Share on Facebook

Main News Page

ਖਾਲਸਾ ਜੀ ਕੇ ਬੋਲ ਬਾਲੇ

ਇਸ ਵਾਰ ਪੰਜਾਬ ਜਾ ਕੇ ਬਹੁਤ ਸਾਰੇ ਵਿਚਾਰਵਾਨਾਂ ਅਤੇ ਸਿੱਖੀ ਸੇਵਕੀ ਨੂੰ ਪ੍ਰਣਾਏ ਸਿੱਖਾਂ ਨੂੰ ਮਿਲਣ ਦਾ ਮੌਕਾ ਮਿਲਿਆ। ਚੰਡੀਗੜ੍ਹ ਇੱਕ ਐਸੀ ਸ਼ਖਸੀਅਤ ਨੂੰ ਮਿਲਣ ਦਾ ਮੌਕਾ ਮਿਲਿਆ ਜਿਸ ਦੀ ਨਿੱਜੀ ਲਾਇਬ੍ਰੇਰੀ ਜਿੰਨੀ ਵਿਸ਼ਾਲ ਲਾਇਬ੍ਰੇਰੀ ਦੁਨੀਆਂ ਵਿਚ ਸ਼ਾਇਦ ਹੀ ਕਿਸੇ ਹੋਰ ਸਿੱਖ ਕੋਲ ਹੋਵੇ। ਇਸ ਵਿਅਕਤੀ ਦਾ ਸਿੱਖ ਸੰਘਰਸ਼ ਨਾਲ ਚੋਖਾ ਵਾਹ ਵਾਸਤਾ ਰਿਹਾ ਸੀ। ਮਾਸਟਰ ਤਾਰਾ ਸਿੰਘ ਦੇ ਆਖਰੀ ਸਮਾਂ ਇਹ ਵਿਅਕਤੀ ਉਸ ਦੇ ਨਾਲ ਸੀ ਅਤੇ ਅਨੰਦਪੁਰ ਦਾ ਮਤਾ ਵੀ ਇਸ ਦੇ ਹੱਥਾਂ ਦਾ ਲਿਖਿਆ ਹੋਇਆ ਸੀ। ਸੰਨ ਸੰਤਾਲੀ ਵਿਚ ਭਾਰਤ ਦੀ ਵੰਡ ਅਤੇ ਅਖੌਤੀ ਆਜ਼ਾਦੀ ਦੇ ਸਬੰਧ ਵਿਚ ਕਈ ਗੱਲਾਂ ਤਾਂ ਮੈਨੂੰ ਪਹਿਲੀ ਵਾਰ ਸੁਣਨ ਨੂੰ ਮਿਲ ਰਹੀਆਂ ਸਨ। ਇਹ ਗੱਲ ਵੀ ਮੈਨੂੰ ਪਹਿਲੀ ਵਾਰ ਸੁਣਨ ਨੂੰ ਮਿਲ ਰਹੀ ਸੀ ਕਿ ਸੰਤਾਲੀ ਵਿਚ ਗੋਰਿਆਂ ਨੇ ਭਾਰਤ ਨੂੰ ਆਜ਼ਾਦ ਨਹੀਂ ਸੀ ਕੀਤਾ ਸਗੋਂ ਰਾਜਸੀ ਤਾਕਤ ਦਾ ਵਟਾਂਦਰਾ ਕਰ ਕੇ ਅਤੇ ਆਪਣੇ ਲੰਮੇਰੇ ਸਬੰਧ ਭਾਰਤ ਵਿਚ ਕਾਇਮ ਕਰਕੇ ਅੰਗ੍ਰੇਜ਼ ਭਾਰਤ ਵਿਚੋਂ ਵਿਦਾ ਹੋਇਆ ਸੀ। ਭਾਰਤ ਦੀ ਆਜ਼ਾਦੀ ਲਈ ਨੱਬੇ ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦੇ ਆਗੂ ਇਸ ਸਮੇਂ ਦੇ ਰਾਜਸੀ ਨਾਟਕ ਦੇ ਮਹਿਜ਼ ਦਰਸ਼ਕ ਬਣੇ ਹੋਏ ਸਨ। ਉਹ ਖਾਲਸੇ ਦੇ ਬੋਲ ਬਾਲੇ ਦੇ ਸਿਰਫ ਨਾਅਰੇ ਹੀ ਮਾਰ ਸਕਦੇ ਸਨ ਪਰ ਕੌਮ ਨੂੰ ਗੁਲਾਮ ਕਰਨ ਲਈ ਬੁਣੇ ਜਾ ਰਹੇ ਜਾਲ ਤੋਂ ਬੇਖਬਰ ਸਨ।

ਜਦੋਂ ਭਾਰਤ ਵਿਚ ਵਸਣ ਵਾਲੀਆਂ ਤਿੰਨ ਪ੍ਰਮੁਖ ਕੌਮਾਂ ਭਾਵ ਕਿ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਸੀ ਤਾਂ ਸਿੱਖਾਂ ਕੋਲ ਮੌਕੇ ਦੇ ਹਾਣ ਦਾ ਕੋਈ ਆਗੂ ਹੀ ਨਹੀਂ ਸੀ ਜੋ ਕਿ ਸਿੱਖੀ ਦੇ ਬੋਲ ਬਾਲੇ ਲਈ ਕੋਈ ਰਾਜਸੀ ਬਾਨਣੂੰ ਵੀ ਬੰਨ੍ਹ ਸਕਦਾ। ਚੰਡੀਗੜ੍ਹ ਦੇ ਮੇਰੇ ਇਸ ਮੇਜ਼ਬਾਨ ਮਿੱਤਰ ਅਨੁਸਾਰ ਅੰਗ੍ਰੇਜ਼ਾਂ ਨੇ ਆਪਣੇ ਰਾਜਕਾਲ ਦੌਰਾਨ ਭਾਰਤੀ ਰਾਜਨੀਤਕਾਂ ਨਾਲ ਛੇ ਸੌ ਦੇ ਕਰੀਬ ਜੋ ਸੰਧੀਆਂ ਕੀਤੀਆਂ ਸਨ ਉਹਨਾਂ ਵਿਚ ਸੰਨ ਸੰਤਾਲੀ ਦੀ ਸਤਾ ਦੇ ਲੈਣ ਦੇਣ (Transfer of Power) ਦੀ ਸੰਧੀ ਵੱਖਰੀ ਅਹਿਮੀਅਤ ਰੱਖਦੀ ਸੀ। ਭਾਰਤ ਵਿਚ ਜਿਵੇਂ ਅੱਜ ਵੀ ਇੱਕ ਸਰਕਾਰ ਦੀ ਜਗ੍ਹਾ ਦੂਸਰੀ ਸਰਕਾਰ ਗੱਦੀ ਸਾਂਭਦੀ ਹੈ ਇਸੇ ਤਰਾਂ ਦੀ ਹੀ ਸੀ ਉਹ ਟਰਾਂਸਫਰ ਆਫ ਪਾਵਰ। ਇਸ ਸੰਧੀ ਤਹਿਤ ਦੋ ਡੁਮੀਨੀਅਨ (Dominion) ਸਟੇਟਾਂ ਬਣਾ ਕੇ ਗੋਰੇ ਭਾਰਤ ਵਿਚੋਂ ਵਿਦਾ ਹੋ ਗਏ। ਗਾਂਧੀ ਇਸ ਸੰਧੀ ਲਈ ਰਾਜ਼ੀ ਨਹੀਂ ਸੀ ਕਿਓਂਕਿ ਉਹ ਡੁਮੀਨੀਅਨ ਦੇ ਅਰਥ ਚੰਗੀ ਤਰਾਂ ਸਮਝਦਾ ਸੀ ਅਤੇ ਉਹ ਇਸ ਨੂੰ ਭਾਰਤ ਦੀ ਆਜ਼ਾਦੀ ਵੀ ਨਹੀਂ ਸੀ ਮੰਨਦਾ। ਬ੍ਰਤਾਨਵੀ ਮਹਾਂਰਾਣੀ ਦੇ ਰਾਜ ਭਾਗ ਦੀ ਸਮਾਨ ਸੰਪਤੀ (Common Wealth Nations) ਆਖੀ ਜਾਂਦੀ ਇਸ ਸੰਧੀ ਮੁਤਾਬਿਕ ਉਹ ਅੱਜ ਵੀ ਭਾਰਤ ਦੀ ਨਾਗਰਿਕ ਹੈ ਜਿਵੇਂ ਕਿ ਉਹ ਦੁਨੀਆਂ ਦੇ ੭੧ ਹੋਰ ਦੇਸ਼ਾਂ ਦੀ ਹੈ। ਮਹਾਂਰਾਣੀ ਨੂੰ ਭਾਰਤ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਰ ਭਾਰਤ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤ੍ਰੀ ਨੂੰ ਇੰਗਲੈਂਡ ਜਾਣ ਲਈ ਵੀਜ਼ੇ ਦੀ ਲੋੜ ਪੈਂਦੀ ਹੈ। ਅੰਗ੍ਰੇਜ਼ਾਂ ਨੇ ਭਾਰਤ ਛੱਡਦੇ ਛੱਡਦੇ ਵੀ ਆਪਣਾ ਰਸੂਖ ਕਾਇਮ ਰੱਖਿਆ ਸੀ ਜਿਸ ਮੁਤਾਬਿਕ ਭਾਰਤ ਵਿਚ ਅੰਗ੍ਰੇਜ਼ ਦੇ ਬਣਾਏ ਹੀ ਕਾਨੂੰਨ ਚਲਣੇ ਸਨ ਅਤੇ ਇਸ ਸੰਧੀ ਤਹਿਤ ਸ਼ਹੀਦ ਭਗਤ ਸਿੰਘ ਵਰਗੇ ਵਿਅਕਤੀ ਅੱਤਵਾਦੀ ਦੋਸ਼ੀ ਸਨ ਅਤੇ ਜੇਕਰ ਸੁਭਾਸ਼ ਚੰਦਰ ਵਰਗਾ ਅੰਗ੍ਰੇਜ਼ ਦਾ ਦੋਸ਼ੀ ਸਰਕਾਰ ਦੇ ਹੱਥ ਲੱਗਦਾ ਤਾਂ ਉਹ ਅੰਗ੍ਰੇਜ਼ ਦੇ ਪੇਸ਼ ਕਰਨਾਂ ਪੈਣਾਂ ਸੀ।

ਫਿਰ ਅਖੌਤੀ ਅਜ਼ਾਦ ਭਾਰਤ ਵਿਚ ਜਦੋਂ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋਇਆ ਤਾਂ ਪੰਜਾਬੀ ਸੂਬੇ ਦੇ ਘੋਲ ਮਗਰੋਂ ਅਨੰਦਪੁਰ ਸਾਹਿਬ ਦੇ ਮਤੇ ਵਿਚ ਖਾਲਸੇ ਦੇ ਬੋਲ ਬਾਲੇ ਦੀ ਗੱਲ ਕੀਤੀ ਗਈ। ਮੇਰਾ ਸਵਾਲ ਆਪਣੇ ਮਿੱਤਰ ਲਈ ਇਹ ਸੀ ਕਿ ਇੱਕ ਬਹੁ ਧਰਮੀ ਸਟੇਟ ਵਿਚ ਕਿਸੇ ਵਿਸ਼ੇਸ਼ ਫਿਰਕੇ ਦੇ ਬੋਲ ਬਾਲੇ ਦੀ ਮੰਗ ਦਾ ਲਫਜੀ ਮਤਲਬ ਹੀ ਕੀ ਰਹਿ ਜਾਂਦਾ ਹੈ ਅਤੇ ਇਹ ਕਿਵੇਂ ਸੰਭਵ ਹੋ ਸਕਦਾ ਹੈ? ਮੇਰੇ ਮੇਜ਼ਬਾਨ ਨੇ ਸਿਰਫ ਏਨਾਂ ਕਹਿ ਕੇ ਸਾਰ ਦਿੱਤਾ ਕਿ ਇਹ ਬੋਲ ਬਾਲੇ ਸਿੱਖਾਂ ਦੇ ਪਿਤਾ ਪੁਰਖੀ ਹਨ। ਹਾਂ ਆਪਣੇ ਮਿੱਤਰ ਦੀ ਕਹੀ ਹੋਈ ਇੱਕ ਗੱਲ ਜਮੇਸ਼ਾਂ ਚੇਤੇ ਰਹੇਗੀ ਕਿ ਨਹਿਰੂ ਅਤੇ ਮਾਂਊਂਟਬੈਟਨ ਪਰਿਵਾਰ ਆਪਣੇ ਨਿੱਜੀ ਸਬੰਧਾਂ ਦੇ ਅਸਰ ਹੇਠ ਅਤੇ ਆਪਣੀ ਲਿਆਕਤ ਦੇ ਬਲਬੂਤੇ ਜਦੋਂ ਆਪੋ ਆਪਣੀਆਂ ਕੌਮਾਂ ਦੇ ਭਵਿੱਖ ਦਾ ਇਤਹਾਸਕ ਫੈਸਲਾ ਕਰਨ ਵਿਚ ਮਸਰੂਫ ਸਨ ਤਾਂ ਉਸ ਸਮੇਂ ਸਿੱਖ ਆਗੂਆਂ ਦੀ ਹਾਲਤ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾਂ ਵਰਗੀ ਹੀ ਸੀ।

ਜੇਕਰ ਖਾਲਸੇ ਦਾ ਮਤਲਬ ਰੱਬ ਵਰਗੇ ਬਣ ਗਏ ਮਨੁੱਖ ਤੋਂ ਹੈ ਤਾਂ ਜ਼ਾਹਿਰ ਹੈ ਕਿ ਇਸ ਲਫਜ਼ ਤੇ ਕਿਸੇ ਇੱਕ ਮਜ਼ਹਬ ਜਾਂ ਫਿਰਕੇ ਦਾ ਏਕਾ ਅਧਿਕਾਰ ਨਹੀਂ ਰਹਿ ਜਾਂਦਾ। ਖਾਲਸਾਈ ਕੀਮਤਾਂ ਦਾ ਮਤਲਬ ਵੀ ਮਨੁੱਖੀ ਕੀਮਤਾਂ ਤੋਂ ਹੀ ਹੈ। ਭਾਸ਼ਾ ਦਾ ਟਪਲਾ ਅਕਸਰ ਅਮਲ ਵਿਚ ਵੀ ਟਪਲਾ ਬਣ ਜਾਂਦਾ ਹੈ। ਸਿੱਖ ਰਾਜਨੀਤੀ ਮੁਤਾਬਿਕ ਖਾਲਸੇ ਦੇ ਬੋਲ ਬਾਲੇ ਤੋਂ ਭਾਵ ਸਿੱਖਾਂ ਦੇ ਰਾਜਸੀ ਧੜੇ ਦਾ ਬੋਲ ਬਾਲਾ ਸਮਝਿਆ ਜਾਂਦਾ ਹੈ ਜਦ ਕਿ ਸਿੱਖ ਜਗਤ ਵਿਚ ਆਪਣੇ ਆਪ ਨੂੰ ਖਾਲਸ ਸਮਝਣ ਵਾਲੇ ਲੋਕ ਸਿੱਖ ਕਾਬਜ ਰਾਜਸੀ ਧੜੇ ਨੂੰ ਅਕਸਰ ਨਫਰਤ ਕਰਦੇ ਹਨ ਅਤੇ ਫਿਟਕਾਰਦੇ ਹਨ। ਜਦੋਂ ਭਾਰਤ ਦੀਆਂ ਤਿੰਨ ਕੌਮਾਂ ਵਿਚ ਸਿੱਖ ਕੌਮ ਦੀ ਰਾਜਸੀ ਹੋਣੀ ਦਾ ਫੈਸਲਾ ਹੋਣਾਂ ਸੀ ਉਸ ਵਿਚੋਂ ਖਾਲੀ ਹੱਥ ਲੈ ਕੇ ਨਿਕਲਣ ਅਤੇ ਆਪਣੇ ਆਪ ਨੂੰ ਭਾਰਤੀ ਬਹੁਮਤ( ਹਿੰਦੂ) ਦੇ ਰਹਿਮੋ ਕਰਮ ਤੇ ਛੱਡਣ ਵਾਲੇ ਸਿੱਖ ਆਗੂਆਂ ਦਾ ਅਗਲਾ ਸੰਗੀਨ ਦੋਸ਼ ਕੌਮ ਦਾ ਸਹੀ ਮਾਰਗ ਦਰਸ਼ਨ ਨਾਂ ਕਰਨ ਦਾ ਹੈ। ਖਾਲਸਾਈ ਪੰਧ ਦੀ ਪਟੜੀ ਤੋਂ ਲੱਥੀ ਹੋਈ ਕੌਮ ਦੀ ਅੱਜ ਦੀ ਦਸ਼ਾ ਦੇਖ ਕੇ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈ।

ਇਥੇ ਮੈਂ ਨਵੰਬਰ ੨੦੧੦ ਦੌਰਾਨ ਨਿਊਯਾਰਕ ਦੇ ਗੁਰਦਵਾਰਾ ਰਿਚਮੰਡ ਹਿਲ ਵਿਚ ਇੱਕ ਸੈਮੀਨਾਰ ਦੌਰਾਨ ਸਰਾਦਰ ਹਰਿੰਦਰ ਸਿੰਘ ਵਲੋਂ ਪੇਸ਼ ਕੀਤੇ ਵਿਚਾਰਾਂ ਰਾਹੀਂ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ। ਸਰਦਾਰ ਹਰਿੰਦਰ ਸਿੰਘ ਮੁਤਾਬਿਕ ਅਜੋਕੇ ਸਿੱਖ ਹੱਦ ਦਰਜੇ ਦੇ ਨਸਲਵਾਦੀ (Racist) ਅਤੇ ਸੈਕਸਿਸਟ(Sexist) ਹੋ ਗਏ ਹਨ। ਅੱਜ ਦਾ ਸਿੱਖ ਹੱਦ ਦਰਜੇ ਦਾ ਨਸਲਵਾਦੀ ਹੈ ਕਿਓਂਕਿ ਇਸ ਨੂੰ ਆਪਣੇ ਧੜੇ ਤੋਂ ਇਲਾਵਾ ਹੋਰ ਕੁਝ ਦਿਖਾਈ ਹੀ ਨਹੀਂ ਦੇ ਰਿਹਾ। ਇਹੋ ਕਾਰਨ ਹੈ ਸਾਰੇ ਤਨਾਵ, ਝਗੜੇ ਅਤੇ ਕਾਵਾਂ ਰੌਲੀ ਦਾ। ਦੂਸਰਾ ਸਿੱਖ ਹੱਦ ਦਰਜੇ ਦੇ ਕੁੜੀ ਮਾਰ ਹੋ ਗਏ ਹਨ। ਸਿੱਖ ਨਸਲਕੁਸ਼ੀ ਬਾਰੇ ਸ: ਇੰਦਰਜੀਤ ਸਿੰਘ ਜੱਸੀ ਦੀ ਕਿਤਾਬ ਦਾ ਹਵਾਲਾ ਦੇ ਕੇ ਸ: ਹਰਿੰਦਰ ਸਿੰਘ ਦਾ ਕਹਿਣਾਂ ਸੀ ਕਿ ਸਰਕਾਰ ਨੇ ਜੇਕਰ ਸੰਨ ੧੯੮੪ ਤੋਂ ੧੯੯੩ ਤੱਕ ਜੇਕਰ ਢਾਈ ਲੱਖ ਸਿੱਖ ਸ਼ਹੀਦ ਕਰ ਦਿੱਤੇ ਸਨ ਤਾਂ ਸਿੱਖਾਂ ਨੇ ਪਿਛਲੇ ਸਾਲਾਂ ਵਿਚ ਜਿੰਨੀਆਂ ਕੁੜੀਆਂ ਮਾਰੀਆਂ ਹਨ ਉਹ ਗਿਣਤੀ ਵਿਚ ਸਰਕਾਰੀ ਕਹਿਰ ਨੂੰ ਵੀ ਪਿਛੇ ਛੱਡ ਜਾਂਦੀ ਹੈ। ਹਰਿੰਦਰ ਸਿੰਘ ਦੇ ਵਿਚਾਰਾਂ ਦਾ ਮੂਲ ਇਹ ਹੈ ਕਿ ਬਿਪਤਾ ਅਤੇ ਭਰਮ ਭਾਵੇਂ ਕਿੰਨਾਂ ਵੀ ਡੂੰਘੇ ਕਿਓਂ ਨਾਂ ਹੋਣ ਸੱਚੇ ਗਿਆਨ ਦੀ ਹਨੇਰੀ ਅੱਗੇ ਉਹ ਕੱਖਾਂ ਕਾਨਿਆਂ ਵਾਂਗ ਉਡ ਜਾਂਦੇ ਹਨ। ਆਪਣੀ ਗੱਲ ਉਹ ਰਾਜਨੀਤੀ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਗੁਰੂ ਨਾਨਕ ਦੇਵ ਜੀ ਵਲੋਂ ਬਾਬਰਾਂ ਜਾਬਰਾਂ ਨੂੰ ਵੰਗਾਰਨ ਅਤੇ ਭਰਮਾਂ ਵਿਚ ਪਏ ਲੋਕਾਂ( ਹਿੰਦੂ, ਮੁਸਲਮਾਨ, ਯੋਗੀ ਆਦਿ) ਨੂੰ ਦੁਰਕਾਰਨ ਨਾਲ ਕਰਦੇ ਹਨ। ਜਿਵੇਂ ਗੁਰੂ ਜੀ ਦੇ ਸਮੇਂ ਮਨੁੱਖੀ ਕੀਮਤਾਂ ਦੀ ਪਟੜੀ ਤੋਂ ਲੱਥੀ ਹੋਈ ਹਿੰਦੋਸਤਾਨੀ ਵਸੋਂ ਉਜਾੜੇ ਦਾ ਬੰਧ ਬਣ ਗਈ ਸੀ ਵੈਸੀ ਹੀ ਅਵਸਥਾ ਅੱਜ ਦੇ ਪੰਜਾਬ ਦੀ ਵੀ ਹੈ।

ਸਿੱਖ ਧਰਮ ਦਾ ਸੂਰਜ ਉਦੇ ਹੁੰਦਿਆਂ ਹੀ ਸਾਡੇ ਵਡੇਰਿਆਂ ਨੇ ਹਰ ਤਰਾਂ ਦੇ ਨਜਾਇਜ਼ ਰਾਜਸੀ, ਧਾਰਮਿਕ ਅਤੇ ਸਭਿਆਚਾਰਕ ਦਾਬੇ ਨੂੰ ਲਲਕਾਰਿਆ ਅਤੇ ਲਤਾੜਿਆ ਸੀ ਪਰ ਅੱਜ ਸਿੱਖਾਂ ਵਿਚ ਇਸ ਕਿਸਮ ਦੀ ਚੇਤਨਤਾ ਮਰ ਗਈ ਹੈ। ਸਿੱਖੀ ਤਾਂ ਨੀਚਾਂ ਅੰਦਰ ਨੀਚ ਨਾਲ ਖੜਦੀ ਅਤੇ ਉਸ ਦੀ ਬਰਾਬਰੀ ਲਈ ਲੜਦੀ ਸੀ ਪਰ ਅੱਜ ਧੜੇ ਬੰਦੀ ਵਿਚ ਉਲਝੇ ਹੋਏ ਸਿੱਖ ਸਰਦਾਰ ਆਪਸ ਵਿਚ ਹੀ ਉਲਝੇ ਹੋਏ ਹਨ। ਹਰ ਪਾਸੇ ਹੀ ਰਾਜਨੀਤਕ ਅਤੇ ਧਾਰਮਕ ਅਡੰਬਰਾਂ ਦੀ ਭਰਮਾਰ ਹੈ ਅਤੇ ਕੀਰਤਨ ਦਰਬਾਰਾਂ ਅਤੇ ਨਗਰ ਕੀਰਤਨਾਂ ਦਾ ਹੜ੍ਹ ਆਇਆ ਹੋਇਆ ਹੈ ਪਰ ਹਰ ਤਰਾਂ ਦੇ ਧਾਰਮਕ ਅਡੰਬਰ ਮਗਰੋਂ ਪ੍ਰੇਰਨਾਂ ਲੈ ਕੇ ਮਨੁੱਖੀ ਕੀਮਤਾਂ ਲਈ ਜੂਝਣ ਵਾਲਾ ਸਿੱਖ ਕੋਈ ਵਿਖਾਈ ਨਹੀਂ ਦੇ ਰਿਹਾ। ਸਿਖਾਂ ਵਿਚ ਮਹਿਜ਼ ਵਿਖਾਵੇ ਦੇ ਧਾਰਮਕ ਅਤੇ ਰਾਜਸੀ ਅਡੰਬਰ, ਸਿੰਗ ਮਾਰਵੀਂ ਧੜੇਬੰਦੀ ਅਤੇ ਅੱਤ ਦਾ ਸਵਾਰਥ(ਕੁੜੀਆਂ ਮਾਰਨੀਆਂ ਇਤਆਦਿ) ਐਸੇ ਅਮਲਾਂ ਦਾ ਬੋਲ ਬਾਲਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਸਮੇਂ ਦੀ ਕੋਈ ਵੀ ਸਰਕਾਰ ਜਿਵੇਂ ਜੀ ਚਾਹੇ ਸਿੱਖਾਂ ਦਾ ਘਾਣ ਕਰ ਸਕਦੀ ਹੈ। ਕਾਸ਼ ਅੱਜ ਦਾ ਸਿੱਖ ਆਪਣੀ ਕੌਮ ਦੇ ਬੋਲ ਬਾਲੇ ਦੇ ਸਰੋਤ ਦੀ ਪਕੜ ਕਰ ਸਕਦਾ।

ਕੁਲਵੰਤ ਸਿੰਘ
kulwantsinghdhesi@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top