Share on Facebook

Main News Page

ਗੁਰੂ ਦੀ ਮੰਨੀਏ ਜਾਂ ਪੰਥ ਦੀ?

ਇਹ ਸਵਾਲ ਸਾਹਮਣੇ ਆਉਂਦੇ ਹੀ ਜ਼ਿਆਦਾਤਰ ਸਿੱਖਾਂ ਦਾ ਸਹਿਜੇ ਹੀ ਜਵਾਬ ਹੋਵੇਗਾ ਕਿ ਪੰਥ ਵੀ ਤਾਂ ਗੁਰੂ ਹੀ ਹੈ ਪਰ ਇਹ ਧਾਰਨਾ ਨਿਰਮੂਲ ਹੈ। ਪੰਥ ਨਾ ਤਾਂ ਕਦੀ ਗੁਰੂ ਸੀ, ਨਾ ਹੀ ਹੋ ਸਕਦਾ ਹੈ। ਗੁਰੂ ਤਾਂ ਸੰਪੂਰਨ ਹੁੰਦਾ ਹੈ, ਜੋ ਕਦੀ ਗਲਤ ਨਹੀਂ ਹੁੰਦਾ। ਇਸ ਪੰਥ ਦੇ ਅਨੇਕਾਂ ਵਾਰ ਸੱਚ (ਦੇ ਰਾਹ) ਤੋਂ ਭਟਕ ਜਾਣ ਦੇ ਹਵਾਲੇ ਇਤਿਹਾਸ ਵਿਚ ਮਿਲਦੇ ਹਨ। ਇਸ ਦਾ ਅਸਲ ਨਾਂ ਗੁਰੂ ਦਾ ਪੰਥ (ਗੁਰੂ ਦੀ ਰਾਹ ਤੇ ਤੁਰਨ ਵਾਲਿਆਂ ਦਾ ਸਮੂਹ) ਸੀ, ਜੋ ਜਾਣੇ-ਅਨਜਾਣੇ ਜਾਂ ਸਾਜਿਸ਼ ਅਧੀਨ ਹੋਲੀ-ਹੋਲੀ ਗੁਰੂ ਪੰਥ ਪ੍ਰਚਾਰ ਦਿੱਤਾ ਗਿਆ।

ਗੁਰੂ (ਸੱਚ ਦਾ ਗਿਆਨ) ਸਾਨੂੰ ਸੇਧ ਦਿੰਦਾ ਹੈ ਕਿ ਅਸੀਂ ਸੱਚ ਦੀ ਬਾਣੀ ਨਾਲ ਹੀ ਜੁੜਨਾ ਹੈ। ਸੱਚ ਦੀ ਬਾਣੀ ਤੋਂ ਸਿਵਾ ਹੋਰ ਕਿਸੇ ਰਚਨਾ ਨਾਲ ਜੁੜਨ ਵਾਲੇ ਕੱਚੇ ਹਨ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਪੰਨਾ 920)

ਦਸਾਂ ਪਾਤਸ਼ਾਹੀਆਂ ਨੇ ਸੱਚ ਦੀ ਬਾਣੀ ਨੂੰ ਸਮੁੱਚੀ ਮਨੁੱਖਤਾ ਦੀ ਸੇਧ ਲਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਸਾਡੇ ਸਾਹਮਣੇ ਰੱਖਿਆ। 1708 ਵਿਚ ਆਪਣੇ ਆਖਰੀ ਸਮੇਂ ਦਸਮ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਸੇਧ ਦਿੱਤੀ ਕਿ ਅਸੀਂ ਇਸੇ ਦੀ ਤਾਬਿਆ ਰਹਿੰਦੇ ਹੋਏ, ਇਸ ਵਿਚਲੇ ਸੁਨੇਹੇ ਨੂੰ ਸਮੁੱਚੀ ਲੋਕਾਈ ਤੱਕ ਪਹੁੰਚਾਉਣ ਦਾ ਜਤਨ ਕਰਨਾ ਹੈ। ਅਫਸੋਸ! ਸਮੇਂ ਨਾਲ ਪੰਥ ਆਪ ਹੀ ਇਸ ਮਾਰਗ ਤੋਂ ਭਟਕ ਗਿਆ। ਨਾਨਕ ਸਰੂਪਾਂ ਵੱਲੋਂ ਦਰਸਾਏ ਗੁਰੂ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਤੋਂ ਇਲਾਵਾ ਇਹ ਇਕ ਹੋਰ ਗ੍ਰੰਥ ਨਾਲ ਜੁੜਨ ਲੱਗ ਪਿਆ, ਜਿਸ ਦਾ ਨਾਂ ਸੀ ਬਚਿਤ੍ਰ ਨਾਟਕ (ਹੁਣ ਅਖੌਤੀ ਦਸਮ ਗ੍ਰੰਥ)। ਹੋਲੀ-ਹੋਲੀ ਇਸ ਕੂੜ ਦੇ ਪੋਥੇ (ਦਸਮ ਗ੍ਰੰਥ) ਦੀਆਂ ਕੱਚੀਆਂ ਰਚਨਾਵਾਂ ਪੰਥਕ ਨਿਤਨੇਮ (ਅਤੇ ਖੰਡੇ ਦੀ ਪਾਹੁਲ) ਦਾ ਹਿੱਸਾ ਬਣਾ ਦਿੱਤੀਆਂ ਗਈਆਂ। ਜਿਵੇਂ-ਜਿਵੇਂ ਇਸ ਗ੍ਰੰਥ ਦਾ ਕਾਲਾ ਸਾਇਆ ਪੰਥ ਤੇ ਵੱਧਦਾ ਗਿਆ, ਤਿਵੇਂ-ਤਿਵੇਂ ਇਹ ਸੱਚ ਦੇ ਰਾਹ ਤੋਂ ਹੋਰ ਭਟਕਦਾ ਗਿਆ। ਨਤੀਜਤਨ ਸਿੱਖ ਸਮਾਜ ਵਿਚ ਸਤੀ ਪ੍ਰਥਾ ਦੀ ਰਸਮ ਅਤੇ ਗੁਰਧਾਮਾਂ ਵਿਚ ਮੁਰਤੀ ਪੂਜਾ ਆਦਿ-ਆਦਿ ਆਰੰਭ ਹੋ ਗਏ ਸਨ।

19ਵੀਂ ਸਦੀ ਦੇ ਆਖੀਰ ਵਿਚ ਸ਼ੁਰੂ ਹੋਈ ਗੁਰਮਤਿ ਜਾਗਰਨ ਲਹਿਰ (ਸਿੰਘ ਸਭਾ ਲਹਿਰ) ਨੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਜ਼ੋਰ ਪਕੜਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਅਨੇਕਾਂ ਕੁਰੀਤੀਆਂ ਖਤਮ ਹੋਣ ਲੱਗ ਪਈਆਂ। ਇਸ ਸੁਧਾਰ ਲਹਿਰ ਦਾ ਸਿਖਰ ਸਿੱਖ ਰਹਿਤ ਮਰਿਯਾਦਾ ਦਾ ਖਰੜਾ ਤਿਆਰ ਹੋਣਾ ਸੀ। ਇਹ ਸਮਾਂ ਬਹੁਤ ਹੀ ਨਾਜ਼ੁਕ ਸੀ ਅਤੇ ਇਸ ਸਮੇਂ ਸਿਧਾਂਤਕ ਦ੍ਰਿੜਤਾ ਤੇ ਪਹਿਰਾ ਦੇਣ ਦੀ ਬੇਹੱਦ ਜ਼ਰੂਰਤ ਸੀ ਪਰ ਅਫਸੋਸ! ਪੰਥ ਵਿਚਲੀ ਸੰਪਰਦਾਈ ਅਤੇ ਧੜੇਬੰਦਕ ਸੋਚ ਕਾਰਨ ਰਹਿਤ ਮਰਿਯਾਦਾ ਤਿਆਰ ਕਰਨ ਵੇਲੇ ਨਿਰੋਲ ਸਿਧਾਂਤ ਦਾ ਪੱਲਾ ਫੜਨ ਦੀ ਥਾਂ ਮਝੌਤਾਵਾਦੀ ਪਹੁੰਚ ਦਾ ਸਹਾਰਾ ਲਿਆ ਗਿਆ। ਇਸ ਕਾਰਨ ਜਿੱਥੇ ਇਸ ਮਰਿਯਾਦਾ ਵਿਚ ਅਨੇਕਾਂ ਪ੍ਰਚਲਿਤ ਕਰਮਕਾਂਡਾਂ ਦਾ ਖੰਡਨ ਕੀਤਾ ਗਿਆ, ਉੱਥੇ ਨਾਲ ਹੀ ਅਨੇਕਾਂ ਗੁਰਮਤਿ ਵਿਰੋਧੀ ਧਾਰਾਵਾਂ ਵੀ ਇਸ ਦਾ ਹਿੱਸਾ ਬਣ ਗਈਆਂ। ਖਾਸਕਰ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਪੰਥਕ ਨਿਤਨੇਮ ਦਾ ਹਿੱਸਾ ਬਣਾਈਆਂ ਗਈਆਂ। ਇਸੇ ਸਮਝੌਤਾਵਾਦੀ ਰੁੱਖ਼ ਕਾਰਨ ਕੁਝ ਸਮੇਂ ਬਾਅਦ (1945 ਵਿਚ) ਰਾਗਮਾਲਾ ਨੂੰ ਵੀ ਮਾਨਤਾ ਦੇਣ ਦਾ ਨਾਜਾਇਜ਼ ਕਦਮ ਚੁੱਕਿਆ ਗਿਆ।

ਉਸ ਫੈਸਲੇ ਨੂੰ ਲਗਭਗ 70 ਸਾਲ ਬੀਤ ਚੁੱਕੇ ਹਨ। ਕੌਮ ਵਿਚ ਪਹਿਲਾਂ ਤੋਂ ਕਾਫੀ ਵੱਧ ਜਾਗ੍ਰਿਤੀ ਆ ਚੁੱਕੀ ਹੈ। ਅੱਜ ਦੇ ਸਮੇਂ ਵਿਚ ਲਗਭਗ ਹਰ ਸੁਚੇਤ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਖਾਮੀਆਂ ਨੂੰ ਪਛਾਣ ਚੁੱਕਾ ਹੈ। ਪਰ ਹਾਲੀ ਵੀ ਕਈਂ ਸੁਚੇਤ ਪੰਥਦਰਦੀ ਸਖਸ਼ੀਅਤਾਂ ਅਤੇ ਧਿਰਾਂ ਇਹ ਹੌਕਾ ਦੇ ਰਹੀਆਂ ਹਨ ਕਿ ਪੰਥ ਪ੍ਰਵਾਣਿਕਤਾ (ਰਹਿਤ ਮਰਿਯਾਦਾ) ਦੇ ਨਾਂ ਤੇ ਅਸੀਂ ਇਹ ਖਾਮੀਆਂ ਮੰਨੀ ਚਲੀਏ ਅਤੇ ਇਸ ਵਿਚ ਸੁਧਾਰ ਕਰਨ ਦੀ ਗੱਲ ਨਾ ਕਰੀਏ। ਹਰ ਇਕ ਜਾਗਰੂਕ ਸਿੱਖ (ਸਖਸ਼ੀਅਤ ਅਤੇ ਧਿਰ) ਨੂੰ ਇਹ ਸਵੈਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਖਾਮੀਆਂ ਦਾ ਸੁਧਾਰ ਕਰਕੇ ਪੰਥ ਨੂੰ ਸਹੀ ਦਿਸ਼ਾ ਵੱਲ ਤੋਰਨ ਦਾ ਜਤਨ ਕਰਨਾ ਹੈ ਜਾਂ ਪੰਥ ਪ੍ਰਵਾਣਿਕਤਾ ਦੇ ਨਾਂ ਤੇ ਗੁਰੂ (ਸੱਚ ਦਾ ਗਿਆਨ) ਤੋਂ ਮੁੱਖ ਮੋੜੀ ਰੱਖਣਾ ਹੈ ? ਹਰ ਇਕ ਨੂੰ ਇਹ ਫੈਸਲਾ ਗੁਰਮਤਿ ਗਿਆਨ ਦੇ ਸਪਸ਼ਟ ਚਾਨਣ ਵਿਚ ਦ੍ਰਿੜ ਸੰਕਲਪ ਹੋ ਕੇ ਲੈਣਾ ਹੀ ਪੈਣਾ ਹੈ ਕਿ ਉਸ ਨੇ ਗੁਰੂ ਦੀ ਮੰਨਣੀ ਹੈ ਜਾਂ ਪੰਥ ਦੀ ?

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top