Share on Facebook

Main News Page

‘ਕੇਸਾਧਾਰੀ ਬ੍ਰਾਹਮਣਾਂ’ ਨੇ ਕੌਮ ਦੀਆਂ ਜੜਾਂ ਵਿੱਚ ਤੇਲ ਪਾ ਦਿੱਤਾ, ਪੰਥ ਦੇ ਵਿਦਵਾਨੋ! ਹੁਣ ਤਾਂ ਹੋਸ਼ ਵਿਚ ਆਉ!

ਦਾਸ ਇਹ ਗਲ ਪਹਿਲਾਂ ਵੀ ਕਈ ਵਾਰ ਲਿਖ ਚੁਕਾ ਹੈ ਕੇ ਜਿਸ ਕੌਮ ਨੂੰ ਖਤਮ ਕਰਨਾਂ ਹੋਵੇ ਉਸ ਦਾ ਕਤਲੋ ਗਾਰਦ ਕਰਨ ਦੀ ਲੋੜ ਨਹੀਂ ਹੁੰਦੀ। ਉਸ ਕੌਮ ਕੋਲੋਂ ਉਸ ਦੀ ਪਹਿਚਾਨ, ਇਤਿਹਾਸ ਤੇ ਲਿਟਰੇਚਰ ਖੋਹ ਲਉ, ਉਹ ਆਪ ਹੀ ਮੁਕ ਜਾਏਗੀ। ਇਹ ਗਲ ਸਿੱਖ ਪੰਥ ਦੇ ਦੁਸ਼ਮਣ, ਚਾਲਾਕ ਚਾਣਕਿਆ ਦੇ ਚੇਲੇ ਚੰਗੀ ਤਰ੍ਹਾਂ ਸਮਝਦੇ ਸਨ। ਗੁਰੂ ਨਾਨਕ ਦਾ ਰੱਬੀ ਬਾਣੀ ਨਾਲ ਸਿਰਜਿਆ ਸਿੱਖੀ ਦਾ ਘਰ ਕਦੀ ਵੀ ਉਨਾਂ ਨੂੰ ਫੁੱਟੀ ਅੱਖ ਨਹੀਂ ਭਾਇਆ, ਕਿਉਂਕਿ ਸਿੱਖੀ ਦਾ ਮੂਲ ਸਿਧਾਂਤ ਹੀ ‘ਬ੍ਰਾਹਮਣਵਾਦੀ ਕਰਮਕਾਂਡਾਂ’ ਦੇ ਖਿਲਾਫ ਖੜਾ ਸੀ। ਜੇ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋ ਇਨਕਾਰ ਕੀਤਾ ਤੇ ਬ੍ਰਾਹਮਣ ਦੇ ਏਕਾਧਿਕਾਰ (ਮੋਨੋਪੋਲੇ) ਨੂੰ ਸੱਟ ਵੱਜੀ। ਜੇ ਉਨ੍ਹਾਂ ਨੇ ਸੂਰਜ ਨੂੰ ਪਾਣੀ ਨਾਂ ਦੇ ਕੇ ਕਰਤਾਰਪੁਰ ਵੱਲ ਪਾਣੀ ਦਿੱਤਾ, ਤਾਂ ਬ੍ਰਾਹਮਣ ਦੇ ਅਹਿਮ ਨੂੰ ਸੱਟ ਵੱਜੀ। ਜੇ ਅਗਨੀ ਦੇਵਤੇ ਦੇ ਫੇਰੇ ਲੈਣ ਤੋ ਉਨ੍ਹਾਂ ਇਨਕਾਰ ਕੀਤਾ ਤੇ ਬ੍ਰਾਹਮਣ ਨੂੰ ਆਪਣੀ ਜਜਮਾਨੀ ਖਤਰੇ ਵਿਚ ਜਾਂਦੀ ਮਹਸੂਸ ਹੋਈ। ਉਨ੍ਹਾਂ ਦੇ ਸਬਰ ਦਾ ਬੰਨ੍ਹ ਤਾਂ ਉਸ ਵੇਲੇ ਟੁੱਟ ਗਇਆ, ਜਦੋਂ ਗੁਰੂ ਨਾਨਕ ਨੇ ਇਨ੍ਹਾਂ ਨੂੰ ‘ਜਗਤ ਕਸਾਈ’ (Butchers) ਤੇ ‘ਮਾਣਸ ਖਾਣੇ’ (Cannibels) ਕਹਿ ਕੇ ਆਸਾ ਕੀ ਵਾਰ ਵਿੱਚ ਸੰਬੋਧਿਤ ਕੀਤਾ ਤੇ ਅਪਣੇ ਸਿੱਖਾਂ ਨੂੰ ਇਨ੍ਹਾਂ ਤੋਂ ਸਤਰਕ ਰਹਿਣ ਲਈ ਸੁਚੇਤ ਕਰਦਿਆਂ ਸਪਸ਼ਟ ਰੂਪ ਵਿਚ ਇਹ ਘੋਸ਼ਿਤ ਕਰ ਦਿਤਾ ਕੇ

ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੋ ਜਾਨਸਿ ਬ੍ਰਹਮੰ ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥ ( 1353)

ਇਨਾਂ ‘ਜਗਤ ਕਸਾਈਆਂ’ ਨੇ ਸਿੱਖੀ ਦਾ ਬਹੁਤ ਭਾਰੀ ਜਾਨੀ ਨੁਕਸਾਨ, ਵਕਤ ਦੀਆਂ ਅੱਡ ਅੱਡ ਹਕੂਮਤਾਂ ਦੇ ਰੂਪ ਵਿੱਚ ਕੀਤਾ। ਬਹੁਤ ਸਾਰੇ ਸਿੱਖ ਸਾਮੂਹਿਕ ਰੂਪ ਵਿੱਚ ਕਤਲ ਕੀਤੇ ਗਏ। ਲੇਕਿਨ ਸਿੱਖ ਖਤਮ ਹੋਣ ਦੀ ਬਜਾਇ ਦੂਣਾਂ ਤੇ ਚੌਗਣਾਂ ਹੋ ਕੇ ਸਾਮ੍ਹਣੇ ਆਇਆ। ਕਿਉਂਕਿ ਸਿੱਖਾਂ ਨੂੰ ਸ਼ਹਾਦਤ ਦੀ ਗੁੜ੍ਹਤੀ ਤੇ ਉਨ੍ਹਾਂ ਦੇ ਗੁਰੂ ਆਪ ਤੱਤੀ ਤਵੀ ਤੇ ਬਹਿ ਕੇ ਅਤੇ ਆਪਣਾ ਸੀਸ ਕਟਵਾ ਕੇ ਦੇ ਗਏ ਸੀ। ਤੱਤੀ ਤਵੀ ‘ਤੇ ਬਹਿਣ ਵਾਲੇ, ਸਮਰਥ ਗੁਰੂ ਅਰਜਨ ਦੇਵ ਜੀ ਨੇ ਵੀ ਬ੍ਰਾਹਮਣਵਾਦੀ ਕਰਮਕਾਂਡਾਂ ਦਾ ਪਾਜ ਉਧੇੜਨ ਵਿਚ ਕੋਈ ਕਸਰ ਨਹੀਂ ਸੀ ਛੱਡੀ।

ਦਾਨੁ ਦੇਇ ਕਰਿ ਪੂਜਾ ਕਰਨਾ ॥ ਲੈਤ ਦੇਤ ਉਨ੍‍ ਮੂਕਰਿ ਪਰਨਾ ॥ ਜਿਤੁ ਦਰਿ ਤੁਮ੍‍ ਹੈ ਬ੍ਰਾਹਮਣ ਜਾਣਾ ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥1॥ ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥1॥ (372)

ਸਿੱਖ ਭਾਵੇ ਅਪਣੇ ਗੁਰੂਆਂ ਦੀ ਸਿਖਿਆ ਤੋ ਹੁਣ ਅੰਜਾਣ ਹੋ ਚੁਕਾ ਹੈ, ਤੇ ਗੁਰੂਆਂ ਦੇ ਉਸ ਹਲੂਣੇ ਨੂੰ ਵੀ ਭੁਲ ਚੁਕਾ ਹੈ, ਜਿਸ ਵਿੱਚ ਉਨ੍ਹਾਂ ਨੂੰ ਬ੍ਰਾਹਮਣਵਾਦ ਦੇ ਖਤਰੇ ਤੋਂ ਸੁਚੇਤ ਕੀਤਾ ਗਇਆ ਸੀ। ਇਹ ਹੀ ਕਾਰਣ ਸੀ, ਕਿ ਸਿੱਖ ਆਪਣੀ ਪਹਿਚਾਨ ਤੇ ਇਤਿਹਾਸ ਦੇ ਵਿਰਸੇ ਨੂੰ ਸੰਭਾਲ ਨਾ ਸਕਿਆ। ਦਿਨ ਬ ਦਿਨ ਸਿਧਾਂਤਕ ਪੱਖੋਂ ਕਮਜੋਰ ਹੁੰਦਾ ਚਲਾ ਗਇਆ। ਜਦੋਂ ਕੋਈ ਬੰਦਾ ਕਮਜੋਰ ਹੋ ਜਾਂਦਾ ਹੈ, ਤੇ ਉਸ ਦੀ ਰੋਗਾਂ ਨਾਲ ਲੜਨ ਦੀ ਤਾਕਤ (Immunity power) ਘੱਟ ਜਾਂਦੀ ਹੈ, ਤੇ ਉਸ ਨੂੰ ਕਈ ਪ੍ਰਕਾਰ ਦੇ ਹੋਰ ਰੋਗ ਬੜੀ ਆਸਾਨੀ ਨਾਲ ਘੇਰ ਲੈਂਦੇ ਨੇ ਤੇ ਉਸ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੇ ਨੇ।

ਬ੍ਰਾਹਮਣਵਾਦ ਦੇ ਖਤਰੇ ਨੂੰ ਭਗਤ ਨਾਮਦੇਵ, ਕਬੀਰ ਦਾਸ, ਧੰਨਾ ਭਗਤ ਤੇ ਸਾਡੇ ਗੁਰੂਆਂ ਨੇ ਐਵੇਂ ਹੀ ਮਹਸੂਸ ਨਹੀਂ ਸੀ ਕੀਤਾ, ਉਹ ਜਾਣਦੇ ਸਨ ਕਿ ਜੋ ਬ੍ਰਾਹਮਣਵਾਦ ਦੇ ‘Black Hole’ ਵਿੱਚ ਇੱਕ ਵਾਰ ਚਲਾ ਗਇਆ, ਉਹ ਮੁੜ ਉਥੋਂ ਵਾਪਸ ਨਹੀਂ ਆ ਸਕੇਗਾ। ‘ਆਸਾ ਕੀ ਵਾਰ’ ਬਾਣੀ ਜੋ ਰੋਜ ਸਵੇਰੇ ਸਾਡੇ ਗੁਰੂ ਅਸਥਾਨਾਂ ਤੇ ਪੜ੍ਹੀ ਵੀ ਜਾਂਦੀ ਹੈ, ਇਸ ਦੇ ਕੀਰਤਨ ਦਾ ਪ੍ਰਚਲਨ ਹੀ ਐਸੇ ਕਰ ਕੇ ਹੋਇਆ ਸੀ ਕੇ ਇਸ ਨੂੰ ਹਰ ਸਿੱਖ ਸੁਣੇਗਾ ਤੇ ਉਹ ਬ੍ਰਾਹਮਨਵਾਦੀ ਕਰਮਕਾਂਡਾਂ ਤੋ ਦੂਰ ਰਹੇਗਾ। ਅਫਸੋਸ ਕਿ ਇਸ ਬਾਣੀ ਨੂੰ ਅਸੀਂ ਰੋਜ ਸੁਣਦੇ ਤੇ ਹਾਂ ਪਰ ਸਮਝਦੇ ਨਹੀਂ। ਮੱਥੇ ਟੇਕ ਟੇਕ ਕੇ ਅਸੀਂ ਗੁਰਦਵਾਰਿਆਂ ਦੀ ਸੰਗਮਰਮਰ ਦੀ ਦਲਹੀਜ ਨੂੰ ਘਿਸਾ ਘਿਸਾ ਕੇ ਗੋਲ ਕਰ ਦਿੱਤਾ, ਪਰ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਦਾ ਕੋਈ ਉਪਰਾਲਾ ਨਾ ਕੀਤਾ।

ਸਮ੍ਰਾਟ ਅਸ਼ੋਕ ਨੇ ਬੁਧ ਧਰਮ ਤੋ ਪ੍ਰਭਾਵਿਤ ਹੋ ਕੇ ਜਦੋਂ ਹਥਿਆਰ ਸੁੱਟੇ ਤੇ ਉਹ ਹਿੰਦੂ ਧਰਮ ਛੱਡਕੇ ਬੁਧ ਧਰਮ ਅਪਣਾਂ ਕੇ ਬੋਧੀ ਬਣ ਗਇਆ। ਇਨ੍ਹਾਂ ਬ੍ਰਾਹਮਣਾਂ ਵਿੱਚ ਅਫਰਾ ਤਫਰੀ ਪੈ ਗਈ, ਕੇ ਹੁਣ ਤੇ ਸਾਡੀਆਂ ਅੰਧ ਵਿਸ਼ਵਾਸ਼ ਤੇ ਕਰਮਕਾਂਡਾਂ ਤੇ ਆਧਾਰਿਤ ਦੁਕਾਨ ਬੰਦ ਹੋ ਜਾਂਣੀ ਹੈ। ਜਦੋਂ ਦੇਸ਼ ਦਾ ਸਮ੍ਰਾਟ ਜਿਸ ਕੋਲ ਤਾਕਤ ਹੈ ਉਹ ਹੀ ਬੋਧੀ ਬਣ ਗਇਆ, ਹੁਣ ਬਹੁਤਿਆਂ ਨੇ ਸਾਡਾ ਧਰਮ ਛਡ ਕੇ ਬੁਧ ਧਰਮ ਅਪਨਾਅ ਲੈਣਾ ਹੈ। ਇਨ੍ਹਾਂ ਦੇ ਵੱਡੇ ਵੱਡੇ ਆਚਾਰਿਆ ਤੇ ਸ਼ੰਕਰਾਚਾਰਿਆ ਇਕੱਠੇ ਹੋਏ ਤੇ ਇਸ ਗਲ ਲਈ ਬਹੁਤ ਵਡੇ ਪੱਧਰ ਤੇ ਇੱਕਠ ਕੀਤਾ। ਇਨ੍ਹਾਂ ਦੇ ਮਠਾਧੀਸ਼ ਬਹੁਤ ਚਾਲਾਕ ਸਨ, ਉਨ੍ਹਾਂ ਇਹ ਮਤਾ ਪਾਸ ਕੀਤਾ ਤੇ ਆਦੇਸ਼ ਦਿੱਤਾ, ਕੇ ਜਾਉ ਸਾਰੇ ਬ੍ਰਾਹਮਣ, ਬੁਧ ਧਰਮ ਅਪਨਾਅ ਲਵੋ। ਇਹ ਸੁਣ ਕੇ ਬਹੁਤੇ ਆਚਾਰਿਆ ਹੈਰਾਨ ਹੋਏ ਕਿ ਇਹ ਕੀ ਫੈਸਲਾ ਕੀਤਾ ਗਇਆ ਹੈ। ਲੇਕਿਨ ਉਹ ਆਪਣੇ ਮਠਾਧੀਸ਼ਾਂ (ਗੁਰੂਆਂ) ਦੀ ਸਿੱਖਿਆ ਤੇ ਅੱਜ ਦੇ ਸਿੱਖਾਂ ਵਾਂਗ ਕਿੰਤੂ ਨਹੀਂ ਕਰਦੇ ਸੀ। ਉਨਾਂ ਨੇ ਇਸ ਆਦੇਸ਼ ਵਿਚ ਵੀ ਕੋਈ ਚੰਗੀ ਨੀਤੀ ਸਮਝਕੇ ਉਸ ਨੂੰ ਪ੍ਰਵਾਣ ਕਰ ਲਿਆ ਤੇ ਸਾਰੇ ਬੁਧ ਧਰਮ ਅਪਨਾਅ ਕੇ ਬੋਧੀ ਬਣ ਗਏ।

ਇਕ ਮਹੀਨਾ ਗੁਜਰ ਗਇਆ, ਦੋ ਮਹੀਨੇ ਗੁਜਰ ਗਏ, ਛੇ ਮਹੀਨੇ ਗੁਜਰ ਗਏ। ਐਸ਼ੋ ਅਰਾਮ ਤੇ ਵਿਲਾਸਤਾ ਦੀ ਜਿੰਦਗੀ ਬਿਤਾਉਣ ਵਾਲੇ, ਉਹ ਬ੍ਰਾਹਮਣ ਕਚਕੌਲ ਵਿਚ ਭਿਖਿਆ ਮੰਗਦੇ ਮੰਗਦੇ ਬੇਚੈਨ ਹੋ ਗਏ। ਵਸਤਰ ਵੀ ਢੰਗ ਨਾਲ ਨਹੀਂ ਪਾਉਂਦੇ ਤੇ ਭੁੰਜੇ ਸੌਂ ਕੇ ਗੁਜਾਰਾ ਕਰਨਾ ਉਨ੍ਹਾਂ ਲਈ ਔਖਾ ਹੋ ਗਇਆ। ਉਹ ਫੇਰ ਸਾਰੇ ਅਪਣੇ ਮਠਾਧੀਸ਼ਾਂ ਦੇ ਡੇਰੇ ਵਲ ਤੁਰ ਪਏ ਤੇ ਆਪਣੇ ਭੈੜੇ ਹਾਲ ਦੀ ਕਹਾਣੀ ਸੁਣਾਈ। ਉਨ੍ਹਾਂ ਦੇ ਆਗੂਆਂ ਨੇ ਫੇਰ ਫੈਸਲਾ ਕੀਤਾ ਕਿ ਜਾਉ ਪੂਰੇ ਬੋਧੀ ਬਣ ਜਾਉ, ਫੇਰ ਆਉਣਾ ਹਲੀ ਤੁਹਾਡੇ ਅੰਦਰ ਬ੍ਰਾਹਮਣ ਨਜਰ ਆਂਉਦਾ ਹੈ। ਸਾਲ ਦੋ ਸਾਲ ਲੰਘ ਗਏ। ਡੇਰੇ ਵਲੋਂ ਸੁਨੇਹਾ ਆਇਆ ਕਿ ਸਾਰੇ ਆਚਾਰਿਆ ਤੇ ਬ੍ਰਾਹਮਣ ਫਲਾਣੇ ਥਾਂ ਤੇ ਇਕੱਠੇ ਹੋਵੋ। ਸਾਰੇ ਅਚਾਰਿਆ ਭਾਰਤ ਦੇ ਹਰ ਖਿੱਤੇ ਤੋਂ ਇਕੱਠੇ ਹੋ ਗਏ। ਉਨ੍ਹਾਂ ਦੇ ਇੱਕਠ ਵਿੱਚ ਉਨਾਂ ਦੇ ਗੁਰੂਆਂ ਨੇ ਕਿਹਾ “ਧਿਆਨ ਦੇ ਕੇ ਸੁਣੋਂ ਤੁਸੀਂ ਆਪਣਾ ਧਰਮ ਬਚਾਉਣਾ ਸੀ, ਉਸ ਲਈ ਹੁਣ ਵਕਤ ਆ ਚੁਕਾ ਹੈ। ਤੁਹਾਡਾ ਬਾਣਾ ਤੇ ਬਾਣੀ ਬੋਧੀਆਂ ਨਾਲ ਇੱਕ ਮਿੱਕ ਹੋ ਚੁਕੀ ਹੈ, ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਬ੍ਰਾਹਮਣ ਹੋ। ਹੁਣ ਜਾਉ ਤੇ ਉਨਾਂ ਬੋਧੀਆਂ ਵਿੱਚ ਇੰਨੇ ਵਹਿਮ ਤੇ ਭਰਮ ਪਾ ਦਿਉ, ਕਿ ਉਹ ਉਸ ਵਿਚੋਂ ਕਦੀ ਵੀ ਨਿਕਲ ਨਾ ਸਕਣ। ਅੰਧਵਿਸ਼ਵਾਸ਼ ਤੇ ਕਰਮਕਾਂਡ ਇੰਨੇ ਫੈਲਾਉ ਕਿ ਉਹ ਬੁਧ ਧਰਮ ਨੂੰ ਹੀ ਭੁਲ ਜਾਣ। ਹੁਣ ਕੋਈ ਇਹ ਨਹੀਂ ਕਹੇਗਾ ਕਿ ਇਹ ਕੰਮ ਬ੍ਰਾਹਮਣ ਕਰ ਰਿਹਾ ਹੈ, ਕਿਉਂਕੇ ਤੁਹਾਡੀ ਪਛਾਣ ਤੇ ਹੁਣ ਇਕ ਬੋਧੀ ਦੇ ਰੂਪ ਵਿੱਚ ਹੋਵੇਗੀ। ਉਹ ਅਚਾਰਿਆ ਉਥੋਂ ਗਏ ਤੇ ਅਪਣੇ ਚੇਲਿਆਂ ਨੂੰ ਇਸ ਨੀਤੀ ਦੀ ਜਾਣਕਾਰੀ ਦਿੱਤੀ। ਜਦੋ ਉਨਾਂ ਆਪਸ ਵਿਚ ਮਿਲਣਾਂ ਕਿਸੇ ਨੂੰ ਕਹਿਣਾ ਕਿ ਤੇਰਾ ਰਾਹੂ, ਕੇਤੂ ਵਿੱਚ ਵੜ ਗਇਆ ਹੈ। ਕਿਸੇ ਨੂੰ ਕਹਿਣਾ ਕਿ ਤੇਰੇ ਤੇ ਸ਼ਨਿਸ਼ਚਰ ਦੀ ਦਸ਼ਾ ਖਰਾਬ ਹੈ, ਇਸ ਕਰਕੇ ਤੇਰੀ ਘਰ ਵਾਲੀ ਬੀਮਾਰ ਰਹਿੰਦੀ ਹੈ। ਉਹ ਵਚਾਰਾ ਵਹਿਮਾਂ ਦਾ ਸ਼ਿਕਾਰ ਹੋ ਕੇ ਇਨ੍ਹਾਂ ਬ੍ਰਾਹਮਣਾਂ ਦੇ ਚੰਗੁਲ ਵਿੱਚ ਫੱਸ ਜਾਂਦਾ, ਤੇ ਇਨ੍ਹਾਂ ਕੋਲੋਂ ਅਪਣੀ ਘਰ ਵਾਲੀ ਦੇ ਰਾਹੂ ਨੂੰ ਕੇਤੂ ਵਿੱਚੋਂ ਕੱਢਣ ਦੇ ਤਰਲੇ ਵੀ ਕਰਦਾ ਤੇ ਧੰਨ ਦੌਲਤ ਵੀ ਇਨ੍ਹਾਂ ਨੂੰ ਦੇਂਦਾ।

ਇਸ ਤਰ੍ਹਾਂ ਬ੍ਰਾਹਮਣ ਦਾ ਧਰਮ ਵੀ ਬਚ ਗਇਆ ਤੇ ਦੁਕਾਨ ਵੀ ਫੇਰ ਚਲ ਪਈ। ਇੰਨਾਂ ਹੀ ਨਹੀਂ ਇਨ੍ਹਾਂ ਚਾਲਾਕ ਚਾਣਕਿਆ ਦੇ ਚੇਲਿਆਂ ਨੇ ਬੁੱਧ ਧਰਮ ਨੂੰ ਸਿਰੇ ਤੋਂ ਨੇਸਤੇ ਨਾਬੂਦ ਕਰਨ ਦੇ ਉਪਰਾਲੇ ਵੀ ਸ਼ੁਰੂ ਕਰ ਦਿਤੇ। ਬੁਧ ਧਰਮ ਜੋ ਮੂਰਤੀ ਪੂਜਾ ਦੇ ਖਿਲਾਫ ਸੀ, ਇਨ੍ਹਾਂ ਬ੍ਰਾਹਮਣਾਂ ਨੇ ਉਸ ਬੁਧ ਦੀਆਂ ਹੀ ਮੂਰਤੀਆਂ ਬਣਵਾ ਕੇ ਉਨਾਂ ਦੇ ਮੱਠਾਂ ਵਿੱਚ ਹੀ ਲਾ ਦਿਤੀਆਂ। ਉਨ੍ਹਾਂ ਨੂੰ ਹੁਣ ਮਨ੍ਹਾ ਕਰਨ ਵਾਲਾ ਕੌਣ ਸੀ? ਬੌਧ ਮੱਠਾਂ ਦੇ ਵੱਢੇ ਵੱਢੇ ਅਹੁਦਿਆਂ ‘ਤੇ ਬ੍ਰਾਹਮਣ ਹੀ ਵਿਰਾਜਮਾਨ ਸੀ। ਉਹ ਜਿਵੇ ਚਾਂਹੁਦਾ ਸੀ, ਉਵੇਂ ਹੀ ਉਹ ਬੁਧ ਧਰਮ ਨੂੰ ਵਿਕ੍ਰਤ ਕਰ ਰਿਹਾ ਸੀ। ਕੋਈ ਵਿਰੋਧ ਕਰਨ ਵਾਲਾ ਨਹੀਂ ਸੀ। ਕੁੱਝ ਬੋਧੀ ਵੀ ਉਨਾਂ ਨਾਲ ਰਲ ਗਏ ਸਨ, ਤੇ ਕੁਝ ਉਨ੍ਹਾਂ ਦੇ ਪ੍ਰਭਾਵ ਤੋਂ ਡਰਦੇ ਮਾਰੇ, ਜੁਬਾਨ ਖੋਲਣ ਤੋਂ ਵੀ ਡਰਦੇ ਸਨ। ਜੋ ਵਿਰੋਧ ਕਰਦਾ ਸੀ, ਉਸ ਨੂੰ ਮਾਰ ਮੁੱਕਾ ਦਿੱਤਾ ਜਾਂਦਾ ਸੀ। ਅੱਜ ਬੁਧ ਧਰਮ ਦਾ ਹਸ਼ਰ ਇਹ ਹੋਇਆ, ਕਿ ਹਿੰਦੁਸਤਾਨ ਵਿਚ ‘ਬੁੱਧ’ ਪੈਦਾ ਹੋਇਆ, ਇਥੇ ਉਸ ਨੇ ਐਸਾ ਧਰਮ ਚਲਾਇਆ ਜੋ ਪੂਰੇ ਏਸ਼ਿਆ ਵਿੱਚ ਬਹੁਤ ਵੱਡੇ ਪੱਧਰ ਤੇ ਹਲੀ ਵੀ ਮੌਜੂਦ ਹੈ। ਭਾਰਤ ਵਿੱਚ ਜਨਮਿਆ ਬੁੱਧ ਧਰਮ ਅੱਜ ਵੀ ਚੀਨ, ਸਿੰਗਾਪੁਰ, ਥਾਈਲੈਂਡ ਤੇ ਜਪਾਨ ਵਰਗੇ ਕਈ ਦੇਸ਼ਾਂ ਵਿੱਚ ਫਲ ਫੁਲ ਰਿਹਾ ਹੈ, ਲੇਕਿਨ ਹਿੰਦੁਸਤਾਨ ਵਿੱਚ ਉਸ ਦਾ ਬੀਜ ਵੀ ਨਹੀਂ ਬਚਿਆ। ਅੱਜ ਆਪਣੇ ਸ਼ਹਿਰ ਵਿਚ ਪੰਜ ਬੌਧੀ ਲਭੋ ਤੇ ਤੁਹਾਨੂੰ ਨਹੀਂ ਲਭਣਗੇ। ਜਿਥੇ ਬ੍ਰਾਹਮਣ ਹੈ ਉਥੇ ਬੋਧੀ ਨਹੀਂ ਜਿਥੇ ਬ੍ਰਾਹਮਣ ਨਹੀਂ ਉਥੇ ਬੁੱਧ ਧਰਮ ਅਜ ਵੀ ਪ੍ਰਚਲਿਤ ਹੈ।

ਖਾਲਸਾ ਜੀ ਇਹ ਖਤਰਨਾਕ ‘ਚਾਣਕਿਆ ਨੀਤੀ’ ਇਨਾਂ ਨੇ ਸਿੱਖਾਂ ਨਾਲ ਵੀ ਖੇਡੀ ਹੈ। ਅੱਜ ਇਹ ਹੀ ਲੋਗ ਸਾਡੇ ਅੰਦਰ ਵੜ ਕੇ ਖੰਡੇ ਬਾਟੇ ਦੀ ਪਾਹੁਲ ਲੈਕੇ, ਸਾਡੀ ਬਾਣੀ ਤੇ ਬਾਣੇ ਦੇ ਧਾਰਣੀ ਬਨ ਚੁਕੇ ਹਨ। ਇਨ੍ਹਾਂ ਦੀ ਪਛਾਣ ਕਰਨਾ ਔਖਾ ਹੀ ਨਹੀਂ ਬਲਕਿ ਨਾਮੁਮਕਿਨ ਹੈ, ਕਿਉਂਕਿ ਇਨਾਂ ਦੀ ਬਾਣੀ ਤੇ ਬਾਣਾਂ ਸਾਡੇ ਨਾਲੋ ਕਿਤੇ ਚੰਗਾ ਨਜਰ ਆਂਉਦਾ ਹੈ। ਇਹ ਬ੍ਰਾਹਮਣ ਸਾਡੇ ਉਚ ਧਾਰਮਿਕ ਅਦਾਰਿਆਂ ਤੇ ਕਾਬਿਜ ਹਨ ਤੇ ਸਾਡੇ ਕੌਮੀ ਫੈਸਲੇ ਵੀ ਇਹ ਹੀ ਕਰ ਰਹੇ ਹਨ। ਇਹ ਹਰ ਖੇਤਰ ਵਿੱਚ ਸਾਡੇ ਆਲੇ ਦੁਆਲੇ ਹੀ ਮੌਜੂਦ ਹਨ। ਖਾਲਸਾ ਜੀ ਇਹ ਸਿੱਖਾਂ ਨੂੰ ਤੇ ਮਾਰ ਨਹੀਂ ਸਨ ਸਕਦੇ, ਇਹ ਸਿੱਖੀ ਨੂੰ ਮਾਰਨ ਵਿਚ ਕਾਮਯਾਬ ਹੋ ਗਏੇ ਹਨ। ਸਿੱਖ ਆਪਣੇ ਗੁਰੂ ਦੇ ਉਪਦੇਸ਼ਾਂ ਨਾਲ ਟੁੱਟ ਕੇ ਬਹੁਤ ਕਮਜੋਰ ਹੋ ਚੁਕਾ ਹੈ। ਦਸਮ ਗੁਰੂ ਗ੍ਰੰਥ ਸਾਹਿਬ ਨਾਮ ਦੀ ਕੂੜ ਕਿਤਾਬ ਨੂੰ ਚੌਰ ਕਰ ਕਰ, ਰੁਮਾਲਿਆਂ ਵਿੱਚ ਸਜਾ ਕੇ ਭੋਲੇ ਭਾਲੇ ਸਿੱਖਾਂ ਨੂੰ ਉਹ ਮੱਥੇ ਟਿਕਵਾ ਰਹੇ ਹਨ। ਰਾਸ਼ਟ੍ਰੀਯ ਸਿਖ ਸੰਗਤ ਨਾਮ ਦੇ ਬੈਨਰ ਹੇਠ ਇਹ ਸਿੱਖੀ ਦਾ ਘਾਣ ਕਰਕੇ ‘ਸਾਂਝੀਵਾਲਤਾ” ਦੇ ਨਾਮ ਤੇ ਕੌਮ ਦੀ ਨਵੀਂ ਪਨੀਰੀ ਦਾ ‘ਹਿੰਦੂਕਰਣ” ਕਰ ਚੁਕੇ ਹਨ।

ਸਾਡੀ ਨਵੀਂ ਪਨੀਰੀ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰ ਦਿਤਾ ਗਇਆ ਹੈ, ਤਾਂਕਿ ਉਹ ਅਪਣੇ ਇਤਿਹਾਸ ਦੇ ਕੀਮਤੀ ਵਿਰਸੇ ਤੋਂ ਦੂਰ ਹੋ ਜਾਵੇ। ਦਸ ਸਾਲ ਪਹਿਲਾਂ ਪੰਜਾਬ ਵਿਚ ਕਿਸੇ ਨੂੰ ਹਿੰਦੀ ਪੜ੍ਹਨੀ ਨਹੀਂ ਆਂਉਦੀ ਸੀ, ਉਥੇ ਇਕ ਹਿੰਦੀ ਅਖਬਾਰ ਮਿਲਦੀ ਸੀ, ਅਜ ਪੰਦ੍ਰਾਂ ਹਿੰਦੀ ਦੀਆਂ ਅਖਬਾਰਾ ਹਨ ਤੇ ਸਾਰੇ ਹੀ ਉਹ ਅਖਬਾਰਾਂ ਹੀ ਪੜ੍ਹਦੇ ਹਨ। ਸਾਡੀ ਨਵੀਂ ਪਨੀਰੀ ਨੂੰ ਨਸ਼ਿਆਂ ਵਿੱਚ ਗਲਤਾਨ ਕਰਕੇ ਉਨਾਂ ਦੇ ਚਿਹਰੇ ਤੋਂ ਉਨਾਂ ਦੀ ਪਹਿਚਾਣ ਖੋਹ ਲਈ ਗਈ ਹੈ। ਪੰਜਾਬ ਵਿੱਚ ਬਹੁਤੇ ਬੱਚਿਆਂ ਦੇ ਹੱਥ ਵਿੱਚ ਕੜਾ ਤੱਕ ਨਹੀਂ ਹੈ। ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਵਿਚ ‘ਸਿੱਖ ਇਤਿਹਾਸ’ ਨੂੰ ਵਿਕ੍ਰਤ ਕੀਤਾ ਜਾ ਰਿਹਾ ਹੈ। ਅਖੌਤੀ ਸੰਤ, ਟਕਸਾਲੀ ਤੇ ਅਕਾਲੀ ਜਥੇਦਾਰ ਤੇ ਡੇਰਿਆਂ ਦੇ ਪ੍ਰਧਾਨ, ਉਹ ਸਾਰੇ ਹੀ ਕੇਸਾਧਾਰੀ ਬ੍ਰਾਹਮਣਾਂ ਦੇ ਰੂਪ ਵਿੱਚ ਵਿਚਰ ਰਹੇ ਨੇ। ਇਹ ਸਾਰੇ ਇਕ ਪਹਿਲਾਂ ਤੋਂ ਤੈਅ ਕੀਤੀ ਗਈ ਸਾਜਿਸ਼ ਦੇ ਤਹਿਤ ਸਿੱਖੀ ਦੀ ਬੁਲੰਦ ਇਮਾਰਤ ਦੀ ਨੀਹਾਂ ਨੂੰ ਹੌਲੀ ਹੌਲੀ ਖਾ ਚੁਕੇ ਹਨ।

ਖਾਲਸਾ ਜੀ ਜਾਗੋ! ਜੈਸਾ ਕਿ ਦਾਸ ਨੇ ਆਪਣੇ ਇੱਕ ਲੇਖ ਵਿੱਚ ਇਨ੍ਹਾਂ ਦੀ ਬਣਾਈ ਰਹਿਤ ਮਰਿਯਾਦਾ/ਨਿਯਮਾਵਲੀ ਜੋ ਹਿੰਦੀ ਵਿਚ ਪੂਰੇ ਯੂ.ਪੀ. ਵਿੱਚ ਬਹੁਤ ਵੱਡੇ ਪੱਧਰ ਤੇ 2002 ਵਿੱਚ ਇਨ੍ਹਾਂ ਦੇ 7ਵੇਂ ਅਧਿਵੇਸ਼ਨ ਵਿੱਚ ਵੰਡੀ ਗਈ ਸੀ। ਇਥੇ ਸਿੱਖ ਬੱਚਿਆਂ ਨੂੰ ਬਹੁਤੀ ਹਿੰਦੀ ਹੀ ਆਉਂਦੀ ਹੈ। ਉਨਾਂ ਨੂੰ ਇਹ ਸਮਝਾਇਆ ਜਾਂਦਾ ਹੈ, ਕਿ ਸਿੱਖ ਹਿੰਦੂ ਧਰਮ ਦਾ ਹੀ ਇਕ ਅਨਿਖੜਵਾਂ ਹਿੱਸਾ ਹੈ। ਹਿੰਦੂ ਤੇ ਸਿੱਖ ਇਕ ਸਾਥ ਰਹਿਣ ਇਸੇ ਲਈ ਸਾਡੇ ਗੁਰੂਆਂ ਨੇ “ਸਾਂਝੀਵਾਲਤਾ” ਦਾ ਪਾਠ ਪੜ੍ਹਾਇਆ ਸੀ। ਇਸ ਨਿਯਮਾਵਲੀ, ਜਾਂ ਰਹਿਤ ਮਰਿਯਾਦਾ ਨੂੰ ਪੜ੍ਹ ਕੇ ਆਪ ਜੀ ਦੇ ਰੋਂਗਟੇ ਖੜੇ ਹੋ ਜਾਣਗੇ ਕੇ ਸਾਡੇ ਨਾਲ ਕਿੰਨੀ ਵੱਡੀ ਸਾਜਿਸ਼ ਕੀਤੀ ਜਾ ਰਹੀ ਹੈ, ਫੇਰ ਵੀ ਸਾਡੇ ਆਗੂ ਉਨ੍ਹਾਂ ਨਾਲ ਗਲਵਕੜੀਆਂ ਪਾਈ ਫਿਰਦੇ ਨੇ ਤੇ ਉਨਾਂ ਨੂੰ ਆਪਣਾ ਸਿਆਸੀ ਭਾਈਵਾਲ ਬਣਾ ਕੇ ਘਰ ਦੇ ਅੰਦਰ ਪਨਾਹ ਦੇ ਚੁਕੇ ਹਨ। ਉਹ ਜਿਵੇਂ ਚਾਂਹੁਦੇ ਹਨ, ਸਾਡੇ ਧਰਮ ਨੂੰ ੋਪੲਰੳਟੲ ਕਰ ਰਹੇ ਹਨ। ਰਾਸ਼ਟ੍ਰੀਯ ਸਿੱਖ ਸੰਗਤ (ਆਰ.ਐਸ. ਐਸ) ਦੀ ਇਸ ਰਹਿਤ ਮਰਿਯਾਦਾ ਵਿੱਚ ਖਾਸ ਧਿਆਨ ਦੇਣ ਯੋਗ ਹਨ ਪੱਨਾਂ ਨੰ 10, 11, 12 (ਗਲਤੀ ਨਾਲ 18 ਛੱਪਿਆ ਹੋਇਆ ਹੈ) 13 ਤੇ 14। ਇਸ ਵਿੱਚ ਸਾਫ ਤੌਰ ਤੇ ਲਿਖਿਆ ਗਇਆ ਹੈ, ਕਿ ਜੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਾਂ ਹੋਵੇ, ਤੇ ਸਿੱਖ ਸੰਗਤ ਅਰਦਾਸ ਤੋਂ ਪਹਿਲਾਂ ਵੰਦੇ ਮਾਤਰਮ ਦਾ ਪਾਠ ਕਰੇ ਤੇ ਰਾਮ ਚੰਦਰ ਤੇ ਕ੍ਰਿਸ਼ਨ ਦੀ ਮੂਰਤੀਆਂ ਰਖ ਕੇ ਉਸ ਉਤੇ ਫੁਲ ਮਾਲਾ ਚੜਾਈ ਜਾਵੇ ਆਦਿਕ।

ਅਸੀ 100 ਵਰਿਹਾਂ ਵਿੱਚ ‘ਸਿੱਖ ਰਹਿਤ ਮਰਿਯਾਦਾ” ਵਿੱਚ ਇੱਕ ਵੀ ਸੋਧ ਨਹੀਂ ਕਰ ਸਕੇ। ਉਨ੍ਹਾਂ ਸਾਡੇ ਸਾਰੇ ਨਿਯਮ ਹਿੰਦੂ ਮੱਤ ਅਨੁਸਾਰ ਬਦਲਕੇ ਸਾਡੇ ਬੱਚਿਆਂ ਦੇ ਹੱਥ ਵਿੱਚ ਪਕੜਾ ਦਿਤੇ ਹਨ। ਸਾਨੂੰ ਆਪਣੀ ਹੀ ਹੋਸ਼ ਨਹੀਂ, ਅਸੀਂ ਬੱਚਿਆਂ ਦੀ ਸਾਰ ਕੀ ਲੈਣੀ ਹੈ? ਅਸੀਂ ਆਪ ਗੁਰਮਤਿ ਤੋ ਕੋਹਾਂ ਦੂਰ ਹਾਂ, ਸਾਡੇ ਬੱਚਿਆਂ ਨੂੰ ਕਿਸਨੇ ਸੰਭਾਲਣਾ ਹੈ? ਅਸੀਂ ਬੱਚਿਆਂ ਨੂੰ ਲੈ ਜਾ ਕੇ ਚਾਰ ਪੰਜ ਸੌ ਦੀ ਆਈਸ ਕ੍ਰੀਮ ਤੇ ਬਰਗਰ ਖਵਾ ਆਂਉਦੇ ਹਾਂ, ਸਿੱਖ ਇਤਿਹਾਸ ਦੀ ਪੰਜਾਹ ਰੁਪਏ ਦੀ ਕਿਤਾਬ ਵੇਖ ਕੇ ਰਖ ਦੇਂਦੇ ਹਾਂ ਕਿ ਮਹੰਗੀ ਬਹੁਤ ਹੈ। ਪੰਥ ਦੇ ਦੁਸ਼ਮਣ ਲੱਖਾਂ ਰੁਪਿਆ ਲਾ ਕੇ ਇਹੋ ਜਿਹਾ ਲਿਟਰੇਚਰ ਮੁਫਤ ਵਿੱਚ ਵੰਡ ਰਹੇ ਨੇ। ਦਿੱਲੀ ਦੇ ਕਿਸੇ ਤਿਰਲੋਚਨ ਸਿੰਘ ਦੇ ਨਾਮ ਹੇਠ ਛਪੇ ‘ਚੰਡੀ ਦੀ ਵਾਰ” ਦੀ ਸਟੀਕ ਦੇ ਦੋ ਬੋਰੇ ਭਰੇ ਹੋਏ ਕਾਨਪੁਰ ਤੇ ਹੋਰ ਥਾਵਾਂ ਤੇ ਭੇਜੇ ਗਏ, ਜਿਸ ਵਿਚ ਦਸਮ ਪਿਤਾ ਨੂੰ ਦੇਵੀ ਪੂਜਕ ਘੋਸ਼ਿਤ ਕੀਤਾ ਗਇਆ ਸੀ। ਉਹ ਕਿਤਾਬਾਂ ਬਿਨਾਂ ਕਿਸੇ ਮੁਲ ਤੋ ਵੰਡੀਆਂ ਜਾ ਰਹੀਆਂ ਸੀ। ਅਸੀਂ ਕੁੱਝ ਵੀਰਾਂ ਨਾਲ ਮਿਲ ਕੇ ਉਨਾਂ ਨੂੰ ਅਗ ਲਾ ਕੇ ਸਾੜ ਦਿਤਾ, ਕਿ ਇਹ ਨਵੀਂ ਪਨੀਰੀ ਦੇ ਹਥ ਨਾ ਲਗਣ।

ਜੇ ਸਾਡੇ ਘਰ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖੀ ‘ਹਮ ਹਿੰਦੂ ਨਹੀਂ” ਕਿਤਾਬ ਹੁੰਦੀ, ਜੇ ਕੁਲਬੀਰ ਸਿੰਘ ਕੌੜਾ ਦੀ ‘ਤੇ ਸਿੱਖ ਵੀ ਨਿਗਲਿਆ ਗਇਆ’ ਕਿਤਾਬ ਹੁੰਦੀ, ਜੇ ਭਾਈ ਅਜਮੇਰ ਸਿੰਘ ਦੀ ਲਿਖੀ ਕਿਤਾਬ ‘ਕਿਤ ਬਿਧ ਰੁਲੀ ਪਾਤਸ਼ਾਹੀ’ ਹੂੰਦੀ, ਜੇ ਸੁਖਪ੍ਰੀਤ ਸਿੰਘ ਉਦੋਕੇ ਦੀ ‘ਤਬੈ ਰੋਸ ਜਾਗਿਉ’ ਕਿਤਾਬ ਹੁੰਦੀ, ਜੇ ਗਿਆਨੀ ਭਾਗ ਸਿੰਘ ਅੰਬਾਲਾ ਦੀ ‘ਦਸਮ ਗ੍ਰੰਥ ਨਿਰਣੈ’ ਵਰਗਾ ਲਿਟਰੇਚਰ ਸਾਡੇ ਘਰ ਹੁੰਦਾ ਤੇ ਸਾਡੇ ਬੱਚੇ ਇਨ੍ਹਾਂ ਪੰਥ ਦੋਖੀਆਂ ਕੋਲੋਂ ਵਰਗਲਾਏ ਨਹੀਂ ਸਨ ਜਾਣੇ। ਅਸੀਂ ਕਿਥੇ ਖੜੇ ਹਾਂ! ਇਸ ਦੀ ਪੜਚੋਲ ਜੇ ਅਸੀਂ ਹਲੀ ਵੀ ਨਾਂ ਕੀਤੀ ਤੇ ਫੇਰ ਕਿਸ ਵੇਲੇ ਕਰਾਂਗੇ?

ਪੰਥ ਦੇ ਵਿਦਵਾਨ ਵੀਰੋ ਤੇ ਜਾਗਰੂਕ ਅਖਵਾਉਣ ਵਾਲੇ ਸਿੱਖੋ ! ਹੁਣ ਤਾਂ ਛੱਡ ਦਿਉ ਆਪਸੀ ਖਹਿਬਾਜੀ ਤੇ ਬੇਲੋੜੀਆਂ ਬਹਿਸਾਂ। ਕੌਮ ਬਹੁਤ ਵੱਡੇ ਖਤਰੇ ਵਿੱਚ ਹੈ, ਇਸ ਨੂੰ ਸੰਭਾਲੋ। ਘਰ ਦੇ ਵਿੱਚ ਵੜ ਚੁਕੇ ਦੁਸ਼ਮਣਾਂ ਨੂੰ ਤੇ ਘਰ ਦੇ ਭੇਦੀਆਂ ਨੂੰ ਪਛਾਣੋ ਤੇ ਉਨਾਂ ਦਾ ਪਰਦਾ ਫਾਸ਼ ਕਰੋ। ਜੇ ਕੁੱਝ ਲਿਖਣਾ ਤੇ ਚਰਚਾ ਕਰਨੀ ਹੈ, ਤੇ ਇਨ੍ਹਾਂ ਬਾਰੇ ਲਿਖੋ ਤੇ ਇਨਾਂ ਬਾਰੇ ਚਰਚਾ ਕਰੋ। “ਗੁਰੂ ਗੁਰੂਬਾਣੀ ਤੇ ਗੁਰਮੁਖੀ” ਤੋ ਮਹਿਰੂਮ ਨਵੀਂ ਪੀੜ੍ਹੀ ਨੂੰ ਕਿੰਨੀ ਦੇਰ ਇਨ੍ਹਾਂ ਦੁਸ਼ਮਣਾਂ ਤੋਂ ਬਚਾਉਗੇ? ਕੌਮ ਦਾ ਹਸ਼ਰ ਬਹੁਤ ਮਾੜਾ ਹੋਣ ਵਾਲਾ ਹੈ। ਇਸ ਖੁਸ਼ਫਹਮੀ ਵਿੱਚ ਨਾ ਰਹੋ ਕਿ ‘ਸਿੱਖੀ ਨੂੰ ਕੋਈ ਮਾਰ ਨਹੀਂ ਸਕਦਾ’। ਪੰਜਾਬ ਵਿੱਚ ਤੇ ਮਾਰ ਦਿਤੀ ਗਈ, ਹੁਣ ਬਾਹਰ ਵੀ ਮਾਰੀ ਜਾ ਰਹੀ ਹੈ। ਆਰ. ਐਸ. ਐਸ. ਦੀ ਇਸ ਰਹਿਤ ਮਰਿਯਾਦਾ ਜਾਂ ‘ਨਿਯਮਾਵਲੀ’ ਬਾਰੇ ਦਾਸ ਆਪਣੇ ਪਹਿਲੇ ਲੇਖ ਵਿਚ ਜਿਕਰ ਕਰ ਚੁਕਾ ਹੈ। ਲੇਖ ਬਹੁਤ ਲੰਬਾ ਹੋ ਗਇਆ ਹੈ ਇਸ ਲਈ ਇਥੇ ਹੀ ਬਸ ਕਰਦਾ ਹਾਂ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top