Share on Facebook

Main News Page

ਸਿੱਖ ਪੱਗ ਨੂੰ ਹੱਥ ਨਹੀਂ ਪੈਣ ਦਿੰਦੇ

ਅੱਜ ਕਲ ਸਿੱਖ ਦੀ ਪੱਗ ਸਬੰਧੀ ਇੱਕ ਗੀਤ ਬਹੁਤ ਮਕਬੂਲ ਹੋਇਆ ਹੈ ਕਿ ਸਿਰ ਲੱਥ ਜਾਵੇ ਤਾਂ ਲੱਥ ਜਾਵੇ ਸਿੱਖ ਪੱਗ ਨੂੰ ਹੱਥ ਨਹੀਂ ਪੈਣ ਦਿੰਦੇ। ਇਹ ਗੀਤ ਇੱਕ ਸਿੱਖ ਲਈ ਉਸ ਦੀ ਦਸਤਾਰ ਪ੍ਰਤੀ ਭਾਵਨਾਂ ਦੀ ਤਰਜਮਾਨੀ ਕਰਦਾ ਪ੍ਰਤੀਤ ਹੁੰਦਾ ਹੈ। ਸਿੱਖ ਲਈ ਉਸ ਦੇ ਸਿਰ ਦੀ ਪਗੜੀ ਵਾਕਈ ਉਸ ਦੇ ਸਿਰ ਦਾ ਤਾਜ ਹੈ ਜਿਸ ਮਗਰ ਉਸ ਦਾ ਸ਼ਾਨਾਂ ਮੱਤਾ ਇਤਹਾਸ ਖੜ੍ਹਾ ਹੈ। ਮੁਗਲ ਸਾਮਰਾਜ ਦੇ ਸਮੇਂ ਦੀਆਂ ਬਿਫਰੀਆਂ ਹਕੂਮਤਾਂ ਨੇ ਕਦੀ ਹਿੰਦੋਸਤਾਨੀ ਜਨਤਾ ਤੇ ਇਹ ਹੁਕਮ ਚ੍ਹਾੜ ਰੱਖੇ ਸਨ ਕਿ ਉਹਨਾਂ ਦੇ ਬਰਾਬਰ ਕੋਈ ਵੀ ਨਾਂ ਤਾਂ ਸਿਰ ਤੇ ਦਸਤਾਰ ਸਜਾ ਸਕਦਾ ਹੈ , ਨਾਂ ਘੋੜਾ ਅਤੇ ਤਾਜ ਰੱਖ ਸਕਦਾ ਹੈ ਅਤੇ ਨਾਂ ਹੀ ਉਹਨਾਂ ਦੇ ਬਾਦਸ਼ਾਹ ਦੇ ਬਰਾਬਰ ਕੋਈ ਸਿੰਘਾਸਨ ਸਜਾ ਸਕਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਨਾਂ ਕੇਵਲ ਖੁਦ ਹੀ ਦਸਤਾਰਾ ਸਜਾਇਆ ਸਗੋਂ ਉਹਨਾਂ ਨੇ ਇਸ ਨੂੰ ਸਿੱਖ ਦੀ ਬਰਦੀ ਦਾ ਇਕ ਅਹਿਮ ਹਿੱਸਾ ਕਰਾਰ ਦੇ ਦਿੱਤਾ। ਗੁਰੂ ਸਾਹਿਬ ਜੀ ਨੇ ਨਾਂ ਕੇਵਲ ਬਾਜ ਤਾਜ ਅਤੇ ਕਲਗੀ ਹੀ ਸਜਾਈ ਸਗੋਂ ਉਹਨਾਂ ਨੇ ਆਪਣੇ ਸਿੱਖ ਨੂੰ ਐਸੀ ਜੀਵਨ ਯਾਚ ਸਿਖਾਈ ਕਿ ਗੁਰੂ ਦੇ ਖਾਲਸੇ ਨੇ ਸਦੀਆਂ ਤੋਂ ਬਿਫਰੀ ਹੋਈ ਮੁਗਲੀਆ ਹਕੂਮਤ ਨੂੰ ਬੁਰੀ ਤਾਂ ਉਖਾੜ ਕੇ ਅਤੇ ਰੋਲ ਕੇ ਰੱਖ ਦਿੱਤਾ। ਇਹ ਕਰਾਮਾਤ ਸੀ ਸਿੱਖ ਦੀ ਦਸਤਾਰ ਸੀ।

ਸਮੇਂ ਦਾ ਅਜੀਬ ਵਿਅੰਗ ਹੈ ਕਿ ਜਿਹਨਾਂ ਦੀਆਂ ਬਹੂ ਬੇਟੀਆਂ ਦੀ ਗੁਰੂ ਦਾ ਖਾਲਸਾ ਰੱਖਿਆ ਕਰਦਾ ਰਿਹਾ ਸੀ ਅੱਜ ਉਹਨਾਂ ਦੇ ਵਾਰਸਾਂ ਨੂੰ ਸਿੱਖ ਦੀ ਦਸਤਾਰ ਬੁਰੀ ਤਰਾਂ ਰੜਕਣ ਲੱਗ ਪਈ ਹੈ। ਜਿਸ ਦਿਨ ਮੁਹਾਲੀ ਵਿਚ ਇੱਕ ਹਿੰਦੂ ਥਾਣੇਦਾਰ ਨੇ ਇੱਕ ਸਿੱਖ ਦੀ ਦਸਤਾਰ ਨੂੰ ਹੱਥ ਪਾਇਆ ਉਸ ਦਿਨ ਦੁਨੀਆਂ ਭਰ ਦੇ ਸਿੱਖ ਤੜਫ ਕੇ ਰਹਿ ਗਏ ਸਨ। ਉਸ ਘਟਨਾਂ ਸਬੰਧੀ ਅਸੀਂ ਚੰਡੀਗ੍ਹੜ ਵਿਖੇ ਐਡਵੋਕੇਟ ਅਮਰ ਸਿੰਘ ਚਾਹਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ ਅਤੇ ਕੇਸ ਦੀ ਪੈਰਵਈ ਕਰ ਰਹੇ ਐਡਵੋਕੇਟ ਨਵਕਿਰਨ ਸਿੰਘ ਨਾਲ ਫੂਨ ਤੇ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਸ: ਚਾਹਲ ਦਾ ਕਹਿਣਾਂ ਸੀ ਕਿ ਅੱਜ ਦੁਨਆਂ ਨੇ ਜਜੋ ਕੁਝ ਅੱਖੀਂ ਦੇਖਿਆ ਹੈ ਇਹ ਭਾਰਤੀ ਪੁਲਿਸ ਦੀ ਇੱਕ ਸਧਾਰਨ ਨਾਗਰਿਕ ਸਬੰਧੀ ਵਰਤਾਓ ਦੀ ਇੱਕ ਨਿੱਕੀ ਜਹੀ ਮਿਸਾਲ ਹੈ ਅਤੇ ਜੋ ਕੁਝ ਪਰਦੇ ਦੇ ਪਿਛੇ ਪੁਲਿਸ ਕਰਦੀ ਹੈ ਉਸ ਦਾ ਤਾਂ ਲੋਕਾਂ ਨੂੰ ਸੁਪਨਾਂ ਤਕ ਨਹੀਂ ਹੈ।

ਅੱਜ ਦੀ ਦੁਨੀਆਂ ਵਿਚ ਹਰ ਕੌਮ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਹੈ। ਅੱਜ ਦੀ ਦੁਨੀਆਂ ਏਨੀ ਨਿੱਕੀ ਹੋ ਗਈ ਹੈ ਕਿ ਇਸ ਦੇ ਕਿਸੇ ਇੱਕ ਕੋਨੇ ਵਿਚ ਵਾਪਰੀ ਘਟਨਾਂ ਚੰਦ ਮਿੰਟਾਂ ਵਿਚ ਸਭ ਥਾਂਈਂ ਧੁੰਮ ਜਾਂਦੀ ਹੈ। ਪਿਛਲੇ ਦਿਨੀਂ ਜਦੋਂ ਅਸੀਂ ਫਲਾਂਈਂਗ ਸਿੱਖ ਮਿਲਖਾ ਸਿੰਘ ਦੇ ਬੇਟੇ ਸਬੰਧੀ ਖਬਰ ਪੜ੍ਹੀ ਸੀ ਤਾਂ ਮਨ ਕਲਪ ਕੇ ਰਹਿ ਗਿਆ ਸੀ। ਖਬਰ ਸੀ ਕਿ ਗੌਲਫਰ ਜੀਵ ਮਿਲਖਾ ਸਿੰਘ ਆਪਣੇ ਕੋਚ ਅੰਮ੍ਰਿਤਿੰਦਰ ਸਿੰਘ ਨਾਲ ਮਿਲਨ ਤੋਂ ਸਿਸਲੀ ਜਾ ਰਿਹਾ ਸੀ ਕਿ ਉਸ ਦੇ ਕੋਚ ਨਾਲ ਏਅਰਪੋਰਟ ਅਧਿਕਾਰੀ ਪੱਗ ਦੇ ਮਸਲੇ ਤੇ ਉਲਝ ਪਿਆ। ਜਦੋਂ ਸਿੰਘ ਨੇ ਲੋਕਾਂ ਸਾਹਮਣੇ ਪਗੜੀ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਅਧਿਕਾਰੀ ਉਸ ਨੂੰ ਟਾਇਲਟ ਵਿਚ ਲੈ ਗਿਆ ਜਿਥੇ ਕਿ ਉਸ ਦੀ ਪਗੜੀ ਉਤਾਰ ਕੇ ਚੈਕ ਕੀਤੀ ਗਈ ਇਸੇ ਤਰਾਂ ਅਮਰੀਕਾ ਵਿਚ ਭਾਰਤੀ ਡਿਪਲੋਮੈਟ ਮਿਸਟਰ ਕੋਹਲੀ ਨਾਲ ਦਸਤਾਰ ਦੇ ਮਾਮਲੇ ਸਬੰਧੀ ਭੈੜਾ ਵਰਤਾਓ ਕੀਤਾ ਗਿਤਾ ਸੀ।

ਮੁਹਾਲੀ ਵਿਚ ਜਿਸ ਸਮੇਂ ਇੱਕ ਫਾਰਮਸਿਸਿਟ ਦੀ ਬੜੀ ਹੀ ਬੇਦਰਦ ਅਤੇ ਹੱਤਕ ਭਰੇ ਲਹਿਜੇ ਵਿਚ ਥਾਣੇਦਾਰ ਨੇ ਪੱਗ ਲਾਹੀ ਸੀ ਤਾਂ ਬਹੁਤ ਸਾਰੇ ਸਿੱਖਾਂ ਦਾ ਖਿਆਲ ਸੀ ਕਿ ਉਸ ਘਟਨਾਂ ਸਬੰਧੀ ਉਸ ਨੌਜਵਾਨ ਦਾ .ਪ੍ਰਤੀਕਰਮ ਠੀਕ ਨਹੀਂ ਸੀ ਆਇਆ। ਕਹਿਣ ਤੋਂ ਭਾਵ ਇਹ ਹੈ ਕਿ ਉਸ ਨੌਜਵਾਨ ਨੂੰ ਇਸ ਮਸਲੇ ਤੇ ਪੁਲਿਸ ਨਾਲ ਉਲਝਣਾਂ ਚਾਹੀਦਾ ਸੀ। ਇਸੇ ਸਬੰਧੀ ਜਦੋਂ ਅਸੀਂ ਮਨਵਿੰਦਰ ਸਿੰਘ ਗਿਆਸਪੁਰੀ ਨਾਲ ਗੱਲ ਕੀਤੀ ਤਾਂ ਉਹ ਬਹੁਤ ਹਿਰਖ ਵਿਚ ਆ ਗਿਆ। ਮਨਵਿੰਦਰ ਸਿੰਘ ਉਹ ਨੌਜਵਾਨ ਹੈ ਜਿਸ ਨੇ ਕਿ ਹਰਿਆਣੇ ਦੇ ਹੋਂਦ ਚਿੱਲੜ ਦੀ ਸਿੱਖ ਨਸਲਕੁਸ਼ੀ ਨੂੰ ਦੁਨੀਆਂ ਸਾਹਮਣੇ ਪ੍ਰਗਟ ਕੀਤਾ ਸੀ, ਅਤੇ ਇਸੇ ਕਾਰਨ ਉਸ ਨੂੰ ਆਪਣੀ ਲੱਖ ਰੁਪਏ ਮਹੀਨਾਂ ਦੀ ਨੌਕਰੀ ਤੋਂ ਹੱਥ ਧੋਣੇ ਪਏ ਸਨ। ਮਨਵਿੰਦਰ ਸਿੰਘ ਨੇ ਮੇਰੇ ਸਾਹਮਣੇ ਇੱਕ ਹੋਰ ਨੌਜਵਾਨ ਦੇ ਪਰਿਵਾਰ ਦੀਆਂ ਤਸਵੀਰਾਂ ਰੱਖਦੇ ਹੋਏ ਦਸਤਾਰ ਸਬੰਧੀ ਇੱਕ ਸਹੀ ਪ੍ਰਤੀਕਰਮ ਦੇ ਅੰਜਾਮ ਦੀ ਗੱਲ ਕੀਤੀ ਸੀ। ਜਦੋਂ ਪੁਲਿਸ ਵਾਲਿਆਂ ਨੇ ਉਕਤ ਨੌਜਵਾਨ ਦੀ ਦਸਤਾਰ ਦੀ ਤੌਹੀਨ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੇ ਦੋਵੇਂ ਪੁਲਸੀਏ ਸੋਧ ਦਿੱਤੇ ਸਨ ਜਿਸ ਮਗਰੋਂ ਉਹ ਖੁਦ ਜਿਥੇ ਉਮਰ ਭਰ ਲਈ ਕਾਲ ਕੋਠੜੀ ਵਿਚ ਜਾ ਪਿਆ ਉਥੇ ਉਸ ਦਾ ਪਰਿਵਾਰ ਰੋਟੀ ਤੋਂ ਵੀ ਆਤੁਰ ਹੋ ਗਿਆ ਸੀ। ਸ; ਗਿਆਸਪੁਰੀ ਦਾ ਕਹਿਣਾਂ ਸੀ ਕਿ ਕੌਮ ਦੀ ਦਸਤਾਰ ਅਤੇ ਸਤਿਕਾਰ ਦੇ ਨਾਅਰੇ ਦੇਣ ਵਾਲੇ ਉਦੋਂ ਕਿਥੇ ਚਲੇ ਜਾਂਦੇ ਹਨ ਜਦੋਂ ਕਿ ਕੋਈ ਸੂਰਮਾਂ ਨਿਤਰਦਾ ਹੈ?

ਅੱਜ ਭਾਰਤ ਦਾ ਪ੍ਰਧਾਨ ਮੰਤ੍ਰੀ ਅਤੇ ਪੰਜਾਬ ਦਾ ਮੁਖ ਮੰਤ੍ਰੀ ਦੋਵੇਂ ਦਸਤਾਰ ਧਾਰੀ ਸਿੱਖ ਹਨ। ਪਰ ਨਾਂ ਕੇਵਲ ਫਰਾਂਸ ਸਗੋਂ ਕੁਲ ਦੁਨੀਆਂ ਵਿਚ ਸਿੱਖਾਂ ਨੂੰ ਹਰ ਰੋਜ਼ ਕਿਤੇ ਨਾਂ ਕਿਤੇ ਆਪਣੀ ਦਸਤਾਰ ਸਬੰਧੀ ਜਲੀਲ ਹੋਣਾਂ ਪੈਂਦਾ ਹੈ। ਅੱਜ ਦੁਨੀਆਂ ਭਰ ਵਿਚ ਸਿੱਖ ਫੈਲੇ ਹੋਏ ਹਨ ਅਤੇ ਅਮਰੀਕਾ ਕੈਨੇਡਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਸਿੱਖ ਸਰਕਾਰੇ ਦਰਬਾਰੇ ਚੰਗੀਆਂ ਪਦ ਪਦਵੀਆਂ ਤੇ ਵੀ ਹਨ। ਨਾਂ ਕੇਵਲ ਸਰਕਾਰੀ ਅਦਾਰਿਆਂ ਵਿਚ ਹੀ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਦਸਤਾਰ ਸਬੰਧੀ ਜਾਣੂ ਕਰਵਾਣ ਲਈ ਕੌਮ ਨੂੰ ਲਾਮਬੰਦ ਹੋਣ ਦੀ ਹੈ। ਅੱਜ ਦਾ ਸਿੱਖ ਜਿੰਨਾਂ ਪੈਸਾ ਰਸਮੀਂ ਧਾਰਮਕ ਅਡੰਬਰਾਂ, ਮੁਜਾਹਰਿਆਂ, ਨਗਰ ਕੀਰਤਨਾਂ ਅਤੇ ਗੁਰਦਵਾਰਾ ਕਮੇਟੀਆਂ ਦੇ ਝਗੜਿਆਂ ਤੇ ਖਰਚ ਕਰਦਾ ਹੈ ਅਗਰ ਉਸ ਦਾ ਪਾ ਪਾਂਸਕ ਵੀ ਆਪਣੀ ਰਹਿਤ ਬਹਿਤ ਪ੍ਰਤੀ ਦੁਨੀਆਂ ਨੂੰ ਜਾਣੂ ਕਰਵਾਣ ਲਈ ਖਰਚ ਕਰ ਦੇਵੇ ਤਾਂ ਕੌਮ ਦੀ ਕਾਇਆ ਕਲਪ ਹੋ ਜਾਵੇ।

ਕੁਲਵੰਤ ਸਿੰਘ ਢੇਸੀ

kulwantsinghdhesi@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top