Share on Facebook

Main News Page

ਅਸਲੀ ਬ੍ਰਾਹਮਣ

ਗੁਰੂ ਨਾਨਕ ਸਾਹਿਬ ਦੇ ਸਮੇਂ ਬ੍ਰਾਹਮਣ, ਕਾਜ਼ੀ ਤੇ ਜੋਗੀ, ਇਹਨਾਂ ਤਿੰਨ ਜਣਿਆਂ ਨੂੰ ਧਰਮ ਦੇ ਵੱਡੇ ਆਗੂਆਂ ਵਜੋਂ ਸਮਾਜ ਵਿਚ ਪੂਰੀ ਮਾਨਤਾ ਮਿਲੀ ਹੋਈ ਸੀ ਜਾਂ ਧੱਕੇ ਨਾਲ ਭੋਲ਼ੀ ਜੰਤਾ ਨੂੰ ਇਹਨਾਂ ਨੇ ਆਪਣੀਆਂ ਲੂੰਬੜ ਚਾਲਾਂ ਨਾਲ ਕਰਮ-ਕਾਂਡੀ ਜਾਲ ਵਿਚ ਫਸਾਇਆ ਹੋਇਆ ਸੀ। ਇਹ ਤਿੰਨ ਧਰਮਕ ਹਸਤੀਆਂ ਆਗੂ ਬਣਨ ਦੀ ਬਜਾਏ ਤਿੰਨ ਕਾਣੇ ਬਣ ਕੇ ਰਹਿ ਗਏ। ਜਿਸ ਤਰ੍ਹਾਂ ਸਿੱਖ ਧਰਮ ਵਿਚ ਅੱਜ ਜੱਥੇਦਾਰ ਜੀ ਹਨ। ਮਜ਼ੇ ਵਾਲੀ ਗੱਲ ਹੈ ਕਿ ਇਹਨਾਂ ਧਾਰਮਕ ਬਿਰਤੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਵਿਚ ਆਏ ਕਰਮ-ਕਾਂਡ, ਅਨਪੜ੍ਹਤਾ, ਸਮਾਜਕ ਕੁਰੀਤੀਆਂ ਤੇ ਧਾਰਮਕ ਅੰਧ-ਵਿਸ਼ਵਾਸ ਲਈ ਪੂਰਨ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ। ਕਰੋ ਇਹਨਾਂ ਵਾਕਾਂ ਦੇ ਦਰਸ਼ਨ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਧਨਾਸਰੀ ਮਹਲਾ ੧ ਪੰਨਾ ੬੬੨

ਅਰਥ:- ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ । ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ । ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ । (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ।੨।

ਇਕ ਵਾਰੀ ਪ੍ਰਦੇਸ ਵਿਚ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਮੈਨੂੰ ਮਿਲਣ ਲਈ ਸਵੇਰੇ ਸਵੇਰੇ ਕਮਰੇ ਵਿਚ ਆਏ। ਗੱਲਾਂ ਬਾਤਾਂ ਕਰਦਿਆਂ ਕਹਿਣ ਲੱਗੇ, ਕਿ ''ਸੱਚ ਭਾਈ ਸਾਹਿਬ ਜੀ ਮੈਂ ਇਕ ਜ਼ਰੂਰੀ ਗੱਲ ਕਰਨੀ ਭੁੱਲ ਹੀ ਗਿਆ ਸੀ''। ਮੈਂ ਕਿਹਾ ਦੱਸੋ, ''ਕਹਿਣ ਲੱਗੇ ਤੁਹਾਨੂੰ ਪਤਾ ਈ ਆ ਕਿ ਆਪਾਂ ਪ੍ਰਦੇਸ ਵਿਚ ਰਹਿੰਦੇ ਆਂ। ਸਾਰਿਆਂ ਨਾਲ ਸਾਨੂੰ ਮਿਲ਼-ਜੁਲ਼ ਕੇ ਚੱਲਣਾ ਪੈਂਦਾ ਹੈ, ਇਸ ਲਈ ਤੁਸੀਂ ਅਜੇਹਾ ਪ੍ਰਚਾਰ ਕਰਿਆ ਜੇ ਜਿਸ ਨਾਲ ਹਿੰਦੂ ਵੀਰ ਵੀ ਖੁਸ਼ ਹੋ ਜਾਣ। ਜਨੀ ਕਿ ਸਹਿੰਦਾ ਸਹਿੰਦਾ ਪ੍ਰਚਾਰ ਕਰਿਆ ਜੇ ਕਿਉਂਕਿ ਦੋ ਪਰਵਾਰ ਹਿੰਦੂ ਵੀਰਾਂ ਦੇ ਵੀ ਗੁਰਦੁਆਰਾ ਮੱਥਾ ਟੇਕਣ ਆਉਂਦੇ ਹਨ, ਐਸਾ ਨਾ ਹੋਵੇ ਕਿ ਕਿਤੇ ਉਹ ਸਾਡੇ ਨਾਲ ਨਿਰਾਜ਼ ਹੋ ਕੇ ਮੁੜ ਗੁਰਦੁਆਰੇ ਹੀ ਨਾ ਆਉਣ''। ਮੈਂ ਬੇਨਤੀ ਕੀਤੀ, ਕਿ ''ਵੀਰ ਜੀ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ। ਏੱਥੇ ਕਿਸੇ ਨੂੰ ਨਰਾਜ਼ ਨਹੀਂ ਕੀਤਾ ਜਾਂਦਾ ਤੇ ਨਾ ਹੀ ਕਿਸੇ ਦੀ ਨਿੰਦਿਆ ਜਾਂ ਉਸਤਤ ਕੀਤੀ ਜਾਂਦੀ ਹੈ, ਸਿਰਫ ਅਸਲੀਅਤ ਹੀ ਦੱਸੀ ਜਾਂਦੀ ਹੈ''। ਦੂਸਰੀ ਬੇਨਤੀ ਹੈ ਕਿ ਪ੍ਰਧਾਨ ਜੀ ਅੱਜ ਸਾਡੇ ਪ੍ਰਚਾਰਕ ਵੀਰ ਤੇ ਪ੍ਰਬੰਧਕ ਸ਼੍ਰੇਣੀ ਦੀ ਇਕ ਬਹੁਤ ਵੱਡੀ ਕਮੰਜ਼ੋਰੀ ਹੈ ਕਿ ਅਸੀਂ ਸਿਰਫ ਦੋ ਪਰਵਾਰਾਂ ਨੂੰ ਖੁਸ਼ ਕਰਨ ਲਈ ਹੀ ਸਾਰਾ ਪ੍ਰਚਾਰ ਕਰ ਰਹੇ ਹਾਂ। ਬਾਕੀ ਅਠਾਨਵੇਂ ਪਰਵਾਰਾਂ ਨੂੰ ਸਿੱਖ ਸਿਧਾਂਤ ਨਾ ਸੁਣਾ ਕੇ ਅਸੀਂ ਸਿੱਖ ਕੌਮ ਦੀ ਜੜ੍ਹੀਂ ਤੇਲ ਵੀ ਦਈ ਜਾ ਰਹੇ ਹਾਂ। ਸਿੱਖ ਕੌਮ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਅੱਜ ਸਾਰਾ ਪਰਚਾਰ ਇਕ ਦੂਜੇ ਨੂੰ ਖੁਸ਼ ਕਰਨ ਲਈ ਹੀ ਕੀਤਾ ਜਾ ਰਿਹਾ ਹੈ। ਸ਼ਬਦ ਗੁਰਬਾਣੀ ਦਾ ਲੈਂਦੇ ਹਾਂ ਤੇ ਅਰਥ ਗਰੜ ਪੁਰਾਣ, ਰਮਾਇਣ ਜਾਂ ਮਹਾਂਭਾਰਤ ਵਿਚੋਂ ਲੈ ਕੇ ਕਰ ਰਹੇ ਹਾਂ।

ਮੈਂ ਬੇਨਤੀ ਕੀਤੀ ਕਿ ਵੀਰ ਜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹਰ ਧਰਮ ਦੇ ਮਨੁੱਖ ਲਈ ਹੈ। ਹਰ ਧਾਰਮਕ ਆਗੂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਹਿੰਦੂ ਵੀਰ ਵੀ ਆਪਣੇ ਧਾਰਮਕ ਆਗੂਆਂ ਹੱਥੋਂ ਚੰਗੀ ਤਰ੍ਹਾਂ ਉਜੜ ਰਹੇ ਹਨ। ਜਦੋਂ ਕਿਸੇ ਬ੍ਰਾਹਮਣ ਦਾ ਨਾਂ ਲਿਆ ਜਾਂਦਾ ਹੈ ਤਾਂ ਇਸ ਦਾ ਅਰਥ ਕੇਵਲ ਇਕ ਬ੍ਰਾਹਮਣ ਨਹੀਂ ਜਾਂ ਇਕ ਜਾਤ ਨਹੀਂ ਹੈ ਸਗੋਂ ਇਸ ਨਾਂ ਥੱਲੇ ਕੰਮ ਕਰ ਰਹੇ ਹਰ ਧਰਮ ਦੇ ਧਾਰਮਕ ਆਗੂ ਭਾਵ ਪੁਜਾਰੀ ਹਨ, ਜੋ ਆਪਣੀ ਰੋਜ਼ੀ ਰੋਟੀ ਲਈ ਕਰਮ-ਕਾਂਡਾਂ ਤੇ ਧਾਰਮਕ ਅੰਧ-ਵਿਸ਼ਵਾਸਾਂ ਦਾ ਤੜਕਾ ਲਗਵਾ ਰਹੇ ਹਨ। ਮੈਂ ਬੇਨਤੀ ਕੀਤੀ ਕਿ ਵੀਰ ਜੀ ਜੇ ਅਸੀਂ ਉਹਨਾਂ ਨੂੰ ਇਹ ਦੱਸੀਏ ਕਿ ਸਾਡੇ ਅਤੇ ਤੁਹਾਡੇ ਧਾਰਮਕ ਪੁਜਾਰੀ ਵਿਚ ਹੁਣ ਕੋਈ ਬਹੁਤਾ ਅੰਤਰ ਨਹੀਂ ਹੈ। ਇਹ ਰਲ਼ ਕੇ ਸਾਨੂੰ ਲੁੱਟ ਰਹੇ ਹਨ ਤਾਂ ਜ਼ਰੂਰ ਉਹ ਇਸ ਗੱਲ ਨੂੰ ਸੁਣਨ ਦਾ ਯਤਨ ਕਰਨਗੇ। ਜੱਕੋ ਤਕੇ ਕਰਦਿਆ ਢਿੱਲੇ ਜੇਹੇ ਮੂੰਹ ਨਾਲ ਪ੍ਰਧਾਨ ਜੀ ਚਲੇ ਗਏ। ਅਸਲ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੂੰ ਵੀ ਗੁਰਬਾਣੀ ਗਿਆਨ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਸਗੋਂ ਹਿੰਦੂ ਵੀਰ ਪਾਸੋਂ ਪੁੱਛ ਕੇ ਉਹ ਸਟੇਜ 'ਤੇ ਕਈ ਵਾਰੀ ਜਭਲ਼ੀਆਂ ਮਾਰਦਾ ਰਹਿੰਦਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਸਮਝਾਂਗੇ ਤਾਂ ਸਾਨੂੰ ਪਤਾ ਲੱਗਦਾ ਹੈ, ਕਿ ਗੁਰਬਾਣੀ ਜਿੱਥੇ ਬ੍ਰਾਹਮਣ ਦਾ ਨਾਂ ਲੈ ਕੇ ਉਸ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦੀ ਹੈ ਓੱਥੇ ਇਕ ਅਸਲੀ ਬ੍ਰਾਹਮਣ ਦਾ ਕਿਰਦਾਰ ਵੀ ਪੇਸ਼ ਕੀਤਾ ਹੈ। ਅਜੇਹਾ ਬ੍ਰਾਹਮਣ ਤਾਂ ਸਾਨੂੰ ਸਾਰਿਆਂ ਨੂੰ ਬਣਨਾ ਚਾਹੀਦਾ ਹੈ। ਜੇਹਾ ਕਿ ਗੁਰੂ ਨਾਨਕ ਸਾਹਿਬ ਜੀ ਇਕ ਵਾਕ ਰਾਂਹੀ ਦਸਦੇ ਹਨ ਕਿ ਬ੍ਰਾਹਮਣ ਕਿਹੋ ਜੇਹਾ ਹੋਣਾ ਚਾਹੀਦਾ ਹੈ। ਜੇ ਇਸ ਵਾਕ ਦੀ ਸਮਝ ਆ ਜਾਏ ਤਾਂ ਸਾਨੂੰ ਸਾਰਿਆਂ ਨੂੰ ਬ੍ਰਾਹਮਣ ਬਣਨ ਵਿਚ ਕੋਈ ਹਿਚਕਾਹਟ ਨਹੀਂ ਹੋਣੀ ਚਾਹੀਦੀ:

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥ ਜਪੁ ਤਪੁ ਸੰਜਮੁ ਕਮਾਵੈ ਕਰਮੁ ॥ ਸੀਲ ਸੰਤੋਖ ਕਾ ਰਖੈ ਧਰਮੁ ॥ ਬੰਧਨ ਤੋੜੈ ਹੋਵੈ ਮੁਕਤੁ ॥ ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥ ਸਲੋਕ ਮ: ੧ ਪੰਨਾ ੧੪੧੧

ਅਸਲੀ ਬ੍ਰਹਾਮਣ ਉਹ ਹੈ ਜਿਸਦੀ ਬ੍ਰਹਮ ਨਾਲ ਪੂਰੀ ਜਾਣ ਪਛਾਣ ਹੋਵੇ। ਬੰਦੇ ਨੇ ਕਪੜਾ ਖਰੀਦਣਾ ਹੋਵੇ ਤਾਂ ਉਸ ਦੀ ਪਛਾਣ ਕਰਕੇ ਖਰੀਦ ਦਾ ਹੈ। ਜੇ ਆਪ ਕਪੜੇ ਬਾਰੇ ਪਤਾ ਨਾ ਹੋਵੇ ਤਾਂ ਕਿਸੇ ਪਛਾਣ ਕਰਨ ਵਾਲੇ ਨੂੰ ਨਾਲ ਲੈ ਕੇ ਜਾਂਦਾ ਹੈ। ਇਕ ਕਿਰਸਾਨ ਨੂੰ ਫਸਲਾਂ ਬਾਰੇ ਪੂਰੀ ਪਛਾਣ ਹੈ ਕਿ ਕਦੋਂ ਜ਼ਮੀਨ ਵੱਤਰ ਆਉਂਦੀ ਹੈ ਤੇ ਕਦੋਂ ਫਸਲ ਦੀ ਬਿਜਾਈ ਕਰਨੀ ਹੈ। ਕਈ ਵਾਰੀ ਗਲਤ ਪਛਾਣ ਵਾਲੇ ਪਾਸੋਂ ਜਦੋਂ ਪਹਿਛਾਣ ਕਰਾਈ ਜਾਂਦੀ ਹੈ ਤਾਂ ਜ਼ਰੂਰ ਵਿਨਾਸ਼ਕਾਰੀ ਸਿੱਟੇ ਨਿਕਲਦੇ ਹਨ। ਕਹਿੰਦੇ ਨੇ ਇਕ ਮਾਲੀ ਨੇ ਆਪਣੇ ਬਾਗ ਵਿਚ ਬੜੇ ਖੂਬਸੂਰਤ ਫੁੱਲਾਂ ਦੀ ਕਿਆਰੀ ਤਿਆਰ ਕੀਤੀ। ਉਸ ਮਾਲੀ ਦੀ ਦੋਸਤੀ ਸੁਨਿਆਰੇ ਨਾਲ ਸੀ। ਮਾਲੀ ਨੇ ਸੋਚਿਆ ਕਿ ਮੈਂ ਆਪਣੇ ਦੋਸਤ ਨੂੰ ਫੁੱਲਾਂ ਦੀ ਕਿਆਰੀ ਦਿਖਾਵਾਂਗਾ। ਸੁਨਿਆਰੇ ਨੂੰ ਆਪਣੀ ਕਿਆਰੀ ਦਿਖਾਣ ਲਈ ਸੱਦਾ ਪੱਤਰ ਦਿੱਤਾ। ਸੁਨਿਆਰਾ ਆਪਣੇ ਨਾਲ ਪੱਥਰ ਦੀ ਕਸਵੱਟੀ ਲੈ ਕੇ ਆ ਗਿਆ। ਸੁਨਿਆਰਾ ਟਾਹਣੀ ਨਾਲੋਂ ਫੁੱਲ ਤੋੜ ਕੇ ਆਪਣੇ ਨਾਲ ਲਿਆਦੀ ਕਸਵੱਟੀ ਤੇ ਘਸਾ ਕੇ ਦੇਖਦਾ ਹੈ। ਜਦੋਂ ਫੁੱਲ ਦੀ ਪਿਚਕ ਨਿਕਲ ਜਾਏ ਤਾਂ ਸੁਨਿਆਰਾ ਥੱਲੇ ਸੁੱਟ ਕੇ ਦੂਸਰਾ ਫੁੱਲ ਤੋੜ ਲਵੇ। ਮਾਲੀ ਆਪਣੇ ਮਨ ਵਿਚ ਸੋਚਦਾ ਹੈ ਕਿ ਮੈਂ ਗਲਤ ਬੰਦੇ ਨੂੰ ਫੁੱਲ ਦਿਖਾਲ ਰਿਹਾਂ ਹਾਂ। ਇਸ ਨੂੰ ਫੁੱਲਾਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਫੁੱਲਾਂ ਦੀ ਪਹਿਛਾਣ ਫੁੱਲਾਂ ਵਾਲੇ ਨੂੰ ਹੋ ਸਕਦੀ ਹੈ। ਪਰ ਸੁਨਿਆਰਾ ਹਰ ਚੀਜ਼ ਨੂੰ ਸੋਨੇ ਵਾਂਗ ਹੀ ਦੇਖਦਾ ਹੈ। ਏਸੇ ਤਰ੍ਹਾਂ ਬ੍ਰਾਹਮਣ ਰੱਬੀ ਗੁਣਾਂ ਨੂੰ ਸਮਝਣ ਦੀ ਥਾਂ 'ਤੇ ਕਰਮ-ਕਾਂਡ ਨਿਭਾਉਣ ਨੂੰ ਰਬ ਜੀ ਦਾ ਮਾਰਗ ਦਸ ਰਿਹਾ ਹੈ।

ਇਸ ਦਾ ਅਰਥ ਹੈ ਕਿ ਕਰਤਾਰੀ ਗੁਣਾਂ ਦੀ ਪਹਿਛਾਣ ਕਰਕੇ ਵਰਤੋਂ ਕਰਨ ਵਾਲਾ ਹੀ ਬ੍ਰਾਹਮਣ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਮੈਂ ਹਸਪਤਾਲ ਤੋਂ ਦਵਾਈ ਲੈ ਆਂਵਾ। ਹੁਣ ਹਸਪਤਾਲ ਦੇ ਨਾਂ ਪਿੱਛੇ ਪੂਰੀ ਡਾਕਟਰਾਂ ਦੀ ਟੀਮ, ਐਮਰਜੈਂਸੀ ਵਾਰਡ, ਐਕਸਰੇ ਮਸ਼ੀਨਾਂ, ਖੂਨ ਟੈਸਟ ਕਰਨ ਦਾ ਪ੍ਰਬੰਧ ਆਦ ਸਾਰੀਆਂ ਸਹੂਲਤਾਂ ਨਾਲ ਲੈਸ ਹੋਣ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਹਸਪਤਾਲ ਹੈ। ਕੁਝ ਏਸੇ ਤਰ੍ਹਾਂ ਹੀ ਗੁਰ-ਗਿਆਨ ਦੀ ਲੋਅ ਵਿਚ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਕੇ ਚੱਲਣ ਵਾਲੇ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਨੇ ਬ੍ਰਹਮ ਦੀ ਪਹਿਛਾਣ ਕੀਤੀ ਹੈ। ਬੱਸ ਵਿਚ ਸਫਰ ਕਰਦਿਆਂ ਨਾਲ ਦੀ ਸਵਾਰੀ ਨਾਲ ਜਾਣ ਪਛਾਣ ਅਸੀਂ ਝੱਟ ਕਰ ਲੈਂਦੇ ਹਾਂ। ਜੇ ਵਿਚਾਰ ਰਲਦੇ ਹੋਣ ਤਾਂ ਪੱਕੀ ਸਾਂਝ ਵੀ ਬਣ ਜਾਂਦੀ ਹੈ। ਸਾਡੀ ਮਿਤ੍ਰਤਾ ਵੀ ਗੁਣਾਂ ਦੇ ਅਧਾਰ 'ਤੇ ਪੱਕੀ ਹੁੰਦੀ ਹੈ। ਕਈ ਵਾਰੀ ਅਸੀਂ ਇਹ ਵੀ ਸੁਣਦੇ ਹਾਂ ਕਿ ਮੈਂ ਲੜਕੀ ਦਾ ਰਿਸ਼ਤਾ ਕਰਨ ਗਿਆ ਪਰ ਮੈਂ ਪਛਾਣ ਕਰਨ ਵਿਚ ਧੋਖਾ ਖਾ ਗਿਆ। ਹੁਣ ਬ੍ਰਾਹਮਣ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਅਵਾ ਤਾਂ ਕਰਦਾ ਹੈ, ਪਰ ਉਸ ਨੂੰ ਬ੍ਰਹਮ ਦੀ ਪਹਿਛਾਣ ਨਹੀਂ ਹੈ। ਭਾਵ ਰੱਬੀ ਗੁਣਾਂ ਦੀ ਪਹਿਛਾਣ ਨਹੀਂ ਹੈ। ਉਹ ਸਿਰਫ ਕਰਮ ਕਾਂਡ ਨਿਭਾਉਣ ਨੂੰ ਅਸਲੀ ਧਰਮ ਦੱਸੀ ਜਾ ਰਿਹਾ ਹੈ। 'ਬਿੰਦੈ ਬ੍ਰਹਮੁ' ਦਾ ਵਿਸਥਾਰ ਮੰਗਲਾ ਚਰਨ ਵਿਚ ਹੈ। ਜਨੀ ਕਿ ਮੰਗਲਾ ਚਰਨ ਦੇ ਗੁਣਾਂ ਨੂੰ ਸੁਭਾਅ ਵਿਚ ਢਾਲਣ ਦਾ ਨਾਂ ਬ੍ਰਹਮੁ ਨਾਲ ਪਹਿਛਾਣ ਪਾਉਣੀ ਹੈ।

ਦੂਸਰੀ ਤੁਕ ਵਿਚ ਜਪੁ, ਤਪੁ ਤੇ ਸੰਜਮ ਦੀ ਗੱਲ ਕੀਤੀ ਗਈ ਹੈ। ਜਪੁ ਨੂੰ ਅਸਾਂ ਸਮਝ ਲਿਆ ਹੈ ਕਿ ਕਿਸੇ ਸ਼ਬਦ ਨੂੰ ਬਾਰ ਬਾਰ ਬੋਲੀ ਜਾਣ ਹੀ ਜਪ ਹੈ। ਅਸਲ ਵਿਚ ਮੰਗਲਾ ਚਰਣ ਦੇ ਗੁਣਾਂ ਨੂੰ ਹਰ ਵੇਲੇ ਆਪਣੀ ਯਾਦ ਦਾ ਹਿੱਸਾ ਬਣ ਕੇ ਰੱਖਣਾ ਜਪ ਹੈ। ਹੁਣ ਜ਼ਬਾਨ ਤਾਂ ਜਾਪ ਲਈ ਚਲ ਰਹੀ ਹੈ ਪਰ ਨਿਰਵੈਰਤਾ ਵਾਲੇ ਗੁਣ ਨੂੰ ਸੁਭਾਅ ਦਾ ਹਿੱਸਾ ਨਹੀਂ ਬਣਾਇਆ। ਜੇ ਮੇਰੇ ਆਪਸ ਵਿਚ ਵਿਚਾਰ ਨਹੀਂ ਰਲ਼ਦੇ ਤਾਂ ਮੈਂ ਫੱਟ ਨਰਾਜ਼ ਹੋ ਜਾਂਦਾ ਹਾਂ। ਤਪ ਦਾ ਅਰਥ ਹੈ ਕਠਨ ਮਿਹਨਤ। ਨਿਰਵੈਰਤਾ ਵਾਲੇ ਗੁਣ ਦੇ ਅਭਿਆਸ ਦਾ ਨਾਂ ਤਪ ਹੈ। ਸਾਡੇ ਮੁਲਕ ਵਿਚ ਧੂਣੀਆਂ ਧੁਖਾ ਕੇ ਬੈਠਣ ਦਾ ਨਾਂ ਤਪ ਰੱਖਿਆ ਗਿਆ ਹੈ ਪਰ ਗੁਰੂ ਸਾਹਿਬ ਜੀ ਨੇ ਤਪ ਸ਼ਬਦ ਦੀ ਵਰਤੋਂ ਕਰਦਿਆਂ ਹੋਇਆਂ ਇਸ ਵਿਚ ਭਾਵ ਅਰਥ ਆਪਣਾ ਪਾਇਆ ਹੈ। ਬਿੰਦੈ ਨਾਲ ਪਛਾਣ ਕਰਕੇ ਹਰ ਵੇਲੇ ਯਾਦ ਰੱਖਣਾ ਜਪ ਹੈ ਤੇ ਭੈ-ਭਾਵਨੀ ਵਿਚ ਚੱਲਣਾ ਤਪ ਆਉਂਦਾ ਹੈ।
ਏਸੇ ਤੁਕ ਵਿਚ ਸੰਜਮ ਸ਼ਬਦ ਆਇਆ ਹੈ। ਸਾਡੇ ਗਿਆਨ ਇੰਦ੍ਰੇ ਜੋ ਕੁਝ ਦੇਖਦੇ ਜਾਂ ਸੁਣਦੇ ਹਨ ਉਹ ਕੁਝ ਕਰਨ ਦੀ ਸਾਨੂੰ ਪ੍ਰੇਰਨਾ ਦੇਂਦੇ ਰਹਿੰਦੇ ਹਨ। ਗਿਆਨ ਇੰਦ੍ਰਿਆਂ ਦੇ ਪਿੱਛੇ ਲੱਗ ਕੇ ਆਪਣਾ ਸੰਜਮ ਖੋਹ ਲੈਂਦਾ ਹੈ। ਸਿਰਫ ਇਕ ਗੁਣ ਦੀ ਹੀ ਗੱਲ ਕੀਤੀ ਹੈ ਕਿ ਜੇ ਨਿਰਵੈਰਤਾ ਵਾਲੇ ਗੁਣ ਨੂੰ ਜੀਵਨ ਦਾ ਅਧਾਰ ਬਣਾਇਆ ਜਾਏ ਤਾਂ ਭਗਤ ਪੂਰਨ ਸਿੰਘ ਜੀ ਦਾ ਜੀਵਨ ਪ੍ਰਗਟ ਹੁੰਦਾ ਹੈ। ਸੰਜਮੀ ਗ੍ਰਹਿਸਤੀ ਜੀਵਨ ਵਿਚ ਰਹਿਣ ਨਾਲ ਕਦੇ ਵੀ ਕਲ਼ਾ ਕਲੇਸ਼ ਜਨਮ ਨਹੀਂ ਲੈਂਦਾ। ਜੋਗੀਆਂ ਵਾਲੇ ਜਪ-ਤਪ ਤੇ ਸੰਜਮ ਦੀ ਗੱਲ ਨਹੀਂ ਹੋ ਰਹੀ ਹੈ। ਇਹ ਸਾਡੇ ਅੰਦਰਲੇ ਸੁਭਾਅ ਤੇ ਗਿਆਨ ਇੰਦ੍ਰਿਆਂ ਨੂੰ ਸਮਝਾਇਆ ਗਿਆ ਹੈ ਇਕ ਸਫਲ ਬ੍ਰਹਾਮਣ ਕਿੰਝ ਬਣਨਾ ਹੈ। ਏਸੇ ਕੜੀ ਦੀ ਤੀਸਰੀ ਤੁਕ ਵਿਚ ਸੀਲ ਤੇ ਸੰਤੋਖ ਦੀ ਧਾਰਨਾ ਨੂੰ ਦੁਹਾਰਿਆ ਗਿਆ ਹੈ। ਜ਼ਿਆਦਾ ਖਲਾਰਾ ਨਾ ਪਾਉਂਦਿਆਂ ਹੋਇਆਂ ਅਸੀਂ ਕੇਵਲ ਨਿਰਵੈਰਤਾ ਵਾਲੇ ਗੁਣ ਨੂੰ ਹੀ ਲੈ ਲਈਏ ਤਾਂ ਜੀਵਨ ਵਿਚ ਸਾਫ਼ਗੋਈ ਆ ਸਕਦੀ ਹੈ। ਨਿਰਵੈਰਤਾ ਮਨੁੱਖ ਨੂੰ ਜਿੱਥੇ ਮਿੱਠਾ ਸੁਭਾਅ ਦੇਂਦੀ ਹੈ ਓੱਥੇ ਸੰਤੋਖੀ ਵੀ ਬਣਾਉਂਦੀ ਹੈ। ਇਹਨਾਂ ਫ਼ਰਜ਼ਾਂ ਦੀ ਪਹਿਛਾਣ ਕਰਨ ਵਾਲਾ ਹੀ ਧਰਮੀ ਹੈ।

ਗਿਆਨ ਇੰਦ੍ਰੀਆਂ ਨੂੰ ਸੰਜਮ ਵਿਚ ਲਿਆਉਣ ਵਾਲਾ, ਵਿਕਾਰਾਂ ਵਲੋਂ ਬੰਧਨ ਤੋੜ ਲੈਂਦਾ ਹੈ। ਥੋੜਾ ਜੇਹਾ ਰਾਜਨੀਤਿਕ ਪੱਖ ਹੀ ਦੇਖ ਲਈਏ ਤਾਂ ਏਦਾਂ ਲੱਗਦਾ ਹੈ ਕਿ ਅੱਜ ਦੀ ਰਾਜਨੀਤੀ ਸਾਰੀ ਪਰਵਾਰਕ ਮੋਹ ਵਿਚ ਫਸ ਕੇ ਰਹਿ ਗਈ ਹੈ। ਪਰਵਾਰਕ ਮੋਹ ਦਾ ਬੰਧਨ ਟੁੱਟਾ ਹੀ ਨਹੀਂ ਲੱਗਦਾ। ਪਰਵਾਰਕ ਮੋਹ ਵਿਚ ਬੱਝਾ ਪਿਆ ਰਾਜਨੀਤਕ ਨੇਤਾ ਜਨ ਬ੍ਰਾਹਮਣ ਹੈ। ਜਿਹੜਾ ਇਸ ਪਰਵਾਰਕ ਮੋਹ ਤੋਂ ਊਪਰ ਉੱਠ ਕੇ ਗਿਆਨ ਇੰਦ੍ਰਿਆਂ ਨੂੰ ਸੰਜਮ ਵਿਚ ਲਿਆਉਂਦਾ ਹੈ, ਸੰਤੋਖ ਦਾ ਧਾਰਨੀ ਹੋ ਕੇ ਮਿੱਠਾ ਬੋਲਦਾ ਹੈ ਅਜੇਹਾ ਬ੍ਰਾਹਮਣ ਸਤਿਕਾਰ ਯੋਗ ਹੈ।

ਗੁਰਬਾਣੀ ਵਿਚ ਅਖੌਤੀ ਪੁਜਾਰੀ ਬ੍ਰਹਾਮਣ ਨੂੰ ਜਿੱਥੇ ਨਿਕਾਰਿਆ ਗਿਆ ਹੈ ਓੱਥੇ ਇਕ ਅਸਲੀ ਬ੍ਰਾਹਮਣ ਬਣਨ ਦੀ ਤਾਗ਼ੀਦ ਵੀ ਕੀਤੀ ਗਈ ਹੈ। ਅਸਲ ਬ੍ਰਾਹਮਣ ਬਣਨ ਲਈ ਮਾਨਸਕ ਤੌਰ 'ਤੇ ਸਖਤ ਮਿਹਨਤ ਦੀ ਲੋੜ ਹੈ।

  1. ਬ੍ਰਹਮੁ ਦੇ ਗੁਣਾਂ ਨੂੰ ਸਮਝਣਾ, ਪਹਿਛਾਨਣਾ ਤੇ ਅਨੁਸਾਰੀ ਹੋਣਾ
  2. ਹਰ ਵੇਲੇ ਰੱਬੀ ਨਿਯਮਾਵਲੀ ਨੂੰ ਯਾਦ ਰੱਖਣਾ ਜਪ, ਉਸ ਅਨੁਸਾਰ ਚੱਲਣਾ ਤਪ ਤੇ ਸੰਜਮ ਦਾ ਧਾਰਨੀ ਹੋਣਾ ਹੀ ਅਸਲ ਧਰਮ ਦਾ ਕਰਮ ਹੈ
  3. ਮਿੱਠਾ ਸੁਭਾਅ ਰੱਖਣਾ, ਸੰਤੋਖੀ ਹੋਣਾ ਧਰਮੀ ਹੋਣ ਦੇ ਗੁਣ ਹਨ
  4. ਨਿਜੀ ਮੋਹ ਦੇ ਬੰਧਨ ਤੋੜ ਕੇ ਅਜ਼ਾਦੀ ਵਾਲੀ ਜ਼ਿੰਦਗੀ ਜਿਉਣੀ
  5. ਉਪਰੋਕਤ ਨਿਯਮਾਵਲੀ ਨੂੰ ਧਾਰਨ ਕਰਨ ਵਾਲਾ ਸਤਿਕਾਰ ਯੋਗ ਮਨੁੱਖ (ਬ੍ਰਾਹਮਣ) ਹੈ

ਪ੍ਰੋ. ਗੁਰਬਚਨ ਸਿੰਘ ਥਾਈਲੈਂਡ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top