Share on Facebook

Main News Page

ਗਿਆਨ ਵਿਹੂਣੀ ਸ਼ਰਧਾ

ਗੁਰੂ ਨਾਨਕ ਜੀ ਨੇ ਸਦੀਆਂ ਪੁਰਾਣੀ, ਰਾਜ ਸ਼ਾਹੀ ਅਤੇ ਧਾਰਮਿਕ ਠੇਕੇਦਾਰਾਂ ਦੀ ਗੁਲਾਮੀ ਨੂੰ ਖਤਮ ਕਰਨ ਲਈ, ਸਿਰਫ ਆਪਣੀ ਹੀ ਸਾਰੀ ਜ਼ਿੰਦਗੀ ਨਹੀਂ ਲਗਾਈ, ਬਲਕਿ ਉਨ੍ਹਾਂ ਦੇ ਨੌਂ ਪੈਰੋਕਾਰਾਂ ਨੇ ਵੀ ਆਪਣੀ ਸਾਰੀ ਜ਼ਿੰਦਗੀ, ਇਸ ਮਿਸ਼ਨ ਦੇ ਲੇਖੇ ਲਗਾ ਕੇ ਬਾਬਾ ਨਾਨਕ ਜੀ ਵਲੋਂ ਦਰਸਾਏ ਸਿਧਾਂਤ ਨੂੰ, ਆਪਣੇ ਜੀਵਨ ਵਿੱਚ ਢਾਲ ਕੇ, ਸਿੱਖਾਂ ਲਈ ਨਰੋਈਆਂ-ਨਵੇਕਲੀਆਂ ਪੈੜਾਂ ਪਾਈਆਂ ਸਨ। ਜਿਨ੍ਹਾਂ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ, ਸਮਾਜ ਵਿਚੋਂ ਹਰ ਬੁਰਾਈ ਦੂਰ ਕਰਨ ਲਈ ਹਰ ਬੰਦੇ ਦੀ (ਭਾਵੇਂ ਉਹ ਕਿਸੇ ਧਰਮ, ਜਾਤ ਦੇਸ਼ ਨਾਲ ਸਬੰਧਤ ਹੋਵੇ) ਜ਼ਿੰਦਗੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਆਪਸੀ ਵਿਤਕਰੇ ਨੂੰ ਖਤਮ ਕਰਦਿਆਂ, ਹਰ ਤਰ੍ਹਾਂ ਦੀ ਮਦਦ ਕਰਨ ਦਾ ਢੰਗ ਵੀ ਦੱਸਿਆ ਸੀ। ਜਿਸ ਦੇ ਆਧਾਰ ਤੈ ਨਾਨਕ ਜੋਤ ਦੇ ਉਤਰ-ਅਧਿਕਾਰੀਆਂ ਨੇ ਅਤੇ ਸਿੱਖਾਂ ਨੇ, ਅੱਤ ਦੇ ਤਸੀਹੇ ਝੱਲਦਿਆਂ, ਸ਼ਹੀਦੀ ਦਿੰਦਿਆਂ ਕਦੇ ਤਿਲ ਮਾਤਰ ਵੀ ਸੰਕੋਚ ਨਹੀਂ ਕੀਤਾ ਸੀ।

ਆਰਥਿਕ ਲੋੜਾਂ ਦੀ ਪੂਰਤੀ ਲਈ ਸਿੱਖ ਨੂੰ ਦਸਵੰਧ ਦੇਣਾ ਜ਼ਰੂਰੀ ਕਰਾਰ ਦਿੱਤਾ (ਜਿਸ ਵਿੱਚ ਕਿਸੇ ਤਰ੍ਹਾਂ ਦੇ ਦਾਨ ਦੀ ਸੋਚ ਨੂੰ ਬਿਲਕੁਲ ਰੱਦ ਕੀਤਾ ਸੀ) ਤਾਂ ਜੋ ਸਿੱਖ ਇਸ ਨੂੰ ਆਪਣਾ ਫਰਜ਼ ਸਮਝ ਕੇ ਦੇਵੇ, ਇਸ ਨੂੰ ਦੇਣ ਲਗਿਆਂ, ਕਿਸੇ ਤਰ੍ਹਾਂ ਦੀ ਹਉਮੈ ਦਾ ਸ਼ਿਕਾਰ ਨਾ ਹੋਵੇ। ਵਰਤਣ ਵਾਲਾ ਵੀ, ਸਭ ਨੂੰ ਇੱਕ ਪਿਤਾ ਦੇ ਬਾਰਕ ਦੇ ਸਿਧਾਂਤ ਅਨੁਸਾਰ, ਆਪਣੀਆਂ ਜਾਇਜ਼ ਲੋੜਾਂ ਲਈ ਉਸ ਦਸਵੰਧ ਨੂੰ ਵਰਤਦਾ, ਕਿਸੇ ਤਰ੍ਹਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਵੇ।

ਆਤਮਕ ਪੱਖ (ਜਿਸ ਮਾਮਲੇ ਵਿੱਚ ਬੰਦਾ ਸਭ ਤੋਂ ਵੱਧ ਭੰਬਲ-ਭੁਸੇ ਵਿੱਚ ਸੀ) ਦਾ ਸਟੀਕ ਵਿਸਲੇਸ਼ਨ ਕਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਵਰਗਾ, ਆਤਮਕ ਗਿਆਨ ਦੇ ਫਲਸਫੇ ਦਾ ਭੰਡਾਰ ਵੀ ਸਦੀਵੀ ਤੌਰ ਤੇ ਸਿੱਖਾਂ ਨੂੰ ਬਖਸ਼ਿਆ। ਜਿਸ ਵਿੱਚ ਦੂਸਰੇ ਧਰਮਾਂ ਵਿਚਲੀ ਧਾਰਨਾ ਕਿ ਧਰਮ ਦੇ ਮਾਮਲੇ ਵਿੱਚ ਕਿਸੇ ਨੂੰ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ, ਨੂੰ ਮੂਲੋਂ ਰੱਦ ਕਰਦਿਆਂ, ਹਰ ਕੰਮ, ਏਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਵੀ, ਅਕਲ ਦੀ ਕਸਵੱਟੀ ਤੇ ਪਰਖ ਕੇ ਹੀ, ਉਸ ਅਨੁਸਾਰ ਜੀਵਨ ਢਾਲਣ ਦਾ ਉਪਦੇਸ਼ ਦਿੱਤਾ।

ਜਿਸ ਤੋਂ ਸਾਫ ਜ਼ਾਹਰ ਹੈ ਕਿ ਗੁਰੂ ਸਾਹਿਬ ਇਸ ਪੱਖੋਂ ਬਹੁਤ ਸੁਚੇਤ ਸਨ ਕਿ ਜਦ ਤੱਕ ਸਿੱਖ ਆਪ, ਆਪਣੀ ਅਕਲ ਦੀ ਵਰਤੋਂ ਕਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਸੇਧ ਅਨੁਸਾਰ ਜੀਵਨ ਢਾਲਣਗੇ, ਤਦ ਤਕ ਉਹ ਕੁਰਾਹੇ ਨਹੀਂ ਪੈਣਗੇ। ਜਦ ਉਹ ਆਪਣੀ ਅਕਲ ਦੀ ਵਰਤੋਂ ਬੰਦ ਕਰ ਕੇ, ਪੁਜਾਰੀ ਤੋਂ ਸਿਖਿਆ ਲੈਣੀ ਸ਼ੁਰੂ ਕਰ ਦੇਣਗੇ, ਫਿਰ ਪੁਜਾਰੀ ਜਮਾਤ ਇਨ੍ਹਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟਿਕਾ ਕੇ ਵੀ, ਆਪਣੀ ਮਨ-ਮਤ ਅਨੁਸਾਰ ਹੀ ਚਲਾਵੇਗੀ।

ਜਦ ਤਕ ਸਿੱਖ ਜੰਗਲ-ਬੇਲਿਆਂ ਵਿੱਚ ਰਹਿ ਕੇ ਵੀ, ਗੁਲਾਮੀ ਵਿਰੁੱਧ ਜੂਝਦੇ ਰਹੇ, ਤਦ ਤਕ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦੇ ਰਹੇ। (ਕਿਉਂਕਿ ਅਜਿਹੇ ਹਾਲਾਤ, ਪੁਜਾਰੀ ਸ਼੍ਰੇਣੀ ਲਈ ਮੁਆਫਿਕ ਨਹੀਂ ਹੁੰਦੇ) ਪਰ ਜਿਵੇਂ ਜਿਵੇਂ ਸਿੱਖਾਂ ਕੋਲ ਰਾਜ ਅਤੇ ਪੈਸਾ ਆਉਂਦਾ ਗਿਆ, ਪੁਜਾਰੀ ਸ਼੍ਰੇਣੀ ਵੀ ਨਿਰਮਲਿਆਂ ਅਤੇ ਉਦਾਸੀਆਂ ਦੇ ਭੇਸ ਵਿਚ, ਸਿੱਖਾਂ ਦੇ ਨੇੜੇ ਲਗਦੀ ਗਈ। ਰਾਜ ਹੱਥ ਆਉਣ ਤੇ ਇਨ੍ਹਾਂ ਨਿਰਮਲਿਆਂ ਅਤੇ ਉਦਾਸੀਆਂ ਨੇ ਵੀ, ਬ੍ਰਾਹਮਣਾ ਦੇ ਛੱਤਰੀਆਂ ਨੂੰ ਪੜ੍ਹਾਉਣ ਵਾਙ, ਸਿੱਖ ਰਾਜਿਆਂ ਨੂੰ ਵੀ ਪੜ੍ਹਾ ਦਿੱਤਾ ਕਿ ਤੁਹਾਡਾ ਕੰਮ ਤਾਂ ਰਾਜ ਕਰਨਾ ਹੈ, ਇਹ ਪੂਜਾ ਪਾਠ ਦਾ ਕੰਮ ਤਾਂ ਸਾਡਾ ਹੈ। ਇਸ ਆਧਾਰ ਤੇ ਇਤਿਹਾਸਿਕ ਗੁਰਦਵਾਰਿਆਂ ਤੇ ਕਬਜ਼ਾ ਕਰ ਕੇ ਬੈਠ ਗਏ।

ਏਥੋਂ ਹੀ ਸ਼ੁਰੂ ਹੁੰਦਾ ਹੈ, ਸਿੱਖੀ ਸਿਧਾਂਤ ਅਨੁਸਾਰ, ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (੭੨੭) ਵਾਲਾ ਨਿਰੰਤਰ ਸਫਾਈ ਵਾਲਾ ਕੰਮ ਬੰਦ ਹੋ ਕੇ, ਪੈਸੇ ਅਤੇ ਰਾਜ ਦੇ ਬਲ ਤੇ ਐਸ਼ ਕਰਨ ਦਾ ਧੰਦਾ। ਮਨ ਦੀ ਸਫਾਈ ਲਈ, ਦਿਲ ਖੋਜਣ ਦੀ ਥਾਂ, ਕਰਮ ਕਾਂਡਾਂ ਦਾ ਸਿਲਸਿਲਾ। ਜੋ ਹਰ ਪਲ ਵਧਦਾ, ਅੱਜ ਦੇ ਹਾਲਾਤ ਤੱਕ ਪਹੁੰਚ ਗਿਆ ਹੈ। ਜਿਥੇ ਦਿਲ ਖੋਜਣ ਦੀ ਪਰਕਿਰਿਆ ਬਿਲਕੁਲ ਖਤਮ ਹੋ ਗਈ ਹੈ। ਪੁਜਾਰੀ ਲਾਣੇ ਦੇ ਦੱਸੇ ਅਨੁਸਾਰ, ਹਰ ਪਾਸੇ ਵਿਖਾਵੇ ਦੇ ਕਰਮ-ਕਾਂਡ ਹੀ ਸਿੱਖਾਂ ਲਈ ਵੀ ਪਰਭੂ ਮਿਲਾਪ ਦਾ ਸਾਧਨ ਬਣ ਗਏ ਹਨ। ਸਿੱਖ ਇਹ ਭੁੱਲ ਗਏ ਹਨ ਕਿ ਸਿੱਖੀ, ਮਨ ਦੀ ਸਫਾਈ ਦਾ ਨਿਰੰਤਰ ਮਾਰਗ ਹੈ। ਬੰਦੇ ਨੂੰ ਚੁਫੇਰੇ, ਸਰੀਰ ਜਾਂ ਮਨ ਵਿੱਚ ਗੰਦ ਪਾਉਣ ਲਈ, ਕੋਈ ਉਪਰਾਲਾ ਕਰਨ ਦੀ ਲੋੜ ਨਹੀਂ ਹੁੰਦੀ। ਬੱਸ ਸਫਾਈ ਕਰਨੀ ਛੱਡ ਦੇਵੋ, ਗੰਦ ਆਪਣੇ-ਆਪ ਪੈਂਦਾ ਜਾਵੇਗਾ। ਗੰਦ ਨੂੰ ਸਾਫ ਕਰਨ ਲਈ ਬੰਦੇ ਨੂੰ, ਸਫਾਈ ਦਾ ਉਪਰਾਲਾ ਕਰਨ ਦੀ ਲੋੜ ਪੈਂਦੀ ਹੈ, ਗੰਦ ਕਦੇ ਵੀ ਆਪਣੇ-ਆਪ ਸਾਫ ਨਹੀਂ ਹੁੰਦਾ।

ਇਹ ਸਫਾਈ ਵੀ ਨਿਰੰਤਰ ਕਰਨ ਦੀ ਲੋੜ ਹੁੰਦੀ ਹੈ। ਆਲੇ ਦੁਆਲੇ ਦੀ ਸਫਾਈ ਲਈ ਬੰਦੇ ਨੂੰ ਹਰ ਰੋਜ਼, ਝਾੜੂ-ਬਹਾਰੂ ਕਰ ਕੇ, ਗੰਦ ਨੂੰ ਕਿਸੇ ਟੋਏ ਵਿੱਚ ਦੱਬਣ ਦੀ ਲੋੜ ਹੁੰਦੀ ਹੈ। ਸਰੀਰ ਦੀ ਸਫਾਈ ਲਈ ਨਿੱਤ ਅਸ਼ਨਾਨ ਕਰਨ ਦੀ ਲੋੜ ਹੁੰਦੀ ਹੈ। ਸਮਾਜ ਵਿਚਲੀ ਸਫਾਈ ਕਰਨ ਲਈ, ਸਮਾਜ ਵਿਚਲੀਆਂ ਬੁਰਾਈਆਂ ਨਾਲ, ਹਰ ਵੇਲੇ ਜੂਝਣ ਦੀ ਲੋੜ ਹੁੰਦੀ ਹੈ। ਇਵੇਂ ਹੀ ਮਨ ਵਿਚਲਾ ਵਿਕਾਰ ਰੂਪੀ ਗੰਦ ਸਾਫ ਕਰਨ ਲਈ ਵੀ ਨਿਰੰਤਰ, ਸ਼ਬਦ ਗੁਰੂ ਨੂੰ ਵਿਚਾਰ ਕੇ, ਉਸ ਦੀ ਸਿਖਿਆ ਅਨੁਸਾਰ ਜੀਵਨ ਢਾਲਣ ਦੀ ਲੋੜ ਹੁੰਦੀ ਹੈ। ਪਰ ਅੱਜ ਪੁਜਾਰੀ ਲਾਣੇ ਦੇ ਪ੍ਰਭਾਵ ਹੇਠ, ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਹੀ, ਗੁਰਬਾਣੀ ਸਿਧਾਂਤਾਂ ਦੇ ਉਲਟ ਪਰਚਾਰਿਆ ਜਾਂਦਾ ਹੈ ਕਿ ਸ਼ਰਧਾ ਹੋਣੀ ਚਾਹੀਦੀ ਹੈ, ਸ਼ਰਧਾ ਨਾਲ ਕੀਤਾ ਕੋਈ ਵੀ ਕਰਮ (ਕਾਂਡ) ਨਿਸ਼ਫਲ ਨਹੀਂ ਹੁੰਦਾ। ਸ਼ਰਧਾ ਨਾਲ ਤਾਂ ਪੱਥਰਾਂ ਵਿਚੋਂ ਵੀ ਰੱਬ ਮਿਲ ਜਾਂਦਾ ਹੈ, ਇਵੇਂ ਸਿੱਖੀ ਵਿੱਚ ਤਰ੍ਹਾਂ-ਤਰ੍ਹਾਂ ਦੇ ਪਾਠਾਂ, ਤਰ੍ਹਾਂ-ਤਰ੍ਹਾਂ ਦੇ ਡੇਰਿਆਂ-ਡੇਰੇਦਾਰਾਂ, ਤਰ੍ਹਾਂ-ਤਰ੍ਹਾਂ ਦੀਆਂ ਇਮਾਰਤਾਂ ਦੇ ਦਰਸ਼ਨ ਵੀ, ਬੰਦੇ ਦਾ ਜੀਵਨ, ਸਫਲਾ ਕਰਨ ਦੇ ਕਾਬਲ ਹੋ ਗਏ ਹਨ।

ਤਰ੍ਹਾਂ-ਤਰ੍ਹਾਂ ਦੇ ਦਰਖਤਾਂ ਦੀ ਪੂਜਾ, ਮੁੱਠੀ ਚਾਪੀ, ਗੁਰੂ ਗਰੰਥ ਸਾਹਿਬ ਜੀ ਦੇ ਪੀੜ੍ਹੇ ਦੇ ਪਾਵਿਆਂ ਦੀ ਮੁੱਠੀ-ਚਾਪੀ, ਰੰਗ-ਰੰਗ ਦੇ ਲੰਗਰ, ਰੰਗ-ਰੰਗ ਦੀਆਂ ਕਹਾਣੀਆਂ, ਗੋਲ-ਪੱਗਿਆਂ ਦੇ ਮਿਥਿਹਾਸਿਕ ਪਰਵਚਨ, ਬੰਦੇ ਦਾ ਜਨਮ ਸਫਲਾ ਕਰਨ ਦੇ ਸਾਧਨ ਬਣੇ ਹੋਏ ਹਨ। ਤਰ੍ਹਾਂ-ਤਰ੍ਹਾਂ ਦੇ, ਚਿਮਟੇ-ਢੋਲਕੀਆਂ ਕੁੱਟ ਰੂਪੀ ਕੀਰਤਨ ਦਰਬਾਰ, ਰੰਗ-ਰੰਗ ਦੇ ਤੀਰਥਾਂ ਦੇ ਦਰਸ਼ਨ-ਇਸ਼ਨਾਨ, ਬੰਦੇ ਦਾ ਜਨਮ ਸਫਲਾ ਕਰ ਰਹੇ ਹਨ। ਹੁਣ ਤਾਂ ਬ੍ਰਾਹਮਣ ਵਾਙ ਹੀ ਅਲੱਗ-ਅਲੱਗ ਕਰਮ ਕਾਂਡਾਂ ਦੇ ਅਲੱਗ-ਅਲ਼ੱਗ ਫੱਲ ਮਿੱਥ ਦਿੱਤੇ ਗਏ ਹਨ। ਪੈਸਿਆਂ ਨਾਲ, ਕੀਤੇ-ਕਰਾਏ ਕਈ ਤਰ੍ਹਾਂ ਦੇ ਅਖੰਡ ਪਾਠਾਂ ਦੇ ਫੱਲ ਦੀ ਅਰਦਾਸ ਕਰਾਇਆਂ ਵੀ ਜਨਮ ਸਫਲਾ ਹੋ ਜਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ।

ਕਿੰਨੀ ਸੌਖੀ ਗੱਲ ਹੈ, ਬੇਈਮਾਨੀ, ਹੇਰਾ-ਫੇਰੀ, ਦੂਸਰੇ ਦਾ ਹੱਕ ਮਾਰ ਕੇ, ਏਥੋਂ ਤਕ ਕਿ ਸਮਾਜ ਵਿੱਚ ਕੋੜ੍ਹ ਰੂਪ ਨਸ਼ਿਆਂ ਦੀ ਸਮਗਲਿੰਗ ਕਰ ਕੇ ਖੂਬ ਕਮਾਈ ਕਰੋ, ਉਸ ਵਿਚੋਂ ਕੁੱਝ ਪੈਸੇ ਪੁਜਾਰੀ ਨੂੰ ਬੁਰਕੀ ਵਜੋਂ ਪਾ ਦੇਵੋ, ਉਹ ਆਪਣੀ ਬੋਲੀ ਵਿੱਚ ਪਰਮਾਤਮਾ ਦੇ ਹਜ਼ੂਰ, ਤੁਹਾਡੀ ਸਿਫਾਰਿਸ਼ ਕਰ ਕੇ, ਤੁਹਾਡੇ ਕੀਤੇ ਕੁਕਰਮਾਂ ਤੇ ਪਰਦਾ ਪਵਾ ਦੇਵੇਗਾ। ਬਸ ਲੋੜ ਏਨੀ ਜਿਹੀ ਹੈ ਕਿ ਤੁਸੀਂ ਇੱਕ ਰੁਮਾਲਾ, ਗੁਰੂ ਗ੍ਰੰਥ ਸਾਹਿਬ ਜੀ ਉਪਰ ਪਾ ਕੇ, ਪੁਜਾਰੀ ਕੋਲੋਂ ਇਹ ਸ਼ਬਦ ਗਵਾ ਦੇਵੋ, ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੋਰੀ॥ (੫੨੦) ਜ਼ਾਹਰ ਹੈ ਕਿ ਇਸ ਨਾਲ ਤੁਹਾਡਾ ਕੋਈ ਕੰਮ ਤਾਂ ਨਹੀਂ ਹੋਵੇਗਾ, ਪਰ ਤੁਸੀਂ ਪੁਜਾਰੀ ਨੂੰ ਕੁੱਝ ਕਹਿ ਵੀ ਨਹੀਂ ਸਕੋਗੇ, ਕਿਉਂਕਿ ਪੁਜਾਰੀ ਕੋਲ ਸ਼ਰਧਾ ਰੂਪੀ, ਬ੍ਰਹਮ-ਅਸਤਰ ਜੋ ਹੈ, ਉਹ ਕਹਿ ਦੇਵੇਗਾ ਕਿ ਜੇ ਕੰਮ ਨਹੀਂ ਹੋਇਆ ਤਾਂ, ਇਸ ਦਾ ਕਾਰਨ ਤੁਹਾਡੀ ਸ਼ਰਧਾ ਵਿੱਚ ਕੋਈ ਉਕਾਈ ਹੋਵੇਗੀ, ਤੁਸੀਂ ਉਹ ਕੰਮ ਸਾਫ ਨੀਅਤ ਨਾਲ ਨਹੀਂ ਕਰਵਾਇਆ ਹੋਵੇਗਾ। ਤੁਸੀਂ ਵੀ ਦਿਲੋਂ ਜਾਣਦੇ ਹੋਵੋਗੇ ਕਿ, ਮੈਂ ਵੀ ਤਾਂ, ਹਰਾਮ ਦੀ ਕਮਾਈ ਵਿਚੋਂ ਹੀ ਇਸ ਨੂੰ ਚਾਰ ਛਿੱਲੜ ਦਿੱਤੇ ਸਨ।

ਇਹ ਸਭ ਸ਼ਰਧਾ ਦਾ ਹੀ ਤਾਂ ਪਸਾਰਾ ਹੈ। ਕਹਿੰਦੇ ਇੱਕ ਬ੍ਰਾਹਮਣ, ਤੀਰਥ ਯਾਤਰਾ ਤੇ ਜਾਣ ਦੀ ਤਿਆਰੀ ਕਰ ਰਿਹਾ ਸੀ, ਉਸ ਕੋਲ ਹੋਰ ਕੋਈ ਸਮਾਨ ਤਾਂ ਹੈ ਹੀ ਨਹੀਂ ਸੀ, ਇੱਕ ਗੀਤਾ ਹੀ ਸੀ। ਉਸ ਨੇ ਉਹ ਗੀਤਾ ਆਪਣੇ ਦੋਸਤ, ਸਾਧੂ (ਜੋ ਜੰਗਲ ਵਿੱਚ ਝੌਂਪੜੀ ਬਣਾ ਕੇ ਰਹਿੰਦਾ ਸੀ) ਕੋਲ ਰੱਖ ਦਿੱਤੀ ਅਤੇ ਤੀਰਥ-ਯਾਤਰਾ ਤੇ ਚਲੇ ਗਿਆ। ਜੰਗਲ ਵਾਲੇ ਸਾਧੂ ਨੇ ਦੂਸਰੇ ਦਿਨ ਵੇਖਿਆ ਕਿ ਝੌਂਪੜੀ ਵਿੱਚ ਤਾਂ ਚੂਹੇ ਹਨ। (ਜਿਨ੍ਹਾਂ ਨੂੰ ਵੇਖਣ ਦੀ ਉਸ ਨੂੰ ਕਦੀ ਲੋੜ ਹੀ ਨਹੀਂ ਪਈ ਸੀ) ਇਹ ਸੋਚ ਕੇ ਕਿ ਚੂਹੇ ਤਾਂ ਗੀਤਾ ਨੂੰ ਕੁਤਰ ਦੇਣਗੇ, ਉਹ ਗੀਤਾ ਦੀ ਹਿਫਾਜ਼ਤ ਲਈ ਇੱਕ ਬਿੱਲੀ ਲੈ ਆਇਆ। ਦੋ ਚਾਰ ਦਿਨ ਮਗਰੋਂ ਉਸ ਨੇ ਮਹਿਸੂਸ ਕੀਤਾ ਕਿ ਬਿੱਲੀ ਤਾਂ ਖੁਰਾਕ ਖੁਣੋਂ ਦੁਬਲੀ ਹੋ ਰਹੀ ਹੈ, ਉਸ ਨੇ ਬਿੱਲੀ ਨੂੰ ਦੁੱਧ ਪਿਲਾਉਣ ਲਈ ਇੱਕ ਬੱਕਰੀ ਪਾਲ ਲਈ। ਬੱਕਰੀ ਅਕਸਰ ਹੀ ਮੈਂ-ਮੈਂ ਕਰਦੀ ਸੀ, ਜਿਸ ਨੂੰ ਸੁਣ ਕੇ ਲੱਕੜ-ਬੱਗੇ ਆਦਿ ਸ਼ਿਕਾਰੀ ਜਾਨਵਰ, ਝੌਂਪੜੀ ਦੇ ਚੱਕਰ ਲਾਉਣ ਲੱਗੇ। ਉਨ੍ਹਾਂ ਤੋਂ ਬੱਕਰੀ ਨੂੰ ਬਚਾਉਣ ਲਈ, ਸਾਧੂ ਕੁਤਿਆਂ ਦਾ ਜੋੜਾ ਲੈ ਆਇਆ। ਇਵੇਂ ਕੁੱਝ ਮਹੀਨਿਆਂ ਵਿੱਚ ਬਿੱਲੀ, ਬੱਕਰੀ ਅਤੇ ਕੁਤਿਆਂ ਦੇ ਬੱਚਿਆਂ ਦੀ ਰੇਲ-ਪੇਲ ਹੋ ਗਈ।

ਜਦ ਤੀਰਥ ਯਾਤਰਾ ਤੇ ਗਿਆ ਬ੍ਰਾਹਮਣ ਮੁੜ ਕੇ ਆਇਆ ਤਾਂ ਰੌਣਕ ਵੇਖ ਕੇ ਉਸ ਨੇ ਆਪਣੇ ਦੋਸਤ ਨੂੰ ਕਿਹਾ ਯਾਰ ਤੂੰ ਤਾਂ ਬੜਾ ਪਸਾਰਾ ਪਸਾਰ ਲਿਆ ਹੈ ਕੁਟੀਆ ਵਾਲਾ ਸਾਧੂ ਬੋਲਿਆ ਨਹੀਂ ਯਾਰ ਮੈਂ ਕੀ ਪਸਾਰਾ ਪਸਾਰਨਾ ਸੀ, ਇਹ ਤਾਂ ਤੇਰੀ ਗੀਤਾ ਪਸਰੀ ਪਈ ਹੈ। ਇਵੇਂ ਹੀ ਜਿਨ੍ਹਾਂ ਬੰਦਿਆਂ ਨੂੰ ਰੱਬ ਤੇ ਭਰੋਸਾ ਨਹੀਂ ਹੁੰਦਾ, ਉਨ੍ਹਾਂ ਦੀ, ਰੰਗ-ਰੰਗ ਦੀਆਂ ਚੀਜ਼ਾਂ ਤੇ ਕਾਇਮ ਕੀਤੀ ਸ਼ਰਧਾ, ਅਜਿਹਾ ਪਸਰਦੀ ਹੈ ਕਿ ਉਸ ਦਾ ਕੋਈ ਅੰਤ-ਬੰਨਾ ਨਹੀਂ ਰਹਿੰਦਾ। ਅਜਿਹੇ ਪਸਾਰੇ ਦੇ ਜਾਲ ਵਿੱਚ ਅੱਜ ਪੁਜਾਰੀਆਂ ਨੇ, ਸਿੱਖਾਂ ਨੂੰ ਫਸਾ ਰੱਖਿਆ ਹੈ।

ਅਜੇ ਵੀ ਵੇਲਾ ਹੈ, ਸਿੱਖਾਂ ਦੇ ਸੰਭਲਣ ਦਾ। ਗੁਰ ਸ਼ਬਦ ਨੂੰ ਵਿਚਾਰ ਕੇ ਉਸ ਤੋਂ ਮਿਲੇ ਗਿਆਨ ਅਨੁਸਾਰ ਜੀਵਨ ਢਾਲ ਕੇ, ਪਰਮਾਤਮਾ ਨਾਲ ਮਿਲਾਪ ਦਾ ਉਪਰਾਲਾ ਕਰਨ ਦਾ। ਜਿਸ ਦੇ ਆਸਰੇ, ਸਹੀ ਅਰਥਾਂ ਵਿੱਚ ਜੀਵਨ ਸਫਲਾ ਹੋ ਸਕਦਾ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top