![]() |
Share on Facebook | |||
ੴਸਤਿਗੁਰਪ੍ਰਸਾਦਿ ॥ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ (ਕਿਸ਼ਤ ਤੀਸਰੀ) ਕਦੋਂ ਤੋਂ ਹੋਂਦ ਵਿੱਚ ਆਇਆ ਅਖੌਤੀ ਜਥੇਦਾਰ ਦਾ ਅਹੁਦਾ? ‘ਹੁਕਮਨਾਮੇ ਆਦੇਸ਼ ਸੰਦੇਸ਼...ਸ੍ਰੀ ਅਕਾਲ ਤਖ਼ਤ ਸਾਹਿਬ’ ਪੁਸਤਕ ਵਿੱਚ ਇਸ ਦੇ ਕਰਤਾ ਸ੍ਰ. ਰੂਪ ਸਿੰਘ ਨੇ ਜੋ ਪਹਿਲਾ ਹੁਕਮਨਾਮਾ ਪੰਨਾ 63 ਤੇ ਛਾਪਿਆ ਹੈ, 18 ਮਾਰਚ 1887 ਈ: ਦਾ ਸਿੰਘ ਸਭਾ ਲਹਿਰ ਦੇ ਮੁਖੀਆਂ ‘ਚੋਂ ਇਕ ਪਮੁਖ ਸ਼ਕਸੀਅਤ ਸ੍ਰ. ਗੁਰਮੁਖ ਸਿੰਘ ਵਿਰੁਧ ਹੈ। ਇਕ ਗੱਲ ਤਾਂ ਇਹ ਨੋਟ ਕਰਨ ਵਾਲੀ ਹੈ ਕਿ ਇਸ ਵਿੱਚ ਅਕਾਲ ਤਖ਼ਤ ਨਹੀਂ ਬਲਕਿ ਅਕਾਲ ਬੁੰਗਾ ਸ਼ਬਦ ਆਇਆ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਵੇਲੇ ਤੱਕ ਇਸ ਇਮਾਰਤ ਨੂੰ ਅਕਾਲ ਬੁੰਗਾ ਹੀ ਆਖਿਆ ਜਾਂਦਾ ਸੀ। ਇਸ ਵਿੱਚ ਦਸਤਖਤ ਕਰਨ ਵਾਲਿਆਂ ਦਾ ਵੇਰਵਾ ਇੰਜ ਹੈ: ਦਸਤਖ਼ਤ ਹਾਜ਼ਰੀਨ ਸਿੰਘਾਨ ਉਹਦੇਦਾਰਾਨ ਵ ਗ੍ਰੰਥੀਆਨ ਵ ਪੁਜਾਰੀਆਨ: ਸਰਦਾਰ ਮਾਨ ਸਿੰਘ ਸਰਬਰਾਹ ਗੁਰਦਵਾਰੇ ਸਾਹਿਬਾਨ, ਸ: ਕਾਨ੍ਹ ਸਿੰਘ ਮਜੀਠੀਆ ਰਈਸ, ਭਾਈ ਹਰਨਾਮ ਸਿੰਘ ਗ੍ਰੰਥੀ ਦਰਬਾਰ ਸਾਹਿਬ, ਭਾਈ ਗੁਲਾਬ ਸਿੰਘ ਮਹੰਤ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਤੇਜ ਸਿੰਘ ਮੁਹਤਮਿਮ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਜਵਾਹਰ ਸਿੰਘ ਮੁਹਤਮਿਮ ਸ੍ਰੀ ਅਕਾਲ ਬੁੰਗਾ ਸਾਹਿਬ, ਭਾਈ ਪ੍ਰਤਾਪ ਸਿੰਘ, ਸੁੰਦਰ ਸਿੰਘ, ਸ਼ੇਰ ਸਿੰਘ, ਭਾਈ ਕਰਮ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ, ਸਰਦਾਰ ਜਸਵੰਤ ਸਿੰਘ ਪੁਜਾਰੀ ਸ੍ਰੀ ਦਰਬਾਰ ਸਾਹਿਬ, ਠਾਕੁਰ ਸਿੰਘ ਪੁਜਾਰੀ, ਭਾਈ ਦੇਵਾ ਸਿੰਘ ਧੂਪੀਆ, ਭਾਈ ਮੁਲਤਾਨਾ ਸਿੰਘ, ਭਾਈ ਸੰਤਾ ਸਿੰਘ ਪੁਜਾਰੀ, ਭਾਈ ਹਰਦਿੱਤ ਸਿੰਘ ਅਰਦਾਸੀਆ, ਭਾਈ ਮਹਾ ਸਿੰਘ, ਭਾਈ ਟੇਕ ਸਿੰਘ ਪੱਤੀਦਾਰ ਅਕਾਲ ਬੁੰਗੀਆ, ਚੰਚਲ ਸਿੰਘ, ਪ੍ਰੇਮ ਸਿੰਘ ਅਕਾਲ ਬੁੰਗੀਆ ਪੱਤੀਦਾਰ, ਗੁਲਾਬ ਸਿੰਘ ਪੁਜਾਰੀ ਸ੍ਰੀ ਦਰਬਾਰ ਸਾਹਿਬ, ਅਤਰ ਸਿੰਘ ਅਕਾਲ ਬੁੰਗੀਆ, ਭਾਈ ਨਾਰਾਇਣ ਸਿੰਘ ਨੰਬਰਦਾਰ ਬਾਬਾ ਅਟੱਲ ਰਾਇ ਸਾਹਿਬ ਜੀ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਬਾਬਾ ਅਟਲ ਰਾਇ ਜੀ ਦੇ ਸੁਖਈ, ਭਾਈ ਦਰਬਾਰਾ ਸਿੰਘ ਝੰਡੇ ਬੁੰਗੀਆ, ਭਾਈ ਕ੍ਰਿਪਾਲ ਸਿੰਘ ਝੰਡੇ ਬੁੰਗੀਆ, ਗੁਰਦਿੱਤ ਸਿੰਘ ਨਿਸ਼ਾਨਚੀ, ਭਾਈ ਸੰਤ ਸਿੰਘ ਨੰਬਰਦਾਰ, ਭਾਈ ਨਾਰਾਇਣ ਸਿੰਘ ਜੀ ਗ੍ਰੰਥੀ ਸ੍ਰੀ ਤਰਨਤਾਰਨ ਸਾਹਿਬ। ਪੰਨਾ 64 ਤੇ ਦੂਸਰਾ ਹੁਕਮਨਾਮਾ ਮਿਤੀ 12.10.1920 ਦਾ ਹੈ ਜਿਸ ਵਿੱਚ ਅਰੂੜ ਸਿੰਘ ਵਲੋਂ ਅੰਗਰੇਜ਼ ਸਰਕਾਰ ਨੂੰ ਖੁਸ਼ ਕਰਨ ਲਈ ਜਾਰੀ ਕੀਤੇ ਹੁਕਮਨਾਮੇ ਕਿ, “ਜਿਨ੍ਹਾਂ ਨੇ ਬਜ-ਬਜ ਘਾਟ ਤੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਅਤੇ ਮਾਰੇ ਗਏ ਉਹ ਸਿੱਖ ਨਹੀਂ ਹਨ”, ਨੂੰ ਰੱਦ ਕਰਨ ਬਾਰੇ ਹੈ। ਇਸ ਉੱਤੇ ਕਿਸੇ ਦੇ ਦਸਤਖ਼ਤ ਨਹੀਂ ਹਨ, ਪਰ ਇਸ ਦੀ ਪਹਿਲੀ ਪੰਕਤੀ, “ਅਕਾਲ ਤਖ਼ਤ ਸਾਹਿਬ ਤੇ ਸਜਿਆ ਖ਼ਾਲਸਾ ਜੀ ਦਾ ਇਹ ਦੀਵਾਨ ਪਾਸ ਕਰਦਾ ਹੈ” ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਪੰਥ ਵਲੋਂ ਗੁਰਮਤਿ ਅਨੁਸਾਰ ਕੀਤਾ ਗਿਆ ਗੁਰਮਤਾ ਹੈ। ਪੰਨਾ 65 ਤੇ ਤੀਸਰਾ ਹੁਕਮਨਾਮਾ 13.10.1920 ਦਾ, ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਪ੍ਰਤੀਨਿਧ ਪੰਥਕ ਕਮੇਟੀ ਚੁਨਣ ਵਾਸਤੇ ਹੈ। ਇਸ ਵਿੱਚ ਦਸਤਖ਼ਤ, ਡਾਕਟਰ ਗੁਰਬਖ਼ਸ਼ ਸਿੰਘ, ਸੇਵਕ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ, ਦੇ ਹਨ। ਇਹ ਤਾਂ ਇਤਿਹਾਸਕ ਸਚਾਈ ਹੈ ਕਿ ਡਾਕਟਰ ਗੁਰਬਖ਼ਸ਼ ਸਿੰਘ ਨਾ ਤਾਂ ਕਦੀ ਅਕਾਲ-ਤਖ਼ਤ ਸਾਹਿਬ ਦੇ ਸਰਬਰਾਹ ਰਹੇ ਅਤੇ ਨਾ ਹੀ ਅਖੌਤੀ ਜਥੇਦਾਰ। ਵੈਸੇ ਤਾਂ ਇਸ ਨੂੰ ਹੁਕਮਨਾਮਾ ਕਹਿਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ, ਕਿਉਂਕਿ ਮੂਲ ਰੂਪ ਵਿੱਚ ਇਹ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਮੇਟੀ ਚੁਣਨ ਦਾ ਸੱਦਾ ਪੱਤਰ ਹੈ ਅਤੇ ਸੱਦਾ ਪੱਤਰ ਭੇਜਣ ਵਾਲੇ ਡਾਕਟਰ ਗੁਰਬਖ਼ਸ਼ ਸਿੰਘ ਨੇ ਆਪਣੇ ਆਪ ਨੂੰ ਸੇਵਕ ਲਿਖਿਆ ਹੈ। ਉਪਰਲੇ ਤਿੰਨਾਂ ਹੁਕਮਨਾਮਿਆਂ ਵਿੱਚੋਂ ਕਿਸੇ ਤੇ ਵੀ ਕਿਸੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਸਤਖ਼ਤ ਨਹੀਂ ਅਤੇ ਨਾ ਹੀ ਕਿਸੇ ਅਖੌਤੀ ਜਥੇਦਾਰ ਦਾ ਕੋਈ ਜ਼ਿਕਰ ਹੈ, ਜਿਸ ਤੋਂ ਸਪਸ਼ਟ ਹੈ ਕਿ ਉਸ ਸਮੇਂ ਤੱਕ ਇਹ ਜਥੇਦਾਰ ਦਾ ਮੌਜੂਦਾ ਅਹੁਦਾ ਹੋਂਦ ਵਿੱਚ ਨਹੀਂ ਸੀ ਆਇਆ। ਕੌਮੀ ਪ੍ਰਬੰਧਕੀ ਕਾਰਜਾਂ ਵਾਸਤੇ ਅੱਜ ਸਿੱਖ ਕੌਮ ਦੇ ਦੋ ਬਹੁਤ ਮਹੱਤਵ ਪੂਰਨ ਦਸਤਾਵੇਜ਼ ਹਨ। ਪਹਿਲਾ ਹੈ ਸਿੱਖ ਗੁਰਦੁਆਰਾ ਐਕਟ ਅਤੇ ਦੂਸਰਾ ਸਿੱਖ ਰਹਿਤ ਮਰਿਆਦਾ। ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸੰਬੰਧਤ, ਸਾਰੇ ਮਸਲੇ ਅਤੇ ਸਿੱਖ ਕੌਮ ਦੇ ਸਾਰੇ ਧਾਰਮਿਕ ਕਾਰ ਵਿਹਾਰ, ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ਤੇ ਚਲਦੇ ਹਨ। ਅੱਜ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਸ਼੍ਰੋਮਣੀ ਕਮੇਟੀ ਇਕ ਲੰਬੇ ਜਦੋਜਹਿਦ ਅਤੇ ਬੇਅੰਤ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਅਤੇ ਇਸ ਸੰਸਥਾ ਨੂੰ ਕਾਇਮ ਕਰਨ ਲਈ ਸਮੇਂ ਦੀ ਸਰਕਾਰ ਵਲੋਂ ਜੋ ਵਿਧੀ ਵਿਧਾਨ ਤਿਆਰ ਕੀਤਾ ਗਿਆ, ਉਸੇ ਨੂੰ 1925 ਦਾ ਗੁਰਦੁਆਰਾ ਐਕਟ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਇਸ ਐਕਟ ਅਧੀਨ ਹੋਈ ਅਤੇ ਇਹ ਇਕ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਹੈ। ਸਿਧਾਂਤਕ ਅਤੇ ਅਮਲੀ ਤੌਰ ਤੇ ਇਸ ਦੇ ਸਾਰੇ ਕਾਰ ਵਿਹਾਰ ਇਸ ਐਕਟ ਅਨੁਸਾਰ ਹੀ ਹੋਣੇ ਚਾਹੀਦੇ ਹਨ। ਇਹ ਕਮੇਟੀ ਜਿੱਥੇ ਪੰਜਾਬ, ਹਰਿਆਣਾ,ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਹੈ, ਸਿੱਖ ਇਤਿਹਾਸਕ ਸਥਾਨ ਹੋਣ ਕਾਰਨ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ਦਾ ਪ੍ਰਬੰਧ ਵੀ ਇਸੇ ਅਧੀਨ ਆਉਂਦਾ ਹੈ। ਇਸ ਐਕਟ ਵਿੱਚ ਕਿਤੇ ਵੀ ਕੋਈ ਅਕਾਲ ਤਖ਼ਤ ਜਾਂ ਕਿਸੇ ਹੋਰ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਨਾਂ ਤੱਕ ਨਹੀਂ ਹੈ। ਹਾਂ ਇਸ ਦੇ ਭਾਗ 3, ਚੈਪਟਰ ੜੀ, ਧਾਰਾ 43.2 ਅਨੁਸਾਰ ਹੈਡ ਮਿਨਿਸਟਰ (੍ਹੲੳਦ ੰਨਿਸਿਟੲਰ) ਦਾ ਅਹੁਦਾ ਹੈ, ਅਤੇ ਅੰਗ੍ਰੇਜ਼ੀ ਨੇਮ ਅਨੁਸਾਰ ਇਸ ਦਾ ਅਰਥ ਹੈ, ਮੁੱਖ-ਪੁਜਾਰੀ। ਸ਼੍ਰੋਮਣੀ ਕਮੇਟੀ ਵਲੋਂ 1968 ਵਿੱਚ ਤਖ਼ਤ ਐਲਾਣੇ ਦਮਦਮਾ ਸਾਹਿਬ ਨੂੰ ਭਾਰਤ ਸਰਕਾਰ ਨੇ ਸੈਕਸ਼ਨ 43 ਅਧੀਨ ਮਾਨਤਾ, ਮਨਿਸਟਰੀ ਔਫ ਹੋਮ ਅਫੇਰਜ਼ ਦੇ ਮਿਤੀ 23 ਅਪ੍ਰੈਲ 1999 ਦੇ ਨੋਟੀਫਿਕੇਸ਼ਨ ਨੰ. ਐਸ. ਓ. 281(ਈ) ਰਾਹੀਂ ਦਿੱਤੀ, ਇਸ ਵਿੱਚ ਵੀ ਹੈਡ ਮਿਨਿਸਟਰ ਦਾ ਹੀ ਅਹੁਦਾ ਪ੍ਰਵਾਨ ਕੀਤਾ ਗਿਆ, ਕਿਸੇ ਜਥੇਦਾਰ ਦਾ ਨਹੀਂ। ਸਿੱਖ ਕੌਮ ਵਿੱਚ ਪੂਜਾ ਜਾਂ ਪੂਜਾਰੀ ਦਾ ਕੋਈ ਵਿਧਾਨ ਨਹੀਂ, ਇਸ ਲਈ ਸਿੱਖ ਸੰਦਰਭ ਵਿੱਚ, ਅਸੀਂ ਇਸ ਨੂੰ ਮੁੱਖ ਗ੍ਰੰਥੀ ਕਹਿ ਸਕਦੇ ਹਾਂ। ਇਹ ਇਸ ਤੋਂ ਵੀ ਸਪੱਸ਼ਟ ਹੈ ਕਿਉਂਕਿ ਇਸੇ ਐਕਟ ਦੇ ਭਾਗ 3, ਚੈਪਟਰ ੜੀ, ਸੈਕਸ਼ਨ 46(ਵ)ਿ ਅਨੁਸਾਰ ਬਾਕੀ ਗੰ੍ਰਥੀਆਂ ਵਾਸਤੇ ਮਿਨਿਸਟਰ ਸ਼ਬਦ ਵਰਤਿਆ ਗਿਆ ਹੈ। ਕਈ ਇਸ ਦਾ ਅਰਥ ਬਦੋਬਦੀ, ਜਥੇਦਾਰ ਕੱਢਣ ਦਾ ਯਤਨ ਕਰਦੇ ਹਨ, ਪਰ ਜਿਥੇ ਮਿਨਿਸਟਰ ਸ਼ਬਦ ਬਾਕੀ ਗ੍ਰੰਥੀਆਂ ਵਾਸਤੇ ਵਰਤਿਆ ਗਿਆ ਹੈ, ਇਹੀ ਹੈਡ ਮਿਨਿਸਟਰ ਸ਼ਬਦ ਦਰਬਾਰ ਸਾਹਿਬ ਵਾਸਤੇ ਵੀ ਵਰਤਿਆ ਗਿਆ ਹੈ, ਸੋ ਇਸ ਦਾ ਅਰਥ ਕਿਸੇ ਤਰ੍ਹਾਂ ਵੀ ਜਥੇਦਾਰ ਨਹੀਂ ਹੋ ਸਕਦਾ, ਅਸੀਂ ਇਸ ਨੂੰ ਮੁੱਖ ਗ੍ਰੰਥੀ ਹੀ ਕਹਿ ਸਕਦੇ ਹਾਂ। ਸਿੱਖ ਕੌਮ ਦਾ ਦੂਸਰਾ ਅਤਿ ਮਹੱਤਵ ਪੂਰਨ ਦਸਤਾਵੇਜ਼ ਹੈ ਸਿੱਖ ਰਹਿਤ ਮਰਿਆਦਾ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਾਉਣ ਤੋਂ ਬਾਅਦ ਸਾਰੇ ਗੁਰਦੁਆਰਿਆਂ ਵਿੱਚ ਇਕ ਪੰਥਕ ਮਰਿਆਦਾ ਦਾ ਹੋਣਾ ਜ਼ਰੂਰੀ ਸੀ। ਜਿਵੇਂ ਅੱਜ ਸਾਰੇ ਪਖੰਡੀ ਸਾਧਾਂ ਦੇ ਡੇਰਿਆਂ ਤੇ ਅਲੱਗ ਅਲੱਗ, ਆਪਣੀਆਂ ਆਪਣੀਆਂ ਮਰਿਯਾਦਾ ਚਲਾਈਆਂ ਜਾਂਦੀਆਂ ਹਨ, ਉਸ ਵੇਲੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਉਥੋਂ ਦੇ ਮਹੰਤਾਂ ਵਲੋਂ ਚਲਾਈਆਂ, ਅਲੱਗ ਅਲੱਗ ਮਰਿਆਦਾ ਚੱਲ ਰਹੀਆਂ ਸਨ। ਭਾਵੇਂ ਉਸ ਵੇਲੇ ਬਹੁਤ ਸਾਰੀਆਂ ਰਹਿਤ ਮਰਿਆਦਾ ਮੌਜੂਦ ਸਨ, ਪਰ ਇਕ ਤਾਂ ਇਹ ਆਪਸ ਵਿੱਚ ਮੇਲ ਨਹੀਂ ਸਨ ਖਾਂਦੀਆਂ, ਦੂਸਰਾ ਗੁਰਮਤਿ ਦੀ ਕਸਵੱਟੀ ਤੇ ਇਨ੍ਹਾਂ ਵਿੱਚੋਂ ਕੋਈ ਪੂਰੀ ਤਰ੍ਹਾਂ ਖਰੀ ਨਹੀਂ ਸੀ ਉਤਰਦੀ। ਇਸ ਮਕਸਦ ਵਾਸਤੇ ਇਕ ਰਹੁ ਰੀਤ ਕਮੇਟੀ ਬਣਾਈ ਗਈ। ਇਸ ਕਮੇਟੀ ਦੁਆਰਾ ਤਿਆਰ ਕੀਤੀ ਰਹਿਤ ਮਰਿਆਦਾ ਨੂੰ ਸ਼੍ਰੋਮਣੀ ਕਮੇਟੀ ਨੇ ਪਰਵਾਨਗੀ ਅਕਤੂਬਰ 1936 ਵਿੱਚ ਦੇ ਦਿੱਤੀ, ਪਰ ਧਾਰਮਿਕ ਸਲਾਹਕਾਰ ਕਮੇਟੀ ਦੁਆਰਾ ਕੁਝ ਹੋਰ ੳਘੀਆਂ ਪੰਥਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੀ ਸਲਾਹ ਨਾਲ ਕੁਝ ਵਾਧਾਂ-ਘਾਟਾਂ ਕੀਤੀਆਂ ਗਈਆਂ। ਇਨ੍ਹਾਂ ਵਾਧਾਂ-ਘਾਟਾਂ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਨੇ ਫਰਵਰੀ 1945 ਵਿੱਚ ਦੇਕੇ ਇਸ ਨੂੰ ਲਾਗੂ ਕਰ ਦਿੱਤਾ। ਇਸ ਸਿੱਖ ਰਹਿਤ ਮਰਯਾਦਾ ਵਿੱਚ ਵੀ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਹੋਰ ਤਖ਼ਤ ਦੇ ਜਥੇਦਾਰ ਦਾ ਕੋਈ ਜ਼ਿਕਰ ਤੱਕ ਨਹੀਂ। ਹੈਰਾਨਗੀ ਦੀ ਗੱਲ ਹੈ ਕਿ ਸਿੱਖ ਰਹਿਤ ਮਰਿਯਾਦਾ ਬਨਾਉਣ ਲਈ ਨੀਯਤ ਕੀਤੀ ਗਈ, ਰਹੁ ਰੀਤ ਕਮੇਟੀ ਵਿੱਚ ਜਥੇਦਾਰ ਅਕਾਲ ਤਖ਼ਤ ਸਾਹਿਬ, ਜਥੇਦਾਰ ਕੇਸਗੜ੍ਹ ਸਾਹਿਬ ਅਤੇ ਜਥੇਦਾਰ ਪਟਨਾ ਸਾਹਿਬ, ਦੇ ਨਾਂ ਆਉਂਦੇ ਹਨ। ਇਸ ਤੋਂ ਇਹ ਤਾਂ ਪਤਾ ਚਲਦਾ ਹੈ ਕਿ ਉਸ ਵੇਲੇ ਤਕ ਇਹ ਅਹੁਦਾ ਹੋਂਦ ਵਿੱਚ ਆ ਚੁੱਕਾ ਸੀ, ਪਰ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਿਧਾਂਤਕ ਤੌਰ ਤੇ ਇਸ ਅਹੁਦੇ ਦੀ ਹੋਂਦ ਨੂੰ ਨਾ ਕਬੂਲਦੇ ਹੋਏ, ਇਸ ਨੂੰ ਸਿੱਖ ਰਹਿਤ ਮਰਿਯਾਦਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇੱਥੇ ਇਕ ਵਿਚਾਰ ਹੋਰ ਆ ਸਕਦਾ ਹੈ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਤਾਂ ਕਿਸੇ ਅਹੁਦੇ ਦੀ ਕੋਈ ਚਰਚਾ ਹੀ ਨਹੀਂ, ਤਾਂ ਫਿਰ ਜਥੇਦਾਰ ਦੇ ਅਹੁਦੇ ਦੀ ਚਰਚਾ ਕਿਥੋਂ ਹੋਣੀ ਸੀ। ਇਹ ਗੱਲ ਇਥੋਂ ਵੀ ਸਪਸ਼ਟ ਹੁੰਦੀ ਹੈ ਕਿ ਅੱਜ ਅਸੀਂ ਅਖੌਤੀ ਜਥੇਦਾਰਾਂ ਨੂੰ ਹੁਕਮਨਾਮੇ ਜਾਰੀ ਕਰਨ ਦਾ ਜੋ ਵਿਸ਼ੇਸ਼ ਅਧਿਕਾਰ ਦਿੱਤਾ ਹੋਇਆ ਹੈ, ਉਸ ਦਾ ਵਿਧਾਨ ਤਾਂ ਵਿਧਾਨ, ਇਥੇ ਕੋਈ ਚਰਚਾ ਤੱਕ ਨਹੀਂ। ਇਥੇ ਤਾਂ ਕੇਵਲ ਗੁਰਮਤੇ ਅਤੇ ਮਤੇ ਦੀ ਗੱਲ ਹੈ, ਜਿਸ ਨੂੰ ਕਰਨ ਦਾ ਅਧਿਕਾਰ ਸਮੂਹਿਕ ਰੂਪ ਵਿੱਚ ਖ਼ਾਲਸਾ ਪੰਥ, ਜਾਂ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਹੈ, ਅਤੇ ਇਹ ਗੱਲ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਸਪੱਸ਼ਟ ਕੀਤੀ ਹੋਈ ਹੈ।(ਸਿੱਖ ਰਹਿਤ ਮਰਿਯਾਦਾ, ਪੰਥਕ ਰਹਿਣੀ, ਭਾਗ 4) 1945 ਵਿੱਚ ਜਦੋਂ ਸਿੱਖ ਰਹਿਤ ਮਰਿਯਾਦਾ ਲਾਗੂ ਕੀਤੀ ਗਈ, ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਦਾ ਸਿਆਸੀ ਕਰਨ ਸ਼ੁਰੂ ਹੋ ਚੁਕਾ ਸੀ, ਅਤੇ ਗੁਰਮਤਿ ਸਿਧਾਂਤਾਂ ਨੂੰ ਪਿੱਠ ਦੇਕੇ, ਹਰ ਕਿਸੇ ਨੂੰ ਖੁਸ਼ ਕਰਨ ਦੀ ਨੀਤੀ ਤਹਿਤ, ਸਿੱਖ ਰਹਿਤ ਮਰਿਯਾਦਾ ਨੂੰ ਇਨ ਬਿਨ ਕਿਸੇ ਗੁਰਦੁਆਰੇ ਜਾਂ ਤਖ਼ਤ ਵਿੱਚ ਲਾਗੂ ਨਹੀਂ ਕਰਾਇਆ ਗਿਆ। ਅੰਗਰੇਜ਼ਾਂ ਵਲੋਂ ਪੰਜਾਬ ਤੇ ਕਾਬਜ਼ ਹੋਣ ਤੋਂ ਬਾਅਦ, ਅੰਗਰੇਜ਼ ਇਹ ਸਮਝ ਚੁਕੇ ਸਨ ਕਿ ਸਿੱਖ ਕੌਮ ਦੀ ਨਬਜ਼ ਗੁਰਦੁਆਰਿਆਂ ਰਾਹੀਂ ਚਲਦੀ ਹੈ। ਸਿੱਖ ਕੌਮ ਨੂੰ ਵੱਧ ਤੋਂ ਵੱਧ ਆਪਣੇ ਕਾਬੂ ਵਿੱਚ ਰੱਖਣ ਦੀ ਜੋ ਵਿਓਂਤ ਬੰਦੀ ਕੀਤੀ ਗਈ ਸੀ, ਉਸ ਅਨੁਸਾਰ ਸਭ ਤੋਂ ਵਧੇਰੇ, ਗੁਰਦੁਆਰਿਆਂ ਉਤੇ ਆਪਣੇ ਸਿੱਧੇ ਯਾ ਅਸਿੱਧੇ ਕਬਜ਼ੇ ਕਰਨਾ ਸ਼ਾਮਿਲ ਸੀ । ਇਸੇ ਅਨੁਸਾਰ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਇਕ ਸਰਬਰਾਹ ਦਾ ਅਹੁਦਾ ਬਣਾਇਆ ਗਿਆ। ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਸਰਬਰਾਹ ਦੇ ਅਰਥ ਇੰਜ ਦੇਂਦੇ ਹਨ: ਸਰਬਰਾਹ: ਫਾ. ਸਰਪਰਸਤ. ਇੰਤਜ਼ਾਮ ਕਰਨ ਵਾਲਾ ਮੁਖੀਆ ਕਰਮਚਾਰੀ। 2. ਰਹਨੁਮਾ. ਰਸਤਾ ਦਿਖਾਉਣ ਵਾਲਾ। ਸੋ ਸਰਬਰਾਹ ਦਾ ਅਸਲੀ ਕੰਮ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ ਸੀ, ਪਰ ਅੰਗਰੇਜ਼ ਸਰਕਾਰ ਨੇ ਇਸ ਅਹੁਦੇ ਨੂੰ ਸਿੱਖਾਂ ਦੇ ਸਰਬਉੱਚ ਧਾਰਮਿਕ ਅਹੁਦੇ ਦਾ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ, ਅਤੇ ਕੁਝ ਭੋਲੇ-ਭਾਲੇ ਸਿੱਖ ਵੀ ਇੰਝ ਹੀ ਸਮਝਣ ਲੱਗ ਪਏ। ਬਿਲਕੁਲ ਉਂਜ ਹੀ ਜਿਵੇਂ ਕੁਝ ਝੋਲੀ ਚੁੱਕ ਵਿਅਕਤੀਆਂ ਵਲੋਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਿੱਖਾਂ ਦਾ ਪੋਪ ਕਹਿਣ ਦੀ ਬਜਰ ਗਲਤੀ ਕਰ ਦਿੱਤੀ ਜਾਂਦੀ ਹੈ, ਅਤੇ ਕੁਝ ਸਿਧਾਂਤ ਤੋਂ ਅਨਜਾਣ, ਭੋਲੇ ਭਾਲੇ ਸਿੱਖ ਇਨ੍ਹਾਂ ਦੇ ਮਗਰ ਲੱਗ ਜਾਂਦੇ ਹਨ। ਅੰਗਰੇਜ਼ ਸਰਕਾਰ ਨੇ ਸਰਬਰਾਹ ਅਤੇ ਹੋਰ ਪੁਜਾਰੀਆਂ ਰਾਹੀਂ ਅਕਾਲ ਤਖ਼ਤ ਸਾਹਿਬ ਦੀ ਰੱਜ ਕੇ ਦੁਰਵਰਤੋਂ ਕੀਤੀ ਸੀ। ਜਿਨ੍ਹਾਂ ਵਿੱਚੋਂ ਉਸੇ ਸਮੇਂ ਦੇ ਦਰਬਾਰ ਸਾਹਿਬ ਸਮੂਹ ਦੇ ਗੁਰਦੁਆਰਿਆਂ ਦੇ ਸਰਬਰਾਹ ਅਰੂੜ ਸਿੰਘ ਅਤੇ ਹੋਰ ਪੁਜਾਰੀਆਂ ਵਲੋਂ ਜਲ੍ਹਿਆਂਵਾਲਾ ਬਾਗ਼ ਸਾਕੇ ਦੇ ਮੁੱਖ ਗੁਨਾਹਗਾਰ, ਜਨਰਲ ਐਡਵਾਇਰ ਅਤੇ ਕੈਪਟਨ ਬ੍ਰਿਗਸ ਨੂੰ ਸਨਮਾਨਿਤ ਕਰਨਾ, ਅਤੇ ਕਾਮਗਾਟਾ ਮਾਰੂ ਜਹਾਜ਼ ਦੇ ਮਹਾਨ ਸ਼ਹੀਦਾਂ ਨੂੰ, ਸਿੱਖ ਨਾ ਹੋਣ ਦਾ ਫਤਵਾ ਦੇਣਾ, ਪ੍ਰਮੁਖ ਹਨ। ਇਨ੍ਹਾਂ ਪੁਜਾਰੀਆਂ ਦੀ ਨੀਚਤਾ ਇਸ ਹੱਦ ਤੱਕ ਗਈ ਕਿ ਇਨ੍ਹਾਂ ਨੇ ਜਨਰਲ ਅਡਵਾਇਰ(ਡਾਇਰ) ਅਤੇ ਕੈਪਟਨ ਬ੍ਰਿਗਸ ਨੂੰ ਸਰੋਪਾ ਪਾਕੇ, ਸਿੱਖੀ ਵਿਚ ਸਾਮਿਲ ਕੀਤਾ, ਅਤੇ ਇਕ ਚੰਗੇ ਸਿੱਖ ਹੋਣ ਦਾ ਸਨਮਾਨ ਦਿੱਤਾ। ਜਦੋਂ ਅਡਵਾਇਰ ਨੇ ਇਹ ਕਿਹਾ, ਕਿ ਉਹ ਤਾਂ ਤੰਬਾਕੂ ਦਾ ਸੇਵਨ ਕਰਦਾ ਹੈ ਅਤੇ ਆਪਣੀ ਇਹ ਆਦਤ ਛੱਡ ਨਹੀਂ ਸਕਦਾ, ਤਾਂ ਇਨ੍ਹਾਂ ਪੁਜਾਰੀਆਂ ਕਿਹਾ, ਤੁਹਾਨੂੰ ਇਸ ਤੋਂ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ। ਪੁਜਾਰੀਆਂ ਦੇ ਇਸ ਰੁਝਾਨ ਨੂੰ ਕੁੱਝ ਠੱਲ ਸਿੰਘ ਸਭਾ ਲਹਿਰ ਨਾਲ ਪਈ, ਹਾਲਾਂਕਿ ਇਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਪ੍ਰਮੁਖ ਆਗੂ ਪ੍ਰੋ. ਗੁਰਮੁਖ ਸਿੰਘ ਨੂੰ ਵੀ ਪੰਥ ਚੋਂ ਛੇਕ ਦਿੱਤਾ ਸੀ, ਪਰ ਸੁਚੇਤ ਸਿੱਖ ਸੰਗਤ ਤੇ ਇਸ ਦਾ ਰੱਤੀ ਭਰ ਵੀ ਅਸਰ ਨਾ ਹੋਇਆ । ਜਥੇਦਾਰ ਦੇ ਅਹੁਦੇ ਦੇ ਹੋਂਦ ਵਿੱਚ ਆਉਣ ਦੇ ਨਾਲ ਹੀ, ਸਮੇਂ ਸਮੇਂ ਦੀਆਂ ਸਰਕਾਰਾਂ ਜਾਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਵਲੋਂ ਵੀ ਇਸ ਅਹੁਦੇ ਦੀ ਆਪਣੇ ਨਿਜੀ ਸੁਆਰਥਾਂ ਵਾਸਤੇ ਦੁਰਵਰਤੋਂ ਸ਼ੁਰੂ ਹੋ ਗਈ ਸੀ, ਇਸ ਲਈ ਇਸ ਅਹੁਦੇ ਨੂੰ ਵੀ ਖ਼ਤਮ ਨਹੀਂ ਕੀਤਾ ਗਿਆ, ਬਲਕਿ ਸਮੇਂ ਦੇ ਸਿਆਸਤਦਾਨਾਂ ਵਲੋਂ, ਸਿੱਖ ਕੌਮ ਨੂੰ ਆਪਣੇ ਕਬਜ਼ੇ ਵਿੱਚ ਰਖਣ ਲਈ ਅਤੇ ਲੋਕਾਂ ਅੰਦਰ ਆਪਣਾ ਭੈ ਬਣਾ ਕੇ ਰਖਣ ਲਈ, ਇਸ ਅਹੁਦੇ ਨੂੰ ਵਧੇਰੇ ਮਹੱਤਤਾ ਦਿੱਤੀ ਗਈ ਅਤੇ ਹੋਰ ਮਜ਼ਬੂਤ ਕੀਤਾ ਗਿਆ। ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਪੰਨਾ 502 ਤੇ, ਜਥੇਦਾਰ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ: ਜਥਾ(ਯੂਥ) ਰੱਖਣ ਵਾਲਾ ਮੁਖੀਆ, ਮੰਡਲੀ ਦਾ ਸਰਦਾਰ। ਯੂਥਪ. ਇਹ ਪਦ ਖਾਸ ਕਰਕੇ ਖਾਲਸੇ ਵਿੱਚ ਪ੍ਰਚਲਤ ਹੈ। ਗਲ ਸਪਸ਼ਟ ਹੈ ਕਿ ਜਥੇਦਾਰ ਕਿਸੇ ਜਥੇਬੰਦੀ ਜਾਂ ਜਨਸਮੂਹ ਦਾ ਹੋ ਸਕਦਾ ਹੈ, ਕਿਸੇ ਇਮਾਰਤ ਦਾ ਨਹੀਂ। ਗੁਰਦੁਆਰਿਆਂ ਉਤੇ ਮਹੰਤਾਂ ਦੇ ਕਬਜ਼ੇ ਸਮੇਂ ਗੁਰਮਤਿ ਸਿਧਾਂਤਾਂ ਦਾ ਸਰਬਪੱਖੀ ਘਾਣ ਹੋਇਆ। ਗੁਰਦੁਆਰਿਆਂ ਵਿੱਚ ਬ੍ਰਾਹਮਣੀ ਮਰਿਯਾਦਾਵਾਂ ਚਲਾਈਆਂ ਗਈਆਂ, ਕਈ ਜਗ੍ਹਾ ਤੇ ਮੂਰਤੀਆਂ ਸਥਾਪਤ ਕੀਤੀਆਂ ਗਈਆਂ, ਇਸ ਨਾਲ ਸਮਾਜਿਕ ਸਿੱਖ ਜੀਵਨ ਵਿੱਚ ਨਿਘਾਰ ਆਉਣਾ ਵੀ ਕੁਦਰਤੀ ਸੀ। ਇਹ ਨਿਘਾਰ ਇਸ ਪੱਧਰ ਤੱਕ ਆਇਆ ਕਿ:“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥”{ਸੋਰਠਿ ਮਹਲਾ 5, ਪੰਨਾ 611} ਅਤੇ “ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥”{ਸਲੋਕ ਮਃ 1, ਪੰਨਾ 83}, ਜਿਹੇ ਅਮੋਲਕ ਗੁਰਮਤਿ ਸਿਧਾਂਤਾਂ ਦੇ ਉਲਟ, ਗੁਰਧਾਮਾਂ ਤੋਂ ਹੀ ਜਾਤ-ਪਾਤ ਅਤੇ ਊਚ-ਨੀਚ ਦੀ ਵਿਵਸਥਾ ਪ੍ਰਚਾਰੀ ਜਾਣ ਲੱਗੀ। ਜਿਨ੍ਹਾਂ ਪੱਛੜੇ ਅਤੇ ਦੱਬੇ-ਕੁਚਲੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸੀਨੇ ਨਾਲ ਲਾਇਆ ਗਿਆ, ਗੁਰੂ ਅਰਜਨ ਪਾਤਿਸ਼ਾਹ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਬਿਨਾਂ ਕਿਸੇ ਜਾਤ-ਪਾਤ ਦੇ ਵਿਤਕਰੇ ਦੇ, ਭਗਤ ਸਾਹਿਬਾਨ ਦੀ ਬਾਣੀ ਦਰਜ ਕਰਕੇ, ਮਨੁੱਖੀ ਬਰਾਬਰੀ ਦੀ ਇੱਕ ਲਾਮਿਸਾਲ ਉਦਾਹਰਣ ਕਾਇਮ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਸਾਰਿਆਂ ਨੂੰ ਬਰਾਬਰ ਅਤੇ ਇਕੱਠੇ ਇਕੋ ਬਾਟੇ ਵਿੱਚੋਂ, ਖੰਡੇ-ਬਾਟੇ ਦੀ ਪਾਹੁਲ ਬਖਸ਼ ਕੇ ਉਨ੍ਹਾਂ ਦੇ ਮਨੁੱਖੀ ਭਾਈਚਾਰੇ ਵਿੱਚ ਬਰਾਬਰੀ ਦੇ ਹੱਕ ਤੇ ਮੋਹਰ ਲਗਾਈ, ਚਾਰਾਂ ਦਿਸ਼ਾਵਾਂ ਤੋਂ ਆਉਣ ਵਾਲੇ ਕਿਸੇ ਵੀ ਕੌਮ-ਜਾਤ-ਵਰਣ ਦੇ ਮਨੁੱਖ ਮਾਤਰ ਨੂੰ, ਆਪਣੇ ਚਾਰ ਦਰਵਾਜ਼ਿਆਂ ਰਾਹੀਂ, ਜੀ ਆਇਆਂ ਆਖਣ ਵਾਲੇ ਦਰਬਾਰ ਸਾਹਿਬ, ਅਤੇ ਅਕਾਲ-ਪੁਰਖ ਦੇ ਸਿਧਾਂਤਾਂ ਦੇ ਪ੍ਰਤੀਕ, ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਦੇਗ ਪ੍ਰਵਾਨ ਨਾ ਹੁੰਦੀ। ਇਥੋਂ ਤੱਕ ਕਿ ਉਨ੍ਹਾਂ ਦੇ, ਦਰਬਾਰ ਸਾਹਿਬ ਸਮੂਹ ਵਿੱਚ ਦਾਖਲੇ ਵਾਸਤੇ ਵੀ, ਸਮੇਂ ਸੀਮਤ ਕਰ ਦਿੱਤੇ ਗਏ। ਗੁਰਦੁਆਰਾ ਸੁਧਾਰ ਲਹਿਰ ਨੇ ਸਿੱਖ ਕੌਮ ਅੰਦਰ ਇਕ ਨਵੀਂ ਜਾਗ੍ਰਿਤੀ ਲਿਆਂਦੀ। ਅਕਾਲੀ ਲਹਿਰ ਚਲਣ ਦਾ ਮੂਲ ਕਾਰਨ ਵੀ ਇਹੀ ਸੀ। 10 ਤੋਂ 12 ਅਕਤੂਬਰ 1920 ਨੂੰ ਜਾਗਰੂਕ ਗੁਰਸਿੱਖਾਂ ਦਾ ਇਕ ਗੁਰਮਤਿ ਸਮਾਗਮ, ਜਲ੍ਹਿਆਂ ਵਾਲੇ ਬਾਗ਼ ਵਿੱਚ ਹੋਇਆ ਅਤੇ 12 ਅਕਤੂਬਰ ਨੂੰ ਖੰਡੇ-ਬਾਟੇ ਦੀ ਪਾਹੁਲ ਦਾ ਬਾਟਾ ਤਿਆਰ ਕੀਤਾ ਗਿਆ। ਇਸ ਵਿੱਚ ਬਹੁਤ ਸਾਰੇ ਅਖੌਤੀ ਛੋਟੀਆਂ ਜਾਤਾਂ ਵਾਲੇ ਗੁਰਸਿੱਖਾਂ ਨੇ ਵੀ ਪਾਹੁਲ ਪ੍ਰਾਪਤ ਕੀਤੀ। ਇਹ ਗੁਰਮਤਾ ਕੀਤਾ ਗਿਆ ਕਿ ਇਹ ਸਾਰੇ ਸਿੰਘ ਜਥੇ ਦੇ ਰੂਪ ਵਿੱਚ ਦਰਬਾਰ ਸਾਹਿਬ ਪ੍ਰਸ਼ਾਦਿ ਕਰਾਉਣ ਲਈ ਜਾਣ। ਇਨ੍ਹਾਂ ਦੇ ਨਾਲ ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਤੇਜਾ ਸਿੰਘ ਭੁੱਚਰ, ਭਾਈ ਤੇਜਾ ਸਿੰਘ ਚੁਹੜਕਾਣਾ ਤੇ ਬਾਵਾ ਹਰਕ੍ਰਿਸ਼ਨ ਸਿੰਘ ਵੀ ਸਨ। ਜਦੋਂ ਇਹ ਸਿੰਘ ਦਰਬਾਰ ਸਾਹਿਬ ਪੁੱਜੇ ਤਾਂ ਪੁਜਾਰੀਆਂ ਨੇ ਉਨ੍ਹਾਂ ਦਾ ਪ੍ਰਸ਼ਾਦ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ। ਨਾਲ ਆਏ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਜਦੋਂ ਗੁਰਬਾਣੀ ਦੇ ਪ੍ਰਮਾਣ ਦੇਕੇ ਗੁਰਮਤਿ ਸਿਧਾਂਤਾਂ ਦੀ ਵਿਚਾਰ ਕੀਤੀ ਤਾਂ ਪੁਜਾਰੀਆਂ ਕੋਲ ਕੋਈ ਜੁਆਬ ਨਹੀਂ ਸੀ। ਗੁਰਮਤਿ ਸਿਧਾਂਤ ਸਪੱਸ਼ਟ ਹਨ ਕਿ ਗੁਰਮਤਿ ਵਿੱਚ ਕਿਸੇ ਤਰ੍ਹਾਂ ਦੀਆਂ ਜ਼ਾਤਪਾਤ ਦੀਆਂ ਵੰਡੀਆਂ ਨਹੀਂ ਹਨ ਅਤੇ ਸਾਰੇ ਮਨੁੱਖ ਬਰਾਬਰ ਹਨ, ਫੇਰ ਸਿੱਖ ਕੌਮ ਵਿੱਚ ਜਾਤਪਾਤ ਦੀਆਂ ਵੰਡਾਂ ਕਿਵੇਂ ਹੋ ਸਕਦੀਆਂ ਹਨ, ਸੋ ਸਪੱਸ਼ਟ ਸੀ ਕਿ ਪ੍ਰਸ਼ਾਦ ਪ੍ਰਵਾਣ ਕਰ ਲਿਆ ਜਾਣਾ ਚਾਹੀਦਾ ਹੈ। ਅਖੀਰ ਉਨ੍ਹਾਂ ਦੇ ਲਿਆਂਦੇ ਪ੍ਰਸ਼ਾਦ ਦੀ ਅਰਦਾਸ ਕਰਕੇ ਵਰਤਾਇਆ ਗਿਆ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ ਗਿਆ, ਜੋ ਇਹ ਆਇਆ: “ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥1॥” {ਸੋਰਠਿ ਮਹਲਾ 3,ਪੰਨਾ 638} ਹੇ ਭਾਈ ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ
ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ । ਹੇ ਭਾਈ ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ
ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ।1। ਬੱਸ ਇਸ ਤੋਂ ਹੀ ਭੁਲੇਖਾ ਖਾਕੇ, ਜਾਂ ਬੇਸਮਝੀ ਨਾਲ, ਕੁਝ ਲੋਕਾਂ ਨੇ ‘ਅਕਾਲ ਤਖ਼ਤ ਸਾਹਿਬ ਦਾ ਜਥੇਦਾਰ’ ਨਾਂ ਦਾ ਅਹੁਦਾ ਖੜ੍ਹਾ ਕਰ ਲਿਆ। ਹਾਲਾਂਕਿ ਅਸੂਲੀ ਤੌਰ ਤੇ ਵੀ ਤਖ਼ਤ ਸਾਹਿਬ ਦਾ ਕੋਈ ਮੁੱਖੀ/ ਜਥੇਦਾਰ ਨਹੀਂ ਹੋ ਸਕਦਾ ਕਿਉਂਕਿ ਅਕਾਲ ਤਖ਼ਤ ਕੋਈ ਜਥਾ ਨਹੀਂ, ਜਿਸ ਦਾ ਕੋਈ ਜਥੇਦਾਰ ਬਣਾਇਆ ਜਾਵੇ। ਵੈਸੇ ਵੀ 12 ਅਕਤੂਬਰ 1920 ਤੱਕ ਇਹ ਪਿਰਤ ਨਹੀਂ ਸੀ ਪਈ ਕਿ ਇਸ ਨੂੰ ਅਹੁਦਾ ਮੰਨਿਆਂ ਜਾਂਦਾ। (ਸ੍ਰ. ਹਰਜਿੰਦਰ ਸਿੰਘ ਦਿਲਗੀਰ, ਅਕਾਲ ਤਖ਼ਤ ਸਾਹਿਬ ਕਾਨਸੈਪਟ ਅਤੇ ਰੋਲ, ਪੰਨਾ 128-29)। ਦੋ ਮਹੀਨੇ ਮਗਰੋਂ ਅਕਾਲ ਤਖਤ ਸਾਹਿਬ ਤੇ ਹੋਈ ਇਕ ਮੀਟਿੰਗ ਵਿੱਚ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਕਿਹਾ ਕਿ ਮੈਨੂੰ ਦੋ ਮਹੀਨੇ ਸੇਵਾ ਕਰਦੇ ਨੂੰ ਹੋ ਗਏ ਹਨ, ਛੁੱਟੀਆਂ ਬਖਸ਼ੋ। ਇਸ ਤੇ ਭਾਈ ਦੀਦਾਰ ਸਿੰਘ ਮੱਟੂਭਾਈਕੇ ਦੇ ਜਥੇ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲ ਸੌਂਪ ਦਿੱਤੀ ਗਈ। (ਸ੍ਰ. ਹਰਜਿੰਦਰ ਸਿੰਘ ਦਿਲਗੀਰ, ਸਿੱਖ ਤਵਾਰੀਖ਼ ‘ਚ ਅਕਾਲ ਤਖ਼ਤ ਸਾਹਿਬ ਦਾ ਰੋਲ, ਪੰਨਾ 158-59)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਆਪਣੀ ਛਾਪੀ ਲਿਸਟ ਵੀ ਸੰਨ 1920 ਤੋਂ ਸ਼ੁਰੂ ਹੋਂਦੀ ਹੈ।
ਇਹ ਸ਼ੁਰੂਆਤ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਨਾਂ ਨਾਲ ਕੀਤੀ ਗਈ ਹੈ, ਹਾਲਾਂਕਿ ਉਹ ਇਸ ਸ਼੍ਰੇਣੀ ਵਿੱਚ ਬਿਲਕੁਲ ਨਹੀਂ ਆਉਂਦੇ, ਉਹ ਤਾਂ ਸੇਵਾ ਸੰਭਾਲ ਵਾਲੇ ਜਥੇ ਦੇ ਜਥੇਦਾਰ ਸਨ। ਪਰ ਇਸ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਹ ਅਹੁਦਾ 1920 ਤੋਂ ਬਾਅਦ ਹੀ ਹੋਂਦ ਵਿੱਚ ਆਇਆ। ਇਸੇ ਭੁਲੇਖੇ ਵਿੱਚ ਹੀ ਅਕਸਰ ਇਹ ਆਖਿਆ ਜਾਂਦਾ ਹੈ ਕਿ ਜਥੇਦਾਰ ਅਕਾਲੀ ਫੂਲਾ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਹਾਲਾਂਕਿ ਸਚਾਈ ਇਹ ਹੈ ਕਿ ਅਕਾਲੀ ਫੂਲਾ ਸਿੰਘ ਜੀ ਬੁੱਢਾ ਦੱਲ ਦੇ ਜਥੇਦਾਰ ਸਨ ਅਤੇ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਬੁੱਢਾ ਦੱਲ ਕੋਲ ਸੀ। ਜਿਥੋਂ ਤਕ ਉਸ ਕਹਾਣੀ ਦਾ ਸੁਆਲ ਹੈ, ਜੋ ਬੜੇ ਮਾਣ ਨਾਲ ਸੁਣਾਈ ਜਾਂਦੀ ਹੈ, ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਸੁਣਾਈ, ਅਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰਕੇ ਖੜਾ ਹੋ ਗਿਆ, ਇਸ ਦੀ ਸਚਾਈ ਸਮਝਣ ਲਈ, ਇਤਨਾ ਜਾਣ ਲੈਣਾ ਹੀ ਕਾਫੀ ਹੈ ਕਿ ਮੋਰਾਂ ਨਾਂਅ ਦੀ ਮੁਸਲਮਾਨ ਵੇਸ਼ਵਾ, ਜਿਸ ਨਾਲ ਸੰਬਧ ਬਨਾਉਣ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਦਸੀ ਜਾਂਦੀ ਹੈ, ਆਖਿਰ ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਰਹੀ, ਅਤੇ ਉਸ ਦੀ ਮੌਤ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹੋਈ। ਉਸ ਦੀ ਮਸਜਿਦ ਲਾਹੌਰ ਦੇ ਕਿਲੇ ਵਿੱਚ ਬਣੀ ਹੋਈ, ਦਾਸ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹੈ। ਇਥੋਂ ਤੱਕ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਨਾਂਅ ਤੇ ਸਿੱਕਾ ਵੀ ਜਾਰੀ ਕੀਤਾ। ਰਾਜਿੰਦਰ ਸਿੰਘ, (ਮੁੱਖ
ਸੇਵਾਦਾਰ) |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
![]() |