Share on Facebook

Main News Page

ਅੰਮ੍ਰਿਤ ਛਕਾਉਣ ਲੱਗੇ, ਮਿੱਠੇ ਪਾਣੀ ਦੇ ਛਿੱਟੇ ਅੱਖਾਂ ਜਾਂ ਕੇਸਾਂ ਵਿੱਚ ਪਾਉਣਾ!

ਅੰਮ੍ਰਿਤ ਛਕਣਾ? ਪਹਿਲਾਂ ਤਾਂ ਸਾਨੂੰ ਆਮ ਵਰਤੇ ਜਾਂਦੇ ਇਸ ਲਫ਼ਜ਼ ਨੂੰ ਹੀ ਸਹੀ ਕਰਨਾ ਪਵੇਗਾ ! ਇਹ ਅੰਮ੍ਰਿਤ ਛੱਕਣਾ ਨਹੀਂ ਪਾਹੁਲ ਲੈਣਾ ਜਾਂ ਛੱਕਣਾ ਹੈ.. ਗੁਰਮਤਿ ਅਨੁਸਾਰ ਕੋਈ ਵੀ ਵਸਤੂ (ਜਲ, ਪਤਾਸੇ, ਇਤਿਆਦ ਜਾਂ ਉਹਨਾਂ ਦਾ ਸੁਮੇਲ) ਸਦੀਵੀਂ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਕਦੇ ਵੀ ਨਹੀਂ ਹੋ ਸਕਦੇ ! ਖੁੱਦ ਗੁਰੂ ਗਰੰਥ ਸਾਹਿਬ ਜੋ ਸਾਡੀ ਸੁਪ੍ਰੀਮ ਅਥੋਰਿਟੀ ਹਨ ਇਸ ਬਾਰੇ ਇਓਂ ਕਹਿੰਦੇ ਹਨ ਕਿ:

ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪ੍ਰਸਾਦਿ॥ ਤਿਨੀ ਪੀਤਾ ਰੰਗਿ ਸਿਉ ਜਿਨਿ ਕਉ ਲਿਖਿਆ ਆਦਿ॥ (ਮ: ੨; ਪੰਨਾ:1238)

ਭਾਵ: ਸਮੁੱਚੀ ਸ੍ਰਿਸ਼ਟੀ ਵਿੱਚ ਅਨਾਦਿ ਪ੍ਰਭੁ ਦੇ ਵਰਤਦੇ ਅਗੰਮੀ ਹੁਕਮ ਦਾ ਅਨੁਭਵ (ਅਰਥਾਤ ਨਾਮ) ਹੀ ਇੱਕੋ ਇੱਕ ਅੰਮ੍ਰਿਤ ਹੈ..

ਪਾਹੁਲ ਲੈਣਾ ਸਿਰਫ਼ ਤੇ ਸਿਰਫ਼ ਸਿੱਖੀ ਵਿੱਚ ਰਸਮੀ ਸ਼ੁਰੂਆਤ (Formal Initiation) ਦੀ ਵਿਧੀ ਭਰ ਹੈ, ਨਾ ਘੱਟ ਨਾ ਵੱਧ; ਬਿਲਕੁਲ ਉਸੇ ਤਰ੍ਹਾਂ ਜਿਵੇਂ ਦਾਖਲਾ ਫ਼ਾਰਮ ਭਰਨਾ ਕਿਸੇ ਸਕੂਲ ਜਾਂ ਵਿਦਿਅਕ ਅਦਾਰੇ 'ਚ ਪੜ੍ਹਾਈ ਸ਼ੁਰੂ ਕਰਨ ਦੀ ਵਿਧੀ ਭਰ ਹੈ.. ਬਿਨਾਂ ਸ਼ਕ਼ ਦਾਖਲਾ ਫ਼ਾਰਮ ਭਰੇ ਬਿਨਾ ਕਿਸੇ ਵਿਦਿਅਕ ਅਦਾਰੇ 'ਚ ਦਾਖਲਾ ਅਸੰਭਵ ਹੈ, ਪਰ ਕੇਵਲ ਇੱਕ ਦਾਖਲਾ ਫ਼ਾਰਮ ਭਰਨਾ ਹੀ ਆਪਨੇ ਆਪ ਵਿੱਚ ਸਾਰੀ ਪੜ੍ਹਾਈ ਕਦੇ ਵੀ ਨਹੀਂ ਹੋ ਸਕਦੀ, ਜਿਸਦੇ ਬਦਲੇ ਸਾਨੂੰ ਵਿਦਿਅਕ ਅਦਾਰੇ 'ਚੋਂ ਪਾਸ ਹੋਣ ਦਾ ਸਰਟੀਫ਼ਿਕੇਟ ਮਿਲ ਜਾਵੇ| ਬਿਲਕੁਲ ਇਸੇ ਤਰ੍ਹਾਂ ਸਿੱਖੀ ਦੇ ਜੀਵਨ ਸਕੂਲ 'ਚ ਗੁਰਬਾਣੀ ਆਸ਼ੇ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੀ ਸਿੱਖ ਦੀ ਜੀਵਨ ਪੜ੍ਹਾਈ ਹੈ, ਦਾਖਲਾ ਫ਼ਾਰਮ ਸਿਰਫ਼ ਉਸਨੂੰ ਸ਼ੁਰੂ ਕਰਨ ਦਾ ਪ੍ਰਣ ਮਾਤਰ ਹੈ !

ਹੁਣ ਰਹੀ ਗੱਲ ਪਤਾਸਿਆਂ ਵਾਲੇ ਮਿੱਠੇ ਪਾਣੀ ਨੂੰ ਸਿਰ, ਅੱਖਾਂ ਆਦਿ 'ਚ ਪਾਉਣ ਦੀ, ਤਾਂ ਇਹ ਅਗਿਆਨਤਾ ਜਾਂ ਬ੍ਰਾਹਮਣਵਾਦ ਤੋਂ ਵੱਧ ਹੋਰ ਕੁੱਝ ਵੀ ਨਹੀਂ ! ਮਿੱਠੇ ਪਾਣੀ ਨੂੰ ਕੇਸਾਂ ਵਿੱਚ ਪਾਣਾ ਮੇਰੀ ਜਾਚੇ ਤਾਂ ਸਿੱਖੀ ਦੀ ਅਮੁੱਲ ਨਿਸ਼ਾਨੀ ਕੇਸਾਂ ਦੀ ਸਿੱਧੀ ਬੇਅਦਬੀ ਹੀ ਹੈ! ਸਿਰ ਦੇ ਵਾਲਾਂ ਨੂੰ ਮਿੱਠੇ ਪਾਣੀ ਨਾਲ ਗਿੱਲਾ ਕਰ ਕੇ ਅਸੀਂ ਹੋਰ ਕੁੱਝ ਨਹੀਂ ਸਿਰਫ਼ ਆਪਣੀ ਜ਼ਹਾਲਤ ਦਾ ਹੀ ਸਬੂਤ ਦਿੰਦੇ ਹਾਂ... ਸਿੱਖੀ ਵਿੱਚ ਅਰੰਭਤਾ (Initiation) ਬਿਨ੍ਹਾਂ ਇਸ ਜ਼ਹਾਲਤ ਦੇ ਵੀ ਹੋ ਸਕਦੀ ਹੈ !

ਪਾਹੁਲ ਸਿੱਖੀ ਵਿੱਚ ਇੱਕ ਬਹੁਤ ਵੱਡਾ ਬਿੰਬਾਤਮਿਕ (Symbolic) ਅਰਥ ਰੱਖਦਾ ਹੈ, ਕਿ ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਗੁਰਮਤਿ ਅਨੁਸਾਰ ਵਿਚਰਨ ਦਾ ਯਤਨ ਕਰਾਂਗੇ; ਜੀਵਨ ਦੇ ਹਰ ਪਲ ਹਰ ਖਿਨ ਵਿੱਚ ਸ਼ਬਦ ਗੁਰੂ ਨੂੰ ਢਾਲਾਂਗੇ | ਇੱਕ ਬਾਟੇ 'ਚੋਂ ਪਾਹੁਲ ਛੱਕਣਾ ਵੀ ਇੱਕ ਬਿੰਬ ਹੈ ਕਿ ਅਸੀਂ ਅੱਜ ਤੋਂ ਆਪਣੇ ਪਿੱਛਲੇ ਜਾਤ, ਕੁਲ ਤੇ ਧਰਮ ਨਾਸ਼ ਜਾਣ ਕੇ ਇੱਕੋ ਇੱਕ ਸਰਬ ਸਾਂਝੀ ਗੁਰਮਤਿ ਅਨੁਸਾਰੀ ਮਨੁੱਖੀ ਬਿਰਾਦਰੀ 'ਚ ਸ਼ਾਮਿਲ ਹੋਣ ਦੀ ਸ਼ੁਰੂਆਤ ਕਰਦੇ ਹਾਂ... ਇਸ ਅਰਥ ਨੂੰ ਹਮੇਸ਼ਾ ਚਿਤ ਵਿੱਚ ਟਿਕਾ ਕੇ ਰੱਖਣ ਦੀ ਲੋੜ੍ਹ ਹੈ, ਤਾਂ ਹੀ ਸਾਡਾ ਪਾਹੁਲ ਲੈਣਾ ਸਾਰਥਿਕ ਹੈ, ਨਹੀਂ ਤਾਂ ਇਸਦੇ ਕੋਈ ਵੀ ਅਰਥ ਬਾਕੀ ਨਹੀਂ ਬਚਦੇ !

ਪਰ ਰਲੇਵਾਂ ਇੰਨਾ ਜ਼ਿਆਦਾ ਪੈ ਚੁਕਾ ਹੈ ਕਿ ਜੇ ਕੋਈ ਵੀ ਇਸ ਅਮਰਵੇਲ ਵਾਂਗ ਵਧੀ ਅੰਧਵਿਸ਼ਵਾਸ ਤੇ ਬ੍ਰਾਹਮਣਵਾਦ ਦੀ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਗੋਲ ਪਗੜੀਆਂ, ਲੰਮੇ ਚੋਲਿਆਂ ਤੇ ਨੰਗੀ ਲੱਤਾਂ ਦਾ ਪ੍ਰਦਰਸ਼ਨ ਕਰਨ ਵਾਲੇ ਸਿੱਖ-ਭੇਖਧਾਰੀ ਬ੍ਰਾਹਮਣ ਇੱਕੋ ਪਲ ਵਿੱਚ ਉਸੇ ਦਾ ਹੀ ਸੋਧਾ ਲਾਣ ਦਾ ਹੁਕਮ ਜਾਰੀ ਕਰ ਦੇਂਦੇ ਹਨ !

ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top