Share on Facebook

Main News Page

ੴਸਤਿਗੁਰਪ੍ਰਸਾਦਿ ॥
ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ (ਆਖਰੀ ਕਿਸ਼ਤ)

ਹੁਕਮਨਾਮਾ
ਹੁਕਮਨਾਮਾ ਦਾ ਸ਼ਬਦੀ ਅਰਥ ਹੈ, ਕਿਸੇ ਹਾਕਮ ਦਾ ਆਪਣੀ ਜਨਤਾ ਪ੍ਰਤੀ ਜਾਂ ਕਿਸੇ ਤਾਕਤਵਰ ਵਿਅਕਤੀ ਦਾ ਆਪਣੇ ਮਤਾਹਿਤ ਜਾਂ ਕਮਜ਼ੋਰ ਵਿਅਕਤੀ ਪ੍ਰਤੀ ਹੁਕਮ ਯਾ ਆਦੇਸ਼। ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਹੁਕਮ ਦੀ ਗੱਲ ਆਉਂਦੀ ਹੈ। ਸਭ ਤੋਂ ਪਹਿਲਾਂ ਤਾਂ ਅਕਾਲ-ਪੁਰਖ ਦੇ ਉਸ ਅਟੱਲ ਹੁਕਮ ਦੀ ਜੋ ਸਾਰੀ ਸ੍ਰਿਸ਼ਟੀ ਵਿੱਚ ਸਦੀਵ ਕਾਲ ਤੋਂ ਵਰਤ ਰਿਹਾ ਹੈ। ਸਤਿਗੁਰੂ ਬਾਣੀ ਵਿੱਚ ਫੁਰਮਾਉਂਦੇ ਹਨ:

ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ॥” (ਮਲਾਰ ਮਹਲਾ 1, ਪੰਨਾ 1275)

ਹੇ ਪ੍ਰਭੂ ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਵਾਂ ਵਿਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ।

ਅਕਾਲ-ਪੁਰਖ ਦਾ ਅਗੰਮੀ ਹੁਕਮ ਮੰਨਣਾ ਭਾਵ ਸਦੀਵ ਉਸ ਦੇ ਭਾਣੇ ਵਿੱਚ ਰਹਿਣਾ ਹੀ ਸਾਰੇ ਸੁੱਖਾਂ ਦਾ ਸਾਧਨ ਹੈ। ਇਸ ਹੁਕਮ ਵਿੱਚ ਚਲਣ ਨਾਲ ਮਨੁੱਖ ਹੋਰ ਸਭ ਕਿਸੇ ਦੇ ਅਤੇ ਸਭ ਤਰ੍ਹਾਂ ਦੇ ਭੈ ਤੋਂ ਮੁਕਤ ਹੋ ਜਾਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ:

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥13॥” {ਸਿਰੀਰਾਗੁ ਮਹਲਾ 5, ਪੰਨਾ 74}

(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ । ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ ।13।

ਗੁਰਬਾਣੀ ਸਮਝਾਉਂਦੀ ਹੈ, ਉਹ ਅਕਾਲ-ਪੁਰਖ ਹੀ ਸੱਚੇ ਤਖ਼ਤ ਦਾ ਸੱਚਾ ਮਾਲਕ ਹੈ ਅਤੇ ਉਸ ਦਾ ਹੁਕਮ ਹੀ ਸੱਚਾ ਹੁਕਮ ਹੈ:

ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥ ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥3॥” { ਵਡਹੰਸੁ ਮਹਲਾ 5, ਪੰਨਾ 562}

ਹੇ ਪ੍ਰਭੂ ! ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਤੂੰ ਸਦਾ ਸਭ ਦਾ ਹਾਕਮ ਹੈਂ) । (ਹੇ ਭਾਈ !) ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਮਰਦਾ ਨਹੀਂ ।3।

ਅਕਾਲ-ਪੁਰਖ ਹੀ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਹੈ ਅਤੇ ਉਸ ਦਾ ਹੁਕਮ ਹੀ ਸਾਰੇ ਹੁਕਮਾਂ ਤੋਂ ਸ਼੍ਰੋਮਣੀ ਹੁਕਮ ਹੈ।

ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥7॥” {ਗੂਜਰੀ ਮਹਲਾ 5, ਪੰਨਾ 507}

ਹੇ ਪ੍ਰਭੂ ! (ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ ।7।

ਅਕਾਲ ਪੁਰਖ ਤੋਂ ਬਾਅਦ, ਗੁਰਬਾਣੀ ਵਿੱਚ ਦੂਸਰੀ, ਸਤਿਗੁਰੂ ਦੇ ਹੁਕਮ ਦੀ ਗੱਲ ਆਉਂਦੀ ਹੈ। ਅਸਲ ਵਿੱਚ ਸਿੱਖ ਦੇ ਜੀਵਨ ਵਿੱਚ ਸਭ ਤੋਂ ਮਹੱਤਵ ਪੂਰਨ ਸ਼ਖਸੀਅਤ ਗੁਰੂ ਹੈ ਅਤੇ ਸਭ ਤੋਂ ਮਹੱਤਵ ਪੂਰਨ ਗੱਲ ਗੁਰੂ ਦਾ ਹੁਕਮ ਮੰਨਣਾ। ਸਿੱਖ ਅਖਵਾਉਣ ਦਾ ਅਧਿਕਾਰੀ ਹੀ ਕੇਵਲ ਉਹ ਹੈ, ਜੋ ਗੁਰੂ ਵਿੱਚ ਪੂਰਨ ਵਿਸ਼ਵਾਸ ਰਖਦਾ ਹੈ ਅਤੇ ਗੁਰੂ ਦਾ ਹਰ ਹੁਕਮ ਖਿੜ੍ਹੇ ਮੱਥੇ ਪ੍ਰਵਾਨ ਕਰਦਾ ਹੈ। ਜਿਸ ਵਿਅਕਤੀ ਨੇ ਭੇਖ ਤਾਂ ਸਿੱਖਾਂ ਵਾਲਾ ਬਣਾਇਆ ਹੋਇਆ ਹੈ ਅਤੇ ਆਪਣੇ ਸਿੱਖ ਹੋਣ ਦੇ ਦਾਅਵੇ ਵੀ ਬਨ੍ਹਦਾ ਹੈ ਪਰ ਗੁਰੂ ਦਾ ਹੁਕਮ ਨਹੀਂ ਮੰਨਦਾ, ਉਸ ਬਾਰੇ ਗੁਰਬਾਣੀ ਫੁਰਮਾਉਂਦੀ ਹੈ:

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖ ਅਗਿਆਨੁ ਮੁਠਾ ਬਿਖੁ ਮਾਇਆ॥ ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੇ ਗਲਿ ਪਾਇਆ ॥” {ਮ: 4, ਪੰਨਾ 303}

ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ,) ਉਸ ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ।

ਸਤਿਗੁਰੂ ਨੇ ਜਿੱਥੇ ਇਹ ਦ੍ਰਿੜ ਕਰਾਇਆ ਹੈ ਕਿ ਜੋ ਗੁਰਸਿੱਖ, ਗੁਰੂ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ, ਉੱਥੇ ਨਾਲ ਹੀ ਇੱਕ ਹੋਰ ਬੜੀ ਵਿਸ਼ੇਸ਼ ਗੱਲ ਸਮਝਾ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਸਤਿਗੁਰੂ ਦੇ ਭੁਲੇਖੇ, ਸਿੱਖਾਂ ਕੋਲੋਂ ਕੋਈ ਕੰਮ ਕਰਾਉਣਾ ਚਾਹੇ, ਭਾਵ ਆਪਣਾ ਹੁਕਮ ਮਨਾਉਣਾ ਚਾਹੇ, ਸਿੱਖ ਨੂੰ ਉਸ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ:

ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ॥ ਵਿਣੁ ਸਤਿਗੁਰ ਕੇ ਹੁਕਮੈ, ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ॥” {ਮ: 4, ਪੰਨਾ 317}
ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ । ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ।

ਗੁਰੂ ਹੀ ਸਿੱਖ ਨੂੰ ਅਕਾਲ-ਪੁਰਖ ਦਾ ਹੁਕਮ(ਅੱਟਲ ਨੇਮ) ਸਮਝਾਉਂਦਾ ਹੈ। ਗੁਰੂ ਦੀ ਕਿਰਪਾ ਦੁਆਰਾ ਹੀ ਸਿੱਖ ਅਕਾਲ-ਪੁਰਖ ਦੇ ਭਾਣੇ ਵਿੱਚ ਚਲ ਕੇ ਜੀਵਨ ਨੂੰ ਸੁਖੀ ਕਰ ਲੈਂਦਾ ਹੈ। ਫਿਰ ਉਸ ਨੂੰ ਕਿਸੇ ਤਰ੍ਹਾਂ ਦੇ ਕੋਈ ਵਿਖਾਵੇ ਦੇ ਧਾਰਮਿਕ ਕੰਮ, ਕਰਮ ਕਾਂਡ ਨਹੀਂ ਕਰਨੇ ਪੈਂਦੇ ਅਤੇ ਉਹ ਅਕਾਲ-ਪੁਰਖ ਨਾਲ ਅਭੇਦ ਹੋ ਜਾਂਦਾ ਹੈ:

ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥18॥” (ਸਲੋਕ ਮਹਲਾ 4, ਪੰਨਾ 1423)

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ । ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ । ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ-ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ । (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ।

ਹੇ ਭਾਈ ! ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤਿ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ । ਹੇ ਨਾਨਕ ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ ।18।

ਜੋ ਮੂਰਖ ਵਿਅਕਤੀ ਆਪਣੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਗੁਰਬਾਣੀ ਵਿੱਚ ਉਸ ਨੂੰ ਖੋਟੇ ਮਨ ਵਾਲਾ, ਕੂੜਿਆਰ ਅਤੇ ਭੈੜੇ ਲੱਛਣਾਂ ਵਾਲਾ ਕਿਹਾ ਗਿਆ ਹੈ:

ਵੇਸ ਕਰੈ ਕੁਰੂਪਿ ਕੁਲਖਣੀ, ਮਨਿ ਖੋਟੈ ਕੂੜਿਆਰਿ ॥ ਪਿਰ ਕੈ ਭਾਣੈ ਨਾ ਚਲੈ, ਹੁਕਮੁ ਕਰੇ ਗਾਵਾਰਿ॥” {ਸਲੋਕ ਮ:3, ਪੰਨਾ 89}

ਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ; (ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ) ।

ਸੋ ਸਿੱਖ ਕੌਮ ਵਿੱਚ ਦੁਨੀਆਵੀ ਤੌਰ ਤੇ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਗੁਰੂ ਪਾਤਿਸ਼ਾਹ ਨੂੰ ਹੀ ਹੈ। ਸਾਰੇ ਗੁਰੂ ਸਾਹਿਬਾਨ ਆਪਣੇ ਜੀਵਨ ਕਾਲ ਵਿੱਚ ਅਜਿਹੇ ਹੁਕਮਨਾਮੇ ਪੰਥ ਦੇ ਨਾ ਜਾਰੀ ਕਰਦੇ ਰਹੇ। ਗੁਰੂ ਦੀ ਸ਼ਰੀਰਕ ਪ੍ਰਥਾ ਸਮਾਪਤ ਹੋਣ ਤੇ ਅਜ ਸਾਡੇ ਜਾਗਤ ਜੋਤਿ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਹੁਕਮਨਾਮਾ ਵੀ ਕੇਵਲ ਉਨ੍ਹਾਂ ਦਾ ਹੀ ਹੋ ਸਕਦਾ ਹੈ। ਸਤਿਗੁਰੂ ਪਾਸੋਂ ਹੁਕਮਨਾਮੇ ਦੀ ਇਹ ਬਖਸ਼ਿਸ਼ ਹਰ ਸਮੇਂ ਮੌਜੂਦ ਹੈ। ਗੁਰੂ ਦੀ ਸ਼ਰੀਰਕ ਪ੍ਰਥਾ ਸਮਾਪਤ ਹੋਣ ਤੋਂ ਬਾਅਦ, ਪੰਥਕ ਫੈਸਲਿਆਂ ਵਾਸਤੇ ਗੁਰਮਤਾ ਅਤੇ ਮਤਾ ਕਰਨ ਦੀ ਰਵਾਇਤ ਸਥਾਪਤ ਹੋਈ। ਇਹ ਗੁਰਮਤੇ ਜਾਂ ਮਤੇ ਪੰਥ ਦਾ ਨੁਮਾਇੰਦਾ, ਸਰਬਤ ਖਾਲਸਾ ਕਰਦਾ ਜਾਂ ਸਮੂਹਿਕ ਪੰਥਕ ਇਕੱਠ ਕਰਦਾ ਸੀ।

1925 ਦੇ ਸਿੱਖ ਗੁਰਦੁਆਰਾ ਐਕਟ ਅਤੇ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਹੁਕਮਨਾਮੇ ਦੀ ਕੋਈ ਵਿਵਸਥਾ ਨਹੀਂ। ਸਿੱਖ ਰਹਿਤ ਮਰਯਿਾਦਾ ਵਿੱਚ ਵੀ ਗੁਰਮਤੇ ਅਤੇ ਮਤੇ ਦਾ ਹੀ ਵਿਧਾਨ ਹੈ। ਮਹੰਤਾਂ ਅਤੇ ਪੁਜਾਰੀਆਂ ਨੇ ਗੁਰਦੁਆਰਿਆਂ ਅਤੇ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਹੋਣ ਤੋਂ ਬਾਅਦ, ਇਸ ਹੁਕਮਨਾਮੇ ਦੀ ਗਲਤ ਰਿਵਾਇਤ ਪੰਥ ਤੇ ਆਪਣਾ ਦਬਦਬਾ ਬਣਾ ਕੇ ਰਖਣ ਲਈ, ਅਤੇ ਸਮੇਂ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਸ਼ੁਰੂ ਕਰ ਦਿੱਤੀ। ਜਥੇਦਾਰ ਦੇ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਅਹੁਦੇ ਨੂੰ ਮਾਨਤਾ ਦੇਣ ਤੋਂ ਬਾਅਦ ਹੁਕਮਨਾਮੇ ਕਰਨ ਦਾ ਅਧਿਕਾਰ ਵੀ ਇਸ ਅਹੁਦੇ ਨਾਲ ਜੋੜ ਦਿੱਤਾ ਗਿਆ। ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ, ਉਨ੍ਹਾਂ ਦੇ ਅਤੇ ਆਪਣੇ ਵਿਰੋਧੀਆਂ ਨੂੰ ਅਪਮਾਨਿਤ ਕਰਨ, ਆਪਣੀਆਂ ਨਿਜੀ ਰੜਕਾਂ ਕੱਢਣ ਅਤੇ ਸਿੱਖ ਕੌਮ ਤੇ ਆਪਣਾ ਦਬਦਬਾ ਬਣਾਕੇ ਰਖਣ ਲਈ, ਇਨ੍ਹਾਂ ਅਖੌਤੀ ਹੁਕਮਨਾਮਿਆਂ ਦੀਂ, ਭਰਵੀਂ ਦੁਰਵਰਤੋਂ ਕੀਤੀ ਜਾ ਰਹੀ ਹੈ।

ਨਤੀਜੇ ਵਜੋਂ ਅੱਜ ਕੌਮ ਵਿੱਚ ਸਿਧਾਂਤਕ ਦੁਬਿਧਾ, ਨੈਤਿਕ ਪਤਨ, ਦਹਿਸ਼ਤ ਅਤੇ ਅਸਥਿਰਤਾ ਦਾ ਮਹੌਲ ਹੈ। ਇਨ੍ਹਾਂ ਗੈਰ ਸਿਧਾਂਤਕ ਗਲਤ ਹੁਕਮਨਾਮਿਆਂ ਨੇ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਮਾਨ-ਸਤਿਕਾਰ ਨੂੰ ਗਹਿਰੀ ਚੋਟ ਪਹੁੰਚਾਈ ਹੈ, ਉੱਥੇ ਅੱਜ ਕੌਮ ਨੂੰ ਖਾਨਾਜੰਗੀ ਦੇ ਮੁਹਾਨੇ ਤੇ ਲਿਆ ਖੜ੍ਹਾ ਕੀਤਾ ਹੈ। ਪਿਛਲੇ ਤਕਰੀਬਨ 100 ਸਾਲ ਦੇ ਸਿੱਖ ਇਤਿਹਾਸ ਨੂੰ ਬਰੀਕੀ ਨਾਲ ਘੋਖਿਆਂ, ਇਹ ਮਹਿਸੂਸ ਹੁੰਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਤਿੰਨ ਹੀ ਐਸੇ ਫੈਸਲੇ ਹਨ, ਜਿੱਥੇ ਗੁਰਮਤਿ ਜੁਗਤਿ ਵਰਤ ਕੇ ਗੁਰਮਤੇ ਕੀਤੇ ਗਏ: ਪਹਿਲਾ, 12 ਅਕਤੂਬਰ 1920 ਦਾ, ਜਿਸ ਰਾਹੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵਲੋਂ ਬਜਬਜ ਘਾਟ ਦੇ ਸ਼ਹੀਦਾਂ ਨੂੰ ਸਿੱਖ ਨਾ ਹੋਣ ਦੇ ਦਿੱਤੇ ਫਤਵੇ ਨੂੰ, ਰੱਦ ਕੀਤਾ ਗਿਆ, ਦੂਜਾ ਸਤੰਬਰ, 1923 ਵਿੱਚ ਨਾਭੇ ਦੇ ਅਹਿਲਕਾਰ ਗੁਰਦਿਆਲ ਸਿੰਘ ਵਿਰੁੱਧ ਕੀਤਾ ਗਿਆ ਫੈਸਲਾ ਅਤੇ ਤੀਸਰਾ, 10 ਜੂਨ 1978 ਨੂੰ ਨਕਲੀ ਨਿਰੰਕਾਰੀਆਂ ਵਿਰੁੱਧ ਕੀਤਾ ਗਿਆ ਫੈਸਲਾ। ਇਹ ਸਾਰੇ ਫੈਸਲੇ ਪੰਥਕ ਜਥੇਬੰਦੀਆਂ ਅਤੇ ਕੌਮੀ ਸ਼ਖਸੀਅਤਾਂ ਨੂੰ ਸ਼ਾਮਲ ਕਰਕੇ ਸਾਰਿਆਂ ਦੀ ਸਲਾਹ ਅਤੇ ਸਹਿਮਤੀ ਨਾਲ ਕੀਤੇ ਗਏ ਗੁਰਮਤੇ ਹਨ। ਇਨ੍ਹਾਂ ਤਿੰਨ ਫੈਸਲਿਆਂ ਤੋਂ ਇਲਾਵਾ ਬਾਕੀ ਬਹੁਤੇ ਈਰਖਾ, ਦਵੈਸ਼, ਸੁਆਰਥ, ਸਿਆਸੀ ਪ੍ਰਭਾਵ, ਚਾਪਲੂਸੀ, ਨਿਜੀ ਕਿੱੜ ਅਧੀਨ ਕੀਤੇ ਗਏ ਸਮੂਹ ਗੈਰ ਸਿਧਾਂਤਕ ਹੁਕਮਨਾਮੇ ਹਨ, ਅਤੇ ਇਹ ਅਖੌਤੀ ਹੁਕਮਨਾਮੇ ਰੱਦ ਕਰ ਦੇਣੇ ਚਾਹੀਦੇ ਹਨ। ਅਤਿ ਪੰਥਕ ਮਹੱਤਵ ਦੇ ਮੁਦਿਆਂ ਨੂੰ ਮੁੜ ਤੋਂ ਪੰਥਕ ਜੁਗਤਿ ਵਿੱਚ, ਗੁਰਮਤਿ ਅਨੁਸਾਰ ਵਿਚਾਰ ਕੇ ਗੁਰਮਤੇ ਜਾਂ ਮਤੇ ਕੀਤੇ ਜਾ ਸਕਦੇ ਹਨ।

ਜਿਵੇਂ ਕਿ ਉਪਰ ਵਿਚਾਰ ਕੀਤੀ ਜਾ ਚੁੱਕੀ ਹੈ, ਸਤਿਗੁਰੂ ਨੇ ਅਕਾਲ ਤਖ਼ਤ ਸਾਹਿਬ ਬਨਵਾਉਣ ਲੱਗਿਆਂ, ਤਕਨੀਕੀ ਤੌਰ ਤੇ ਐਸੀ ਵਿਉਂਤ ਬੰਦੀ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੇ ਤਖ਼ਤ ਵਾਲੇ ਸਥਾਨ ਤੇ ਬੈਠ ਕੇ ਦਰਬਾਰ ਸਾਹਿਬ ਸਾਹਮਣੇ ਨਜ਼ਰ ਆਵੇ, ਤਾਂਕਿ ਰਾਜਨੀਤਿਕ ਫੈਸਲੇ ਕਰਨ ਲਗਿਆਂ, ਧਰਮ ਦੀ ਪਹਿਰੇਦਾਰੀ ਰਹੇ। ਪਰ ਅੱਜ ਇਹ ਜਥੇਦਾਰ ਆਪਣੇ ਫੈਸਲੇ, ਆਪਣੇ ਸਕੱਤਰੇਤ ਵਿੱਚ ਗੁਰੂ ਪਾਤਿਸ਼ਾਹ ਤੋਂ ਪਾਸੇ ਹੋ ਕੇ ਕਰਦੇ ਹਨ। ਅਕਾਲ ਤਖ਼ਤ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਤੇ ਸੁਭਾਏਮਾਨ ਗੁਰੂ ਗ੍ਰੰਥ ਸਾਹਿਬ ਸਨਮੁਖ ਹਾਜ਼ਰ ਹੋਣ ਵਾਲੇ ਨੂੰ ਤਾਂ, ਇਹ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ ਹੀ ਨਹੀਂ ਮੰਨਦੇ।
ਗੱਲ ਦਾ ਤਤਸਾਰ ਇਹ ਕਿ ਸਿੱਖ ਕੌਮ ਅੰਦਰ, ਇਹ ਅਖੌਤੀ ਜਥੇਦਾਰਾਂ ਦਾ ਅਹੁਦਾ ਅਤੇ ਇਨ੍ਹਾਂ ਦੁਆਰਾ ਕੀਤੇ ਹੁਕਮਨਾਮੇ, ਪੂਰਨ ਰੂਪ ਵਿੱਚ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਹਨ। ਇਹ ਕੇਵਲ ਤੇ ਕੇਵਲ ਰਾਜਨੀਤਿਕ ਅਤੇ ਧਾਰਮਿਕ ਪਹਿਰਾਵੇ ਵਾਲੇ ਪਖੰਡੀ ਲੋਕਾਂ ਦਾ ਸਾਜਿਸ਼ੀ ਗੱਠਬੰਧਨ ਹੈ, ਜੋ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰ ਕੇ, ਆਮ ਭੋਲੇ-ਭਾਲੇ ਸਿੱਖਾਂ ਨੂੰ ਆਪਣੇ ਅਧੀਨ ਰੱਖਣ, ਅਤੇ ਆਪਣੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਦਾ, ਇਕ ਵਧੀਆ ਤਰੀਕਾ ਵਰਤ ਰਿਹਾ ਹੈ।

ਅਜੋਕੇ ਹਾਲਾਤ ਵਿੱਚ:

ਜੇ ਅਜੋਕੇ ਹਾਲਾਤ ਵਿੱਚ ਕੌਮ ਅਜਿਹੇ ਕਿਸੇ ਅਹੁਦੇ ਦੀ ਲੋੜ ਮਹਿਸੂਸ ਕਰੇ ਤਾਂ, ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ(ਪੰਥ ਆਪਸੀ ਸਹਿਮਤੀ ਨਾਲ, ਕੋਈ ਵੀ ਹੋਰ ਯੋਗ ਨਾਂ ਦੇ ਸਕਦਾ ਹੈ ਪਰ ਕਿਸੇ ਤਰ੍ਹਾਂ ਵੀ ਜਥੇਦਾਰ ਨਹੀਂ) ਦਾ ਅਹੁਦਾ ਹੋਂਦ ਵਿੱਚ ਲਿਆਦਾ ਜਾ ਸਕਦਾ ਹੈ, ਇਕ ਤਾਂ ਪਹਿਲਾਂ ਸਰਬੱਤ ਖ਼ਾਲਸਾ ਦੀ ਸੰਸਥਾਂ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ, ਕਿਉਂਕਿ ਜੇ ਕਬਜ਼ਾ ਸਿਆਸੀ ਲੋਕਾਂ ਦਾ ਜਾਂ ਕਿਸੇ ਇਕ ਧੜੇ ਦਾ ਹੀ ਰਿਹਾ ਤਾਂ ਕੋਈ ਵੀ ਸੁਧਾਰ ਨਹੀਂ ਹੋ ਸਕਦਾ ਅਤੇ ਦੂਸਰਾ, ਪਹਿਲਾਂ ਇਸ ਅਹੁਦੇ ਦਾ ਵਿਧੀ-ਵਿਧਾਨ ਬਨਾਉਣਾ ਜ਼ਰੂਰੀ ਹੈ ਤਾਂਕਿ ਇਸ ਅਹੁਦੇ ਤੇ ਸੁਭਾਏਮਾਨ ਹੋਣ ਵਾਲੀਆਂ ਸ਼ਖਸੀਅਤਾਂ ਨਿਰੋਲ ਪੰਥਕ ਜੁਗਤਿ ਵਿੱਚ ਸੇਵਾ ਨਿਭਾ ਸਕਣ ਅਤੇ ਪੰਥ ਉਤੇ ਸਰਦਾਰੀ ਕੇਵਲ ਸਰਬੱਤ ਖ਼ਾਲਸਾ ਦੀ ਰਹੇ। ਜਿੰਨਾ ਚਿਰ ਇਹ ਵਿਧੀ-ਵਿਧਾਨ ਤਿਆਰ ਨਹੀਂ ਹੋ ਜਾਂਦਾ, ਇਸ ਮੁੱਖ-ਸੇਵਾਦਾਰ ਦੇ ਹੱਕ ਅਤੇ ਅਧਿਕਾਰ ਕੇਵਲ ਤਖ਼ਤ ਸਾਹਿਬ ਦੀ ਰੋਜ਼ ਦੀ ਧਾਰਮਿਕ ਮਰਿਆਦਾ ਨਿਭਾਉਣ ਤੱਕ ਸੀਮਿਤ ਹੋਣੇ ਚਾਹੀਦੇ ਹਨ।

ਪੰਥ ਦੇ ਰੋਜ਼ ਦੇ ਲੋੜੀਂਦੇ ਕਾਰਜ ਚਲਾਉਣ ਲਈ ਇਕ ਸੌ ਮੈਂਬਰਾਂ ਦੀ ਕਮੇਟੀ(ਗਿਣਤੀ ਆਪਸੀ ਸਹਿਮਤੀ ਨਾਲ ਵੱਧ-ਘੱਟ ਵੀ ਹੋ ਸਕਦੀ ਹੈ), ਜਿਸ ਵਿੱਚ ਜੀਵਨ ਦੇ ਹਰ ਪੱਖ ਦੇ ਗੁਰਸਿੱਖ ਵਿਦਵਾਨ(ਜਿਵੇਂ ਕਿ ਧਾਰਮਿਕ ਸ਼ਖਸੀਅਤਾਂ ਦੇ ਨਾਲ, ਵਕੀਲ ਸਾਹਿਬਾਨ, ਜੱਜ ਸਾਹਿਬਾਨ, ਡਾਕਟਰ, ਇੰਨਜੀਨੀਅਰ, ਵਿਦਿਅਕ ਮਾਹਿਰ, ਰਾਜਨੀਤੀ ਵੇਤਾ, ਸਮਾਜ ਸੇਵੀ ਆਦਿ)ਹੋਣ, ਸਥਾਪਤ ਕੀਤੀ ਜਾ ਸਕਦੀ ਹੈ। ਇਸ ਕਮੇਟੀ ਦਾ ਨਾਂ ਆਪਸੀ ਸਹਿਮਤੀ ਨਾਲ ਕੋਈ ਵੀ ਰਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਦਾ ਮੁੱਦਾ ਜਾਂ ਮਸਲਾ ਸਾਹਮਣੇ ਆਵੇ, ਇਸ ਕਮੇਟੀ ਵਿੱਚੋਂ, ਇਕ ਉਪ ਕਮੇਟੀ ਬਣਾਕੇ, ਉਸ ਨੂੰ ਫੈਸਲਾ ਲੈਣ ਲਈ ਸੌਂਪ ਦਿੱਤਾ ਜਾਵੇ, ਪਰ ਫੈਸਲਾ ਪੂਰੀ ਕਮੇਟੀ ਵਲੋਂ ਇਸ ਨੂੰ ਪਰਵਾਨ ਕਰਨ ਤੇ ਹੀ ਕੌਮੀ ਮਤਾ ਜਾਂ ਗੁਰਮਤਾ ਬਣੇਗਾ। ਹਰ ਮਤੇ ਜਾਂ ਗਰੁਮਤੇ ਦੀ ਪ੍ਰੋੜਤਾ ਸਰਬਤ ਖਾਲਸਾ ਦੁਆਰਾ ਹੋਵੇ। ਪਹਿਲਾਂ ਇਹ ਕਮੇਟੀ ਆਰਜ਼ੀ(ੳਦਹੋਚ) ਤੌਰ ਤੇ ਚੁਣੀ ਜਾ ਸਕਦੀ ਹੈ, ਪਰ ਇਸ ਕਮੇਟੀ ਦਾ ਵੀ ਇਕ ਸੀਮਿਤ ਸਮੇਂ ਵਿੱਚ ਇਕ ਅਲੱਗ ਵਿਧੀ ਵਿਧਾਨ ਬਣਨਾ ਜ਼ਰੂਰੀ ਹੈ। ਜੇ ਉਹ ਵਿਧੀ-ਵਿਧਾਨ ਉਸ ਸੀਮਿਤ ਸਮੇਂ ਵਿੱਚ ਹੋਂਦ ਵਿੱਚ ਨਹੀਂ ਆਉਂਦਾ ਤਾਂ, ਇਸ ਕਮੇਟੀ ਦੇ ਸਭ ਹੱਕ ਅਤੇ ਅਧਿਕਾਰ ਖ਼ਤਮ ਹੋ ਜਾਣਗੇ। ਸਾਡਾ ਇਕ ਕੌਮੀ ਸੁਭਾ ਬਣ ਗਿਆ ਹੈ ਕਿ ਜਦੋਂ ਕੋਈ ਕੰਮ ਚਲਣਾ ਸ਼ੁਰੂ ਹੋ ਜਾਵੇ, ਅਸੀਂ ਅਵੇਸਲੇ ਹੋ ਜਾਂਦੇ ਹਾਂ, ਇਸ ਲਈ ਇਹ ਫੈਸਲਾ ਨਾਲ ਹੀ ਕਰ ਲੈਣਾ ਜ਼ਰੂਰੀ ਹੈ ਕਿ ਉਸ ਸਮਾਂ ਸੀਮਾਂ ਨੂੰ ਕਿਸੇ ਹਾਲਤ ਵਿੱਚ ਵੀ ਵਧਾਇਆ ਨਹੀਂ ਜਾਵੇਗਾ।

ਪਹਿਲੀ ਵਾਰ ਇਹ ਮੈਂਬਰਾਂ ਦੀ ਲਿਸਟ ਸਰਬਤ ਖਾਲਸਾ ਦੇ ਮੈਂਬਰਾਂ ਵਲੋਂ, ਆਪਸੀ ਸਲਾਹ ਨਾਲ ਤਿਆਰ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਇਹ ਚੋਣ ਉਸ ਵਿਧੀ ਵਿਧਾਨ ਅਨੁਸਾਰ ਹੋਵੇ। ਵਿਧੀ ਵਿਧਾਨ ਵਿੱਚ ਇਹ ਸਾਰੀਆਂ ਗੱਲਾਂ ਵਿਸਥਾਰ ਨਾਲ ਵਿਚਾਰ ਲਈਆਂ ਜਾਣੀਆਂ ਚਾਹੀਦੀਆਂ ਹਨ, ਕਿ ਦੁਨਿਆਵੀ ਵਿਦਿਅਕ ਯੋਗਤਾ ਦੇ ਨਾਲ ਇਨ੍ਹਾਂ ਦੀ ਧਾਰਮਿਕ ਯੋਗਤਾ ਕੀ ਹੋਵੇਗੀ, ਇਨ੍ਹਾਂ ਦਾ ਕਾਰਜ ਕਾਲ ਕੀ ਹੋਵੇਗਾ, ਇਨ੍ਹਾਂ ਨੂੰ ਕਿਨ੍ਹਾਂ ਹਾਲਾਤ ਵਿੱਚ ਸੇਵਾ-ਮੁਕਤ ਕੀਤਾ ਜਾ ਸਕੇਗਾ, ਕਿਸੇ ਮੈਂਬਰ ਦੇ ਸੇਵਾ-ਮੁਕਤ ਹੋਣ ਤੋਂ ਬਾਅਦ ਖਾਲੀ ਸਥਾਨ ਦੀ ਪੂਰਤੀ ਕਿਵੇਂ ਹੋਵੇਗੀ ਆਦਿ..। ਇਹ ਨਿਯੁਕਤੀ ਜਾਂ ਪੂਰਤੀ ਕਿਸੇ ਸੂਰਤ ਵਿੱਚ ਵੋਟਾਂ ਦੁਆਰਾ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਿਸੇ ਹਾਲਾਤ ਵਿੱਚ ਵੀ, ਇਸ ਦਾ ਅਧਿਕਾਰ ਕਿਸੇ ਇੱਕ ਵਿਅਕਤੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਹ ਸਮੂਹਿਕ ਰੂਪ ਵਿੱਚ, ਗੁਣਾਂ ਤੇ ਅਧਾਰਤ ਚੋਣ ਹੋਣੀ ਚਾਹੀਦੀ ਹੈ। ਸਰਬੱਤ ਖਾਲਸਾ ਵਿੱਚ ਸਭ ਪ੍ਰਵਾਨਤ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਲਏ ਜਾਣ, ਪਰ ਉਨ੍ਹਾਂ ਦਾ ਸਿੱਖ ਰਹਿਤ ਮਰਿਆਦਾ ਨੂੰ ਇੰਨ ਬਿੰਨ ਮੰਨਣਾ ਅਤੇ ਲਾਗੂ ਕਰਨਾ ਜ਼ਰੂਰੀ ਹੋਵੇ। ਆਪਣੀਆਂ ਅਲੱਗ ਮਰਿਯਾਦਾ ਬਨਾਉਣ ਅਤੇ ਚਲਾਉਣ ਵਾਲਿਆਂ ਨੂੰ ਪੰਥਕ ਜਥੇਬੰਦੀ ਦੇ ਤੌਰ ਤੇ ਮਾਨਤਾ ਨਾ ਦਿੱਤੀ ਜਾਵੇ ਅਤੇ ਨਾ ਹੀ ਸਰਬੱਤ ਖਾਲਸਾ ਵਿੱਚ ਸ਼ਾਮਲ ਕੀਤਾ ਜਾਵੇ।

ਕੋਈ ਵੀ ਕੌਮੀ ਮਸਲਾ ਸਾਹਮਣੇ ਆਉਣ ਤੇ ਅਕਾਲ-ਤਖ਼ਤ ਸਾਹਿਬ ਦਾ ਮੁੱਖ-ਸੇਵਾਦਾਰ ਕਮੇਟੀ ਦੀ ਮੀਟਿੰਗ ਸੱਦੇ ਅਤੇ ਵਿਚਾਰ ਕਰਕੇ ਮਸਲਾ, ਵਿਸ਼ੇ ਦੇ ਪਾਰਖੂ ਮਾਹਿਰਾਂ ਦੀ ਕਮੇਟੀ ਬਣਾਕੇ ਉਸ ਦੇ ਹਵਾਲੇ ਕਰ ਦਿੱਤਾ ਜਾਵੇ ਅਤੇ ਇਸ ਕਮੇਟੀ ਦਾ ਫੈਸਲਾ ਸੁਨਾਉਣ ਦਾ ਅਧਿਕਾਰ ਵੀ ਮੁੱਖ-ਸੇਵਾਦਾਰ ਨੂੰ ਦਿੱਤਾ ਜਾ ਸਕਦਾ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

(ਰਾਜਿੰਦਰ ਸਿੰਘ ਦੀ ਛਪਾਈ ਅਧੀਨ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ ਵਿਚੋਂ ਕੁਝ ਅੰਸ਼)

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726

ਕਿਸ਼ਤ : ਪਹਿਲੀ, ਦੂਸਰੀ, ਤੀਸਰੀ, ਚੌਥੀ, ਪੰਜਵੀਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top