Share on Facebook

Main News Page

ਭਾਈ ਹਰਨਾਮ ਸਿੰਘ ਖਾਲਸਾ (ਧੁੰਮਾ) ਜੀ ਨੂੰ ਇਕ ਸਵਾਲ: ਸੱਚਖੰਡ ਦੇ ਦੋਸ਼ੀ ਬਣੀਏ ਜਾਂ ਮਾਤਲੋਕ ਦੇ?

ਭਾਈ ਹਰਨਾਮ ਸਿੰਘ ਖਾਲਸਾ ਜੀ,

ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

ਭਾਈ ਹਰਨਾਮ ਸਿੰਘ ਖਾਲਸਾ ਜੀ, ਆਪ ਨੂੰ ਯਾਦ ਹੋਵੇਗਾ ਕਿ ਪਾਲ ਸਿੰਘ ਵਲੋਂ ਬਣਾਏ ਗਏ, ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨ ਅਤੇ 2003 `ਚ ਰਲੀਜ ਕੀਤੇ ਗਏ ਨਾਨਕਸ਼ਾਹੀ ਕੈਲੰਡਰ `ਚ ਸੋਧ ਕਰਨ ਲਈ 2009 `ਚ, ਦੋ ਮੈਬਰੀ ਕਮੇਟੀ ਬਣਾਈ ਗਈ ਸੀ। ਜਿਸ ਕਮੇਟੀ ਵਿਚ ਆਪ ਜੀ ਸਮੇਤ ਭਾਈ ਅਵਤਾਰ ਸਿੰਘ ਮੱਕੜ ਸ਼ਾਮਲ ਸਨ। ਇਸ ਦੋ ਮੈਬਰੀ ਕਮੇਟੀ ਵਲੋਂ ਸਿਰਫ 4 ਤਾਰੀਖਾਂ `ਚ ਸੋਧ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ। ਉਹ ਸਨ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੇਠ ਸੁਦੀ ਚੌਥ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੋਹ ਸੁਦੀ ਸਤਵੀਂ, ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਪੁਰਬ ਕੱਤਕ ਸੁਦੀ ਪੰਚਮੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਪੁਰਬ ਕੱਤਕ ਸੁਦੀ ਦੂਜ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਇਕ ਗੱਲ ਤਾਂ ਬੜੀ ਸਪੱਸ਼ਟ ਹੋ ਗਈ ਸੀ ਕਿ ਦੋ ਮੈਬਰੀ ਕਮੇਟੀ ਨੂੰ, ਪਾਲ ਸਿੰਘ ਵਲੋਂ ਬਣਾਏ ਗਏ ਕੈਲੰਡਰ `ਚ ਸਿਰਫ 4 ਗਲਤੀਆ ਹੀ ਲੱਭੀਆਂ ਸਨ ਬਾਕੀ ਸਾਰੀਆਂ ਤਾਰੀਖਾਂ ਨੂੰ ਤਾਂ ਦੋ ਮੈਬਰੀ ਕਮੇਟੀ ਨੇ ਵੀ ਮਾਨਤਾ ਦੇ ਦਿੱਤੀ ਸੀ। ਸੰਤ ਸਮਾਜ ਨੇ ਸੋਧੇ ਗਏ ਕੈਲੰਡਰ ਨੂੰ ਮਾਨਤਾ ਦਿੰਦੇ ਹੋਏ ਸਾਰੇ ਗੁਰਪੁਰਬ ਸੋਧੇ ਗਏ ਕੈਲੰਡਰ ਮੁਤਾਬਕ ਹੀ ਮਨਾਏ ਸਨ। ਅੱਜ ਵੀ ਸੰਤ ਸਮਾਜ 17 ਫਰਵਰੀ 2011 ਨੂੰ ਜਾਰੀ ਕੀਤੇ ਗਏ ਕੈਲੰਡਰ ਨੂੰ ਸਮੁਹ ਸਿੱਖ ਸੰਗਤ ਤੇ ਠੋਸਣ ਦਾ ਅਸਫਲ ਯਤਨ ਕਰ ਰਿਹਾ ਹੈ।
ਭਾਈ ਹਰਨਾਮ ਸਿੰਘ ਖਾਲਸਾ ਜੀ, ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ 2011 ਦਿਨ ਵੀਰਵਾਰ ਨੂੰ ਜਾਰੀ ਕੀਤੇ ਗਏ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਸ ਕੈਲੰਡਰ `ਚ ਵੈਸਾਖ ਦੇ ਮਹੀਨੇ ਵਿਚ ਹੇਠ ਲਿਖੇ ਗੁਰਪੁਰਬ ਦਰਜ ਕੀਤੇ ਗਏ ਹਨ।

  1. ਜੋਤੀ ਜੋਤ ਗੁਰ ਅੰਗਦ ਜੀ 3 ਵੈਸਾਖ / 16 ਅਪ੍ਰੈਲ
  2. ਗੁਰਗੱਦੀ ਗੁਰੂ ਅਮਰ ਦਾਸ ਜੀ 3 ਵੈਸਾਖ / 16 ਅਪ੍ਰੈਲ
  3. ਜੋਤੀ ਜੋਤ ਗੁਰੂ ਹਰਿਕ੍ਰਿਸ਼ਨ ਜੀ 3 ਵੈਸਾਖ / 16 ਅਪ੍ਰੈਲ
  4. ਗੁਰ ਗੱਦੀ ਗੁਰੂ ਤੇਗਬਹਾਦਰ ਜੀ 3 ਵੈਸਾਖ / 16 ਅਪ੍ਰੈਲ
  5. ਪ੍ਰਕਾਸ਼ ਗੁਰੂ ਅੰਗਦ ਜੀ 5 ਵੈਸਾਖ / 18 ਅਪ੍ਰੈਲ
  6. ਪ੍ਰਕਾਸ਼ ਗੁਰੂ ਤੇਗਬਹਾਦਰ ਜੀ 5 ਵੈਸਾਖ / 18 ਅਪ੍ਰੈਲ
  7. ਪ੍ਰਕਾਸ਼ ਗੁਰੂ ਅਰਜਨ ਦੇਵ ਜੀ 19 ਵੈਸਾਖ/ 2 ਮਈ

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ `ਚ 3 ਵੈਸਾਖ ਨੂੰ 4 ਅਤੇ 5 ਵੈਸਾਖ ਨੂੰ ਦੋ ਗੁਰਪੁਰਬ ਦਰਜ ਕੀਤੇ ਗਏ ਹਨ। ਦੋ ਮੈਬਰੀ ਕਮੇਟੀ ਨੇ ਇਨ੍ਹਾਂ ਹੀ ਤਾਰੀਖਾਂ ਨੂੰ ਮਾਨਤਾ ਦਿੱਤੀ ਹੈ। ਸੋ ਸਪੱਸ਼ਟ ਹੈ ਕਿ ਆਪ ਨੂੰ ਇਨ੍ਹਾਂ ਤਾਰੀਖਾਂ ਤੇ ਕੋਈ ਇਤਰਾਜ ਨਹੀ ਹੈ।

ਭਾਈ ਹਰਨਾਮ ਸਿੰਘ ਜੀ, ਜਦੋਂ ਅਸੀ ਉਪ੍ਰੋਕਤ ਤਾਰੀਖਾਂ ਦੀ ਪਰਖ ਲਈ, ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲੇ ਦੀ ਲਿਖਤ ‘ਗੁਰਬਾਣੀ ਪਾਠ ਦਰਪਣ' ਵੇਖੀ ਤਾਂ ਸਾਨੂੰ ਬੁਹਤ ਹੀ ਹੈਰਾਨੀ ਹੋਈ ਕਿ ਉਸ ਵਿਚ ਦਰਜ ਗੁਰਪੁਰਬਾਂ ਦੀਆਂ ਤਾਰੀਖਾਂ ਨਾਲ ਤਾਂ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੀਆ ਤਾਰੀਖਾਂ ਮੇਲ ਨਹੀ ਖਾਂਦੀਆਂ। ਉਸ ਤੋਂ ਵੀ ਵੱਧ ਹੈਰਾਨੀ ਇਹ ਹੈ ਕਿ ਭਾਈ ਹਰਨਾਮ ਸਿੰਘ ਖਾਲਸਾ, ਮੁਖੀ ਦਮਦਮੀ ਟਕਸਾਲ ਆਪਣੇ ਵੱਡ-ਵੱਡੇਰਿਆਂ ਵਲੋਂ ਖੋਜ ਕਰਕੇ ਲਿਖੇ ਇਤਿਹਾਸ `ਚ ਦਰਜ ਤਾਰੀਖਾਂ ਤੋ ਉਲਟ ਸ਼੍ਰੋਮਣੀ ਕਮੇਟੀ ਵਲੋਂ ਦਰਜ ਕੀਤੀਆਂ ਗਲਤ ਤਾਰੀਖਾਂ ਨੂੰ ਹੀ ਮਾਨਤਾ ਦੇ ਰਿਹਾ ਹੈ। ਕੀ ਇਹ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਵਲੋਂ ਆਪਣੇ ਵੱਡ ਵਡੇਰਾਂ ਦੀਆਂ ਲਿਖਤਾਂ ਦੀ ਤੌਹੀਨ ਨਹੀ ਹੈ?

ਭਾਈ ਹਰਨਾਮ ਸਿੰਘ ਜੀ, ‘ਗੁਰਬਾਣੀ ਪਾਠ ਦਰਪਣ' (ਪ੍ਰਕਾਸ਼ਕ: ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਉਤਾਧਿਕਾਰੀ ਸੰਚ ਖੰਡ ਵਾਸੀ ਸੰਤ ਗਿ: ਕਰਤਾਰ ਸਿੰਘ ਜੀ ਖਾਲਸਾ ਦੇ ਜਾਨਸ਼ੀਨ ਸੰਤ ਗਿ: ਜਰਨੈਲ ਸਿੰਘ ਜੀ ਖਾਲਸਾ ਦੀ ਗੈਰ ਹਾਜਰੀ ਵਿਚ ਦਾਸਿਨ ਦਾਸ: ਠਾਕੁਰ ਸਿੰਘ ਖਾਲਸਾ ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ) `ਚ ਤਾਂ;

  1. ਗੁਰੂ ਅੰਗਦ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 1609 ਬਿ: ਚੇਤਰ ਸੁਦੀ ਚੌਥ, 27 ਮਾਰਚ 1552 ਈ: ਲਿਖੀ ਹੋਈ ਹੈ। ਇਹ ਤਾਰੀਖ ਦਾ ਵੀ ਆਪਸੀ ਕੋਈ ਮੇਲ ਨਹੀ ਹੈ। 1609 ਬਿ: ਚੇਤਰ ਸੁਦੀ ਚੌਥ ਨੂੰ 27 ਮਾਰਚ ਨਹੀ ਸਗੋਂ 29 ਮਾਰਚ, ਦਿਨ ਮੰਗਲ ਵਾਰ ਸੀ। ਚਲੋਂ ਆਪਾ 1609 ਬਿ: ਚੇਤਰ ਸੁਦੀ ਚੌਥ ਨੂੰ ਹੀ ਠੀਕ ਮੰਨ ਲੈਦੇ ਹਾਂ ਕਿਓਂਕਿ ਯੂਲੀਅਨ ਕੈਲੰਡਰ ਉਦੋਂ ਪੰਜਾਬ `ਚ ਲਾਗੂ ਨਹੀ ਸੀ। ਹੋ ਸਕਦਾ ਹੈ ਗਲਤੀ ਨਾਲ ਕਿਸੇ ਨੇ 29 ਮਾਰਚ ਨੂੰ 27 ਮਾਰਚ ਲਿਖ ਦਿਤਾ ਹੋਵੇ ਸੋ, 1609 ਬਿ: ਚੇਤਰ ਸੁਦੀ ਚੌਥ ਮੁਤਾਬਕ ਤਾਂ ਇਹ ਤਾਰੀਖ 2011 ਈ: `ਚ 25 ਚੇਤ/7 ਅਪ੍ਰੈਲ ਦਿਨ ਵੀਰਵਾਰ ਬਣਦੀ ਹੈ।
  2. ਗੁਰੂ ਅਮਰ ਦਾਸ ਜੀ ਦੀ ਗੁਰਗੱਦੀ ਤਾਰੀਖ ਚੇਤਰ ਸੁਦੀ ਏਕਮ ਮੁਤਾਬਕ ਇਹ ਤਾਰੀਖ 22 ਚੇਤ/4 ਅਪ੍ਰੈਲ ਦਿਨ ਸੋਮਵਾਰ ਬਣਦੀ ਹੈ।
  3. ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਦੀ ਤਾਰੀਖ ਚੇਤਰ ਸੁਦੀ ਚੌਦਸ ਮੁਤਾਬਕ ਇਹ ਤਾਰੀਖ 25 ਚੇਤ/7 ਅਪ੍ਰੈਲ ਦਿਨ ਵੀਰਵਾਰ ਬਣਦੀ ਹੈ।
  4. ਗੁਰੂ ਤੇਗਬਹਾਦਰ ਜੀ ਦੀ ਗੁਰ ਗੱਦੀ ਤਾਰੀਖ ਚੇਤਰ ਸੁਦੀ ਚੌਦਸ ਮੁਤਾਬਕ ਇਹ ਤਾਰੀਖ 25 ਚੇਤ/7 ਅਪ੍ਰੈਲ ਦਿਨ ਐਤਵਾਰ ਬਣਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਇਹ ਚਾਰੇ ਗੁਰਪੁਰਬ 3 ਵੈਸਾਖ/16 ਅਪ੍ਰੈਲ ਦੇ ਹਨ।
  5. ਗੁਰੂ ਅੰਗਦ ਜੀ ਦਾ ਪ੍ਰਕਾਸ਼ ਦਿਵਸ ਵੈਸਾਖ ਸੁਦੀ ਏਕਮ ਮੁਤਾਬਕ ਇਹ ਤਾਰੀਖ 21 ਵੈਸਾਖ/ 4 ਮਈ ਦਿਨ ਬੁਧਵਾਰ ਬਣਦੀ ਹੈ।
  6. ਗੁਰੂ ਤੇਗਬਹਾਦਰ ਜੀ ਦਾ ਪ੍ਰਕਾਸ਼ ਦਿਵਸ ਵੈਸਾਖ ਵਦੀ ਪੰਚਵੀ ਮੁਤਾਬਕ ਇਹ ਤਾਰੀਖ 9 ਵੈਸਾਖ/22 ਅਪ੍ਰੈਲ ਦਿਨ ਸ਼ੁਕਰਵਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਇਹ ਦੋਵੇਂ ਗੁਰਪੁਰਬ 5 ਵੈਸਾਖ/18 ਅਪ੍ਰੈਲ ਦੇ ਹਨ।
  7. ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਵਸ ਵੈਸਾਖ ਵਦੀ ਸਪਤਮੀ ਮੁਤਾਬਕ 11 ਵੈਸਾਖ/24 ਅਪ੍ਰੈਲ ਦਿਨ ਐਤਵਾਰ ਬਣਦੀ ਹੈ ਜਦੋ ਕਿ ਸ਼੍ਰੋਮਣੀ ਕਮੇਟੀ ਵਲੋ ਜਾਰੀ ਕੀਤੇ ਗਏ ਕੈਲੰਡਰ `ਚ ਇਹ ਤਾਰੀਖ 19 ਵੈਸਾਖ/2 ਮਈ ਦਰਜ ਹੈ। (ਇਸ ਤਰ੍ਹਾਂ ਬਾਕੀ ਤਾਰੀਖਾਂ ਤੇ ਵਿਚਾਰ ਕੀਤੀ ਜਾ ਸਕਦੀ ਹੈ)

ਭਾਈ ਹਰਨਾਮ ਸਿੰਘ ਜੀ, ਸ਼੍ਰੋਮਣੀ ਕਮੇਟੀ ਵਲੋਂ 17 ਫਰਵਰੀ 2011 ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਵੈਸਾਖ ਮਹੀਨੇ ਦੀਆਂ ਤਾਰੀਖਾਂ ਗੁਰਬਾਣੀ ਪਾਠ ਦਰਪਣ `ਚ ਦਰਜ ਇਤਿਹਾਸਕ ਤਾਰੀਖਾਂ ਨਾਲ ਮੇਲ ਨਹੀ ਖਾਂਦੀਆਂ। ਹੁਣ ਇਕ ਗੱਲ ਤਾਂ ਬੁਹਤ ਹੀ ਸਪੱਸ਼ਟ ਹੈ ਕਿ ਦੋਵੇਂ ਵਸੀਲਿਆਂ `ਚ ਇਕ ਤਾਂ ਜਰੂਰ ਹੀ ਗਲਤ ਹੈ। ਜੇ ਅਸੀ ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਜੀ ਵਲੋਂ ਖੋਜ ਕਰਕੇ ਦਰਜ ਕੀਤੀਆਂ ਗਈਆਂ ਤਾਰੀਖਾਂ ਨੂੰ ਸਹੀ ਮੰਨਦੇ ਹਾਂ ਤਾਂ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੀਆਂ ਤਾਰੀਖਾਂ ਗਲਤ ਹੋ ਜਾਂਦੀਆਂ ਹਨ, ਜੇ ਅਸੀ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ ਦੀਆਂ ਤਾਰੀਖਾਂ ਨੂੰ ਸਹੀ ਮੰਨਦੇ ਹਾਂ ਤਾਂ ‘ਗੁਰਬਾਣੀ ਪਾਠ ਦਰਪਣ' `ਚ ਦਰਜ ਇਤਿਹਾਸਕ ਤਾਰੀਖਾਂ ਅਪਣੇ ਆਪ ਹੀ ਗਲਤ ਸਾਬਤ ਹੋ ਜਾਂਦੀਆਂ ਹਨ। ਉਦੋਂ ਦਮਦਮੀ ਟਕਾਸਲ ਦੀ ਵੱਡ ਅਕਾਰੀ ਪੁਸਤਕ `ਚ ਦਰਜ ਤਾਰੀਖਾਂ ਹੋਰ ਵੀ ਸ਼ੱਕੀ ਹੋ ਜਾਂਦੀਆਂ ਹਨ ਜਦੋਂ ਦਮਦਮੀ ਟਕਸਾਲ ਦਾ ਮੁਖੀ ਹੀ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਕੈਲੰਡਰ `ਚ ਦਰਜ ਤਾਰੀਖਾਂ ਨੂੰ ਮਾਨਤਾ ਦੇ ਰਿਹਾ ਹੋਵੇ।

ਭਾਈ ਹਰਨਾਮ ਸਿੰਘ ਜੀ, ਹੁਣ ਸ਼ਰਧਾਵਾਨ ਸਿੱਖਾਂ ਲਈ ਤਾਂ ਬੁਹਤ ਹੀ ਵੱਡੀ ਦੁਬਧਾ ਪੈਦਾ ਹੋ ਗਈ ਹੈ ਕਿ ਉਹ ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲੇ ਦੀ ਲਿਖਤ ‘ਗੁਰਬਾਣੀ ਪਾਠ ਦਰਪਣ' ਵਿਚ ਦਰਜ ਇਤਿਹਾਸਕ ਤਾਰੀਖਾਂ ਨੂੰ ਸਹੀ ਮੰਨ ਕੇ ਗੁਰੂ ਸਾਹਿਬ ਜੀ ਨਾਲ ਸਬੰਧਤ ਦਿਹਾੜੇ ਮਨਾਉਣ ਜਾਂ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ `ਚ ਦਰਜ ਤਾਰੀਖਾਂ ਮੁਤਾਬਕ। ਅਸੀ ਜੇ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੈਲੰਡਰ ਦੀਆਂ ਤਾਰੀਖਾਂ ਨੂੰ ਸਹੀ ਮੰਨਦੇ ਹਾਂ ਤਾਂ ਸਚਖੰਡ ਵਾਸੀ ਬ੍ਰਹਮਗਿਆਨੀਆਂ ਦੇ ਦੋਖੀ ਬਣਦੇ ਹਾਂ ਤੇ ਅੱਗੇ ਜਾ ਕੇ ਲੇਖਾ ਦੇਣਾ ਪੈਣਾ ਹੈ, ਜੇ ਅਸੀ ਸਚਖੰਡ ਵਾਸੀ ਬ੍ਰਹਮਗਿਆਨੀਆਂ ਵਲੋਂ ਲਿਖੀਆਂ ਤਾਰੀਖਾਂ ਨੂੰ ਸਹੀ ਕਹਿੰਦੇ ਹਾਂ ਤਾਂ ਮਾਤ ਲੋਕ `ਚ ਜਥੇਦਾਰਾਂ ਦੇ ਹੁਕਮ ਦੀ ਅਵੱਗਿਆ ਕਰਕੇ ਦੋਸ਼ੀ ਬਣਦੇ ਹਾਂ । ਆਪ ਜੀ ਨੂੰ ਪੱਤਰ ਲਿਖਣ ਦਾ ਕਾਰਨ ਇਹ ਹੈ ਕਿ ਆਪ ਜੀ ਸਚਖੰਡ ਵਾਸੀ ਬ੍ਰਹਮਗਿਆਨੀਆਂ ਦੇ ਨੁਮਾਇਦੇ ਹੋ ਅਤੇ ਮਾਤਲੋਕ ਦੇ ਜਥੇਦਾਰਾਂ ਦੇ ਸਲਾਹਕਾਰ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਨੂੰ ਈਹਾ ਅਤੇ ਊਹਾ ਦੇ ਚੱਕਰਾਂ ਤੋਂ ਬਚਾਉਣ ਦਾ ਕੋਈ ਉਪਾ ਕਰੋ ਜੀ।

ਭਾਈ ਹਰਨਾਮ ਸਿੰਘ ਜੀ, (ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ) ਸਾਨੂੰ ਪੂਰੀ ਆਸ ਹੈ ਕਿ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਛੇਤੀ ਤੋਂ ਛੇਤੀ ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋਗੇ ਕਿ ਅਕਾਲ ਤਖਤ ਸਾਹਿਬ ਤੋਂ 17 ਫਰਵਰੀ ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਦਰਜ ਵੈਸਾਖ ਮਹੀਨੇ ਦੇ ਗੁਰਪੁਰਬਾਂ ਦੀਆਂ ਉਪ੍ਰੋਕਤ ਤਾਰੀਖਾਂ ਗਲਤ ਹਨ ਜਾਂ ਸ਼੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲੇ ਦੀ ਲਿਖਤ ‘ਗੁਰਬਾਣੀ ਪਾਠ ਦਰਪਣ' ਵਿਚ ਦਰਜ ਤਾਰੀਖਾਂ ਗਲਤ ਹਨ। ਭਾਈ ਹਰਨਾਮ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਇਸ ਦੁਬਧਾ `ਚ ਬਾਹਰ ਕੱਢਣ ਲਈ ਸਾਡੀ ਰਹਿਨੁਮਾਈ ਕਰੋ ਜੀ।

ਪੰਥ ਦੇ ਦਾਸ:- ਅਵਤਾਰ ਸਿੰਘ ਮਿਸ਼ਨਰੀ, ਕੁਲਵੰਤ ਸਿੰਘ ਮਿਸ਼ਨਰੀ, ਬਾਬਾ ਪਿਆਰਾ ਸਿੰਘ ਮਿਸ਼ਨਾਰੀ, ਡਾ:ਗੁਰਮੀਤ ਸਿੰਘ ਬਰਸਾਲ, ਅਮਰਦੀਪ ਸਿੰਘ ਅਮਰ, ਤਰਲੋਚਨ ਸਿੰਘ ਦੁਪਾਲਪੁਰ, ਸਰਵਜੀਤ ਸਿੰਘ ਸੈਕਰਾਮੈਂਟੋ, ਕੁਲਦੀਪ ਸਿੰਘ ਜਾਗੋ ਖਾਲਸਾ, ਜਸਵਿੰਦਰ ਸਿੰਘ ਭੁੱਲਰ, ਭਾਈ ਜਸਮਿੱਤਰ ਸਿੰਘ ਅਤੇ ਇੰਦਰ ਜੀਤ ਸਿੰਘ ਓਮਪੁਰੀ (ਸਾਕਾ ਜਥੇਬੰਦੀ), ਬਲਕਾਰ ਸਿੰਘ ਬੇਕਰਫੀਲਡ ਅਤੇ ਭਾਈ ਰਣਜੀਤ ਸਿੰਘ ਮਸਕੀਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top