Share on Facebook

Main News Page

ਗੁਰੂ ਗੋਬਿੰਦ ਸਿੰਘ ਅਤੇ ਹੇਮਕੁੰਟ

ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਪ੍ਰਭਾਕਰ ਦੇ ਪੰਨਾ 328 ਤੇ ਲਿਖਦੇ ਹਨ, “ਜੋ ਸਿੱਖ ਦਸ ਸਤਗੁਰਾਂ ਨੂੰ ਇੱਕਰੂਪ ਨਹੀਂ ਮੰਨਦੇ, ਉਹ ਸਿੱਖੀ ਦੇ ਤੱਤ ਤੋਂ ਅਗਯਾਤ ਹਨ”। ਜਿਸਦਾ ਭਾਵ ਇਹ ਹੋਇਆ ਕਿ ਸ਼ਰੀਰ ਕਰਕੇ ਗੁਰੂ ਸਾਹਿਬ ਗਿਣਤੀ ਵਿਚ ਦਸ ਹੋਏ ਹਨ, ਲੇਕਿਨ ਜੋਤਿ ਕਰਕੇ ਸਾਰੇ ਹੀ ਗੁਰੂ ਸਾਹਿਬਾਨ ਇਕੋ ਇਕ ਸੀ। ਜੋ ਮੱਨੁਖ ਦਸ ਗੁਰੂ ਸਾਹਿਬ ਵਿਚ ਜੋਤਿ ਕਰਕੇ ਫਰਕ ਸਮਝਦੇ ਹਨ, ਉਹ ਸਿੱਖ ਧਰਮ ਦੇ ਸਿਧਾੰਤ ਤੋਂ ਨਿਰੇ ਅਨਜਾਣ ਹੀ ਹਨ। ਦਸੋਂ ਗੁਰੂ ਸਾਹਿਬਾਨ ਦਾ ਮਿਸ਼ਨ ਮੱਨੁਖਤਾ ਨੂੰ ਸ਼ਬਦ ਗੁਰੂ ਨਾਲ ਜੋੜਨ ਦਾ ਸੀ। ਇਸੀ ਕਰਕੇ ਭਾਵੇ ਸ਼ਰੀਰ ਕਰਕੇ ਗੁਰੂ ਸਾਹਿਬ ਦਸ ਸੀ, ਪਰ ਸਿਧਾੰਤ ਵਜੋਂ ਉਹ ਇਕੋ ਇਕ ਹੀ ਸੀ। ਦਸਵੇਂ ਜਾਮੇ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰੀਰਕ ਗੁਰੂ ਦੀ ਮਰਿਯਾਦਾ ਨੂੰ ਸਮਾਪਤ ਕਰਕੇ, ਆਪਣੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਟਿੱਕਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਉਹੀ ਜੋਤਿ ਦਾ ਪਸਾਰਾ ਹੈ ਜਿਸ ਦੇ ਮਾਲਕ ਆਪ ਗੁਰੂ ਨਾਨਕ ਸਾਹਿਬ ਸੀ ਤੇ ਉਹੀ ਜੋਤਿ ਹੋਰ ਗੁਰੂ ਸਾਹਿਬਾਨ ਵਿਚ ਵਰਤੀਂ ਸੀ।
ਸਭ ਤੋਂ ਪਹਿਲੀ ਵਾਰ ਗੁਰੂ ਜੋਤਿ ਗੁਰੂ ਨਾਨਕ ਸਾਹਿਬ ਤੋਂ ਭਾਈ ਲਹਿਣਾ ਜੀ ਵਿਚ ਵਰਤੀ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਸੰਸਾਰ ਦੇ ਵਿਚ ਪ੍ਰਗਟ ਹੋਏ।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ ਪੰਨਾ 966

ਇਹ ਤਬਦੀਲੀ ਕੇਵਲ ਤੇ ਕੇਵਲ ਗੁਰੂ ਸ਼ਰੀਰ ਦੀ ਸੀ। ਜੋਤਿ, ਜੁਗਤਿ, ਗੁਰਮਤਿ, ਗੁਰੂ ਸਿਧਾੰਤ, ਮਰਿਯਾਦਾ ਜਾਂ ਜੋ ਵੀ ਸ਼ਬਦ ਵਰਤ ਲਈਏ, ਜੋਤਿ ਜਾਂ ਸਿਧਾੰਤ ਵਿਚ ਕੋਈ ਵੀ ਤਬਦੀਲੀ ਨਹੀਂ ਆਈ ਸੀ।ਇਵੇਂ ਹੀ ਇਹ ਜੋਤਿ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ ਵਿਚ ਵਰਤੀ ਤੇ ਆਗੇ ਹੋਰ ਗੁਰੂ ਸਾਹਿਬਾਨਾਂ ਵਿਚ ਵਰਤੀ।
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ॥ ਪੰਨਾ 968

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥1॥
ਪੰਨਾ 1408

ਇਹ ਜੋਤਿ ਗੁਰੂ ਅਰਜਨ ਸਾਹਿਬ ਤੋਂ ਗੁਰੂ ਹਰਿ ਗੋਬਿੰਦ ਸਾਹਿਬ ਵਿਚ ਵਰਤੀਂ ਤਾਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਸਿੱਖ ਸਿਧਾਂਤ ਨੂੰ ਪਰਪੱਕ ਕਰਣ ਲਈ, ਆਪ ਜੀ ਨੇ ਦੋ ਤਲਵਾਰਾਂ ਬਨ੍ਹ ਕੇ ਫੋਜਾਂ, ਤਖਤ ਤੇ ਸ਼ਾਹੀ ਨਿਸ਼ਾਨਿਆਂ ਧਾਰਣ ਕੀਤਿਆਂ। ਇਸ ਨਾਲ ਆਮ ਸੰਗਤਾਂ ਵਿਚ ਦੁਬਿੱਧਾ ਵਾਲੀ ਸਥਿਤੀ ਬਣ ਗਈ ਕਿ ਪਹਿਲੇਂ ਪੰਜ ਗੁਰੂ ਸਾਹਿਬਾਨ ਭਗਤੀ ਦੇ ਰਸਤੇ ਤੇ ਚਲਦੇ ਸੀ, ਹੁਣ ਇਹ ਤਲਵਾਰਾਂ, ਫੋਜਾਂ ਗੁਰੂ ਘਰ ਕਿਵੇਂ ਆ ਗਈਆਂ? ਕਿ ਗੁਰੂ ਸਾਹਿਬ ਨੇ ਆਪਣੇ ਟੀਚੇ ਬਦਲ ਦੀਤੇਂ? ਇਸ ਬਾਬਤ ਭਾਈ ਗੁਰਦਾਸ ਜੀ ਨੇ ਆਪਣਿਆਂ ਵਾਰਾਂ ਵਿਚ ਇਹ ਦ੍ਰਿਸ਼ਟਾਂਤ ਦਿੱਤਾ ਕਿ ਗੁਰੂ ਹਰਿ ਗੋਬਿੰਦ ਸਾਹਿਬ ਵਿਚ ਉਹੀ ਜੋਤਿ ਵਰਤ ਰਹੀ ਹੈ ਜੋ ਪੁਰਬਲੇ ਪੰਜ ਗੁਰੂ ਸਾਹਿਬਾਨ ਵਿਚ ਵਰਤੀ ਹੈ:

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥ ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥ ਵਾਰ ਭਾਈ ਗੁਰਦਾਸ ਜੀ ਵਾਂ:1 ਪ:48

ਇਨ੍ਹਾਂ ਪ੍ਰਮਾਣਾਂ ਦੇ ਇਲਾਵਾਂ ਗੁਰੂ ਸਾਹਿਬਾਨ ਵਿਚ ਇਕੋ ਇਕ ਜੋਤਿ ਹੋਣ ਦੀ ਨਿਸ਼ਾਨੀ ਗੁਰਬਾਣੀ ਵਿਚ ਗੁਰੂ ਸਾਹਿਬਾਨਾਂ ਵਲੋਂ ਵਰਤਿਆ ਨਾਨਕ ਪਦ ਹੈ।ਸਾਰੇ ਹੀ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿਚ ਆਪਣੀ ਛਾਪ ਨਾਨਕ ਪਦ ਨਾਲ ਹੀ ਦਿੱਤੀ ਹੈ। ਜੋ ਇਸ ਵਿਚਾਰ ਦਾ ਪ੍ਰਤੱਖ ਸਬੂਤ ਹੈ ਕਿ ਸਾਰੇ ਹੀ ਗੁਰੂ ਸਾਹਿਬ ਆਪਣੇ ਆਪ ਨੂੰ ਇਕੋ ਜੋਤਿ ਦਾ ਹੀ ਹਿੱਸਾ ਮੰਨਦੇ ਸੀ ਤੇ ਉਹ ਜੋਤਿ ਨਾਨਕ ਦੀ ਹੀ ਸੀ। ਕਿਸੀ ਵੀ ਗੁਰੂ ਸਾਹਿਬ ਨੇ ਆਪਣੇ ਲਈ ਵੱਖ ਪਦ ਨਹੀਂ ਵਰਤਿਆ ਹੈ।ਗੁਰਬਾਣੀ ਵਿਚ ਗੁਰੂ ਵਿਅਕਤੀ ਪਹਿਚਾਣ ਲਈ ਮਹਲਾ ਪਦ ਵਰਤਿਆ ਗਿਆ ਹੈ।

ਗੁਰੂ ਘਰ ਦੇ ਦੋਖੀ ਵੀ ਸੰਗਤਾਂ ਨੂੰ ਭੱਬਲਭੁਸੇ ਪਾਉਣ ਦੀ ਖਾਤਰ ਆਪਣੇ ਵਲੋਂ ਲਿਖੀ ਰਚਨਾਵਾਂ ਵਿਚ ਉਹ ਨਾਨਕ ਸ਼ਬਦ ਦੀ ਵਰਤੋ ਕਰਦੇ ਰਹੇ ਹਨ।ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਦ ਗੁਰਬਾਣੀ ਪ੍ਰਤੀ ਸ਼ੰਕਾ ਪੈਦਾ ਕਰਣ ਅਤੇ ਆਪਣੇ ਆਪ ਨੂੰ ਗੁਰੂ ਸਥਾਪਿਤ ਕਰਣ ਦੇ ਮਨੋਰਥ ਨਾਲ ਪ੍ਰਿਥੀ ਚੰਦ ਅਤੇ ਉਸ ਦਾ ਪੁਤਰ ਮਿਹਰਬਾਨ ਤੇ ਪੋਤਰਾ ਹਰਿਜੀ ਨਾਨਕ ਸ਼ਬਦ ਦੀ ਵਰਤੋਂ ਕਰਕੇ ਬਾਣੀ ਉਚਾਰਦੇ ਰਹੇ।ਇਸ ਬਾਬਤ ਸੋਹਣ ਸਿੰਘ ਜੀ ਸੀਤਲ ਆਪਣੀ ਪੁਸਤਕ ‘ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ’ ਵਿਚ ਹਵਾਲਾ ਦੇਂਦੇ ਹਨ ਕਿ “ਪ੍ਰਿਥੀ ਚੰਦ ਆਪਣੇ ਆਪ ਨੂੰ ‘ਛੇਵਾਂ ਗੁਰੂ’ ਲਿਖਦਾ ਰਿਹਾ।ਉਸ ਦੇ ਸਵਰਗਵਾਸ ਹੋਣ ਪਿਛੋਂ ਉਸ ਦਾ ਇਕੋ ਇਕ ਪੁੱਤਰ ਮਿਹਰਬਾਨ ਗੱਦੀ ਉੱਤੇ ਬੈਠਾ। ਉਹ ‘ਸਤਵਾਂ ਗੁਰੂ’ ਅਖਵਾਉਣ ਲੱਗਾ।ਉਹਨੇ ਕੁਝ ਸ਼ਬਦ ਵੀ ਲਿਖੇ ਹਨ।ਗੁਰਬਾਣੀ ਵਾਂਗ ਉਹ ਵੀ ਆਪਣੀ ਰਚਨਾਂ ਵਿਚ ‘ਨਾਨਕ’ ਸ਼ਬਦ ਹੀ ਵਰਤਦਾ ਸੀ।ਆਪਣੇ ਆਪ ਨੂੰ ਵੀ ਉਹ ‘ਨਾਨਕ 7’ ਜਾਂ ਸਤਵਾਂ ਲਿਖਦਾ ਸੀ।”

ਹੇਮਕੁੰਟ ਦੀ ਪਰਿਕੱਲਪਨਾ ਦੇ ਮੂਲ ਸਿਧਾੰਤ ਵਿਚ ਇਹ ਵਿਚਾਰ ਪੁਖਤਾ ਹੋ ਜਾੰਦੀ ਹੈ, ਕਿ ਗੁਰੂ ਨਾਨਕ ਦੀ ਜੋਤਿ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟੀਚੇ ਅੰਤਰ ਹੈੇ। ਉਪਰ ਕੀਤੇ ਵਿਚਾਰ ਮੁਤਾਬਿਕ ਗੁਰਬਾਣੀ ਦੀ ਕਸਵਟੀ ਤੇ ਇਹ ਪਰਿਕੱਲਪਨਾ ਪ੍ਰਵਾਨ ਨਹੀਂ ਹੁੰਦੀ ਹੈ। ਹੇਮਕੁੰਟ ਦੀ ਪਰਿਕੱਲਪਨਾ ਬਚਿਤ੍ਰ ਨਾਟਕ ਦੇ ਆਧਿਆਇ ਛਵੇਂ ਵਿਚ ਦਿੱਤੀ ਗਈ ਹੈ।ਜੋ ‘ਬਚਿਤ੍ਰ ਨਾਟਕ ਸਟੀਕ’ ਜੇ.ਪੀ. ਸੰਗਤ ਸਿੰਘ ਵਿਚ ਇਸ ਤਰ੍ਹਾਂ ਨਾਲ ਦਿੱਤੀ ਗਈ ਹੈ:

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ॥ ਹੇਮ ਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ॥

ਤੁਰਾਰਥ: ਹੁਣ ਮੈ ਅਪਨੀ ਕਥਾ ਵਰਣਨ ਕਰਦਾ ਹਾਂ, ਕਿ ਕਿਵੇਂ ਮੈਨੂੰ ਤਪੱਸਿਆ ਕਰਦੇ ਹੋਏ ਨੂੰ ਪ੍ਰਿਥਵੀ ਉਤੇ ਲਿਆਂਦਾ ਗਿਆ।ਜਿਥੇ ਹੇਮ ਕੂੰਟ ਨਾਮ ਦਾ ਪਰਬਤ ਹੈ ਤੇ ਇਸ ਪਰਬਤ ਦੀਆਂ ਸੱਤ ਚੋਟਿਆਂ ਹਨ।1।

ਸਪਤ ਸ੍ਰਿੰਗ ਤਿਹ ਨਾਮੁ ਕਹਾਵਾ॥ ਪੰਡ ਰਾਜ ਜਹ ਜੋਗੁ ਕਮਾਵਾ॥ ਤਹ ਹਮ ਅਧਿਕ ਤੱਪਸਿਆ ਸਾਧੀ॥ ਮਹਕਾਲ ਕਾਲਿਕਾ ਆਰਾਧੀ॥2॥

ਤੁਕਾਰਥ: ਜਿੱਥੇ ਪਾਂਡਵਾਂ ਦੇ ਪਿਤਾ ਨੇ ਤਪ ਕੀਤਾ ਸੀ, ਉਸ ਥਾਂ ਨੂੰ ਸ੍ਰਪਤ ਸ੍ਰਿੰਗ ਕਰਕੇ ਜਾਣਿਆ ਜਾਂਦਾ ਹੈ।ਉਥੇ ਅਸੀਂ ਕਠਿਨ ਤਪੱਸਿਆ ਕੀਤੀ ਅਤੇ ਮਹਾਂਕਾਲ ਦੀ ਅਰਾਧਨਾ ਕੀਤੀ ।2।

ਇਹ ਬਿਧਿ ਕਰਤ ਤਪੱਸਿਆ ਭਯੋ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ॥ ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥3॥

ਤੁਕਾਰਥ: ਇਸ ਪ੍ਰਕਾਰ ਤਪੱਸਿਆ ਕਰਕੇ ਮੈ ਦ੍ਵੈਤ ਤੋਂ ਅਦ੍ਵੈਤ ਰੂਪ ਧਾਰਨ ਕਰ ਲਿਆ।ਭਾਵ ਪ੍ਰਭੂ ਨਾਲ ਵਿਲੀਨ ਹੋ ਗਿਆ।ਉਧਰ ਮੇਰੇ ਪਿਤਾ ਤੇ ਮਾਤਾ ਵੀ ਨਿਰਂਕਾਰ ਦੀ ਅਰਾਧਨਾ ਵਿਚ ਲੱਗੇ ਹੋਏ ਸਨ। ਉਨ੍ਹਾਂ ਨੇ ਵੀ ਕਾਈ ਪ੍ਰਕਾਰ ਦੀ ਜੋਗ ਸਾਧਨਾ ਕੀਤੀ।3।

ਤਿਨ ਜੋ ਕਰੀ ਅਲਖ ਕੀ ਸੇਵਾ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ॥ ਤਿਨ ਪ੍ਰਭ ਜਬ ਆਇਸ ਮੁਹਿ ਦੀਆ॥ ਤਬ ਹਮ ਜਨਮ ਕਲੂ ਮਹਿ ਲੀਆ॥4॥

ਤੁਕਾਰਥ: ਮੇਰੇ ਮਾਤਾ ਪਿਤਾ ਨੇ ਅਗੋਚਰ ਪਾਰਬਰਹਮ ਪ੍ਰਭੂ ਦੀ ਇਤਨੀ ਸੇਵਾ ਕੀਤੀ, ਕਿ ਪ੍ਰਭੂ ਉਨ੍ਹਾਂ ਤੇ ਪ੍ਰਸਨ ਹੋ ਗਏ ਅਤੇ ਪ੍ਰਭੂ ਨੇ ਮੈਨੂੰ ਜਦੋਂ ਹੁਕਮ ਕੀਤਾ ਤਾਂ ਅਸੀਂ ਇਸ ਕਲਜੁਗ ਵਿਚ ਜਨਮ ਲਿਆ॥4॥

ਚਿਤ ਨ ਭਯੋ ਹਮਰੋ ਆਵਨ ਕਹ॥ ਚੁਭੀ ਰਹੀ ਸ੍ਰੁਤਿ ਪ੍ਰਭੁ ਛਰਨਨ ਮਹਿ॥ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥5॥

ਤੁਕਾਰਥ: ਮੇਰਾ, ਸੰਸਾਰ ਵਿਚ ਆਉਣ ਨੂੰ ਮਨ ਨਹੀਂ ਸੀ ਕਰਦਾ ਕਿਉਂ ਜੋ ਮੇਰੀ ਲਿਵ ਪ੍ਰਭੂ ਚਰਨਾਂ ਵਿਚ ਲਗੀ ਹੋਈ ਸੀ। ਜਿਵੇਂ ਕਿਵੇਂ ਪ੍ਰਭੂ ਜੀ ਨੇ ਮੈਨੂੰ ਸਮਝਾਇਆ ਤੇ ਰਾਜੀ ਕਰ ਲਿਆ ਅਤੇ ਮੈਨੂੰ ਇਹ ਬਚਨ ਕਹਿ ਕੇ ਇਸ ਲੋਕ ਵਿਚ ਭੇਜਿਆ॥5॥

ਬਚਿਤ੍ਰ ਨਾਟਕ ਦਾ ਕਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਇਹ ਕਥਨ ਕਰਦਾ ਹੈ, ਜਿਸਦਾ ਸਮੁਚਾ ਭਾਵ ਇਹ ਹੋਇਆ ਕਿ ਮੈਂ ਆਪਣੇ ਪੂਰਬਲੇ ਜਨਮ ਵਿਚ ਹੇਮਕੁੰਟ ਪਰਬਤ, ਜਿਥੇਂ ਪੰਾਡਵਾਂ ਦੇ ਪਿਤਾ ਨੇ ਜੋਗ ਸਾਧਨਾ ਕੀਤੀ ਸੀ, ਤੇ ਤਪਸਿਆ ਕਰ ਰਿਹਾ ਸੀ। ਤਪਸਿਆ ਕਰਦੇ ਨੂੰ ਮੈ ਮਹਾਕਾਲ ਦੀ ਅਰਾਧਨਾ ਕੀਤੀ। ਇਹ ਸਭ ਕਰਦੇ ਹੋਏ ਮੇਰਾ ਸਰੀਰ ਦੈਵਤ੍ਵ ਤੋਂ ਅਦ੍ਵੈਤ ਹੋ ਗਿਆ।ਮੇਰੇ ਮਾਤਾ ਪਿਤਾ ਦੀ ਜੋਗ ਸਾਧਨਾ ਤੋਂ ਪ੍ਰਸੰਨ ਹੋ ਕੇ ਮੇਰਾ ਜਨਮ ਹੋਇਆ। ਮੇਰਾ ਮਿਨ ਧਰਤੀ ਤੇ ਆਉਣ ਨੂੰ ਨਹੀਂ ਕਰ ਰਿਹਾ ਸੀ।

ਇਥੇਂ ਜਰਾ ਰੁਕ ਕੇ ਗੁਰਬਾਣੀ ਦੀ ਕਸਵੱਟੀ ਤੇ ਇਸ ਕਹਾਣੀ ਨੂੰ ਪਰਖਦੇ ਹਾਂ

ਧਨਾਸਰੀ ਮਹਲਾ 9
ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥1॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥1॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥2॥1॥

ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਾਵਨ ਸ਼ਬਦ ਮੁਤਾਬਿਕ ਤੇ ਗੁਰੂ ਸਾਹਿਬ ਮਨੁੱਖ ਨੂੰ ਜੰਗਲਾਂ ਵਿਚ ਜਾ ਕੇ ਪਰਮਾਤਮਾ ਦੀ ਬੰਦਗੀ ਕਰਣ ਤੁਂ ਵਰਜ ਰਹੇ ਹਨ, ਲੇਕਿਨ ਬਚਿਤ੍ਰ ਨਾਟਕ ਦੀ ਕਹਾਣੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪੁਰਬਲੇ ਜਨਮ ਵਿਚ ਇਕ ਏਸੇ ਅਸਥਾਨ ਤੇ ਤਪਸਿਆ ਕਰ ਰਹੇ ਹਨ ਜਿਥੇਂ ਅਜ ਵੀ ਬਰਫ ਹੀ ਬਰਫ ਹੈ ਤੇ ਮਨੁੱਖੀ ਜੀਵਨ ਦਾ ਅਧਾਰ ਆੱਕਸੀਜਨ ਵੀ ਨਹੀਂ ਹੈ। ਏਸੇ ਹਲਾਤਾਂ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਤਪਸਿਆ ਗੁਰਮਤਿ ਸਿਧਾੰਤ ਦੇ ਅਧਾਰ ਤੇ ਨੀਰੀ ਕੋਰੀ ਮਨੋਕਲਪਨਾ ਹੀ ਹੈ।

ਇਸ ਕਹਾਣੀ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਰਬਲੇ ਜਨਮ ਦਾ ਇਸ਼ਟ ਮਹਾਕਾਲ ਦਰਸਾਇਆ ਗਿਆ ਹੈ, ਜੋ ਕਿ ਹਿੰਦੂ ਧਰਮ ਦੇ ਤੀਨ ਮੁਖ ਦੇਵਤਿਆਂ ਵਿਚੋਂ ਸ਼ਿਵ ਜੀ ਦਾ ਹੀ ਇਕ ਸਰੂਪ ਹੈ। ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਸਬੰਧ ਵਿਚ ਇਹ ਸ਼ਬਦ ਬੜਾ ਹੀ ਵਿਚਾਰਜੋਗ ਹੈ:

ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥  ਹਉ ਤਉ ਏਕੁ ਰਮਈਆ ਲੈਹਉ ॥  ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥  ਮਹਾ ਮਾਈ ਕੀ ਪੂਜਾ ਕਰੈ ॥  ਨਰ ਸੈ ਨਾਰਿ ਹੋਇ ਅਉਤਰੈ ॥3॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥ ਪੰਨਾ 874

ਜੋਗ ਸਾਧਨਾ ਦੀ ਜੋ ਵਿਚਾਰ ਬਚਿਤ੍ਰ ਨਾਟਕ ਵਿਚ ਕੀਤੀ ਗਈ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਿਧਾੰਤ ਮੁਤਾਬਿਕ ਮੇਲ ਨਹੀਂ ਖਾਉਂਦਾ ਹੈ:

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥1॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥1॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥  ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥  ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥2॥  ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥  ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥  ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥3॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥  ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥4॥1॥8॥ ਪੰਨਾ 730

ਇਸ ਜੋਗ ਸਾਧਨਾ ਕਰਣ ਵਾਲੇ ਜੋਗਿਆਂ ਦੇ ਮਨ ਵਿਚ ਕਾਮ ਦੀ ਸਥਿਤੀ ਬਾਰੇ ਆਪ ਗੁਰੂ ਤੇਗ ਬਹਾਦਰ ਸਾਹਿਬ ਬਸੰਤ ਰਾਗ ਵਿਚ ਫਰਮਾ ਰਹੇ ਹਨ:

ਬਸੰਤੁ ਮਹਲਾ 9
ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥1॥ ਰਹਾਉ ॥ ਜੋਗੀ ਜੰਗਮ ਅਰੁ ਸੰਨਿਆਸ ॥  ਸਭ ਹੀ ਪਰਿ ਡਾਰੀ ਇਹ ਫਾਸ ॥1॥  ਜਿਹਿ ਜਿਹਿ ਹਰਿ ਕੋ ਨਾਮੁ ਸਮਾਰਿ ॥ ਤੇ ਭਵ ਸਾਗਰ ਉਤਰੇ ਪਾਰਿ ॥2॥ ਜਨ ਨਾਨਕ ਹਰਿ ਕੀ ਸਰਨਾਇ ॥  ਦੀਜੈ ਨਾਮੁ ਰਹੈ ਗੁਨ ਗਾਇ ॥3॥2॥ ਪੰਨਾ 1186

ਇਹ ਸਾਰੀ ਕਹਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਕਿੱਥਰੇ ਵੀ ਖਰੀ ਨਹੀਂ ਉਤਰਦੀ ਹੈ। ਜੋ ਕਿ ਬਚਿਤ੍ਰ ਨਾਟਕ ਤੇ ਬਚਿਤ੍ਰ ਕਵੀ ਦੀ ਬਚਿਤ੍ਰ ਮਨੋਲਕਪਨਾ ਹੀ ਜਾਪਦੀ ਹੈ। ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਚਰਿਤ੍ਰ ਨਾਲ ਜੋੜ ਕੇ ਉਸ ਨੂੰ ਇਕੋ ਗੁਰੂ ਦੇ ਸਿਧਾੰਤ ਨੂੰ ਭਰਮਾਉਣ ਦਾ ਹੀ ਜਤਨ ਹੈ। ਗੁਰੂ ਨਾਨਕ ਸਾਹਿਬ ਕੋਈ ਹੋਰ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਹੋਰ ਸਨ । ਜੋ ਗੁਰਬਾਣੀ ਮੁਤਾਬਿਕ ਕੀਤੀ ਗਈ ਵਿਚਾਰ ਤੋਂ ਦੂਰ ਦੂਰ ਤਕ ਦਾ ਸਬੰਧ ਨਹੀਂ ਰਖਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਮੁਤਾਬਿਕ ਸਾਰੇ ਹੀ ਗੁਰੂ ਸ਼ਰੀਰ ਇਕੋ ਇਕ ਜੋਤਿ ਦੇ ਮਾਲਕ ਸਨ, ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਜੋਤਿ ਰਲਣ ਨਾਲ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਆਪ ਹੀ ਗੁਰੂ ਨਾਨਕ ਸੀ। ਠੀਕ ਉਵੇਂ ਹੀ ਸਾਰੇ, ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਦੇ ਹੀ ਸਿਧਾੰਤ ਨੂੰ ਪ੍ਰਚਾਰਦੇ ਤੇ ਪ੍ਰਫੁਲਿਤ ਕਰਦੇ ਰਹੇ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਹੀ ਜੋਤਿ (ਸਿਧਾਂਤ) ਦਾ ਪਸਾਰਾ ਸਾਰੇ ਸੰਸਾਰ ਵਿਚ ਰਹਿੰਦੀ ਦੁਨੀਆ ਤਕ ਕਰਣ ਲਈ ਗੁਰਗੱਦੀ 'ਤੇ ਵਿਰਾਜਮਾਨ ਹਨ ਤੇ ਆਪ ਹੀ:

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਪੰਨਾ 966

ਦੇ ਮੁਬਾਰਕ ਬਚਨ ਮੁਤਾਬਿਕ ਗੁਰੂ ਨਾਨਕ ਦਾ ਅਸਲ ਤੇ ਸੱਚਾ ਸਰੂਪ ਹਨ।

ਮਨਮੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top