Share on Facebook

Main News Page

ਸਾਡੀ ਕਿਰਪਾਨ ਛੋਟੀ ਹੁੰਦੀ ਗਈ, ਤੇ ਉਨ੍ਹਾਂ ਦਾ ਤ੍ਰਿਸ਼ੂਲ ਵੱਡਾ ਹੋ ਗਇਆ

ਪੰਥ ਦੇ ਵਿਦਵਾਨੋਂ ਤੇ ਪ੍ਰਚਾਰਕੋ ! ਗਿਆਨ ਖੋਜ ਤੇ ਚਰਚਾ ਦੇ ਨਾਮ ਤੇ ਅਸੀਂ ਅਪਣੇ ਹੀ ‘ਸ਼ਬਦ ਗੁਰੂ’ ਦੇ ਸਰੂਪ ਨੂੰ ‘ਨਕਲੀ’ ਕਹਿ ਕਹਿ ਕੇ ਆਪਣੀ ਵਿਦਵਤਾ ਦੇ ਝੰਡੇ ਗੱਡਣ ਵਿੱਚ ਰੁਝੇ ਹਾਂ, ਉਨਾਂ ਨੇ ਦੂਜੇ ਦੇਸ਼ ਦੇ ‘ਐਡਮ ਬ੍ਰਿਜ’ ਨੂੰ ‘ਰਾਮ ਸੇਤੂ’ ਐਲਾਨ ਕੇ ਉਸ ਤੇ ਵੀ ਆਪਣਾ ਹੱਕ ਜਮਾਂ ਲਿਆ। ਸਾਡੇ ਵਿਦਵਾਨ ਅਪਣੀ ਹੀ ਆਜ਼ਾਦ ਹੋਂਦ ਦੇ ਪ੍ਰਤੀਕ ਅਕਾਲ ਤਖਤ ਨੂੰ ‘ਨਕਲੀ ਅਕਾਲ ਤਖਤ’ ਤੇ ‘ਅੱਡਾ’ ਕਹਿ ਕਹਿ ਕੇ ਆਪ ਹੀ ਹਾਸੇ ਦੇ ਪਾਤਰ ਬਣ ਰਹੇ ਨੇ, ਤੇ ਨਾਲ ਹੀ ਕੌਮ ਤੇ ਸਿੱਖ ਸਿਧਾਂਤਾਂ ਦਾ ਮਖੌਲ ਉਡਵਾ ਰਹੇ ਨੇ। ਉਨਾਂ ਨੇ ਅਪਣੀ ਨਵੀਂ ਪੀੜ੍ਹੀ ਨੂੰ ਪਾਰਕਾਂ ਵਿਚ ਇਕੱਠਾ ਕਰਕੇ ਅਗਲੇ ਸੌ ਸਾਲਾਂ ਵਿਚ ਪੂਰੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਨਾਉਣ ਦੀ ਨੀਤੀ ਤੈ ਕਰ ਲਈ ਹੈ, ਨਿਕਰ ਪਾਕੇ ਉਹ ਉਥੇ ਸਿਰਫ ਯੋਗਾ ਕਰਨ ਲਈ ਇਕੱਠੇ ਨਹੀਂ ਹੁੰਦੇ। ਸਾਡੇ ਰਾਗੀ ‘ਸਾਂਝੀ ਵਾਲਤਾ’ ਦਾ ਰਾਗ ਅਲਾਪਦੇ ਰਹੇ, ਉਨ੍ਹਾਂ ਨੇ ਸਾਡੀ ਨਵੀਂ ਪਨੀਰੀ ਦਾ ‘ਹਿੰਦੂਕਰਣ’ ਕਰਕੇ ਉਸ ਨੂੰ ਅਪਣੇ ਕਰਮਕਾਂਡਾਂ ਵਿੱਚ ਰਲ ਗਡ ਕਰ ਲਿਆ। ਅਸੀਂ ਆਪਣੇ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਸਾਬਿਤ ਕਰਨ ਵਿੱਚ ਰੁਝੇ ਰਹੇ, ਤੇ ਉਸ ਦੇ ਮੌਜੂਦਾ ਸਰੂਪ ਨੂੰ ‘ਨਕਲੀ ਬੀੜ’ ਕਹਿ ਕੇ ਅਪਣੀ ਹੋਛੀ ਵਿਦਵਤਾ ਦਾ ਮੁਜਾਹਿਰਾ ਕਰਦੇ ਰਹੇ, ਉਨਾਂ ਨੇ ਝੂਠੇ ਅਵਤਾਰਵਾਦ ਤੇ ਦੇਵੀ ਉਸਤਤ ਵਾਲੇ ਅਸ਼ਲੀਲ ਕੂੜ ਗ੍ਰੰਥ ਦਾ ਪ੍ਰਕਾਸ਼ ਸਾਡੇ ਦੋ ਤਖਤਾਂ ਤੇ ਕਰਵਾ ਦਿਤਾ। ਉਹ ਚਾਹੁੰਦੇ ਵੀ ਤੇ ਇਹ ਹੀ ਨੇ ਕੇ ਤੁਸੀਂ ਆਪਸ ਵਿੱਚ ਉਲਝੇ ਰਹੋ, ਤੇ ਅਸੀ ਆਪਣਾਂ ਕੰਮ ਆਰਾਮ ਨਾਲ ਕਰਦੇ ਰਹੀਏ। ਉਨ੍ਹਾਂ ਦਾ ‘ਧਾਰਮਿਕ ਵਿੰਗ’ ਇਹ ਤੈਅ ਕਰਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੋਣ ਹੋਵੇਗਾ, ਸਾਡਾ ਮੁਖ ਮੰਤਰੀ ਤੈ ਕਰਦਾ ਹੈ ਕੇ ਅਕਾਲ ਤਖਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਵੇਗਾ। ਉਨ੍ਹਾਂ ਦਾ ਧਰਮ ਸਿਆਸਤ ਨੂੰ ਚਲਾਉਂਦਾ ਹੈ, ਸਾਡੀ ਚੰਦਰੀ ਸਿਆਸਤ ਧਰਮ ਨੂੰ ਚਲਾਉਂਦੀ ਹੈ।

ਸਾਡੇ ਪ੍ਰਚਾਰਕ, ਆਸਾ ਕੀ ਵਾਰ ਦੇ ‘ਮਾਣਸ ਖਾਣੇ (ਆਂ)’ ਤੇ ‘ਜਗਤ ਕਾਸਾਈ (ਆਂ)’ ਦਾ ਮਤਲਬ, ਕੌਮ ਨੂੰ ਤਿਨ ਸੌ ਸਾਲਾਂ ਵੀ ਸਮਝਾ ਨਹੀਂ ਸਕੇ ਕਿਉਂਕਿ ਬਹੁਤੇ ਬੁਜ਼ਦਿਲ ਤੇ ਸੱਚ ਬੋਲਣ ਤੋਂ ਡਰਦੇ ਰਹੇ। ਉਨ੍ਹਾਂ ‘ਜਗਤ ਕਾਸਾਈ (ਆਂ)’ ਨੇ ਗੁਰੂ ਨਾਨਕ ਦੇ ਇਸ ਫਲਸਫੇ ਨੂੰ ਸਮਝ ਲਿਆ ਤੇ ਸਾਨੂੰ ਆਪਣੇ ਮਤ ਵਿਚ ਜਜਬ ਕਰ ਲੈਣ ਦਾ ਨਕਸ਼ਾ 200 ਵਰ੍ਹੇ ਪਹਿਲਾਂ ਹੀ ਉਲੀਕ ਲਿਆ। ਉਹ ਇਹ ਜਾਣਦੇ ਸਨ ਕੇ ਜੇ ਸਿੱਖਾਂ ਨੂੰ ‘ਮਾਣਸ ਖਾਣੇ’ ਤੇ ‘ਜਗਤ ਕਸਾਈ’ ਦੇ ‘ਸਭਿ ਫੋਕਟ ਨਿਸਚਉ ਕਰਮੰ॥’ ਦੀ ਸਮਝ ਆ ਗਈ ਤੇ ਸਾਡੀ ਦੁਕਾਨ ਬੰਦ ਹੋ ਜਾਣੀ ਹੈ। ਵਕਤ ਰਹਿੰਦੇ ਹੀ ਉਨਾਂ ਨੇ ਸਿੱਖ ਕੌਮ ਨੂੰ ਹਿੰਦੂ ਮਤ ਵਿਚ ਜਜਬ ਕਰ ਲੈਣ ਦੀ ਨੀਤੀ ਤੈਆਰ ਕਰ ਲਈ, ਜਿਸ ਵਿਚ ਉਹ ਪੂਰੀ ਤਰ੍ਹਾਂ ਕਾਮਯਾਬ ਹੋ ਚੁਕੇ ਹਨ। ਗੁਰੂ ਤੇਗ ਬਹਾਦੁਰ ਸਾਹਿਬ ਜੋ ‘ਸਾਰੇ ਜਗਤ ਤੇ ਪੂਰੀ ਲੋਕਾਈ ਦੀ ਚਾਦਰ’ ਸਨ, ਉਨਾਂ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਉਨਾਂ ਦੀ ਮਹਾਨਤਾ ਨੂੰ ਛੋਟਾ ਤੇ ਸੀਮਿਤ ਕਰ ਦਿਤਾ ਗਇਆ।

ਅਸੀ ਆਪਣੇ ਹੀ ਗੁਰੂਆਂ ਨੂੰ ‘ਗੁਰੂ’ ਕਹਿਣ ਤੋਂ ਮੁਨਕਰ ਹੋ ਰਹੇ ਹਾਂ, ਤੇ ਉਸ ਬੇਲੋੜੀ ਬਹਿਸ ਵਿਚ ਪਏ ਹਾਂ ਕੇ ‘ਗੁਰੂ ਨਾਨਕ’ ਨੂੰ ‘ਗੁਰੂ ਨਾਨਕ’ ਕਹਿਨਾਂ ਜਾਇਜ ਹੈ ਕਿ ‘ਬਾਬਾ ਨਾਨਕ’। ਕੌਮ ਦੇ ਵਿਦਵਾਨੋਂ ਤੁਸੀਂ ਲਗੇ ਰਹੋ ਇਸ ਚਰਚਾ ਵਿੱਚ, ਜਦੋਂ ਨਿਰਣੈ ਕਰ ਲਵੋ ਤੇ ਕੌਮ ਨੂੰ ਦਸ ਦਿਆ ਜੇ ਕੇ ਆਪਣੇ ਗੁਰੂਆਂ ਨੂੰ ਕੀ ਕਹਿਣਾਂ ਹੈ। ਉਨ੍ਹਾਂ ਨੇ ਤੇ ਕਦੋਂ ਦਾ ਐਲਾਨ ਕਰ ਦਿਤਾ ਕੇ ਨੌ ਗੁਰੂ ਤੇ ਹਿੰਦੂਆਂ ਦੇ ਹੀ ਗੁਰੂ ਸਨ ਤੇ ਉਹ ਹਿੰਦੂ ਹੀ ਸਨ। ਗੁਰੂ ਗ੍ਰੰਥ ਸਾਹਿਬ ਕੋਈ ਸਿੱਖਾਂ ਦਾ ਹੀ ਗੁਰੂ ਨਹੀਂ ਬਲਕਿ ਵੇਦਾਂ ਵਿੱਚ ਲਿਖੀ ਬਾਣੀ ਦਾ ਉਤਾਰਾ ਹੈ। ਅਸੀਂ ਆਪਣੀ ਰਹਿਤ ਮਰਿਆਦਾ ਵਿਚ 90 ਸਾਲਾਂ ਵਿੱਚ ਵੀ ਸੋਧਾਂ ਨਹੀਂ ਕਰ ਸਕੇ, ਤੇ ਉਨ੍ਹਾਂ ਨੇ ਤੇ 10 ਵਰ੍ਹੇ ਪਹਿਲਾਂ ਹੀ ਅਪਣੀ ਬਣਾਈ ‘ਰਹਿਤ ਮਰਿਯਾਦਾ’ ਵੀ ਛਾਪ ਕੇ ਸਾਡੀ ਨਵੀਂ ਪਨੀਰੀ ਦੇ ਹੱਥ ਵਿੱਚ ਪਕੜਾ ਦਿਤੀ ਹੈ। ਜਿਸ ਵਿੱਚ ਸਾਫ ਤੌਰ ਤੇ ਇਹ ਲਿਖਿਆ ਹੋਇਆ ਹੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਰਦਾਸ ਤੋਂ ਪਹਿਲਾਂ ‘ਵੰਦੇ ਮਾਤਰਮ’ ਦਾ ਗਾਇਨ ਕੀਤਾ ਜਾਵੇ। ਜਿਥੇ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਮੁਮਕਿਨ ਨਾਂ ਹੋਵੇ, ਉਥੇ ਰਾਮ ਚੰਦਰ ਤੇ ਕ੍ਰਿਸ਼ਨ ਦੀਆਂ ਤਸਵੀਰਾਂ ਰਖ ਕੇ ਅਰਦਾਸਾ ਕੀਤਾ ਜਾਵੇ (ਉਨਾਂ ਦੀ ਇਸ ਰਹਿਤ ਮਰਿਯਾਦਾ ਦੀ ਫੋਟੋ ਸਕੈਨ ਕਰਕੇ ਵਿਸਤਾਰ ਨਾਲ ਅਗਲੇ ਕਿਸੇ ਹੋਰ ਲੇਖ ਵਿਚ ਜਿਕਰ ਕੀਤਾ ਜਾਏਗਾ, ਇਸ ਦੀ ਇਕ ਔਰਿਜਨਲ ਕਾਪੀ ਦਾਸ ਕੌਲ ਮੌਜੂਦ ਹੈ, ਜੋ ਕਾਨਪੁਰ ਵਿਚ ਆਰ.ਐਸ. ਐਸ. ਦੇ ਸਤਵੇਂ ਅਧਿਵੇਸ਼ਨ ਵਿਚ ਬਹੁਤ ਵਡੇ ਪੱਧਰ ਤੇ ਵੰਡੀ ਗਈ ਸੀ। ਇਸ ਵਿੱਚ ਮਾਈਨਾਰਟੀ ਕਮੀਸ਼ਨ ਦਾ ਮੁਖੀ ਤਰਲੋਚਨ ਸਿੰਘ ਤੇ ਅਕਾਲੀ ਦਲ ਬਾਦਲ ਦੇ ਊਕਾਰ ਸਿੰਘ ਥਾਪਰ ਨੇ ਵੀ ਸ਼ਿਰਕਤ ਕੀਤੀ ਸੀ ਤੇ ਪੰਥ ਵਿਰੋਧੀ ਲੈਕਚਰ ਦਿਤੇ। ਦਾਸ ਇਨ੍ਹਾਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਵੇਖਣ ਲਈ ਉਥੇ ਇਕਲਾ ਹੀ ਮੌਜੂਦ ਸੀ।

ਦੂਜੇ ਦਿਨ ਦਾਸ ਦਾ ਇਕ ਲੇਖ ਇਥੇ ਦੇ ਪ੍ਰਮੁਖ ਹਿੰਦੀ ਅਖਬਾਰ ਵਿੱਚ ਵੀ ਛਪਿਆ ‘ਆਰ .ਐਸ. ਐਸ ਕਾ ਫਲਾਪ ਸ਼ੋ’।) ਅਸੀ ਇਹ ਕਹਿ ਕਹਿ ਕੇ ਨਹੀਂ ਥਕਦੇ ਕੇ ‘ਸ਼ਰਮ ਸੀ ਆਤੀ ਹੈ ਇਸੇ ਵਤਨ ਕਹਿਤੇ ਹੁਏ’, ਉਨਾਂ ਕਹਿਆ ਜੇ ਤੁਹਾਨੂੰ ਸ਼ਰਮ ਆਉਦੀ ਹੈ, ਫੇਰ ਲਾਂਬ੍ਹੇ ਹੋ ਜਾਉ ਸਾਡੀ ਤੇ ਇਹ ‘ਭਾਰਤ ਮਾਤਾ’ ਹੈ, ਤੁਸੀਂ ਤੇ ਪਾਕਿਸਤਾਨ ਤੋਂ ਆਏ ਰਿਫੂਜੀ ਹੋ। ਅਸੀਂ ਕਦੀ ਵੀ ਇਹ ਸੁਨੇਹਾ ਨਹੀਂ ਦੇ ਸਕੇ ਕੇ ਸਿੱਖ ਕੌਮ ਦੇ ਵਡਮੁੱਲੇ ਯੋਗਦਾਨ ਨਾਲ ਹੀ ਇਨ੍ਹਾਂ ਗੁਲਾਮਾਂ ਨੂੰ ਆਜ਼ਾਦੀ ਦੀ ਖੁੱਲੀ ਹਵਾ ਵਿੱਚ ਸਾਹ ਲੈਣ ਨੂੰ ਮਿਲਿਆ, ਵਰਨਾ ਹਿੰਦੁਸਤਾਨ ਤੇ ਹਕੂਮਤ ਕਰਨ ਵਾਲੀ ਹਰ ਸਲਤਨਤ ਇਨਾਂ ਦੀ ਬੇਪਤੀ ਕਰਦੀ ਰਹੀ ਤੇ ਇਹ ਸਦੀਆਂ ਗੁਲਾਮੀ ਦਾ ਜੀਵਨ ਜੀਂਦੇ ਰਹੇ। ਕੁਲਬੀਰ ਸਿੰਘ ਕੌੜਾ ਨੇ ਇਕ ਥਾਂ ਤੇ ਲਿਖਿਆ ਹੈ ਕੇ ਜਦੋਂ ਇਨਾਂ ਨੂੰ ਅਪਣੀ ਸੁਰਖਿਆ ਲਈ ਤਾਕਤ ਦੀ ਜਰੂਰਤ ਪਈ ਤੇ ਇਨ੍ਹਾਂ ਸਾਨੂੰ ਅਪਣੀ ‘ਖੜਗਧਾਰੀ’ ਬਾਹ ਬਣਾ ਲਿਆ, ਜਦੋਂ ਸਾਡੀ ਵਖਰੀ ਪਛਾਣ ਤੇ ਹੋਂਦ ਸਾਹਮਣੇ ਆਉਣ ਲਗੀ ਤੇ ਇਨਾਂ ਸਾਨੂੰ ‘ਵਖਵਾਦੀ’ ਐਲਾਨਿਆ। ਜਿਸ ਚੀਜ ਨੂੰ ਪਰਾਇਆ ਪਰਾਇਆ ਕਹਿੰਦੇ ਰਹੋ, ਉਹ ਚੀਜ ਪਰਾਈ ਹੋ ਜਾਂਦੀ ਹੈ ਤੇ ਜਿਸ ਚੀਜ ਨੂੰ ਆਪਣਾ ਆਪਣਾ ਕਹਿੰਦੇ ਰਹੋ ਉਸ ਤੇ ਕੋਈ ਦੂਜਾ ਛੇਤੀ ਹੱਕ ਨਹੀਂ ਜਤਾ ਸਕਦਾ। ਉਨ੍ਹਾਂ ਚਾਣਕਿਆ ਦੇ ਚੇਲਿਆਂ ਨੇ ਇਹ ਸਿੱਖਿਆ ਅਪਣੇ ਚਾਲਾਕ ਗੁਰੂ ਕੋਲੋਂ ਪ੍ਰਾਪਤ ਕੀਤੀ ਸੀ। ਜੇ ਸਾਡੀ ਵਖਰੀ ਹੋਂਦ ਤੇ ਆਜ਼ਾਦ ਹਸਤੀ ਦੀ ਇੱਕ ਨਿਸ਼ਾਨੀ ‘ਨਾਨਕਸ਼ਾਹੀ ਕੈਲੰਡਰ’ ਹੋਂਦ ਵਿੱਚ ਆਇਆ, ਜੋ ਇਨ੍ਹਾਂ ਦੀ ਛਾਤੀ ਤੇ ਚੱਕੀ ਦੇ ਪੁੜ ਵਾਂਗ ਭਾਰ ਬਣ ਕੇ ਪੈ ਗਇਆ। ਪਹਿਲੇ ਦਿਨ ਤੋਂ ਹੀ ਇਨਾਂ ਦੇ ਲੀਡਰ ਇਸ ਦੇ ਬਾਰੇ ਜ਼ਹਿਰ ਘੋਲਣ ਲਗੇ ਤੇ ਇਸ ਨੂੰ ਰੱਦ ਕਰਾਉਣ ਵਿੱਚ ਆਪਣੀ ਸਾਰੀ ਜੁਗਤ ਤੇ ਉਪਰਾਲੇ ਵਰਤਨ ਲਗੇ, ਉਹ ਇਸ ਵਿਚ ਵੀ ਕਾਮਯਾਬ ਰਹੇ। ਸਾਡੇ ਸਿਆਸੀ ਤੇ ਧਾਰਮਿਕ ਆਗੂ ਖਰੀਦੇ ਤੇ ਵਰਤੇ ਗਏ, ਅਸੀਂ ਆਪਣੇ ਕੈਲੰਡਰ ਦੇ ਦੁਸ਼ਮਣ ਆਪ ਹੀ ਬਣੇ ਰਹੇ, ਤੇ ਉਨ੍ਹਾਂ ਨੇ ਉਲਟਾ ਸਾਡੇ ਤੇ ਹੀ ਆਪਣੀ ਬ੍ਰਾਹਮਣੀ ਜੰਤਰੀ ਲਾਗੂ ਕਰ ਦਿਤੀ।

ਖਾਲਸਾ ਜੀ, ਹੁਣ ਵੀ ਅਸੀ ਸੁਤੇ ਪਏ ਹਾਂ, ਸਾਡੀ ਕਿਰਪਾਨ ਦਾ ਸਾਈਜ ਦਿਨ ਬ ਦਿਨ ਘਟਦਾ ਗਇਆ, ਇਥੋਂ ਤਕ ਕੇ ਸਾਡੇ ਸ਼ਰੀਰ ਨਾਲੋਂ ਹੀ ਉਹ ਉਤਰ ਚੁਕੀ ਹੈ, ਲੇਕਿਨ ਇਸ ਲੇਖ ਨਾਲ ਲਗੀਆਂ ਤਸਵੀਰਾਂ ਨੂੰ ਵੇਖੋ ਉਨਾਂ ਨੇ ਅਪਣੇ ਤਰਸ਼ੂਲ ਦਾ ਡਿਜਾਇਨ ਵੀ ਬਦਲ ਲਿਆ ਹੈ। ਵਿਚ ਵਾਲਾ ਨੋਕੀਲਾ ਹਿੱਸਾ ਉਨਾਂ ਖੰਡੇ ਦੇ ਅਕਾਰ ਦਾ ਤੇ ਵੱਡਾ ਕਰਕੇ ਬਾਹਰ ਕਰ ਲਿਆ ਹੈ, ਤੇ ਲੰਮੀ ਡੰਡੀ ਦੀ ਥਾਂ ਕਿਰਪਾਣ ਵਰਗਾ ਹੇਂਡਿਲ ਲਾ ਲਿਆ ਹੈ। ਹੁਣ ਤਾਂ ਸਾਡੇ ਧਾਰਮਿਕ ਅਦਾਰਿਆਂ ਤੇ ਨਿਸ਼ਾਨ ਦਾ ਰੰਗ ਵੀ ‘ਕੇਸਰੀ’ ਦੀ ਥਾਂਵੇ ‘ਭਗਵਾ’ ਕਰ ਦਿਤਾ ਗਇਆ ਹੈ। ਪਹਿਲਾਂ ਕੋਈ ਟਾਂਵਾਂ ਟਾਂਵਾਂ ਸਿੱਖ ਇਨ੍ਹਾਂ ਦੇ ਨਾਲ ਰਲਕੇ ਇਨਾਂ ਦੇ ਮਨੋਰਥ ਪੂਰੇ ਕਰਦਾ ਸੀ, ਹੁਣ ਤੇ ਕੌਮ ਦੇ ਹਰ ਤਬਕੇ ਦੇ ਲੋਕ ਸਿਆਸਤ ਦਾਨ, ਵਿਦਵਾਨ, ਲੇਖਕ ਧਾਰਮਿਕ ਆਗੂ ਅਤੇ ਬਹੁਤੇ ਪ੍ਰਚਾਰਕ ਇਨਾਂ ਦੇ ਵਰਕਰ ਬਣ ਚੁਕੇ ਹਨ। ਕੁੱਝ ਸਾਲ ਪਹਿਲਾਂ ਸੰਗਤ ਸੰਸਾਰ.ਕਾਮ ਨਾਮ ਦੀ ਇਨਾਂ ਦੀ ਵੇਬਸਾਈਟ ਵਿੱਚ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਇਕ ਲਿਸਟ ਵੀ ਛਪੀ ਸੀ, ਜੋ ਇਨਾਂ ਦੇ ਖਾਸ ਮੈਂਬਰ ਹਨ (ਇਹ ਲਿਸਟ ਹੁਣ ਉਥੋਂ ਡੀਲੀਟ ਕਰ ਦਿਤੀ ਗਈ ਹੈ, ਲੇਕਿਨ ਸਾਡੇ ਕੋਲ ਉਸ ਲਿਸਟ ਦਾ ਉਸ ਵੇਲੇ ਦਾ ਕਡ੍ਹਿਆ ਪ੍ਰਿੰਟ ਆਊਟ ਮੌਜੂਦ ਹੈ। ਜਿਸ ਵਿਚ ਗਿਆਨੀ ਪੂਰਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਅਨੀ ਕੁਲਵੰਤ ਸਿੰਘ ਆਦਿ ਪ੍ਰਮੁਖ ਨਾਮ ਹਨ।)

ਖਾਲਸਾ ਜੀ! ਇਹ ਗੱਲਾਂ ਮਾਮੂਲੀ ਨਾ ਸਮਝੋ। ਇੱਕ ਛੋਟਾ ਜਿਹਾ ਜ਼ਖਮ ਨਾਸੂਰ ਬਣ ਜਾਂਦਾ ਹੈ, ਜੇ ਵਕਤ ਰਹਿੰਦੇ ਉਸ ਦਾ ਇਲਾਜ ਨਾ ਕੀਤਾ ਜਾਵੇ। ਸਾਡੇ ਵਿਦਵਾਨਾਂ, ਪ੍ਰਚਾਰਕਾਂ ਤੇ ਰਾਗੀਆਂ ਦੇ ਅਵੇਸ੍ਹਲੇਪਨ ਦੇ ਕਾਰਣ ਹੀ ਕੌਮ ਬ੍ਰਾਹਮਣਵਾਦ ਦੇ ਖਾਰੇ ਸਮੂੰਦਰ ਵਿੱਚ ਡੁੱਬ ਚੁਕੀ ਹੈ। ਦਾਸ ਨੇ ਆਪਣੇ ਇਕ ਲੇਖ ਵਿਚ ਪਹਿਲਾਂ ਵੀ ਲਿਖਿਆ ਸੀ ਕੇ ਸਿੱਖ ਕੌਮ ਦੇ ਨਿਘਾਰ ਵਿਚ ਸਭ ਤੋਂ ਵੱਡਾ ਕਸੂਰਵਾਰ ਸਾਡਾ ਉਹ ਸੂਝਵਾਨ ਤਬਕਾ ਹੈ ਜਿਸ ਵਿਚ ਵਿਦਵਾਨ, ਪ੍ਰਚਾਰਕ, ਕਥਾਕਾਰ ਤੇ ਰਾਗੀ ਆਂਉਦੇ ਹਨ। ਇਹ ਤਬਕਾ ਹੀ ਗੁਰੂ ਸਿਧਾਂਤਾਂ ਤੋਂ ਕੌਮ ਨੂੰ ਅਵਗਤ ਕਰਾਂਉਦਾ ਤੇ ਉਨਾਂ ਵਿਚ ਜਾਗਰੂਕਤਾ ਦਾ ਸੰਚਾਰ ਤੇ ਪ੍ਰਚਾਰ ਕਰਦਾ ਹੈ। ਜੇ ਇਹ ਤਬਕਾ ਹੀ ਆਪਣੀ ਵਿਦਵਤਾ ਨੇ ਨਸ਼ੇ ਤੇ ਹਉਮੈ ਵਿਚ ਗਲਤਾਨ ਹੋਵੇ ਤੇ ਕੌਮ ਨੂੰ ਕਿਸਨੇ ਬਚਾਉਣਾਂ ਹੈ।

ਹੋ ਸਕਦਾ ਹੈ ਪੰਥ ਦਾ ਕਿਸੇ ਸੁਹਿਰਦ ਸ਼ਬਦਾਵਲੀ ਅਤੇ ਲੱਛੇਦਾਰ ਭਾਸ਼ਾਸ਼ੈਲੀ ਵਰਤਨ ਵਾਲੇ ਵਿਦਵਾਨ ਨੂੰ ਮੇਰੀ ਸ਼ਬਦਾਵਲੀ ਤੇ ਇਸ ਲੇਖ ਦੀਆਂ ਕੁੱਝ ਗੱਲਾਂ ਪਸੰਦ ਨਾ ਆਉਣ, ਤੇ ਉਹ ਇਸ ਲੇਖ ਦਾ ਵੀ ਪੋਸਟਮਾਰਟਮ ਕਰਨ ਵਿੱਚ ਆਪਣਾ ਕੀਮਤੀ ਸਮਾਂ ਬਰਬਾਦ ਕਰੇ। ਲੇਕਿਨ ਦਾਸ ਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ ਕਿਊਂਕਿ ਨਾ ਤਾਂ ਮੈਂ ਵਿਦਵਾਨ ਹਾਂ ਤੇ ਨਾ ਹੀ ਕੋਈ ਲੇਖਕ। ਮੈਂ ਤੇ ਗੁਰੂ ਘਰ ਦੇ ਵਿਹੜੇ ਦਾ ਉਹ ਕੂਕਰ ਹਾਂ ਜਿਸਦੀ ਡਿਊਟੀ ਹੀ ਜਾਗਦੇ ਰਹਿਣਾ ਤੇ ਉਸ ਘਰ ਦੇ ਵਾਰਿਸਾਂ ਨੂੰ ਭੌਂਕ ਭੌਂਕ ਕੇ ‘ਦੂਤਾਂ’ ਤੋਂ ਸੁਚੇਤ ਕਰਨਾ, ਭਾਵੇਂ ਇਸ ਦਾ ਇਨਾਮ ਵੱਟੇ, ਢੇਮਾਂ ਤੇ ਡਾਂਗਾਂ ਹੀ ਕਿਊ ਨਾ ਹੋਣ। ਤੇ ਹਰ ਸਿੱਖ ਦਾ ਇਹ ਫਰਜ ਵੀ ਬਣਦਾ ਹੈ, ਕਿ ਕੌਮ ਤੇ ਝੁੱਲ ਰਹੇ ਅਸਲ ਖਤਰਿਆਂ ਬਾਰੇ ਕੌਮ ਨੂੰ ਅਵਗਤ ਕਰਾਵੇ।

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥ ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥1॥
ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥1॥ ਪੰਨਾ 979

ਗੁਰੁ ਘਰ ਦਾ ਕੂਕਰ
ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top