Share on Facebook

Main News Page

ਸਿਆਣਾ ਮਨੁੱਖ

ਸਾਡੀ ਨਜ਼ਰੇ ਸਿਆਣਾ ਮਨੁੱਖ ਉਹ ਹੈ ਜੋ  ਦੁਨਿਆਵੀ ਤੌਰ ਉਪਰ ਬਹੁਤ ਚਲਾਕ ਹੋਵੇ।ਜਿਸ ਨੂੰ ਮਾਇਆ ਕਮਾਉਣ ਦੇ ਜਾਇਜ਼-ਨਜਾਇਜ਼ ਤਰੀਕੇ ਆਉਂਦੇ ਹੋਣ,ਆਪਣਾ ਕਾਰੋਬਾਰ ਵਧਾ ਸਕੇ, ਧਨ ਜਾਇਦਾਦ ਜਿਸ ਕੋਲ ਬਹੁਤ ਹੋਵੇ, ਰਾਜ ਦਰਬਾਰੇ ਜਿਸ ਦੀ ਪਹੁੰਚ ਹੋਵੇ।ਕਿਸੇ ਨਾ ਕਿਸੇ ਕਿੱਤੇ ਦਾ ਮਾਹਿਰ ਹੋਵੇ ਉਸ ਨੂੰ ਲੋਕ ਸਿਆਣਾ ਆਖਦੇ ਹਨ। ਅਸੀਂ ਅਕਸਰ ਆਖਦੇ ਹਾਂ ਕਿ ਫਲਾਣਾ ਡਾਕਟਰ, ਫਲਾਣਾ ਮਿਸਤਰੀ ਬਹੁਤ ਸਿਆਣਾ ਹੈ। ਕਿਸੇ ਬਜੁਰਗ ਨੂੰ ਉਮਰ ਕਰ ਕੇ ਵੀ ਸਿਆਣਾ ਸਮਝਿਆ ਜਾਂਦਾ ਹੈ।

ਦੁਨੀਆਂ ਵਿੱਚ ਅਨੇਕਾਂ ਐਸੇ ਮਨੁੱਖ ਹੋਏ ਹਨ ਜਿਨ੍ਹਾਂ ਦੀ ਸਿਆਣਪ ਨਾਲ ਅਸੀਂ ਸੁਖ ਮਾਣ ਰਹੇ ਹਾਂ। ਸਿਆਣੇ ਡਾਕਟਰ ਹਨ, ਇੰਜੀਅਨਰ ਹਨ, ਸਾਇੰਸਦਾਨ ਹੋਏ ਹਨ ਜਿਨ੍ਹਾਂ ਦੀਆਂ ਖੋਜਾਂ ਦਾ ਅਸੀਂ ਲਾਭ ਉਠਾ ਰਹੇ ਹਾਂ। ਕੋਈ ਡਾਕਟਰ, ਇੰਜੀਅਨਰ ਜਾਂ ਸਾਇੰਸਦਾਨ ਆਪਣੇ ਕਿੱਤੇ ਦਾ ਤਾਂ ਮਾਹਿਰ ਹੋ ਸਕਦਾ ਹੈ, ਪਰੰਤੂ ਇਹ ਜ਼ਰੂਰੀ ਨਹੀਂ ਕਿ ਉਹ ਚੰਗਾ ਮਨੁੱਖ ਵੀ ਹੋਵੇ। ਅਨੇਕਾਂ ਐਸੇ ਡਾਕਟਰਾਂ ਦੇ ਕਿੱਸੇ ਸਾਹਮਣੇ ਆਏ ਹਨ, ਜੋ ਲੋਕਾਂ ਦੇ ਅੰਗ (ਬੋਦੇ ਫੳਰਟਸ) ਸਰਜਰੀ ਦੇ ਬਹਾਨੇ ਕੱਢ ਕੇ ਵੇਚ ਦਿੰਦੇ ਹਨ।ਇੰਜੀਅਨਰ ਠੇਕੇ ਲੈ ਕੇ ਘਟੀਆ ਕਿਸਮ ਦਾ ਸਮਾਨ ਲਗਾ ਦਿੰਦੇ ਹਨ, ਜੋ ਲੋਕਾਈ ਲਈ ਨੁਕਸਾਨ-ਦੇਹ ਸਾਬਿਤ ਹੁੰਦਾ ਹੈ। ਸਾਇੰਸਦਾਨਾਂ ਨੇ ਹੀ ਖਤਰਨਾਕ ਹਥਿਆਰ, ਐਟਮ ਬੰਬ ਵੀ ਬਣਾਏ ਹਨ।

ਗੁਰਮਤਿ ਨੇ ਅਸਲੀ ਸਿਆਣੇ ਮਨੁੱਖ ਦੀ ਤਸਵੀਰ ਸਾਡੇ ਸਾਹਮਣੇ ਰੱਖੀ ਹੈ। ਗੁਰਮਤਿ ਮਨੁੱਖ ਦੀ ਜਿੰਦਗੀ ਦਾ ਹਰ ਪੱਖ ਸੰਵਾਰਨ ਦੀ ਗੱਲ ਕਰਦੀ ਹੈ। ਜਿਵੇਂ:

ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥1॥ ਰਹਾਉ ॥ (ਗਉੜੀ ਬੈਰਾਗਣਿ ਮਹਲਾ 4 ॥) (168)
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ ਆਸਾ ਮਹਲਾ ੪ ॥ (450)
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥ ਮਾਝ ਮਹਲਾ ੫ ॥ (108)
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥ ਥਿਤੀ ਗਉੜੀ ਮਹਲਾ ੫ ॥ (297)

ਸਿਆਣਾ ਉਹ ਹੈ ਜਿਸ ਨੂੰ ਪਰਮਾਤਮਾ ਦਾ ਹੁਕਮ (ਰਜ਼ਾ) ਮਿੱਠਾ ਲਗਦਾ ਹੈ।ਜੋ ਦੁਨੀਆਂ ਦੀ ਰਜ਼ਾ (ਮਰਜ਼ੀ) ਅਨੁਸਾਰ ਨਹੀਂ ਚਲਦਾ, ਪ੍ਰਮਾਤਮਾ ਦੇ ਨਿਯਮ ਅਨੁਸਾਰ ਚਲਦਾ ਹੈ ਉਹ ਅਸਲ  ਵਿਚ ਸਿਆਣਾ ਹੈ।
ਤਾਂ ਤੇ ਅਸੀਂ ਵੀ ਗੁਰੁ ਦੀ ਮੱਤ ਲੈ ਕੇ ਐਸੇ ਸਿਆਣੇ ਮਨੁੱਖ ਬਨਣਾ ਹੈ ਤਾਂ ਕਿ ਦੂਸਰਿਆਂ ਦਾ ਤੇ ਆਪਣਾ ਭਲਾ ਹੋ ਸਕੇ। ਇਹ ਸੰਸਾਰ ਬੇਗਮਪੁਰਾ ਬਣ ਸਕੇ।

ਗੁਰਮੀਤ ਸਿੰਘ ਮਿਸ਼ਨਰੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top