Share on Facebook

Main News Page

ਗਿਆਨੀ ਗੁਰਬਚਨ ਸਿੰਘ ਨੂੰ ਗੁੱਸਾ ਕਿਉਂ ਆਇਆ?

ਅੱਜ ਬੜੇ ਸਾਲਾਂ ਮਗਰੋਂ ਗਿਆਨੀ ਗੁਰਚਨ ਸਿੰਘ ਨੂੰ ਸਚ-ਮੁਚ ਹੀ ਗੁੱਸਾ ਆ ਗਿਆ, ਗੱਲ ਹੀ ਅਜਿਹੀ ਸੀ, ਟੀ. ਵੀ. ਚੈਨਲ “ਇੰਡੀਆ ਲਾਈਵ” ਨੇ ਨੈਣਾ ਦੇਵੀ ਤੀਰਥ ਬਾਰੇ ਪਰਚਾਰ ਕਰਦਿਆਂ ਕਿਹਾ “ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਸਨ, ਉਹ ਨੈਣਾ ਦੇਵੀ ਦੇ ਭਗਤ ਸਨ। ਨੈਣਾ ਦੇਵੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤੀਰਥ ਅਸਥਾਨ ਹੈ, ਏਥੇ ਦਸਮ ਪਾਤਸ਼ਾਹ ਨੇ, ਨੈਣਾ ਦੇਵੀ ਦੀ ਭਗਤੀ ਕੀਤੀ ਸੀ। ਟੀ. ਵੀ. ਚੈਨਲ ਵਾਲਿਆਂ ਨੇ ਇਹ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨੈਣਾ ਦੇਵੀ ਦੀ ਪਹਾੜੀ ਤੇ, ਇੱਕ ਸਾਲ ਤਕ ਤੱਪ ਅਤੇ ਹਵਨ ਕੀਤੇ, ਜਿਸ ਤੋਂ ਖੁਸ਼ ਹੋ ਕੇ ਨੈਣਾ ਦੇਵੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਸ਼ਨ ਦਿੱਤੇ, ਕਿਰਪਾਨ ਭੇਟ ਕੀਤੀ ਅਤੇ ਵਰ ਦਿੱਤਾ ਕਿ ਤੂੰ ਅਜਿਹਾ ਧਰਮ ਚਲਾਏਂਗਾ, ਜੋ ਰਹਿੰਦੀ ਦੁਨੀਆ ਤਕ ਰਹੇਗਾ।

ਇਸ ਦੇ ਨਾਲ ਹੀ ਗਿਆਨੀ ਗੁਰਬਚਨ ਸਿੰਘ ਦਾ ਗੁੱਸੇ ਭਰਿਆ ਬਿਆਨ ਵੀ ਪੜ੍ਹਿਆ ਕਿ “ਸਿੱਖੀ ਸਿਧਾਂਤਾਂ ਵਿਰੁੱਧ ਅਜਿਹੀਆਂ ਗੱਲਾਂ, ਟੀ. ਵੀ. ਚੈਨਲਾਂ ਤੇ ਕਰਨੀਆਂ ਮੰਦ ਭਾਗੀਆਂ ਹਨ। ਆਮ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁਮਰਾਹ ਕੀਤਾ ਜਾ ਰਿਹਾ ਹੈ, ਇਸ ਨਾਲ ਸਿੱਖ ਸੰਗਤਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਇਤਿਹਾਸ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਵਿਰੁੱਧ, ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸੋਚਦਾ ਹਾਂ ਕਿ ਜੋ ਗੱਲਾਂ “ਇੰਡੀਆ ਲਾਈਵ” ਨੇ ਕਹੀਆਂ ਹਨ, ਉਹ ਤਾਂ ਕੁੱਝ ਵਾਧੇ-ਘਾਟੇ ਨਾਲ ਉਸ ਗ੍ਰੰਥ ਵਿੱਚ ਵੀ ਹਨ, ਜਿਸ ਅੱਗੇ ਮੱਥਾ ਟੇਕਣ ਲਈ, ਗਿਆਨੀ ਗੁਰਬਚਨ ਸਿੰਘ, ਪਜਾਮਾ ਲਾਹੁਣ ਲੱਗਾ ਜ਼ਰਾ ਵੀ ਸੰਗ ਨਹੀਂ ਕਰਦਾ। ਫਿਰ ਇੱਕ ਟੀ. ਵੀ. ਚੈਨਲ ਵਲੋਂ ਕਹੀਆਂ ਉਨ੍ਹਾਂ ਹੀ ਗੱਲਾਂ ਤੇ, ਉਸ ਨੂੰ ਏਨਾ ਗੁੱਸਾ ਕਿਉਂ ਆਇਆ? (ਇਹੀ ਗੱਲਾਂ, ਕੁੱਝ ਹੇਰ-ਫੇਰ ਨਾਲ, ਸ਼ਰੋਮਣੀ ਕਮੇਟੀ ਵਲੋਂ ਛਪੀ, ਹਿੰਦੀ ਦੀ ਕਿਤਾਬ “ਸਿੱਖ ਇਤਿਹਾਸ” ਵਿੱਚ ਵੀ ਹਨ, ਜਿਸ ਦੇ ਲਿਖਾਰੀ ਬਾਰੇ, ਕੁੱਝ ਵੀ ਦੱਸਣ ਲਈ ਨਾ ਤਾਂ ਮੱਕੜ ਤਆਰ ਹੈ ਅਤੇ ਨਾ ਹੀ ਗਿਅਨੀ।) ਜਦ ਮੈਂ ਇਨ੍ਹਾਂ ਭੱਦਰ ਪੁਰਸ਼ਾਂ ਵਲੋਂ ਪੰਥ ਨੂੰ ਕੁਰਾਹੇ ਪਾਉਂਦਿਆਂ, ਹਰ ਗੁਰਦਵਾਰੇ ਵਿੱਚ ਹੀ ਨਹੀਂ, ਹਰ ਥਾਂ ਅਰਦਾਸ ਕਰਨ ਵੇਲੇ, ਸਭ ਤੋਂ ਪਹਿਲਾਂ, ਭਗੌਤੀ ਦੇਵੀ ਨੂੰ ਤਿੰਨ ਵਾਰੀ ਸਿਮਰਨ (ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦। ਪ੍ਰਿਥਮ ਭਗੌਤੀ ਸਿਮਰਿ ਕੈ ) ਦੀ ਗੱਲ, ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਦੇ ਵੇਖਦਾ ਹਾਂ, ਅਤੇ ਗਿਆਨੀ ਦੀ ਨੱਕ ਥੱਲੇ ਹੀ ਦਰਬਾਰ ਸਾਹਬ ਅਤੇ ਅਕਾਲ ਤਖਤ ਤੋਂ “ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ” ਸੁਣਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ ਪੂਜ ਹੋਣ ਤੇ ਸ਼ੱਕ ਦੀ ਗੁਨਜਾਇਸ਼ ਨਹੀਂ ਰਹਿ ਜਾਂਦੀ।

ਗਿਆਨੀ ਦੇ ਅਸਲੀ ਗੁਰੂ (ਬਚਿੱਤ੍ਰ-ਨਾਟਕ) ਨੂੰ ਇਹ ਵੀ ਕਹਿੰਦੇ ਸੁਣਦਾ ਹਾਂ ਕਿ “ਸਿੱਖਾਂ ਦੇ ਮਹਾਨਤਮ ਤੀਰਥ-ਅਸਥਾਨ ਹੇਮ-ਕੁੰਟ (ਜੋ ਹਿਮ-ਕੁੰਡ ਦਾ ਵਿਗੜਿਆ ਹੋਇਆ ਰੂਪ ਹੈ) ਤੇ ਗੁਰੂ ਗੋਬਿੰਦ ਸਿੰਘ ਜੀ ਨੂੰ, ਦੇਵੀ ਨੇ ਦੁਸ਼ਟ-ਦਮਨ ਦਾ ਖਿਤਾਬ ਦਿੱਤਾ ਸੀ। ਫਿਰ ਗਿਆਨੀ ਨੂੰ ਟੀ. ਵੀ. ਵਾਲੇ ਦੀ ਕਿਸ ਗੱਲ ਤੇ ਏਨਾ ਗੁੱਸਾ ਕਿਉਂ ਆ ਗਿਆ ? ਵਿਚਾਰਿਆਂ ਇੱਕ ਗੱਲ ਹੋਰ ਸਾਮ੍ਹਣੇ ਆਉਂਦੀ ਹੈ ਕਿ ਗਿਆਨੀ ਦੇ ਗੁਰੂ ਦੇ ਕਹਣ ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਨੂੰ, ਕਾਲਕਾ, ਚੰਡਕਾ, ਚੰਡ, ਗਿਰਜਾ, ਸ਼ਿਵਾ, ਚੰਡੀ, ਦੁਰਗਾ, ਭਵਾਨੀ, ਅਸ਼ਟਾ, ਕਾਲੀ, ਧਵਲਾ, ਭਈਰਵੀ, ਭਾਰਗਵੀ, ਰਮਾ, ਰਸਟਰੀ, ਕਾਮ-ਰੂਪਾ, ਭਵੀ, ਹਿੰਗਲਾ, ਪਿੰਗਲਾ, ਅਨੂਪਾ, ਪਾਰਬਤੀ, ਮਿੜਾ, ਜਯਾ, ਜਵਾਲਾ, ਅੰਬਕਾ, ਤੋਤਲਾ, ਸਿੰਘ-ਬਾਹੀ, ਅੰਜਨੀ, ਕਾਮਖਿਯਾ, ਕਲਿਆਣੀ, ਚਤੁਰ-ਬਾਹੀ, ਅਸਟ-ਭੁਜੀ, ਸਿਤਾ, ਅਲਾਸੀ, ਜਯੰਤੀ, ਮੰਗਲਾ, ਭੱਦ੍ਰ-ਕਾਲੀ, ਵੈਸ਼ਨਵੀ, ਧਾਤ੍ਰੀ, ਸੀਤਲਾ, ਗੰਜਨੀ, ਗੌਰੀ, ਗੌਰਜਾ, ਪਿਲੰਗੀ, ਪਵੰਗੀ ਆਦਿ ਦੇ ਸੈਂਕੜੇ ਰੂਪਾਂ ਵਿੱਚ ਨਮਸ਼ਕਾਰ ਕੀਤੀ ਹੈ, ਫਿਰ ਉਹ ਦੇਵੀ ਪੂਜ ਕਿਵੇਂ ਨਾ ਹੋਏ?

ਇੱਕ ਗੱਲ ਜ਼ਰੂਰ ਹੈ ਕਿ ਇਨ੍ਹਾਂ ਨਾਵਾਂ ਵਿੱਚ ਕਿਤੇ ਵੀ, ਨੈਣਾ ਦੇਵੀ ਦਾ ਨਾਮ ਨਹੀਂ ਆਇਆ। ਪਰ ਜਦ ਇਨ੍ਹਾਂ ਲਫਜ਼ਾਂ ਤੇ ਗੌਰ ਕੀਤਾ ਕਿ “ਅਜਿਹੀਆਂ ਗੱਲਾਂ ਟੀ. ਵੀ. ਚੈਨਲਾਂ ਤੇ ਕਰਨੀਆਂ, ਮੰਦ ਭਾਗੀਆਂ ਹਨ” ਤਾਂ ਗੱਲ ਕੁਝ-ਕੁਝ ਸਮਝ ਆਈ। ਗੱਲ ਏਨੀ ਸਾਰੀ ਹੈ ਕਿ ਆਮ ਬੰਦਿਆਂ ਨੂੰ ਉਹ ਜਾਣਕਾਰੀ ਨਹੀਂ ਦੇਣੀ ਚਾਹੀਦੀ ਸੀ। ਕਿਉਂਕਿ ਗਿਆਨੀ ਦਾ ਏਜੈਂਡਾ ਤਾਂ ਬੁੱਕਲ ਵਿੱਚ ਹੀ ਲੱਡੂ ਭੋਰਨ ਦਾ ਹੈ। ਇਸ ਬਾਰੇ ਆਮ ਬੰਦੇ ਨੂੰ ਜਾਣਕਾਰੀ ਹੋਣ ਨਾਲ, ਗਿਆਨੀ ਦੀ ਅਸਲੀਅਤ, ਆਮ ਸਿੱਖ ਸਾਹਵੇ ਜ਼ਾਹਰ ਹੋ ਜਾਵੇਗੀ। ਇਸ ਨੂੰ ਹੀ ਸਮੇਟਦਿਆਂ ਉਸ ਨੇ ਕਿਹਾ “ਆਮ ਆਦਮੀ ਨੂੰ ਗਲਤ ਜਾਣਕਾਰੀ ਦੇ ਕੇ ਗੁਮਰਾਹ ਕੀਤਾ ਜਾ ਰਿਹਾ ਹੈ, ਇਸ ਨਾਲ ਸਿੱਖ ਸੰਗਤਾਂ ਨੂੰ ਡੂੰਘੀ ਠੇਸ ਪਹੁੰਚੀ ਹੈ।”

ਪਤਾ ਨਹੀਂ ਨਾਨਕ-ਸ਼ਾਹੀ ਕੈਲੰਡਰ ਦਾ ਕਤਲ ਕਰਨ ਨਾਲ, ਸਾਰੀ ਦੁਨੀਆ ਵਿਚਲੀਆਂ ਸਿੱਖ ਸੰਗਤਾਂ ਨੂੰ ਪਹੁੰਚੀ ਅਥਾਹ ਠੇਸ ਦਾ ਅਹਿਸਾਸ ਗਿਆਨੀ ਨੂੰ ਕਿਉਂ ਨਹੀਂ ਹੋਇਆ? ਗਿਆਨੀ ਨੂੰ ਅਕਾਲ ਤਖਤ ਤੋਂ ਹੀ ਸਰਾਸਰ ਝੂਠ ਬੋਲਦਿਆਂ ਵੇਖ ਕੇ ਸਿੱਖ ਸੰਗਤਾਂ ਨੂੰ ਪਹੁੰਚੀ ਠੇਸ ਬਾਰੇ, ਗਿਆਨੀ ਨੂੰ ਕਿਉਂ ਗੁੱਸਾ ਨਹੀਂ ਆਇਆ? (ਸ਼ਾਇਦ ਗਿਆਨੀ ਕੋਲ ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ ਹੋਣੀ, ਜੋ ਉਸ ਨੂੰ ਪਤਾ ਲਗਦਾ ਕਿ ਉਸ ਨੇ, ਇਹ ਦੋਵੇਂ ਕੁਕਰਮ ਕੀਤੇ ਹਨ। ਜੇ ਕਿਸੇ ਨੇ ਕੀਤੀ ਵੀ ਹੋਵੇਗੀ ਤਾਂ ਗਿਆਨੀ ਨੇ, ਉਸ ਨੂੰ ਵੇਖ ਕੇ ਅਣਡਿਠ ਕਰ ਦਿੱਤਾ ਹੋਵੇਗਾ।) ਪਰ ਏਥੇ ਤਾਂ ਮਸਲ੍ਹਾ ਹੀ ਹੋਰ ਹੈ, ਉਸ ਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਟੀ. ਵੀ, ਚੈਨਲ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜ ਕਿਉਂ ਕਿਹਾ? ਇਹ ਗੱਲ ਤਾਂ ਉਹ ਆਪ ਕਹਿੰਦਾ ਹੀ ਨਹੀਂ, ਉਸ ਦੇ ਹਮਜੋਲੀਆਂ ਨੇ ਮਿਲ ਕੇ, ਇਸ ਨੂੰ ਸਿੱਖੀ ਵਿੱਚ ਸਥਾਪਤ ਕਰ ਹੀ ਦਿੱਤਾ ਹੋਇਆ ਹੈ। ਅਰਦਾਸ ਕਰਨ ਵੇਲੇ, ਸਭ ਤੋਂ ਪਹਿਲਾਂ, ਤਿੰਨ ਵਾਰੀ ਭਗੌਤੀ ਸਿਮਰਨ ਨੂੰ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਤ ਆਦੇਸ਼ ਕਹਿਣਾ, ਕੀ ਸਾਬਤ ਕਰਦਾ ਹੈ ? ਗੁਰੂ ਗੋਬਿੰਦ ਸਿੰਘ ਜੀ ਦਾ ਆਪਣੀ ਸਵੈ ਜੀਵਨੀ ਵਿੱਚ ਇਹ ਕਹਿਣਾ,

“ਤਹ ਹਮ ਅਧਿਕ ਤਪੱਸਿਆ ਸਾਧੀ। ਮਹਾਂਕਾਲ ਕਾਲਕਾ ਆਰਾਧੀ।” ਕੀ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ ਪੂਜ ਹੋਣ ਵਿੱਚ ਕੋਈ ਸ਼ੱਕ ਛਡਦਾ ਹੈ ? ਜਾਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ, ਗੁਰੂ ਜੀ ਦੀ ਰਚਨਾ ਵਜੋਂ ਇਹ ਪੜ੍ਹਨਾ, ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ।” ਕੀ ਗੁਰੂ ਜੀ ਦੇ ਦੇਵੀ ਪੂਜ ਹੋਣ ਦੀ ਗਵਾਹੀ ਨਹੀਂ ਭਰਦਾ ? ਗੱਲ ਤਾਂ ਏਨੀ ਹੀ ਹੈ ਕਿ ਗਿਆਨੀ ਗੁਰਬਚਨ ਸਿੰਘ ਦਾ ਮਨੋਰਥ ਹੈ, ਸਿੱਖਾਂ ਨੂੰ ਭੁਲੇਖੇ ਵਿੱਚ ਹੀ ਰੱਖ ਕੇ, ਉਸ ਦੇਵੀ ਦੇ ਪੁਜਾਰੀ ਬਣਾ ਦੇਣਾ, ਜਿਸ ਦਾ ਉਸ ਦੀ ਜੁੰਡਲੀ, ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਹੀ ਪੁਜਾਰੀ ਸਥਾਪਤ ਕਰ ਚੁੱਕੀ ਹੈ। ਪਰ ਜਦ ਕਿਸੇ ਟੀ. ਵੀ. ਚੈਨਲ ਵਾਲੇ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਭਗਤ ਹੋਣਾ ਪਰਚਾਰਿਆ ਜਾਂਦਾ ਹੈ ਤਾਂ ਸਿੱਖ ਇਸ ਬਾਰੇ ਉਸ ਨੂੰ ਸਵਾਲ ਪੁੱਛਦੇ ਹਨ, ਤਾਂ ਇਸ ਬਾਰੇ ਇਸ ਕੋਲ ਕੋਈ ਸਪੱਸ਼ਟ ਜਵਾਬ ਨਾ ਹੋਣ ਕਾਰਨ ਇਹ ਅਜਿਹੇ ਗੁੱਸੇ ਵਾਲੇ ਬਿਆਨ ਦਿੰਦਾ ਹੈ, ਜਿਸ ਨਾਲ ਇਸ ਦੇ ਦੋ ਮਤਲਬ ਹੱਲ ਹੁੰਦੇ ਹਨ।

੧. ਸਿੱਖਾਂ ਨੂੰ ਸੋਝੀ ਹੋਣ ਤੋਂ ਬਗੈਰ ਹੀ (ਜਿਸ ਨਾਲ ਸਿੱਖਾਂ ਵਿੱਚ ਰੋਹ ਨਹੀਂ ਜਾਗਦਾ) ਸਿੱਖੀ ਨੂੰ ਖਤਮ ਕਰਨ ਦਾ ਇਸ ਦਾ ਟੀਚਾ, ਨਿਰ-ਵਿਘਨ ਪੂਰਾ ਹੁੰਦਾ ਰਹਿੰਦਾ ਹੈ।

੨. ਉਸ ਨੂੰ ਆਰ. ਐਸ. ਐਸ. ਵਲੋਂ ਮਿਲਦੀ ਰਾਸ਼ੀ, ਨਿਰ-ਵਿਘਨ ਮਿਲਦੀ ਰਹਿੰਦੀ ਹੈ (ਪਤਾ ਨਹੀਂ ਕਦੋਂ ਵਿਚਾਰੇ ਨੂੰ, ਕਛਹਿਰਾ ਮੋਢੇ ਤੇ ਰੱਖ ਕੇ, ਦਲਾਲੀ ਵਾਲੇ ਕਮਰੇ ਤੋਂ ਬਾਹਰ ਹੋਣਾ ਪੈਣਾ ਹੈ ?

ਜਿਸ ਨਾਲ ਵਿਚਾਰੇ ਦੀ ਇਹ ਹੱਕ-ਹਲਾਲ ਦੀ ਕਮਾਈ ਵੀ ਬੰਦ ਹੋ ਜਾਵੇਗੀ) ਇਸ ਕਮਾਈ ਨੂੰ ਚਾਲੂ ਰੱਖਣ ਲਈ ਹੀ ਉਹ, ਅੰਨ੍ਹਾ ਅਤੇ ਬੋਲਾ ਬਣ ਕੇ, ਢੀਠਤਾਈ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ, ਆਪਣੇ ਟੀਚੇ ਵਲ ਵੱਧ ਰਿਹਾ ਹੈ। ਸਾਨੂੰ ਤਾਂ ਉਸ ਦੇ ਕੁਕਰਮਾਂ ਬਾਰੇ ਵਾਰ-ਵਾਰ ਲਿਖਦਿਆਂ, ਬੁਰਾ ਮਹਿਸੂਸ ਹੋ ਰਿਹਾ ਹੈ, ਪਰ ਉਸ ਨੂੰ ਉਹ ਕਾਰੇ, ਮੁੜ-ਮੁੜ ਕੇ ਕਰਦਿਆਂ ਜ਼ਰਾ ਵੀ ਸ਼ਰਮ ਨਹੀਂ ਆਉਂਦੀ। ਇਸ ਵੇਲੇ ਦੀ ਉੱਠੀ ਜਾਗ੍ਰਤੀ ਲਹਿਰ ਨੇ, ਸਿੱਖਾਂ ਨੂੰ ਉਸ ਦੇ ਕਿਰਦਾਰ ਬਾਰੇ ਤਾਂ ਸਮਝਾ ਦਿੱਤਾ ਹੈ, ਉਹ ਜਾਣਦੇ ਹਨ ਕਿ ਇਹ ਸਾਲ ਦੇ ਲੱਖਾਂ ਰੁਪਏ, ਸ਼ਰੋਮਣੀ ਕਮੇਟੀ ਤੋਂ, ਸਿੱਖੀ ਦੀ ਸੇਵਾ ਕਰਨ ਦੇ ਨਾਮ ਤੇ ਲੈਂਦਾ ਹੈ, ਪਰ ਗੁਰੂ-ਕਾਲ ਦੇ ਮਸੰਦਾਂ ਵਾਙ, ਇਹ ਹਰ ਵੇਲੇ ਸਿੱਖੀ ਦੀ ਨਹੀਂ, ਆਪਣੀ ਨਿੱਜ ਦੀ ਫਿਕਰ ਵਿੱਚ ਰਹਿੰਦਾ ਹੈ। ਸਮਾ ਆਉਣ ਤੇ, ਇਸ ਦੇ ਕਹੇ ਅਨੁਸਾਰਸ਼, “ਇਤਿਹਾਸ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਵਿਰੁੱਧ, ਸਖਤ ਕਾਰਵਾਈ ਹੋਣੀ ਚਾਹੀਦੀ ਹੈ।” ਸਿੱਖ, ਸਖਤ ਕਾਰਵਾਈ ਕਰਦਿਆਂ, ਇਸ ਦੀ ਨਸਲ ਦੇ ਸਾਰੇ ਬੰਦਿਆਂ ਨੂੰ, ਸਜ਼ਾ ਦੇਣਗੇ। ਸਜ਼ਾ ਕੀ ਦੇਣੀ ਹੈ ? ਇਸ ਬਾਰੇ ਗੁਰੂ ਸਾਹਿਬ, ਪੂਰਨੇ ਪਾ ਹੀ ਗਏ ਹਨ, ਬਹੁਤਾ ਵਿਚਾਰ ਕਰਨ ਦੀ ਲੋੜ ਨਹੀਂ ਹੈ।

ਅਮਰਜੀਤ ਸਿੰਘ ਚੰਦੀ

ਫੋਨ:-੯੫੬੮੫ ੪੧੪੧੪


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top