂ ਕਿ ਕਿਸੇ ਕਰਮ-ਕਾਂਢ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ। ਕਿਉਂਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਪੂਰਣ ਤੌਰ ਤੇ ਟੁੱਟ ਚੁਕਿਆ ਹੈ ਤੇ ਉਸ ਨੂੰ ਪਤਾ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਹੁਕਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਤੋਂ ਨਾਵਾਕਿਫ ਇੱਕ ਸਿੱਖ ਦੀ ਹਾਲਤ ਬਿਆਨ ਕਰਨ ਲੱਗਿਆ ਹਾਂ।

ਬਾਬਾ ਜੀ ਅਸੀਂ ਤਾਂ ਤੁਹਾਡੇ ਬਚਨਾਂ:

ਕਿਆ ਜਪੁ ਕਿਆ ਤਪੁ ਕਿਆ ਬ੍ਰਤੁ ਪੂਜਾ। ਜਾ ਕੈ ਰਿਦੈ ਭਾਉ ਹੈ ਦੂਜਾ॥ ਰੇ ਜਨੁ ਮਨੁ ਮਾਧਉ ਸਿਉ ਲਾਈਐ॥ ਚਤੁਰਾਈ ਨ ਚਤਰਭੁਜੁ ਪਾਈਐ॥ ਭਗਤ ਕਬੀਰ ਪੰਨਾ 324॥

ਮੰਨਣਾ ਹੀ ਨਹੀਂ। ਬਾਬਾ ਜੀ ਚਾਹੇ ਇੱਕ ਅੱਖਰ ਦਾ ਜਾਪ ਕਰਨ ਨਾਲ ਸਾਨੂੰ ਕੁੱਝ ਵੀ ਪ੍ਰਪੱਤ ਨਹੀਂ ਹੁੰਦਾ ਫਿਰ ਵੀ ਅਸੀਂ ਤਾਂ ਅਗਿਆਨੀ ਬਣੇ ਰਹਿਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਤੁਸੀਂ ਸਾਨੂੰ ਧੱਕੇ ਨਾਲ ਕਿਉਂ ਗਿਆਨ ਦੇਣਾ ਚਾਹੁੰਦੇ ਹੋ? ਅਸੀਂ ਆਸਾ ਕੀ ਵਾਰ ਤਾਂ ਨਿਤ ਪੜ੍ਹਦੇ ਹਾਂ ਪਰ ਤੇਰਾ ਇਹ ਹੁਕਮ ਵੀ ਅਸੀਂ ਮੰਨਣ ਨੂੰ ਤਿਆਰ ਨਹੀਂ।

ਸਲੋਕੁ ਮਃ 1॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥1॥ {ਪੰਨਾ 467}॥

ਬਾਬਾ ਜੀ ਦਾ ਹੁਕਮ ਹੈ ਕਿ, ਭਾਈ! ਭਾਂਵੇਂ ਸਾਰੀ ਉਮਰ ਪੜ੍ਹੀ ਜਾਓ, ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲਓ, ਖੂਹ ਖਾਤੇ ਭਰ ਲਓ ਜਿਤਨੀ ਦੇਰ ਬੰਦਿਆਂ ਤੂੰ ਜਿੰਦਗੀ ਸੱਚ ਦੇ ਲੇਖੇ ਨਹੀਂ ਲਾਉਂਦਾ ਉਤਨੀ ਦੇਰ ਤਕ ਇਹ ਜੋ ਕੁੱਝ ਵੀ ਤੂੰ ਕਰੀ ਜਾ ਰਿਹਾ ਹੈਂ ਸੱਭ ਵਿਆਰਥ ਹੈ।

ਬਾਬਾ ਜੀ! ਤੁਹਾਡੇ ਐਸੇ ਕਈ ਬਚਨਾਂ ਦੇ ਬਾਵਜੂਦ ਵੀ ਅਸੀਂ ਤਾਂ ਅਖੰਡਪਾਠ, ਸੰਪਟਪਾਠ, ਸੁਪਰ-ਸੰਪਟਪਾਠ, (ਸਧਾਰਣ ਪਾਠ ਦਾ ਫਲ ਥੋੜਾ ਹੈ ਇਸ ਕਰਕੇ ਇਸ ਦਾ ਅੱਜ ਅਸੀਂ ਭੋਗ ਪਾ ਦਿੱਤਾ ਹੈ) ਆਦਿ ਤਾਂ ਅਸੀਂ ਕਰੀ ਹੀ ਜਾਣੇ ਹਨ। ਬਾਬਾ ਜੀ ਅਸੀਂ ਤਾਂ ਹਿੰਦੂ ਗ੍ਰੰਥਾਂ ਵਿੱਚ ਵੀ ਖਲਕਤ ਵਿਰੋਧੀ ਲਿਖਿਆ, ਅਸੀਂ ਤਾਂ ਬੋਧੀ ਨਹੀਂ ਛੱਡੇ, ਜੈਨੀ ਵੀ ਨਹੀਂ ਛੱਡੇ, ਜੀਸਸ ਕਾਰਾਇਸਟ ਦੇ ਸਿਧਾਤਾਂ ਨਾਲ ਖਿਲਵਾੜ ਕੀਤਾ, ਮੁਹੰਮਦ ਰਸੂਲ ਅੱਲਾ ਦੇ ਸਿਧਾਂਤ ਨੂੰ ਵੀ ਬਦਲਿਆ ਪਰ ਫਿਰ ਵੀ ਉਨ੍ਹਾਂ ਦੇ ਬਦਲੇ ਹੋਏ ਗ੍ਰੰਥ ਧਾਰਮਿਕ ਗ੍ਰੰਥ ਤਾਂ ਮੰਨੇ ਹੀ ਜਾਂਦੇ ਹਨ। ਬਾਬਾ ਜੀ! ਭਾਂਵੇਂ ਤੇਰੀ ਬਾਣੀ ਤਾਂ ਅਸੀਂ ਨਹੀਂ ਬਦਲ ਸਕੇ ਪਰ ਅਰਥ ਤਾਂ ਆਪਣੀ ਅਸੀਂ ਮਰਜ਼ੀ ਦੇ ਕਰਕੇ ਆਪਣੀਆਂ ਗੋਗੜਾਂ ਦੇ ਪਾਲਣ ਦਾ ਇੰਤਜਾਜ਼ 21ਕੁਲਹਾਂ ਤਕ ਤਾਂ ਕਰ ਹੀ ਸਕਦੇ ਹਾਂ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਬਾਣੀ ਤਾਂ ਤੇਰੀ ਹੀ ਪੜ੍ਹਦੇ ਹਾਂ?

ਵਿਗਿਆਨਕ ਤਰੱਕੀ ਵਿੱਚ ਹੋ ਸਕਦਾ ਹੈ ਕਿ ਅਸੀਂ ਗੋਰਿਆਂ ਨਾਲੋਂ 100 ਸਾਲ ਪਿੱਛੇ ਹੋਈਏ। ਬਾਕੀ ਦੇ ਸਾਧਨਾਂ ਵਿੱਚ ਵੀ ਅਸੀਂ 100-150 ਸਾਲ ਪਿਛੇ ਹਾਂ ਪਰ ਧਾਰਮਿਕ ਖੇਤਰ ਵਿੱਚ ਅਸੀਂ 300-400 ਸਾਲ ਪਿਛੇ ਹਾਂ। ਜਦੋਂ ਹੀ ਗਲਿਲੀਓ ਅਤੇ ਸੁਕਰਾਤ ਨੂੰ ਮਾਰਨ ਦੇ ਹੁਕਮਾਂ ਵੱਲ ਧਿਆਨ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਕਿਵੇਂ ਪੋਪ ਆਪਣੇ ਆਪ ਨੂੰ ਰੱਬ ਰੂਪ ਸਮਝ ਬੈਠਾ ਸੀ। ਮਾਰਟਿੰਨ ਲੂਥਰ ਕਿੰਗ ਨੇ ਜਦੋਂ ਕਰਿਸਚੀਆਨ ਧਰਮ ਵਿੱਚ ਸੁਧਾਰ ਲਿਆਉਣ ਲਈ ਜਦੋ-ਜਹਿਦ ਕੀਤੀ ਤੇ ਇਹ ਕਿਹਾ ਕਿ ਪੋਪ ਝੂਠ ਬੋਲਦਾ ਹੈ ਤਾਂ ਪੋਪ ਨੇ ਫਿਰ ਉਸ ਨੂੰ ਮਾਰਨ ਦਾ ਹੁਕਮ ਚਾੜ ਦਿੱਤਾ। ਹੁਣ ਆਪਾਂ 1849 ਦੇ ਸਮੇਂ ਵੱਲ ਨਿਗਾਹ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਗੋਰਿਆਂ ਨੇ ਇਹੋ ਪੁਜਾਰੀਵਾਦ ਸਾਡੇ ਉਪਰ ਲਾਗੂ ਕਰ ਦਿੱਤਾ ਜੋ ਉਨ੍ਹਾਂ ਲਈ ਬੜਾ ਮਕਬੂਲ ਸਾਬਤ ਹੋਇਆ।

ਹੁਣ ਆਪਾਂ ਇਸੇ ਲੂੰਬੜ ਚਾਲ ਨੂੰ ਆਪਣੇ ਬਸਤੇ ਵਿੱਚ ਪਾ ਕੇ ਦੇਖਦੇ ਹਾਂ। ਅੰਗਰੇਜਾਂ ਨੇ ਜਦੋਂ ਸਿੱਖਾਂ ਦੇ ਗਰਮ ਖੂਨ ਨੂੰ ਠੰਡਾ ਕਰਕੇ ਰਾਜ ਕਰਨਾ ਅਰੰਭਣਾ ਸੀ ਤਾਂ ਉਨ੍ਹਾਂ ਲਈ ਐਸੇ ਗੁਲਾਮਾਂ ਦੀ ਲੋੜ ਸੀ ਜੋ ਪੈਸੇ ਬਦਲੇ ਆਪਣੇ ਹੀ ਭਰਾਵਾਂ ਦੀ ਜਾਨ ਲੈਣ ਲਈ ਹਰ ਵਕਤ ਤਿਆਰ ਰਹਿਣ। ਸਿੱਖ ਧਰਮ ਦੀ ਚੜ੍ਹਦੀ ਕਲ੍ਹਾ ਦੀ ਗੱਲ ਜੇ ਪ੍ਰੋ. ਗੁਰਮੁਖ ਸਿੰਘ ਨੇ ਕੀਤੀ ਤਾਂ ਉਸ ਨੂੰ ਪੰਥ ਵਿਚੋਂ ਛੇਕ ਦਿੱਤਾ। 108 ਸਾਲਾਂ ਬਾਅਦ ਪੁਜਾਰੀਆਂ ਨੇ ਫਿਰ ਥੁੱਕ ਕੇ ਚੱਟ ਲਿਆ ਤੇ ਪ੍ਰੋ. ਗੁਰਮੁਖ ਸਿੰਘ ਨੂੰ ਮਰਨ ਤੋਂ ਬਾਅਦ ਫਿਰ ਸਿੱਖ ਧਰਮ ਵਿੱਚ ਸ਼ਾਮਲ ਕਰ ਲਿਆ ਜੋ ਕਿ ਬਹੁਤ ਹੀ ਹਾਸੋ ਹੀਣੀ ਗੱਲ ਹੈ। ਮਨੁੱਖ ਮਰ ਚੁਕਿਆ ਹੈ ਹੁਣ ਉਸ ਨੂੰ ਕਿਸੇ ਧਰਮ ਦੀ ਲੋੜ ਨਹੀਂ। ਜਨਰਲ ਓਡਵਾਇਰ, ਜਿਸਨੇ ਜੱਲਿਆਂ ਵਾਲੇ ਬਾਗ ਦਾ ਅੱਤ-ਘਿਨਾਉਣਾ ਖੂਨੀ ਸਾਕਾ ਕੀਤਾ, ਨੂੰ ਜੱਥੇਦਾਰ ਅਰੂੜ ਸਿੰਘ ਨੇ ਇਹ ਸਾਬਤ ਕਰਨ ਲਈ ਅਕਾਲ ਤਖਤ ਤੋਂ ਸਨਮਾਨਤ ਕੀਤਾ ਕਿ ਜਨਰਲ ਓਡਵਾਇਰ ਵੀ ਇੱਕ ਸਿੱਖ ਹੈ ਤੇ ਉਸ ਨੇ ਚੰਗਾ ਕੰਮ ਕੀਤਾ ਹੈ। ਇਹੀ ਕੰਮ ਅੱਜ ਦੇ ਕੱਦਾਵਰ ਤੇ ਤਾਕਤਵਰ ਲੋਕ ਇਸ ਅਖੋਤੀ ਜੱਥੇਦਾਰ ਕੋਲੋਂ ਕਰਵਾ ਰਹੇ ਹਨ। ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਹੈ ਕਿ ਜਿਸ ਢਾਂਚੇ ਨੇ, ਪਿਛਲੇ ਦੋ ਢਾਈ ਸੌ ਸਾਲਾਂ ਵਿੱਚ ਸਿੱਖੀ ਦੀਆਂ ਜੜ੍ਹਾਂ ਖੋਖਲੀਆਂ ਕੀਤੀ ਹਨ, ਨੂੰ ਅੱਜ ਅਸੀਂ ਨਿਡਰ ਤੇ ਬੇਝਿਜਕ ਹੋ ਕੇ ਬਦਲ ਦੇਈਏ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ)

ਬਰੈਂਪਟਨ ਕੈਨੇਡਾ

www.singhsabhacanada.com Mobile #7165362346


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top