Share on Facebook

Main News Page

ਸੀਸ ਦਾ ਜਲਾਲ਼ੀ ਤਾਜ - ਦਸਤਾਰ

ਦਸਤਾਰ-ਸਿੱਖ ਦੇ ਸਿਰ ਦਾ ਜਲਾਲ਼ੀ ਤਾਜ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰ:1084 ਉਤੇ ਗੁਰੂ ਨਾਨਕ-ਨਾਮ-ਲੇਵਾ ਸਿੱਖ ਲਈ, ਸ਼ਹੀਦਾਂ ਦੇ ਸਿਰਤਾਜ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਇਲਾਹੀ ਹੁਕਮ ਅੰਕਿਤ ਹੈ: “ਸਾਬਤ ਸੂਰਤਿ ਦਸਤਾਰ ਸਿਰਾ॥” (ਮਾਰੂ ਸੋਹਲੇ ਮ:5-ਅੰਗ 1084) ਦਸਤਾਰ ਸਿੱਖ ਦੀ ਆਨ, ਸ਼ਾਨ ਅਤੇ ਗੌਰਵਮਈ ਜੀਵਨ ਦਾ ਬਹੁਤ ਅਹਿਮੀਅਤ ਭਰਿਆ ਵਿਸੇਸ਼ ਅੰਗ ਹੈ, ਜਿਹੜਾ (ਸਿਰ ਦੇ) ਕੇਸਾਂ ਦੀ ਸੁਚੱਜੀ ਸਾਂਭ-ਸੰਭਾਲ ਲਈ ਅਤੀ ਜਰੂਰੀ ਹੈ। ਇਤਿਹਾਸਕ ਪੱਖ ਤੋਂ ਮਾਨਵੀਅ-ਜੀਵਨ ਵਿੱਚ ਦਸਤਾਰ, ਆਪਣੇ ਬਦਲਵੇਂ ਅਤੇ ਵਖੋ-ਵਖਰੇ ਰੂਪ-ਸਰੂਪ ਵਿੱਚ ਬਹੁਤ ਪੁਰਾਣੀ ਪ੍ਰਚਲਿਤ ਮੰਨੀ ਗਈ ਹੈ, ਪਰ ਇਸ ਨੂੰ ਜੋ ਆਦਰ, ਸਤਿਕਾਰ ਅਤੇ ਮਹਤੱਵ ਸਿੱਖ ਧਰਮ ਵਿੱਚ ਪ੍ਰਾਪਤ ਹੋਇਆ ਹੈ, ਉਸ ਦੀ ਬਰਾਬਰਤਾ ਨੇੜਲੇ ਭਵਿੱਖ ਵਿੱਚ ਸੰਭਵ ਨਹੀਂ ਹੈ।

ਸਿੱਖ ਜਗਤ ਨੇ ਸ਼ਾਇਦ ਪਹਿਲਾਂ ਕਦੇ ਇਨ੍ਹਾਂ ਦਰਦ ਨਾ ਮਹਿਸੂਸ ਕੀਤਾ ਹੋਵੇ, ਜਿਤਨਾਂ ਮੁਹਾਲੀ ਸਟੇਡੀਅਮ ਦੇ ਬਾਹਰ ਵਾਰ, ਪਗੜੀਧਾਰੀ ਸਿੱਖ ਐਸ.ਪੀ ਦੇ ਹੁਕਮਾਂ ਅਧੀਨ ਇਕ ਠਾਣੇਦਾਰ ਨੂੰ ਬੇ-ਕਸੂਰ ਸਿੱਖ ਨੌਜੁਆਨ ਦੀ ਦਸਤਾਰ (ਯੂ-ਟਿਊਬ ਉਤੇ ਵੇਖੋ) ਲਾਹੁੰਦੇ ਵੇਖ ਕੇ ਹੋਇਆ ਹੈ। ਫਰਾਂਸ, ਇਟਲੀ ਅਤੇ ਹੋਰ ਇੱਕਾ-ਦੁੱਕਾ ਦੇਸ਼ਾਂ ਵਿੱਚ ਦਸਤਾਰ ਪ੍ਰਤੀ ਵਾਪਰੀਆਂ ਅਣ-ਸੁਖਾਵੀਆਂ ਘਟਨਾਵਾਂ ਨੂੰ ਅਸੀਂ ਇਹ ਕਹਿ ਕੇ ਬਰਦਾਸ਼ਤ ਕਰ ਸਕਦੇ ਹਾਂ, ਕਿ ਇਹਨਾਂ ਪੱਛਮੀਂ/ਯੂਰਪੀਨ ਮੁਲਕਾਂ ਦੇ ਵਾਸੀਆਂ ਨੂੰ ਸ਼ਾਇਦ ਸਿੱਖ ਦੀ ਦਸਤਾਰ ਦੀ ਅਹਿਮੀਅਤ ਦਾ ਅਸਲ ਗਿਆਨ ਨਹੀਂ ਹੈ। ਬੇਸ਼ਕ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਦਸਤਾਰਧਾਰੀ ਸਿੱਖ ਹੈ ਅਤੇ ਸੰਸਾਰ ਦੇ ਕੋਨੇ-ਕੋਨੇ ਵਿੱਚ ਆਉਂਦਾ-ਜਾਂਦਾ ਹੈ, ਫਿਰ ਵੀ ਦੁਨੀਆਂ ਪੱਧਰ ਉਤੇ ਆਪਣੀ ਵਿਲੱਖਣ ਪਹਿਚਾਣ ਸਬੰਧੀ ਜਾਗਰੂਕ ਕਰਨ ਹਿਤ, ਸਿੱਖ ਲਈ ਅਜੇ ਬਹੁਤ ਕੁਝ ਕਰਨਾਂ ਬਾਕੀ ਹੈ। ਪੂਰਨ ਸਿੱਖੀ ਸਰੂਪ’ਚ ਸਧਾਰਨ ਸਿੱਖ ਵੀ ਹਰੇਕ ਦੇਸ਼ ਵਿੱਚ ਵਿਚਰਦਾ ਤਾਂ ਹੈ, ਪਰ ਜਥੇਬੰਦਕ ਅਤੇ ਵਿਅਕਤੀਤਵ ਤੌਰ ਤੇ ਸਿੱਖ ਨੂੰ ਗੁਰੂ-ਬਖਸ਼ਿਸ਼ ਦਸਤਾਰ ਦੀ ਮਹੱਤਤਾ ਅਤੇ ਗੁਰਮਤਿ ਪ੍ਰੰਪਰਾਗਤ ਆਪਣੇ ਨਿਜੀ ਗੌਰਵ ਨੂੰ ਬਰਕਰਾਰ ਰੱਖਣ ਲਈ, ਇਸ ਦੀ ਬੇਰੋਕ-ਬੇਟੋਕ ਵਰਤੋਂ ਸਬੰਧੀ ਲੋਕਾਈ ਨੂੰ ਦਸਦੇ ਰਹਿਣਾ ਲੋੜੀਂਦਾ ਹੈ, ਕਿਉਂਕਿ ਦਸਤਾਰਧਾਰੀ ਸਿੱਖ ਦੀ ਦਿੱਖ, ਇਕ ਐਸੇ ਗਰਮ-ਖਿਆਲੀ ਵਰਗ ਨਾਲ ਮੇਲ ਖਾਂਦੀ ਹੈ, ਜਿਸ ਨੂੰ ਬਹੁ-ਤਦਾਦ ਦੇਸ਼ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਸਮੇਂ, ਰਾਜ ਦੇਣ ਦੀ ਦਾਹਵੇਦਾਰ ‘ਕਾਲੀ ਸਰਕਾਰ ਦੇ ਸਤਾ ਵਿੱਚ ਹੁੰਦਿਆਂ ਕੁੱਝ ਦਿਨ ਪਹਿਲਾਂ ਜਿਸ ਬੇ-ਸ਼ਰਮੀ ਭਰੇ ਨਾਦਰਸ਼ਾਹੀ ਤਰੀਕੇ ਨਾਲ ਆਪਣੀ ਬੋਲੀ ਵਿੱਚ, ਫਾਰਮਾਸਿਸਟ ਮੁਲਾਜਮ ਸਿੱਖ ਦੀ ਦਸਤਾਰ ਲਾਹੀ ਗਈ ਹੈ, ਪੰਜਾਬ ਸਰਕਾਰ ਅਤੇ ਪੁਲੀਸ ਦਾ ਅਤਿ-ਨਿੰਦਨੀਯ ਕਾਰਨਾਮਾਂ ਹੈ। ਹੋਰ ਤਾਂ ਹੋਰ, ਪਿੱਛਲੇ ਵਰ੍ਹੇ ਲੁਧਿਆਣੇ ਇਕ ’ਕਾਲੀ ਧਾੜਵੀ ਟੋਲੇ ਵਲੋਂ ਗੂੰਡਾਗਰਦੀ ਦਾ ਨੰਗਾ ਨਾਚ ਕਰਦਿਆਂ, ਤਹਿਸੀਲਦਾਰ ਸ੍ਰ:ਗੁਰਜਿੰਦਰ ਸਿੰਘ ਬੈਨੀਪਾਲ ਦੀ ਦਸਤਾਰ ਨਾਲ ਬਹੁਤ ਕੋਝਾ ਮਜ਼ਾਕ ਕੀਤਾ ਗਿਆ ਸੀ। ਖੋਹੀ ਗਈ ਦਸਤਾਰ ਦੀ ਬਰਾਮਦੀ ਦੀ ਉਡੀਕ’ਚ ਓਹ ਵਿਚਾਰਾ ਗਜ਼ਟਡ ਅਫਸਰ ਹੁਣ ਤੋੜੀਂ ਨੰਗੇ ਸਿਰ ਬੈਠਾ ਹੈ। ਇਥੇ ਇਕ ਅਹਿਮ ਸਵਾਲ ਪੈਦਾ ਹੁੰਦਾ ਹੈ, ਕਿ ਕੀ ਸਿੱਖ-‘ਕਾਲੀ ਸਰਕਾਰ ਦੇ ਤਰਸ ਦਾ ਪਾਤਰ ਬਣ ਚੁੱਕਾ ਹੈ, ਯਾਂ ਫ਼ਿਰ ਪੰਜਾਬ ਦੀ ਸ਼ਿਪਾਹੀਅਤ ਆਪ-ਹੁਦਰੀ, ਭੈ-ਭੀਤਕ, ਤਬਾਹੀ-ਕੁਨ ਅਤੇ ਬੇ-ਲਗਾਮ ਹੋ ਚੁੱਕੀ ਹੈ।

ਇਤਿਹਾਸ ਗੁਵਾਹ ਹੈ ਕਿ ਇਸ ਨਿਰਦਈ, ਹੰਕਾਰੇ ਹੋਏ, ਜ਼ਾਲਮ ਪੁਲੀਸ ਮੁਲਾਜ਼ਮ ਵਰਗ ਦੇ ਹੱਥ ਪਹਿਲਾਂ ਹੀ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਪਿੱਛਲੇ ਤਿੰਨ ਕੁ ਦਹਾਕਿਆਂ ਤੋਂ ਕਿਤਨੇ ਝੂਠੇ ਮੁਕਾਬਲੇ ਬਣਾ ਕੇ, ਸਿੱਖ ਜੁਆਨੀ ਦਾ ਘਾਣ ਕੀਤਾ ਗਿਆ, ਆਏ ਦਿਨ ਠਾਣਿਆਂ ਅੰਦਰ ਸਿੱਖਾਂ ਉਤੇ ਅੰਨ੍ਹਾਂ ਤਸ਼ਦੱਦ ਕਰ-ਕਰ ਕੇ ਮਾਰ ਦਿੱਤਾ ਜਾਂਦਾ ਹੈ। ਸੱਚ ਜਾਣੋ! ਅੱਸਵੀਆਂ ਤੋਂ ਬਾਅਦ ਰਾਜਸੀ ਸਹਿ ਅਤੇ ਰਾਜਨੀਤਕ ਬਦਲਾ-ਲਊ ਕੁਰੀਤੀ ਕਾਰਨ, ਪੰਜਾਬ ਪੁਲੀਸ ਮਹਿਕਮੇ ਦਾ ਹਰ ਛੋਟਾ/ਵਡਾ ਕਰਮਚਾਰੀ ਏਨਾਂ ਮੱਛਰ ਗਿਆ ਹੈ, ਕਿ ਕੋਈ ਮੁਜਰਮ ਹੋਵੇ ਯਾਂ ਬੇ-ਕਸੂਰ, ਸਭ ਤੋਂ ਪਹਿਲਾਂ ਇਹ ਉਸ ਦੀ ਪਗੜੀ ਨੂੰ ਹੱਥ ਪਾਉਂਦਾ ਹੈ, ਅਤੇ ਫਿਰ ਵਾਲਾਂ (ਕੇਸਾਂ) ਤੋਂ ਫ਼ੜ੍ਹ ਕੇ ਧੂੰਹਦਾ ਵੇਖਿਆ ਜਾ ਸਕਦਾ ਹੈ, ਜੋ ਅਹਿਮਕਪੁਣੇ ਦੀ ਹੱਦ ਹੈ। ਇਨਸਾਨੀਅਤ ਨਾਮ ਦੀ ਕੋਈ ਸ਼ੈ ਨਹੀਂ ਹੈ। ਸਾਡਾ ਮਨੋਰਥ, ਹੌਕਿਆਂ-ਹਾਵਿਆਂ ਭਰੀਆਂ ਹੋਈਆਂ-ਬੀਤੀਆਂ ਦੀਆਂ ਦਿਲ-ਕੰਬਾਊ ਦਾਸਤਾਵਾਂ ਦਾ ਦੁਹਰਾਓ ਨਹੀਂ ਹੈ। ਬਸ ਇਕੋ ਵਿਸ਼ਲੇਸ਼ਣ ਲਈ ਯਤਨਸ਼ੀਲ ਹਾਂ, ਕਿ ਕੀ ਸਾਡੀ ਸਰਕਾਰ ਅੱਖੋਂ ਲਾਵੀਂ ਹੈ, ਜਾਂ ਘੇਸਲ-ਮਾਰੀ ਬੈਠੀ ਹੈ ਜਾਂ ਫਿਰ ‘ਅਜਿਹਾ’ ਜਾਣ-ਬੁਝ ਕੇ ਕਰਵਾ ਰਹੀ ਹੈ।

ਰਾਜ-ਸਤਾ ਦਾ ਆਨੰਦ ਮਾਣ ਰਹੇ ਵਿਸ਼ੇਸ਼-ਕਰ ਮਲਵਈ ਸਿੱਖ ਸਿਆਸੀ ਆਕਾਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਗੁਰੂ ਕਾਲ ਤੋਂ ਹੀ ਉਨ੍ਹਾਂ ਦੇ ਵੱਡੇ-ਵਡੇਰੇ ਸਿੱਖੀ ਸਿਧਾਤਾਂ ਦੇ ਚੰਗੇ ਜਾਣੂ ਚਲੇ ਆ ਰਹੇ ਹਨ। ਅੱਜ ਤੁਹਾਨੂੰ ਜੁਆਬਦੇਹ ਹੋਣਾ ਪਵੇਗਾ ਕਿ ਮਾਲਵੇ ਦੀ ਧਰਤੀ ਉੱਤੇ ’ਕਾਲੀ ਜਥੇਦਾਰਾਂ ਅਤੇ ਉਨ੍ਹਾਂ ਦੇ ਖਰੂਦੀ ਪਿੱਠੂਆਂ ਨੇ ਸਿੱਖ ਬੀਬੀਆਂ ਦੀਆਂ ਚੁੰਨੀਆਂ ਨਾਲ ਖਿਲਵਾੜ ਕਿਉਂ ਕੀਤਾ ਗਿਆ? ਸਿੱਖ ਧਰਮ ਵਿੱਚ ਦਸਤਾਰ ਅਤੇ ਚੁੰਨੀ ਸਮ-ਅਰਥੀ ਹਨ। ਰਾਜਨੀਤਕ ਸਿੱਖ ਲੀਡਰੋ! ਕੀ ਤੁਹਾਡੀਆਂ ਆਪ-ਹੁਦਰੀਆਂ ਵਿਵਹਾਰਕ ਹੁਲੜਬਾਜ਼ੀਆਂ ਕਾਰਨ, ਸਿੱਖ ਲਈ ਆਜ਼ਾਦੀ ਭਾਵ ਵਿਚਾਰਾਂ ਦਾ ਸੁੰਤਤਰ ਪ੍ਰਗਟਾਵਾ ਮਹਿਜ਼ ਨਾ-ਮਾਤਰ ਅਰਥ ਹੀ ਰੱਖਦਾ ਹੈ? ਕੀ ਮੰਨ ਲਿਆ ਜਾਏ ਕਿ ਸਮੁੱਚੀ ਪੰਥਕ ਤਾਕਤ, ਸਿੱਖੀ ਸਰੂਪ ਵਿੱਚ ਵਿਚਰਦੇ ਇੱਕ ਮਾਮੂਲ਼ੀ ਤੇ ਬੇ-ਕਿਰਕ ਵਰਗ ਨੇ ਹਥਿਆ ਲਈ ਹੈ? ਕੀ ਪੰਜਾਬ ਪੁਲੀਸ ਹਲਕ ਗਈ ਹੈ। ਭੂਤਰੀ ਅਤੇ ਬੇ-ਮੁਹਾਰ ਪੁਲੀਸ ਨੂੰ ਕੌਣ ਨਕੇਲ ਪਾਏਗਾ? ਕਿਥੇ ਹਨ ਉਹ “ਸੇਵਾ” ਦਾ ਵਡਮੁੱਲਾ ਅਸੂਲ, ਜਿਸ ਦਾ ਹਰ-ਰੋਜ਼ ਪੰਜਾਬ ਪੁਲੀਸ ਅਤੇ ’ਕਾਲੀ ਪ੍ਰਚਾਰ ਕਰਦੇ ਨਹੀਂ ਥੱਕਦੇ?

ਵਕਤਨ-ਬ-ਵਰਤਨ ਬਾਹਰਲੇ ਮੁਲਕਾਂ ਵਿੱਚ ਸਿੱਖ ਦੀ ਦਸਤਾਰ ਪ੍ਰਤੀ ਅਪਨਾਮਜਨਕ ਸਲੂਕ ਕਾਰਨ, ਇਕ ਪਾਸੇ ਸਿੱਖ ਜਗਤ ਦਿਨ-ਰਾਤ ‘ਦਸਤਾਰ’ ਦੀ ਹੋਂਦ, ਗੌਰਵਤਾ ਅਤੇ ਸਵੈਮਾਨ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ, ਦੂਸਰੇ ਪਾਸੇ ਸਿੱਖੀ ਸਰੂਪ ਵਿੱਚ ਪੰਜਾਬ ਦਾ ਪੁਲੀਸ ਅਫਸਰ ਹੀ, ਇੱਕ ਸ਼ਾਂਤ-ਚਿੱਤ ਸਿੱਖ ਨੌਜੁਆਨ ਦੀ ਦਸਤਾਰ ਲਾਹੁਣ ਦਾ ਹੁਕਮ ਦੇ ਰਿਹਾ ਹੈ। ਯਾਦ ਰੱਖਣਾ ਚਾਹੀਦਾ ਹੈ, ਕਿ ਕਿਸੇ ਦਿਨ ਇਹ ਉਪੱਦਰਵੀ ਹੱਥ, ਤੁਹਾਡੀ ਦਸਤਾਰ ਤੱਕ ਵੀ ਪਹੁੰਚ ਸਕਦੇ ਹਨ। ਕਮਾਲ ਦੀ ਗੱਲ ਕਿ ਇਸੇ ਸਮੇਂ ਹਾਲੈਂਡ ਦਾ ਪ੍ਰਧਾਨ ਮੰਤਰੀ ਮਿ:ਮਾਰਕ ਰੂਟੇ ਆਪਣੇ ਦੇਸ਼ ਵਿੱਚ ਸਿੱਖ ਦੀ ਦਸਤਾਰ ਦੇ ਮਾਣ-ਸਤਿਕਾਰ ਲਈ ਵਚਨ-ਬੱਧਤਾ ਦੁਹਰਾ ਰਿਹਾ ਹੈ।

ਦੇਸ਼-ਵਿਦੇਸ਼ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਹੈ। ਪਰ ਹਾਂ! ‘ਦਸਤਾਰਧਾਰੀ ਹੋਣ ਤੇ’ ਕੁਝ ਦੇਸ਼ਾਂ ਵਿੱਚ ਅਚੇਤ ਗਲਤ ਫ਼ਹਿਮੀਆਂ ਦੇ ਸ਼ਿਕਾਰ ਗਿਆਨ ਵਿਹੂਣੇ ਲੋਕ ਵਿਤਕਰਾ ਕਰ ਜਾਂਦੇ ਹਨ। ਸਿੱਖੀ ਸਿਧਾਂਤਾਂ ਅਨੁਸਾਰ ‘ਦਸਤਾਰ, ਨਹੀਂ ਤਾਂ ਸਿੱਖ ਦੀ ਪਹਿਚਾਣ ਅਸੰਭਵ ਹੈ। ਗੁਰੂ ਬਖ਼ਸ਼ਿਸ਼ ‘ਸਿਰੋਪਾਓ’ ਵੀ ਇਸ ਧਾਰਨਾ ਦਾ ਪਵਿੱਤਰ ਅੰਗ ਹੈ। ਇਸ ਦੁਖਦਾਈ ਘਟਨਾ-ਕ੍ਰਮ ਦੇ ਸੰਦਰਭ ਵਿੱਚ ਸਾਡੇ ਦ੍ਰਿਸ਼ਟੀਕੋਣ ਮੁਤਾਬਕ, ਆਪਣੀ ਸਰਕਾਰ ਦੇ ਹੁੰਦਿਆਂ ਕਠੋਰਤਾ ਪੂਰਵਕ ਦਮਨਕਾਰੀ ਯਤਨ ਨਾਲ ਇੰਞ ਸਿੱਖ ਦੀ ਦਸਤਾਰ ਲਹੁਣੀ ‘ਡਾਂਗੋ-ਕ੍ਰੇਸੀ’ ਦਾ ਪ੍ਰਤੱਖ ਅਸਲੀ ਅਤੇ ਅਮਲੀ ਰੂਪ ਪੇਸ਼ ਕੀਤਾ ਗਿਆ ਹੈ। ਅਸੀਂ, ਬੇਗਾਨਿਆਂ ਤੇ ਕੀ ਰੋਸ ਕਰਾਂਗੇ? ਸਪਸ਼ਟ ਕਹਾਂਗੇ ਕਿ ਸੰਸਾਰਕ ਰੰਗ-ਤਮਾਸ਼ਿਆਂ ਵਿੱਚ ਗਲਤਾਨ ਮੌਜੂਦਾ ਪੰਜਾਬ ਸਰਕਾਰ ਨੇ ਸਮੁੱਚੇ ਸਿੱਖ ਭਾਈਚਾਰੇ ਦੀ ਹਮਦਰਦੀ ਗੁਆ ਲਈ ਹੈ। ਮੱਕੜ-ਜਾਲ ਵਿੱਚ ਫਸੀ ਸਿਰਮੌਰ ਸਿੱਖ ਸੰਸਥਾ ਨਪੁੰਨਸਕ ਮੰਨੀ ਜਾ ਰਹੀ ਹੈ। ਅਕਾਲ ਤਖਤ ਖਾਮੋਸ਼ ਹੈ, ਜਦੋਂ ਕਿ ਇਹ ਚੁਣੌਤੀ ਭਰਪੂਰ ਸਥਿਤੀ ਜਾਹਰਾ ਤੌਰ ਤੇ ਉੱਚੀ ਅਤੇ ਸੁੱਚੀ ਸ਼ਾਨ ਵਾਲੇ ਸਿੱਖ ਪੰਥ ਲਈ ਖਤਰੇ ਦੀ ਘੰਟੀ ਹੈ।

ਇਸ ਘਿਨਾਉਂਣੀ ਕਰਤੁਤ ਨੂੰ ਸਿੱਖ ਦੇ ਸਬਰ ਦਾ ਆਖਰੀ ਇਮਤਿਹਾਨ ਕਿਹਾ ਜਾ ਸਕਦਾ ਹੈ। ਮੰਨਿਆ ਕਿ ਭੁੱਖੇ ਸ਼ੀਹ/ ਬਘਿਆੜਾਂ ਵਾਂਗ ਜਿਸ ਦੇ ਮੂੰਹ ਨੂੰ ਲਹੂ ਲੱਗਾ ਹੋਵੇ, ਉਹ ਵੱਡੀ ਤੋਂ ਵੱਡੀ ਬੇਵਕੂਫੀ ਤੇ ਸ਼ੈਤਾਨੀ ਕਰਨੋਂ ਇਸ ਲਈ ਬਾਜ ਨਹੀਂ ਆਉਂਦੇ ਕਿ ਸਿੱਖ ਸ਼ਾਂਤਮਈ ਨਾ ਰਹਿ ਸਕਣ। ਚਤਰ ਸਿਆਸਤਦਾਨ ਅੱਖਾਂ ਮੁੰਦ ਲੈਂਦਾ ਹੈ। ਅੱਜ ਲੋੜੀਂਦਾ ਹੈ ਕਿ ਝੂਠੀਆਂ ਤਸੱਲੀਆਂ, ਅਰਥਹੀਣ ਦਲੀਲਾਂ ਅਤੇ ਢੌਂਗੀ ਯੁਕਤੀਆਂ ਛੰਡ ਕੇ ਪੰਜਾਬ ਸਰਕਾਰ ਵਲੋਂ ਇਸ ਹਿਰਦੇ-ਵੇਧਕ ਘਟਨਾਂ ਦੀ ਨਿਰਪੱਖ ਜਾਂਚ ਕਰਵਾ ਕੇ, ਅਪਰਾਧੀ ਪੁਲੀਸ ਅਫਸਰਾਂ ਨੂੰ ਮਿਸਾਲੀ ਸਜ਼ਾ ਦਿਤੀ ਜਾਏ, ਤਾਂ ਕਿ ਮੁੜ ਕੋਈ ਮਨਭਾਉਂਦੀਆਂ ਨਾ ਕਰ ਸਕੇ। ਵਰਨਾ ਇਹ ਸਿੱਖ ਦੀ ਬਦ-ਕਿਸਮਤੀ ਹੋਏਗੀ। ਰਾਜਨੀਤਕ ਸਿੱਖ ਲੀਡਰਾਂ ਤੇ ਧਾਰਮਿਕ ਆਗੂਆਂ ਨੂੰ ਪੰਥ ਦੇ ਲਾਭ-ਹਾਨਿ ਦਾ ਕੋਈ ਫਿਕਰ ਨਹੀਂ-ਮੰਨਿਆ ਜਾਏਗਾ। ਸਿੱਖ ਸਮਾਜ ਅਤੇ ਪੰਥ-ਦਰਦੀਆਂ ਨੂੰ ਜਨਾਬ ਅਕਬਰ ਹਮੀਦੀ ਸਾਹਿਬ ਦੇ ਬੜੇ ਸਿਖਿਆਦਾਇਕ ਅਤੇ ਢੁੱਕਵੇਂ ਬੋਲ ਯਾਦ ਰੱਖਣੇ ਹੋਣਗੇ:-

ਅਣਖ ਨਹੀਂ ਤਾਂ ਬੰਦਾ, ਇੱਕ ਮਿੱਟੀ ਦੀ ਢੇਰੀ,
ਉਸ ਦੀ ਪੱਗ ਦੀ ਖੈਰ, ਜਿਸ ਦੇ ਵਿਹੜੇ ਬੇਰੀ

ਤਰਲੋਕ ਸਿੰਘ ‘ਹੁੰਦਲ’
ਟੋਰਾਂਟੋ
ਫੌਨ (905) 794-2887


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top